ਗੁਰਦਾਸ ਮਾਨ ਪੰਜਾਬੀਅਤ ਦਾ ਮਾਣ ਹੈ

ਐਸ਼ ਅਸ਼ੋਕ ਭੌਰਾ
ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਪਰ ਇਹ ਗੱਲ ਮੰਨਣਯੋਗ ਹੈ ਕਿ ਗੁਰਦਾਸ ਮਾਨ ਵਾਕਿਆ ਹੀ ਗੁਰਦਾਸ ਮਾਨ ਹੈ, ਕਿਉਂਕਿ ਦੁਨੀਆਂ ਘੱਟ ਵੀ ਤਾਂ ਨਹੀਂ ਤੋਲਦੀ। ਆਲੋਚਕਾਂ ਦਾ ਮੂੰਹ ਬੰਦ ਨਹੀਂ ਕੀਤਾ ਜਾ ਸਕਦਾ। ਕੁਝ ਲੋਕ ਸਿਰਫ ਈਰਖਾ ਜਾਂ ਸਾੜੇ ‘ਚ ਹੀ ਆਲੋਚਨਾ ਕਰ ਸਕਦੇ ਹਨ। ਪਰ ਇਸ ਗੱਲ ਨੂੰ ਹੋਰ ਵੀ ਸਪੱਸ਼ਟ ਕਰਨਾ ਹੋਵੇ ਤਾਂ ਸੱਚ ਇਹ ਹੈ ਕਿ ਗੁਰਦਾਸ ਮਾਨ ਕੱਲ ਵੀ ਸੀ, ਅੱਜ ਵੀ ਹੈ ਅਤੇ ਹਾਲੇ ਕੱਲ ਵੀ ਉਸੇ ਦਾ ਹੀ ਹੈ। ਉਹ ਪੰਜਾਬੀ ਗਾਇਕੀ ਦਾ ਨਹੀਂ, ਪੰਜਾਬੀ ਜ਼ੁਬਾਨ ਤੇ ਭਾਸ਼ਾ ਦਾ ਪ੍ਰਤੀਬਿੰਬ ਹੈ। ਉਹ ਸੱਭਿਆਚਾਰ ਅਤੇ ਸੰਗੀਤ ਦੀ ਮੂਰਤ ਹੈ। ਸੰਗੀਤ ਨਾਲ ਜੁੜਦੇ ਜਿੰਨੇ ਵੀ ਚੰਗੇ ਅਲੰਕਾਰ ਹੋਣਗੇ, ਗੁਰਦਾਸ ਦੀ ਝੋਲੀ ‘ਚ ਪਾਏ ਜਾ ਸਕਦੇ ਹਨ।

ਗਹੁ ਨਾਲ ਵੇਖੋ, ਹਾਲੇ ਵੀ ਉਹਦੇ ਪ੍ਰੋਗਰਾਮਾਂ ‘ਚ ਧੱਕਮਧੱਕਾ ਹੈ, ਚਾਅ ਹੈ, ਪੰਜਾਬੀ ਪਰਿਵਾਰਾਂ ਨਾਲ ਵੇਖਣ ਜਾਂਦੇ ਹਨ, ਬਜੁਰਗ ਵੀ ਜਾਂਦੇ ਹਨ, ਜੁਆਨ ਵੀ, ਬੱਚੇ ਵੀ, ਔਰਤਾਂ ਵੀ, ਮੁਟਿਆਰਾਂ ਵੀ, ਬੀਬੀਆਂ ਵੀ ਤੇ ਕਿਵੇਂ ਮੁਨਕਰ ਹੋਇਆ ਜਾ ਸਕਦਾ ਹੈ ਕਿ ਉਹਦੇ ਨਾਲ ਫੋਟੋਆਂ ਖਿਚਵਾਉਣ ਦੀ ਕਤਾਰ ਵੀ ਲੰਬੀ ਹੁੰਦੀ ਜਾ ਰਹੀ ਹੈ। ਲੋਕੀਂ ਉਹਨੂੰ ਵਾਰਿਸ ਸ਼ਾਹ ਵਾਂਗ ਸੁਣਦੇ ਹਨ, ਉਹਨੇ ਹੀਰ ਗਾਈ ਹੀ ਨਹੀਂ, ਉਹ ਸੱਚੀਂ ਮੁੱਚੀਂ ਹੀ ਪੰਜਾਬੀ ਗਾਇਕੀ ਦਾ ਹੀਰ-ਰਾਂਝਾ ਹੈ ਤੇ ਸ਼ਾਇਦ ਉਹ ਇਕੋ ਹੀ ਅਜਿਹਾ ਗਵੱਈਆ ਹੈ, ਜਿਸ ਦੇ ਕਿਸੇ ਵੀ ਗੀਤ ‘ਤੇ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ ਜਾ ਸਕਦਾ।
ਗੁਰਦਾਸ ਅਮਰੀਕਾ ‘ਚ ਸ਼ੋਅ ਕਰੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਜਾਂ ਹਿੰਦੋਸਤਾਨ ਦੇ ਕਿਸੇ ਕੋਨੇ ‘ਚ, ਉਹਨੂੰ ਨਾ ਸਿਰਫ ਪੰਜਾਬੀ ਵੇਖਣ ਜਾਂਦੇ ਹਨ ਸਗੋਂ ਗੈਰ ਪੰਜਾਬੀਆਂ ਦੀ ਗਿਣਤੀ ਵੀ ਕਿਤੇ ਵੱਧ ਹੈ। ਹਾਲਾਤ ਬਿਲਕੁਲ ਉਵੇਂ ਹਨ ਜਿਵੇਂ ਨੁਸਰਤ ਸਾਹਿਬ ਨੂੰ ਸੁਣਨ ਲਈ ਗੋਰੇ ਵੀ ਚਲੇ ਜਾਂਦੇ ਸਨ ਤੇ ਉਹ ਤਾੜੀ ਭਾਵੇਂ ਘੱਟ ਵਜਾਉਣ ਪਰ ਸਿਰ ਝੂਮਦੇ ਵੇਖੇ ਜਾ ਸਕਦੇ ਸਨ।
ਗੁਰਦਾਸ ਦੇ ਸ਼ੋਆਂ ਦੀ ਗੱਲ ਕਈ ਪੱਖਾਂ ਤੋਂ ਅਲਹਿਦਾ ਹੈ। ਉਹ ਵਧੀਆ ਗਵੱਈਆ ਹੀ ਨਹੀਂ, ਚੰਗਾ ਪੇਸ਼ਕਾਰ ਵੀ ਹੈ। ਜਿਵੇਂ ਮੁਕਲਾਵੇ ਨੂੰ ਕੁੜੀ ਵੀ ਸੋਹਣੀ ਲੱਗਦੀ ਹੈ ਤੇ ਪਹਿਰਾਵਾ ਵੀ ਜਾਂ ਜਿਵੇਂ ਪੁੰਨਿਆਂ ਦੀ ਰਾਤ ਹੋਵੇ ਚੰਨ ਵੀ ਸੋਹਣਾ ਲੱਗਦਾ ਹੈ ਤੇ ਰਾਤ ਵੀ। ਉਹਦੇ ਪ੍ਰੋਗਰਾਮਾਂ ‘ਚ ਸਰੋਤਿਆਂ ਦਾ ਨੱਚਣ ਦਾ ਚਾਅ ਪੂਰਾ ਹੁੰਦਾ ਹੈ, ਅੱਡੀ ਵੀ ਉਠਦੀ ਹੈ, ਲੱਕ ਵੀ ਹਿਲਾਉਣ ਨੂੰ ਜੀਅ ਕਰਦਾ ਹੈ ਤੇ ਕੁਝ ਲੋਕ ਸਿਰ ਦੇ ਵਾਲਾਂ ‘ਚ ਹੱਥ ਫੇਰ ਕੇ ਕਹਿੰਦੇ ਨੇ ਆਪਣਾ ਪੰਜਾਬ ਹੋਵੇ। ਕਿਤੇ ਨਾ ਕਿਤੇ ਇਹ ਅਵਾਜ਼ ਵੀ ਉਠਦੀ ਹੋਵੇਗੀ ਕਿ ‘ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ।’
ਕਮਾਲ ਦੇਖੋ ਕਿ ਜੇ ਉਹਦੇ ਗੀਤ ‘ਚ ਪੰਜਾਬ ਦੀ ਪੀੜਾ ਵੇਖਣੀ ਹੋਵੇ ਤਾਂ ਕਾਮਰੇਡਾਂ ਦੀਆਂ ਸਟੇਜਾਂ ‘ਤੇ ਵੀ ਗੁਰਦਾਸ ਦੇ ਗੀਤ ‘ਮੈਂ ਵਸਦੀ ਉਜੜ ਗਈ, ਅੱਜ ਮੇਰੇ ਪੁੱਤਰਾਂ ਨੇ ਲੁੱਟਿਆ ਜੋ ਕੁਝ ਮੇਰਾ ਸੀ’ ਤੇ ਕੋਰੀਓਗ੍ਰਾਫੀ ਅਕਸਰ ਵੇਖੀ ਜਾ ਸਕਦੀ ਹੈ। ਧਾਰਮਿਕ ਖੇਤਰ ਵਿਚ ਉਹਨੇ ਘੱਟ ਵੀ ਗਾਇਆ ਹੋਵੇ ਪਰ ਲੱਠਾ ਬੰਦਾ ਹੈ ਤੇ ਉਹਦਾ ਇਕ ਗੀਤ ਲੱਠੇ ਵਰਗਾ ਹੀ ਹੈ ਤੇ ਸਿਰ ਢਕਣ ਨੂੰ ਮੱਲੋ ਮੱਲੀ ਜੀ ਕਰਦਾ ਹੈ ‘ਸਰਬੰਸਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ?’ ਸੁਣ ਕੇ ਲੱਗਦਾ ਨਹੀਂ ਕਿ ਉਹਨੇ ਚੌਥੀ ਕੰਨੀ ਵੀ ਸਫਲਤਾ ਨਾਲ ਖਿੱਚੀ ਹੈ?
ਜਿਵੇਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਕਦੇ ਪੀੜ ਦੀ ਦਵਾਈ ਨਹੀਂ ਖਾਧੀ ਕਿਉਂਕਿ ਸਿਰ ਤਾਂ ਹਰ ਕਿਸੇ ਦਾ ਕਦੇ ਨਾ ਕਦੇ ਦੁਖਿਆ ਹੋਵੇਗਾ ਤੇ ਕੋਈ ਪੰਜਾਬੀ ਇਹ ਨਹੀ ਕਹੇਗਾ ਕਿ ਮੈਂ ਗੁਰਦਾਸ ਮਾਨ ਨੂੰ ਨਹੀਂ ਜਾਣਦਾ, ਸਗੋਂ ਜਿਹਦੇ ਅੰਦਰ ਪੰਜਾਬੀਅਤ ਦਾ ਦੀਵਾ ਜਗਦਾ ਹੈ, ਜਿਹਦੇ ਅੰਦਰ ਸੱਭਿਆਚਾਰ ਦੀਆਂ ਪੂਣੀਆਂ ਕੱਤੀਆਂ ਜਾ ਰਹੀਆਂ ਹਨ, ਜਿਹਨੂੰ ਪੰਜਾਬੀ ਬੋਲੀ ‘ਤੇ ਮਾਣ ਹੈ, ਉਹ ਇਹ ਵੀ ਮਾਣ ਨਾਲ ਕਹੇਗਾ ਕਿ ਗੁਰਦਾਸ ਮਾਨ ਸਾਡਾ ਹੈ। ਪੰਜਾਬੀ ਗਾਇਕੀ ‘ਤੇ ਬੜੇ ਝੱਖੜ ਝੁੱਲੇ, ਬੜੇ ਦੌਰ ਆਏ ਕਦੇ ਪੌਪ ਦਾ ਤੂਫਾਨ ਉਠਿਆ, ਕਦੇ ਦੋਗਾਣੇ ਗੀਤਾਂ ਦੀ ਨ੍ਹੇਰੀ ਆਈ, ਕਦੇ ਰੈਪ ਨੇ ਦੁਹਾਈਆਂ ਪਾਈਆਂ ਪਰ ਪੰਜਾਬੀ ਗਾਇਕੀ ਵਿਚ ਗੁਰਦਾਸ ਦੀ ਉਹ ਸਥਿਤੀ ਹੈ ਕਿ ਮੌਸਮ ਕੋਈ ਵੀ ਹੋਵੇ ਕਿ ਗੁਰਦਾਸ ਇਕ ਉਹ ਬੋਹੜ ਹੈ, ਜਿਸ ‘ਤੇ ਕਿਸੇ ਵੀ ਨਾ ਮੌਸਮ ਦਾ ਕੋਈ ਅਸਰ ਹੋਇਆ ਹੈ, ਨਾ ਸਰੋਤਿਆਂ ਦੀ ਸੋਚ ‘ਤੇ ਤਬਦੀਲੀ ਦਾ। ਜੇ ਹਾਲੇ ਤੀਕਰ ਵਿਦੇਸ਼ਾਂ ‘ਚ ਪ੍ਰੋਮੋਟਰ ਭੱਜ ਕੇ ਗੁਰਦਾਸ ਦੇ ਸ਼ੋਅ ਖਰੀਦਣੇ ਚਾਹੁੰਦੇ ਹਨ, ਜੇ ਸਪਾਂਸਰ ਡਾਲਰਾਂ ਪੌਂਡਾਂ ਦਾ ਬੁੱਕ ਭਰ ਕੇ ਖੜ੍ਹੇ ਹਨ, ਜੇ ਸਰੋਤਿਆਂ ਦੀਆਂ ਕਤਾਰਾਂ ਲੱਗਦੀਆਂ ਹਨ, ਤਾਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਵਿਦੇਸ਼ਾਂ ‘ਚ ਪੰਜਾਬੀ ਸ਼ੋਅ ਦੇਖਣ ਤੋਂ ਸਰੋਤੇ ਕੰਨੀ ਖਿੱਚ ਰਹੇ ਹਨ?
ਇਸ ਗੱਲ ਨੂੰ ਉਹਦੇ ਸ਼ਰੀਕ ਵੀ ਮੰਨਦੇ ਹਨ ਕਿ ਸਟੇਜ ਪੇਸ਼ਕਾਰੀ ‘ਚ ਗੁਰਦਾਸ ਦਾ ਕੋਈ ਬਦਲ ਹੈ ਹੀ ਨਹੀਂ। ਉਹ ਬੜੇ ਢੰਗ ਨਾਲ ਜਵਾਬ ਦਿੰਦਾ ਰਿਹਾ ਹੈ ਕਿ ‘ਤੇਰੇ ਕੋਲ ਤਾਨਪੁਰਾ ਸਾਡੇ ਕੋਲ ਖੰਜਰੀ, ਕਿੰਨਾ ਚਿਰ ਕਰੂਗੀ ਕਲੋਲ ਤੇਰੀ ਕੰਜਰੀ, ਕਦੇ ਭੁੱਲੀਏ ਨਾ ਆਪਣੀ ਔਕਾਤ’ ਕੋਈ ਫੇਲ੍ਹ ਹੋ ਗਿਆ ਹੋਵੇ ਜਾਂ ਕੋਈ ਪਾਸ ਗੁਰਦਾਸ ਮਾਨ ਉਹ ਇਮਤਿਹਾਨ ਹੈ, ਜਿਹਦੇ ਲਈ ਪਰਚੇ ਸੈਟ ਕਰਨ ਵਾਲਿਆਂ ਨੂੰ ਵੀ ਬਹੁਤ ਕੁਝ ਸੋਚਣਾ ਪਵੇਗਾ। ਉਹਦੀ ਟੀਮ ‘ਚ ਬਠਿੰਡੇ ਵਾਲਾ ਭੋਲਾ ਵੀ ਵੇਖਿਆ ਜਾ ਸਕਦਾ ਹੈ, ਗੁਰਦਾਸ ਦੇ ਹੱਥ ‘ਚ ਡਫਲੀ ਵੀ ਵੇਖੀ ਜਾ ਸਕਦੀ ਹੈ ਤੇ ਗੀਤਾਂ ਨਾਲ ਕਲੋਲਾਂ ਕਰਨਾ ਸੱਚੀਂ ਮੁੱਚੀਂ ਗੁਰਦਾਸ ਨੂੰ ਹੀ ਆਉਂਦਾ ਹੈ।
ਇਹ ਗੱਲ ਸਦੀਵੀ ਸੱਚ ਹੈ ਕਿ ਗੁਰਦਾਸ ਦੇ ਕਲਾਤਮਿਕ ਕੈਰੀਅਰ ‘ਚ ਮਨਜੀਤ ਮਾਨ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਜੇ ਅੱਜ ਗੁਰਦਾਸ ਦਾ ਸੂਰਜ ਚਮਕ ਰਿਹਾ ਹੈ ਤਾਂ ਇਸ ਨੂੰ ਅਰਘ ਮਨਜੀਤ ਨੇ ਹੀ ਦਿੱਤਾ ਹੈ। ਨੁਕਸ ਕੱਢਣ ਵਾਲਿਆਂ ਦੀ ਆਦਤ ਨਹੀਂ ਬਦਲ ਸਕਦੀ ਪਰ ਪ੍ਰਸ਼ੰਸਾ ਕਰਨ ਵਾਲਿਆਂ ਦੇ ਨਾਲ ਤਾਂ ਖੜ੍ਹੇ ਹੋਣਾ ਚਾਹੀਦਾ ਹੈ। ਇਨ੍ਹਾਂ ਦਿਨ੍ਹਾਂ ‘ਚ ਗੁਰਦਾਸ ਅਮਰੀਕਾ ਦੇ ਦੌਰੇ ‘ਤੇ ਹੈ। ਪੰਜਾਬੀਆਂ ਨੂੰ ਉਹਦੇ ਆਉਣ ਦਾ ਓਨਾ ਚਾਅ ਹੈ, ਜਿੰਨਾ ਅੱਜਕੱਲ ਲੋਕਾਂ ਨੂੰ ਵਿਆਹ ਦਾ ਘੱਟ ਤੇ ਜਾਗੋ ਦਾ ਵੱਧ ਹੁੰਦਾ ਹੈ। ਦੁਆ ਹੀ ਕਰਾਂਗਾ ਕਿ ਗੁਰਦਾਸ ਮਾਨ ਦੇ ਰੂਪ ‘ਚ ਪੰਜਾਬੀਅਤ ਦੀ ਜਾਗੋ ਨਿਕਲਦੀ ਰਹੇ ਤੇ ਜਿਹੜਾ ਉਹਨੇ ਉਮਰ ਤੇ ਸਰੀਰ ਦਾ ਭੇਦ ਛੁਪਾ ਕੇ ਰੱਖਿਆ ਹੋਇਆ ਹੈ ਉਹ ਭੇਦ ਭੇਦ ਹੀ ਬਣਿਆ ਰਹੇ। ਕਦੇ ਵਕਤ ਆਏਗਾ ਜਦੋਂ ਅੰਗਰੇਜ਼ੀ ‘ਚ ‘ਜੀ’ ਫਾਰ ਗੁਰਦਾਸ ਜਾਂ ‘ਗ’ ਗੁਰਦਾਸ ਮਾਨ ਕਿਹਾ ਹੀ ਜਾਵੇਗਾ। ਉਹਦੇ ਅਮਰੀਕੀ ਸ਼ੋਆਂ ਲਈ ਸ਼ੁਭ ਕਾਮਨਾਵਾਂ ਤੇ ਦੁਆ ਕਰਦਾ ਹਾਂ।