ਪੰਜਾਬ ਦੇ ਨੌਜਵਾਨਾਂ ਨੂੰ ਚੰਬੜੀਆਂ ਅਲਾਮਤਾਂ ਦਾ ਕਾਰਨ ਮੌਜੂਦਾ ਪੂੰਜੀਵਾਦੀ ਵਿਦਿਅਕ (ਸੋਚ) ਪ੍ਰਬੰਧ

ਗੁਰਬਚਨ ਸਿੰਘ
ਫੋਨ: 91-98156-98451
ਕੁਝ ਲੋਕਾਂ ਨੂੰ ਇਹ ਗੱਲ ਪੜ੍ਹਨ-ਸੁਣਨ ਵਿਚ ਬੜੀ ਅਜੀਬ ਲੱਗ ਸਕਦੀ ਹੈ ਕਿ ਪੰਜਾਬ ਵਿਚ ਬੇਰੁਜਗਾਰੀ, ਨਸ਼ੇੜੀਪੁਣੇ ਤੇ ਪਰਵਾਸ ਦਾ ਵੱਡਾ ਕਾਰਨ ਸਾਡਾ ਵਿਦਿਅਕ ਪ੍ਰਬੰਧ ਹੈ। ਇਸ ਸੱਚਾਈ ਨੂੰ ਜਾਣਨ ਲਈ ਇਹ ਸਮਝਣਾ ਜਰੂਰੀ ਹੈ ਕਿ ਵਿਦਿਆ ਕੀ ਹੈ?

ਵਿਦਿਆ ਕੁਦਰਤੀ ਨੇਮਾਂ ਭਾਵ ਵਿਗਿਆਨਕ ਗਿਆਨ ਤੇ ਮਨੁਖ ਜਾਤੀ ਦੇ ਹਜ਼ਾਰਾਂ ਸਾਲ ਦੇ ਅਨੁਭਵੀ ਤਜ਼ਰਬਿਆਂ ਵਿਚੋਂ ਪੁਸ਼ਟ ਹੋਏ ਗਿਆਨ ਦੀ ਜਾਣਕਾਰੀ ਤੇ ਇਸ ਜਾਣਕਾਰੀ ਨੂੰ ਆਪਣੀ ਚੇਤਨਾ ਵਿਚ ਵਸਾਉਣ ਦੀ ਜੁਗਤ ਹੈ। ਇਹ ਜਾਣਕਾਰੀ ਜਦੋਂ ਮਨੁਖ ਦੇ ਆਪਣੇ ਵਿਹਾਰ ਰਾਹੀਂ ਪੁਸ਼ਟ ਹੁੰਦੀ ਹੈ ਤਾਂ ਇਹ ਮਨੁਖ ਦੀ ਆਪਣੀ ਅਨੁਭਵੀ ਸਿਆਣਪ (ਚੇਤੰਨਤਾ) ਦਾ ਹਿੱਸਾ ਬਣਦੀ ਹੈ। ਜਦੋਂ ਮਨੁਖ ਇਸ ਜਾਣਕਾਰੀ ਨੂੰ ਚੇਤੰਨ ਰੂਪ ਵਿਚ ਅਪਨਾਉਂਦਾ ਹੈ ਤਾਂ ਇਹ ਸਦਾ ਲਈ ਮਨੁਖੀ ਹੋਂਦ ਦਾ ਅੰਗ ਬਣ ਜਾਂਦੀ ਹੈ।
ਪੀੜ੍ਹੀ ਦਰ ਪੀੜ੍ਹੀ ਇਕੱਠਾ ਹੋਇਆ ਇਹ ਸਮੂਹਕ ਅਨੁਭਵੀ ਗਿਆਨ ਫਿਲਾਸਫੀ ਦੀਆਂ ਧਾਰਨਾਵਾਂ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਇਹ ਗਿਆਨ ਹੀ ਵਿਦਿਆ ਦਾ ਆਧਾਰ ਹੈ। ਇਸੇ ਕਰਕੇ ਵਿਦਿਆ ਦਾ ਤਤ ਸਮਾਜੀ ਹੈ, ਵਿਦਿਆ ਪਰਉਪਕਾਰੀ ਹੈ। ਇਹ ਵਿਦਿਆ ਹੀ ਮਨੁਖ ਨੂੰ ਸੋਝੀ ਦਿੰਦੀ ਹੈ ਕਿ ਉਸ ਦਾ ਕੁਦਰਤ, ਬਾਕੀ ਮਨੁਖਾਂ ਤੇ ਹੋਰਨਾਂ ਜੀਵ-ਜੰਤੂਆਂ ਨਾਲ ਕੀ ਰਿਸ਼ਤਾ ਹੈ? ਕਾਰਲ ਮਾਰਕਸ ਨੇ ਵਿਦਿਆ ਦੇ ਮੰਤਵ ਨੂੰ ਸਪਸ਼ਟ ਕਰਦਿਆਂ ਲਿਖਿਆ ਹੈ, ‘‘ਰਾਜ ਖੁਦ ਲੋਕਾਂ ਨੂੰ ਆਪਣਾ ਅੰਗ ਬਣਾ ਕੇ, ਵਿਅਕਤੀ ਦੇ ਉਦੇਸ਼ਾਂ ਨੂੰ ਸਮੂਹ ਦੇ ਨਿਸ਼ਾਨਿਆਂ ਵਿਚ ਢਾਲ ਕੇ, ਮਨੁਖ ਦੀਆਂ ਉਜੱਡ ਬਿਰਤੀਆਂ ਨੂੰ ਸਦਾਚਾਰਕ ਬਿਰਤੀਆਂ ਵਿਚ ਬਦਲ ਕੇ, ਕੁਦਰਤੀ ਆਜ਼ਾਦੀ ਨੂੰ ਆਤਮਿਕ ਆਜ਼ਾਦੀ ਵਿਚ ਬਦਲ ਕੇ ਇਸ ਤਰ੍ਹਾਂ ਸਿਖਿਅਤ ਕਰੇ ਕਿ ਹਰ ਵਿਅਕਤੀ ਆਪਣਾ ਭਲਾ ਸਰਬਤ ਦੇ ਭਲੇ ਵਿਚੋਂ ਲੋਚੇ ਅਤੇ ਸਰਬਤ ਨੂੰ ਆਪਣੇ ਮਨ ਦੇ ਚੌਖਟੇ ਵਿਚੋਂ ਪਛਾਣੇ।”…”ਜਦੋਂ ਕਿ (ਪੂੰਜੀਵਾਦੀ) ਅਖਬਾਰ ਲੋਕਾਂ ਦੇ ਸਮੂਹ ਨੂੰ ਇਕ-ਦੂਜੇ ਨੂੰ ਸਿਖਿਅਤ ਕਰਨ ਵਾਲੇ ਆਜ਼ਾਦ ਮਨੁਖਾਂ ਦੀ ਸੰਗਤ ਦੇ ਰੂਪ ਵਿਚ ਨਾ ਵੇਖ ਕੇ ਬਾਲਗਾਂ ਦੀ ਇਕ ਭੀੜ ਦੇ ਰੂਪ ਵਿਚ ਵੇਖਦਾ ਹੈ, ਜਿਨ੍ਹਾਂ ਦੀ ਹੋਣੀ ਉਪਰੋਂ ਸਿਖਿਅਤ ਹੋਣਾ ਤੇ ਇਕ ਛੋਟੇ ਪੁਰਾਣੇ ਸਕੂਲੀ ਕਮਰੇ ਵਿਚੋਂ ਇਕ ਵੱਡੇ ਆਧੁਨਿਕ ਸਕੂਲ ਦੇ ਹਾਲ ਵਿਚ ਦਾਖਲ ਹੋਣਾ ਹੈ।’’
ਵਿਦਿਆ ਬਾਰੇ ਫ੍ਰੈਡਰਿਕ ਏਂਗਲਜ ਦੀ ਧਾਰਨਾ ਹੈ, ‘‘ਆਪਣੀ ਵਿਦਿਆ ਦੌਰਾਨ ਫਜ਼ੂਲ ਪੰਡਤਾਊ ਗਿਆਨ ਦੇ ਕੋਠੇ ਭਰਨ ਵਾਲਾ ਮਨੁਖ ਕੋਈ ਸਿਆਣਾ ਮਨੁਖ ਨਹੀਂ। ਪੜ੍ਹਾਈ ਦੌਰਾਨ ਜ਼ਿੰਦਗੀ ਦੇ ਗੁੱਝੇ ਨੇਮ ਇਕ ਬੰਦ ਕਿਤਾਬ ਵਾਂਗ ਉਸ ਦੀ ਸੂਝ ਦਾ ਹਿੱਸਾ ਨਹੀਂ ਬਣਦੇ। ਬਨਸਪਤੀ ਵਿਗਿਆਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਪਿਛੋਂ ਵੀ ਜੋ ਮਨੁਖ ਤੁਹਾਨੂੰ ਕੱਟੜ ਅਸੂਲਾਂ ਦਾ ਗਿਆਨ ਦਿੰਦਾ ਹੈ, ਪਰ ਖੁਦ ਉਗਦੇ ਘਾਹ ਦੀ ਆਵਾਜ਼ ਨਹੀਂ ਸੁਣ ਸਕਦਾ, ਉਹ ਤੁਹਾਨੂੰ ਕਦੀ ਵੀ ਸਹੀ ਸੂਝ ਨਹੀਂ ਦੇ ਸਕਦਾ। ਵਿਦਿਆ ਦੇ ਜ਼ਰਾਸੀਮ ਮਨੁਖ ਦੇ ਧੁਰ ਹਿਰਦੇ ਅੰਦਰ ਛੁਪੇ ਹੁੰਦੇ ਹਨ। ਮਨੁਖੀ ਜ਼ਿੰਦਗੀ ਜਿਉਣ ਦੀ ਕਲਾ ਆਪਣੇ ਅੰਦਰੋਂ ਖੋਜਿਆਂ ਹੀ ਪ੍ਰਾਪਤ ਹੁੰਦੀ ਹੈ। ਦੀਵੇ ਦੇ ਚਾਨਣ ਵਿਚ ਅਧੀ-ਅਧੀ ਰਾਤ ਤਕ ਪੜ੍ਹ ਕੇ ਵੀ ਮਨੁਖੀ ਜਜ਼ਬਿਆਂ ਨੂੰ ਕਾਬੂ ਕਰਨ ਦੇ ਭੇਦ ਪਤਾ ਨਹੀਂ ਲਗਦੇ। ਜੋ ਮਨੁਖ ਆਪਣੇ ਦਿਲ ਦੀ ਆਵਾਜ਼ ਸੁਣਦਾ ਹੈ, ਪਰ ਇਸ ਨੂੰ ਮਿਥਿਆ ਸਮਝ ਕੇ ਜਿਦੀ ਢੰਗ ਨਾਲ ਨਕਾਰ ਦਿੰਦਾ ਹੈ, ਉਹ ਜ਼ਿੰਦਗੀ ਜਿਉਣ ਦੀ ਜੁਗਤ ਨਹੀਂ ਜਾਣ ਸਕਦਾ। ਸਾਰੇ ਨੇਕ ਤੇ ਸਿਆਣੇ ਸ਼ਬਦਾਂ ਵਿਚ ਸਭ ਤੋਂ ਵਧ ਮੁਕੰਮਲ ਮਨੁਖੀ ਸੂਝ ਭਰੀ ਹੋਈ ਹੈ।’’
ਵਿਦਿਆ ਦਾ ਮੰਤਵ ਗਿਆਨੀ ਭਾਵ ਚੇਤੰਨ ਮਨੁਖ ਪੈਦਾ ਕਰਨਾ ਹੈ। ਗਿਆਨ ਦਾ ਭਾਵ ਸਕੂਲੀ ਵਿਦਿਆ ਜਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਦੀ ਪ੍ਰਾਪਤੀ ਨਹੀਂ ਸਗੋਂ ਚੇਤੰਨ ਮਨੁਖੀ ਹੋਂਦ ਹੈ ਅਤੇ ਕਾਰਲ ਮਾਰਕਸ ਦੇ ਕਥਨ ਅਨੁਸਾਰ “ਮਨੁਖ ਦੀ ਚੇਤੰਨ ਹੋਂਦ ਦਾ ਪ੍ਰਗਟ ਰੂਪ, ਉਸ ਦੀ ਜੀਵਨ ਜੁਗਤ ਹੈ।” ਭਾਵ ਕਿਸੇ ਮਨੁਖ ਦੀ ਚੇਤਨਾ ਦਾ ਪੈਮਾਨਾ ਉਸ ਦੀ ਕਹਿਣੀ ਨਹੀਂ ਸਗੋਂ ਉਸ ਦੀ ਕਰਨੀ ਹੈ। ਮਨੁਖ ਦੀ ਕਹਿਣੀ ਅਤੇ ਕਰਨੀ ਦੇ ਸੁਮੇਲ ਤੋਂ ਹੀ ਮਨੁਖ ਦੀ ਸੋਚ ਅਤੇ ਹੋਂਦ ਦੇ ਰਿਸ਼ਤੇ ਦਾ ਪਤਾ ਲਗਦਾ ਹੈ। ਸੋਚ ਅਤੇ ਹੋਂਦ ਦੀ ਇਕਸੁਰਤਾ ਹੀ ਕਹਿਣੀ ਤੇ ਕਰਨੀ ਦੀ ਸਾਂਝ ਹੈ। ਚੇਤੰਨ ਹੋਂਦ ਦਾ ਭਾਵ ਸੋਚ ਅਤੇ ਹੋਂਦ ਦੀ ਚੇਤੰਨ ਇਕਸੁਰਤਾ ਹੈ। ਗੁਰਮਤਿ ਦੀ ਧਾਰਨਾ ਹੈ, ‘ਗਿਆਨੀ ਹੋਇ ਜੋ ਚੇਤੰਨ ਹੋਇ’ ਅਤੇ ਕਾਰਲ ਮਾਰਕਸ ਦਾ ਕਥਨ ਹੈ, ਚੇਤੰਨ ਮਨੁਖੀ ਹੋਂਦ ਹੀ ਚੇਤਨਾ ਹੈ। ਚੇਤੰਨ ਹੋਂਦ ਹੀ ਸਮਾਜੀ ਸਦਾਚਾਰ ਦੀ ਜਨਕ ਹੈ।
ਗਿਆਨੀ ਭਾਵ ਚੇਤੰਨ ਹੋਣ ਦਾ ਮੰਤਵ ਆਪਣੀਆਂ ਕੁਦਰਤੀ, ਭੌਤਿਕ ਅਤੇ ਜਜ਼ਬਾਤੀ ਲੋੜਾਂ ਦੀ ਪਛਾਣ ਕਰਨੀ ਤੇ ਉਨ੍ਹਾਂ ਅਨੁਸਾਰ ਆਪਣੇ ਜੀਵਨ ਦੀ ਵਿਉਂਤਬੰਦੀ ਕਰਨਾ ਹੈ। ਮਨੁਖ ਦਾ ਅਸਲੀ ਇਤਿਹਾਸਕ ਵਿਕਾਸ ਇਹੀ ਹੈ ਕਿ ਉਹ ਆਪਣੇ ਮਨ ਅਤੇ ਤਨ ਦਾ ਰਿਸ਼ਤਾ ਸੰਤੁਲਿਤ ਰਖਦਿਆਂ ਆਪਣੇ ਮਨੁਖੀ ਜਜ਼ਬਿਆਂ ਦਾ ਭਰਪੂਰ ਅਨੰਦ ਮਾਣੇ। ਗੁਰਮਤਿ ਜਦੋਂ ਮਨ ਨੂੰ ਸੱਦਾ ਦਿੰਦੀ ਹੈ, “ਮਨੁ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥” ਤੇ ਕਹਿੰਦੀ ਹੈ, “ਮਨੁ ਕੀ ਮੈਲਿ ਨ ਤਨਿ ਤੇ ਜਾਤ॥” ਜਾਂ “ਇਸ ਦੇਹੀ ਕੀ ਬਹੁ ਸਾਧਨਾ ਕਰੈ॥ ਮਨ ਤੇ ਕਬਹੂੰ ਨ ਬਿਖਿਆ ਟਰੈ॥” ਤਾਂ ਗੁਰਮਤਿ ਮਨ ਤੇ ਤਨ ਦੇ ਇਸ ਰਿਸ਼ਤੇ ਨੂੰ ਨਿਖੇੜ ਕੇ ਮਨ ਨੂੰ ਸਵੈਕਾਬੂ ਕਰਨ ਦੀ ਲੋੜ ਬਾਰੇ ਹੀ ਦੱਸ ਰਹੀ ਹੈ। ਸਪਸ਼ਟ ਹੈ ਕਿ ਮਨ ਦੀ ਮੈਲ ਤਨ ਜਾਂ ਸਰੀਰ ਦੇ ਧੋਣ ਨਾਲ ਖਤਮ ਨਹੀਂ ਹੁੰਦੀ ਸਗੋਂ ਮਨ ਦੀ ਮੈਲ ਖਤਮ ਕਰਨ ਲਈ ਮਨੁਖ ਦੇ ਚੇਤੰਨ ਵਿਕਾਸ ਦੀ ਲੋੜ ਹੈ। ਚੇਤੰਨ ਵਿਕਾਸ ਦਾ ਭਾਵ ਮਨੁਖ ਦਾ ਆਪਣੇ ਆਪੇ ਤੋਂ ਜਾਣੂ ਹੋਣਾ ਹੈ। ਚੇਤੰਨ ਤੌਰ ‘ਤੇ ਪੂਰਨ ਵਿਕਸਿਤ ਮਨੁਖ ਹੀ ਆਪਣੇ ਵਿਕਾਰਾਂ ਤੋਂ ਖਹਿੜਾ ਛੁਡਾ ਕੇ ਅਤੇ ਆਪਣੇ ਜਜ਼ਬਿਆਂ ‘ਤੇ ਕਾਬੂ ਪਾ ਕੇ ਆਪਣੀ ਕੁਦਰਤੀ ਮਨੁਖੀ ਹੋਂਦ ਦਾ ਭਰਪੂਰ ਅਨੰਦ ਮਾਣ ਸਕਦਾ ਹੈ; ਆਪਣੇ ਸੂਖਮ ਮਨੋਭਾਵਾਂ ਨੂੰ ਵਿਕਸਿਤ ਕਰ ਸਕਦਾ ਹੈ ਤੇ ਇਨ੍ਹਾਂ ਸੂਖਮ ਮਨੋਭਾਵਾਂ ਨਾਲ ਨਰੋਏ ਸਮਾਜੀ ਰਿਸ਼ਤੇ ਬਣਾ ਸਕਦਾ ਹੈ ਭਾਵ ਸਦਾਚਾਰੀ ਬਣ ਸਕਦਾ ਹੈ।
ਮਾਰਕਸ ਨੇ ਖਿਆਲੀ ਕਮਿਊਨਿਸਟਾਂ ਤੇ ਵਿਗਿਆਨਕ ਕਮਿਊਨਿਸਟਾਂ ਵਿਚਾਲੇ ਇਹੀ ਨਿਖੇੜਾ ਕੀਤਾ ਹੈ। ਖਿਆਲੀ ਕਮਿਊਨਿਸਟ ਆਪਣੇ ਦਿਮਾਗ ‘ਚ ਕਮਿਊਨਿਸਟ ਸਮਾਜ ਦਾ ਇਕ ਸੰਕਲਪ ਘੜਦੇ ਹਨ ਤੇ ਉਸ ਨੂੰ ਹਕੀਕਤ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਮਨ ਵਿਚ ਅਜੋਕੇ (ਸਾਮਰਾਜੀ) ਸਮਾਜ ਦੀਆਂ ਖਪਤਕਾਰੀ ਵਸਤਾਂ, ਜੋ ਹੁਣ ਕੁਝ ਕੁ ਚੁਣਿੰਦਾ ਲੋਕਾਂ ਦੇ ਕੋਲ ਹਨ, ਸਭ ਕੋਲ ਹੋਣ ਦੀ ਸ਼ੁਭ ਇੱਛਾ ਪੈਦਾ ਹੁੰਦੀ ਹੈ। ਇਸੇ ਖਪਤਕਾਰੀ ਕਲਪਨਾ ਵਿਚੋਂ ਨਿਕਲੀ ਕਲਪਿਤ ਜ਼ਿੰਦਗੀ ਨੂੰ ਹਕੀਕੀ ਰੂਪ ਦੇਣ ਲਈ ਜਦੋਜਹਿਦ ਕੀਤੀ ਜਾਂਦੀ ਹੈ। ਜਦੋਂ ਕਿ ਇਕ ਵਿਗਿਆਨਕ ਕਮਿਊਨਿਸਟ ਕੁਦਰਤ ਤੇ ਮਨੁਖ ਦੇ ਹਕੀਕੀ ਰਿਸ਼ਤੇ ਅਨੁਸਾਰ ਪੈਦਾਵਾਰੀ ਸ਼ਕਤੀਆਂ ਦੇ ਮੌਜੂਦਾ ਵਿਕਾਸ ਨੂੰ ਆਧਾਰ ਬਣਾ ਕੇ ਸਾਰੇ ਮਨੁਖਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਇਕ ਯੋਜਨਾਬਧ ਵਿਕਾਸ ਦਾ ਦਾਅਵਾ ਕਰਦਾ ਹੈ।
ਬੇਸ਼ਕ ਇਸ ਲਈ ਜਰੂਰੀ ਹੈ ਕਿ ਸਮਾਜਵਾਦੀ ਸਮਾਜ ਦੇ ਲੋਕਾਂ ਨੂੰ ਭੌਤਿਕਵਾਦੀ ਫਿਲਾਸਫੀ ਦੀ ਵਿਦਿਆ ਦਿਤੀ ਜਾਏ। ਉਨ੍ਹਾਂ ਨੂੰ ਆਪਣੇ ਅੰਦਰੋਂ ਸੱਚ ਲੱਭਣ ਭਾਵ ਆਪਣੀ ਆਤਮਾ ਤੇ ਆਪਣੇ ਮਨ ਨੂੰ ਜਾਗ੍ਰਿਤ ਕਰਨ ਦੀ ਗੁੜ੍ਹਤੀ ਦਿਤੀ ਜਾਏ। ਆਪਣੀ ਕਾਇਆ ਅੰਦਰਲੇ ਅਨੁਭਵੀ ਮਨ ਅਤੇ ਆਪਣੀ ਸਰੀਰੀ ਆਤਮਾ ਵਿਚਾਲੇ ਨਿਰੰਤਰ ਚਲ ਰਹੇ ਸੰਵਾਦ ਨੂੰ ਸੁਣਨ ਦੀ ਜੁਗਤ ਦਸੀ ਜਾਏ, ਭਾਵ ਇਕ ਮਨੁਖ ਆਪਣੀ ਸਰੀਰੀ ਹੋਂਦ ਪ੍ਰਤੀ ਚੇਤੰਨ ਹੋਵੇ। ਇਕ ਚੇਤੰਨ ਮਨੁਖ ਹੀ ਆਪਣੀਆਂ ਕੁਦਰਤੀ-ਮਨੁਖੀ ਲੋੜਾਂ ਦੀ ਸੁਚੇਤ ਪਛਾਣ ਕਰ ਸਕਦਾ ਹੈ। ਇਹੀ ਕੁਝ ਸਮਾਜਵਾਦੀ ਵਿਦਿਆ ਨੇ ਕਰਨਾ ਸੀ, ਜੋ ਉਹ ਕਰ ਨਹੀਂ ਸਕੀ। ਮੌਜੂਦਾ ਸਾਮਰਾਜੀ ਵਿਦਿਆ ਐਨ ਇਸ ਦੇ ਉਲਟ ਵਿਦਿਆਰਥੀਆਂ ਨੂੰ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਦੇ ਅਚੇਤ ਮਨ ਨੂੰ ਭਟਕਾ ਰਹੀ ਹੈ। ਵਿਦਿਆਰਥੀਆਂ ਨੂੰ ਆਪਣੇ ਜਜ਼ਬਿਆਂ ਨੂੰ ਕਾਬੂ ਕਰਨ ਦੀ ਜਾਚ ਸਿਖਾਉਣ ਦੀ ਥਾਂ ਉਨ੍ਹਾਂ ਦੇ ਜਜ਼ਬਿਆਂ ਨੂੰ ਬੇਲਗਾਮ ਬਣਾ ਰਹੀ ਹੈ। ਮਨੁਖ ਨੂੰ ਪਰਉਪਕਾਰੀ ਬਣਾਉਣ ਦੀ ਥਾਂ ਸੁਆਰਥੀ ਤੇ ਲਾਲਚੀ ਬਣਾ ਰਹੀ ਹੈ।
ਮੌਜੂਦਾ ਸਕੂਲੀ-ਕਾਲਜੀ ਵਿਦਿਆ ਮਨੁਖ ਨੂੰ ਸਿਆਣਾ ਜਾਂ ਗਿਆਨੀ ਨਹੀਂ ਬਣਾਉਂਦੀ ਸਗੋਂ ਉਸ ਨੂੰ ਆਪਣੀ ਅਨੁਭਵੀ ਸਿਆਣਪ ਤੋਂ ਤੋੜਦੀ ਹੈ। ਉਸ ਦੇ ਅਨੁਭਵੀ ਗਿਆਨ ਦੇ ਵਿਕਾਸ ਵਿਚ ਰੁਕਾਵਟ ਬਣਦੀ ਹੈ। ਬੰਦੇ ਅਤੇ ਜਾਨਵਰ ਵਿਚਾਲੇ ਵੱਡਾ ਫਰਕ ਇਹੀ ਹੈ ਕਿ ਬੰਦਾ ਉਥੋਂ ਸ਼ੁਰੂ ਕਰਦਾ ਹੈ, ਜਿਥੋਂ ਉਸ ਦੀਆਂ ਪਹਿਲੀਆਂ ਪੀੜ੍ਹੀਆਂ ਛਡ ਕੇ ਗਈਆਂ ਹੁੰਦੀਆਂ ਹਨ ਅਤੇ ਜਾਨਵਰ ਉਥੋਂ ਸ਼ੁਰੂ ਕਰਦਾ ਹੈ, ਜਿਥੋਂ ਉਸ ਦੀਆਂ ਪਹਿਲੀਆਂ ਪੀੜ੍ਹੀਆਂ ਨੇ ਸ਼ੁਰੂ ਕੀਤਾ ਹੁੰਦਾ ਹੈ। ਭਾਵ ਮਨੁਖ ਕੋਲ ਆਪਣੇ ਤੋਂ ਪਹਿਲੀਆਂ ਸਾਰੀਆਂ ਪੀੜ੍ਹੀਆਂ ਦਾ ਇਕੱਤਰ ਹੋਇਆ ਅਨੁਭਵੀ ਗਿਆਨ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਅਗਵਾਈ ਦਿੰਦਾ ਹੈ। ਮਨੁਖ ਦੀ ਇਹੀ ਨਸਲੀ ਵਿਲੱਖਣਤਾ ਹੈ। ਮਨੁਖੀ ਜ਼ਿੰਦਗੀ ਦੀ ਇਹੀ ਖੂਬਸੂਰਤੀ ਹੈ। ਪਰ ਸਾਮਰਾਜੀ (ਪੂੰਜੀਵਾਦੀ) ਆਰਥਕ ਰਿਸ਼ਤਿਆਂ (ਘੋਰ ਲਾਲਚ ਤੇ ਘੋਰ ਹੰਕਾਰ) ਦੁਆਲੇ ਬੁਣੇ ਸਮੁਚੇ ਰਾਜਸੀ-ਸਮਾਜੀ ਤਾਣੇ ਬਾਣੇ ਨੇ ਮਨੁਖ ਜਾਤੀ ਨਾਲ ਸਭ ਤੋਂ ਵੱਡਾ ਪਾਪ ਇਹੀ ਕਮਾਇਆ ਹੈ ਕਿ ਇਸ ਨੇ ਪਹਿਲੀਆਂ ਤੇ ਹਰ ਅਗਲੀ ਪੀੜ੍ਹੀ ਵਿਚਾਲੇ ਇਕ ਸਥਾਈ ਪਾੜਾ ਪੈਦਾ ਕਰ ਦਿਤਾ ਹੈ। ਸਾਮਰਾਜੀ ਜੀਵਨ ਜਾਚ ਨੇ ਹਰ ਪੀੜ੍ਹੀ ਨੂੰ ਇਹ ਗੁੜ੍ਹਤੀ ਦਿਤੀ ਹੈ ਕਿ ਉਹ ਆਪਣੀਆਂ ਪਹਿਲੀਆਂ ਪੀੜ੍ਹੀਆਂ ਦੇ ਗਿਆਨ ਨੂੰ ਨਫਰਤ ਕਰੇ ਤੇ ਇਸ ਤਰ੍ਹਾਂ ਆਪਣੀ ਇਤਿਹਾਸਕ ਚੇਤਨਾ ਤੋਂ ਟੁਟ ਕੇ ਤੇ ਸਾਮਰਾਜੀ ਖਪਤਕਾਰੀ ਦੇ ਮਨੋਰੋਗ ਦਾ ਸ਼ਿਕਾਰ ਹੋ ਕੇ ਉਨ੍ਹਾਂ ਲਈ ਮੁਨਾਫਾ ਕਮਾਉਣ ਦੀ ਇਕ ਮਸ਼ੀਨ ਬਣਿਆ ਰਹੇ।
ਮੌਜੂਦਾ ਵਿਦਿਅਕ ਪ੍ਰਬੰਧ ਨੇਕ ਸਦਾਚਾਰੀ ਮਨੁਖ ਨਹੀਂ ਸਗੋਂ ਹਥੀਂ ਕਿਰਤ ਤੋਂ ਟੁਟੀਆਂ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਪੈਦਾ ਕਰ ਰਿਹਾ ਹੈ। ਇਹ ਮਸ਼ੀਨਾਂ ਵਧ ਤੋਂ ਵਧ ਪੈਸੇ ਕਮਾਉਣ ਵਾਲੀਆਂ ਚਿਟ ਕਪੜੀਆ ਨੌਕਰੀਆਂ ਭਾਲਦੀਆਂ ਹਨ। ਮੌਜੂਦਾ ਮੁਨਾਫੇ-ਮੁਕਾਬਲੇ ਤੇ ਅਨਾਰਕੀ ਵਾਲੇ ਪੂੰਜੀਵਾਦੀ ਪ੍ਰਬੰਧ ਹੇਠ ਸਭ ਨੂੰ ਇਹ ਰੁਜਗਾਰ ਮਿਲਣੇ ਅਸੰਭਵ ਹਨ। ਜਦੋਂ ਇਹ ਰੁਜਗਾਰ ਨਹੀਂ ਮਿਲਦੇ ਤਾਂ ਇਹ ਮਸ਼ੀਨਾਂ ਆਪਣੇ-ਆਪ ਨੂੰ ਬੇਰੁਜਗਾਰ ਸਮਝਦੀਆਂ ਹਨ। ਮੌਜੂਦਾ ਵਿਦਿਅਕ ਪ੍ਰਬੰਧ ਹਥੀਂ ਕਿਰਤ ਪ੍ਰਤੀ ਨਫਰਤ ਪੈਦਾ ਕਰਦਾ ਹੈ। ਹੱਥੀਂ ਕਿਰਤ ਤੋਂ ਟੁਟੀਆਂ ਇਨ੍ਹਾਂ ਬੇਰੁਜਗਾਰ ਮਸ਼ੀਨਾਂ ਨੂੰ ਜਦੋਂ ਮਨ ਚਾਹੇ ਰੁਜਗਾਰ ਨਹੀਂ ਮਿਲਦੇ ਤਾਂ ਫਿਰ ਇਹ ਨਿਰਾਸ਼ ਹੋ ਕੇ ਜਾਂ ਨਸ਼ੇੜੀ ਬਣਦੀਆਂ ਹਨ ਜਾਂ ਮਾਪਿਆਂ ਦੀ ਸੰਘੀ ਵਿਚ ਅੰਗੂਠਾ ਦੇ ਕੇ ਜਿਵੇਂ-ਕਿਵੇਂ ਪਰਦੇਸਾਂ ਵਲ ਕੂਚ ਕਰਦੀਆਂ ਹਨ।
ਮਨੁਖੀ ਜ਼ਿੰਦਗੀ ਦੇ ਆਦਰਸ਼ ਖਾਓ-ਪੀਓ-ਖੁਸ਼ ਰਹੋ ਨੂੰ ਸਾਮਰਾਜੀ ਖਪਤਕਾਰੀ ਸਭਿਆਚਾਰ ਨੇ ਖਾਓ-ਪੀਓ-ਐਸ਼ ਕਰੋ ਦੇ ਪ੍ਰਸੰਗ ਵਿਚ ਐਸਾ ਵਿਗਾੜਿਆ ਹੈ ਕਿ ਬੰਦਾ ਇਹ ਵੀ ਭੁੱਲ ਗਿਆ ਹੈ ਕਿ ਕੀ ਖਾਣਾ ਹੈ, ਕਦੋਂ ਖਾਣਾ ਹੈ, ਕਿੰਨਾ ਕੁ ਖਾਣਾ ਹੈ ਅਤੇ ਕਿਵੇਂ ਖਾਣਾ ਹੈ? ਕੀ ਪੀਣਾ ਹੈ, ਕਦੋਂ ਪੀਣਾ ਹੈ, ਕਿੰਨਾ ਕੁ ਪੀਣਾ ਹੈ ਅਤੇ ਕਿਵੇਂ ਪੀਣਾ ਹੈ? ਐਸ਼ ਕਰੋ ਨੂੰ ਉਸ ਨੇ ਹਰ ਵੇਲੇ ਭੋਗਾਂ ਵਿਚ ਰੁਝੇ ਰਹਿਣ ਦੀ ਲਾਲਸਾ ਤਕ ਸੀਮਤ ਕਰ ਲਿਆ ਹੈ, ਜੋ ਨਿਰੋਲ ਭਟਕਣਾ ਹੈ। ਮਨੁਖੀ ਸਰੀਰ ਕੁਦਰਤ ਦੀ ਦੇਣ ਹੈ। ਇਸ ਦੀ ਇਹੋ ਖੂਬਸੂਰਤੀ ਹੈ ਕਿ ਮਨੁਖ ਇਸ ਨੂੰ ਤੰਦਰੁਸਤ ਰੱਖੇ। ਇਸ ਦੀ ਬਣਤਰ ਜੋ ਵੀ ਹੈ, ਓਹੀ ਰਹਿਣੀ ਹੈ। ਇਹ ਕਿਸੇ ਲਈ ਵੀ ਮਾਨਸਿਕ ਗੁੰਝਲਾਂ ਦਾ ਕਾਰਨ ਨਹੀਂ ਬਣਨੀ ਚਾਹੀਦੀ। ਇਸ ਦੀ ਤੰਦਰੁਸਤੀ ਹੀ ਇਸ ਦੀ ਖੂਬਸੂਰਤੀ ਹੈ। ਇਸ ਨੂੰ ਹੋਰ ਖੂਬਸੂਰਤ ਬਣਾਉਣ ਦੇ ਬਾਕੀ ਸਾਰੇ ਨਕਲੀ ਢੰਗ ਤੇ ਸਾਧਨ ਫਜ਼ੂਲ ਹਨ। ਇਹ ਤੰਦਰੁਸਤੀ ਤਨ ਤੇ ਚੇਤੰਨ ਮਨ ਦੇ ਸਹਿਜ ਰਿਸ਼ਤੇ ਨਾਲ ਹੀ ਕਾਇਮ ਰੱਖੀ ਜਾ ਸਕਦੀ ਹੈ। ਰੋਗੀ ਸਰੀਰ ਮਾਨਸਿਕ ਪ੍ਰੇਸ਼ਾਨੀ ਪੈਦਾ ਕਰਦਾ ਹੈ ਅਤੇ ਮਾਨਸਿਕ ਰੋਗ ਸਰੀਰ ਦੀ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਦੋਹਾਂ ਦੀ ਸੰਤੁਲਿਤ ਹੋਂਦ ਹੀ ਮਨੁਖੀ ਤੰਦਰੁਸਤੀ ਦੀ ਗਾਰੰਟੀ ਹੈ, ਜਦੋਂ ਕਿ ਮੌਜੂਦਾ ਵਿਦਿਆ ਬੱਚੇ ਨੂੰ ਏਨਾ ਕੁ ਆਮ ਸੱਚ ਵੀ ਦਸਣ ਤੋਂ ਇਨਕਾਰੀ ਹੈ। ਸਗੋਂ ਇਸ ਦੇ ਐਨ ਉਲਟ ਉਹ ਬੱਚਿਆਂ ਨੂੰ ਅਤਿ ਦੀਆਂ ਭੋਗੀ ਬਿਰਤੀਆਂ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਦੀ ਮਾਨਸਿਕ ਭਟਕਣ ਨੂੰ ਵਧਾ ਰਹੀ ਹੈ। ਨਿਰਸੰਦੇਹ ਸਾਮਰਾਜੀ ਵਿਦਿਆ ਮਨੁਖ ਨੂੰ ਗਿਆਨੀ ਬਣਾਉਣ ਦੀ ਥਾਂ ਉਸ ਨੂੰ ਅਗਿਆਨੀ ਬਣਾ ਰਹੀ ਹੈ।
ਜ਼ਿੰਦਗੀ ਦਾ ਸੱਚ ਹੋਰ ਕੁਝ ਨਹੀਂ, ਸਿਰਫ ਕੁਦਰਤੀ ਸੱਚ ਤੇ ਇਤਿਹਾਸ ਰਾਹੀਂ ਪ੍ਰਗਟ ਹੋਏ ਕੁਦਰਤੀ ਸੱਚ (ਨੇਮਾਂ) ਦੀ ਜਾਣਕਾਰੀ ਹੈ। ਇਹ ਜਾਣਕਾਰੀ ਦੇਣਾ ਹੀ ਵਿਦਿਆ ਦਾ ਕੰਮ ਹੈ। ਇਨ੍ਹਾਂ ਨੇਮਾਂ ਨੂੰ ਜਾਣ ਕੇ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਜੁਗਤ ਹੀ ਵਿਗਿਆਨਕ ਜੀਵਨ ਜਾਚ ਦਾ ਆਧਾਰ ਹੈ। ਇਹੀ ਅਸਲੀ ਵਿਦਿਆ ਦਾ ਧਰਮ ਹੈ।
ਦਰਅਸਲ ਮਨੁਖੀ ਅਨੁਭਵ ਦਾ ਹਿੱਸਾ ਬਣੇ ਕੁਦਰਤੀ ਨੇਮ ਜਾਂ ਮਨੁਖੀ ਅਨੁਭਵ ਰਾਹੀਂ ਪੁਸ਼ਟ ਹੋਇਆ ਕੁਦਰਤੀ ਸੱਚ ਹੀ ਸਾਇੰਸ ਹੈ। ਅਨੁਭਵੀ ਮਨ ਕੁਦਰਤੀ ਵਰਤਾਰਿਆਂ ਤੇ ਆਲੇ ਦੁਆਲੇ ਦੇ ਸਮਾਜੀ ਮਾਹੌਲ ਦਾ ਪਰਤੌ ਹੈ ਅਤੇ ਮਨੁਖੀ ਚੇਤਨਾ ਹੁਣ ਤਕ ਮਨੁਖ ਜਾਤੀ ਦੇ ਸਮੂਹਿਕ ਅਨੁਭਵ ਰਾਹੀਂ ਹਾਸਲ ਕੀਤਾ ਹੋਇਆ ਇਤਿਹਾਸਕ ਗਿਆਨ, ਭਾਵ ਮਨੁਖੀ ਇਤਿਹਾਸ ਰਾਹੀਂ ਪੁਸ਼ਟ ਹੋਇਆ ਵਿਗਿਆਨਿਕ ਸੱਚ। ਇਹੀ ਵਿਗਿਆਨਕ ਸੱਚ ਫਿਲਾਸਫੀ ਦੀਆਂ ਧਾਰਨਾਵਾਂ ਰਾਹੀਂ ਪ੍ਰਗਟ ਹੁੰਦਾ ਹੈ। ਅਨੁਭਵੀ ਮਨ ਅਤੇ ਚੇਤਨਾ (ਆਤਮਾ) ਦਾ ਇਹੀ ਰਿਸ਼ਤਾ ਹੈ। ਮਨੁਖੀ ਮਨ ਨੂੰ ਇਤਿਹਾਸਕ ਚੇਤਨਾ ਭਾਵ ਅਰਜਿਤ ਇਤਿਹਾਸਕ ਗਿਆਨ ਨਾਲ ਲੈਸ ਕਰਕੇ ਮਨੁਖੀ (ਇੰਦ੍ਰਿਆਵੀ) ਜਜ਼ਬਿਆਂ ਦਾ ਨਿਰੰਤਰ ਮਾਨਵੀਕਰਨ ਕਰਦੇ ਜਾਣਾ। ਮਨ ਨੀਵਾਂ ਤੇ ਮਤਿ ਉਚੀ ਹੋਣ ਦਾ ਇਹੀ ਭੇਦ ਹੈ।
ਅਸਲੀ ਵਿਦਿਆ ਦਾ ਮੰਤਵ ਆਪਣੇ ਮਨ ਨੂੰ ਚਿੰਤਨਸ਼ੀਲ ਬਣਾਉਣਾ ਹੀ ਹੈ। ਇਸ ਲਈ ਪੂਰਨ ਰੂਪ ਵਿਚ ਨਵੇਂ ਵਿਦਿਅਕ ਪ੍ਰਬੰਧ ਦੀ ਲੋੜ ਹੈ, ਜੋ ਪਰਉਪਕਾਰੀ ਤੇ ਗਿਆਨੀ ਮਨੁਖ ਪੈਦਾ ਕਰੇ। ਮੌਜੂਦਾ ਸਾਮਰਾਜੀ ਵਿਦਿਅਕ ਪ੍ਰਬੰਧ ਸਿਰਫ ਜਜ਼ਬਾਤ ਵਿਹੂਣੀਆਂ ਤੇ ਰੂਹਾਨੀਅਤ ਤੋਂ ਸੱਖਣੀਆਂ ਮੁਰਦਾ ਰੂਹਾਂ ਜਾਂ ਵਧ ਤੋਂ ਵਧ ਪੈਸਾ ਕਮਾਉਣ ਦੀ ਦੌੜ ਵਿਚ ਸ਼ਾਮਿਲ ਮਸ਼ੀਨਾਂ ਪੈਦਾ ਕਰ ਸਕਦਾ ਹੈ, ਪਰ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਪੈਰੋਕਾਰ ਨਹੀਂ, “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥” ਅਸਲੀ ਵਿਦਿਆ ਦਾ ਮੰਤਵ ਬੁਝਣਾ ਹੈ, ਸਿਰਫ ਪੜ੍ਹਨਾ ਨਹੀਂ, “ਵਿਦਿਆ ਵੀਚਾਰੀ ਤਾਂ ਪਰਉਪਕਾਰੀ॥”