ਸੁਰਿੰਦਰ ਸਿੰਘ ਤੇਜ
ਕੌਣ ਸੀ ਜੋਸਾਇਆ ਹਾਰਲਨ? ਕੀ ਸੀ ਲਾਹੌਰ ਦਰਬਾਰ ਨਾਲ ਉਸ ਦਾ ਸਬੰਧ? ਬਲਭੱਦਰ ਕੁੰਵਰ ਨੇਪਾਲੀ ਸੀ; ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਉਸ ਦਾ ਰਿਸ਼ਤਾ ਕਿਵੇਂ ਜੁੜਿਆ? ਕਿਸ ਗੈਰ-ਪੰਜਾਬੀ ਦੀ ਸ਼ਹਾਦਤ ਨੇ ਅਕਾਲੀ ਫੂਲਾ ਸਿੰਘ ਨੂੰ ਪ੍ਰਭਾਵਿਤ ਕੀਤਾ? ਕੋਹਿਨੂਰ ਹੀਰਾ ਕਿਵੇਂ ਇਕ ਫਕੀਰ ਲਈ ਪੇਪਰਵੇਟ ਬਣਿਆ ਰਿਹਾ? ਕਿਸ ਫਰਾਂਸੀਸੀ ਜਰਨੈਲ ਦੀ ਮੌਤ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਛੁਪਾ ਕੇ ਰੱਖਿਆ ਗਿਆ?
ਇਨ੍ਹਾਂ ਸਾਰੇ ਰੌਚਕ ਸਵਾਲਾਂ ਦੇ ਓਨੇ ਹੀ ਰੌਚਕ ਜਵਾਬ ਪੇਸ਼ ਕਰਦੀ ਹੈ ਸਰਬਪ੍ਰੀਤ ਸਿੰਘ ਦੀ ਕਿਤਾਬ ‘ਦਿ ਕੈਮਲ ਮਰਚੈਂਟ ਆਫ ਫਿਲੇਡੈਲਫੀਆ’ (ਟਰੈਂਕੁਏਬਾਰ ਵੈਸਟਲੈਂਡ; 242 ਪੰਨੇ; 699 ਰੁਪਏ)। ਸਰਬਪ੍ਰੀਤ ਸਿੰਘ ਕਵੀ, ਲੇਖਕ ਤੇ ਪੌਡਕਾਸਟਰ ਹੈ। ਇਤਿਹਾਸਕਾਰ ਦੇ ਰੂਪ ਵਿਚ ਉਸ ਦੀਆਂ ਲਿਖਤਾਂ ਦਾ ਇਹ ਪਹਿਲਾ ਸੰਗ੍ਰਹਿ ਹੈ। ਉਸ ਦਾ ਬਾਲਪਣ ਸਿੱਕਿਮ ਵਿਚ ਗੁਜ਼ਰਿਆ। ਫਿਰ ਉਹ ਅਮਰੀਕਾ ਵਿਚ ਵਸ ਗਿਆ ਅਤੇ ਟੈਕਨਾਲੋਜੀ ਦੇ ਖੇਤਰ ਵਿਚ ਚੰਗਾ ਨਾਮ ਕਮਾਇਆ। ਗੁਰਮਤਿ ਸੰਗੀਤ ਪਰੰਪਰਾ ਦੀ ਸੰਭਾਲ ਸਬੰਧੀ ਪ੍ਰੋਜੈਕਟ ਦਾ ਉਹ ਸੰਸਥਾਪਕ ਹੈ। ਨਾਲ ਹੀ ‘ਹਫਿੰਗਟਨ ਪੋਸਟ’, ‘ਬੋਸਟਨ ਹੈਰਲਡ’ ਅਤੇ ਹੋਰ ਅਮਰੀਕੀ ਪ੍ਰਕਾਸ਼ਨਾਵਾਂ ਵਿਚ ਉਸ ਦੇ ਲੇਖ ਲਗਾਤਾਰ ਛਪਦੇ ਆ ਰਹੇ ਹਨ। ‘ਦਿ ਸਟੋਰੀ ਆਫ ਦਿ ਸਿੱਖਸ’ ਨਾਮ ਵਾਲਾ ਉਸ ਦਾ ਪੌਡਕਾਸਟ ਅੱਸੀ ਮੁਲਕਾਂ ਵਿਚ ਸੁਣਿਆ ਜਾਂਦਾ ਹੈ। ਬਾਣੇ, ਬਿਰਤੀ ਅਤੇ ਬਿਬੇਕ ਪੱਖੋਂ ਸਿੱਖੀ ਨੂੰ ਪਰਣਾਏ ਕਿਸੇ ਵੀ ਲੇਖਕ ਦੀਆਂ ਲਿਖਤਾਂ ਉਤੇ ਮਜ਼ਹਬੀ ਚਾਸ਼ਨੀ ਚੜ੍ਹੇ ਹੋਣ ਦੇ ਤੌਖਲੇ ਮਨ ਵਿਚ ਉਠਣੇ ਸੁਭਾਵਿਕ ਹਨ ਪਰ ਸਰਬਪ੍ਰੀਤ ਦਾ ਕਿਤਾਬੀ ਉਦਮ ਇਨ੍ਹਾਂ ਤੌਖਲਿਆਂ ਨੂੰ ਨਿਰਮੂਲ ਸਾਬਤ ਕਰਦਾ ਹੈ। ਲਿਖਣ ਸ਼ੈਲੀ, ਖੋਜ ਤੇ ਵਿਆਖਿਆ ਅਤੇ ਇਤਿਹਾਸਕ ਤੱਥਾਂ ਦੀ ਸਲੀਕੇਦਾਰ ਪੇਸ਼ਕਾਰੀ ਵਰਗੇ ਤੱਤਾਂ ਪੱਖੋਂ ਬੜੀ ਮਿਆਰੀ ਹੈ ਉਸ ਦੀ ਕਿਤਾਬ। ਇਸ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਚਾਹੀਦਾ ਹੈ। ਜੇ ਖੁਦ ਲੇਖਕ ਕਰੇ ਤਾਂ ਹੋਰ ਵੀ ਚੰਗਾ; ਤਕਨੀਕੀ ਤੇ ਤੱਥ-ਮੂਲਕ ਬਾਰੀਕੀਆਂ ਦੀ ਸ਼ਿੱਦਤ ਤੇ ਸੁਹਜ ਉਹ ਬਿਹਤਰ ਢੰਗ ਨਾਲ ਬਰਕਰਾਰ ਰੱਖ ਸਕਦਾ ਹੈ।
ਹੁਣ ਗੱਲਾਂ ਜੋਸਾਇਆ ਹਾਰਲਨ, ਬਲਭੱਦਰ ਕੁੰਵਰ, ਲਹੂਰਿਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ। ਮਹਾਰਾਜੇ ਦੇ ਇਕ ਅਮਰੀਕੀ ਅਹਿਲਕਾਰ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ਵਿਚ ਅਕਸਰ ਹੀ ਆਉਂਦਾ ਹੈ; ਪਰ ਇਹ ਅਮਰੀਕੀ ਕਿੰਨਾ ਤਿਕੜਮਬਾਜ਼, ਕਿੰਨਾ ਰੰਗੀਲਾ ਤੇ ਕਿੰਨਾ ਮੌਕਾਪ੍ਰਸਤ ਸੀ, ਇਸ ਦਾ ਖੁਲਾਸਾ ਪੇਸ਼ ਕਰਦੀ ਹੈ ਊਠਾਂ ਦੇ ਅਮਰੀਕੀ ਸੌਦਾਗਰ ਵਾਲੀ ਨਾਟਕੀ ਗਾਥਾ। ਸਾਦਗੀ ਤੇ ਅਹਿੰਸਾ ਨੂੰ ਪਰਣਾਈ ਇਸਾਈ ‘ਕੁਏਕਰ’ ਸੰਪਰਦਾ ਨਾਲ ਸਬੰਧਿਤ ਸੀ ਜੋਸਾਇਆ ਹਾਰਲਨ। 1799 ‘ਚ ਅਮਰੀਕੀ ਸੂਬੇ ਪੈਨਸਿਲਵੇਨੀਆ ਵਿਚ ਜਨਮੇ ਜੋਸਾਇਆ ਦੇ ਪੈਰਾਂ ਵਿਚ ਚੱਕਰ ਸੀ ਅਤੇ ਦਿਮਾਗ ‘ਤੇ ਸਵਾਰ ਸੀ ਧਨ-ਕੁਬੇਰ ਤੇ ਦਿੱਗਜ ਬਣਨ ਦਾ ਫਿਤੂਰ। ਇਹ ਦੋਵੇਂ ਤੱਤ ਉਸ ਨੂੰ ਭਾਰਤ ਲਿਆਏ। ਖੁਰਾਫਾਤੀ ਦਿਮਾਗ ਨੇ ਉਸ ਨੂੰ ਬਿਨਾ ਕਿਸੇ ਡਿਗਰੀ ਜਾਂ ਸਿਖਲਾਈ ਦੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ਵਿਚ ਡਾਕਟਰ ਬਣਾ ਦਿੱਤਾ। ਇਸੇ ‘ਡਾਕਟਰੀ’ ਨੇ ਉਸ ਨੂੰ ਪਹਿਲਾਂ ਕਰਨਾਲ, ਫਿਰ ਕਾਬੁਲ ਅਤੇ ਫਿਰ ਲਾਹੌਰ ਪਹੁੰਚਾਇਆ। ਇਸੇ ਦੀ ਬਦੌਲਤ ਉਹ ਮਹਾਰਾਜੇ ਦੀ ਨਜ਼ਰੀਂ ਚੜ੍ਹਿਆ; ਪਹਿਲਾਂ ਨੂਰਪੁਰ ਤੇ ਜਸਰੋਟਾ ਦਾ ਹਾਕਮ ਥਾਪਿਆ ਗਿਆ ਅਤੇ ਫਿਰ ਗੁਜਰਾਤ ਦਾ ਗਵਰਨਰ। ਇਹੋ ਤਿਕੜਮਬਾਜ਼ੀ ਕੁਝ ਵਰ੍ਹਿਆਂ ਬਾਅਦ ਉਸ ਪ੍ਰਤੀ ਮਹਾਰਾਜੇ ਦੀ ਨਾਰਾਜ਼ਗੀ ਅਤੇ ਫਿਰ ਪੰਜਾਬ ਤੋਂ ਬੇਦਖਲੀ ਦੀ ਵਜ੍ਹਾ ਬਣੀ।
ਅਮਰੀਕਾ ਪਰਤਣ ‘ਤੇ ਉਸ ਨੇ ਬ੍ਰਿਟਿਸ਼ ਇੰਡੀਆ ਤੇ ਅਫਗਾਨਿਸਤਾਨ ਵਿਚਲੇ ਆਪਣੇ ਤਜਰਬੇ ਨੂੰ ਅਮਰੀਕੀ ਫੌਜ ‘ਚ ਰੁਤਬੇਦਾਰੀ ਦੇ ਰੂਪ ਵਿਚ ਵਰਤਿਆ ਪਰ ਅਮਰੀਕੀ ਗ੍ਰਹਿ ਯੁੱਧ ਦੌਰਾਨ ਉਸ ਨੂੰ ਕੋਰਟ ਮਾਰਸ਼ਲ ਵਰਗੀ ਨਮੋਸ਼ੀ ਝਾਗਣੀ ਪਈ। ਬਾਅਦ ‘ਚ ਫੌਜ ਵਿਚ ਉਸ ਦੀ ਬਹਾਲੀ ਹੋ ਗਈ ਪਰ ਚੌਧਰ ਦੇਰ ਤਕ ਨਾ ਚੱਲੀ। ਨਾ ਉਹ ਧਨ ਕੁਬੇਰ ਬਣ ਸਕਿਆ, ਨਾ ਹੀ ਵੱਡ-ਚੌਧਰੀ। ਅਮਰੀਕੀ ਫੌਜ ਦੀ ਬੋਤਾ ਰੈਜਮੈਂਟ ਲਈ ਬੋਤਿਆਂ ਦੀ ਸੌਦਾਗਰੀ ਕਰਨ ਦੇ ਹੀਲੇ-ਉਪਰਾਲੇ ਵੀ ਨਿਹਫਲ ਸਾਬਤ ਹੋਏ। ਅੰਤ ਮੁਫਲਿਸਾਂ ਵਾਲੀ ਮੌਤ ਹੀ ਪੱਲੇ ਪਈ।
ਜੋਸਾਇਆ ਵਰਗੀਆਂ ਹੀ ਹੈਰਤਅੰਗੇਜ਼ ਕਹਾਣੀਆਂ ਹਨ ਮਹਾਰਾਜੇ ਦੀ ਫੌਜ ਦੀ ਗੋਰਖਾ ਰੈਜਮੈਂਟ ਦੇ ਸੰਸਥਾਪਕ, ਕੁੰਵਰ ਬਲਭੱਦਰ ਸਿੰਘ ਅਤੇ ਫਰਾਂਸੀਸੀ ਜਰਨੈਲ ਯਾਂ ਫਰਾਂਸਵਾ ਐਲਾਰਡ (ਫਰੈਂਚ ਉਚਾਰਨ ਔਲੋਰ) ਦੀਆਂ। ਬਲਭੱਦਰ ਨੇ ਕਿਰਪਾਨ ਤੇ ਖੁਖਰੀ ਦਾ ਸੁਮੇਲ ਸਾਬਤ ਕਰ ਦਿਖਾਇਆ। ਇਸ ਕਾਰਨਾਮੇ ਨੇ ਵਿਦੇਸ਼ੀ ਧਰਤੀ ‘ਤੇ ਫੌਜੀਆਂ ਵਜੋਂ ਕੰਮ ਕਰਨ ਵਾਲੇ ਗੋਰਖਿਆਂ ਲਈ ‘ਲਹੂਰੇ’ ਸ਼ਬਦ ਦਾ ਮੁੱਢ ਬੰਨ੍ਹਿਆ। ਹੁਣ ਲਹੂਰਿਆਂ ਬਾਰੇ ਦੰਦ-ਕਥਾਵਾਂ ਨੇਪਾਲੀ ਲੋਕਧਾਰਾ ਦਾ ਹਿੱਸਾ ਹਨ। ਨੌਸ਼ਹਿਰੇ ਦੀ ਲੜਾਈ ਵਿਚ ਬਲਭੱਦਰ ਦੀ ਸ਼ਹਾਦਤ ਨੇ ਅਕਾਲੀ ਫੂਲਾ ਸਿੰਘ ਅੰਦਰ ਇੰਨਾ ਰੋਹ ਜਗਾਇਆ ਕਿ ਇਸ ਅਕਾਲੀ ਜਥੇਦਾਰ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਅਫਗਾਨ ਫੌਜ ਨੂੰ ਖਦੇੜਿਆ। ਸ਼ੁਕਰਚਕੀਆ ਮਿਸਲ ਦੇ ਉਭਾਰ, ਸਰਦਾਰਨੀ ਸਦਾ ਕੌਰ ਦੀ ਸ਼ਖਸੀਅਤ, ਰਾਣੀ ਮੋਰਾਂ ਤੇ ਮਹਾਰਾਜੇ ਦੀ ਪ੍ਰੇਮ ਕਥਾ, ਡੋਗਰਿਆਂ ਦੀ ਭੂਮਿਕਾ ਅਤੇ ਸਿੱਖ ਰਾਜ ਦੇ ਪਤਨ ਦੇ ਬਿਰਤਾਂਤ ਵਰਗੇ ਅਧਿਆਇ ਵੀ ਇਸ ਕਿਤਾਬ ਦਾ ਸ਼ਿੰਗਾਰ ਹਨ। ਕਿਉਂਕਿ ਕਿਤਾਬ ਪਹਿਲਾਂ ਪ੍ਰਕਾਸ਼ਿਤ ਲੇਖਾਂ ਦਾ ਸੰਗ੍ਰਹਿ ਹੈ, ਇਸ ਲਈ ਇਸ ਵਿਚ ਵਿਸ਼ਾ-ਸਮੱਗਰੀ ਦਾ ਦੁਹਰਾਅ ਮੌਜੂਦ ਹੈ। ਇਹ ਦੁਹਰਾਅ ਚੁਭਦਾ ਹੈ। ਚੁਸਤ-ਦਰੁਸਤ ਸੰਪਾਦਨ ਰਾਹੀਂ ਇਹ ਖਾਮੀ ਸਹਿਜੇ ਹੀ ਢਕੀ ਜਾ ਸਕਦੀ ਸੀ। ਫਿਰ ਵੀ, ਜੋ ਕੁਝ ਪਰੋਸਿਆ ਗਿਆ ਹੈ, ਉਹ ਖੋਜ, ਅਧਿਐਨ ਤੇ ਮੁਸ਼ੱਕਤ ਦੀ ਨਿੱਗਰਤਾ ਦੇ ਫਲ ਦੇ ਰੂਪ ਵਿਚ ਹੈ। ਅਜਿਹਾ ਫਲ ਸਦਾ ਹੀ ਮਿੱਠਾ ਹੁੰਦਾ ਹੈ।
ਜ਼ੋਰਾਵਰਾਂ ਦੇ ਖੂਨ ਦੇ ਬਦਲਦੇ ਰੰਗ: ਯਹੂਦੀ ਭਾਈਚਾਰੇ ਦੀ ਅਮਰੀਕੀ ਸਿਆਸਤ ਅਤੇ ਆਰਥਿਕਤਾ ਉਤੇ ਬੜੀ ਪਕੜ ਮੰਨੀ ਜਾਂਦੀ ਹੈ। ਇਹ ਧਾਰਨਾ ਆਮ ਹੀ ਹੈ ਕਿ ਇਸੇ ਪਕੜ ਕਾਰਨ ਹੀ ਅਮਰੀਕਾ, ਆਲਮੀ ਮੰਚਾਂ ਅਤੇ ਮੱਧ-ਪੂਰਬੀ ਜੰਗੀ ਅਖਾੜੇ ਵਿਚ ਹਮੇਸ਼ਾ ਇਜ਼ਰਾਈਲ ਦੇ ਹੱਕ ਵਿਚ ਭੁਗਤਦਾ ਆਇਆ ਹੈ। ਇਜ਼ਰਾਈਲੀ ਆਪਹੁਦਰੀਆਂ ਨੂੰ ਨਿੰਦਣ ਜਾਂ ਉਸ ਉਤੇ ਬੰਦਸ਼ਾਂ ਲਾਉਣ ਦੇ ਆਲਮੀ ਯਤਨ ਵੀ ਅਮਰੀਕੀ ਵੀਟੋ ਸ਼ਕਤੀ ਕਾਰਨ ਹਮੇਸ਼ਾ ਨਿਹਫਲ ਸਾਬਤ ਹੁੰਦੇ ਆਏ ਹਨ ਪਰ ਯਹੂਦੀਆਂ ਪ੍ਰਤੀ ਅਮਰੀਕੀ ਰੁਖ ਕੀ ਸਦਾ ਹੀ ਅਜਿਹਾ ਸੀ?
ਇਸ ਸਵਾਲ ਦਾ ਜਵਾਬ ਨਾਂਹ-ਵਾਚੀ ਹੈ। ਇਤਿਹਾਸ ਦੱਸਦਾ ਹੈ ਕਿ ਦੂਜੇ ਮਹਾਂਯੁੱਧ ਤੋਂ ਪਹਿਲਾਂ ਅਮਰੀਕਾ, ਯਹੂਦੀਆਂ ਦਾ ਹਮਦਰਦ ਨਹੀਂ ਸੀ। ਯਹੂਦੀ ਨਾਮਵਰਾਂ ਨੂੰ ਅਪਨਾਉਣ ਤੇ ਉਨ੍ਹਾਂ ਦੀ ਲਿਆਕਤ ਦਾ ਫਾਇਦਾ ਲੈਣ ਵਿਚ ਅਮਰੀਕਾ ਨੂੰ ਕੋਈ ਪਰਹੇਜ਼ ਨਹੀਂ ਸੀ ਪਰ ਸਾਧਾਰਨ ਯਹੂਦੀਆਂ ਲਈ ਇਸ ਮੁਲਕ ਦੇ ਦਰ ਆਸਾਨੀ ਨਾਲ ਨਹੀਂ ਸੀ ਖੁੱਲ੍ਹਦੇ। ਇਸ ਤੱਥ ਦੀ ਤਸਦੀਕ ਤੇ ਚੀਰ-ਫਾੜ ਕਰਨ ਵਾਲੀਆਂ ਦਰਜਨਾਂ ਕਿਤਾਬਾਂ ਪਹਿਲਾਂ ਹੀ ਕਿਤਾਬ ਮੰਡੀ ਵਿਚ ਮੌਜੂਦ ਹਨ। ਅਮਰੀਕੀ ਪੱਤਰਕਾਰ ਮਾਈਕਲ ਡੌਬਜ਼ ਦੀ ਹਾਲੀਆ ਕਿਤਾਬ ‘ਦਿ ਅਨਵਾਂਟਿਡ’ ਇਨ੍ਹਾਂ ਕਿਤਾਬਾਂ ਤੋਂ ਇਸ ਗੱਲੋਂ ਵੱਖਰੀ ਹੈ ਕਿ ਇਹ ਯਹੂਦੀਆਂ ਦੇ ਇਕ ਪਿੰਡ ਉਤੇ ਢਹੇ ਕਹਿਰ ਦੇ ਬਿਰਤਾਂਤ ਰਾਹੀਂ ਅਮਰੀਕੀ ਹੁਕਮਰਾਨ ਜਮਾਤ ਦੀ ਸੋਚ ‘ਤੇ ਹਾਵੀ ਨਸਲਵਾਦ ਅਤੇ ਮੁਨਾਫਾਵਾਦ ਨੂੰ ਵੀ ਬੇਪਰਦ ਕਰਦੀ ਹੈ। ਡੌਬਜ਼ ਦਾ ਦਾਅਵਾ ਹੈ ਕਿ ਦੂਜੇ ਮਹਾਂਯੁੱਧ ਦੌਰਾਨ ਜੇ ਅਮਰੀਕੀ ਹੁਕਮਰਾਨ ਜਮਾਤ ਦਾ ਰੁਖ ਹਮਦਰਦਾਨਾ ਹੁੰਦਾ ਤਾਂ ਔਸ਼ਵਿਜ਼ ਅਤੇ ਹੋਰ ਕਤਲਗਾਹਾਂ ‘ਤੇ ਯਹੂਦੀਆਂ ਦੇ ਘਾਣ ਦਾ ਅੰਕੜਾ ਸੱਤ ਲੱਖ ਨਹੀਂ ਸੀ ਹੋਣਾ।
ਅਮਰੀਕਾ ਨੂੰ ਨਸਲਵਾਦ ਦਾ ‘ਮਹਾਂਸਰਪ੍ਰਸਤ’ ਦੱਸਦਿਆਂ ਡੌਬਜ਼ ਲਿਖਦਾ ਹੈ ਕਿ ਡੋਨਲਡ ਟਰੰਪ ਤੋਂ ਪਹਿਲਾਂ ਵੀ ਜਿੰਨੇ ਰਾਜਨੀਤੀਵਾਨ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ‘ਤੇ ਰਹੇ, ਉਨ੍ਹਾਂ ਦੀ ਪਰਵਾਸੀਆਂ ਪ੍ਰਤੀ ਪਹੁੰਚ ਟਰੰਪ ਤੋਂ ਬਹੁਤੀ ਵੱਖਰੀ ਨਹੀਂ ਰਹੀ। ਉਹ ਨਸਲਵਾਦੀ ਵੀ ਸਨ ਤੇ ਅੰਧ-ਰਾਸ਼ਟਰਵਾਦੀ ਵੀ। ਗੋਰੇ ਇਸਾਈ ਪਰਵਾਸੀਆਂ ਲਈ ਨਿਯਮ ਵੱਖਰੇ ਸਨ ਅਤੇ ਯਹੂਦੀਆਂ ਸਮੇਤ ਬਾਕੀ ਭਾਈਚਾਰਿਆਂ ਲਈ ਵੱਖਰੇ। ਯਹੂਦੀਆਂ ਨੂੰ ਅਮਰੀਕੀ ਧਰਤੀ ‘ਤੇ ਦਾਖਲਾ ਦੇਣ ਪ੍ਰਤੀ ਪੂਰੀ ਕਿਫਾਇਤ ਕੀਤੀ ਗਈ। ਉਨ੍ਹਾਂ ਉਤੇ ਨਸਲੀ ਜਬਰ ਜਾਂ ਉਨ੍ਹਾਂ ਦਾ ਕਤਲੇਆਮ ਰੁਕਵਾਉਣ ਲਈ ਜਿੰਨੇ ਵੀ ਯਤਨ ਕੀਤੇ ਗਏ, ਉਹ ਸਭ ਕਾਗਜ਼ੀ ਤੇ ਕੱਚੇ-ਪਿੱਲੇ ਸਨ। ਹਾਂ, ਜਦੋਂ ਯਹੂਦੀਆਂ ਦੇ ‘ਜੱਦੀ ਘਰ’ (ਹੋਮਲੈਂਡ) ਵਜੋਂ ਇਜ਼ਰਾਈਲ ਵਜੂਦ ਵਿਚ ਆ ਗਿਆ ਤਾਂ ਅਮਰੀਕੀ ਹੁਕਮਰਾਨਾਂ ਦੀ ਪਹੁੰਚ ਬਿਲਕੁਲ ਬਦਲ ਗਈ। ਉਹ ਇਜ਼ਰਾਈਲ ਦੇ ਸਭ ਤੋਂ ਵੱਡੇ ਖੈਰਖਾਹਾਂ ਵਜੋਂ ਵਿਚਰਨ ਲੱਗੇ। ਜ਼ਾਹਿਰ ਹੈ ਕਿ ਇਸ ਨਵੇਂ ਮੁਲਕ ਦੇ ਜ਼ਰੀਏ ਅਮਰੀਕਾ ਨੂੰ ਮੱਧ ਪੂਰਬ ਵਿਚ ਅਸਥਿਰਤਾ ਸਥਾਈ ਬਣਾਉਣ, ਉਥੋਂ ਦੇ ਤੇਲ ਅਰਥਚਾਰੇ ਨੂੰ ਆਪਣੀ ਮੁੱਠੀ ਵਿਚ ਕਰਨ ਅਤੇ ਉਸ ਖਿੱਤੇ ਦੇ ਹਰ ਮੁਲਕ ਦੇ ਅੰਦਰੂਨੀ/ਬਹਿਰੂਨੀ ਮਾਮਲਿਆਂ ਵਿਚ ਦਖਲ ਦੇ ਹੱਕ ਹਾਸਲ ਕਰਨ ਦੀ ਸੰਭਾਵਨਾ ਨਜ਼ਰ ਆਈ ਅਤੇ ਇਹ ਸੰਭਾਵਨਾ-ਰੂਪੀ ਅਸਲੀਅਤ ਹੁਣ ਤਕ ਰਿੜਕੀ ਜਾ ਰਹੀ ਹੈ।
ਡੌਬਜ਼ ਇਸ ਪੂਰੀ ਰਾਮਕਹਾਣੀ ਨੂੰ ਦੱਖਣ-ਪੱਛਮੀ ਜਰਮਨੀ ਦੇ ਬਾਡੇਨ ਖਿੱਤੇ ਦੇ ਪਿੰਡ ਕਿੱਪਨਹੀਮ ਦੇ 144 ਯਹੂਦੀ ਪਰਿਵਾਰਾਂ ਦੀ ਕਹਾਣੀ ਜ਼ਰੀਏ ਪੇਸ਼ ਕਰਦਾ ਹੈ। ਬੜੀ ਦਿਲ-ਕੰਬਾਊ ਕਹਾਣੀ ਹੈ। 144 ਪਰਿਵਾਰਾਂ ਵਿਚੋਂ ਬਹੁਤਿਆਂ ਦੇ ਸਿਰਫ ਬੱਚੇ ਹੀ ਨਾਜ਼ੀਆਂ ਵਲੋਂ ਢਾਹੇ ਘੱਲੂਘਾਰੇ ਦੇ ਕਹਿਰ ਤੋਂ ਬਚ ਸਕੇ। ਹਾਂ, ਉਨ੍ਹਾਂ ਨੇ ਆਪਣੀਆਂ ਯਾਦਾਂ, ਆਪੋ-ਆਪਣੇ ਮਾਪਿਆਂ ਦੇ ਖਤਾਂ ਤੇ ਹੋਰ ਲਿਖਤਾਂ ਨੂੰ ਬਹੁਤ ਸੁਹਜ ਤੇ ਸ਼ਿੱਦਤ ਨਾਲ ਸੰਭਾਲਿਆ ਹੋਇਆ ਹੈ। ਇਹੋ ਸਮੱਗਰੀ ਮਾਈਕਲ ਡੌਬਜ਼ ਦੇ ਖੋਜ ਕਾਰਜ ਦਾ ਆਧਾਰ ਸਾਬਤ ਹੋਈ। ਇਹ ਸਮੱਗਰੀ ਯਹੂਦੀ ਭਾਈਚਾਰੇ ਵਲੋਂ ਸਦੀਆਂ ਤੋਂ ਝੱਲੀ ਜ਼ਿੱਲਤ ਦਾ ਦਸਤਾਵੇਜ਼ੀ ਸਬੂਤ ਹੈ। ਇਹੋ ਸਮੱਗਰੀ ਰਾਸ਼ਟਰਪਤੀ ਫਰੈਂਕਲਿਨ ਡੀæ ਰੂਜ਼ਵੈਲਟ ਵਰਗੇ ਅਖੌਤੀ ਉਦਾਰਵਾਦੀ ਅਮਰੀਕੀ ਹਾਕਮਾਂ ਦੇ ਦੋਗਲੇਪਣ ਨੂੰ ਵੀ ਬੇਪਰਦ ਕਰਦੀ ਹੈ।
ਉਂਜ, ਕਿਤਾਬ ਪੜ੍ਹ ਕੇ ਮਨ ਵਿਚ ਇਹ ਖਿਆਲ ਵੀ ਪੈਦਾ ਹੋਇਆ ਕਿ ਜਿਸ ਯਹੂਦੀ ਕੌਮ ਨੇ ਤਕਰੀਬਨ ਦੋ ਦਹਿਸਦੀਆਂ ਉਜਾੜਾ, ਬੇਦਖਲੀਆਂ, ਆਰਥਿਕ ਤੇ ਸਮਾਜਿਕ ਕਹਿਰ, ਨਸਲੀ ਤੇ ਮਜ਼ਹਬੀ ਜ਼ਿੱਲਤ, ਇਨਸਾਨੀ ਹੱਕਾਂ ਦਾ ਘਾਣ, ਹਰ ਮਿਜ਼ਾਜ ਦੀਆਂ ਬੇਪਤੀਆਂ ਅਤੇ ਹੋਰ ਹਰ ਕਿਸਮ ਦੇ ਅਮਾਨਵੀ ਤਸੀਹੇ ਝੱਲੇ, ਉਹ ਹੁਣ ਇੰਨੀ ਬੇਕਿਰਕ, ਇੰਨੀ ਸੰਗਦਿਲ ਕਿਵੇਂ ਹੋ ਗਈ ਹੈ ਕਿ ਆਪਣੇ ਹੀ ਹਮਸਾਏ ਫਲਸਤੀਨੀਆਂ ਨੂੰ ਇੱਜ਼ਤ-ਮਾਣ ਨਾਲ ਜਿਊਣ ਅਤੇ ਆਪਣੇ ਘਰਾਂ ਵਿਚ ਸੁਖੀ ਵਸਣ ਦਾ ਹੱਕ ਦੇਣ ਲਈ ਤਿਆਰ ਨਹੀਂ। ਗਾਜ਼ਾ ਪੱਟੀ ਤੇ ਹੋਰ ਫਲਸਤੀਨੀ ਇਲਾਕਿਆਂ ਵਿਚ ਜੋ ਬਦਸਲੂਕੀ ਤੇ ਬਦਇਖਲਾਕੀ ਫਲਸਤੀਨੀਆਂ ਨਾਲ ਨਿੱਤ ਦਿਨ ਹੋ ਰਹੀ ਹੈ, ਉਹ ਕਿੱਪਨਹੀਮ ਦੇ ਵਸਨੀਕਾਂ ਉਤੇ ਹੋਏ ਜ਼ੁਲਮ-ਓ-ਤਸ਼ੱਦਦ ਤੋਂ ਵੱਖਰੀ ਨਹੀਂ। ਇਸ ਸਮੁੱਚੇ ਬਿਰਤਾਂਤ ਨੂੰ ਵੀ ਉਸੇ ਸ਼ਿੱਦਤ, ਉਸੇ ਸੰਵੇਦਨਾ ਨਾਲ ਦਸਤਾਵੇਜ਼ੀ ਰੂਪ ਦਿੱਤੇ ਜਾਣ ਦੀ ਜ਼ਰੂਰਤ ਹੈ ਜੋ ਯਹੂਦੀ ਭਾਈਚਾਰੇ ਉਪਰ ਢਾਹੇ ਕਹਿਰਾਂ ਦੇ ਬਿਰਤਾਤਾਂ ਦਾ ਖਾਸਾ ਰਹੀ ਹੈ। ਅਗਲੀਆਂ ਪੀੜ੍ਹੀਆਂ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਜ਼ੋਰਾਵਰੀ, ਇਨਸਾਨੀ ਖੂਨ ਵਿਚੋਂ ਕਿਵੇਂ ਇਨਸਾਨੀਅਤ ਦੇ ਕਣਾਂ ਦਾ ਸਫਾਇਆ ਕਰ ਦਿੰਦੀ ਹੈ।