ਪ੍ਰਿੰ. ਸਰਵਣ ਸਿੰਘ
ਕਿਸੇ ਅਮਲੀ ਕੋਲੋਂ ਰੱਤੀ ਮਾਸਾ ਫੀਮ ਫੜੀ ਜਾਵੇ ਤਾਂ ਉਸ ਨੂੰ ਮੂਧਾ ਪਾ ਲਿਆ ਜਾਂਦੈ। ਖੁੱਚਾਂ ‘ਚ ‘ਜੈ ਹਿੰਦ’ ਦਾ ਘੋਟਣਾ ਲਾ ਕੇ ਲੇਰਾਂ ਕਢਾ ਦਿੱਤੀਆਂ ਜਾਂਦੀਆਂ। ਠਾਣੇ ‘ਚ ਪੈਂਦਾ ਅੜ੍ਹਾਟ ਬਾਹਰ ਤਕ ਸੁਣਦੈ। ਫਿਰ ਉਹਦੀਆਂ ਰਗਾਂ ‘ਚੋਂ ਰੱਤੀ ਮਾਸਾ ਫੀਮ ਕੱਢਦਿਆਂ ਉਹਦੇ ਸਿਰ ਕਿਲੋ, ਦੋ ਕਿਲੋ ਫੀਮ ਪਾ ਦਿੱਤੀ ਜਾਂਦੀ ਐ। ਪਰ ਕਿਸੇ ਖਾਸ ਬੰਦੇ ਦੀ ਕਾਰ ‘ਚ ਕੁਇੰਟਲ ਫੀਮ ਲੱਦੀ ਹੋਵੇ ਜਾਂ ਪੂਰਾ ਟਰੱਕ ਹੀ ਡੋਡਿਆਂ ਦਾ ਭਰਿਆ ਹੋਵੇ ਤਾਂ ਕੋਈ ਹੱਥ ਨਹੀਂ ਪਾਉਂਦਾ।
ਉਲਟਾ ਠਾਣਿਆਂ ਵਾਲੇ ਫੀਮ, ਡੋਡਿਆਂ ਤੇ ਹੋਰ ਨਸ਼ਿਆਂ ਦੇ ਸਰਕਾਰੀ ਸਮਗਲਰਾਂ ਦੀ ਆਓ-ਭਗਤ ਬੜੀ ਠਾਠ ਬਾਠ ਨਾਲ ਕਰਦੇ ਹਨ।
ਮੱਝ, ਗਾਂ, ਫਸਲ ਜਾਂ ਕਮਾਊ ਜੀਅ ਦੇ ਮਰ ਜਾਣ ਕਰਕੇ ਜੋ ਕਿਸਾਨ ਕਰਜ਼ੇ ਦੀ ਕਿਸ਼ਤ ਨਾ ਮੋੜ ਸਕੇ, ਬੈਂਕਾਂ ਵਾਲੇ ਉਹਦੇ ਮਗਰ ਪੁਲਿਸ ਲਾ ਦਿੰਦੇ ਹਨ। ਉਹ ਤੂੜੀ ਵਾਲੇ ਅੰਦਰ ਲੁਕ ਕੇ ਮਸਾਂ ਬਚਦਾ ਹੈ। ਦੂਜੇ ਬੰਨੇ ਸਰਕਾਰੀ ਅਦਾਰਿਆਂ ਨੂੰ ਕਰੋੜਾਂ ਰੁਪਏ ਦਾ ਥੁੱਕ ਲਾਉਣ ਵਾਲੇ ਭੱਦਰ ਪੁਰਸ਼ ਸਟੇਜਾਂ ‘ਤੇ ਹਾਰ ਪੁਆਉਂਦੇ ਤੇ ਧੂੰਏਂਧਾਰ ਭਾਸ਼ਣ ਦਿੰਦੇ ਹਨ। ਉਹ ਕਰੋੜਾਂ ਦੇ ਸਰਕਾਰੀ ਕਰਜ਼ੇ ਦੱਬ ਕੇ ਵੀ ‘ਭੱਦਰ ਪੁਰਸ਼’ ਬਣੇ ਰਹਿੰਦੇ ਹਨ!
ਪਿੱਛੇ ਜਿਹੇ ਖਬਰਾਂ ਛਪੀਆਂ ਸਨ ਕਿ ਕੁਝ ਭੱਦਰ ਪੁਰਸ਼ਾਂ ਨੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦਾ 1050 ਕਰੋੜ ਰੁਪਏ ਦਾ ਕਰਜ਼ਾ ਦੱਬਿਆ ਹੋਇਐ। ਅਖਬਾਰਾਂ ਨੇ ਸੌ ਤੋਂ ਵੱਧ ‘ਅਮੀਰ’ ਡਿਫਾਲਟਰਾਂ ਦੀ ਪੂਰੀ ਸੂਚੀ ਛਾਪੀ ਪਰ ਉਨ੍ਹਾਂ ਤੋਂ ਕਰਜ਼ਾ ਨਹੀਂ ਉਗਰਾਹਿਆ ਗਿਆ।
ਭਾਰਤ ਦੇ ਸਭ ਤੋਂ ਅਮੀਰ ਸੌ ਕੁ ਭੱਦਰ ਪੁਰਸ਼ਾਂ ਤੋਂ ਹੀ ਕਰਜ਼ਾ ਉਗਰਾਹ ਲੈਣ ਨਾਲ ਹੇਠਲੇ ਲੱਖਾਂ, ਕਰੋੜਾਂ ਕਿਸਾਨਾਂ ਤੇ ਮਜਦੂਰਾਂ ਦੀ ਕਰਜ਼ਾ ਮੁਕਤੀ ਹੋ ਸਕਦੀ ਹੈ ਤੇ ਉਹ ਖੁਦਕੁਸ਼ੀਆਂ ਕਰਨੋਂ ਬਚ ਸਕਦੇ ਹਨ। ਕੱਖਾਂ ਦੀ ਚੋਰੀ ਨਾਲੋਂ ਲੱਖਾਂ ਦੀ ਚੋਰੀ ਪਹਿਲਾਂ ਕਢਾਉਣੀ ਬਣਦੀ ਹੈ। ਠਾਣੇ ਦਾ ‘ਜੈ ਹਿੰਦ’ ਪਹਿਲਾਂ ਉਨ੍ਹਾਂ ‘ਤੇ ਈ ਫਿਰਨਾ ਚਾਹੀਦੈ।
ਭ੍ਰਿਸ਼ਟਾਚਾਰ ਹਵਾ ਵਿਚ ਨਹੀਂ ਹੁੰਦਾ। ਚੋਣਾਂ ਸਮੇਂ ਟਿਕਟ ਲੈਣ ਲਈ ਪਾਰਟੀ ਫੰਡ ਦੇਣਾ, ਚੋਣਾਂ ਬਹਾਨੇ ਸਾਮੀਆਂ ਤੋਂ ਥੈਲੀਆਂ ਲੈਣਾ, ਵੋਟਾਂ ਬਟੋਰਨ ਲਈ ਨੋਟ ਵੰਡਣੇ ਤੇ ਨਸ਼ਿਆਂ ਦੇ ਭੰਡਾਰੇ ਲਾਉਣੇ, ਜਿੱਤ ਗਿਆਂ ਦੇ ਮਾਣ-ਸਨਮਾਨ ਬਹਾਨੇ ਤੋਹਫਿਆਂ ਨਾਲ ਘਰ ਭਰ ਦੇਣਾ ਅਤੇ ਦਿਨ-ਦਿਹਾਰ ‘ਤੇ ਗਿਫਟ ਦੇਣੇ ਵੀ ਭ੍ਰਿਸ਼ਟਾਚਾਰ ਦੇ ਹੀ ਵੱਖੋ ਵੱਖਰੇ ਰੂਪ ਹਨ।
ਕਈ ਕਹਿੰਦੇ ਹਨ, ਅਸੀਂ ਤਾਂ ਜੀ ਨਾ ਵੱਢੀ ਦਿੰਦੇ ਹਾਂ ਨਾ ਲੈਂਦੇ ਹਾਂ। ਸਾਨੂੰ ਕੀ? ਇਹ ਵੀ ਭ੍ਰਿਸ਼ਟਾਚਾਰ ਨੂੰ ਹੁੰਗਾਰਾ ਹੀ ਹੈ। ਜਿਵੇਂ ਜੀਵ-ਜੰਤੂ ਤੇ ਪੇੜ-ਪੌਦੇ ਇਕੋ ਜਿਹੇ ਨਹੀਂ ਹੁੰਦੇ, ਉਵੇਂ ਸਾਰੇ ਮਨੁੱਖ ਵੀ ਇਕੋ ਜਿਹੇ ਨਹੀਂ ਹੁੰਦੇ। ਸੌ ‘ਚੋਂ ਪੰਜ ਦਸ ਚੰਗੇ ਹੁੰਦੇ ਹਨ, ਪੰਜ ਦਸ ਮਾੜੇ। ਵਿਚਕਾਰਲੇ ਨੱਬੇ ਫੀਸਦੀ ਤਾਂ ਪਿੱਛੇ ਲੱਗਣ ਵਾਲੇ ਹੀ ਹੁੰਦੇ ਹਨ। ਜੇ ਉਹ ਚੰਗਿਆਂ ਮਗਰ ਲੱਗ ਜਾਣ ਤਾਂ ਸਤਿਯੁਗ ਆ ਜਾਂਦੈ। ਮਾੜਿਆਂ ਮਗਰ ਲੱਗੇ ਰਹਿਣ ਤਾਂ ਕਲਯੁਗ ਵਰਤਦਾ ਰਹਿੰਦੈ। ਇਸ ਲਈ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਵਾਸਤੇ ਘੇਸਲ ਮਾਰੀ ਬੈਠੇ ਨੱਬੇ ਫੀਸਦੀ ਲੋਕਾਂ ਦਾ ਸਰਗਰਮ ਹੋਣਾ ਜ਼ਰੂਰੀ ਹੈ। ਉਹ ਅੱਖਾਂ ਮੀਚ ਕੇ ‘ਹੋਊ ਪਰ੍ਹੇ’ ਨਾ ਕਰਿਆ ਕਰਨ।
ਗੱਲ ਕਿਸੇ ਰਾਜਸੀ ਪਾਰਟੀ ਦੀ ਨਹੀਂ ਕਿ ਇਕ ਚੰਗੀ ਹੈ, ਦੂਜੀ ਮਾੜੀ। ਵੱਖੋ ਵੱਖ ਪਾਰਟੀਆਂ ਦੀਆਂ ਟਿਕਟਾਂ ਲੈਣ ਤੇ ਚੋਣਾਂ ਲੜਨ ਵਾਲੇ ਬਥੇਰੇ ਨੇਤਾ ਹਨ, ਜੋ ਢਿੱਡੋਂ ਪੇਟੋਂ ਇਕ ਹਨ; ਤੇ ਇਕੋ ਪਾਰਟੀ ਵਿਚ ਵੀ ਇਹੋ ਜਿਹੇ ਨੇਤਾਵਾਂ ਦੀ ਘਾਟ ਨਹੀਂ, ਜੋ ਇਕ ਦੂਜੇ ਨਾਲ ਖਾਰ ਖਾਂਦੇ ਹਨ। ਕਈ ਵਾਰ ਵਿਰੋਧੀ ਪਾਰਟੀਆਂ ਵਿਚਾਲੇ ਏਨਾ ਵਿਰੋਧ ਨਹੀਂ ਹੁੰਦਾ, ਜਿੰਨਾ ਇਕੋ ਪਾਰਟੀ ਦਾ ਆਪਸ ਵਿਚ ਹੁੰਦੈ।
ਬਹੁਤੇ ਹਮ੍ਹਾਤੜ-ਤਮ੍ਹਾਤੜ ਵੱਖ ਵੱਖ ਪਾਰਟੀਆਂ ਪਿੱਛੇ ਐਵੇਂ ਹੀ ਡਾਂਗਾਂ ਸੋਟੇ ਚੁੱਕੀ ਫਿਰਦੇ ਤੇ ਆਪੋ ਵਿਚ ਜੂਤ-ਪਤਾਣ ਹੋਈ ਜਾਂਦੇ ਨੇ। ਚੋਣਾਂ ਤੋਂ ਅੱਗੋਂ ਪਿੱਛੋਂ ਪਤਾ ਲੱਗ ਹੀ ਜਾਂਦੈ ਕਿ ‘ਵੱਡੇ ਬੰਦੇ’ ਕਿਸੇ ‘ਮਾਂ ਪਾਰਟੀ’ ਨਾਲ ਹੀ ਨਹੀਂ ਬੱਝੇ ਹੁੰਦੇ। ਵੱਡਿਆਂ ਬੰਦਿਆਂ ਦੀਆਂ ਵੱਡੀਆਂ ਜਾਇਦਾਦਾਂ, ਕੋਠੀਆਂ, ਕਾਰਾਂ, ਕਾਰਖਾਨਿਆਂ, ਲਾਕਰਾਂ ਤੇ ਬੈਂਕ ਬੈਲੈਂਸਾਂ ਵਿਚ ਜੇ ਪੂਰੀ ਚੌਕਸੀ ਨਾਲ ਕਰੋਲਾ ਦਿੱਤਾ ਜਾਵੇ ਤਾਂ ਪੰਜਾਬ ਦੇ ਤੇ ਦੇਸ਼ ਦੇ ਖਾਲੀ ਖਜਾਨੇ ਮੁੜ ਮਾਲਾਮਾਲ ਹੋ ਸਕਦੇ ਹਨ। ਢਾਈ ਲੱਖ ਕਰੋੜ ਦਾ ਕਰਜ਼ਾ ਲਾਹੁਣਾ ਤਾਂ ਗੱਲ ਈ ਕਿਹੜੀ ਐ?
ਕਰੋੜਾਂ-ਅਰਬਾਂ ਦੀ ਸੰਪਤੀ ਨਾਲ ਚੋਣਾਂ ਲੜਨ ਵਾਲਿਓ, ਸੱਥਾਂ ਵਿਚ ਜਾ ਕੇ ਵੋਟਰਾਂ ਨੂੰ ਇਹ ਤਾਂ ਦੱਸ ਦਿਓ ਪਈ ‘ਵੱਡੇ ਬੰਦਿਆਂ’ ਤੋਂ ਕਿੰਨੇ ਕੁ ਕਰਜ਼ੇ ਉਗਰਾਹੇ ਹਨ? ਜੇ ਨਹੀਂ ਉਗਰਾਹੇ ਤਾਂ ਹੋਰ ਕਿੰਨੀਆਂ ਕੁ ਚੋਣਾਂ ਕਰਵਾ ਕੇ ਉਗਰਾਹੁਣੇ ਹਨ?