ਲੋਕ ਸਭਾ ਚੋਣਾਂ: ਬੇਰੁਜ਼ਗਾਰੀ, ਕਿਸਾਨੀ ਤੇ ਪ੍ਰਦੂਸ਼ਣ ਵੱਡੇ ਮੁੱਦਿਆਂ ਵਜੋਂ ਉਭਰੇ

ਚੰਡੀਗੜ੍ਹ: ਪੰਜਾਬ ਦੇ ਵੋਟਰਾਂ ਵੱਲੋਂ ਚੋਣਾਂ ਦੌਰਾਨ ਮਨਮਰਜ਼ੀ ਦੀ ਪਾਰਟੀ ਅਤੇ ਉਮੀਦਵਾਰ ਨੂੰ ਵੋਟ ਪਾਉਣ ਦੇ ਮਾਮਲੇ ਵਿਚ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਹ ਤੱਥ ਜਮਹੂਰੀ ਸੁਧਾਰਾਂ ਦੀ ਸੰਸਥਾ ਏ.ਡੀ.ਆਰ. ਵੱਲੋਂ ਕੀਤੇ ਸਰਵੇਖਣ ਦੌਰਾਨ ਸਾਹਮਣੇ ਆਏ ਹਨ। ਏ.ਡੀ.ਆਰ. ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ 13 ਸੰਸਦੀ ਹਲਕਿਆਂ ਵਿਚੋਂ ਲੋਕਾਂ ਦੀ ਰਾਏ ਦੇ ਆਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਹਰੇਕ ਹਲਕੇ ਵਿਚੋਂ 500 ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਮੇਤ ਕੌਮੀ ਪੱਧਰ ‘ਤੇ ਬੇਰੁਜ਼ਗਾਰੀ ਪ੍ਰਮੁੱਖ ਮੁੱਦੇ ਵਜੋਂ ਉਭਰ ਕੇ ਸਾਹਮਣੇ ਆਇਆ ਹੈ।

ਭਾਜਪਾ ਅਤੇ ਕੌਮੀ ਜਮਹੂਰੀ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਅਤਿਵਾਦ ਦੇ ਮੁੱਦੇ ਨੂੰ ਦਿੱਤੀ ਜਾ ਰਹੀ ਹਵਾ ਨੂੰ ਲੋਕਾਂ ਨੇ ਹੁਲਾਰਾ ਨਹੀਂ ਦਿੱਤਾ ਭਾਵ ਵੋਟਰਾਂ ਦੀਆਂ ਨਜ਼ਰਾਂ ਵਿਚ ਇਹ ਮੁੱਦਾ ਨਹੀਂ ਹੈ।
ਪੰਜਾਬ ਦੀ ਗੱਲ ਕਰਦਿਆਂ ਏ.ਡੀ.ਆਰ. ਦੇ ਨੁਮਾਇੰਦਿਆਂ ਨੇ ਦੱਸਿਆ ਕਿ 87 ਫੀਸਦੀ ਵੋਟਰ ਭਾਵੇਂ ਆਪਣੀ ਮਰਜ਼ੀ ਮੁਤਾਬਕ ਵੋਟ ਪਾਉਂਦੇ ਹਨ ਪਰ ਵੋਟਰਾਂ ਦੀ ਨਜ਼ਰ ਵਿਚ ਸਭ ਤੋਂ ਪਹਿਲਾਂ ਪਾਰਟੀ, ਫਿਰ ਉਮੀਦਵਾਰ ਦੀ ਜਾਤ, ਬਰਾਦਰੀ ਆਉਂਦੀ ਹੈ। ਉਮੀਦਵਾਰ ਦੇ ਚੰਗੇ ਜਾਂ ਮਾੜੇ ਕਿਰਦਾਰ ਦੀ ਪੁਣਛਾਣ ਵੋਟਰਾਂ ਵੱਲੋਂ ਅੰਤ ਵਿਚ ਕੀਤੀ ਜਾਂਦੀ ਹੈ। ਇਹ ਤੱਥ ਵੀ ਅਹਿਮ ਹੈ ਕਿ ਮਹਿਜ਼ 6 ਫੀਸਦੀ ਵੋਟਰ ਆਪਣੇ ਪਰਿਵਾਰਕ ਮੈਂਬਰਾਂ ਦੇ ਪ੍ਰਭਾਵ ਅਧੀਨ ਤੇ 5 ਫੀਸਦੀ ਵੋਟਰ ਆਪਣੇ ਜੀਵਨ ਸਾਥੀ ਦੇ ਕਹਿਣ ‘ਤੇ ਵੋਟ ਪਾਉਂਦੇ ਹਨ।
ਸਰਵੇਖਣ ਦੌਰਾਨ ਇਹ ਵੀ ਤੱਥ ਸਾਹਮਣੇ ਆਏ ਕਿ ਪੰਜਾਬ ਸਮੇਤ ਤਕਰੀਬਨ ਸਾਰੇ ਸੂਬਿਆਂ ਵਿਚ ਵੋਟਰਾਂ ਵੱਲੋਂ ਮੁੱਖ ਮੰਤਰੀ ਦੀ ਸ਼ਖ਼ਸੀਅਤ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾਂਦਾ ਹੈ। ਸੂਬੇ ਵਿਚ ਚੋਣਾਂ ਸਮੇਂ ਸ਼ਰਾਬ ਅਤੇ ਪੈਸੇ ਦੀ ਵਰਤੋਂ ਆਮ ਵਰਤਾਰਾ ਮੰਨਿਆ ਜਾਣ ਲੱਗਿਆ ਹੈ। ਸੂਬੇ ਦੇ 17 ਫੀਸਦੀ ਵੋਟਰਾਂ ਨੇ ਸਰਵੇਖਣ ਦੌਰਾਨ ਕਿਹਾ ਹੈ ਕਿ ਸ਼ਰਾਬ, ਪੈਸਾ ਅਤੇ ਤੋਹਫੇ ਆਦਿ ਉਮੀਦਵਾਰ ਦੇ ਹੱਕ ਵਿਚ ਵੋਟ ਦੇ ਭੁਗਤਾਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 80 ਫੀਸਦੀ ਵੋਟਰ ਮੰਨਦੇ ਹਨ ਕਿ ਚੋਣਾਂ ਦੌਰਾਨ ਨਸ਼ੇ ਅਤੇ ਪੈਸੇ ਦੀ ਵਰਤੋਂ ਗੈਰਕਾਨੂੰਨੀ ਹੈ। ਏ.ਡੀ.ਆਰ. ਦੇ ਸਰਵੇਖਣ ਦੌਰਾਨ ਦਿਲਚਸਪ ਤੱਥ ਇਹ ਵੀ ਸਾਹਮਣੇ ਆਇਆ ਕਿ ਪੰਜਾਬ ਦੇ 98 ਫੀਸਦੀ ਵੋਟਰਾਂ ਦਾ ਮੰਨਣਾ ਹੈ ਕਿ ਅਪਰਾਧਿਕ ਮਾਮਲਿਆਂ ਵਿਚ ਘਿਰੇ ਸਿਆਸਤਦਾਨਾਂ ਨੂੰ ਪਾਰਲੀਮੈਂਟ ਵਿਚ ਨਹੀਂ ਜਾਣਾ ਚਾਹੀਦਾ ਹੈ ਪਰ 37 ਫੀਸਦੀ ਵੋਟਰ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਨੂੰ ਇਸ ਕਰਕੇ ਨਜਰਅੰਦਾਜ਼ ਕਰ ਦਿੰਦੇ ਹਨ ਕਿਉਂਕਿ ਉਮੀਦਵਾਰ ਹੋਰ ਬਹੁਤ ਚੰਗੇ ਕੰਮ ਵੀ ਕਰਦਾ ਹੁੰਦਾ ਹੈ।
ਇਸੇ ਦੌਰਾਨ 35 ਫੀਸਦੀ ਵੋਟਰਾਂ ਦਾ ਇਹ ਵੀ ਮੰਨਣਾ ਹੈ ਕਿ ਸਿਆਸਤਦਾਨਾਂ ਖਿਲਾਫ ਜਿਸ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਹੁੰਦੇ ਹਨ, ਉਹ ਜ਼ਿਆਦਾ ਸੰਗੀਨ ਨਹੀਂ ਹੁੰਦੇ ਜਿਸ ਕਰਕੇ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਦਿਹਾਤੀ ਤੇ ਸ਼ਹਿਰੀ ਖੇਤਰ ਨਾਲ ਸਬੰਧਤ 51.70 ਫੀਸਦੀ ਵੋਟਰਾਂ ਨੇ ਬੇਰੁਜ਼ਗਾਰੀ ਨੂੰ ਸਭ ਤੋਂ ਵੱਡਾ ਮਸਲਾ ਮੰਨਿਆ ਹੈ। ਦਿਹਾਤੀ ਖੇਤਰ ਦੇ 33.85 ਫੀਸਦੀ ਵੋਟਰਾਂ ਨੇ ਕਿਹਾ ਕਿ ਖੇਤੀ ਲਈ ਲੋੜੀਂਦੇ ਕਰਜ਼ੇ ਨਹੀਂ ਮਿਲਦੇ।
ਇਸੇ ਤਰ੍ਹਾਂ 31.39 ਫੀਸਦੀ ਪੇਂਡੂ ਵੋਟਰਾਂ ਦਾ ਮੰਨਣਾ ਹੈ ਕਿ ਕਿਸਾਨਾਂ ਦੀਆਂ ਜਿਣਸਾਂ ਦਾ ਲਾਹੇਵੰਦ ਭਾਅ ਨਹੀਂ ਮਿਲਦਾ। ਸ਼ਹਿਰੀ ਖੇਤਰ ਦੇ ਵੋਟਰਾਂ ਨੇ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੂੰ ਵੀ ਤਵੱਜੋ ਦਿੰਦਿਆਂ ਇਸ ਨੂੰ ਚੋਣ ਮੁੱਦਾ ਮੰਨਿਆ ਹੈ। ਸ਼ਹਿਰੀ ਲੋਕਾਂ ਨੇ ਆਵਾਜਾਈ ਦੀਆਂ ਸਮੱਸਿਆਵਾਂ ਤੇ ਟੁੱਟੀਆਂ ਸੜਕਾਂ ਤੋਂ ਵੀ ਪਰੇਸ਼ਾਨ ਹੋਣ ਦੀ ਗੱਲ ਕਹੀ ਹੈ। ਰੁਜ਼ਗਾਰ ਤੇ ਖੇਤੀ ਖੇਤਰ ਵਿਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੋਟਰਾਂ ਨੇ ਔਸਤ ਨਾਲੋਂ ਹੇਠਲਾ ਦਰਜਾ ਦਿੱਤਾ ਹੈ। ਸੂਬੇ ਦੇ ਲੋਕਾਂ ਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਣਾ ਕਾਂਗਰਸ ਸਰਕਾਰ ਲਈ ਚੁਣੌਤੀ ਵੀ ਬਣ ਸਕਦਾ ਹੈ।
____________________________________
ਦਿੱਲੀ ਦੇ ਅਕਾਲੀਆਂ ਨੇ ਸੰਭਾਲਿਆ ਬਾਦਲਾਂ ਦੇ ਹੱਕ ਵਿਚ ਮੋਰਚਾ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਆਗੂਆਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਅਹੁਦੇਦਾਰਾਂ ਵੱਲੋਂ ਪੰਜਾਬ ਦੇ ਬਠਿੰਡਾ ਤੇ ਫਿਰੋਜਪੁਰ ਵਿਚ ਕ੍ਰਮਵਾਰ ਦਲ ਦੇ ਉਮੀਦਵਾਰਾਂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਦੇ ਅੰਮ੍ਰਿਤਸਰ ਤੋਂ ਤੇ ਗੁਰਦਾਸਪੁਰ ਤੋਂ ਉਮੀਦਵਾਰ ਲਈ ਵੀ ਦਿੱਲੀ ਦੇ ਅਕਾਲੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਠਿੰਡਾ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਭਰਾ ਹਰਜੀਤ ਸਿੰਘ ਵੱਲੋਂ ਅੰਮ੍ਰਿਤਸਰ ਵਿਚ ਭਾਜਪਾ ਉਮੀਦਵਾਰ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਲਈ ਚੋਣ ਪ੍ਰਚਾਰ ਕੀਤਾ ਗਿਆ। ਦੋਵੇਂ ਜੀ.ਕੇ. ਭਰਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਕੋਲ ਵੀ ਗਏ।
ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਅਵਤਾਰ ਸਿੰਘ ਹਿਤ ਨੇ ਬਾਦਲ ਪਰਿਵਾਰ ਵਾਲੀਆਂ ਦੋਵਾਂ ਸੀਟਾਂ ਲਈ ਪ੍ਰਚਾਰ ਦੌਰਾਨ ਉੱਥੇ ਹਾਜ਼ਰੀ ਲਵਾਈ। ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਰਣਜੀਤ ਕੌਰ ਨੇ ਵੀ ਹਰਸਿਮਰਤ ਕੌਰ ਲਈ ਪ੍ਰਚਾਰ ਕੀਤਾ। ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਤੇ ਹੋਰ ਮੈਂਬਰ ਵੀ ਆਪਣੇ ਸਿਆਸੀ ਆਕਾਵਾਂ ਲਈ ਡਿਊਟੀ ਕਰਕੇ ਦਿੱਲੀ ਪਰਤੇ ਹਨ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂਬਰਾਂ ਵੱਲੋਂ ਪੰਜਾਬ ‘ਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉਹ ਦਿੱਲੀ ਕਮੇਟੀ ਦੇ ਪ੍ਰਬੰਧਾਂ ਨੂੰ ਵੀ ਸਾਂਭ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਬੀਤੇ ਦਿਨ ਲੁਧਿਆਣਾ ਵਿਚ ਪੰਜਾਬ ‘ਚ ਬਾਦਲ ਵਿਰੋਧੀ ਧਿਰਾਂ ਲਈ ਪ੍ਰਚਾਰ ਕਰਨ ਦਾ ਐਲਾਨ ਕੀਤਾ ਸੀ।