ਸੁਖਬੀਰ ਦੇ ਸਿਆਸੀ ਕਿਆਸਾਂ ਨੇ ਉਲਝਾਈ ਅਕਾਲੀ ਲੀਡਰਸ਼ਿਪ

ਪਟਿਆਲਾ: ਪਟਿਆਲਾ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਆਪਣੇ ਆਪ ਨੂੰ ਕਿਹੜੀ ਦੂਜੀ ਪਾਰਟੀ ਨਾਲ ਮੁਕਾਬਲੇ ਵਿਚ ਮੰਨਦੀ ਹੈ, ਬਾਰੇ ਪਾਰਟੀ ਦੀ ਬਹੁਤੀ ਲੀਡਰਸ਼ਿਪ ਹਾਲੇ ਤਾਈਂ ਭੰਬਲਭੂਸੇ ਵਿਚ ਹੀ ਪਈ ਲੱਗਦੀ ਹੈ। ਭਾਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਿੱਕ ਠੋਕ ਕੇ ਕਹਿ ਰਹੇ ਹਨ ਕਿ ਪਟਿਆਲਾ ਹਲਕੇ ਵਿਚ ਪ੍ਰਨੀਤ ਕੌਰ ਤੀਜੇ ਥਾਂ ‘ਤੇ ਅੱਪੜ ਗਏ ਹਨ ਤੇ ਅਕਾਲੀ ਦਲ ਦਾ ਡਾ. ਧਰਮਵੀਰ ਗਾਂਧੀ ਨਾਲ ਸਿੱਧਾ ਮੁਕਾਬਲਾ ਹੋ ਚੁੱਕਾ ਹੈ, ਪਰ ਜ਼ਿਲ੍ਹੇ ਦੀ ਬਹੁਤੀ ਅਕਾਲੀ ਲੀਡਰਸ਼ਿਪ ਆਪਣੇ ਪ੍ਰਧਾਨ ਦੇ ਅਜਿਹੇ ਬਿਆਨਾਂ ਜਾਂ ਕਿਆਸਿਆਂ ‘ਤੇ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ।

ਖੁਦ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵੀ ਮੁਕਾਬਲੇ ਦੀ ਧਿਰ ਦੇ ਮਾਮਲੇ ‘ਤੇ ਪਾਰਟੀ ਪ੍ਰਧਾਨ ਦੇ ਬਿਆਨ ‘ਤੇ ਸ਼ਸ਼ੋਪੰਜ ਵਿਚ ਹਨ? ਇਥੋਂ ਦੀ ਅਕਾਲੀ ਲੀਡਰਸ਼ਿਪ ਵੀ ਹੈਰਾਨ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸ ਸਿਆਸੀ ਕਿਆਸੇ ਵਿਚ ਅਕਾਲੀ ਦਲ ਦੀ ਟੱਕਰ ਡਾ. ਗਾਂਧੀ ਨਾਲ ਦੱਸ ਰਹੇ ਹਨ, ਜਦੋਂਕਿ ਕਾਂਗਰਸ ਸੂਬੇ ਦੀ ਸੱਤਾ ਧਿਰ ਹੈ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਕਾਲੀ ਦਲ ਦੇ ਖਿਲਾਫ ਪੂਰੇ ਹਮਲਾਵਰ ਰੁਖ ਵਿਚ ਹਨ। ਅਜਿਹੇ ਕਿਆਸਿਆਂ ਵਿਚ ਇਹ ਵੀ ਸਵਾਲ ਉਠ ਰਿਹਾ ਹੈ ਕਿ ਮੁੱਖ ਮੰਤਰੀ ਆਪਣੀ ਪਤਨੀ ਜਿਹੜੇ ਕਿ ਸਾਬਕਾ ਵਿਦੇਸ਼ ਰਾਜ ਮੰਤਰੀ ਵੀ ਹਨ, ਨੂੰ ਕਿਵੇਂ ਸਿਆਸੀ ਪੱਖ ਜਾਂ ਚੋਣ ਪਿੜ ਤੋਂ ਕਮਜ਼ੋਰ ਹੋਣ ਦੇਣਗੇ।
ਇਹ ਵੀ ਸਵਾਲ ਹੈ ਕਿ ‘ਆਪ’ ਦੀ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਵੀ ਸਖਤ ਮਿਹਨਤ ਕਰ ਰਹੀ ਹੈ ਤੇ ਕਈ ਇਲਾਕਿਆਂ ਵਿਚ ਵੋਟਰਾਂ ਵੱਲੋਂ ‘ਆਪ’ ਨੂੰ ਹਾਲੇ ਵੀ ਤਵੱਜੋ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਅਜਿਹੇ ਵਿਚ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਦੀਪ ਸਿੰਘ ਨੱਸੂਪੁਰ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਕਾਂਗਰਸ ਨਾਲ ਮੁਕਾਬਲਾ ਹੈ, ਡਾ. ਗਾਂਧੀ ਜਾਂ ਹੋਰ ਉਮੀਦਵਾਰ ਪਿੱਛੇ ਹਨ। ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਜਿਹੜੇ ਕਿ ਉਮੀਦਵਾਰ ਸ੍ਰੀ ਰੱਖੜਾ ਦੀ ਸੱਜੀ ਬਾਂਹ ਮੰਨੇ ਜਾਂਦੇ ਹਨ, ਦਾ ਕਹਿਣਾ ਹੈ ਕਿ ਭਾਵੇਂ ਕਹਿਣ ਨੂੰ ਮੁਕਾਬਲਾ ਡਾ. ਗਾਂਧੀ ਨਾਲ ਪ੍ਰਚਾਰਿਆ ਜਾ ਰਿਹਾ ਹੈ, ਪ੍ਰੰਤੂ ਸਹੀ ਅਰਥਾਂ ਵਿਚ ਅਕਾਲੀ ਦਲ ਦੀ ਪ੍ਰਨੀਤ ਕੌਰ ਨਾਲ ਹੀ ਟੱਕਰ ਹੈ। ਹੋਰ ਬਹੁਤ ਸਾਰੇ ਸਥਾਨਕ ਅਕਾਲੀ ਆਗੂਆਂ ਨੇ ਵੀ ਇਹੋ ਹੀ ਆਖਿਆ। ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵੀ ਪਾਰਟੀ ਪ੍ਰਧਾਨ ਦੇ ਬਿਆਨ ‘ਤੇ ਖੁੱਲ੍ਹ ਕੇ ਸਹਿਮਤੀ ਨਹੀਂ ਦੇ ਰਹੇ, ਉਹ ਇਕੋ ਹੀ ਗੱਲ ਮੁਕਾ ਰਹੇ ਹਨ ਕਿ ਉਨ੍ਹਾਂ ਦਾ ਕਿਸੇ ਨਾਲ ਵੀ ਮੁਕਾਬਲਾ ਨਹੀਂ, ਭਾਵ ਉਹ ਬਿਨਾਂ ਕਿਸੇ ਉਮੀਦਵਾਰ ਦਾ ਨਾ ਲਿਆਂ ਆਪਣੇ ਆਪ ਨੂੰ ਲੀਡ ਦੇ ਰਹੇ ਹਨ, ਜਦੋਂਕਿ ਅਜਿਹੇ ਸਾਰੇ ਸਮੀਕਰਨਾਂ ਦੇ ਉਲਟ ਡਾ. ਧਰਮਵੀਰ ਗਾਂਧੀ ਆਪਣੇ ਮੁਕਾਬਲੇ ਵਿਚ ਪ੍ਰਨੀਤ ਕੌਰ ਗਿਣ ਰਹੇ ਹਨ, ਇਸ ਧਿਰ ਦਾ ਕਹਿਣਾ ਹੈ ਕਿ ਮੁਕਾਬਲੇ ਦੇ ਪਿੜ ਵਿਚੋਂ ਅਕਾਲੀ ਦਲ ਦਾ ਸਫਾਇਆ ਹੋ ਚੁੱਕਾ ਹੈ। ਉਧਰ ‘ਆਪ’ ਦੀ ਉਮੀਦਵਾਰ ਨੀਨਾ ਮਿੱਤਲ ਦਾ ਕਹਿਣਾ ਹੈ ਕਿ ‘ਆਪ’ 2014 ਵਾਲਾ ਅਧਿਆਏ ਮੁੜ ਦੁਹਰਾ ਕੇ ਜਿੱਤ ਦਾ ਝੰਡਾ ਜ਼ਰੂਰ ਗੱਡੇਗੀ।