ਸੱਪਾਂ ਵਾਲਾ ਪਹਾੜ ਅਤੇ ਦੁਸ਼ਮਣੀ ਦੀ ਬੂਅ

ਜਸਬੀਰ ਭੁੱਲਰ ਮੂਲ ਰੂਪ ਵਿਚ ਕਹਾਣੀਕਾਰ ਹੈ। ਉਹ ਫੌਜ ਵਿਚੋਂ ਬਤੌਰ ਅਫਸਰ ਰਿਟਾਇਰ ਹੋਇਆ ਹੈ। ਉਸ ਨੇ ਫੌਜ ਨਾਲ ਸਬੰਧਤ ਕਈ ਜਾਨਦਾਰ ਕਹਾਣੀਆਂ ਲਿਖੀਆਂ ਹਨ। ‘ਸੱਪਾਂ ਵਾਲਾ ਪਹਾੜ ਅਤੇ ਦੁਸ਼ਮਣੀ ਦੀ ਬੂਅ’ ਉਸ ਦੇ ਫੌਜੀ ਜੀਵਨ ਦੀ ਇਕ ਘਟਨਾ ਉਤੇ ਆਧਾਰਿਤ ਲਿਖਤ ਹੈ। ਇਸ ਲਿਖਤ ਵਿਚ ਕਹਾਣੀ ਵਰਗੀ ਕੋਈ ਕਥਾ ਹੈ, ਜਿਸ ਨੂੰ ਪਾਠਕ ਸਾਹ ਬੰਦ ਕਰਕੇ ਪੜ੍ਹਦਾ ਹੈ। ਇਹ ਮਨੁੱਖੀ ਮਨ ਅੰਦਰਲੀਆਂ ਤਹਿਆਂ ਫਰੋਲਦੀ ਹੈ।

-ਸੰਪਾਦਕ

ਜਸਬੀਰ ਭੁੱਲਰ

ਇਹ ਕੋਈ ਕਹਾਣੀ ਨਹੀਂ, ਮੇਰੇ ਫੌਜੀ ਕਿੱਤੇ ਦੇ ਸ਼ੁਰੂ ਵਾਲੇ ਸਮੇਂ ਵਾਪਰੀ ਇਕ ਘਟਨਾ ਦਾ ਚਿੱਠਾ ਹੈ। ਫਿਰ ਇਕ ਹੋਰ ਘਟਨਾ ਵਾਪਰੀ ਤੇ ਕਹਾਣੀ ਨੇ ਜਨਮ ਲਿਆ। ਮੈਂ ਉਦੋਂ ਜੰਮੂ ਕਸ਼ਮੀਰ ਦੇ ਮੁਹਾਜ਼ ਉਤੇ ਤਾਇਨਾਤ ਸਾਂ। ਮੇਰੀ ਕੰਪਨੀ ਬੇਢੱਬੇ ਜਿਹੇ ਪਹਾੜ ‘ਤੇ ਤਾਇਨਾਤ ਸੀ। ਉਥੇ ਅਫਸਰਾਂ ਦੇ ਰਹਿਣ ਲਈ ਕੱਚੇ ਬੰਕਰ ਸਨ। ਉਹ ਬੰਕਰ ਜ਼ਮੀਨ ਦੇ ਧਰਾਤਲ ਤੋਂ ਢਾਈ-ਤਿੰਨ ਫੁੱਟ ਨੀਵੇਂ ਸਨ।
ਪਹਿਲਾਂ ਉਥੇ ਤੋਪਖਾਨੇ ਵਾਲੇ ਹੁੰਦੇ ਸਨ। ਉਹ ਟੋਏ ਪਹਿਲੋਂ ਉਨ੍ਹਾਂ ਦੀਆਂ ਤੋਪਾਂ ਦੇ ਮੋਰਚੇ ਸਨ। ਉਨ੍ਹਾਂ ਟੋਇਆਂ ਨੂੰ ਮੇਰੀ ਕੰਪਨੀ ਵਾਲਿਆਂ ਨੇ ਬੰਕਰਾਂ ਦਾ ਰੂਪ ਦੇ ਦਿੱਤਾ ਸੀ। ਉਸ ਪਹਾੜ ਦੇ ਪੈਰਾਂ ਕੋਲ ਪਹਾੜੀ ਨਦੀ ਵਗਦੀ ਸੀ। ਰਾਤ ਵੇਲੇ ਪਾਣੀ ਦਾ ਪੱਥਰਾਂ ਨਾਲ ਖਹਿਣ ਦਾ ਰੌਲਾ ਬਹੁਤ ਉਚਾ ਸੁਣਦਾ, ਜਿਵੇਂ ਬੰਕਰਾਂ ਨੂੰ ਆਪਣੀ ਗਲਵਕੜੀ ਵਿਚ ਲੈਣ ਲਈ ਨਦੀ ਪਹਾੜ ਚੜ੍ਹ ਆਈ ਹੋਵੇ।
ਉਸ ਪਹਾੜ ‘ਤੇ ਸੱਪ ਬਹੁਤ ਸਨ। ਕਈ ਵਾਰ ਤਾਂ ਇੰਜ ਲੱਗਦਾ, ਜਿਵੇਂ ਉਥੇ ਸੱਪਾਂ ਦਾ ਸ਼ਹਿਰ ਵਸਿਆ ਹੋਵੇ। ਗਰਮੀ ਕੁਝ ਬਹੁਤੀ ਹੋ ਜਾਂਦੀ ਤਾਂ ਸੱਪ ਵਰਮੀਆਂ ਵਿਚੋਂ ਬਾਹਰ ਆ ਜਾਂਦੇ। ਕਈ ਵਾਰ ਸੱਪ ਡੂੰਘੇ ਬੰਕਰਾਂ ਵਿਚ ਉਤਰ ਆਉਂਦੇ ਤੇ ਉਨ੍ਹਾਂ ਕੋਲੋਂ ਮੁੜ ਬਾਹਰ ਹੀ ਨਾ ਨਿਕਲਿਆ ਜਾਂਦਾ। ਕਦੇ ਕੋਈ ਸੱਪ ਕਿਤਾਬਾਂ ਉਤੇ ਕੁੰਡਲੀ ਮਾਰੀ ਬੈਠਾ ਦਿਸ ਪੈਂਦਾ। ਕਈ ਵਾਰ ਪੈਰਾਂ ਹੇਠ ਮਿੱਧੇ ਜਾਣ ਤੋਂ ਮਸਾਂ ਬਚਦਾ। ਇਕ ਵਾਰ ਤਾਂ ਸੱਪ ਮੇਰੇ ਬਿਸਤਰੇ ਉਤੇ ਇਸ ਤਰ੍ਹਾਂ ਬੈਠਾ ਹੋਇਆ ਸੀ, ਜਿਵੇਂ ਬਿਸਤਰਾ ਉਹਦੇ ਲਈ ਹੀ ਵਿਛਾਇਆ ਹੋਵੇ। ਉਥੇ ਬਿਜਲੀ ਨਹੀਂ ਸੀ। ਰਾਤ ਵੇਲੇ ਕਿਧਰੋਂ ਪਰਤੋ ਤਾਂ ਟੋਹ-ਟੋਹ ਕੇ ਬੰਕਰ ਵਿਚ ਦਾਖਲ ਹੋਣਾ ਪੈਂਦਾ। ਇਹ ਤੌਖਲਾ ਵੀ ਬਣਿਆ ਰਹਿੰਦਾ ਕਿ ਤੀਲ੍ਹਾਂ ਵਾਲੀ ਡੱਬੀ ਲਈ ਹੱਥ ਮਾਰਦਿਆਂ ਕਿਧਰੇ ਸੱਪ ਨੂੰ ਹੀ ਹੱਥ ਨਾ ਪੈ ਜਾਵੇ।
ਸੱਪਾਂ ਵਾਲੇ ਪਹਾੜ ਉਤੇ ਧੁੱਪ ਦਾ ਜਲੌਅ ਸੀ। ਤਿਰਪਾਲਾਂ ਵਿਛਾ ਕੇ ਅਸੀਂ ਹਥਿਆਰਾਂ ਨੂੰ ਧੁੱਪੇ ਲੰਮਾ ਪਾਇਆ ਹੋਇਆ ਸੀ। ਹਥਿਆਰ ਧੁੱਪ ਵੀ ਸੇਕ ਰਹੇ ਸਨ ਅਤੇ ਉਨ੍ਹਾਂ ਦੀ ਸਫਾਈ ਵੀ ਹੋ ਰਹੀ ਸੀ। ਮੈਂ ਧੁੱਪ ਵਿਚ ਖਲੋਤਾ ਸਾਂ। ਮੈਂ ਉਥੋਂ ਦੀਆਂ ਸੱਪਾਂ ਵਾਲੀਆਂ ਰਾਤਾਂ ਤੋਂ ਅੱਕਿਆ ਹੋਇਆ ਸਾਂ। ਮੈਂ ਧੁੱਪ ਨੂੰ ਆਪਣੇ ਅੰਦਰ ਸਮੋ ਲੈਣਾ ਚਾਹੁੰਦਾ ਸਾਂ। ਉਸ ਵੇਲੇ ਮੇਰੇ ਕਮਾਨ ਅਫਸਰ ਦਾ ਬੁਲਾਵਾ ਆ ਗਿਆ। ਮੈਂ ਧੁੱਪ ਤੋਂ ਛਾਂ ਵੱਲ ਤੁਰ ਪਿਆ। ਕਮਾਨ ਅਫਸਰ ਨੇ ਦੱਸਿਆ, “ਮਰਾਠਾ ਵਾਲਿਆਂ ਦੀ ਇਕ ਟੋਲੀ ਲੰਮੀ ਗਸ਼ਤ ‘ਤੇ ਜਾ ਰਹੀ ਹੈ। ਅਸੀਂ ਆਪਣਾ ਇਕ ਅਫਸਰ ਵੀ ਭੇਜਣਾ ਏ। ਤੂੰ ਆਪਣੀ ਤਿਆਰੀ ਕਰ ਲੈ।” ਸੱਪਾਂ ਕੋਲੋਂ ਮੈਂ ਜਿੰਨੇ ਕੁ ਦਿਨ ਪਰ੍ਹਾਂ ਰਹਿ ਆਵਾਂ, ਉਨਾ ਹੀ ਚੰਗਾ ਸੀ। ਮੈਂ ਆਖਿਆ, “ਸਰ! ਮੈਂ ਤਿਆਰ ਹਾਂ।”
ਮਿਥੇ ਹੋਏ ਦਿਨ ਇਕ ਫੌਜੀ ਟਰੱਕ ਗਸ਼ਤ ਪਾਰਟੀ ਨੂੰ ਲੈ ਕੇ ਨਾਗਵਲ ਖਾਂਦੀ ਇਕ ਸੜਕ ਦੇ ਰਾਹ ਤੁਰ ਪਿਆ। ਇਕ ਪਸਿੱਤੇ ਜਿਹੇ ਪਿੰਡ ਤੋਂ ਟਰੱਕ ਨੇ ਕੱਚਾ ਰਾਹ ਫੜ ਲਿਆ। ਡਿੱਕੋ-ਡੋਲੇ ਖਾਂਦੇ ਅਸੀਂ ਉਥੇ ਤਕ ਪਹੁੰਚ ਗਏ, ਜਿਥੇ ਜਾ ਕੇ ਸੜਕ ਮੁੱਕ ਗਈ ਸੀ। ਟਰੱਕ ਤੋਂ ਉਤਰ ਅਸੀਂ ਆਪਣੇ ਹਥਿਆਰ ਚੈਕ ਕੀਤੇ, ਮੈਗਜ਼ੀਨਾਂ ਵਿਚ ਗੋਲੀਆਂ ਭਰੀਆਂ, ਹਥਿਆਰ ਲੋਡ ਕੀਤੇ ਅਤੇ ਸੇਫਟੀ ਕੈਚ ਲਾ ਕੇ ਅਗਲੇ ਸਫਰ ਲਈ ਤੁਰ ਪਏ।
ਅਸੀਂ ਤੇਰਾਂ ਜਣੇ ਸਾਂ। ਲੈਫਟੀਨੈਂਟ ਈਮਾਨ ਦਾ ਅਤੇ ਮੇਰਾ ਰੈਂਕ ਇਕੋ ਸੀ। ਰੈਂਕ ਵਿਚਲੀ ਵਿਥ ਨਾ ਹੋਣ ਕਰਕੇ ਸਾਡੀ ਖੂਬ ਨਿਭਣੀ ਸੀ। ਹਰ ਸੈਨਿਕ ਕੋਲ ਆਪੋ-ਆਪਣਾ ਬੋਝ ਸੀ। ਵੱਡਾ ਪਿੱਠੂ, ਨਿੱਕਾ ਪਿੱਠੂ, ਪਾਣੀ ਦੀ ਬੋਤਲ, ਨਿੱਜੀ ਹਥਿਆਰ ਆਦਿ ਦਾ ਭਾਰ ਕੁੱਲ ਮਿਲਾ ਕੇ ਵੀਹ ਕੁ ਕਿਲੋ ਹੋ ਜਾਂਦਾ ਸੀ। ਸਾਡੇ ਕੋਲ ਸੱਤ ਦਿਨਾਂ ਦੀ ਰਸਦ ਵੀ ਸੀ। ਜਵਾਨਾਂ ਨੇ ਰਸਦ ਦਾ ਬੋਝ ਵੀ ਆਪਸ ਵਿਚ ਵੰਡ ਕੇ ਹਿੱਸੇ ਆਉਂਦਾ ਚੁੱਕ ਲਿਆ। ਉਹ ਪੈਂਡਾ ਸੰਘਣੇ ਜੰਗਲਾਂ ਅਤੇ ਪਹਾੜਾਂ ਦਾ ਸੀ। ਤਿੰਨ ਦਿਨਾਂ ਪਿੱਛੋਂ ਸਾਨੂੰ ਮਨੁੱਖੀ ਆਬਾਦੀ ਦੇ ਪਹਿਲੇ ਚਿੰਨ੍ਹ ਦਿੱਸੇ। ਸਾਡੇ ਨਕਸ਼ਿਆਂ ਅਨੁਸਾਰ ਉਹ ਹਿੰਦੁਸਤਾਨ ਦਾ ਆਖਰੀ ਪਿੰਡ ਸੀ।
ਅਚਨਚੇਤੀ ਮੀਂਹ ਪੈਣ ਲੱਗ ਪਿਆ। ਅਸੀਂ ਛੋਹਲੇ ਕਦਮੀਂ ਇਕ ਪਹਾੜੀ ਮਕਾਨ ਤਕ ਪਹੁੰਚ ਗਏ। ਵਾੜੇ ਦੀ ਛੱਤ ਉਤੇ ਬਣਿਆ ਇਕੋ ਹੀ ਕਮਰਾ ਪੂਰਾ ਘਰ ਸੀ। ਸੂਬੇਦਾਰ ਮੰਗਤ ਰਾਮ ਨੇ ਅਗਾਂਹ ਹੋ ਕੇ ਬੂਹਾ ਠਕੋਰਿਆ ਤੇ ਫਿਰ ਧੱਕ ਕੇ ਖੋਲ੍ਹ ਦਿੱਤਾ। ਘਰ ਖਾਲੀ ਸੀ। ਅਸੀਂ ਪਿੱਠੂ ਲਾਹ ਕੇ ਰੱਖ ਦਿੱਤੇ ਅਤੇ ਹਥਿਆਰ ਆਪੋ-ਆਪਣੇ ਪਿੱਠੂਆਂ ਦੇ ਆਸਰੇ ਖੜ੍ਹੇ ਕਰ ਦਿੱਤੇ। ਉਸ ਘਰ ਦੇ ਜੀਅ ਭੇਡਾਂ ਚਰਾ ਕੇ ਭਿੱਜੇ ਹੋਏ ਵਾਪਸ ਮੁੜੇ। ਭੇਡਾਂ ਵਾੜੇ ਵਿਚ ਡੱਕ ਕੇ ਉਹ ਉਪਰ ਆ ਗਏ। ਘਰ ਵਿਚ ਫੌਜੀਆਂ ਨੂੰ ਵੇਖ ਕੇ ਉਹ ਸਹਿਮ ਗਏ। ਮਰਦ ਨੇ ਡਰੇ ਜਿਹੇ ਨੇ ਪੁੱਛਿਆ, “ਅਸੀਂ ਕੁਝ ਭਾਂਡੇ ਲੈ ਲਈਏ?” ਅਸੀਂ ਆਪਹੁਦਰਿਆਂ ਵਾਂਗੂੰ ਉਨ੍ਹਾਂ ਦਾ ਘਰ ਮੱਲ ਲਿਆ ਸੀ। ਉਨ੍ਹਾਂ ਪਹਾੜੀਆਂ ਦੇ ਮੱਥੇ ਉਤੇ ਤਿਊੜੀ ਨਹੀਂ ਸੀ ਆਈ। “ਅਸੀਂ ਥੱਲੇ ਵਾੜੇ ਵਿਚ ਖਾਣਾ ਪਕਾ ਲਵਾਂਗੇ।” ਮਰਦ ਨੇ ਫਿਰ ਤਰਲਾ ਲਿਆ। ਲੈਫਟੀਨੈਂਟ ਈਮਾਨ ਮੁਸਕਰਾਇਆ, “ਅੱਜ ਅਸੀਂ ਤੁਹਾਨੂੰ ਖਾਣਾ ਖਵਾਵਾਂਗੇ।” ਔਰਤ, ਮਰਦ ਅਤੇ ਉਨ੍ਹਾਂ ਦੇ ਦੋ ਬੱਚੇ ਅੰਦਰ ਲੰਘ ਕੇ ਭੁੰਜੇ ਬੈਠ ਗਏ।
ਕਮਰੇ ਦੀ ਇਕ ਨੁੱਕਰੇ ਚੌਂਕਾ ਸੀ। ਦੋ ਜਵਾਨ ਉਠ ਕੇ ਚੌਂਕੇ ਵਿਚ ਚਲੇ ਗਏ। ਉਹ ਰਾਤ ਦੇ ਭੋਜਨ ਲਈ ਟੀਨ ਦੇ ਬੰਦ ਡੱਬੇ ਖੋਲ੍ਹਣ ਲੱਗ ਪਏ। ਟੀਨ ਦੇ ਡੱਬਿਆਂ ਵਿਚੋਂ ਬਣਿਆ ਬਣਾਇਆ ਭੋਜਨ ਨਿਕਲ ਰਿਹਾ ਸੀ। ਇਹ ਕ੍ਰਿਸ਼ਮਾ ਉਸ ਪਹਾੜੀ ਪੀਰ ਬਖਸ਼ ਅਤੇ ਉਹਦੇ ਟੱਬਰ ਨੂੰ ਹੈਰਾਨ ਕਰ ਰਿਹਾ ਸੀ।
ਸਾਡੀ ਰਸਦ ਵਿਚ ਟੌਫੀਆਂ ਵੀ ਸਨ। ਇਕ ਜਵਾਨ ਨੇ ਉਠ ਕੇ ਸਾਰਿਆਂ ਨੂੰ ਦੋ-ਦੋ ਟੌਫੀਆਂ ਫੜਾ ਦਿੱਤੀਆਂ। ਟੌਫੀਆਂ ਚਿੱਥਦਿਆਂ ਉਨ੍ਹਾਂ ਪਹਾੜੀਆਂ ਦਾ ਤਣਾਅ ਕੁਝ ਘਟਿਆ। ਅਸੀਂ ਪੀਰ ਬਖਸ਼ ਨਾਲ ਇਧਰ ਉਧਰ ਦੀਆਂ ਗੱਲਾਂ ਛੇੜ ਲਈਆਂ ਤੇ ਫਿਰ ਮੁੱਦੇ ਦੀ ਗੱਲ ਪੁੱਛ ਲਈ, “ਬਣੀ ਪਿੰਡ ਤਾਂ ਸਰਹੱਦ ਦੇ ਐਨ ਉਤੇ ਐ।”
“ਸਰਹੱਦ! ਸਰਹੱਦ ਕੀ?” ਪੀਰ ਬਖਸ਼ ਨੂੰ ਸਮਝ ਨਹੀਂ ਸੀ ਪਈ।
“ਸਾਬ੍ਹ ਦਾ ਮਤਲਬ ਹੈ ਕਿ ਦੁਸ਼ਮਣ ਤੁਹਾਨੂੰ ਤੰਗ ਤਾਂ ਨਈਂ ਕਰਦੇ?” ਸੂਬੇਦਾਰ ਮੰਗਤ ਰਾਮ ਨੇ ਗੱਲ ਨੂੰ ਕੁਝ ਸਪਸ਼ਟ ਕਰਨ ਦਾ ਯਤਨ ਕੀਤਾ।
“ਦੁਸ਼ਮਣ? ਕੌਣ ਦੁਸ਼ਮਣ?”
“ਪਹਾੜ ਦੇ ਦੂਜੇ ਪਾਸੇ ਦੇ ਲੋਕ।”
“ਉਹ ਦੁਸ਼ਮਣ ਥੋੜ੍ਹੇ ਈ ਨੇ। ਉਥੇ ਤਾਂ ਮੇਰੀ ਧੀ ਦੇ ਸਹੁਰੇ ਨੇ।” ਪੀਰ ਬਖਸ਼ ਦੀ ਤੀਵੀਂ ਨੇ ਪਹਾੜ ਪਾਰ ਵਾਲਿਆਂ ਨਾਲ ਰਿਸ਼ਤੇ ਦਾ ਖੁਲਾਸਾ ਕੀਤਾ। “ਉਹ ਤਾਂ ਜੀ ਸਾਡੇ ਆਪਣੇ ਲੋਕ ਨੇ। ਅਸੀਂ ਤਾਂ ਕਈ ਵਾਰ ਪਹਾੜੋਂ ਪਾਰ ਭੇਡਾਂ ਚਰਾਉਣ ਵੀ ਜਾਂਦੇ ਹਾਂ, ਨਾਲੇ ਧੀ ਨੂੰ ਮਿਲ ਆਈਦਾ ਹੈ।”
“ਤੁਹਾਨੂੰ ਨਈਂ ਪਤਾ ਕਿ ਉਧਰ ਦੂਜਾ ਮੁਲਕ ਹੈ?” ਲੈਫਟੀਨੈਂਟ ਈਮਾਨ ਨੇ ਕੁਝ ਹੈਰਾਨ ਹੋ ਕੇ ਪੁੱਛਿਆ।
“ਦੂਜਾ ਮੁਲਕ! ਨਈਂ ਜੀ, ਦੂਜਾ ਪਿੰਡ।” ਪੀਰ ਬਖਸ਼ ਨੇ ਲੈਫਟੀਨੈਂਟ ਈਮਾਨ ਦੀ ਗਲਤੀ ਸੋਧੀ, “ਇਕੋ ਰਾਜੇ ਦੇ ਦੋ ਮੁਲਕ ਕਿਵੇਂ ਹੋ ਸਕਦੇ ਨੇ ਭਲਾ। ਇਥੇ ਵੀ ਮਿੱਟੀ ਉਹੋ ਤੇ ਉਥੇ ਵੀ ਉਹੋ।”
“ਇਹ ਰਾਜਾ ਕੌਣ ਸੀ ਜਿਹੜਾ ਦੋਵਾਂ ਪਾਸਿਆਂ ਦਾ ਸੀ?” ਮੈਂ ਮੱਥਾ ਖੁਰਕਣ ਲੱਗ ਪਿਆ ਸਾਂ।
ਉਸ ਰਾਤ ਦੀ ਠਾਹਰ ਲਈ ਅਸੀਂ ਨੇੜਲੇ ਸਕੂਲ ਵਿਚ ਜਾਣ ਬਾਰੇ ਸੋਚਿਆ। ਭੋਜਨ ਤੋਂ ਵਿਹਲੇ ਹੋਏ ਤਾਂ ਪੀਰ ਬਖਸ਼ ਸਾਨੂੰ ਸਕੂਲ ਤਕ ਛੱਡਣ ਤੁਰ ਪਿਆ। ਉਹ ਸਕੂਲ ਬੂਹੇ-ਬਾਰੀਆਂ ਦੀਆਂ ਚੌਗਾਠਾਂ ਅਤੇ ਪੱਲਿਆਂ ਤੋਂ ਵਿਰਵਾ ਸੀ। ਬਸ ਤੁਰਸ਼ ਹਵਾਵਾਂ ਵਿਚ ਖੜ੍ਹਾ ਇਕ ਕਮਰੇ ਦਾ ਢਾਂਚਾ ਸੀ।
ਮੈਂ ਪੀਰ ਬਖਸ਼ ਨੂੰ ਪੁੱਛਿਆ, “ਮਾਸਟਰ ਕਿਥੇ ਰਹਿੰਦੈ?”
“ਉਹ ਤਾਂ ਜੀ ਕਿਤਿਓਂ ਬਾਹਰੋਂ ਆਉਂਦੈ।”
“ਭਲਕੇ ਮਿਲ ਜਾਊ?”
“ਨਈਂ ਜੀ, ਉਹ ਤਾਂ ਸਾਲ ਵਿਚ ਦੋ-ਤਿੰਨ ਵਾਰ ਹੀ ਆਉਂਦੈ। ਪਿਛਲੇ ਮਹੀਨੇ ਆਇਆ ਸੀ। ਹੁਣ ਪਤਾ ਨਈਂ ਕਦੋਂ ਆਵੇ।”
“ਫਿਰ ਨਿਆਣਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਹੁੰਦੀ ਐ?”
“ਹੋ ਜਾਂਦੀ ਐ ਜੀ। ਉਹ ਜਦੋਂ ਆਵੇ, ਨਿਆਣਿਆਂ ਨੂੰ ਇਕੱਠੇ ਕਰ ਕੇ ਪੜ੍ਹਾ ਦਿੰਦਾ ਏ।”
ਸ਼ਾਮ ਦੇ ਪਰਛਾਵੇਂ ਹੌਲੀ-ਹੌਲੀ ਲੋਪ ਹੋ ਰਹੇ ਸਨ। ਫੈਲ ਰਹੇ ਹਨੇਰੇ ਵਿਚ ਮੇਰੀ ਮੁਸਕਾਨ ਗੁਆਚ ਗਈ ਸੀ।

ਬਣੀ ਪਿੰਡ ਦੇ ਕੁੱਲ ਘਰ ਉਂਗਲਾਂ ਉਤੇ ਗਿਣੇ ਜਾਣ ਜੋਗੇ ਸਨ। ਇਕ ਘਰ ਤੋਂ ਦੂਜੇ ਘਰ ਦੀ ਵਿੱਥ ਕਈ ਵਾਰ ਮੀਲਾਂ ਲੰਮੀ ਵੀ ਹੋ ਜਾਂਦੀ ਸੀ। ਉਸ ਪਿੰਡ ਦੇ ਕੁਝ ਲੋਕ ਖੇਤੀ ਕਰਦੇ ਸਨ। ਜੋ ਖੇਤੀ ਨਹੀਂ ਸਨ ਕਰਦੇ, ਉਹ ਭੇਡਾਂ ਪਾਲਦੇ ਸਨ। ਨਵੀਆਂ ਚਰਾਂਦਾਂ ਦੀ ਭਾਲ ਵਿਚ ਉਹ ਕਈ ਵਾਰ ਦੂਰ-ਦੁਰਾਡੇ ਨਿਕਲ ਜਾਂਦੇ ਤੇ ਫਿਰ ਕਈ-ਕਈ ਦਿਨਾਂ ਪਿੱਛੋਂ ਵਾਪਸ ਮੁੜਦੇ।
ਉਥੇ ਲੋਕ ਘਰਾਂ ਨੂੰ ਜਿੰਦਰੇ ਨਹੀਂ ਸਨ ਲਾਉਂਦੇ। ਚੋਰੀਆਂ ਚਕਾਰੀਆਂ ਦਾ ਵੀ ਕੋਈ ਡਰ ਨਹੀਂ ਸੀ। ਕਈ ਦਿਨਾਂ ਪਿੱਛੋਂ ਵਾਪਸ ਆਉਣ ਉਤੇ ਵੀ ਆਜੜੀਆਂ ਨੂੰ ਹਰ ਸ਼ੈਅ ਟਿਕਾਣੇ ਉਤੇ ਹੀ ਪਈ ਮਿਲਦੀ ਸੀ।
ਖਾਲੀ ਘਰਾਂ ਨੂੰ ਫਰੋਲਦਿਆਂ ਸਾਡੇ ਗਸ਼ਤੀ ਦਲ ਨੂੰ ਨਾ ਤਾਂ ਦੁਸ਼ਮਣ ਦਾ ਕੋਈ ਸੁਰਾਗ ਮਿਲਿਆ ਅਤੇ ਨਾ ਦੁਸ਼ਮਣੀ ਦੀ ਹੀ ਕੋਈ ਭਿਣਕ ਪਈ। ਦਰਅਸਲ, ਉਸ ਇਲਾਕੇ ਦੇ ਵਾਸੀ ਪੰਛੀਆਂ ਵਰਗੇ ਸਨ। ਬੋਟਾਂ ਨੂੰ ਵੀ ਨਾਲ ਲੈ ਕੇ ਉਡਦੇ। ਉਨ੍ਹਾਂ ਦੇ ਸੱਖਣੇ ਆਲ੍ਹਣਿਆਂ ਵਿਚੋਂ ਫੌਜੀਆਂ ਨੂੰ ਭਲਾ ਕੀ ਮਿਲਣਾ ਸੀ।
ਪਿਛਲੇ ਦੋ ਦਿਨਾਂ ਤੋਂ ਕੁਝ ਵੀ ਸਾਡੇ ਪਿੜ-ਪੱਲੇ ਨਹੀਂ ਸੀ ਪੈ ਰਿਹਾ। ਅਗਲੇ ਦਿਨ ਦੀ ਸ਼ਾਮ ਵੀ ਢਲ ਗਈ। ਬੱਦਲ ਨਿੱਤਰੇ ਹੋਏ ਸਨ। ਮੀਂਹ ਦੀ ਸੰਭਾਵਨਾ ਨਹੀਂ ਸੀ। ਰਾਤ ਕੱਟਣ ਲਈ ਅਸੀਂ ਖੁੱਲ੍ਹੇ ਖੇਤ ਵਿਚ ਡੇਰਾ ਲਾ ਲਿਆ। ਉਸ ਖੇਤ ਤੋਂ ਉਪਰ ਪਹਾੜ ਦੇ ਸਿਖਰ ਵੱਲ ਇਕ ਮਕਾਨ ਦਿਸ ਰਿਹਾ ਸੀ। ਅਸੀਂ ਉਸ ਘਰ ਦੀ ਪੜਤਾਲ ਕਰਨ ਬਾਰੇ ਸੋਚ ਲਿਆ।
ਸੈਨਿਕਾਂ ਨੂੰ ਉਥੇ ਛੱਡ ਕੇ ਮੈਂ ਤੇ ਲੈਫਟੀਨੈਂਟ ਈਮਾਨ ਉਥੋਂ ਤੁਰ ਪਏ। ਸੂਬੇਦਾਰ ਮੰਗਤ ਰਾਮ ਵੀ ਕਾਹਲੇ ਕਦਮੀਂ ਸਾਡੇ ਨਾਲ ਆ ਰਲਿਆ। ਉਹ ਪੁਰਾਣਾ ਸੈਨਿਕ ਸੀ। ਉਹਦਾ ਤਜਰਬਾ ਸਾਡੇ ਲਈ ਲਾਹੇਵੰਦ ਸੀ।
ਸਾਨੂੰ ਇਕ ਬੁੱਢਾ ਮਕਾਨ ਦੇ ਬਾਹਰ ਹੀ ਮਿਲ ਪਿਆ। ਉਸ ਦੱਸਿਆ, “ਕੱਲ੍ਹ ਪੀਰ ਬਖਸ਼ ਇੱਜੜ ਲਈ ਜਾਂਦਾ ਮਿਲਿਆ ਸੀ। ਤੁਹਾਡੇ ਬਾਰੇ ਦੱਸਿਆ ਸੀ। ਤੁਸੀਂ ਹਿੰਦੁਸਤਾਨ ਤੋਂ ਆਏ ਹੋ ਨਾ?”
ਬੁੱਢੇ ਦੇ ਸੁਆਲ ਨੇ ਮੈਨੂੰ ਹੈਰਾਨ ਕੀਤਾ। ਮੈਂ ਸੋਚੀਂ ਪੈ ਗਿਆ, ਕਿਤੇ ਅਸੀਂ ਭੁਲੇਖੇ ਨਾਲ ਦੁਸ਼ਮਣ ਮੁਲਕ ਦੇ ਪਿੰਡ ਵਿਚ ਹੀ ਤਾਂ ਨਹੀਂ ਪਹੁੰਚ ਗਏ। ਕੀ ਪਤਾ, ਅਸੀਂ ਨਕਸ਼ਾ ਗਲਤ ਪੜ੍ਹ ਲਿਆ ਹੋਵੇ। ਬੁੱਢੇ ਦਾ ਪ੍ਰਤੀਕਰਮ ਜਾਣਨ ਲਈ ਮੈਂ ‘ਹਾਂ’ ਵਿਚ ਹੁੰਗਾਰਾ ਭਰਿਆ ਪਰ ਬੁੱਢੇ ਨੂੰ ਜਿਵੇਂ ਸਾਡੇ ਹਿੰਦੁਸਤਾਨੀ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਉਸ ਪੁੱਛਿਆ, “ਰਾਤ ਖੇਤ ਵਿਚ ਸੌਂਵੋਂਗੇ?”
“ਹਾਂ।”
“ਮੇਰੇ ਕੋਲ ਹੀ ਰਹਿ ਪਵੋ ਭਾਵੇਂ।”
ਬੁੱਢੇ ਕੋਲ ਰਹਿਣ ਨਾਲ ਕਈ ਗੱਲਾਂ ਦੀ ਸੂਹ ਮਿਲ ਸਕਦੀ ਸੀ। ਮੈਂ ਤੇ ਲੈਫਟੀਨੈਂਟ ਈਮਾਨ ਉਥੇ ਰਹਿਣ ਲਈ ਤਿਆਰ ਹੋ ਗਏ।
“ਤੁਸੀਂ ਸਾਰੇ ਹੀ ਇਥੇ ਰਹਿ ਲਵੋ ਭਾਵੇਂ।” ਬੁੱਢੇ ਨੇ ਜ਼ੋਰ ਦੇ ਕੇ ਆਖਿਆ।
“ਨਈਂ! ਅਸੀਂ ਉਥੇ ਹੀ ਰਹਿ ਲਵਾਂਗੇ। ਜੇ ਮੀਂਹ ਪੈਣ ਦੇ ਆਸਾਰ ਹੋਏ ਤਾਂ ਉਠ ਕੇ ਇਥੇ ਆ ਜਾਵਾਂਗੇ।” ਸੂਬੇਦਾਰ ਮੰਗਤ ਰਾਮ ਨੇ ਕਿਹਾ। ਉਹਨੇ ਵਾਪਸ ਜਾਣ ਦੀ ਇਜਾਜ਼ਤ ਲਈ ਤੇ ਸਲਿਊਟ ਦੇ ਕੇ ਤੁਰ ਪਿਆ।
ਅਸੀਂ ਉਠ ਕੇ ਸਬਾਤ ਵਿਚ ਆ ਗਏ। ਬੁੱਢੇ ਦੀ ਪਤਨੀ ਅਤੇ ਨੂੰਹ ਰੋਟੀ-ਟੁੱਕ ਦੇ ਆਹਰ ਵਿਚ ਸਨ। ਬੁੱਢੇ ਨੇ ਮੰਜੇ ਡਾਹ ਉਪਰ ਮੈਲੀਆਂ ਦਰੀਆਂ ਵਿਛਾ ਦਿੱਤੀਆਂ। ਉਹਨੂੰ ਦੁਨੀਆਂ ਭਰ ਦੀਆਂ ਖਬਰਾਂ ਜਾਣਨ ਦੀ ਕਾਹਲੀ ਸੀ। ਅਸੀਂ ਸੌਖੇ ਹੋ ਕੇ ਮੰਜਿਆਂ ‘ਤੇ ਬੈਠ ਗਏ। ਉਸ ਪੁੱਛਿਆ, “ਅੱਜ ਕੱਲ੍ਹ ਹਿੰਦੁਸਤਾਨ ਦਾ ਰਾਜਾ ਕੌਣ ਹੈ?”
ਬੁੱਢੇ ਦਾ ਇਹ ਸਵਾਲ ਵੀ ਪਹਿਲਾਂ ਕੀਤੇ ਸੁਆਲ ਵਰਗਾ ਹੀ ਸੀ। ਜੁਆਬ ਦੇਣ ਲੱਗਾ ਮੈਂ ਭੰਬਲਭੂਸੇ ਵਿਚ ਪੈ ਗਿਆ। ਫਿਰ ਕੁਝ ਛਿਣ ਸੋਚ ਕੇ ਮੈਂ ਉਸ ਵੇਲੇ ਦੇ ਰਾਸ਼ਟਰਪਤੀ ਵੀ. ਵੀ. ਗਿਰੀ ਦਾ ਨਾਂ ਲੈ ਦਿੱਤਾ।
“ਇਹ ਨਾਂ ਤਾਂ ਮੈਂ ਪਹਿਲੀ ਵਾਰੀ ਸੁਣਿਆ ਹੈ।” ਬੁੱਢੇ ਦੇ ਬੋਲਾਂ ਵਿਚ ਬੇਯਕੀਨੀ ਸੀ।
“ਨਈਂ ਬਾਬਾ! ਇਹੀ ਰਾਜਾ ਏ।” ਲੈਫਟੀਨੈਂਟ ਈਮਾਨ ਨੇ ਵੀ ਤਾਈਦ ਕੀਤੀ।
“ਫਿਰ ਨਹਿਰੂ ਕੌਣ ਐ?”
“ਨਹਿਰੂ ਤਾਂ ਵੱਡਾ ਵਜ਼ੀਰ ਸੀ। ਉਹਨੂੰ ਤਾਂ ਮਰੇ ਨੂੰ ਵੀ ਕਈ ਸਾਲ ਹੋ ਗਏ ਨੇ।” ਬੁੱਢੇ ਨੂੰ ਸਾਡੇ ਜੁਆਬ ਝੂਠ ਵਰਗੇ ਲੱਗੇ ਸਨ।
ਰਾਤ ਹੋਈ ਤਾਂ ਚੌਂਕੇ ਵਿਚ ਦੀਵੇ ਦੀ ਲੋਅ ਡੋਲਣ ਲੱਗ ਪਈ। ਬੁੱਢੇ ਦੀ ਪਤਨੀ ਭੋਜਨ ਪਰੋਸ ਕੇ ਸਾਨੂੰ ਥਾਲੀਆਂ ਫੜਾ ਗਈ। ਅਗਲੇ ਗੇੜੇ ਉਹਨੇ ਚੌਂਕੇ ਵਿਚੋਂ ਦੀਵਾ ਚੁੱਕ ਕੇ ਸਬਾਤ ਵਿਚ ਰੱਖ ਦਿੱਤਾ। ਉਹ ਸਬਾਤ ਪੂਰਾ ਘਰ ਸੀ। ਵਿਹਲੇ ਹੋ ਕੇ ਦੋਹਾਂ ਤੀਵੀਆਂ ਨੇ ਵੀ ਸਾਡੇ ਨੇੜੇ ਮੰਜੇ ਡਾਹ ਲਏ ਤੇ ਲੰਮੀਆਂ ਪੈ ਗਈਆਂ। ਬੁੱਢੇ ਨੇ ਉਠ ਕੇ ਦੀਵਾ ਬੁਝਾ ਦਿੱਤਾ। ਵਾਪਸ ਆ ਕੇ ਮੰਜੇ ਉਤੇ ਲੰਮਾ ਪੈਂਦਿਆਂ ਉਸ ਪੁੱਛਿਆ, “ਅੱਜ ਕੱਲ੍ਹ ਮਹਾਰਾਜ ਕਿਥੇ ਨੇ?”
“ਮਹਾਰਾਜ?” ਇਹ ਇਕ ਹੋਰ ਅੱਲੋਕਾਰ ਸਵਾਲ ਸੀ। ਫਿਰ ਖਿਆਲ ਆਇਆ ਕਿ ਬੁੱਢਾ ਤਾਂ ਰਿਆਸਤਾਂ ਵਾਲੇ ਜ਼ਮਾਨੇ ਵਿਚ ਬੈਠਾ ਹੋਇਆ ਸੀ। ਰਿਆਸਤਾਂ ਤਾਂ ਕਦੋਂ ਦੀਆਂ ਮੁੱਕ ਗਈਆਂ ਸਨ। ਜਿਸ ਨੇ ਗੱਦੀ-ਨਸ਼ੀਨ ਹੋਣਾ ਸੀ, ਉਹ ਕਾਂਗਰਸ ਪਾਰਟੀ ਵਿਚ ਰਲ ਗਿਆ ਸੀ। ਮੈਂ ਜਵਾਬ ਦਿੱਤਾ, “ਮਹਾਰਾਜ ਤਾਂ ਸ਼ਾਇਦ ਦਿੱਲੀ ਹੋਣਗੇ।”
“ਮਹਾਰਾਜ ਦਾ ਦਰਬਾਰ ਤਾਂ ਫਿਰ ਉਜਾੜ ਪਿਆ ਹੋਊ!”
“ਹਾਂ।”
“ਖਜਾਨੇ ਵੀ ਬੰਦ ਹੋਣਗੇ?”
“ਹਾਂ।”
ਅਸੀਂ ਬੁੱਢੇ ਨੂੰ ਅੱਜ ਦੇ ਹਾਲਾਤ ਸਮਝਾਉਣ ਵੱਲ ਨਹੀਂ ਸਾਂ ਪੈਣਾ ਚਾਹੁੰਦੇ। ਸੰਖੇਪ ਜੁਆਬ ਵਿਚ ਹੀ ਸਾਡਾ ਭਲਾ ਸੀ।
“ਪਤੈ, ਸਾਰੇ ਬਣੀ ਵਿਚ ਮੇਰੇ ਜਿੰਨਾ ਕੋਈ ਨਹੀਂ ਘੁੰਮਿਆ। ਮੈਂ ਤਾਂ ਰਾਜਧਾਨੀ ਵੀ ਗਿਆ ਹੋਇਆ ਵਾਂ।” ਬੁੱਢੇ ਨੇ ਹੁੱਬ ਕੇ ਦੱਸਿਆ।
“ਰਾਜਧਾਨੀ ਵੀ?”
“ਹਾਂ, ਰਾਜਧਾਨੀ ਵੀ।”
ਸਬਾਤ ਤੋਂ ਬਾਹਰ ਅਸਮਾਨ ‘ਚ ਤਾਰਿਆਂ ਵੱਲ ਵੇਖਦਾ ਉਹ ਪੁਰਾਣੇ ਦਿਨਾਂ ਵੱਲ ਤੁਰ ਗਿਆ, “ਅੱਬੂ ਨੇ ਉਦੋਂ ਮਹਾਰਾਜ ਲਈ ਸਾਲਾਨਾ ਭੇਟ ਲੈ ਕੇ ਜਾਣਾ ਸੀ। ਮੈਂ ਨਿੱਕਾ ਸਾਂ। ਅੱਬੂ ਨੇ ਮੈਨੂੰ ਮੋਢੇ ‘ਤੇ ਬਿਠਾ ਲਿਆ। ਉਥੇ ਪਹੁੰਚਦਿਆਂ ਕਈ ਦਿਨ ਤੇ ਕਈ ਰਾਤਾਂ ਲੱਗ ਗਈਆਂ। ਉਦੋਂ ਮੈਂ ਪਹਿਲੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ ਸਨ।”
“ਇਹ ਤਾਂ ਬਹੁਤ ਪੁਰਾਣੀ ਗੱਲ ਹੋਊ?”
“ਹਾਂ, ਵੀਹ-ਪੰਝੀ ਸਾਲ ਤਾਂ ਹੋ ਹੀ ਗਏ ਹੋਣਗੇ।”
ਬੁੱਢੇ ਦੀ ਉਮਰ ਉਸ ਵੇਲੇ ਪਝੰਤਰ ਕੁ ਦੇ ਨੇੜੇ ਸੀ। ਰਿਆਸਤਾਂ ਤਾਂ ਬਹੁਤ ਪਹਿਲਾਂ ਹੀ ਮੁੱਕ ਗਈਆਂ ਸਨ। ਉਸ ਦੇ ਹਿਸਾਬ ਵਿਚ ਬੜਾ ਵੱਡਾ ਘਪਲਾ ਸੀ। ਮੈਂ ਪੁੱਛਿਆ, “ਬਾਬਾ! ਹੁਣ ਕਿੰਨੀ ਉਮਰ ਐ ਤੇਰੀ?”
“ਵੀਹ-ਪੰਝੀ ਸਾਲ ਦੀ ਹੋਊ।”
“ਤੇਰੀ ਪਤਨੀ ਦੀ ਉਮਰ ਕਿੰਨੀ ਐ?’
“ਵੀਹ-ਪੰਝੀ ਸਾਲ ਉਹਦੀ ਹੋਊ।”
“…ਤੇ ਨੂੰਹ ਦੀ?”
“ਇਹੋ ਵੀਹ-ਪੰਝੀ…।”
“ਨਈਂ ਬਾਬਾ! ਨੂੰਹ ਦੀ ਉਮਰ ਤਾਂ ਕੁਝ ਘੱਟ ਹੋਊ।” ਲੈਫਟੀਨੈਂਟ ਈਮਾਨ ਮੁਸਕੜੀਏਂ ਹੱਸਿਆ।
“ਹਾਂ, ਕੀ ਪਤੈ! ਮੈਂ ਵੀ ਪੁੱਛਿਆ ਨਈਂ ਕਦੀ।” ਬੁੱਢੇ ਨੂੰ ਵੀਹ-ਪੰਝੀ ਤੋਂ ਵੱਧ ਗਿਣਤੀ ਦਾ ਕੁਝ ਪਤਾ ਨਹੀਂ ਸੀ। ਉਹਨੇ ਬਹੁਤਾ ਗਿਣ ਕੇ ਲੈਣਾ ਵੀ ਕੀ ਸੀ। ਦੋਵੇਂ ਤੀਵੀਆਂ ਸੁੱਤੇ ਹੋਣ ਦਾ ਵਿਖਾਵਾ ਕਰ ਰਹੀਆਂ ਸਨ। ਬੁੱਢੇ ਦੇ ਹੁੰਦਿਆਂ ਗੱਲਬਾਤ ਵਿਚ ਦਖਲ ਦੇਣ ਦਾ ਉਨ੍ਹਾਂ ਵਿਚ ਹੌਂਸਲਾ ਨਹੀਂ ਸੀ। ਬਣੀ ਵਿਚ ਵਕਤ ਖਲੋਤਾ ਹੋਇਆ ਸੀ। ਬਾਹਰੀ ਦੁਨੀਆਂ ਨਾਲੋਂ ਟੁੱਟ ਕੇ ਉਹ ਲੋਕ ਜਿਊਂਦੇ ਕਿਸ ਤਰ੍ਹਾਂ ਸਨ। ਲੈਫਟੀਨੈਂਟ ਈਮਾਨ ਨੇ ਉਹਨੂੰ ਘੋਖਣਾ ਸ਼ੁਰੂ ਕੀਤਾ।
“ਬਾਬਾ! ਤੁਹਾਡੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਨੇ?”
“ਲੋੜਾਂ!” ਬੁੱਢਾ ਹੱਸਿਆ, “ਪੁੱਤਰ! ਬਣੀ ਵਿਚ ਕਾਹਦਾ ਘਾਟਾ ਏ। ਸਭ ਕੁਝ ਤਾਂ ਹੈਗਾ ਏ ਇਥੇ। ਲੋੜ ਪਈ ‘ਤੇ ਇਕ ਦੂਜੇ ਨਾਲ ਚੀਜ਼ਾਂ ਵਟਾ ਲਈਦੀਆਂ ਨੇ।”
“… ਤੇ ਲੂਣ?
“ਇਕ ਬੰਦਾ ਸਾਲ ਵਿਚ ਦੋ ਕੁ ਵਾਰ ਬਾਹਰੋਂ ਕਿਤਿਓਂ ਲੂਣ ਲੈ ਕੇ ਆਉਂਦਾ ਏ। ਲੂਣ ਦੇ ਕੇ ਉਹ ਸਾਥੋਂ ਸਾਡੀਆਂ ਚੀਜ਼ਾਂ ਲੈ ਲੈਂਦਾ ਏ।”
“ਕੌਣ ਏ ਉਹ ਬੰਦਾ?”
“ਬੰਦੇ ਤਾਂ ਰੱਬ ਦੇ ਈ ਹੁੰਦੇ ਨੇ। ਹੋਰ ਕੌਣ ਹੋਊ ਉਹ?”
ਲੈਫਟੀਨੈਂਟ ਈਮਾਨ ਦਾ ਵੀ ਗੱਲਾਂ ਦਾ ਉਤਸ਼ਾਹ ਮੱਠਾ ਪੈ ਗਿਆ। ਉਹ ਪਾਸਾ ਵੱਟ ਕੇ ਪੈ ਗਿਆ। ਬਾਬੇ ਦੇ ਬੋਲਾਂ ਨੇ ਮੁੜ ਹਲੂਣਿਆ, “ਪੁੱਤਰ! ਭਲਾ ਅੰਗਰੇਜ਼ ਹਿੰਦੁਸਤਾਨ ਵਿਚੋਂ ਚਲੇ ਗਏ ਨੇ?”
ਈਮਾਨ ਨੇ ਚੁੱਪ ਰਹਿਣ ਦਾ ਸੋਚ ਲਿਆ ਸੀ। ਜਵਾਬ ਮੈਂ ਦਿੱਤਾ, “ਹਾਂ ਬਾਬਾ, ਇਹ ਤਾਂ ਕਈ ਸਾਲ ਪੁਰਾਣੀ ਗੱਲ ਹੈ। ਉਦੋਂ ਹੀ ਤਾਂ ਨਹਿਰੂ ਪ੍ਰਧਾਨ ਮੰਤਰੀ ਬਣਿਆ ਸੀ।”
“ਨਹਿਰੂ ਤਾਂ ਫਿਰ ਅੰਗਰੇਜ਼ ਨਈਂ ਹੋਣਾ।” ਬੁੱਢੇ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ, “ਪਰ ਕੀ ਪਤਾ, ਨਹਿਰੂ ਅੰਗਰੇਜ਼ ਹੀ ਹੋਵੇ।”
ਬੁੱਢੇ ਨਾਲ ਗੱਲਾਂ ਕਰਨ ਪਿੱਛੋਂ ਸਾਨੂੰ ਕਿਧਰੋਂ ਵੀ ਕੋਈ ਹੋਰ ਗੱਲ ਪੁੱਛਣ ਦੀ ਲੋੜ ਨਾ ਰਹੀ।

ਸਾਡਾ ਵਾਪਸੀ ਦਾ ਰਾਹ ਕੁਝ ਸੁਖਾਲਾ ਵੀ ਸੀ ਤੇ ਨਿੱਕਾ ਵੀ। ਉਸ ਰਾਹ ਉਤੇ ਟਾਵੇਂ-ਟੱਲੇ ਮਕਾਨ ਵੀ ਦਿਸਦੇ ਰਹੇ। ਗਸ਼ਤ ਦੇ ਆਖਰੀ ਦਿਨ ਸਾਰੇ ਸੈਨਿਕ ਉਤਸ਼ਾਹ ਨਾਲ ਭਰੇ ਹੋਏ ਸਨ। ਰਸਦ ਚੁੱਕਣ ਲਈ ਉਨ੍ਹਾਂ ਨੂੰ ਜਿਹੜੇ ਮਜ਼ਦੂਰ ਕਰਨੇ ਪੈਣੇ ਸਨ, ਉਹ ਭਾਰ ਆਪਸ ਵਿਚ ਵੰਡ ਕੇ ਉਨ੍ਹਾਂ ਨੇ ਮਜ਼ਦੂਰੀ ਬਚਾ ਲਈ ਸੀ।
ਸੂਬੇਦਾਰ ਮੰਗਤ ਰਾਮ ਨੇ ਆਖਿਆ, “ਸਰ, ਜਵਾਨਾਂ ਲਈ ਤਾਂ ਬੜਾ ਖਾਣਾ ਹੋਣਾ ਚਾਹੀਦਾ।” ਲੈਫਟੀਨੈਂਟ ਈਮਾਨ ਉਮਾਹ ਨਾਲ ਬੋਲਿਆ, “ਸਾਬ੍ਹ! ਪਲਟਨ ਵਿਚ ਜਾ ਕੇ ਬੜਾ ਖਾਣਾ ਵੀ ਜ਼ਰੂਰ ਹੋਊ ਪਰ ਜੇ ਰਾਹ ਵਿਚ ਕਿਧਰੇ ਕੁੱਕੜ ਮਿਲਣ ਤਾਂ ਬੇਸ਼ੱਕ ਖਰੀਦ ਲਿਓ। ਬੰਦ ਡੱਬਿਆਂ ਦੀ ਦਾਲ, ਭਾਜੀ ਖਾਂਦਿਆਂ ਮੂੰਹ ਦਾ ਜ਼ਾਇਕਾ ਵੀ ਕੁਝ ਹੋਰੂੰ ਹੋਇਆ ਪਿਆ ਏ।”
ਰਾਹ ਵਿਚ ਖੱਚਰ-ਡੰਡੀ ਦੇ ਨਾਲ ਲੱਗਦੇ ਇਕ ਮਕਾਨ ਸਾਹਮਣੇ ਕੁਝ ਕੁੱਕੜ ਕੁੱਕੜੀਆਂ ਚੋਗਾ ਚੁਗ ਰਹੇ ਸਨ। ਇਕ ਅਧਖੜ ਜਿਹਾ ਬੰਦਾ ਪੱਥਰ ਉਤੇ ਬੈਠਾ ਹੁੱਕਾ ਪੀ ਰਿਹਾ ਸੀ। ਸੂਬੇਦਾਰ ਮੰਗਤ ਰਾਮ ਨੇ ਅਗਾਂਹ ਹੋ ਕੇ ਪੁੱਛਿਆ, “ਬੜੇ ਮੀਆਂ, ਕੁੱਕੜ ਵੇਚਣੇ ਨੇ?”
“ਹਾਂ, ਕਿੰਨੇ ਪੈਸੇ ਦਿਓਗੇ?”
“ਤੂੰ ਦੱਸ?”
“ਦੋ ਰੁਪਏ।” ਉਹਨੇ ਆਪਣੇ ਵਲੋਂ ਮੁੱਲ ਕੁਝ ਵਧਾ ਕੇ ਦੱਸਿਆ। ਅਸੀਂ ਲੋੜ ਅਨੁਸਾਰ ਕੁੱਕੜ ਖਰੀਦ ਲਏ। ਅਸੀਂ ਉਦੋਂ ਦਸ-ਬਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਚੁਕੇ ਸਾਂ ਕਿ ਇਕ ਜਵਾਨ ਨੇ ਸੁਭਾਇਕੀ ਭਉਂ ਕੇ ਵੇਖਿਆ। ਪਿਛਲੇ ਮੋੜ ਉਤੇ ਕੋਈ ਹੱਥ ਹਿਲਾ-ਹਿਲਾ ਕੇ ਸਾਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਸੀ। ਇਹ ਉਹੀ ਆਦਮੀ ਸੀ, ਜੀਹਨੇ ਸਾਨੂੰ ਕੁੱਕੜ ਵੇਚੇ ਸਨ। ਉਹ ਹਫਿਆ ਹੋਇਆ ਸੀ। ਉਹਦੇ ਸਾਹ ਧੌਂਕਣੀ ਵਾਂਗੂੰ ਚੱਲ ਰਹੇ ਸਨ।
ਅਸੀਂ ਰੁਕ ਗਏ। ਕੋਲ ਪਹੁੰਚ ਕੇ ਉਹਨੇ ਸਾਹ ਕਾਬੂ ਵਿਚ ਕੀਤੇ ਤੇ ਗੁੱਸੇ ਵਾਲੇ ਰੌਂਅ ਵਿਚ ਬੋਲਿਆ, “ਤੁਸੀਂ ਮੇਰੇ ਨਾਲ ਧੋਖਾ ਕੀਤਾ ਏ। ਤੁਸੀਂ ਮੈਨੂੰ ਕੁੱਕੜਾਂ ਦੇ ਬੱਸ ਥੋੜ੍ਹੇ ਜਿਹੇ ਪੈਸੇ ਹੀ ਦਿੱਤੇ ਨੇ।”
“ਨਈਂ, ਥੋੜ੍ਹੇ ਤਾਂ ਨਈਂ ਦਿੱਤੇ। ਤੂੰ ਜਿੰਨੇ ਮੰਗੇ ਸੀ, ਗਿਣ ਕੇ ਉਨੇ ਹੀ ਦਿੱਤੇ ਨੇ।” ਸੂਬੇਦਾਰ ਮੰਗਤ ਰਾਮ ਨੇ ਸਪਸ਼ਟ ਕੀਤਾ।
“ਮੇਰਾ ਪੁੱਤਰ ਸਕੂਲ ਪੜ੍ਹਦਾ ਏ। ਉਹਨੂੰ ਸਭ ਪਤਾ ਏ”, ਉਹਨੇ ਪੂਰੇ ਦਾਅਵੇ ਨਾਲ ਕਿਹਾ, “ਉਹ ਆਖਦਾ ਏ ਇਕ ਕੁੱਕੜ ਦੇ ਦੋ ਰੁਪਏ ਬਹੁਤ ਥੋੜ੍ਹੇ ਹੁੰਦੇ ਨੇ।” ਮੈਂ ਉਸ ਪਹਾੜੀਏ ਦੀ ਸਾਦਗੀ ਉਤੇ ਮੁਸਕਰਾਇਆ। ਦਸ ਰੁਪਏ ਦਾ ਨੋਟ ਉਹਦੇ ਵੱਲ ਕਰਦਿਆਂ ਕਿਹਾ, “ਮੀਆਂ, ਹੁਣ ਤਾਂ ਰੁਪਏ ਥੋੜ੍ਹੇ ਨਈਂ ਨਾ?”
ਦਸ ਰੁਪਏ ਲੈ ਕੇ ਪਹਾੜੀਆ ਚਾਈਂ-ਚਾਈਂ ਉਥੋਂ ਤੁਰ ਪਿਆ। ਝਾਗੇ ਪੈਂਡੇ ਦਾ ਉਹਦੇ ਚਿਹਰੇ ਉਤੇ ਰੱਤੀ ਭਰ ਵੀ ਹਰਖ ਨਹੀਂ ਸੀ।
ਦੁਪਹਿਰ ਵੇਲੇ ਅਸੀਂ ਉਥੇ ਪਹੁੰਚ ਗਏ, ਜਿਥੋਂ ਇਕ ਹਫਤਾ ਪਹਿਲਾਂ ਤੁਰੇ ਸਾਂ। ਫੌਜੀ ਟਰੱਕ ਨੇ ਸਾਨੂੰ ਦੁਪਹਿਰ ਢਲੇ ਲੈਣ ਆਉਣਾ ਸੀ। ਜਵਾਨਾਂ ਨੇ ਪਿੱਠੂ ਲਾਹ ਕੇ ਇਕ ਕਤਾਰ ਵਿਚ ਰੱਖ ਦਿੱਤੇ ਤੇ ਹਥਿਆਰ ਸਾਫ ਕਰਨ ਲੱਗੇ। ਜਿਨ੍ਹਾਂ ਜਵਾਨਾਂ ਦੀ ਖਾਣਾ ਬਣਾਉਣ ਦੀ ਵਾਰੀ ਸੀ, ਉਨ੍ਹਾਂ ਲੱਕੜਾਂ ਇਕੱਠੀਆਂ ਕਰ ਕੇ ਅੱਗ ਬਾਲ ਲਈ।
ਮੈਂ ਤੇ ਲੈਫਟੀਨੈਂਟ ਈਮਾਨ ਨੇ ਵਾਪਸ ਪਹੁੰਚ ਕੇ ਲੰਮੀ ਗਸ਼ਤ ਬਾਰੇ ਆਪੋ-ਆਪਣੀ ਰਿਪੋਰਟ ਪੇਸ਼ ਕਰਨੀ ਸੀ। ਬਣੀ ਦੇ ਇਲਾਕੇ ਵਿਚ ਮੀਲਾਂ ਲੰਮੀ ਸਰਹੱਦ ਖੁੱਲ੍ਹੀ ਪਈ ਸੀ। ਕਿਧਰੇ ਕੋਈ ਰੋਕ-ਟੋਕ ਨਹੀਂ ਸੀ। ਕੋਈ ਭਾਵੇਂ ਕਿਧਰੋਂ ਵੀ, ਕਦੋਂ ਵੀ ਭਾਰਤ ਅੰਦਰ ਦਾਖਲ ਹੋ ਜਾਵੇ। ਜੇ ਉਥੇ ਰਾਖੀ ਲਈ ਫੌਜ ਬਿਠਾ ਦਿੱਤੀ ਜਾਵੇ ਤਾਂ ਕਿਹੋ ਜਿਹੇ ਪ੍ਰਬੰਧਕੀ ਮਸਲੇ ਦਰਪੇਸ਼ ਆਉਣਗੇ। ਮੈਂ ਆਪਣੀ ਰਿਪੋਰਟ ਵਿਚ ਬੱਸ ਇਹੋ ਧਿਆਨ ਰੱਖਣਾ ਸੀ।
ਲੈਫਟੀਨੈਂਟ ਈਮਾਨ ਦੀ ਰਿਪੋਰਟ ਸੁਰੱਖਿਆ ਦੇ ਮਸਲੇ ਨਾਲ ਜੁੜੀ ਹੋਈ ਸੀ। ਉਸ ਰਿਪੋਰਟ ਵਿਚ ਉਹਨੇ ਬਣੀ ਦੇ ਲੋਕਾਂ ਦਾ ਹੀਜ਼-ਪਿਆਜ਼ ਵੀ ਖੋਲ੍ਹਣਾ ਸੀ, ਪਰ ਉਹ ਕੀ ਲਿਖੇਗਾ ਉਨ੍ਹਾਂ ਬਾਰੇ?
ਬਣੀ ਦੇ ਵਾਸੀਆਂ ਕੋਲ ਨਾ ਤਾਂ ਕੋਈ ਦੇਸ਼ ਸੀ ਅਤੇ ਨਾ ਹੀ ਉਹ ਕਿਸੇ ਸਰਹੱਦ ਨੂੰ ਜਾਣਦੇ ਸਨ। ਉਹ ਤਾਂ ਬੇਝਿਜਕ ਲੀਕੋਂ ਪਾਰ ਹੋ ਆਉਂਦੇ ਸਨ। ਉਥੇ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਵੀ ਸਨ। ਅਸੀਂ ਜਿਨ੍ਹਾਂ ਵਿਚੋਂ ਦੁਸ਼ਮਣੀ ਦੀ ਬੂਅ ਸੁੰਘਣ ਗਏ ਸਾਂ, ਉਹ ਪੰਛੀਆਂ ਵਰਗੇ ਸਨ, ਮਾਸੂਮ ਤੇ ਨਿਰਛਲ। ਉਹ ਭਾਵੇਂ ਉਡ ਕੇ ਕਿਤੇ ਵੀ ਚਲੇ ਜਾਣ, ਨਜ਼ਰ ਕਿਸੇ ਲੀਕ ਨੂੰ ਨਹੀਂ ਸੀ ਵੇਖਦੀ।
ਲੈਫਟੀਨੈਂਟ ਈਮਾਨ ਬਾਕੀਆਂ ਤੋਂ ਕੁਝ ਪਰ੍ਹਾਂ ਇਕ ਪੱਥਰ ਨਾਲ ਢੋਅ ਲਾ ਕੇ ਬੈਠ ਗਿਆ ਤੇ ਰਿਪੋਰਟ ਲਿਖਣ ਲਈ ਆਪਣੇ ਪਾਊਚ ਵਿਚੋਂ ਕਾਪੀ ਕੱਢ ਲਈ। ਮੈਂ ਉਹਦੇ ਕੋਲ ਜਾ ਕੇ ਹੱਸਿਆ, “ਕਮ ਆਨ ਈਮਾਨ! ਰੀਲੈਕਸ। ਉਨ੍ਹਾਂ ਨੂੰ ਕੋਰਾ ਕਾਗਜ਼ ਫੜਾ ਦੇਵੀਂ। ਆਖੀਂ, ਇਹੋ ਹੈ ਮੇਰੀ ਰਿਪੋਰਟ।” ਮੇਰੀ ਗੱਲ ਦੇ ਜਵਾਬ ਵਿਚ ਉਹ ਹੱਸਿਆ ਨਹੀਂ ਸੀ, ਚੁੱਪ ਰਿਹਾ। ਉਦੋਂ ਮੈਥੋਂ ਉਹਦੀ ਚੁੱਪ ਦੇ ਆਰ-ਪਾਰ ਨਹੀਂ ਸੀ ਵੇਖਿਆ ਗਿਆ।

ਸੱਪਾਂ ਵਾਲੇ ਉਸ ਪਹਾੜ ਉਤੇ ਕਈ ਕਹਾਣੀਆਂ ਖਿਲਰੀਆਂ ਪਈਆਂ ਸਨ। ਉਨ੍ਹਾਂ ਵਿਚੋਂ ਕੁਝ ਕਹਾਣੀਆਂ ਮੈਂ ਲਿਖ ਵੀ ਲਈਆਂ, ਪਰ ਲੰਮੀ ਗਸ਼ਤ ਬਾਰੇ ਮੈਂ ਕੋਈ ਕਹਾਣੀ ਨਹੀਂ ਸੀ ਲਿਖੀ। ਉਦੋਂ ਮੇਰੀ ਕੁਝ ਬੇਯਕੀਨੀ ਵੀ ਸੀ ਕਿ ਜ਼ਿੰਦਗੀ ਵਿਚੋਂ ਇੰਨੀ ਪੂਰੀ ਕਹਾਣੀ ਕਿਸ ਤਰ੍ਹਾਂ ਲੱਭ ਸਕਦੀ ਹੈ ਭਲਾ। ਲੰਮੀ ਗਸ਼ਤ ਵਾਲੀ ਬਾਤ ਵਿਚ ਤਾਂ ਕਲਪਨਾ ਦੀ ਗੁੰਜਾਇਸ਼ ਵੀ ਨਹੀਂ ਸੀ ਜਾਪਦੀ।
ਲੈਫਟੀਨੈਂਟ ਈਮਾਨ ਦੀ ਰਿਪੋਰਟ ਵਿਚੋਂ ਅਫਸਰਾਂ ਨੂੰ ਹਮਕ ਵੀ ਆਈ ਸੀ। ਉਨ੍ਹਾਂ ਨੂੰ ਇਹ ਵੀ ਜਾਪਿਆ ਕਿ ਈਮਾਨ ਨੇ ਆਪਣੇ ਧਰਮ ਵਾਲਿਆਂ ਦਾ ਪੱਖ ਪੂਰਿਆ ਸੀ। ਲੰਮੀ ਗਸ਼ਤ ਦੀ ਰਿਪੋਰਟ ਲਿਖਣ ਵੇਲੇ ਲੈਫਟੀਨੈਂਟ ਈਮਾਨ ਦੀ ਚਿੰਤਾ ਖੁਦ ਦੇ ਮੁਸਲਮਾਨ ਹੋਣ ਦੀ ਸੀ।
ਇਹ ਚਿੰਤਾ ਅਸੀਂ ਹਰ ਕਿਸੇ ਲਈ ਪੈਦਾ ਕਰ ਰਹੇ ਸਾਂ, ਕਿਸੇ ਦੇ ਮੁਸਲਮਾਨ ਹੋਣ ਦੀ ਤੇ ਕਿਸੇ ਦੇ ਸਿੱਖ ਹੋਣ ਦੀ। ਕਿਸੇ ਦੇ ਹਿੰਦੂ ਹੋਣ ਦੀ ਤੇ ਕਿਸੇ ਦੇ ਇਸਾਈ ਹੋਣ ਦੀ।
ਉਦੋਂ ਮੇਰੀ ਛਾਤੀ ਵਿਚੋਂ ਪੀੜ ਨਹੀਂ ਸੀ ਉਠੀ। ਉਦੋਂ ਮੈਂ ਲੈਫਟੀਨੈਂਟ ਈਮਾਨ ਦੇ ਦਰਦ ਨੂੰ ਆਪਣੇ ਅੰਦਰ ਮਹਿਸੂਸ ਨਹੀਂ ਸਾਂ ਕਰ ਸਕਿਆ। 1969 ਦੀ ਉਸ ਘਟਨਾ ਨੂੰ ਚੇਤੇ ਵਿਚ ਸਹੇਜ ਕੇ ਮੈਂ 1986 ਦੇ ਵਿਹੜੇ ਤੱਕ ਪਹੁੰਚ ਗਿਆ ਸਾਂ। ਪੰਜਾਬ ਵਿਚ ਅਤਿਵਾਦ ਦਾ ਦੌਰ-ਦੌਰਾ ਸੀ। ਉਦੋਂ ਫੌਜੀ ਅਫਸਰਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਉਤੇ ਵੀ ਅਤਿਵਾਦ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ ਸੀ। ਮੈਂ ਪੁਣੇ ਤੋਂ ਨਵਾਂ-ਨਵਾਂ ਬਦਲ ਕੇ ਆਇਆ ਸਾਂ। ਅਸੀਂ ਕੁਝ ਜਣੇ ਦੁਪਹਿਰ ਦਾ ਖਾਣਾ ਖਾ ਰਹੇ ਸਾਂ। ਪੰਜਾਬ ਦੇ ਉਸ ਵੇਲੇ ਦੇ ਹਾਲਾਤ ਬਾਰੇ ਗੱਲਾਂ ਛਿੜੀਆਂ ਹੋਈਆਂ ਸਨ। ਇਕ ਮੇਜਰ ਬੀਅਰ ਦੇ ਸਰੂਰ ਵਿਚ ਸੀ, ਅਚਨਚੇਤੀ ਬੋਲਿਆ, “ਇਨ੍ਹਾਂ ਸਿੱਖਾਂ ਨੂੰ ਤਾਂ ਇਕ-ਇਕ ਕਰ ਕੇ ਵੱਢ ਸੁੱਟਣਾ ਚਾਹੀਦੈ।”
ਸੰਨਾਟਾ ਉਸੇ ਪਲ ਪਸਰ ਗਿਆ।
ਮੈਂ ਮਨੁੱਖ ਬਣਨ ਦੇ ਰਾਹ ਤੁਰਿਆ ਹੋਇਆ ਸਾਂ। ਮੈਂ ਸੋਚਦਾ ਸਾਂ, ਪਿਆਰ ਮੇਰਾ ਮਜ਼ਹਬ ਹੋਵੇ ਪਰ ਮੇਰੇ ਮਜ਼ਹਬ ਦੇ ਸਿਰ ਉਤੇ ਪੱਗ ਬੱਝੀ ਹੋਈ ਸੀ। ਉਸ ਪਲ ਲੈਫਟੀਨੈਂਟ ਈਮਾਨ ਦਾ ਉਹ ਦਰਦ ਮੇਰੀ ਛਾਤੀ ਵਿਚ ਉਠਿਆ ਸੀ, ਲੰਮੀ ਗਸ਼ਤ ਦੀ ਰਿਪੋਰਟ ਵਾਲੀ ਘਟਨਾ ਤੋਂ ਉਨੀ ਵਰ੍ਹੇ ਪਿੱਛੋਂ।
ਲੈਫਟੀਨੈਂਟ ਈਮਾਨ ਵਾਲਾ ਜ਼ਬਤ ਮੇਰੇ ਕੋਲ ਨਹੀਂ ਸੀ। ਮੈਂ ਗੁੱਸੇ ਵਿਚ ਸਾਹਮਣੇ ਪਿਆ ਦਾਲ ਵਾਲਾ ਡੌਂਗਾ ਉਸ ਮੇਜਰ ਵੱਲ ਵਗਾਹ ਮਾਰਿਆ। ਦਾਲ ਖਾਣੇ ਦੇ ਮੇਜ਼ ਉਤੇ ਡੁੱਲ੍ਹ ਗਈ। ਡੌਂਗਾ ਭੁੰਜੇ ਡਿੱਗ ਕੇ ਟੁੱਟ ਗਿਆ। ਮੈਂ ਉਠ ਕੇ ਖਲੋ ਗਿਆ, “ਜੇ ਬੰਦੇ ਦਾ ਪੁੱਤ ਐਂ ਤਾਂ ਹੁਣ ਬੋਲ, ਮੈਂ ਵੀ ਵੇਖਾਂ…।”
ਉਸ ਮੇਜਰ ਦਾ ਸਰੂਰ ਝੱਗ ਵਾਂਗੂੰ ਸੁਰ-ਸੁਰ ਕਰ ਕੇ ਮੁੱਕ ਗਿਆ। ਉਹਨੇ ਭਮੰਤਰੇ ਹੋਏ ਨੇ ਮੇਰੇ ਵੱਲ ਵੇਖਿਆ। ਉਹ ਜੋ ਉਥੇ ਬੈਠੇ ਹੋਏ ਸਨ, ਉਨ੍ਹਾਂ ਨੂੰ ਕੋਰਟ ਆਫ ਇਨਕੁਆਰੀ ਅਤੇ ਕੋਰਟ ਮਾਰਸ਼ਲ ਦੇ ਆਸਾਰ ਸਾਫ ਦਿਸ ਪਏ ਸਨ। ਉਨ੍ਹਾਂ ਨੂੰ ਇਹ ਵੀ ਦਿਸ ਪਿਆ ਸੀ ਕਿ ਸਭਿਅਕ ਹੋਣ ਦੇ ਝੰਡਾਬਰਦਾਰਾਂ ਨੇ ਅਤਿਵਾਦ ਤੇ ਸੰਪਰਦਾਇਕਤਾ ਦੇ ਬੀਜ ਤਿਆਰ ਕਰਨ ਅਤੇ ਬੀਜਣ ਦੀ ਜਾਚ ਸਿੱਖ ਲਈ ਸੀ। ਉਹ ਫਿਕਰਮੰਦ ਹੋਏ ਸਨ। ਉਨ੍ਹਾਂ ਰਲ ਕੇ ਸਥਿਤੀ ਨੂੰ ਸੰਭਾਲ ਲਿਆ ਸੀ।
ਇਸ ਘਟਨਾ ਪਿੱਛੋਂ ਮੈਂ ਲੰਮੀ ਗਸ਼ਤ ਦੀ ਉਸ ਕਹਾਣੀ ਨੂੰ ਭੁੱਲ ਨਹੀਂ ਸਕਿਆ। ਬਣੀ ਪਿੰਡ ਦੇ ਲੋਕਾਂ ਵਿਚੋਂ ਅਸੀਂ ਦੁਸ਼ਮਣੀ ਦੀ ਬੂਅ ਲੱਭਣ ਗਏ ਸਾਂ। ਦਰਅਸਲ ਉਹੀ ਅਸਲੀ ਮਨੁੱਖ ਸਨ। ਉਨ੍ਹਾਂ ਨੂੰ ਸਾਡੇ ਸਭਿਅਕ ਹੋਣ ਨੇ ਪਲੀਤ ਨਹੀਂ ਸੀ ਕੀਤਾ। ਉਨ੍ਹਾਂ ਲਈ ਹਰ ਕੋਈ ਰੱਬ ਦਾ ਜੀਅ ਸੀ। ਚੰਡੀ ਮੰਦਿਰ ਦੇ ਅਫਸਰ ਮੈਸ ਵਿਚ ਵਾਪਰੀ ਘਟਨਾ ਮੇਰੀ ਕਹਾਣੀ ‘ਪੰਛੀਆਂ ਦੀ ਤਫਤੀਸ਼’ ਦੀਆਂ ਜੰਮਣ ਪੀੜਾਂ ਦਾ ਹੀ ਹਿੱਸਾ ਸੀ।