ਸਿਆਸੀ ਧਿਰਾਂ ਨੂੰ ਚੋਣਾਂ ਵੇਲੇ ਆਉਂਦੀ ਹੈ ਸਰਹੱਦੀ ਕਿਸਾਨਾਂ ਦੇ ਮਸਲਿਆਂ ਦੀ ਯਾਦ

ਚੰਡੀਗੜ੍ਹ: ਰਾਵੀ ਦਰਿਆ ਨਾਲ ਵੱਸਦੇ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਅਰਮਾਨ ਵਰ੍ਹਿਆਂ ਤੋਂ ਵਹਿੰਦੇ ਪਾਣੀ ਵਿਚ ਰੁੜ੍ਹਦੇ ਰਹੇ ਹਨ। ਆਪਣੇ ਪਿੰਡੇ ‘ਤੇ ਦਰਦ ਹੰਢਾਉਂਦੇ ਆ ਰਹੇ ਇਨ੍ਹਾਂ ਲੋਕਾਂ ਦੀ ਅਜੇ ਤੱਕ ਕਿਸੇ ਨੇ ਬਾਂਹ ਨਹੀਂ ਫੜੀ। ਹਕੂਮਤਾਂ ਬਦਲਦੀਆਂ ਰਹੀਆਂ ਪਰ ਇਨ੍ਹਾਂ ਦੇ ਹਾਲਾਤ ਨਹੀਂ ਬਦਲੇ। ਇਹ ਕਿਸਾਨ ਪਹਿਲਾਂ ਰਾਵੀ ਦਰਿਆ ਦੇ ਗੋਤੇ ਖਾਂਦੇ ਹਨ ਤੇ ਫਿਰ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਇਨ੍ਹਾਂ ਦਾ ਰਾਹ ਘੇਰਦੀ ਹੈ। ਦੋਹਰੀ ਮਾਰ ਦੇ ਮਾਰੇ ਇਨ੍ਹਾਂ ਕਿਸਾਨਾਂ ਨਾਲ ਹਰ ਵਾਰ ਚੋਣਾਂ ਆਉਣ ਮੌਕੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਵੱਡੇ ਵੱਡੇ ਲਾਅਰੇ ਲਾ ਕੇ ਉਨ੍ਹਾਂ ਦਾ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਜਿੱਤਣ ਤੋਂ ਬਾਅਦ ‘ਤੂੰ ਕੌਣ ਤੇ ਮੈਂ ਕੌਣ’ ਵਾਲੀ ਗੱਲ ਹੋ ਜਾਂਦੀ ਹੈ।

ਸਰਹੱਦ ਨਾਲ ਲੱਗਦੇ ਇਨ੍ਹਾਂ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਦਰਿਆ ਅਤੇ ਤਾਰੋਂ ਪਾਰ ਹੈ। ਪਹਿਲਾਂ ਇਹ ਹੜ੍ਹਾਂ ਦੀ ਮਾਰ ਦੇ ਸਤਾਏ ਰਹਿੰਦੇ ਸਨ ਤੇ ਹੁਣ ਇਹ ਹਕੂਮਤਾਂ ਦੀ ਮਾਰ ਦੇ ਸਤਾਏ ਹਨ। ਰਾਵੀ ਦਰਿਆ ਦੇ ਨਾਲ ਪੈਂਦੇ ਦਰਜਨਾਂ ਪਿੰਡਾਂ ਦੀ ਜ਼ਮੀਨ ਦਰਿਆ ਤੋਂ ਪਾਰ ਹੈ, ਉਥੇ ਪੁਲ ਨਾ ਹੋਣ ਕਰਕੇ ਇਨ੍ਹਾਂ ਲੋਕਾਂ ਨੂੰ ਨਿੱਤ ਦਿਨ ਬੇੜਿਆਂ ‘ਤੇ ਆਪਣੀ ਜ਼ਿੰਦਗੀ ਠੇਲਣੀ ਪੈਂਦੀ ਹੈ। ਇਹ ਲੋਕ ਪਿਛਲੇ ਕਈ ਦਹਾਕਿਆਂ ਤੋਂ ਹਕੂਮਤਾਂ ਤੋਂ ਇਲਾਕੇ ਵਿਚ ਪੁਲ ਦੀ ਮੰਗ ਕਰਦੇ ਆ ਰਹੇ ਹਨ ਪਰ ਹਰ ਵਾਰ ਲਾਰੇ ਹੀ ਝੋਲੀ ਪਏ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਦੇ ਲਾਰੇ ਸੁਣਦਿਆਂ ਉਨ੍ਹਾਂ ਦੀ ਜ਼ਿੰਦਗੀ ਢਲ ਗਈ ਹੈ। ਸਾਰੇ ਪਿੰਡਾਂ ਵਾਲੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਹਰ ਚੋਣਾਂ ਸਮੇਂ ਦਰਿਆ ‘ਤੇ ਪੁਲ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਹਰ ਵਾਰ ਚੋਣਾਂ ਸਮੇਂ ਤਾਂ ਸਿਆਸਤਦਾਨ ਵਾਅਦਾ ਕਰਦੇ ਹਨ, ਜੋ ਅੱਜ ਤੱਕ ਵਫਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਸਾਰੇ ਪਿੰਡਾਂ ਨੇ ਮਿਲ ਕੇ ਦਰਿਆ ਤੋਂ ਪਾਰ ਅਖੰਡ ਪਾਠ ਕਰਵਾਇਆ। ਉਥੇ ਅਕਾਲੀ ਸਰਕਾਰ ਸਮੇਂ ਹਲਕੇ ਦੇ ਵਿਧਾਇਕ ਬੋਨੀ ਅਮਰਪਾਲ ਸਿੰਘ ਤੇ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸੱਦਿਆ ਗਿਆ। ਉਨ੍ਹਾਂ ਛੇਤੀ ਪੁਲ ਬਣਾਉਣ ਦਾ ਦਿਲਾਸਾ ਦਿੱਤਾ ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਹਲਕੇ ‘ਚ ਆ ਕੇ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਉਤੇ ਪੁਲ ਬਣੇਗਾ ਪਰ ਹੁਣ ਉਨ੍ਹਾਂ ਵੀ ਬਾਤ ਨਹੀਂ ਪੁੱਛੀ। ਸਰਕਾਰ ਵੱਲੋਂ ਬੇੜੇ ਵੀ ਨਹੀਂ ਦਿੱਤੇ ਗਏ, ਮੌਜੂਦਾ ਬੇੜਾ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਤਾ। ਉਨ੍ਹਾਂ ਕਿਹਾ ਕਿ ਮਲਾਹ ਵੀ ਕਿਸਾਨਾਂ ਵੱਲੋਂ ਤਨਖਾਹ ‘ਤੇ ਰੱਖਿਆ ਗਿਆ ਹੈ। ਉਹ ਵਕਤ ਕੱਟ ਰਹੇ ਹਨ, ਉਨ੍ਹਾਂ ਦੀ ਕੋਈ ਜ਼ਿੰਦਗੀ ਨਹੀਂ। ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਪੁਲ ਦੀ ਮੰਗ ਕਰਦੇ ਆ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਮੇਂ ਦੀ ਘਾਟ ਤੇ ਹੋਰ ਕਈ ਕਾਰਨਾਂ ਕਰਕੇ ਪਹਿਲਾਂ ਹੀ ਫਸਲ ਘੱਟ ਹੁੰਦੀ ਹੈ ਜੋ ਸਮੇਂ ਸਿਰ ਸਾਂਭੀ ਵੀ ਨਹੀਂ ਜਾਂਦੀ।
____________________________
ਸਰਹੱਦੀ ਖੇਤਰ ਵਿਚ ਭਾਜਪਾ ਦੀ ਚੋਣ ਮੁਹਿੰਮ ਠੰਢੀ
ਚੰਡੀਗੜ੍ਹ: ਸਰਹੱਦੀ ਖੇਤਰ ਅੰਦਰ ਲੋਕ ਸਭਾ ਦੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੀਆਂ ਸਰਗਰਮੀਆਂ ਅਜੇ ਤੱਕ ਸ਼ੁਰੂ ਨਾ ਹੋਣ ਕਾਰਨ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੋਂ ਚੋਣ ਪ੍ਰਚਾਰ ਵਿਚ ਪਛੜੇ ਹੋਏ ਹਨ। ਸਰਹੱਦੀ ਖੇਤਰ ਨਾਲ ਲੱਗਦੇ ਇਸ ਹਲਕੇ ਅੰਦਰ ਲੋਕਾਂ ਵਿਚ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਔਜਲਾ ਵੱਲੋਂ ਹਲਕੇ ਅੰਦਰ ਹੁਣ ਤੱਕ ਕਈ ਚੋਣ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਭਾਜਪਾ ਉਮੀਦਵਾਰ ਵੱਲੋਂ ਅਜੇ ਤੱਕ ਖਾਤਾ ਵੀ ਨਹੀਂ ਖੋਲ੍ਹਿਆ ਗਿਆ। ਇਸ ਹਲਕੇ ਤੋਂ ਅਕਾਲੀ ਦਲ ਦੇ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਲੜਕੇ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਜਾਣ ਕਾਰਨ ਇਸ ਹਲਕੇ ਵਿਚ ਅਕਾਲੀ ਦਲ ਵਲੋਂ ਆਪਣਾ ਵੋਟ ਬੈਂਕ ਕਾਇਮ ਰੱਖਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਭਾਜਪਾ ਉਮੀਦਵਾਰ ਦਾ ਬਾਹਰੀ ਹੋਣਾ ਵੀ ਵੱਡਾ ਫੈਕਟਰ ਨਜ਼ਰ ਆ ਰਿਹਾ ਹੈ। ਹਲਕੇ ਵਿਚ ਅਕਾਲੀ ਦਲ ਦੇ ਵਰਕਰਾਂ ਅੰਦਰ ਵੀ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ।
________________________________
ਅਕਾਲੀਆਂ ਦੇ ਇਸ਼ਾਰੇ ‘ਤੇ ਖਰੀਦ ‘ਚ ਅੜਿੱਕੇ ਡਾਹ ਰਿਹਾ ਹੈ ਕੇਂਦਰ : ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਕਾਲੀਆਂ ਦੇ ਇਸ਼ਾਰੇ ‘ਤੇ ਪੰਜਾਬ ਵਿਚ ਬਾਰਦਾਨੇ ਦੀ ਘਾਟ ਪੈਦਾ ਕਰ ਰਹੀ ਹੈ ਤਾਂ ਕਿ ਖਰੀਦ ਪ੍ਰਕਿਰਿਆ ਵਿਚ ਅੜਿੱਕੇ ਡਾਹ ਕੇ ਚੋਣਾਂ ਦੌਰਾਨ ਸੂਬੇ ਵਿਚ ਕਾਂਗਰਸ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ ਪਰ ਸੂਬੇ ਨੂੰ ਬਾਰਦਾਨੇ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਵਿਚ 12 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਬਾਰਦਾਨੇ ਦੀ ਵਾਧੂ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਖਰੀਦ ਲਈ ਲੋੜੀਂਦੇ ਬਾਰਦਾਨੇ ਨੂੰ ਪੰਜਾਬ ਤੋਂ ਹਰਿਆਣਾ ਭੇਜਣ ‘ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
______________________________
ਸੰਗਰੂਰ, ਫਿਰੋਜ਼ਪੁਰ ਤੇ ਗੁਰਦਾਸਪੁਰ ਵਿਚ ਸਿਆਸੀ ਧਿਰਾਂ ਦੇ ‘ਪ੍ਰਧਾਨਾਂ’ ਦੀ ਟੱਕਰ
ਚੰਡੀਗੜ੍ਹ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਬਠਿੰਡਾ, ਸੰਗਰੂਰ, ਫਿਰੋਜ਼ਪੁਰ ਤੇ ਗੁਰਦਾਸਪੁਰ ਉਤੇ ਦਿਲਚਸਪ ਮੁਕਾਬਲੇ ਬਣ ਗਏ ਹਨ। ਇਨ੍ਹਾਂ ਚਾਰ ਸੀਟਾਂ ‘ਤੇ ਸੂਬੇ ਦੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਹੈ ਅਤੇ ਉਹ ਖੁਦ ਚੋਣ ਮੈਦਾਨ ‘ਚ ਉਤਰੇ ਹੋਏ ਹਨ।
ਮਾਲਵੇ ਦੇ ਹਲਕੇ ਸੰਗਰੂਰ ‘ਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਚੋਣ ਲੜ ਰਹੇ ਹਨ ਤੇ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੇ ਅਕਾਲੀ-ਭਾਜਪਾ ਉਮੀਦਵਾਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨਾਲ ਹੈ। ਉਂਜ ਇਥੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੋਣ ‘ਚ ਕੁੱਦੇ ਹੋਏ ਹਨ। ਆਮ ਆਦਮੀ ਪਾਰਟੀ ਸੂਬੇ ‘ਚ ਆਪਣਾ ਆਧਾਰ ਕਾਇਮ ਰੱਖਣ ਲਈ ਇਸ ਸੀਟ ‘ਤੇ ਸਿਰਤੋੜ ਯਤਨ ਕਰ ਰਹੀ ਹੈ ਤੇ ਭਗਵੰਤ ਮਾਨ ਦਾ ਰਾਜਸੀ ਭਵਿੱਖ ਵੀ ਉਨ੍ਹਾਂ ਦੀ ਜਿੱਤ ਹਾਰ ‘ਤੇ ਹੀ ਨਿਰਭਰ ਕਰੇਗਾ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ‘ਚ ਹਨ ਤੇ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੈ। ਇਥੋਂ ਘੁਬਾਇਆ ਨੂੰ ਆਪਣੀ ਹੀ ਬਿਰਾਦਰੀ ਦੀ ਟੇਕ ਹੈ।
ਇਸੇ ਤਰ੍ਹਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਚੋਣ ਮੈਦਾਨ ‘ਚ ਹਨ ਅਤੇ ਇਨ੍ਹਾਂ ਦੇ ਮੁਕਾਬਲੇ ਅਕਾਲੀ-ਭਾਜਪਾ ਵੱਲੋਂ ਫਿਲਮੀ ਅਦਾਕਾਰ ਸੰਨੀ ਦਿਓਲ ਨੂੰ ਚੋਣ ਅਖਾੜੇ ‘ਚ ਉਤਾਰਿਆ ਗਿਆ ਹੈ। ਭਾਵੇਂ ਇਸ ਹਲਕੇ ‘ਚ ਪੈਂਦੇ 9 ਵਿਧਾਨ ਸਭਾ ਹਲਕਿਆਂ ‘ਚੋਂ ਸੱਤ ਹਲਕਿਆਂ ਉਪਰ ਕਾਂਗਰਸੀ ਵਿਧਾਇਕ ਕਾਬਜ਼ ਹਨ ਜਿਨ੍ਹਾਂ ‘ਚੋਂ ਤਿੰਨ ਮੰਤਰੀ ਹਨ ਅਤੇ ਖੁਦ ਸੁਨੀਲ ਜਾਖੜ ਨੇ ਵੀ ਚੋਣ ਪ੍ਰਚਾਰ ਵਿਚ ਸੰਨੀ ਦਿਓਲ ਨੂੰ ਬੁਰੀ ਤਰ੍ਹਾਂ ਪਛਾੜਿਆ ਹੋਇਆ ਹੈ ਪਰ ਉਨ੍ਹਾਂ ਦੇ ਮੁਕਾਬਲੇ ਪ੍ਰਸਿੱਧ ਫਿਲਮੀ ਹਸਤੀ ਹੋਣ ਕਾਰਨ ਉਨ੍ਹਾਂ ਨੂੰ ਹਲਕੇ ‘ਚ ਦਿਨ-ਰਾਤ ਮਿਹਨਤ ਕਰਨੀ ਪੈ ਰਹੀ ਹੈ। ਬਠਿੰਡਾ ਤੋਂ ਬਾਦਲ ਪਰਿਵਾਰ ਦੀ ਨੂੰਹ ਮੈਦਾਨ ਵਿਚ ਹੈ, ਉਨ੍ਹਾਂ ਦਾ ਮੁਕਾਬਲੇ ਸੁਖਪਾਲ ਸਿੰਘ ਖਹਿਰਾ ਤੇ ਕਾਂਗਰਸ ਵੱਲੋਂ ਰਾਜਾ ਵੜਿੰਗ ਨਾਲ ਹੈ।