‘ਇੱਕ ਕੈਦਾ ਲੈ ਦੇ ਬੇਬੇ ਮੈਨੂੰ ਊੜੇ ਆੜੇ ਦਾ’

ਆਪਣੇ ਇਸ ਲੇਖ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਨਾਮ ਕੌਰ ਨੇ ਹਾਲ ਹੀ ਵਿਚ ਆਈ ਪੰਜਾਬੀ ਫਿਲਮ ‘A ਅ’ ਦੇ ਹਵਾਲੇ ਨਾਲ ਪੰਜਾਬ ਵਿਚਲੇ ਸਮੁੱਚੇ ਹਾਲਾਤ ਤੇ ਪੰਜਾਬੀ ਦੀ ਦੁਰਦਸ਼ਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਹਨ ਅਤੇ ਕਿਹਾ ਹੈ ਕਿ ਪੰਜਾਬੀ ਜ਼ੁਬਾਨ ਤੇ ਸਭਿਆਚਾਰ ਦੀ ਸੰਭਾਲ ਲਈ ਜਿੱਥੇ ਸਰਕਾਰ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ, ਉਥੇ ਸਾਨੂੰ ਪੰਜਾਬੀਆਂ ਨੂੰ ਵੀ ਇਸ ਪ੍ਰਤੀ ਸੁਚੇਤ ਹੋਣਾ ਪਵੇਗਾ।

-ਸੰਪਾਦਕ

ਡਾ. ਗੁਰਨਾਮ ਕੌਰ, ਕੈਨੇਡਾ
ਇਹ ਫਰਵਰੀ ਮਹੀਨੇ ਆਈ ਪੰਜਾਬੀ ਫਿਲਮ ‘A ਅ’ ਦਾ ਗੀਤ ਹੈ, ਜੋ ਫਿਲਮ ‘ਚ ਮੁੱਖ ਕਿਰਦਾਰ ਨਿਭਾ ਰਹੇ ਪੰਜਾਬੀ ਗੀਤਕਾਰ, ਸੰਗੀਤਕਾਰ ਅਤੇ ਗਾਇਕ ਤਰਸੇਮ ਸਿੰਘ ਜੱਸੜ ਨੇ ਗਾਇਆ ਹੈ| ਅੱਜ ਕੱਲ੍ਹ ਬੱਚੇ ਟੈਲੀਵਿਜ਼ਨ ਜਾਂ ਸਿਨੇਮੇ ਦਾ ਅਸਰ ਬਹੁਤ ਛੇਤੀ ਕਬੂਲ ਕਰਦੇ ਹਨ| ਇਸ ਲਈ ਜਦੋਂ ਕਦੀ ਪਤਾ ਲੱਗੇ ਕਿ ਪੰਜਾਬੀ ਦੀ ਕੋਈ ਸਾਫ ਸੁਥਰੀ, ਪਰਿਵਾਰ ਸਮੇਤ ਦੇਖਣ ਵਾਲੀ ਫਿਲਮ ਆਈ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮੇਰੇ ਪੋਤੇ ਅਜੇ ਸਿੰਘ ਨੂੰ ਫਿਲਮ ਜ਼ਰੂਰ ਦਿਖਾਈਏ| ਭਾਵੇਂ ਇਹ ਫਿਲਮ ਜਦੋਂ ਆਈ ਤਾਂ ਮੈਂ ਕੈਨੇਡਾ ਵਿਚ ਨਹੀਂ ਸਾਂ ਅਤੇ ਫਿਲਮ ਨਾ ਦੇਖ ਸਕੀ ਪਰ ਇਸ ਦੀ ਜਿੰਨੀ ਕੁ ਜਾਣਕਾਰੀ ਮਿਲੀ, ਉਸ ਤੋਂ ਸਪਸ਼ਟ ਹੈ ਕਿ ਪੰਜਾਬੀ ਵਿਚ ਚੰਗੇ ਸੁਨੇਹੇ ਦਿੰਦੀਆਂ ਸਾਫ-ਸੁਥਰੀਆਂ, ਪਰਿਵਾਰ ਸਮੇਤ ਦੇਖਣ ਯੋਗ ਫਿਲਮਾਂ ਬਣਨ ਲੱਗੀਆਂ ਹਨ। ਇਸ ਫਿਲਮ ਨੂੰ ਟਿਕਟ-ਖਿੜਕੀ ‘ਤੇ ਮਿਲੀ ਸਫਲਤਾ ਤੋਂ ਇਹ ਵੀ ਸਪੱਸ਼ਟ ਹੈ ਕਿ ਚੰਗੀਆਂ ਫਿਲਮਾਂ ਦੇ ਸਫਲ ਹੋਣ ਦੀ ਵੀ ਪੂਰੀ ਸੰਭਾਵਨਾ ਹੈ, ਕਿਉਂਕਿ ਪੰਜਾਬੀ ਵੀ ਸੂਝ ਅਤੇ ਚੇਤਨਾ ਬਾਕੀ ਲੋਕਾਂ ਵਾਂਗ ਹੀ ਰੱਖਦੇ ਹਨ|
ਆਧੁਨਿਕ ਸਿੱਖਿਆ ਦਾ ਜਿਸ ਕਿਸਮ ਦਾ ਅਭਿਆਨ ਅਤੇ ਰੁਝਾਨ ਚੱਲ ਰਿਹਾ ਹੈ, ਉਸ ਕਰਕੇ ਅਤੇ ਪਿੰਡਾਂ ਵਿਚੋਂ ਸ਼ਹਿਰਾਂ ਵਿਚ ਪਲਾਇਨ ਕਰਨ ਕਰਕੇ ਪੰਜਾਬੀ ਮਾਂ-ਬੋਲੀ ਦੀ ਕਾਫੀ ਸ਼ਬਦਾਵਲੀ ਸਾਡੇ ਕੋਲੋਂ ਗੁੰਮ ਹੋਈ ਜਾ ਰਹੀ ਹੈ| ਇਸੇ ਵੱਲ ਇਸ਼ਾਰਾ ਤਰਸੇਮ ਜੱਸੜ ਦੇ ਇਸ ਗੀਤ ਵਿਚ ਵੀ ਕੀਤਾ ਗਿਆ ਹੈ ਕਿ ‘ਕਿੱਕਰ, ਅੱਕਾਂ ਦੇ ਪੱਤੇ, ਮਿੱਸੀਆਂ ਰੋਟੀਆਂ ਨਾਲ ਗੰਢਾ, ਪੋਣੇ, ਭੱਤੇ’ ਇਹ ਸਭ ਕੀ ਚੀਜ਼ਾਂ ਹੁੰਦੀਆਂ ਹਨ? ਹੁਣ ਦੇ ਬੱਚਿਆਂ ਨੂੰ ਨਹੀਂ ਪਤਾ ਇਨ੍ਹਾਂ ਸ਼ਬਦਾਂ ਦੇ ਕੀ ਅਰਥ ਹੁੰਦੇ ਹਨ? ਪੀਚੋ ਪਾੜਾ ਵਰਗੀਆਂ ਖੇਡਾਂ, ਜੋ ਪੰਜਾਬੀ ਸਭਿਆਚਾਰ ਦਾ ਹਿੱਸਾ ਰਹੀਆਂ ਹਨ, ਬਾਰੇ ਹੁਣ ਦੇ ਬੱਚੇ ਕੁਝ ਨਹੀਂ ਜਾਣਦੇ ਅਤੇ ਇਸ ਸ਼ਬਦਾਵਲੀ ਨੂੰ ਸੰਭਾਲਣ ਦੇ ਕੋਈ ਪੁਖਤਾ ਉਪਰਾਲੇ ਵੀ ਨਹੀਂ ਹੋ ਰਹੇ| ਸਾਡੇ ਸਮਿਆਂ ਵਿਚ ਗਰਮੀ ਦੇ ਮੌਸਮ ਵਿਚ ਬੱਚੇ ਅਤੇ ਜੁਆਨ ਆਮ ਹੀ ਸੂਇਆਂ ਵਿਚ ਨਹਾਉਂਦੇ ਸਨ, ਹੁਣ ਤਾਂ ਸਰਕਾਰਾਂ ਦੀ ਮਿਹਰਬਾਨੀ ਨਾਲ ਪੰਜਾਬ ਦੇ ਸੂਇਆਂ ਵਿਚੋਂ ਪਾਣੀ ਹੀ ਸੁੱਕ ਗਿਆ ਹੈ|
ਪਿੰਡਾਂ ਵਿਚ ਬਹੁਤੇ ਜੀਆਂ ਵਾਲੇ ਧੜੱਲੇ ਨਾਲ ਕੰਮ ਕਰਨ ਵਾਲੇ ਪਰਿਵਾਰ ਨੂੰ ‘ਲਾਣਾ’ ਕਿਹਾ ਜਾਂਦਾ ਸੀ ਤੇ ਪਰਿਵਾਰ ਦੀ ਕਿਸੇ ਖਾਸ ਆਦਤ ਜਾਂ ਬਜੁਰਗ ਦੇ ਨਾਂ ‘ਤੇ ਉਸ ਦਾ ਕੋਈ ਨਾਂ ਧਰ ਲਿਆ ਜਾਂਦਾ ਸੀ, ਜਿਸ ਨੂੰ ‘ਅੱਲ’ ਕਹਿੰਦੇ ਸਨ| ਅੱਜ ਵੀ ਪਿੰਡਾਂ ਦਾ ਇਹ ਸਭਿਆਚਾਰ ਕੁਝ ਹੱਦ ਤੱਕ ਕਾਇਮ ਹੈ, ਪਰ ਪਬਲਿਕ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਹੀ ਨਹੀਂ| ਗੀਤ ਵਿਚ ਗੁਹਾਰ ਲਾਈ ਗਈ ਹੈ ਕਿ ਮਾਂ ਬੋਲੀ ਸਿੱਖਣ ਅਤੇ ਬੋਲਣ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ| ਸਾਨੂੰ ਪੰਜਾਬੀਆਂ ਨੂੰ ਤਾਂ ਮਾਣ ਹੋਣਾ ਚਾਹੀਦਾ ਹੈ ਕਿ ਬਾਣੀ ਦੀ ਰਚਨਾ ਇਸੇ ਮਾਂ ਬੋਲੀ ਵਿਚ ਹੋਈ ਹੈ| ਇਹ ਸਾਡੇ ‘ਤੇ ਵੀ ਨਿਰਭਰ ਹੈ ਕਿ ਅਸੀਂ ਆਪਣੀ ਬੋਲੀ ਦੀ ਸੰਭਾਲ ਕਿਵੇਂ ਕਰਨੀ ਹੈ ਅਤੇ ਇਸ ਤੋਂ ਬੱਚਿਆਂ ਨੂੰ ਕਿਵੇਂ ਜਾਣੂ ਕਰਾਉਣਾ ਹੈ|
ਚੰਡੀਗੜ੍ਹ ਤੋਂ ਛਪਦੇ ਰੋਜ਼ਾਨਾ ਅਖਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਖਬਰ ਛਪੀ ਹੈ, “ਸਰਕਾਰੀ ਸਕੂਲਾਂ ਦਾ ਮਾਧਿਅਮ ਅੰਗਰੇਜ਼ੀ ਕਰਨ ਦੀ ਸ਼ੁਰੂਆਤ” ਜਿਸ ਅਨੁਸਾਰ “ਪਹਿਲੇ ਪੜਾਅ ਵਿਚ 40 ਤੋਂ 60 ਫੀਸਦੀ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦਾ ਟੀਚਾ।…ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ| ਇਸ ਦੇ ਪਹਿਲੇ ਪੜਾਅ ਵਿਚ ਸਕੂਲ ਮੁਖੀਆਂ ਨੂੰ ਦਿਹਾਤੀ ਖੇਤਰ ਦੇ ਸਕੂਲਾਂ ਦੇ 40 ਫੀਸਦੀ ਅਤੇ ਸ਼ਹਿਰੀ ਸਕੂਲਾਂ ਦੇ 60 ਫੀਸਦੀ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦਾ ਟੀਚਾ ਦਿੱਤਾ ਗਿਆ ਹੈ|”
ਇਸ ਤੋਂ ਅੱਗੇ ਵਿਸਥਾਰ ਵਿਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਵਿਗਿਆਨ ਅਤੇ ਗਣਿਤ ਆਦਿ ਵਿਸ਼ੇ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਏ ਜਾਣਗੇ, ਵਗੈਰਾ ਵਗੈਰਾ| ਇਸ ਖਬਰ ਦੀ ਛਾਣਬੀਣ ਕਰਨ ਤੋਂ ਪਹਿਲਾਂ ਇੱਥੇ ਜੋ ਪਹਿਲੀ ਹੀ ਗੱਲ ਧਿਆਨ ਮੰਗਦੀ ਹੈ, ਉਹ ‘ਦਿਹਾਤੀ’ ਸ਼ਬਦ ਹੈ| ਸਾਡੇ ਕੋਲ ਚੰਗਾ ਭਲਾ ਆਮ ਸਮਝ ਆਉਣ ਵਾਲਾ ਲਫਜ਼ ‘ਪੇਂਡੂ’ ਹੈ, ਜਿਸ ਨੂੰ ‘ਪੇਂਡੂ ਖੇਤਰ’ ਲਿਖਿਆ ਜਾ ਸਕਦਾ ਸੀ| ਸਾਡੇ ਪੰਜਾਬੀ ਦੇ ਬਹੁਤ ਵੱਡੇ ਕਹੇ ਜਾਣ ਵਾਲੇ ਵਿਦਵਾਨ ਬਿਨਾ ਵਜ੍ਹਾ ਸੰਸਕ੍ਰਿਤ ਦੇ ਸ਼ਬਦ ਆਪਣੀਆਂ ਲਿਖਤਾਂ ਵਿਚ ਪਾ ਕੇ ਪੰਜਾਬੀ ਬੋਲੀ ਨੂੰ ਆਮ ਪਾਠਕਾਂ ਦੀ ਸਮਝ ਲਈ ਔਖੀ ਵੀ ਕਰ ਰਹੇ ਹਨ ਅਤੇ ਉਸ ਦਾ ਹੁਲੀਆ ਵੀ ਵਿਗਾੜ ਰਹੇ ਹਨ|
ਪਿਛਲੇ ਸਾਲ ਪਾਕਿਸਤਾਨੀ ਪੰਜਾਬ ਤੋਂ ਇੰਗਲੈਂਡ ਵਾਸੀ ਪੰਜਾਬੀ ਦਾ ਲੇਖਕ ਗੁਲਾਮ ਮੁਸਤਫਾ ਡੋਗਰ ਪੂਰਬੀ ਪੰਜਾਬ ਦਾ ਗੇੜਾ ਲਾ ਕੇ ਆਇਆ ਸੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਉਸ ਨੇ ਕਿਸੇ ਕਾਨਫਰੰਸ ਵਿਚ ਹਾਜ਼ਰੀ ਭਰੀ ਸੀ| ਜਨਾਬ ਡੋਗਰ ਮੇਰੇ ਨਾਲ ਫੋਨ ‘ਤੇ ਗੱਲ ਕਰਦਿਆਂ ਮੈਨੂੰ ਪੁੱਛ ਰਹੇ ਸਨ, ਉਥੋਂ ਦੇ ਵਿਦਵਾਨ ਆਪਣੇ ਪਰਚਿਆਂ ਵਿਚ ਕਿਹੋ ਜਿਹੀ ਪੰਜਾਬੀ ਲਿਖਦੇ ਹਨ, ਜਿਸ ਦੇ ਬਹੁਤੇ ਲਫਜ਼ ਪੱਲੇ ਹੀ ਨਹੀਂ ਪੈਂਦੇ| ਇਸੇ ਕਿਸਮ ਦਾ ਉਲਾਂਭਾ ਇੱਥੇ ਟੋਰਾਂਟੋ ਵਿਚ 2011 ਦੀ ਆਲਮੀ ਪੰਜਾਬੀ ਕਾਨਫਰੰਸ ਦੀ ਸਟੇਜ ਤੋਂ ਪਾਕਿਸਤਾਨੀ ਪੰਜਾਬ ਦੇ ਸਵੀਡਨ ਵਿਚ ਜੱਜ ਲੱਗੇ ਪੰਜਾਬੀ ਲੇਖਕ ਨੇ ਸਵਰਗੀ ਡਾ. ਸੁਤਿੰਦਰ ਸਿੰਘ ਨੂਰ ਦੇ ਪਰਚਾ ਪੜ੍ਹਨ ਪਿਛੋਂ ਦਿੱਤਾ ਸੀ ਕਿ ਪਰਚੇ ਵਿਚ ਕੀ ਕਿਹਾ ਹੈ ਅਤੇ ਕਿਸ ਕਿਸਮ ਦੀ ਪੰਜਾਬੀ ਹੈ, ਜਿਸ ਦਾ ਇੱਕ ਵੀ ਲਫਜ਼ ਪੱਲੇ ਨਹੀਂ ਪੈ ਰਿਹਾ|
ਖੈਰ! ਵਿਦਵਾਨਾਂ ਦੀ ਵਿਦਵਾਨ ਜਾਣਨ; ਸ਼ਾਇਦ ਇਸੇ ਨੂੰ ਵਿਦਵਤਾ ਕਹਿੰਦੇ ਹਨ ਕਿ ਤੁਹਾਡਾ ਲਿਖਿਆ ਦੂਜਿਆਂ ਨੂੰ ਪਤਾ ਹੀ ਨਾ ਲੱਗੇ| ਜਿੱਥੋਂ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਲਾਗੂ ਕਰਨ ਦੀ ਗੱਲ ਹੈ, ਇਹ ਰੁਝਾਨ ਸਾਰਥਕ ਹੋ ਸਕਦਾ ਹੈ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਾਧਿਅਮ ਬਦਲਣ ਨਾਲ ਪੰਜਾਬੀ ਪੜ੍ਹਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ| ਜਿਸ ਤਰ੍ਹਾਂ ਘਰ ਫੂਕ ਕੇ ਵੀ ਅੰਗਰੇਜ਼ੀ ਮਾਧਿਅਮ ਵਾਲੇ ਮਹਿੰਗੇ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾਉਣ ਦੀ ਹੋੜ ਲੱਗੀ ਹੋਈ ਹੈ (ਇਹੀ ਫਿਲਮ ‘A ਅ’ ਵਿਚ ਦਿਖਾਇਆ ਹੈ ਤੇ ਇਹੀ ਵਾਪਰ ਰਿਹਾ ਹੈ), ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਇਸ ਮੁਕਾਬਲੇ ਦੀ ਦੁਨੀਆਂ ਵਿਚ ਉਸ ਦਾ ਬੱਚਾ ਪਿੱਛੇ ਰਹਿ ਜਾਵੇ। ਪੰਜਾਬ ਸਰਕਾਰ ਦਾ ਇਹ ਕਦਮ ਸਹੀ ਦਿਸ਼ਾ ਵਿਚ ਹੋ ਸਕਦਾ ਹੈ ਕਿਉਂਕਿ ਆਮ ਲੋਕ, ਖਾਸ ਕਰ ਪਿੰਡਾਂ ਦੀ ਗਰੀਬ ਜਨਤਾ ਮਹਿੰਗੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਤੋਂ ਅਸਮਰੱਥ ਹਨ|
ਪੰਜਾਬ ਸਰਕਾਰ ਨੂੰ ਇਹ ਕਦਮ ਚੁੱਕਣ ਤੋਂ ਪਹਿਲਾਂ ਸਕੂਲਾਂ ਵਿਚ ਮੁਕੰਮਲ ਢਾਂਚਾ ਉਸਾਰਨਾ ਚਾਹੀਦਾ ਹੈ| ਹਰ ਰੋਜ਼ ਸੁਣਨ ਵਿਚ ਆਉਂਦਾ ਹੈ ਕਿ ਬਹੁਤੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਮੁਤਾਬਕ ਅਧਿਆਪਕ ਹਨ ਹੀ ਨਹੀਂ; ਜਿੱਥੇ ਅਧਿਆਪਕ ਹਨ, ਉਹ ਦਿਲਚਸਪੀ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹੀ ਨਹੀਂ| ਪਿਛਲੇ ਦਿਨੀਂ ਖਬਰ ਸੀ ਕਿ ਇੱਕ ਅਧਿਆਪਕ ਨੇ ਆਪਣੀ ਥਾਂ ਤਿੰਨ ਹਜ਼ਾਰ ਰੁਪਏ ਮਹੀਨੇ ‘ਤੇ ਕਿਸੇ ਔਰਤ ਅਧਿਆਪਕ ਨੂੰ ਰੱਖਿਆ ਹੋਇਆ ਹੈ ਅਤੇ ਆਪ ਘਰ ਬੈਠਾ ਤਨਖਾਹ ਲੈ ਰਿਹਾ ਹੈ| ਦੂਜੀ ਗੱਲ, ਮਾਧਿਅਮ ਅੰਗਰੇਜ਼ੀ ਕਰਨ ਦੇ ਨਾਲ ਨਾਲ ਪੰਜਾਬੀ ਨੂੰ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ ਤਾਂ ਕਿ ਬੱਚੇ ਆਪਣੀ ਮਾਂ ਬੋਲੀ ਤੋਂ ਪੂਰੀ ਤਰ੍ਹਾਂ ਜਾਣੂ ਹੋਣ| ਖੋਜੀਆਂ ਅਨੁਸਾਰ ਜਿੰਨੇ ਸਹਿਜ ਅਤੇ ਮੁਹਾਰਤ ਨਾਲ ਬੱਚਾ ਆਪਣੀ ਮਾਂ ਬੋਲੀ ਵਿਚ ਗਿਆਨ ਹਾਸਲ ਕਰ ਸਕਦਾ ਹੈ, ਓਨੀ ਮੁਹਾਰਤ ਨਾਲ ਉਹ ਦੂਜੀ ਬੋਲੀ ਵਿਚ ਹਾਸਲ ਨਹੀਂ ਕਰ ਸਕਦਾ| ਨੌਕਰੀਆਂ ਪ੍ਰਾਪਤ ਕਰਨ ਲਈ ਅੰਗਰੇਜ਼ੀ ਲੋੜ ਬਣ ਗਈ ਹੈ, ਪਰ ਇਸ ਦਾ ਅਰਥ ਆਪਣੀ ਬੋਲੀ ਦੀ ਪੜ੍ਹਾਈ ਨੂੰ ਮਨਫੀ ਕਰ ਦੇਣਾ ਬਿਲਕੁਲ ਨਹੀਂ ਹੈ|
ਪੰਜਾਬ ਸਰਕਾਰ ਨੂੰ ਇਹ ਵੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ ਕਿ ਅੰਗਰੇਜ਼ੀ ਮਾਧਿਅਮ ਪਬਲਿਕ ਸਕੂਲਾਂ (ਭਾਰਤ ਵਿਚ ਨਿਜੀ ਅਦਾਰਿਆਂ ਦੇ ਸਕੂਲਾਂ ਲਈ ਇਹੀ ਸ਼ਬਦ ਵਰਤਿਆ ਜਾਂਦਾ ਹੈ, ਜਦ ਕਿ ਕੈਨੇਡਾ ਵਿਚ ਸਰਕਾਰੀ ਸਕੂਲਾਂ ਨੂੰ ਪਬਲਿਕ ਸਕੂਲ ਕਿਹਾ ਜਾਂਦਾ ਹੈ) ਵਿਚ ਪੰਜਾਬੀ ਦੀ ਪੜ੍ਹਾਈ ਘੱਟੋ ਘੱਟ ਦਸਵੀਂ ਤੱਕ ਲਾਜ਼ਮੀ ਹੋਵੇ| ਹੁਣ ਪਤਾ ਨਹੀਂ ਪੰਜਾਬੀ ਪੜ੍ਹਨ ਅਤੇ ਬੋਲਣ ‘ਤੇ ਅੰਗਰੇਜ਼ੀ ਮਾਧਿਅਮ ਪਬਲਿਕ ਸਕੂਲਾਂ ਵਿਚ ਕਿਉਂ ਬੰਦਿਸ਼ਾਂ ਲੱਗੀਆਂ ਹੋਈਆਂ ਹਨ? ਮੇਰੇ ਬੱਚੇ ਪਟਿਆਲਾ ਦੇ ‘ਲੇਡੀ ਫਾਤਿਮਾ ਕਾਨਵੈਂਟ ਹਾਈ ਸਕੂਲ’ ਅਤੇ ‘ਬੁੱਢਾ ਦਲ ਪਬਲਿਕ ਸਕੂਲ’ ਵਿਚ ਪੜ੍ਹੇ ਹਨ, ਜਿਨ੍ਹਾਂ ਨੇ ਦਸਵੀਂ ਤੱਕ ਪੰਜਾਬੀ ਵਿਸ਼ੇ ਦੇ ਤੌਰ ‘ਤੇ ਵਧੀਆ ਨੰਬਰਾਂ ਨਾਲ ਪੜ੍ਹੀ ਹੈ|
ਸਕੂਲਾਂ ਵਿਚ ਹੋ ਕੀ ਰਿਹਾ ਹੈ? ਇਸ ਵੱਲ ਧਿਆਨ ਦੇਣਾ ਜਿੱਥੇ ਸਰਕਾਰਾਂ ਦਾ ਫਰਜ਼ ਹੈ, ਉਥੇ ਲੋਕਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮਸਲਿਆਂ ਵੱਲ ਤਵੱਜੋ ਦੇਣ| ਪਹਿਲੀ ਮਈ ਦੇ ਹੀ ‘ਪੰਜਾਬੀ ਟ੍ਰਿਬਿਊਨ’ ਵਿਚ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿਚੋਂ ਸੇਵਾ ਮੁਕਤ ਪ੍ਰੋਫੈਸਰ ਡਾ. ਨਰਿੰਦਰ ਸਿੰਘ ਕਪੂਰ ਦਾ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੀ ਵਰ੍ਹੇਗੰਢ ਸਬੰਧੀ ਯੂਨੀਵਰਸਿਟੀ ਦੀ ਸਿਫਤ ਵਿਚ ਇੱਕ ਲੇਖ ਛਪਿਆ ਸੀ| ਡਾ. ਨਰਿੰਦਰ ਸਿੰਘ ਕਪੂਰ ਪੰਜਾਬੀ ਦੇ ਵਧੀਆ ਲਿਖਾਰੀ ਹਨ ਅਤੇ ਉਨ੍ਹਾਂ ਦੇ ਲੇਖ ਜਿੱਥੇ ਪੜ੍ਹਨ ਪੱਖੋਂ ਦਿਲਚਸਪ ਹੁੰਦੇ ਹਨ, ਉਥੇ ਆਮ ਜ਼ਿੰਦਗੀ ਲਈ ਸੇਧ ਵੀ ਦਿੰਦੇ ਹਨ|
ਇਸੇ ਲੇਖ ਦੇ ਪ੍ਰਤੀਕਰਮ ਵਜੋਂ ਚੰਡੀਗੜ੍ਹ ਤੋਂ ਇੱਕ ਪਾਠਕ ਗੁਰਦੀਪ ਸਿੰਘ ਨੇ 2 ਮਈ ਦੇ ਅਖਬਾਰ ਵਿਚ ਛਪੇ ਆਪਣੇ ਖਤ ਵਿਚ ਗਿਲਾ ਪ੍ਰਗਟ ਕੀਤਾ ਹੈ, “ਤਾਰੀਫ ਹਕੀਕਤ ਤੋਂ ਦੂਰ।” ਗੁਰਦੀਪ ਸਿੰਘ ਦਾ ਸ਼ਿਕਵਾ ਹੈ, “ਪੰਜਾਬੀ ਯੂਨੀਵਰਸਿਟੀ ਅੱਜ ਦੇ ਸਮੇਂ ਵਿਚ ਪੰਜਾਬੀ ਭਾਸ਼ਾ ਲਈ ਸਭ ਤੋਂ ਵੱਡਾ ਖਤਰਾ ਨਜ਼ਰ ਆ ਰਹੀ ਹੈ| ਇਸੇ ਸਾਲ 23 ਮਾਰਚ ਨੂੰ ਯੂਨੀਵਰਸਿਟੀ ਨੇ ਪੱਤਰ ਜਾਰੀ ਕੀਤਾ ਹੈ, ਜਿਸ ਵਿਚ ਪੰਜਾਬੀ ਭਾਸ਼ਾ ਨੂੰ ਸਿਰਫ ਤੇ ਸਿਰਫ ਵਾਧੂ ਵਿਸ਼ੇ ਵਜੋਂ ਪੜ੍ਹਾਏ ਜਾਣ ਬਾਰੇ ਲਿਖਿਆ ਗਿਆ ਹੈ| ਨਤੀਜੇ ਵਜੋਂ ਪੰਜਾਬ ਦੇ ਵਿਦਿਆਰਥੀ, ਜੋ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਹਨ, ਪੰਜਾਬੀ ਨੂੰ ਪੜ੍ਹਨਾ ਲਾਜ਼ਮੀ ਨਹੀਂ ਸਮਝਣਗੇ।” ਇਸ ਦੇ ਨਾਲ ਹੀ ਉਸ ਨੇ ਮਹਾਨ ਇਤਿਹਾਸਕਾਰ ਸਵਰਗੀ ਡਾ. ਗੰਡਾ ਸਿੰਘ ਵੱਲੋਂ ਸੰਪਾਦਿਤ ਅਤੇ ਪ੍ਰਕਾਸ਼ਿਤ ਇਤਿਹਾਸ ਦੀ ਕਿਤਾਬ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਕ ਤੋਂ ਤੇਰਾਂ ਪੰਨਿਆਂ ਤੱਕ ਇਸ ਵਿਚ ਪੰਜਾਹ ਗਲਤੀਆਂ ਮਿਲੀਆਂ ਹਨ| ਜੇ ਇਸ ਤਰ੍ਹਾਂ ਵਾਪਰਿਆ ਹੈ ਤਾਂ ਗੁਰਦੀਪ ਸਿੰਘ ਦਾ ਗਿਲਾ-ਸ਼ਿਕਵਾ ਬਿਲਕੁਲ ਜਾਇਜ਼ ਹੈ|
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਉਦੋਂ ਦੇ ਮੁੱਖ ਮੰਤਰੀ ਸ਼ ਪ੍ਰਤਾਪ ਸਿੰਘ ਕੈਰੋਂ ਦੀਆਂ ਕੋਸ਼ਿਸ਼ਾਂ ਨਾਲ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ, ਪੰਜਾਬ ਦੇ ਇਤਿਹਾਸ ਦੀ ਖੋਜ ਅਤੇ ਤਰੱਕੀ ਨੂੰ ਸਾਹਮਣੇ ਰੱਖ ਕੇ ਹੋਈ ਸੀ| ਉਦੋਂ ਇਹ ਵੀ ਸੁਣਨ ਵਿਚ ਆਉਂਦਾ ਸੀ ਕਿ ਸ਼ ਕੈਰੋਂ ਨੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਤੋਂ ਪਹਿਲਾਂ ਕੁਰੂਕਸ਼ੇਤਰ ਯੂਨੀਵਰਸਿਟੀ ਸਥਾਪਤ ਕੀਤੀ ਸੀ ਤਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਰਾਹ ਵਿਚ ਕੋਈ ਅੜਿੱਕਾ ਨਾ ਪਵੇ| ਪੰਜਾਬੀ ਬੋਲੀ, ਇਤਿਹਾਸ ਅਤੇ ਇਸ ਖਿੱਤੇ ਦੇ ਈਥੋਸ ਨੂੰ ਸਾਹਮਣੇ ਰੱਖ ਕੇ ਹੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬ ਹਿਸਟੋਰੀਕਲ ਰਿਸਰਚ ਵਿਭਾਗ, ਭਾਸ਼ਾ ਵਿਗਿਆਨ ਵਿਭਾਗ, ਪੰਜਾਬੀ ਵਿਕਾਸ ਵਿਭਾਗ ਅਤੇ ਪੰਜਾਬੀ ਟਰਾਂਸਲੇਸ਼ਨ ਵਿਭਾਗ (ਪਿੱਛੋਂ ਟਰਾਂਸਲੇਸ਼ਨ ਵਿਭਾਗ ਨੂੰ ਪੰਜਾਬੀ ਵਿਕਾਸ ਵਿਭਾਗ ਵਿਚ ਮਿਲਾ ਦਿੱਤਾ ਗਿਆ ਸੀ) ਆਦਿ ਖੋਜ ਵਿਭਾਗ ਸਥਾਪਤ ਕੀਤੇ ਗਏ| ਇਨ੍ਹਾਂ ਵਿਭਾਗਾਂ ਕਰਕੇ ਹੀ ਪੰਜਾਬੀ ਯੂਨੀਵਰਸਿਟੀ ਵਿਚ ਗੁਰੂ ਗ੍ਰੰਥ ਸਾਹਿਬ ਵਿਭਾਗ ਨੇ ਸਰੋਤ ਸਾਹਿਤ ਪੈਦਾ ਕੀਤਾ, ਮਾਸਟਰ ਡਿਗਰੀ ਕੋਰਸਾਂ ਦੇ ਮਾਧਿਅਮ ਤਬਦੀਲੀ ਦੀ ਵਿਉਂਤ ਤਹਿਤ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਅਤੇ ਵਿਸ਼ਾ ਪੁਸਤਕਾਂ ਪੰਜਾਬੀ ਵਿਚ ਲਿਖਾਉਣ ਦਾ ਬਹੁਤ ਸਾਰਾ ਕਾਰਜ ਪੰਜਾਬੀ ਵਿਕਾਸ ਵਿਭਾਗ ਨੇ ਕੀਤਾ ਤੇ ਕਰਵਾਇਆ।
ਸਵਰਗੀ ਡਾ. ਗੰਡਾ ਸਿੰਘ ਵਰਗੇ ਇਤਿਹਾਸਕਾਰਾਂ ਦਾ ਅਨਮੋਲ ਇਤਿਹਾਸਕ ਕਾਰਜ ਪੰਜਾਬ ਹਿਸਟੋਰੀਕਲ ਵਿਭਾਗ ਕਾਰਨ ਹੀ ਸੰਭਵ ਹੋ ਸਕਿਆ ਹੈ। ਡਾ. ਜੀਤ ਸਿੰਘ ਸੀਤਲ ਤੇ ਡਾ. ਰਤਨ ਸਿੰਘ ਜੱਗੀ ਜਿਹੇ ਵਿਦਵਾਨਾਂ ਨੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਰਾਹੀਂ ਆਪਣਾ ਯੋਗਦਾਨ ਪਾਇਆ| ਭਾਵ ਇਨ੍ਹਾਂ ਖੋਜ ਵਿਭਾਗਾਂ ਕਰਕੇ ਹੀ ਪੰਜਾਬੀ ਯੂਨੀਵਰਸਿਟੀ ਵਿਚ ਜਿੰਨਾ ਖੋਜ ਕਾਰਜ ਹੋਇਆ ਅਤੇ ਕਿਤਾਬਾਂ ਹੋਂਦ ਵਿਚ ਆਈਆਂ ਹਨ, ਉਹ ਹੋਰ ਕਿਸੇ ਯੂਨੀਵਰਸਿਟੀ ਨੇ ਸ਼ਾਇਦ ਹੀ ਕੀਤਾ ਹੋਵੇ| ਪਰ ਅਫਸੋਸ ਦੀ ਗੱਲ ਕਿ ਮੁੱਢ ਤੋਂ ਹੀ ਇਨ੍ਹਾਂ ਖੋਜ ਵਿਭਾਗਾਂ ਨੂੰ, ਜਿਨ੍ਹਾਂ ਲਈ ਇਹ ਯੂਨੀਵਰਸਿਟੀ ਸਥਾਪਤ ਕੀਤੀ ਗਈ, ਕਦੇ ਵੀ ਟੀਚਿੰਗ ਵਿਭਾਗਾਂ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ| ਸਿਰਫ ਤੇ ਸਿਰਫ ਡਾ. ਸਰਦਾਰਾ ਸਿੰਘ ਜੌਹਲ ਨੇ ਆਪਣੇ ਵਾਈਸ ਚਾਂਸਲਰ ਹੋਣ ਦੇ ਸਮੇਂ ਦੌਰਾਨ ਇਨ੍ਹਾਂ ਵਿਭਾਗਾਂ ਨੂੰ ਅਧਿਆਪਨ ਵਿਭਾਗਾਂ ਜਿਹੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਅਤੇ ਵਿਭਾਗ ਅਧਿਆਪਨ ਵਿਭਾਗਾਂ ਦੇ ਬਰਾਬਰ ਮੰਨੇ ਜਾਣ ਲੱਗੇ|
ਇਨ੍ਹਾਂ ਵਿਭਾਗਾਂ ਵਿਚੋਂ ਜਿਵੇਂ ਜਿਵੇਂ ਅਧਿਆਪਕ ਸੇਵਾ ਮੁਕਤ ਹੁੰਦੇ ਗਏ, ਤਿਵੇਂ ਤਿਵੇਂ ਵਿਭਾਗ ਖਾਲੀ ਹੁੰਦੇ ਗਏ, ਨਵੀਂ ਭਰਤੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ| ਮੈਨੂੰ ਯਾਦ ਹੈ, ਸਾਡੇ ਵਿਭਾਗ (ਗੁਰੂ ਗ੍ਰੰਥ ਸਾਹਿਬ ਵਿਭਾਗ) ਨੂੰ ਪਹਿਲਾਂ ਕੋਈ ਵੀ ਪਰੂਫ ਰੀਡਰ ਨਹੀਂ ਸੀ ਦਿੱਤਾ ਹੋਇਆ| ਅਸੀਂ ਲੈਕਚਰਾਰ ਜਾਂ ਰੀਡਰਾਂ ਦੀਆਂ ਤਨਖਾਹਾਂ ਲੈ ਰਹੇ ਅਧਿਆਪਕ ਵਿਭਾਗ ਵਲੋਂ ਛਾਪੀਆਂ ਜਾਂਦੀਆਂ ਪੁਸਤਕਾਂ ਅਤੇ ‘ਨਾਨਕ ਪ੍ਰਕਾਸ਼ ਪਤਿੱ੍ਰਕਾ’ ਦੇ ਸਾਰੇ ਪਰੂਫ ਆਪ ਦੇਖਦੇ ਸਾਂ| ਡਾ. ਜੋਗਿੰਦਰ ਸਿੰਘ ਪੁਆਰ ਦੇ ਸੇਵਾ ਕਾਲ ਸਮੇਂ ਬੇਨਤੀਆਂ ਕਰਕੇ ਪਰੂਫ ਰੀਡਰ ਦੀ ਅਸਾਮੀ ਆਪਣੇ ਵਿਭਾਗ ਵਿਚ ਲਿਆਂਦੀ ਸੀ|
ਪੰਜਾਬੀ ਯੂਨੀਵਰਸਿਟੀ ਹੀ ਵਾਹਦ ਅਜਿਹੀ ਯੂਨੀਵਰਸਟੀ ਰਹੀ ਹੈ, ਜਿੱਥੇ ਬੀ. ਏ. ਕਰਨ ਲਈ ਹਰ ਜਮਾਤ ਵਿਚ ਪੰਜਾਬੀ ਜ਼ਰੂਰੀ ਵਿਸ਼ੇ ਵਜੋਂ ਲੈਣੀ ਲਾਜ਼ਮੀ ਰਹੀ ਹੈ ਅਤੇ ਚੋਣਵੇਂ ਵਿਸ਼ੇ ਦੇ ਤੌਰ ‘ਤੇ ਪੰਜਾਬੀ ਦਾ ਵਿਸ਼ਾ ਅਲੱਗ ਲੈਣਾ ਹੁੰਦਾ ਹੈ| ਜੇ ਹੁਣ, ਜਿਵੇਂ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਪੰਜਾਬੀ ਨੂੰ ਸਿਰਫ ਵਾਧੂ ਵਿਸ਼ੇ ਵਜੋਂ ਪੜ੍ਹਾਏ ਜਾਣ ਬਾਰੇ ਲਿਖਿਆ ਗਿਆ ਹੈ ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੈ| ਇਹ ਯੂਨੀਵਰਸਿਟੀ ਹੋਰ ਯੂਨੀਵਰਸਿਟੀਆਂ ਵਾਂਗ ਮਹਿਜ ਡਿਗਰੀਆਂ ਦੇਣ ਲਈ ਸਥਾਪਤ ਨਹੀਂ ਸੀ ਕੀਤੀ ਗਈ| ਇਹ ਪੰਜਾਬੀ ਬੋਲੀ ਅਤੇ ਸਭਿਆਚਾਰ ਦੀ ਉਨਤੀ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ, ਉਪਰ ਦੱਸੇ ਅਨੁਸਾਰ ਇੱਕ ਖਾਸ ਮਕਸਦ ਅਤੇ ਟੀਚੇ ਨੂੰ ਸਾਹਮਣੇ ਰੱਖ ਕੇ ਸਥਾਪਤ ਕੀਤੀ ਗਈ ਸੀ|
ਪੰਜਾਬੀ ਜ਼ੁਬਾਨ ਅਤੇ ਸਭਿਆਚਾਰ ‘ਤੇ ਹਮਲੇ ਇੱਕ ਪਾਸਿਓਂ ਨਹੀਂ, ਕਈ ਪਾਸਿਓਂ ਹੋ ਰਹੇ ਹਨ| ਇਸ ਦੀ ਗੱਲ ਪਹਿਲਾਂ ਵੀ ਚੱਲਦੀ ਰਹੀ ਹੈ, ਜਿਸ ਨੂੰ ਇੱਕ ਵਾਰ ਫਿਰ ਰਮੇਸ਼ਵਰ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਵਿਚ ਉਭਾਰਿਆ ਹੈ, “ਦੋ ਦਹਾਕਿਆਂ ਤੋਂ ਪੰਜਾਬੀ ਗਾਇਕੀ ਦਾ ਪੱਧਰ ਇੰਨਾ ਥੱਲੇ ਜਾ ਚੁਕਾ ਹੈ ਕਿ ਅਜੋਕੇ 90 ਫੀਸਦੀ ਗੀਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਬਹੁਤ ਦੂਰ ਜਾ ਚੁਕੇ ਹਨ| ਗੀਤਾਂ ਵਿਚ ਬੰਦੂਕਾਂ ਚੁੱਕਣ, ਨਸ਼ਿਆਂ ਨੂੰ ਉਤਸ਼ਾਹਿਤ ਕਰਨ, ਕਾਲਜਾਂ ਵਿਚ ਆਸ਼ਕੀ, ਜੱਟਾਂ ਦੀ ਟੌਹਰ ਤੇ ਚੌਧਰ ਨੂੰ ਮੁੱਖ ਰੱਖਿਆ ਜਾਂਦਾ ਹੈ| ਪੰਜਾਬ ਵਿਚ ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਲੁੱਟਾਂ-ਖੋਹਾਂ ਵੱਲ ਜਾ ਰਹੀ ਹੈ; ਸਰਕਾਰੀ ਸਕੂਲਾਂ-ਕਾਲਜਾਂ ਵਿਚ ਪੜ੍ਹਾਉਣ ਵਾਲੇ ਪੂਰੇ ਅਧਿਆਪਕ ਨਹੀਂ, ਵਿੱਦਿਆ ਦਾ ਵਪਾਰੀਕਰਨ ਹੋ ਗਿਆ ਹੈ; ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਬੱਚੇ ਸ਼ਾਮਾਂ ਨੂੰ ਕੋਚਿੰਗ ਲੈਣ ਵਿਚ ਰੁਝ ਜਾਂਦੇ ਹਨ। ਫਿਰ ਜੀਪਾਂ-ਕਾਰਾਂ ਲੈ ਕੇ ਕੌਣ ਘੁੰਮ ਸਕਦਾ ਹੈ? ਕਿਸਾਨਾਂ ਭਾਵ ਜੱਟਾਂ ਦੀ ਜੋ ਟੌਹਰ ਗੀਤਾਂ ਵਿਚ ਬਿਆਨ ਕੀਤੀ ਹੁੰਦੀ ਹੈ, ਉਸ ਦੀ ਅਸਲੀਅਤ ਸਭ ਜਾਣਦੇ ਹਨ|”
ਇਥੇ ਮੈਂ ਚੰਡੀਗੜ੍ਹ ਦੇ ਡਾ. ਰਾਉ ਦਾ ਜ਼ਿਕਰ ਕਰਨਾ ਚਾਹਾਂਗੀ, ਜੋ ਦੱਖਣੀ ਭਾਰਤ ਤੋਂ ਹੋਣ ‘ਤੇ ਵੀ ਪੰਜਾਬੀ ਦੀ ਪ੍ਰਫੁਲਤਾ ਲਈ ਦਿਨ ਰਾਤ ਉਪਰਾਲੇ ਕਰ ਰਹੇ ਹਨ| ਅਖਬਾਰ ਵਿਚ ਛਪੀ ਖਬਰ ਅਨੁਸਾਰ ਪਿਛਲੇ ਦਿਨੀਂ ਇੱਥੇ ਕੈਨੇਡਾ ਰਹਿੰਦੇ ਇੱਕ ਪੰਜਾਬੀ ਗਾਇਕ, ਜਿਸ ਦੇ ਗੀਤ ਬੇਹੱਦ ‘ਚੱਕਵੇਂ’ ਹੁੰਦੇ ਹਨ, ਦੀ ਮਾਤਾ ਜੋ ਪਿਛਲੀਆਂ ਪੰਚਾਇਤੀ ਚੋਣਾਂ ਵਿਚ ਆਪਣੇ ਪਿੰਡ ਦੀ ਸਰਪੰਚ ਵੀ ਬਣੀ ਹੈ, ਦੀ ਸ਼ਿਕਾਇਤ ਜਿਲੇ ਦੇ ਪੰਚਾਇਤ ਅਫਸਰ ਕੋਲ ਕੀਤੀ ਗਈ ਸੀ| ਉਸ ਨੇ ਗਾਇਕ ਦੀ ਮਾਤਾ ਅਤੇ ਡਾ. ਰਾਉ-ਦੋਹਾਂ ਨੂੰ ਮਿਲਣ ਲਈ ਬੁਲਾਇਆ ਸੀ| ਮਾਤਾ ਵਾਅਦਾ ਕਰਕੇ ਆਈ ਹੈ ਕਿ ਇਹ ਦੋ ਸਾਲ ਪੁਰਾਣਾ ਗੀਤ ਹੈ ਅਤੇ ਅੱਗੇ ਤੋਂ ਉਹ ਅਜਿਹੇ ਗੀਤ ਨਹੀਂ ਲਿਖੇਗਾ|
ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਸਭਿਆਚਾਰ ਦੇਣ ਲਈ ਕੋਈ ਤਾਂ ਅਜਿਹੇ ਉਪਰਾਲੇ ਕਰਨੇ ਹੀ ਪੈਣਗੇ ਕਿ ਰਿਸ਼ਤਿਆਂ ਦੀ ਤੌਹੀਨ ਕਰਦੀ ਘਟੀਆ ਗਾਇਕੀ ਨੂੰ ਠੱਲ ਪੈ ਸਕੇ| ਬਹੁਤੇ ਪੰਜਾਬੀ ਗਾਇਕਾਂ ਦੇ ਗੀਤ ਵਿਆਹ-ਸ਼ਾਦੀਆਂ ਮੌਕੇ ਕੰਨਾਂ ਵਿਚ ਪੈਣ ‘ਤੇ ਨਿਰਾਸ਼ਾ ਵੀ ਹੁੰਦੀ ਹੈ ਤੇ ਗਿਲਾਨੀ ਵੀ ਆਉਂਦੀ ਹੈ| ਐਵੇਂ ਹੀ ਬੈਠੇ ਬੈਠੇ ਯੂ-ਟਿਊਬ ਅਤੇ ਤਰਸੇਮ ਜੱਸੜ ਦਾ ਗੀਤ ‘ਇੱਕ ਕੈਦਾ ਲੈ ਦੇ ਬੇਬੇ’ ਸੁਣਦਿਆਂ ਦਿਲਚਸਪੀ ਜਾਗੀ ਤਾਂ ਮੈਂ ਲਗਾਤਾਰ ਤਿੰਨ ਕੁ ਗੀਤ ‘ਗੀਤ ਦੇ ਵਰਗੀ’, ‘ਇੱਕ ਦੋ ਗਜ਼ਲਾਂ’ ਤੇ ‘ਗਲਵਕੜੀ’ ਸੁਣੇ ਤਾਂ ਮਨ ਨੂੰ ਕਾਫੀ ਤਸੱਲੀ ਹੋਈ ਕਿ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਮੁਹੱਬਤ ਦੇ ਸਹਿਜ ਨੂੰ ਕਾਇਮ ਰੱਖਣ ਵਾਲੇ ਗੀਤ ਵੀ ਕੋਈ ਲਿਖ ਤੇ ਗਾ ਸਕਦਾ ਹੈ| ਸੁਣਨ ਵਾਲਿਆਂ ਵਿਚ ਵੀ ਚੇਤਨਾ ਪੈਦਾ ਕਰਨ ਦੀ ਲੋੜ ਹੈ, ਕਿਉਂਕਿ ਗਾਉਣ ਤੇ ਲਿਖਣ ਵਾਲੇ ਆਪਣੇ ‘ਚੱਕਵੇਂ’ ਗੀਤਾਂ ਲਈ ਸਰੋਤਿਆਂ ਨੂੰ ਹੀ ਜਿੰਮੇਵਾਰ ਠਹਿਰਾਉਂਦੇ ਹਨ| ਸਾਨੂੰ ਆਪਣੀ ਮਾਂ ਬੋਲੀ ਦੇ ਬਚਾਓ ਲਈ ਆਪ ਹੀ ਕੋਸ਼ਿਸ਼ ਕਰਨੀ ਪੈਣੀ ਹੈ, ਖਾਸ ਕਰਕੇ ਨੌਜੁਆਨ ਪੀੜ੍ਹੀ ਨੂੰ| ਪੰਜਾਬੀ ਤਾਂ ਜੰਮਦੇ ਵੀ ਗੀਤਾਂ ਵਿਚ ਹਨ ਅਤੇ ਮਰਦੇ ਵੀ ਗੀਤਾਂ ਵਿਚ, ਫਿਰ ਇਸ ਪਰੰਪਰਾ ਨੂੰ ਉਸਾਰੂ ਬਣਾਉਣ ਲਈ ਚੇਤੰਨ ਨੌਜੁਆਨ ਪੀੜ੍ਹੀ ਅੱਗੇ ਆਵੇ| ਆਪਣਾ ਕਾਜ ਆਪਣੇ ਹੱਥੀਂ ਹੀ ਸੁਆਰਨਾ ਪੈਂਦਾ ਹੈ|