‘ਆਦਿ ਬੀੜ’ ਕਿਵੇਂ ਬਣੀ?

ਕਸ਼ਮੀਰਾ ਸਿੰਘ (ਪ੍ਰੋæ)
ਫੋਨ: 801-414-0171
ਸੰਨ 1604 ਈਸਵੀ (ਭਾਦਉਂ ਵਦੀ 1 ਸੰਮਤ 1661) ਵਿਚ ਗੁਰੂ ਅਰਜਨ ਦੇਵ ਨੇ ‘ਪੋਥੀ’ ਸਾਹਿਬ ਦੀ ਰਚਨਾ ਕੀਤੀ ਅਤੇ ਪਹਿਲਾ ਪ੍ਰਕਾਸ਼ ਭਾਦਉਂ ਸੁਦੀ 1, ਸੰਮਤ 1661 ਨੂੰ ਦਰਬਾਰ ਸਾਹਿਬ ਵਿਚ ਕਰ ਦਿੱਤਾ ਗਿਆ। ‘ਪੋਥੀ’ ਨਾਂ ਭਾਈ ਗੁਰਦਾਸ ਵਲੋਂ ਲਿਖੇ ‘ਪੋਥੀ ਲਿਖਿ ਪਹੁੰਚੇ’ ਵਾਕ ਅੰਸ਼ ਤੋਂ ਸਪੱਸ਼ਟ ਹੈ। ‘ਪੋਥੀ’ ਸਾਹਿਬ ਨੂੰ ‘ਆਦਿ ਬੀੜ’ ਵੀ ਕਿਹਾ ਜਾਣ ਲੱਗ ਪਿਆ ਹੈ। ਚੌਂਤੀ ਬਾਣੀਕਾਰਾਂ ਦੀ ਰਚੀ ਬਾਣੀ ਨੂੰ ਇੱਕੋ ਜਿਲਦ ਵਿਚ ਲਿਖਣ ਦੀ ਸੇਵਾ ਭਾਈ ਗੁਰਦਾਸ ਨੇ ਪੰਜਵੇਂ ਗੁਰੂ ਜੀ ਦੀ ਦੇਖ-ਰੇਖ ਹੇਠ ਰਾਮਸਰ ਦੇ ਅਸਥਾਨ ‘ਤੇ ਅੰਮ੍ਰਿਤਸਰ ਵਿਚ ਸੰਪੂਰਨ ਕੀਤੀ। ਭਾਈ ਬੰਨੋ ਵਾਲੀ ਬੀੜ ਵੀ ਉਸੇ ਸਮੇਂ ਤਿਆਰ ਕੀਤੀ ਗਈ, ਜਿਸ ਨੂੰ ਲਿਖਣ ਲਈ 12 ਲਿਖਾਰੀ ਲਾਏ ਗਏ।

ਕੁਝ ਪੁਰਾਤਨ ਗ੍ਰੰਥਾਂ ਵਿਚ ਲਿਖਿਆ ਹੈ ਕਿ ਬਾਣੀ ਦਾ ਸਾਰਾ ਭੰਡਾਰ ਪੰਜਵੇਂ ਗੁਰੂ ਜੀ ਕੋਲ ਨਹੀਂ ਸੀ। ਇਹ ਗ੍ਰੰਥ ਹਨ-‘ਸੂਰਜ ਪ੍ਰਕਾਸ਼’, ਕ੍ਰਿਤ ਕਵੀ ਸੰਤੋਖ ਸਿੰਘ ਨਿਰਮਲਾ; ‘ਗੁਰਬਿਲਾਸ ਪਾਤਿਸ਼ਾਹੀ 6’, ਲਿਖਾਰੀ ਦਾ ਨਾਂ ਨਹੀਂ; ਅਤੇ ‘ਤਵਾਰੀਖ ਗੁਰੂ ਖਾਲਸਾ’, ਕ੍ਰਿਤ ਗਿਆਨੀ ਗਿਆਨ ਸਿੰਘ।
ਇਹ ਤਿੰਨੇ ਲਿਖਾਰੀ ਕਹਿੰਦੇ ਹਨ ਕਿ ਪੰਜਵੇਂ ਗੁਰੂ ਜੀ ਕੋਲ ਪਹਿਲੇ ਗੁਰੂ ਪਾਤਿਸ਼ਾਹਾਂ ਦੀ ਬਾਣੀ ਨਹੀਂ ਸੀ ਅਤੇ ਉਹ ਥਾਂ-ਥਾਂ ਖਿਲਰੀ ਪਈ ਸੀ। ਇਨ੍ਹਾਂ ਲਿਖਾਰੀਆਂ ਦੀ ਇਹ ਗੱਲ ਝੂਠ ਦਾ ਪੁਲੰਦਾ ਹੈ। ਕੋਈ ਕਵੀ ਆਪਣੀ ਕਵਿਤਾ ਲਿਖ ਕੇ ਗੁੰਮਾਉਂਦਾ ਨਹੀਂ। ਗੁਰਬਾਣੀ ਤਾਂ ਖਸਮ ਕੀ ਬਾਣੀ ਹੈ, ਜਿਸ ਨੂੰ ਕਿਵੇਂ ਗੁੰਮਾਇਆ ਜਾ ਸਕਦਾ ਸੀ? ਜੇ ਇਨ੍ਹਾਂ ਨੇ ਗੁਰਬਾਣੀ ਦੀ ਇਹ ਪੰਕਤੀ ਪੜ੍ਹੀ ਹੁੰਦੀ ਤਾਂ ਅਜਿਹਾ ਨਾ ਲਿਖਦੇ,
ਆਸਾ ਮਹਲਾ 5
ਹਮਾਰੀ ਪਿਆਰੀ ਅੰਮ੍ਰਿਤ ਧਾਰੀ
ਗੁਰਿ ਨਿਮਖ ਨ ਮਨ ਤੇ ਟਾਰੀ ਰੇ॥1॥ ਰਹਾਉ॥
ਗੁਰੂ ਪਾਤਿਸ਼ਾਹ ਤਾਂ ਆਖਦੇ ਹਨ ਕਿ ਗੁਰਬਾਣੀ ਏਨੀ ਪਿਆਰੀ ਸੀ ਕਿ ਇਸ ਨੂੰ ਨਿਮਖ ਭਰ ਲਈ ਵੀ ਦੂਰ ਨਹੀਂ ਕੀਤਾ ਗਿਆ; ਪਰ ਤਿੰਨੇ ਲਿਖਾਰੀ ਆਖਦੇ ਹਨ ਕਿ ਗੁਰਬਾਣੀ ਨੂੰ ਸੰਭਾਲਿਆ ਨਹੀਂ ਸੀ ਗਿਆ।
‘ਗੁਰਬਿਲਾਸ ਪਾਤਿਸ਼ਾਹੀ 6’ ਵਿਚ ਘੜੀ ਕਹਾਣੀ: ਇਸ ਗ੍ਰੰਥ ਵਿਚ ਇਸ ਦਾ ਰਚਨਾ ਕਾਲ ਸੰਨ 1718 ਲਿਖਿਆ ਹੈ, ਪਰ ਇਸ ਵਿਚ ਲਿਖੀਆਂ ਘਟਨਾਵਾਂ ਸੰਨ 1839 ਤਕ ਜਾਂਦੀਆਂ ਹਨ (ਆਰਕਾਈਵ ਡਾਟ ਓ ਆਰ ਜੀ, ਸੰਪਾਦਕ ਡਾæ ਗੁਰਮੁਖ ਸਿੰਘ)। ਇਸ ਗ੍ਰੰਥ ਨੇ ਭਾਈ ਮੋਹਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਲੀ ਕਹਾਣੀ ਘੜੀ, ਜਿਸ ਤੋਂ ਸਪੱਸ਼ਟ ਹੈ ਕਿ ਇਸ ਦੇ ਲਿਖਾਰੀ ਨੂੰ ਗੁਰਬਾਣੀ ਵਿਚ ਲਿਖੇ ‘ਮੋਹਨ’ ਸ਼ਬਦ ਦੇ ਅਰਥ ਦੀ ਕੋਈ ਸੂਝ-ਬੂਝ ਨਹੀਂ ਸੀ। ਇਕੱਲੀਆਂ ਦੋ ਪੋਥੀਆਂ ਦੀ ਗੁਰਬਾਣੀ ਨਾਲ ‘ਆਦਿ ਬੀੜ’ ਮੁਕੰਮਲ ਨਹੀਂ ਸੀ ਹੋ ਸਕਦੀ। ਸਿੱਖ ਇਤਿਹਾਸ ਨੂੰ ਵਿਗਾੜਨ ਵਿਚ ਇਸ ਗ੍ਰੰਥ ਨੇ ਬਹੁਤ ਹਿੱਸਾ ਪਾਇਆ ਹੈ, ਜਿਵੇਂ ਦਰਬਾਰ ਸਾਹਿਬ ਵਿਸ਼ਨੂੰ ਮੰਦਿਰ ਹੈ, ਭਾਈ ਬੁੱਢਾ ਜੀ ਦੇ ਵਰ ਨਾਲ ਮਾਤਾ ਗੰਗਾ ਜੀ ਦੇ ਪੇਟ ਵਿਚ ਉਸੇ ਸਮੇਂ ਹਵਾ ਭਰ ਗਈ, ਆਦਿ।
ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਸੰਨ 1843 ਵਿਚ ਮੁਕੰਮਲ ਕੀਤਾ। ਬਿਨਾ ਸੋਚੇ ਸਮਝੇ ਇਸ ਕਵੀ ਨੇ ‘ਗੁਰਬਿਲਾਸ ਪਾਤਿਸ਼ਾਹੀ 6’ ਵਾਲੀ ਭਾਈ ਮੋਹਨ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆਉਣ ਵਾਲੀ ਸਾਖੀ ਦੀ ਨਕਲ ਕਰ ਕੇ ਮਨਮੱਤ ਵਿਚ ਵਾਧਾ ਹੀ ਕੀਤਾ ਹੈ (ਇਸ ਗ੍ਰੰਥ ਵਿਚ ਕਵੀ ਸੰਤੋਖ ਸਿੰਘ ਨੇ ਹੋਰ ਵੀ ਕਈ ਮਨਮਤਾਂ ਕੀਤੀਆਂ ਹਨ ਜਿਵੇਂ-ਦਸਵੇਂ ਗੁਰੂ ਜੀ ਨੂੰ ਭੰਗ ਅਤੇ ਅਫੀਮ ਦਾ ਸੇਵਨ ਕਰਦੇ ਲਿਖਣਾ, ਦਸਵੇਂ ਗੁਰੂ ਜੀ ਤੋਂ ਖੰਡੇ ਦੀ ਪਾਹੁਲ ਤੋਂ ਪਹਿਲਾਂ ਕਈ ਮਹੀਨੇ ਦੁਰਗਾ ਮਾਈ ਪਾਰਬਤੀ ਕਾਲਕਾ ਦੀ ਪੂਜਾ ਕਰਵਾਉਣੀ ਅਤੇ ਦੇਵੀ ਦੇ ਦਰਸ਼ਨ ਕਰ ਕੇ ਉਸ ਤੋਂ ਕਰਦ ਅਤੇ ਬਰ ਪ੍ਰਾਪਤ ਕਰਨੇ ਆਦਿ)।
ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਵਲੋਂ ਭਾਈ ਮੋਹਨ ਤੋਂ ਚਾਰ ਗੁਰੂ ਪਾਤਿਸ਼ਾਹਾਂ ਦੀ ਬਾਣੀ ਲੈਣ ਜਾਣਾ ਤੇ ਨਿਰਾਸ਼ ਮੁੜਨਾ ਲਿਖਿਆ ਹੈ। ਪੰਜਵੇਂ ਗੁਰੂ ਜੀ ਵਲੋਂ ਭਾਈ ਮੋਹਨ ਦੀ ਸਿਫਤ ਕਰ ਕੇ ਪੋਥੀਆਂ ਲਿਆਉਣੀਆਂ ਲਿਖਿਆ ਹੈ। ਕਵੀ ਸੰਤੋਖ ਸਿੰਘ ਨੂੰ ਵੀ ਇਹ ਨਹੀਂ ਪਤਾ ਲੱਗਾ ਕਿ ਗੁਰਬਾਣੀ ਵਿਚ ‘ਮੋਹਨ’ ਸ਼ਬਦ ਦਾ ਅਰਥ ‘ਅਕਾਲ ਪੁਰਖ’ ਹੈ, ਨਾ ਕਿ ਭਾਈ ਮੋਹਨ। ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾæææ’ ਵਾਲੇ ਸ਼ਬਦ ਨੂੰ ਭਾਈ ਮੋਹਨ ਨਾਲ ਜੋੜਨਾ ਕਵੀ ਸੰਤੋਖ ਸਿੰਘ ਦੀ ਗੁਰਬਾਣੀ ਦੇ ਅਰਥਾਂ ਪੱਖੋਂ ਅਗਿਆਨਤਾ ਅਤੇ ਝੂਠੀ ਕਹਾਣੀ ਦੀ ਨਕਲ ਕਰਨ ਦੀ ਵੱਡੀ ਗਲਤੀ ਸੀ। ਇਸ ਨਕਲੀ ਕਹਾਣੀ ਨਾਲ ਸਬੰਧਤ ਗੁਰਬਾਣੀ ਦੇ ਸ਼ਬਦ ਦਾ ਜੋੜਿਆ ਇੱਕ ਬੰਦ,
ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ॥
ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ॥
ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ॥
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ॥
ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ॥
ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ॥
(ਗੁਰੂ ਗ੍ਰੰਥ ਸਾਹਿਬ, ਪੰਨਾ 248)
ਗੁਰਬਾਣੀ ਵਿਚ ‘ਮੋਹਨ’ ਸ਼ਬਦ 30 ਵਾਰੀ, ‘ਮੋਹਨੁ’ 7 ਵਾਰੀ, ‘ਮੋਹਨਾ’ 2 ਵਾਰੀ ਅਤੇ ‘ਮੋਹਨਿਆ’ ਇਕ ਵਾਰੀ ਵਰਤਿਆ ਗਿਆ ਹੈ। ਕੁਝ ਪ੍ਰਮਾਣ ਦੇਖੋ,
ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ॥ (ਪੰਨਾ 215)

ਮੋਹਨ ਲਾਲ ਅਨੂਪ ਸਰਬ ਸਾਧਾਰੀਆ॥ (ਪੰਨਾ 241)

ਕਹੁ ਨਾਨਕ ਛੰਤ ਦਇਆਲ ਮੋਹਨ ਕੇ
ਮਨ ਹਰਿ ਚਰਣ ਗਹੀਜੈ
ਐਸੀ ਮਨ ਪ੍ਰੀਤਿ ਕੀਜੈ॥ (ਪੰਨਾ 455)

ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ॥ (ਪੰਨਾ 534)

ਦੇਵਗੰਧਾਰੀ 5
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ॥
ਅਤਿ ਸੁੰਦਰ ਮਨਮੋਹਨ ਪਿਆਰੇ
ਸਭਹੂ ਮਧਿ ਨਿਰਾਰੇ॥1॥ ਰਹਾਉ॥ (ਪੰਨਾ 534)
ਉਕਤ ਪੰਜਾਂ ਪ੍ਰਮਾਣਾਂ ਵਿਚੋਂ ਪਹਿਲੇ ਪ੍ਰਮਾਣ ਵਿਚ ‘ਮੋਹਨ’ ਸ਼ਬਦ ਦਾ ਅਰਥ ਮਨ ਨੂੰ ਮੋਹ ਲੈਣ ਵਾਲੇ ਰੰਗ ਤਮਾਸ਼ੇ ਅਤੇ ਬਾਕੀ ਪ੍ਰਮਾਣਾਂ ਵਿਚ ‘ਮੋਹਨ’ ਸ਼ਬਦ ਦਾ ਅਰਥ ਅਕਾਲ ਪੁਰਖ ਹੈ। ਕਿਤੇ ਵੀ ‘ਮੋਹਨ’ ਦਾ ਅਰਥ ਭਾਈ ਮੋਹਨ ਨਹੀਂ ਹੈ।
‘ਤਵਾਰੀਖ ਖਾਲਸਾ’ ਵਿਚ ਬਾਣੀ ਇਕੱਠੀ ਕਰਨ ਬਾਰੇ ਕੀ ਲਿਖਿਆ ਹੈ?: ਗਿਆਨੀ ਗਿਆਨ ਸਿੰਘ ਦਾ ਜੀਵਨ ਕਾਲ ਸੰਨ 1822 ਤੋਂ 1921 ਤਕ ਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਲਿਖਾਰੀ ਨੇ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਵਿਚ ਦਿੱਤੀ ਜਾਣਕਾਰੀ ਜ਼ਰੂਰ ਪੜ੍ਹੀ ਹੋਵੇਗੀ। ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਵਿਚ ਕਵੀਆਂ ਨੇ ਕੇਵਲ ਭਾਈ ਮੋਹਨ ਤੋਂ ਹੀ ਪੋਥੀਆਂ ਲੈਣ ਉਤੇ ਜ਼ੋਰ ਦਿੱਤਾ ਹੈ ਅਤੇ ਭਗਤ ਬਾਣੀ ਪ੍ਰਾਪਤ ਕਰਨ ਬਾਰੇ ਕੁਝ ਨਹੀਂ ਲਿਖਿਆ। ‘ਤਵਾਰੀਖ ਖਾਲਸਾ’ ਵਿਚ ਲਿਖਿਆ ਹੈ ਕਿ ਭਾਈ ਮੋਹਨ ਵਾਲੀਆਂ ਪੋਥੀਆਂ ਵਿਚ ਬਹੁਤ ਥੋੜ੍ਹੀ ਬਾਣੀ ਸੀ ਅਤੇ ਇਹ ਲਿਖ ਕੇ ਉਸ ਨੇ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਦੀ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ ਪੋਥੀਆਂ ਵਿਚ ਹੀ ਸਾਰੀ ਬਾਣੀ ਸੀ।
‘ਤਵਾਰੀਖ ਖਾਲਸਾ’ ਦੀ ਵੱਖਰੀ ਮਨਮਤੀ ਕਾਢ: ਤਵਾਰੀਖ (ਤਾਰੀਖ ਸ਼ਬਦ ਦਾ ਬਹੁ-ਵਚਨ) ਦਾ ਅਰਥ ਹੈ, ਤਾਰੀਖਵਾਰ ਲਿਖੀ ਹੋਈ ਰਚਨਾ। ਗਿਆਨੀ ਗਿਆਨ ਸਿੰਘ ਨੇ ਭਾਈ ਮੋਹਨ ਤੋਂ ਪੋਥੀਆਂ ਲੈਣ ਤੋਂ ਬਿਨਾ ਇਹ ਵੀ ਲਿਖਿਆ ਹੈ ਕਿ ਪੰਜਵੇਂ ਗੁਰੂ ਜੀ ਨੇ ਦੂਰ-ਦੁਰਾਡੇ ਸਿੱਖ ਸੰਗਤਾਂ ਨੂੰ ਸੁਨੇਹੇ ਭੇਜੇ ਕਿ ਜਿੱਥੇ ਕਿਤੇ ਵੀ ਕੋਈ ਗੁਰਬਾਣੀ ਦਾ ਸ਼ਬਦ ਕਿਸੇ ਕੋਲ ਪਿਆ ਹੈ, ਉਹ ਉਨ੍ਹਾਂ ਕੋਲ ਪਹੁੰਚਾ ਦੇਣ। ‘ਤਵਾਰੀਖ ਖਾਲਸਾ’ ਵਿਚ ਲਿਖਿਆ ਹੈ ਕਿ ਇਸ ਕੰਮ ਨੂੰ ਕਈ ਸਾਲ ਲੱਗ ਗਏ।
ਗਿਆਨੀ ਗਿਆਨ ਸਿੰਘ ਦੀ ਸੋਚ ਉਤੇ ਅਫਸੋਸ ਹੈ ਕਿ ਉਨ੍ਹਾਂ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਦੇ ਲਿਖਾਰੀਆਂ ਦੀ ਗੁਰਬਾਣੀ ਦੀ ਮਹਾਨਤਾ ਪੱਖੋਂ ਆਪਣੀ ਅਗਿਆਨਤਾ ਵੱਧ ਦਿਖਾਈ ਹੈ।
‘ਤਵਾਰੀਖ ਖਾਲਸਾ’ ਦਾ ਲਿਖਾਰੀ ਵੱਡੀ ਗੱਪ ਮਾਰਦਾ ਲਿਖਦਾ ਹੈ ਕਿ ਬਖਤਾ ਅਰੋੜਾ ਨਾਂ ਦਾ ਇੱਕ ਸਿੱਖ ਪੰਜਵੇਂ ਗੁਰੂ ਜੀ ਕੋਲ ਇੱਕ ਗ੍ਰੰਥ ਲੈ ਕੇ ਆਇਆ, ਜਿਸ ਨੂੰ ਬਹੁਤ ਭਾਰਾ ਹੋਣ ਕਾਰਨ ਇੱਕ ਬੰਦਾ ਮਸਾਂ ਹੀ ਚੁੱਕ ਸਕਦਾ ਸੀ। ਅੱਗੇ ਉਹ ਲਿਖਦਾ ਹੈ ਕਿ ਇਸ ਗ੍ਰੰਥ ਵਿਚ ਬਾਣੀ ਵੀ ਚਹੁੰ ਗੁਰੂ ਪਾਤਿਸ਼ਾਹਾਂ ਦੀ ਸੀ ਅਤੇ ਬਖਤਾ ਆਪ ਪਹਿਲੇ ਗੁਰੂ ਜੀ ਤੋਂ ਲੈ ਕੇ ਚੌਥੇ ਗੁਰੂ ਜੀ ਦੇ ਹਜ਼ੂਰ ਰਹਿ ਕੇ ਬਾਣੀ ਦਾ ਉਤਾਰਾ ਕਰਦਾ ਰਿਹਾ ਤੇ ਗੁਰੂ ਪਾਤਿਸ਼ਾਹਾਂ ਤੋਂ ਦਸਤਖਤ ਵੀ ਕਰਵਾਉਂਦਾ ਰਿਹਾ। ਇਹ ਸਿੱਖ ਬਖਤਾ ਅਰੋੜਾ ਜਲਾਲਪੁਰੀ ਪਰਗਨੇ ਹਸਨ ਅਬਦਾਲ ਤੋਂ ਪੋਥਾ ਲਿਆਇਆ ਦੱਸਿਆ ਗਿਆ ਹੈ। ਲਿਖਾਰੀ ਲਿਖਦਾ ਹੈ ਕਿ ਬਖਤੇ ਵਾਲੇ ਪੋਥੇ ਵਿਚੋਂ ਜੋ ਬਾਣੀ ਗੁਰੂ ਜੀ ਨੇ ਲਿਖਣੀ ਚਾਹੀ, ਉਹ ਲਿਖ ਕੇ ਪੋਥਾ ਉਸ ਨੂੰ ਵਾਪਸ ਮੋੜ ਦਿੱਤਾ।
ਭਾਈ ਬਖਤੇ ਵਾਲੀ ਕਹਾਣੀ ਦਾ ਕੋਈ ਆਧਾਰ ਨਹੀਂ ਹੈ। ਕਾਰਨ ਇਹ ਹਨ,
1æ ਭਾਈ ਬਖਤਾ ਜੇ 25 ਸਾਲ ਦੀ ਉਮਰੇ ਪਹਿਲੇ ਗੁਰੂ ਜੀ ਦੀਆਂ ਇਤਿਹਾਸਕ ਫੇਰੀਆਂ ਤੋਂ ਪਿੱਛੋਂ ਕਰਤਾਰਪੁਰ ਆਇਆ ਮੰਨਿਆ ਜਾਵੇ ਤਾਂ ਉਸ ਦੀ ਉਮਰ ਆਦਿ ਬੀੜ ਦੀ ਲਿਖਾਈ ਸੰਨ 1604 ਸਮੇਂ 108 ਸਾਲ ਦੀ ਬਣਦੀ ਹੈ, ਜਿਸ ਵਿਚੋਂ ਉਸ ਨੇ 83 ਸਾਲ ਪਹਿਲੇ 4 ਗੁਰੂ ਪਾਤਿਸ਼ਾਹਾਂ ਦੇ ਹਜ਼ੂਰ ਬਾਣੀ ਦੇ ਉਤਾਰੇ ਕਰਨ ਵਿਚ ਬਿਤਾਏ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਸਿੱਖਾਂ ਦੇ ਨਾਂਵਾਂ ਦਾ ਜ਼ਿਕਰ ਕਰਦਿਆਂ ਕਿਤੇ ਬਖਤੇ ਦਾ ਨਾਂ ਨਹੀਂ ਲਿਖਿਆ ਅਤੇ ਨਾ ਹੀ ਏਡੇ ਉਘੇ ਅਖੌਤੀ ਦਰਸ਼ਨੀ ਸਿੱਖ ਦਾ ਜ਼ਿਕਰ ਤਵਾਰੀਖ ਦੇ ਲਿਖਾਰੀ ਤੋਂ ਬਿਨਾ ਕਿਸੇ ਹੋਰ ਨੇ ਆਪਣੀਆਂ ਲਿਖਤਾਂ ਵਿਚ ਕੀਤਾ ਹੈ।
2æ ਭਾਈ ਬਖਤਾ ਪਹਿਲੇ 4 ਗੁਰੂ ਪਾਤਿਸ਼ਾਹਾਂ ਦੀ ਬਾਣੀ ਤਾਂ ਆਪ ਜਾ ਕੇ ਕਾਗਜ਼ਾਂ ਉਤੇ ਉਤਾਰਦਾ ਰਿਹਾ, ਪਰ ਪੰਜਵੇਂ ਗੁਰੂ ਜੀ ਕੋਲ ਬਾਣੀ ਦਾ ਉਤਾਰਾ ਕਰਨ ਉਹ ਕਿਉਂ ਨਹੀਂ ਆਇਆ? ਕੀ ਉਸ ਦਾ ਬਾਣੀ ਦੇ ਉਤਾਰੇ ਕਰਨ ਦਾ ਚਾਅ ਮੁੱਕ ਗਿਆ ਸੀ? ਕੀ ਉਸ ਨੂੰ ਪੰਜਵੇਂ ਗੁਰੂ ਜੀ ਦੀ ਬਾਣੀ ਨਾਲ ਕੋਈ ਪਿਆਰ ਨਹੀਂ ਸੀ?
3æ ਗੁਰੂ ਨਾਨਕ ਸਾਹਿਬ ਤਾਂ ਇਤਿਹਾਸਕ ਫੇਰੀਆਂ ਤੋਂ ਪਿੱਛੋਂ ਵੀ ਦੂਰ-ਨੇੜੇ ਸਤਿਨਾਮ ਦਾ ਉਪਦੇਸ਼ ਦੇਣ ਜਾਂਦੇ ਰਹੇ, ਪਰ ਬਖਤੇ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ ਕਿ ਉਹ ਵੀ ਨਾਲ ਜਾਂਦਾ ਹੁੰਦਾ ਸੀ। ਕੇਵਲ ਭਾਈ ਮਰਦਾਨੇ ਦਾ ਹੀ ਹਰ ਥਾਂ ਗੁਰੂ ਜੀ ਦਾ ਸਾਥੀ ਬਣਨ ਦਾ ਜ਼ਿਕਰ ਹੈ।
4æ ਜੇ ਬਾਣੀ ਖਿਲਰੀ ਪਈ ਸੀ ਅਤੇ ਗੁਰੂ ਜੀ ਆਪਣੇ ਕੋਲ ਲਿਖ ਕੇ ਨਹੀਂ ਸਨ ਰੱਖਦੇ ਤਾਂ ਭਾਈ ਬਖਤੇ ਨੇ ਉਹ ਬਾਣੀ ਕਿੱਥੋਂ ਉਤਾਰੀ, ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਇਤਿਹਾਸਕ ਸਫਰਾਂ ਸਮੇਂ ਲੋਕਾਂ ਨੂੰ ਸਮਝਾਉਣ ਲਈ ਗਾਈ ਸੀ?
5æ ਜੇ ਬਖਤੇ ਕੋਲ ਸਾਰੀ ਹੀ ਬਾਣੀ ਸੀ ਅਤੇ ਗੁਰੂ ਪਾਤਿਸ਼ਾਹਾਂ ਦੇ ਦਸਤਖਤ ਵੀ ਨਾਲ ਕਰਵਾਏ ਸਨ ਤਾਂ ਪੰਜਵੇਂ ਗੁਰੂ ਜੀ ਨੂੰ ਚੋਣਵੀਂ ਬਾਣੀ ਰੱਖ ਕੇ ਬਾਕੀ ਕਿਉਂ ਮੋੜਨੀ ਪਈ? ਕੀ ਬਾਕੀ ਮੋੜੀ ਬਾਣੀ ਨਕਲੀ ਇਕੱਠੀ ਕੀਤੀ ਹੋਈ ਸੀ?
ਸੋ, ਜਾਹਰ ਹੈ ਕਿ ਭਾਈ ਬਖਤੇ ਨੂੰ ‘ਤਵਾਰੀਖ ਖਾਲਸਾ’ ਦੇ ਲਿਖਾਰੀ ਨੇ ਇਸ ਲਈ ਸਿਰਜਿਆ ਕਿ ਉਹ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਵਿਚ ਲਿਖੇ ਤੱਥਾਂ ਤੋਂ ਕੋਈ ਵੱਖਰੀ ਗੱਲ ਲਿਖ ਸਕੇ। ‘ਤਵਾਰੀਖ ਖਾਲਸਾ’ ਦੇ ਲਿਖਾਰੀ ਨੇ ਸੋਚਿਆ ਕਿ ਭਾਈ ਮੋਹਨ ਤੋਂ ਲਿਆਂਦੀਆਂ ਦੋ ਪੋਥੀਆਂ ਤੋਂ ਤਾਂ ਐਡਾ ਵੱਡਾ ਗ੍ਰੰਥ (ਆਦਿ ਬੀੜ) ਨਹੀਂ ਤਿਆਰ ਹੋ ਸਕਦਾ ਤੇ ਕਿਉਂ ਨਾ ਬਾਣੀ ਨੂੰ ਖਿਲਰੀ ਸਮਝ ਕੇ ਉਸ ਨੂੰ ਇਕੱਠਾ ਕੀਤੇ ਜਾਣ ਦਾ ਢੋਂਗ ਰਚੀਏ। ਭਗਤ ਬਾਣੀ ਵੀ ਤਾਂ ਬੀੜ ਵਿਚ ਸ਼ਾਮਲ ਹੈ ਸੀ।
ਵਿਚਾਰ ਅਧੀਨ ਤਿੰਨਾਂ ਲਿਖਾਰੀਆਂ ਦੀਆਂ ਲਿਖਤਾਂ ਵਿਚ ਗੁਰਬਾਣੀ ਨੂੰ ਇਕੱਠਾ ਕਰਨ ਦੀ ਕਹਾਣੀ ਕੋਰਾ ਝੂਠ ਹੈ, ਜਿਸ ਤੋਂ ਲਿਖਾਰੀਆਂ ਦੀ ਗੁਰਬਾਣੀ ਦੀ ਮਹਾਨਤਾ ਪੱਖੋਂ ਘੋਰ ਅਗਿਆਨਤਾ ਨਜ਼ਰੀਂ ਪੈਂਦੀ ਹੈ। ਸਿੱਖਾਂ ਵਾਲੇ ਨਾਂ ਵਰਤ ਕੇ ਪੁਰਾਤਨ ਲਿਖਾਰੀਆਂ ਨੇ ਆਪਣੇ ਲਿਖੇ ਗ੍ਰੰਥਾਂ ਵਿਚ ਸਿੱਖਾਂ ਦਾ ਅਸਲੀ ਇਤਿਹਾਸ ਵਿਗਾੜ ਦਿੱਤਾ ਹੋਇਆ ਹੈ।