ਤਾਮਿਲ ਲੇਖਿਕਾ ਵਾਸੰਤੀ ਤੇ ਤਾਮਿਲਨਾਡੂ ਦੀ ਰਾਜਨੀਤੀ

ਗੁਲਜ਼ਾਰ ਸਿੰਘ ਸੰਧੂ
ਮੈਂ ਵਾਸੰਤੀ ਨੂੰ 1983 ਤੋਂ ਜਾਣਦਾ ਹਾਂ। ਉਦੋਂ ਸਾਨੂੰ ਭਾਰਤ ਸਰਕਾਰ ਨੇ ਦੋ ਹਫਤੇ ਲਈ ਫਰਾਂਸ ਭੇਜਿਆ ਸੀ। ਉਹ ਸਾਂਝ ਹੁਣ ਤੱਕ ਬਣੀ ਹੋਈ ਹੈ। ਮੈਂ ਪਿਛਲੇ ਹਫਤੇ ਉਸ ਨੂੰ ਦਿੱਲੀ ਮਿਲ ਕੇ ਆਇਆ ਹਾਂ। ਮੈਂ ਤੇ ਮੇਰੀ ਜੀਵਨ ਸਾਥਣ ਉਸ ਦੇ ਮਯੂਰ ਵਿਹਾਰ ਵਾਲੇ ਘਰ ਉਸ ਦੇ ਪਤੀ ਸੁੰਦਰਮ ਦਾ ਅਫਸੋਸ ਕਰਨ ਗਏ ਸਾਂ। ਉਹ ਕੈਂਸਰ ਰੋਗ ਦਾ ਸ਼ਿਕਾਰ ਹੋ ਕੇ ਚੱਲ ਵੱਸਿਆ ਸੀ। ਸਾਨੂੰ ਇਹ ਜਾਣ ਕੇ ਬੜੀ ਤਸੱਲੀ ਹੋਈ ਕਿ ਵਾਸੰਤੀ ਨੇ ਆਪਣੇ ਆਪ ਨੂੰ ਪਹਿਲਾਂ ਵਾਂਗ ਹੀ ਆਹਰੇ ਲਾ ਰਖਿਆ ਹੈ। ਉਹ ਢਾਈ ਦਰਜਨ ਨਾਵਲ ਤੇ ਅੱਧੀ ਦਰਜਨ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਕਰ ਚੁਕੀ ਹੈ ਅਤੇ ਵਿਚ ਵਿਚਾਲੇ ਨੌ ਸਾਲ ‘ਇੰਡੀਆਂ ਟੂਡੇ’ ਦੇ ਤਾਮਿਲ ਐਡੀਸ਼ਨ ਦੀ ਸੰਪਾਦਕ ਰਹਿ ਚੁਕੀ ਹੈ।

1983 ਵਿਚ ਉਸ ਦੇ ਪਛਾਣ ਪੱਤਰ ਉਤੇ ਲੇਖਿਕਾ ਤੇ ਪੱਤਰਕਾਰ ਲਿਖਿਆ ਹੋਇਆ ਸੀ। ਉਸ ਵੇਲੇ ਮੈਨੂੰ ਇਹ ਚੰਗਾ ਨਹੀਂ ਸੀ ਲੱਗਾ ਕਿ ਉਸ ਨੇ ਪੱਤਰਕਾਰੀ ਨੂੰ ਸਾਹਿਤ ਦੇ ਬਰਾਬਰ ਦਾ ਸਥਾਨ ਦਿੱਤਾ ਸੀ। ਉਦੋਂ ਅਸੀਂ ਇਹ ਨਹੀਂ ਸਾਂ ਜਾਣਦੇ ਕਿ ਅੰਤ ਸਾਡੀ ਦੋਹਾਂ ਦੀ ਬਾਂਹ ਪੱਤਰਕਾਰੀ ਨੇ ਫੜਨੀ ਹੈ। ਉਸ ਦੀ ‘ਇੰਡੀਆਂ ਟੂਡੇ’ ਨੇ ਤੇ ਮੇਰੀ ‘ਟ੍ਰਿਬਿਊਨ ਟਰੱਸਟ’ ਨੇ। ਹੁਣ ਉਹ ਵੀ ਮੇਰੇ ਵਾਂਗ ਸਾਹਿਤਕਾਰੀ ਤੋਂ ਦੂਰ ਜਾ ਚੁਕੀ ਹੈ। ਸੱਜਰੀ ਮਿਲਣੀ ‘ਤੇ ਪਤਾ ਲੱਗਾ ਕਿ ਉਹ ਅੱਜ ਕੇਵਲ ਤੇ ਕੇਵਲ ਪੱਤਰਕਾਰ ਹੈ। ਤਾਮਿਲਨਾਡੂ ਦੇ ਰਾਜਨੀਤਕ ਨੇਤਾਵਾਂ ਦੀਆਂ ਜੀਵਨੀਆਂ ਲਿਖ ਰਹੀ ਹੈ। ਉਨ੍ਹਾਂ ਵਿਚੋਂ ਦੋ ਵਾਰੋ-ਵਾਰੀ ਪੰਜ-ਛੇ ਵਾਰ ਤਾਮਿਲਨਾਡੂ ਦੇ ਮੁਖ ਮੰਤਰੀ ਰਹਿ ਚੁਕੇ ਰਾਜਨੀਤੀ ਦੇ ਮਹਾਰਥੀਏ ਐਮ. ਕਰੁਣਨਿਧੀ ਤੇ ਜੈਲਲਿਤਾ ਹਨ ਅਤੇ ਇਕ ਫਿਲਮੀ ਦੁਨੀਆਂ ਵਿਚ ਦੁੜੰਗੇ ਮਾਰਦਾ ਰਜਨੀ ਕਾਂਤ। ਵਾਸੰਤੀ ਇਨ੍ਹਾਂ ਸਭ ਨੂੰ ਨੇੜਿਓਂ ਜਾਣਦੀ ਹੈ। ਕਈ ਕਈ ਵਾਰ ਮਿਲ ਚੁਕੀ ਹੈ।
ਪੰਜਾਬੀ ਪਾਠਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਕਰੁਣਾਨਿਧੀ (1924 ਤੋਂ 2018) 1969 ਤੋਂ 2011 ਦਰਮਿਆਨ ਲਗਭਗ ਦੋ ਦਹਾਕੇ ਮੁੱਖ ਮੰਤਰੀ ਰਿਹਾ। ਪੰਜ ਵਾਰੀ ਇਸ ਗੱਦੀ ਉਤੇ ਬੈਠਿਆ। ਰਾਜਨੀਤੀ ਵਿਚ ਪੈਰ ਧਰਨ ਤੋਂ ਪਹਿਲਾਂ ਉਹ ਤਾਮਿਲ ਫਿਲਮਾਂ ਲਈ ਸਕਰਿਪਟ ਲਿਖਣ ਤੋਂ ਬਿਨਾ ਨਾਵਲ, ਕਹਾਣੀਆਂ ਤੇ ਨਾਟਕ ਵੀ ਲਿਖਦਾ ਰਿਹਾ ਸੀ। ਤਾਮਿਲ ਲੋਕ ਉਹਦੇ ਲਈ ਤਾਮਿਲ ਸ਼ਬਦ ‘ਕਲਾਇਗਨਾਰ’ ਵਰਤਦੇ ਸਨ, ਜਿਸ ਦਾ ਅਰਥ ‘ਕਲਾਕਾਰ’ ਹੈ। ਉਹ ਸੱਚ ਮੁੱਚ ਹੀ ਕਲਾਕਾਰ ਸੀ। ਉਸ ਨੇ ਆਪਣੀ ਕਲਾ ਬਿਰਤੀ ਨਾਲ ਰਾਜਨੀਤੀ ਦੀਆਂ ਸਿਖਰਾਂ ਛੁਹੀਆਂ।
ਉਸ ਦੇ ਆਪਣੇ ਲਿਖਣ ਅਨੁਸਾਰ ਉਸ ਦੇ ਪੁਰਖੇ ਸ਼ੁਭ ਉਤਸਵਾਂ ਸਮੇਂ ਆਪਣੇ ਸਾਜ਼ਾਂ ਨਾਲ ਕਮਾਈ ਕਰਦੇ ਸਨ। ਉਸ ਨੂੰ ਖੁਦ ਨੂੰ ਵੀ ਪੜ੍ਹਾਈ ਨਾਲੋਂ ਸੰਗੀਤਕਾਰੀ ਚੰਗੀ ਲਗਦੀ ਸੀ। ਉਸ ਨੂੰ ਇੱਕ ਇਮਤਿਹਾਨ ਵਿਚ ਤਿੰਨ ਵਾਰ ਲਗਾਤਾਰ ਫੇਲ੍ਹ ਹੋਣ ਪਿੱਛੋਂ ਸਕੂਲ ਛਡਣਾ ਪੈ ਗਿਆ ਸੀ। ਆਪਣੇ ਜੀਵਨ ਵਿਚ ਉਸ ਨੇ ਤਾਮਿਲਨਾਡੂ ਉਤੇ ਹਿੰਦੀ ਥੋਪੇ ਜਾਣ ਦਾ ਡਟ ਕੇ ਵਿਰੋਧ ਕੀਤਾ ਅਤੇ ਫਤਿਹ ਪਾਈ। ਉਹ ਜਾਤ-ਪਾਤ ਦੇ ਵਿਤਕਰੇ ਦਾ ਵੀ ਕਟੱੜ ਵਿਰੋਧੀ ਸੀ। ਸਵੈਮਾਣ ਉਸ ਦਾ ਪਾਸਵਰਡ ਸੀ। ਥੋੜ੍ਹਾ ਸਮਾਂ ਖੱਬੇ ਪੱਖੀਆਂ ਦੇ ਅੰਗ-ਸੰਗ ਰਹਿਣ ਪਿੱਛੋਂ ਉਸ ਨੇ ਸਾਰੀ ਉਮਰ ਸਮਾਜ ਸੁਧਾਰ ਦੇ ਲੇਖੇ ਲਾ ਦਿੱਤੀ। ਉਸ ਨੇ ਦੰਭੀਆਂ ਨੂੰ ਨਿੰਦਿਆ ਤੇ ਲੋੜਵੰਦਾਂ ਦੀ ਬਾਂਹ ਫੜੀ। ਉਸ ਦੀ ਫਿਲਮੀ ਦੁਨੀਆਂ ਵਿਵਾਦਾਂ ਦਾ ਸ਼ਿਕਾਰ ਹੋਈ, ਪਰ ਰਾਜਨੀਤੀ ਇਸ ਦੋਸ਼ ਤੋਂ ਕਾਫੀ ਬਚੀ ਰਹੀ।
ਜਿਥੋਂ ਤੱਕ ਜੈਲਲਿਤਾ (1948-2016) ਦਾ ਸਬੰਧ ਹੈ, ਉਹ ਐਮ. ਜੀ. ਰਾਮਾਚੰਦਰਨ ਵਾਂਗ ਫਿਲਮੀ ਦੁਨੀਆਂ ਵਿਚੋਂ ਰਾਜਨੀਤੀ ਵਿਚ ਉਤਰੀ ਤੇ ਛੇ ਵਾਰ ਮੁਖ ਮੰਤਰੀ ਬਣੀ। ਉਸ ਦੇ ਮੰਤਰੀ ਮੰਡਲ ਦੇ ਸਾਰੇ ਮੈਂਬਰ ਉਸ ਦੀ ਕਠਪੁਤਲੀ ਸਨ।
ਉਹ ਤਾਮਿਲ, ਤੈਲਗੂ ਤੇ ਕੰਨੜ ਭਾਸ਼ਾ ਦੀਆਂ 140 ਫਿਲਮਾਂ ਵਿਚ ਦੋ ਦਹਾਕੇ (1961-1980) ਕੰਮ ਕਰਨ ਪਿੱਛੋਂ ਰਾਜਨੀਤੀ ਵਿਚ ਆਈ ਸੀ। ਰਾਜਨੀਤੀ ਵਿਚ ਪੈਰ ਧਰਨ ਤੋਂ ਦੋ-ਚਾਰ ਸਾਲਾਂ ‘ਚ ਹੀ ਉਹ ਅਪਣੇ ਗੁਰੂ ਐਮ. ਜੀ. ਰਾਮਾਚੰਦਰਨ ਦੀ ਸਥਾਪਤ ਕੀਤੀ ਏ. ਆਈ. ਏ. ਡੀ. ਐਮ. ਕੇ. ਦੀ ਜਨਰਲ ਸਕੱਤਰ ਚੁਣੀ ਗਈ। ਰਾਮਾਚੰਦਰਨ ਦੀ ਮੌਤ ਪਿੱਛੋਂ ਉਸ ਨੇ ਆਪਣੇ ਆਪ ਨੂੰ ਉਸ ਦੇ ਉਤਰਾਧਿਕਾਰੀ ਵਜੋਂ ਉਭਾਰਿਆ ਤੇ ਥੋੜ੍ਹੀ ਦੇਰ ਵਿਰੋਧੀ ਧਿਰ ਦੀ ਮੁਖੀ ਰਹਿਣ ਪਿੱਛੋਂ 1991 ਵਿਚ ਮੁੱਖ ਮੰਤਰੀ ਚੁਣੀ ਗਈ। ਉਸ ਦੇ ਰਾਜਨੀਤਕ ਸਫਰ ਵਿਚ ਇਕ ਪੜਾਅ ਉਹ ਵੀ ਆਇਆ ਜਦੋਂ ਉਸ ਦੀ ਪਾਰਟੀ ਦਾ ਸਫਾਇਆ ਹੋ ਗਿਆ ਤੇ ਉਹ ਖੁਦ ਵੀ ਆਪਣੀ ਸੀਟ ਨਾ ਬਚਾ ਸਕੀ। ਸਦਾ ਵਿਵਾਦਾਂ ਦੇ ਘੇਰੇ ਵਿਚ ਘਿਰੀ ਰਹੀ।
ਇਕ ਰੁਪਿਆ ਮਹੀਨਾ ਤਨਖਾਹ ਲੈਣ ਵਾਲੀ ਜੈਲਲਿਤਾ ਕੋਲ ਏਨਾ ਪੈਸਾ ਸੀ ਕਿ ਸਾਰੀ ਦੁਨੀਆਂ ਉਸ ਨੂੰ ‘ਅੰਮਾ’ ਕਹਿੰਦੀ ਕਹਿੰਦੀ ‘ਸੋਨ ਅੰਮਾ’ ਮੰਨਣ ਲੱਗ ਪਈ ਸੀ। ਉਸ ਦੇ ਗੋਦ ਲਏ ਮੁੰਡੇ ਦੇ ਵਿਆਹ ਉਤੇ ਏਨਾ ਪੈਸਾ ਖਰਚ ਹੋਇਆ, ਜਿਸ ਦਾ ਅੰਤ ਕੋਈ ਨਹੀਂ ਸੀ। ਵਿਤੋਂ ਬਾਹਰੀ ਜਾਇਦਾਦ ਸਦਕਾ ਉਸ ਨੂੰ ਅਦਾਲਤਾਂ ਅੱਗੇ ਜਵਾਬਦੇਹ ਹੋਣਾ ਪਿਆ, ਪਰ ਉਸ ਨੂੰ ਧੋਬੀ ਪਟੜਾ ਮਾਰਨ ਦਾ ਵਲ ਆਉਂਦਾ ਸੀ ਤੇ ਉਹ ਮੁੜ ਪੈਰਾਂ ਉਤੇ ਖੜ੍ਹੀ ਹੋ ਜਾਂਦੀ ਸੀ। ਆਪਣੇ ਕਾਰਜਕਾਲ ਦੀਆਂ ਆਖਰੀ ਵਿਧਾਨ ਸਭਾ ਚੋਣਾਂ ਵਿਚ ਅਤੇ ਚੋਣਾਂ ਪਿੱਛੋਂ ਮੁੱਖ ਮੰਤਰੀ ਦੀ ਕੁਰਸੀ ਸੰਭਾਲਦਿਆਂ ਉਸ ਨੇ ਸਮਾਜ ਸੁਧਾਰ ਦੇ ਏਨੇ ਕੰਮ ਕੀਤੇ ਕਿ ਤਾਮਿਲ ਜਨਤਾ ਨੇ ਉਸ ਦੇ ਨਾਂ ਦੀਆਂ ਕੰਟੀਨਾਂ, ਪਾਣੀ ਦੀਆਂ ਬੋਤਲਾਂ ਤੇ ਖਾਣ ਵਾਲਾ ਲੂਣ ਵੇਚਣਾ ਸ਼ੁਰੂ ਕਰ ਦਿੱਤਾ। ਉਸ ਨੂੰ ਤਾਮਿਲਨਾਡੂ ਦੀ ਸਭ ਤੋਂ ਘਟ ਉਮਰ ਵਾਲੀ ਮੁੱਖ ਮੰਤਰੀ ਬਣਨ ਦਾ ਮਾਣ ਮਿਲਿਆ। ਇਹ ਵੀ ਸਬੱਬ ਹੀ ਹੈ ਕਿ ਵਾਸੰਤੀ ਦੇ ਸਾਰੇ ਤਾਮਿਲ ਨੇਤਾ ਕਲਾਕਾਰੀ ਪਿਛੋਕੜ ਵਾਲੇ ਹਨ।
ਰਜਨੀ ਕਾਂਤ ਜੈਲਲਿਤਾ ਦਾ ਸਮਕਾਲੀ ਸੀ ਤੇ ਉਹਦੇ ਵਾਂਗ ਹੀ ਫਿਲਮ ਜਗਤ ਤੋਂ ਰਾਜਨੀਤੀ ਵਿਚ ਪੈਰ ਪਸਾਰਨ ਦੀ ਸੋਚਦਾ ਰਿਹਾ ਹੈ, ਪਰ ਸਫਲ ਨਹੀਂ ਹੋਇਆ। ਐਕਟਿੰਗ ਵਿਚ ਉਹ ਏਸ਼ੀਆ ਦੇ ਐਕਟਰਾਂ ਵਿਚੋਂ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਮੰਨਿਆ ਜਾਂਦਾ ਹੈ। ਉਸ ਨੂੰ ਇਕ ਦਰਜਨ ਦੇ ਕਰੀਬ ਰਾਜ ਫਿਲਮ ਸਨਮਾਨ, ਬੈਸਟ ਐਕਟਰ ਐਵਾਰਡ ਹੀ ਨਹੀਂ, ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਤੇ ਪਦਮਵਿਭੂਸ਼ਣ ਸਨਮਾਨ ਵੀ ਮਿਲ ਚੁਕੇ ਹਨ। ਇਹ ਜਾਣ ਕੇ ਹੈਰਾਨ ਨਾ ਹੋਵੋ ਕਿ ਉਹ ਛੋਟੀ ਉਮਰੇ ਕੁਲੀ ਦਾ ਕੰਮ ਵੀ ਕਰਦਾ ਰਿਹਾ ਹੈ ਤੇ ਬੰਗਲੌਰ ਟਰਾਂਸਪੋਰਟ ਸਰਵਿਸ ਵਿਚ ਬੱਸ ਕੰਡਕਟਰ ਦਾ ਕੰਮ ਵੀ। ਜੇ ਹੋਰ ਪੁਛਦੇ ਹੋ ਤਾਂ ਥੋੜ੍ਹੀ ਵੱਖਰੀ ਪੱਧਰ ਉਤੇ ਚੰਡੀਗੜ੍ਹ ਵਾਲਾ ਸੁਦੇਸ਼ ਸ਼ਰਮਾ ਵੀ ਉਸ ਦੇ ਪੈਰ ਚਿੰਨ੍ਹਾਂ ਉਤੇ ਚੱਲ ਰਿਹਾ ਹੈ। ਪਰ ਇਹ ਗੱਲ ਪੱਕੀ ਹੈ ਕਿ ਪੰਜਾਬੀ ਕਲਾਕਾਰ ਹੋਣ ਕਾਰਨ ਉਹ ਤਾਮਿਲੀਅਨ ਦੀ ਬਰਾਬਰੀ ਨਹੀਂ ਕਰ ਸਕਦਾ। ਰਜਨੀ ਕਾਂਤ ਤਾਂ ਕਰੋੜਾਂ ਵਿਚ ਖੇਡਦਾ ਹੈ।
ਤਾਮਿਲ ਲੇਖਿਕਾ ਵਾਸੰਤੀ ਦਾ ਕਾਰਜ ਵਿਹਾਰ ਦਸਦਾ ਹੈ ਕਿ ਤਾਮਿਲ ਭਾਸ਼ਾ ਵੀ ਸਾਹਿਤਕਾਰੀ ਨੂੰ ਮਾਣ-ਸਨਮਾਨ ਤਾਂ ਦਿਵਾਉਂਦੀ ਹੈ, ਪਰ ਮਾਇਆ ਨਹੀਂ। ਵਾਸੰਤੀ ਨੂੰ ਜੈਲਲਿਤਾ ਤੇ ਰਜਨੀਕਾਂਤ ਦੀ ਜੀਵਨੀ ਲਿਖਣ ਦੇ ਤਿੰਨ-ਤਿੰਨ ਲਖ ਰੁਪਏ ਐਡਵਾਂਸ ਮਿਲੇ ਸਨ ਤੇ ਕਰੁਣਾਨਿਧੀ ਦੀ ਜੀਵਨੀ ਲਿਖਣ ਲਈ ਢਾਈ ਲੱਖ। ਜੇ ਮੈਂ ਜੈਲਲਿਤਾ ਤੇ ਕਰੁਣਾਨਿਧੀ ਦੇ ਜੀਵਨ ਨੂੰ ਵਾਸੰਤੀ ਦੇ ਸ਼ਬਦਾਂ ਵਿਚ ਪਰੋਣਾ ਹੋਵੇ ਤਾਂ ਉਹ ‘ਅੰਮਾ’ ਨੂੰ ਹੰਕਾਰੀ ਕਹਿੰਦੀ ਹੈ ਤੇ ਕਰੁਣਾਨਿਧੀ ਨੂੰ ਗੰਭੀਰ ਤੇ ਗੁੜ੍ਹਿਆ ਹੋਇਆ ਸਿਆਸਤਦਾਨ। ਵਾਸੰਤੀ ਦਾ ਮੱਤ ਹੈ ਕਿ ਸਾਰੇ ਸਿਆਸਤਦਾਨਾਂ ਨੂੰ ਕਰੁਣਾਨਿਧੀ ਦੇ ਨਕਸ਼-ਏ-ਕਦਮ ‘ਤੇ ਚੱਲਣਾ ਚਾਹੀਦਾ ਹੈ।
ਅੰਤਿਕਾ: ਰਮਨ ਸੰਧੂ
ਪਤਾ ਜਿਸ ਨੂੰ ਨਹੀਂ ਹੁੰਦਾ
ਕਿ ਧੁੱਪ ਦੇ ਅਰਥ ਕੀ ਹੁੰਦੇ,
ਹਮੇਸ਼ਾ ਸੀਸ ਦੀ ਥਾਂ ਉਹ
ਬਚਾਉਂਦੇ ਢਾਲ ਮਰ ਜਾਂਦੇ।