ਜਦੋਂ ਮੇਰੇ ਘਰਦਿਆਂ ਨੂੰ ਲੱਗਾ ਕਿ ਮੈਂ ਹੜ੍ਹ ‘ਚ ਰੁੜ੍ਹ ਗਿਆ ਹਾਂ!

ਐਸ਼ ਅਸ਼ੋਕ ਭੌਰਾ
ਜਿਹੜੇ ਲੋਕ ਜ਼ਿੰਦਗੀ ਨੂੰ ਲਿਫਟ ਸਮਝ ਰਹੇ ਨੇ, ਉਹ ਭੁਲੇਖੇ ‘ਚ ਨੇ। ਸੱਚ ਇਹ ਹੈ ਕਿ ਜ਼ਿੰਦਗੀ ਅਣਗਿਣਤ ਪੌੜੀਆਂ ਦੀ ਮੰਜ਼ਿਲ ਹੈ, ਜਿਹਦੇ ‘ਤੇ ਚੜ੍ਹਦਿਆਂ ਹਰ ਕੋਈ ਆਪਣੇ ਆਪ ਨੂੰ ਮਹਿਸੂਸ ਕਰਦਾ ਹੀ ਰਿਹਾ ਹੈ। ਯੁੱਗ ਮੁਕੰਮਲ ਤੌਰ ‘ਤੇ ਇੰਟਰਨੈਟ ਦਾ ਹੈ। ਜਿਹੜੇ ਇਸ ਯੁੱਗ ‘ਚ ਪੱਤਰਕਾਰੀ ਕਰ ਰਹੇ ਹਨ, ਜਿਨ੍ਹਾਂ ਨੇ ਇਸ ਯੁੱਗ ‘ਚ ਪੱਤਰਕਾਰੀ ਕੀਤੀ ਤੇ ਸਿੱਖੀ ਹੈ, ਉਨ੍ਹਾਂ ਲਈ ਸ਼ਾਇਦ ਇਹ ਗੱਲਾਂ ਬੇਹੱਦ ਹਾਸੋਹੀਣੀਆਂ ਹੋਣ ਕਿਉਂਕਿ ਇਹ ਯੁੱਗ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਕਿ ਹੁੰਦਾ ਕਦੇ ਏਦਾਂ ਵੀ ਰਿਹਾ ਹੋਵੇਗਾ! ਜਦੋਂ ਬੱਦਲ ਭਾਰੇ ਹੋਣ ਤਾਂ ਹਰ ਇਕ ਨੂੰ ਪਤਾ ਹੁੰਦਾ ਹੈ ਕਿ ਇਨ੍ਹਾਂ ਦਾ ਰੰਗ ਕਾਲਾ ਹੋਵੇਗਾ ਤੇ ਰੱਜ ਕੇ ਵਰ੍ਹਨਗੇ। ਪੱਤਰਕਾਰੀ ਇਸ ਵੇਲੇ ਵਿਗਿਆਨ ਨੇ ਭਾਰੀ ਨਹੀਂ, ਹਲਕੀ ਕਰ ਦਿੱਤੀ ਹੈ।

ਗੱਲ ਅੱਸੀਵਿਆਂ ਦੀ ਹੈ। ਰੋਜ਼ਾਨਾ ਅਖਬਾਰਾਂ ਲਈ ਮੇਰੇ ਲਿਖਣ ਦਾ ਸਫਰ ਸ਼ੁਰੂ ਹੋ ਚੁਕਾ ਸੀ। ਅਚਾਨਕ ਜਦੋਂ 1984 ਵਿਚ ਡਾ. ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣੇ ਤੋਂ ਬਾਅਦ ਭਾਜੀ ਬਰਜਿੰਦਰ ਸਿੰਘ ਨੇ ‘ਅਜੀਤ’ ਅਖਬਾਰ ਦਾ ਕਾਰਜ ਭਾਰ ਸੰਭਾਲਿਆ ਤਾਂ ਉਨ੍ਹਾਂ ਮੈਨੂੰ ਇਕ ਖਤ ਲਿਖਿਆ ਕਿ ਕਿਸੇ ਕੰਮ ਵਾਲੇ ਦਿਨ ਬਾਅਦ ਦੁਪਹਿਰ ਮੈਨੂੰ ਜਲੰਧਰ ਦਫਤਰ ਆ ਕੇ ਮਿਲਣਾ। ਚਿੱਠੀ ਮਿਲਦੇ ਸਾਰ ਹੀ ਮੈਂ ਦੂਜੇ ਦਿਨ ਚਲਾ ਗਿਆ ਤੇ ਬੰਗਾ ਸ਼ਹਿਰ ਤੋਂ ਮੈਨੂੰ ‘ਅਜੀਤ’ ਲਈ ਪੱਤਰ ਪ੍ਰੇਰਕ ਨਿਯੁਕਤ ਕਰ ਦਿੱਤਾ ਗਿਆ। ਇਹ ਉਹ ਹੀ ਦਿਨ ਸਨ, ਜਦੋਂ ਪੱਤਰਕਾਰੀ ਦੀ ਕਦਰ, ਆਓ ਭਗਤ ਤੇ ਸਤਿਕਾਰ ਗਲ ਗਲ ਤੀਕ ਸੀ। ਖਬਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਹੁਤੀਆਂ ਖਬਰਾਂ ਡਾਕ ਰਾਹੀਂ ਭੇਜੀਆਂ ਜਾਂਦੀਆਂ ਸਨ। ਫਿਰ ਆਮ ਵਾਂਗ ਮੈਂ ਵੀ ਰੋਡਵੇਜ਼ ਦੇ ਇਕ ਕੰਡਕਟਰ ਤੇ ਡਰਾਈਵਰ ਨਾਲ ਸੰਪਰਕ ਕਰ ਲਿਆ। ਲਿਫਾਫਾ ਹੱਥ ਫੜਾਉਣਾ ਤੇ ਉਹ ਲਿਫਾਫਾ ਜਲੰਧਰ ਦੇ ਬੱਸ ਅੱਡੇ ‘ਤੇ ‘ਅਜੀਤ’ ਅਖਬਾਰ ਦੇ ਲੈਟਰ ਬਾਕਸ ਵਿਚ ਪਾ ਦਿੰਦੇ। ਉਦੋਂ ਹੋਰਨਾਂ ਅਖਬਾਰਾਂ ਦੇ ਵੀ ਲੈਟਰ ਬਾਕਸ ਉਥੇ ਲੱਗੇ ਹੁੰਦੇ ਸਨ, ਜਿਨ੍ਹਾਂ ‘ਚੋਂ ਅਖਬਾਰ ਦੇ ਦਫਤਰ ਦਾ ਕੋਈ ਕਰਮਚਾਰੀ ਦੋ ਤਿੰਨ ਵਾਰ ਡਾਕ ਕੱਢ ਕੇ ਲੈ ਜਾਂਦਾ। ਜ਼ਰੂਰੀ ਖਬਰਾਂ ਜਾਂ ਤਾਂ ਟੈਲੀਗ੍ਰਾਫ ਜ਼ਰੀਏ ਭੇਜੀਆਂ ਜਾਂਦੀਆਂ ਜਾਂ ਨਿੱਜੀ ਤੌਰ ‘ਤੇ ਦਫਤਰ ਜਾ ਕੇ। ਉਦੋਂ ਈਮੇਲ ਵਰਗੇ ਸੰਚਾਰ ਸਾਧਨਾਂ ਬਾਰੇ ਕਿਸੇ ਨੇ ਸੁਪਨੇ ‘ਚ ਵੀ ਨਹੀਂ ਸੀ ਸੋਚਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਖਬਾਰ ਕੁਝ ਗਿਣਵੇਂ ਚੁਣਵੇਂ ਪੱਤਰ ਪ੍ਰੇਰਕਾਂ ਨੂੰ ਹੀ ਟੈਲੀਗ੍ਰਾਫ ਅਥਾਰਿਟੀ ਦਿੰਦਾ ਸੀ। ਜਿਹਦੇ ਕੋਲ ਇਹ ਸਹੂਲਤ ਹੁੰਦੀ, ਉਹ ਆਪਣੇ ਆਪ ਨੂੰ ਮੁਕੰਮਲ ਪੱਤਰਕਾਰ ਸਮਝਣ ਲੱਗ ਪੈਂਦਾ।
ਟੈਲੀਗ੍ਰਾਫ ਅਥਾਰਿਟੀ ਕੀ ਸੀ? ਇਹ ਭਾਰਤ ਦਾ ਡਾਕ ਤੇ ਤਾਰ ਸੰਚਾਰ ਵਿਭਾਗ। ਇਕ ਅਥਾਰਿਟੀ ਜਾਰੀ ਕਰਦਾ ਸੀ ਕਿ ਤੁਸੀਂ ਨੇੜੇ ਦੇ ਡਾਕਖਾਨੇ ਵਿਚ ਜਾ ਕੇ ਅਖਬਾਰ ਨੂੰ ਟੈਲੀਗ੍ਰਾਮ ਰਾਹੀਂ ਜ਼ਰੂਰੀ ਖਬਰ ਭੇਜ ਸਕਦੇ ਹੋ। ਉਦੋਂ ਇਹ ਅਥਾਰਿਟੀ ਡਾਕ ਤੇ ਤਾਰ ਸੰਚਾਰ ਵਿਭਾਗ ਦੇ ਉਤਰੀ ਜ਼ੋਨ ਦੇ ਦਫਤਰ ਅੰਬਾਲਾ ਤੋਂ ਜਾਰੀ ਕੀਤੀ ਜਾਂਦੀ ਸੀ। ਇੰਨਾ ਚਾਅ ਸੀ ਕਿ ਮੈਂ ਇਸ ਅਥਾਰਿਟੀ ਲੈਟਰ ਨੂੰ ਫਰੇਮ ਵਿਚ ਜੜਾ ਕੇ ਰੱਖਿਆ। ਇਸ ਦੀ ਮਹਾਨਤਾ ਪੰਜਾਬ ਸਰਕਾਰ ਵਲੋਂ ਜਾਰੀ ਪੱਤਰਕਾਰਾਂ ਦੀ ਮਾਨਤਾ ਤੋਂ ਵੀ ਵੱਡੀ ਸਮਝੀ ਜਾਂਦੀ ਸੀ। ਮੈਂ ਇਸ ਦੀ ਵਰਤੋਂ ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਹਾਲਾਤ ਨਾਲ ਸਬੰਧਿਤ ਵਾਰਦਾਤਾਂ ਲਈ ਵੀ ਕਰਦਾ ਸਾਂ।
ਜਦੋਂ ਸਤੰਬਰ 1988 ਵਿਚ ਪੰਜਾਬ ‘ਚ ਹੜ੍ਹ ਆਏ ਤਾਂ ਹੋਇਆ ਇਹ ਕਿ ਸਾਡੇ ਪਿੰਡ ਭੌਰਾ ‘ਚ ਛੱਪੜ ‘ਚ ਤੈਰਦੀ ਹੋਈ ਇਕ ਲਾਸ਼ ਮਿਲੀ। ਮੇਰੇ ਕੋਲ ਕੈਮਰੇ ਦੀ ਸਹੂਲਤ ਨਹੀਂ ਸੀ ਤੇ ਇਹ ਮੁਫਤ ਵਰਗੀਆਂ ਸੇਵਾਵਾਂ ਮੈਨੂੰ ਬੰਗਾ ਸ਼ਹਿਰ ਤੋਂ ਦਲੀਪ ਸਟੂਡੀਓ ਪ੍ਰਦਾਨ ਕਰਦਾ ਰਿਹਾ। ਉਸ ਨੂੰ ਸਿਰਫ ਏਨਾ ਹੀ ਚਾਅ ਹੁੰਦਾ ਸੀ ਕਿ ਦਲੀਪ ਸਟੂਡੀਓ ਦਾ ਨਾਂ ਖਬਰ ਨਾਲ ਛਪੇਗਾ ਅਤੇ ਕਾਰੋਬਾਰ ‘ਚ ਵਾਧਾ ਹੋਵੇਗਾ। ਪਹਿਲਾਂ ਮੈਂ ਸਾਈਕਲ ‘ਤੇ ਬੰਗਾ ਪਹੁੰਚਿਆ, ਰਸਤੇ ‘ਚ ਦੋ ਤਿੰਨ ਵਾਰ ਸਾਈਕਲ ਮੋਢਿਆਂ ‘ਤੇ ਚੁੱਕਿਆ, ਪੈਂਟ ਪਜਾਮਾ ਚੁੱਕਣ ਦੀ ਲੋੜ ਈ ਨਹੀਂ ਸੀ ਕਿਉਂਕਿ ਪਾਣੀ ਹੀ ਲੱਕ ਤੋਂ ਉਤੇ ਉਤੇ ਸੀ। ਦਲੀਪ ਨੇ ਮੈਨੂੰ ਨਾਂਹ ਵੀ ਕੀਤੀ ਕਿ ਮੇਰੇ ਲਈ ਇਹ ਔਖਾ ਹੈ, ਕਿਉਂਕਿ ਉਸ ਦੀ ਸੱਜੀ ਲੱਤ ਵੀ ਛੋਟੀ ਸੀ, ਉਹ ਲੰਗੜਾ ਕੇ ਤੁਰਦਾ ਸੀ, ਇਸੇ ਕਰਕੇ ਉਹਦੇ ਕੋਲ ਸਾਈਕਲ ਵੀ ਲੇਡੀ ਹੁੰਦਾ ਸੀ।
ਖੈਰ! ਮੇਰੇ ਜ਼ੋਰ ਪਾਉਣ ‘ਤੇ ਉਹ ਮੇਰੇ ਨਾਲ ਕੈਮਰਾ ਚੁੱਕ ਕੇ ਪਿੰਡ ਭੌਰੇ ਨੂੰ ਚੱਲ ਪਿਆ। ਕਿਸੇ ਤਰ੍ਹਾਂ ਪਿੰਡ ਪਹੁੰਚੇ, ਦਲੀਪ ਕੁਮਾਰ ਨੇ ਦੋ ਤਸਵੀਰਾਂ ਖਿੱਚੀਆਂ, ਮੈਂ ਖਬਰ ਬਣਾਈ ਅਤੇ ਹੱਥ ਦਸਤੀ ਲੈ ਕੇ ਦੋਵੇਂ ਲੱਕ ਲੱਕ ਚੜ੍ਹੇ ਪਾਣੀ ‘ਚੋਂ ਹੁੰਦੇ ਹੋਏ ਫਿਰ ਬੰਗਾ ਪਹੁੰਚੇ। ਦਲੀਪ ਨੇ ਦੋ ਫੋਟੋਆਂ ਧੋ ਕੇ, ਸੁਕਾ ਕੇ ਮੈਨੂੰ ਦੇ ਦਿੱਤੀਆਂ। ਭਾਵੇਂ ਮੇਰੇ ਕੋਲ ਟੈਲੀਗ੍ਰਾਮ ਅਥਾਰਿਟੀ ਤਾਂ ਸੀ, ਪਰ ਸੰਚਾਰ ਸਾਧਨ ਸਾਰੇ ਹੜ੍ਹ ਕਾਰਨ ਬੰਦ ਹੋ ਚੁਕੇ ਸਨ ਤੇ ਉਂਜ ਵੀ ਫੋਟੋ ਟੈਲੀਗ੍ਰਾਮ ਜ਼ਰੀਏ ਨਹੀਂ ਸੀ ਭੇਜੀ ਜਾ ਸਕਦੀ। ਸੋ, ਜਲੰਧਰ ਜਾਣ ਦਾ ਮਨ ਬਣਾਇਆ। ਸਾਈਕਲ ਦਲੀਪ ਸਟੂਡੀਓ ‘ਤੇ ਖੜ੍ਹਾ ਕੀਤਾ, ਉਥੋਂ ਬੱਸ ਫੜ ਕੇ ਜਲੰਧਰ, ਤੇ ਗੋਡੇ ਗੋਡੇ ਪਾਣੀ ‘ਚ ਰਿਕਸ਼ੇ ‘ਚ ਬੈਠ ਕੇ ਇਹ ਖਬਰ ਲੈ ਕੇ ‘ਅਜੀਤ’ ਅਖਬਾਰ ਦੇ ਦਫਤਰ ਪਹੁੰਚ ਗਿਆ। ਉਦੋਂ ਅਜਿਹੀਆਂ ਖਬਰਾਂ ਅੱਜ ਦੀਆਂ ਰਾਜਨੀਤਕ ਘਟਨਾਵਾਂ ਤੋਂ ਵੀ ਅਹਿਮ ਸਮਝੀਆਂ ਜਾਂਦੀਆਂ ਸਨ।
ਮਨ ‘ਚ ਉਤਸੁਕਤਾ ਸੀ ਕਿ ਇਹ ਖਬਰ ਅਗਲੇ ਦਿਨ ਕਿੱਦਾਂ ਛਪੇਗੀ, ਕਿੱਦਾਂ ਦੀ ਲੱਗੇਗੀ, ਮੇਰਾ ਨਾਂ ਛਪੇਗਾ ਤੇ ਲੋਕਾਂ ‘ਚ ਚਰਚਾ ਹੋਵੇਗੀ। ਇਸੇ ਚਾਅ ‘ਚ ਹੜ੍ਹਾਂ ਵੱਲ ਧਿਆਨ ਹੀ ਨਹੀਂ ਜਾ ਰਿਹਾ ਸੀ। ਦਫਤਰ ਤੋਂ ਪਤਾ ਲੱਗਾ ਕਿ ਭਾਖੜਾ ਡੈਮ ਦੇ ਫਲੱਡ ਗੇਟ ਹੋਰ ਖੋਲ੍ਹ ਦਿੱਤੇ ਗਏ ਹਨ। ਵਾਪਸੀ ‘ਤੇ ਬਹੁਤ ਔਖਾ ਹੋ ਕੇ ਬੱਸ ਸਟੈਂਡ ਪਹੁੰਚਿਆ। ਪੰਜਾਬ ਰੋਡਵੇਜ਼, ਨਵਾਂਸ਼ਹਿਰ ਦੀ ਇਕ ਬੱਸ ਨਵਾਂਸ਼ਹਿਰ ਤੱਕ ਜਾਣ ਲਈ ਤਿਆਰ-ਬਰ-ਤਿਆਰ ਖੜ੍ਹੀ ਸੀ, ਪਰ ਕੰਡਕਟਰ ਟਿਕਟਾਂ ਨਹੀਂ ਸੀ ਕੱਟ ਰਿਹਾ। ਉਹ ਸਵਾਰੀਆਂ ਨੂੰ ਕਈ ਵਾਰ ਆਖਦਾ ਕਿ ਸ਼ਾਇਦ ਬੱਸ ਨਾ ਜਾਵੇ ਕਿਉਂਕਿ ਜਲੰਧਰ ਦਾ ਬੱਸ ਅੱਡਾ ਵੀ ਲਗਭਗ ਪਾਣੀ ‘ਚ ਡੁੱਬਿਆ ਹੋਇਆ ਸੀ, ਪਰ ਕੰਡਕਟਰ ਦੇ ਰੋਕਣ ਦੇ ਬਾਵਜੂਦ ਡਰਾਈਵਰ ਨੇ ਬੱਸ ਤੋਰ ਲਈ। ਰਾਮਾ ਮੰਡੀ ਤੱਕ ਕਿਤੇ ਕਿਤੇ ਪਾਣੀ ਬੱਸ ਦੇ ਟਾਇਰਾਂ ਤੋਂ ਉਪਰ ਤੱਕ ਆਉਂਦਾ ਸੀ। ਅੰਦਰ ਪਾਣੀ ਪੈ ਰਿਹਾ ਸੀ ਤੇ ਵੀਹ ਕੁ ਸਵਾਰੀਆਂ, ਏਦਾਂ ਲੱਗਦਾ ਸੀ ਕਿ ਇਨ੍ਹਾਂ ਦੀ ਵੀ ਮੇਰੇ ਵਰਗੀ ਕੋਈ ਖਾਸ ਹੀ ‘ਮਜਬੂਰੀ’ ਹੋਵੇਗੀ, ਨਹੀਂ ਤਾਂ ਲੋਕੀਂ ਤਾਂ ਘਰਾਂ ਦੀਆਂ ਛੱਤਾਂ ‘ਤੇ ਚੜ੍ਹੇ ਹੋਏ ਸਨ।
ਖੈਰ! ਜੂੰ ਦੀ ਚਾਲੇ ਜਦੋਂ ਚਹੇੜੂ ਵਾਲੇ ਪੁਲ ‘ਤੇ ਬੱਸ ਪਹੁੰਚੀ ਤਾਂ ਵੱਡਾ ਜਾਮ ਸੀ। ਕਿਉਂਕਿ ਪਾਣੀ ‘ਚ ਅੱਗੇ ਦੋ ਤਿੰਨ ਬੱਸਾਂ ਫਸਣ ਕਾਰਨ ਕੁਝ ਵੀ ਲੰਘ ਨਹੀਂ ਸੀ ਰਿਹਾ। ਤੇ ਸੱਜੇ ਪਾਸੇ ਖੇਤਾਂ ‘ਚ ਕੁਝ ਲੋਕ ਦਰਖਤਾਂ ‘ਤੇ ਚੜ੍ਹੇ ਹੋਏ ਸਨ, ਜੋ ਪਾਣੀ ‘ਚ ਰੁੜ੍ਹਨ ਤੋਂ ਬਚਣ ਲਈ ਸ਼ਾਇਦ ਏਦਾਂ ਕਰ ਰਹੇ ਸਨ। ਫੌਜ ਦੀਆਂ ਗੱਡੀਆਂ ਏਹ ਸਾਰਾ ਕੁਝ ਵੇਖ ਰਹੀਆਂ ਸਨ, ਪ੍ਰਸ਼ਾਸਨ ਹਰਕਤ ‘ਚ ਸੀ ਕਿ ਇਨ੍ਹਾਂ ਨੂੰ ਕਿਵੇਂ ਬਚਾਇਆ ਜਾਵੇ? ਮੈਨੂੰ ਕਈ ਵਾਰ ਲੱਗਦਾ ਹੈ ਕਿ ਇਸ ਖਬਰ ਨਾਲ ਮੈਂ ਕਿਹੜਾ ਮਹਾਂਭਾਰਤ ਜਿੱਤਣਾ ਚਾਹੁੰਦਾ ਸੀ, ਜਿਸ ਨੇ ਮੇਰੇ ਦੋਵੇਂ ਹੱਥ ਮੌਤ ਦੀ ਮੋਰੀ ‘ਚ ਪਾ ਦਿੱਤੇ ਸਨ? ਮੈਨੂੰ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਇਹ ਖਬਰ ਮੈਂ ਸਵੇਰ ਨੂੰ ਛਪੀ ਹੋਈ ਵੇਖ ਨਹੀਂ ਸਕਾਂਗਾ। ਸੰਚਾਰ ਸਾਧਨ ਨਾ ਹੋਣ ਕਾਰਨ ਜਿੰਨੇ ਕੁ ਲੋਕ ਪੁਲ ‘ਤੇ ‘ਕੱਠੇ ਹੋਏ ਸਨ, ਉਹ ਚਰਚਾ ਕਰ ਰਹੇ ਸਨ ਕਿ ਅੱਗੇ ਦੋ ਬੱਸਾਂ ਰੁੜ ਗਈਆਂ ਨੇ, ਫਗਵਾੜੇ ‘ਚ ਕਿਸੇ ਵੀ ਪਾਸੇ ਤੋਂ ਦਾਖਲ ਨਹੀਂ ਹੋਇਆ ਜਾ ਸਕਦਾ।
ਪਾਣੀ ਚੜ੍ਹਦਾ ਹੀ ਜਾ ਰਿਹਾ ਸੀ। ਏਦਾਂ ਲੱਗਦਾ ਸੀ ਕਿ ਅਸੀਂ ਵੀ ਸਾਰੇ ਰੁੜ੍ਹ ਜਾਵਾਂਗੇ। ਮਨ ‘ਚ ਇਹ ਵੀ ਖਿਆਲ ਆ ਰਿਹਾ ਸੀ ਕਿ ਪੱਤਰਕਾਰੀ ਦਾ ਪੰਗਾ ਕਿਉਂ ਲੈ ਲਿਆ? ਮੈਂ ਤੇ ਇੰਜੀਨੀਅਰਿੰਗ ਕੀਤੀ ਹੋਈ ਸੀ। ਮਨ ਮੂਰਖ ਇਹ ਵੀ ਕਹਿਣ ਲੱਗ ਪਿਆ ਸੀ, ਜੇ ਖਬਰ ਰਾਤ ਨੂੰ ਛਪ ਵੀ ਜਾਵੇ ਤਾਂ ਅਖਬਾਰਾਂ ਕਿਹੜਾ ਹਵਾਈ ਜਹਾਜ ਨਾਲ ਵੰਡਣੀਆਂ ਸੀ, ਜੇ ਅਖਬਾਰ ਵਾਲੀ ਗੱਡੀ ਹੀ ਨਾ ਇਲਾਕੇ ‘ਚ ਪਹੁੰਚੀ ਤਾਂ ਜਾਨ ‘ਤੇ ਖੇਡ ਕੇ ਛਪਾਈ ਖਬਰ ਦਾ ਕੀ ਫਾਇਦਾ? ਮਨ ਏਨਾ ਉਦਾਸ ਤੇ ਚਿੰਤਾਤੁਰ ਹੋ ਰਿਹਾ ਸੀ, ਕਿਹੜੇ ਪੰਗੇ ਵਿਚ ਫਸ ਗਿਆਂ ਕਿ ਮੌਤ ਸਿਰ ਨੂੰ ਚੜ੍ਹ ਆਈ ਆ?
ਮੈਨੂੰ ਯਾਦ ਆ ਰਿਹਾ ਸੀ ਕਿ ਇਕ ਵਾਰ ਇਕ ਵਜ਼ੀਰ ਸਾਹੋ ਸਾਹੀ ਹੋਇਆ ਬਾਦਸ਼ਾਹ ਕੋਲ ਗਿਆ ਤੇ ਉਹਨੂੰ ਕਹਿੰਦਾ, “ਆਪਣਾ ਸਭ ਤੋਂ ਤੇਜ਼ ਵਤਨੀ ਘੋੜਾ ਮੈਨੂੰ ਦਿਓ।” ਬਾਦਸ਼ਾਹ ਨੇ ਪੁੱਛਿਆ, “ਗੱਲ ਕੀ ਹੈ, ਤੂੰ ਏਨਾ ਡਰਿਆ ਹੋਇਆ ਕਿਉਂ ਆਂ?” ਆਂਹਦਾ, “ਜੀ ਪੁੱਛੋ ਨਾ। ਰਸਤੇ ‘ਚ ਜਮਦੂਤ ਖੜ੍ਹਾ ਸੀ, ਉਹ ਮੈਨੂੰ ਆਂਹਦਾ, ਅੱਜ ਤਾਂ ਮੈ ਤੈਨੂੰ ਮਿਲਣਾ ਸੀ, ਮੈਂ ਉਸ ਤੋਂ ਬਚਣ ਲਈ ਉਸ ਤੋਂ ਦੂਰ ਭੱਜਣਾ ਚਾਹੁੰਦਾ ਹਾਂ।” ਬਾਦਸ਼ਾਹ ਨੇ ਘੋੜਾ ਦੇ ਦਿੱਤਾ ਤੇ ਉਹ ਰਾਤੋ ਰਾਤ ਦੂਜੇ ਸ਼ਹਿਰ ਬਗਦਾਦ ਤੋਂ ਬਸਰਾ ਪਹੁੰਚ ਗਿਆ। ਸ਼ਾਮ ਨੂੰ ਬਾਦਸ਼ਾਹ ਉਸੇ ਰਸਤੇ ਨਿਕਲਿਆ। ਜਮਦੂਤ ਉਥੇ ਖੜ੍ਹਾ ਸੀ। ਬਾਦਸ਼ਾਹ ਨੇ ਉਸ ਨੂੰ ਪੁੱਛਿਆ, “ਤੂੰ ਮੇਰੇ ਵਜ਼ੀਰ ਨੂੰ ਕਿਉਂ ਡਰਾਇਆ?” ਜਮਦੂਤ ਕਹਿਣ ਲੱਗਾ, “ਮਹਾਰਾਜ ਮੈਂ ਤਾਂ ਉਸ ਨੂੰ ਸਿਰਫ ਏਨਾ ਕਿਹਾ ਸੀ ਕਿ ਤੂੰ ਬਗਦਾਦ ‘ਚ ਤੁਰਿਆਂ ਫਿਰਦਾਂ ਮੈਂ ਤਾਂ ਤੈਨੂੰ ਬਸਰੇ ਮਿਲਣਾ ਸੀ।” ਬਾਦਸ਼ਾਹ ਨੇ ਮੱਥੇ ‘ਤੇ ਹੱਥ ਮਾਰਿਆ ਕਿ ਗਿਆ ਮੇਰਾ ਵਜ਼ੀਰ। ਮੈਨੂੰ ਵੀ ਏਦਾਂ ਲੱਗਣ ਲੱਗ ਪਿਆ ਸੀ ਕਿ ਮੈਂ ਪਿੰਡ ਛੱਡ ਕੇ ਜਲੰਧਰ ਆ ਗਿਆ ਹਾਂ ਤੇ ਜਮਦੂਤ ਨੇ ਮੈਨੂੰ ਚਹੇੜੂ ਵਾਲੇ ਪੁਲ ‘ਤੇ ਟੱਕਰਨਾ ਸੀ।
ਰੱਬ ਸਬੱਬੀਂ ਤਿੰਨ ਚਾਰ ਘੰਟੇ ਪਿਛੋਂ ਬੱਸਾਂ ਤੁਰ ਪਈਆਂ। ਅੱਧੇ ਘੰਟੇ ਦਾ ਸਫਰ ਦੋ ਘੰਟੇ ‘ਚ ਮੁੱਕਿਆ। ਬੱਸ ਕਈ ਥਾਂ ਰੁੜ੍ਹਨ ਤੋਂ ਬਚੀ। ਜਦੋਂ ਬੰਗਾ ਬੱਸ ਅੱਡਾ ‘ਤੇ ਉਤਰਿਆ ਤਾਂ ਏਦਾਂ ਲੱਗਦਾ ਸੀ ਜਿੱਦਾਂ ਕਿਸੇ ਸਮੁੰਦਰੀ ਟਾਪੂ ‘ਤੇ ਉਤਰ ਆਇਆ ਹੋਵਾਂ। ਬੰਗਿਆਂ ਨੂੰ ਜਾਣ ਵਾਲਿਆਂ ਨੂੰ ਪਤਾ ਕਿ ਬੱਸ ਅੱਡੇ ਤੋਂ ਬਾਹਰ ਇਕ ਲੱਖਪੁਰੀ ਮਾਰਕੀਟ ਹੈ। ਉਹਦੇ ‘ਚ ਇਕ ਕਮਰੇ ਤੋਂ ਇਕ ਆੜ੍ਹਤੀਆ ਪਿਆਜ ਦੀਆਂ ਬੋਰੀਆਂ ਚੁਕਾ ਰਿਹਾ ਸੀ। ਰਾਤ ਦੇ ਨੌਂ ਵਜੇ ਪਿੰਡ ਨੂੰ ਜਾਣ ਦਾ ਕੋਈ ਸਾਧਨ ਨਹੀਂ ਸੀ। ਅੱਧਾ ਕਿਲੋਮੀਟਰ ਤੱਕ ਦਲੀਪ ਦੇ ਘਰ ਵੀ ਪਹੁੰਚ ਨਹੀਂ ਸੀ ਸਕਦਾ। ਮੈਂ ਉਸ ਆੜ੍ਹਤੀਏ ਨੂੰ ਕਿਹਾ, ਭਰਾਵਾ ਮੇਰਾ ਕੋਈ ਹੀਲਾ ਕਰ। ਉਹ ਘਰ ਲੈਜਾਣ ਨੂੰ ਤਾਂ ਨਾ ਮੰਨਿਆ ਪਰ ਕਹਿੰਦਾ ਕਿ ਇਨ੍ਹਾਂ ਬੋਰੀਆਂ ‘ਤੇ ਰਾਤ ਕੱਟ ਲੈ ਸਵੇਰ ਨੂੰ ਚਲਾ ਜਾਵੀਂ। ਢਿੱਡ ਭੁੱਖਾ, ਪਾਣੀ ਦੀ ਬੂੰਦ ਪੀਣ ਨੂੰ ਨਾ ਮਿਲੇ। ਪਰ ਮੈਂ ਸ਼ਟਰ ਸੁੱਟ ਕੇ ਅੰਦਰ ਬੈਠ ਗਿਆ। ਮਾੜੀ ਕਿਸਮਤ ਕਿ ਸ਼ਟਰ ਬੰਦ ਹੋਣ ਨਾਲ ਪਿਆਜ ਦਾ ਮੁਸ਼ਕ ਐਨਾ ਚੜ੍ਹਿਆ ਕਿ ਮੈਨੂੰ ਸਾਹ ਨਾ ਆਵੇ, ਜੇ ਸ਼ਟਰ ਚੁੱਕਾਂ ਤਾਂ ਠੰਡ ਬਹੁਤ ਲੱਗੇ। ਮੇਰੇ ਤੇ ਕਹਾਵਤ ਇੰਨ ਬਿੰਨ ਲਾਗੂ ਹੁੰਦੀ ਸੀ ਕਿ ‘ਅੱਗੇ ਟੋਇਆ ਪਿੱਛੇ ਖਾਈ।’ ਮੈਂ ਤੜਕੇ ਜਿਹੇ ਸ਼ਟਰ ਸੁੱਟ ਹੀ ਲਿਆ, ਮਨ ‘ਚ ਇਹ ਧਾਰ ਕੇ ਕਿ ਹੜ੍ਹ ਦੇ ਪਾਣੀ ਤੋਂ ਤਾਂ ਬਚ ਗਿਆ ਸੀ, ਹੁਣ ਸਾਹ ਘੁੱਟਣ ਨਾਲ ਮਰਾਂਗਾਂ।
ਖੈਰ! ਰੱਬ ਬਹੁੜਿਆ, ਔਖੇ ਸੌਖੇ ਸਾਹ ਲੈਂਦਿਆਂ ਦਿਨ ਚੜ੍ਹ ਹੀ ਗਿਆ। ਸਵੇਰੇ ਗਿਣਵੇਂ ਚੁਣਵੇਂ ਬੰਦੇ ਮਿਲਣ ਲੱਗੇ। ਕੋਈ ਕਹੇ, ਪਈ ਮਾਹਲ ਗਹਿਲਾਂ ਕੋਲ ਚਿੱਟੀ ਬੇਈਂ ‘ਤੇ ਏਨਾ ਪਾਣੀ ਐ, ਬਈ ਸੱਤ ਅੱਠ ਲਾਸ਼ਾਂ ਤਰਦੀਆਂ ਫਿਰਦੀਆਂ। ਕੋਈ ਕਹੇ, ਨੌਰੇ ਵੱਲ ਦੀ ਬਿਲਕੁਲ ਨਾ ਜਾਈਂ ਉਥੇ ਬੰਦਿਆਂ ਨਾਲੋਂ ਪਸੂ ਵੱਧ ਤਰਦੇ ਜਾਂਦੇ ਦਿਸਦੇ ਆ। ਮੈਨੂੰ ਪਤਾ ਸੀ ਕਿ ਮੇਰੇ ਘਰਦਿਆਂ ਦਾ ਸਾਹ ਸੁਕਿਆ ਹੋਵੇਗਾ, ਕਿਉਂਕਿ ਨਾ ਕੋਈ ਟੈਲੀਫੋਨ, ਨਾ ਕੋਈ ਹੋਰ ਸਾਧਨ, ਤੇ ਮਾਂ ਦਾ ਉਹ ਰੋਕਣ ਵਾਲਾ ਸਵਾਲ ਕਿ ‘ਪੁੱਤ ਨਾ ਜਾ, ਹੜ੍ਹ ਆਇਆ ਹੋਇਆ, ਕਿਤੇ ਜਿਉਂਦਿਆਂ ਦੀਆਂ ਖਬਰਾਂ ਲਾ ਲਈਂ, ਮੋਇਆਂ ਦੀਆਂ ਰਹਿਣ ਦੇ।’ ਪਰ ਬਿਪਤਾ ‘ਚ ਜਦੋਂ ਬੰਦੇ ਨੇ ਆਪ ਹੀ ਪੈਰ ਫਸਾਏ ਹੋਣ ਤਾਂ ਕੱਢੇ ਕੌਣ? ਸੋਲਾਂ ਸਤਾਰਾਂ ਘੰਟਿਆਂ ਦਾ ਭੁੱਖਾ ਤੇ ਤ੍ਰਿਹਾਇਆ ਪੈਦਲ ਹੀ ਪਿੰਡ ਨੂੰ ਤੁਰ ਪਿਆ। ਤੁਰ ਇਸ ਕਰਕੇ ਪਿਆ ਕਿ ਸਾਡੇ ਪਿੰਡ ਦਾ ਜਿਗਰੇ ਵਾਲਾ ਬੰਦਾ ਮੈਨੂੰ ਟੱਕਰ ਪਿਆ ਸੀ, ਜੋ ਹਸਪਤਾਲ ਕਿਸੇ ਦੀ ਬਿਮਾਰ ਦੀ ਖਬਰ ਲੈਣ ਰਾਤ ਦਾ ਆਇਆ ਹੋਇਆ ਸੀ। ਚੌਵੀਂ ਘੰਟਿਆਂ ਬਾਅਦ ਜਦੋਂ ਘਰ ਪਹੁੰਚਿਆ ਤਾਂ ਮਾਂ ਦਾ ਰੋ ਰੋ ਬੁਰਾ ਹਾਲ ਸੀ, ਤੇ ਸਾਰੇ ਆਸ ਮੁਕਾ ਕੇ ਬੈਠੇ ਸਨ ਕਿ ਸਾਡਾ ਮੁੰਡਾ ਹੜ੍ਹ ‘ਚ ਰੁੜ੍ਹ ਗਿਆ। ਦੋ ਚਾਰ ਬੰਦੇ ਮਾਂ ਨੂੰ ਦਿਲਬਰੀ ਦੇ ਰਹੇ ਸਨ ਕਿ ਇਹਨੂੰ ਕਹੋ ਬੰਦਿਆਂ ਵਾਲਾ ਕੰਮ ਕਰੇ, ਇਹ ਕਿਹੜੀਆਂ ਖਬਰਾਂ ਖੁਬਰਾਂ ਦੇ ਯੱਬ ‘ਚ ਫਸਿਆ ਹੋਇਆ ਐ, ਇਹਦੀ ਕਿਤੇ ਆਪਣੀ ਖਬਰ ਈ ਨਾ ਬਣ’ਜੇ।
ਕਮਾਲ ਇਹ ਸੀ ਕਿ ਸਾਡੇ ਪਿੰਡ ਇਕ ਡੇਰਾ ਆ, ਜਿੱਥੋਂ ਕੋਈ ਗੁਆਂਢੀ ਪਿੰਡ ਦਾ ਬੰਦਾ ਹੜ੍ਹ ‘ਚ ਭੁੱਕੀ ਲੈਣ ਆਇਆ ਰੁੜ੍ਹ ਕੇ ਮਰ ਗਿਆ, ਪਰ ਮੈਂ ਮਰਦਾ ਮਰਦਾ ਬਚ ਗਿਆ।
ਕਿਸੇ ਤਰ੍ਹਾਂ ਅਖਬਾਰ ਮੰਗਵਾਈ ਤਾਂ ਵੇਖਿਆ ਕਿ ਖਬਰ ‘ਅਜੀਤ’ ਦੇ ਪਹਿਲੇ ਪੰਨੇ ‘ਤੇ ਛਪ ਗਈ ਸੀ।
ਭਲਿਆਂ ਵੇਲਿਆਂ ‘ਚ ਸਿਨਮਾ ਖਿੜਕੀ ‘ਤੇ ਕਈ ਫਿਲਮਾਂ ਦੀਆਂ ਬਲੈਕ ਟਿਕਟਾਂ ਵਿਕਦੀਆਂ ਸਨ, ਦਲਾਲ ਘੁੰਮਦੇ ਹੁੰਦੇ ਸਨ ਤੇ ਕਈ ਬੰਦੇ ਪੂਰੇ ਰੇਟ ਵਾਲੀ ਲਾਈਨ ‘ਚ ਲੱਗ ਕੇ ਟਿਕਟ ਤਾਂ ਲੈ ਲੈਂਦੇ ਸਨ, ਪਰ ਕੀਮਤੀ ਝੱਗਾ ਪੜਵਾ ਲੈਂਦੇ ਸਨ। ਮੈਨੂੰ ਲੱਗਦਾ ਸੀ ਕਿ ਮੈਂ ਪੈਂਟ ਤੇ ਝੱਗਾ-ਦੋਵੇਂ ਪੜਵਾ ਲਏ ਸਨ।
ਮੈਨੂੰ ਇਹ ਦੁਖਾਂਤ ਜਦੋਂ ਕਦੇ ਵੀ ਯਾਦ ਆਉਂਦਾ ਹੈ ਤਾਂ ਸੁੰਗੜ ਵੀ ਜਾਂਦਾ ਹਾਂ, ਨੱਕ ਵੀ ਬੰਦ ਕਰਦਾ ਹਾਂ, ਹੱਸ ਵੀ ਲੈਂਦਾ ਹਾਂ ਤੇ ਇਹ ਵੀ ਸੋਚਦਾ ਹਾਂ ਕਿ ਪੱਤਰਕਾਰੀ ਦੇ ਇਹ ਵੀ ਦਿਨ ਸਨ ਕਦੇ।