ਕੀ ਸਾਨੂੰ ਮਾਂਵਾਂ ਬਣਨਾ ਆਇਆ?

ਗੁਰਜੀਤ ਕੌਰ
ਫੋਨ: 713-469-2474
ਪੱਛਮ ਨੇ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਇਸ ਪ੍ਰਕਾਰ ਲੈ ਲਿਆ ਹੈ ਕਿ ਸੰਸਾਰ ਦੀਆਂ ਸਾਰੀਆਂ ਸਭਿਆਤਾਵਾਂ ਆਪਣਾ ਪਿਛੋਕੜ ਛੱਡ ਕੇ ਕਦੋਂ ਭਾਂਤ-ਭਾਂਤ ਦੀਆਂ ਕਿਸਮਾਂ ਦੇ ਫੁੱਲ ਖਰੀਦਣ ਲੱਗ ਪਈਆਂ, ਪਤਾ ਹੀ ਨਹੀਂ ਲੱਗਾ। ਸਭ ਢਕੋਸਲਿਆਂ ਵਿਚੋਂ ਇਕ ਹੈ, ‘ਮਾਂ ਦਿਵਸ’ ਜਿੱਦਣ ਬੱਚਿਆਂ ਨੂੰ ਮਾਂ ਦੇ ਅਭਾਰੀ ਹੋਣ ਦਾ ਚੇਤਾ ਆਉਂਦਾ ਹੈ। ਇਥੋਂ ਤੱਕ ਕਿ ਬਿਰਧ ਆਸ਼ਰਮਾਂ ਵਿਚ ਛੱਡੀਆਂ ਮਾਂਵਾਂ ਦੇ ਫੁੱਲ ਤਾਰਨ ਨੂੰ ਉਡੀਕਦੇ ਬੱਚੇ ਉਨ੍ਹਾਂ ਨੂੰ ਫੁੱਲ ਭੇਟਾ ਕਰਨਾ ਨਹੀਂ ਭੁੱਲਦੇ।

ਮਾਂ ਦਾ ਰੋਲ ਬੱਚੇ ਦੀ ਜ਼ਿੰਦਗੀ ਵਿਚ ਕੰਪਿਊਟਰ ਦੇ ਪਾਸਵਰਡ ਵਰਗਾ ਹੁੰਦਾ ਹੈ, ਜਿਸ ਅੰਦਰ ਉਸ ਦੇ ਸਾਰੇ ਭੇਤ ਹੁੰਦੇ ਹਨ। ਪੇਕੇ ਗਈ ਧੀ ਨੂੰ ਵੀ ਜੇ ਮਾਂ ਨਾ ਦਿਸੇ ਤਾਂ ਉਹ ਘਰ ਉਸ ਨੂੰ ਸੁੰਨ-ਮਸਾਨ ਲੱਗਦਾ ਹੈ। ਐਵੇਂ ਤਾਂ ਨਹੀਂ ਕਿਸੇ ਕਿਹਾ:
ਪਹਿਲੀ ਵਾਰੀ ਜਦੋਂ ਕੋਈ ਮੈਂ ਨਾਂ ਲੈਣਾ ਸਿਖਿਆ,
ਰੱਬ ਤੋਂ ਵੀ ਪਹਿਲਾਂ ਸੀ ਮੈਂ ਮਾਂ ਕਹਿਣਾ ਸਿਖਿਆ।
ਪੇਕੇ ਘਰ ਜਿਹੜੀ ਕੁੜੀ ਢੋਲ-ਨਗਾਰਿਆਂ ਦੀ ਥਾਪ ‘ਤੇ ਵੀ ਨਾ ਉਠੇ, ਬੱਚਾ ਹੋਣ ਤੋਂ ਬਾਅਦ ਉਸ ਦੀ ਮਾੜੀ ਜਿਹੀ ਚੀਂ-ਚੀਂ ‘ਤੇ ਘੂਕ ਨੀਂਦ ਵਿਚੋਂ ਜਾਗ ਪੈਂਦੀ ਹੈ। ਬੱਚੇ ਦਾ ਜੇ ਰੱਜ ਨਾ ਹੋਵੇ ਤਾਂ ਉਹ ਪੂਰੇ ਹੱਕ ਨਾਲ ਮਾਂ ਦਾ ਹਿੱਸਾ ਖਾ ਜਾਂਦਾ ਹੈ ਤੇ ਬੱਚੇ ਦਾ ਵੀ ਇਹੋ ਜਿਹਾ ਰਿਸ਼ਤਾ ਮਾਂ ਨਾਲ ਬਣਦਾ ਹੈ, ਜਿਹਦੇ ਲਈ ਉਹ ਆਪਣੇ ਪਿਤਾ ਨਾਲ ਵੀ ਦੁਸ਼ਮਣੀ ਲੈਣ ਤੋਂ ਪਰਹੇਜ਼ ਨਹੀਂ ਕਰਦਾ। ਇਕ ਉਮਰ ਤੱਕ ਮਾਂ ਬੱਚਿਆਂ ਦੀ ਅੰਗ-ਰੱਖਿਅਕ ਹੁੰਦੀ ਹੈ ਤੇ ਇਕ ਉਮਰ ਤੋਂ ਬਾਅਦ ਬੱਚੇ ਉਸ ਦੀ ਸੰਜੋਅ ਬਣ ਜਾਂਦੇ ਹਨ। ਇਥੋਂ ਤੱਕ ਕਿ ਬੱਚੇ ਨੂੰ ਚੁੱਪ ਕਰਾਉਣ ਲਈ ਪਿਤਾ ਵੀ ਉਸ ਨੂੰ ਮਾਂ ਦੇ ਗਲ ਪਾਉਂਦਾ ਹੈ, ਭਾਵੇਂ ਬੱਚਾ ਅੱਧਾ ਉਸ ਦਾ ਵੀ ਹੈ। ਇਸੇ ਕਰਕੇ ਹੀ ‘ਮਾਪੇ’ ਕਿਹਾ ਜਾਂਦਾ ਹੈ, ਨਾ ਕਿ ‘ਪੇਮਾ’; ਭਾਵ ਮਾਂ ਪਹਿਲਾਂ ਆਉਂਦੀ ਹੈ। ਸ਼ਾਇਦ ਤਾਹੀਉਂ ਹੀ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਪਰ ਇਹੀ ਗੱਲ ਹੀ ਮੇਰੀ ਜਿਗਿਆਸਾ ਦਾ ਕਾਰਨ ਬਣੀ ਕਿ ਜੇ ਮਾਂ ਨੂੰ ਰੱਬ ਦਾ ਰੂਪ ਕਿਹਾ ਗਿਆ ਹੈ ਤੇ ਫਿਰ ਸਾਡਾ ਸਮਾਜ ਰਸਾਤਲ ਵੱਲ ਕਿਉਂ ਜਾ ਰਿਹਾ ਹੈ? ਜੇ ਇਸੇ ਗ੍ਰਹਿ ‘ਤੇ ਰੱਬ ਥਾਂ-ਥਾਂ ਤੁਰੇ ਫਿਰਦੇ ਨੇ, ਫਿਰ ਵੀ ਇਹ ਸਮਾਜ ਗਰਕਣ ‘ਤੇ ਕਿਉਂ ਆਇਆ ਹੋਇਆ ਹੈ? ਗੁਰੂ ਸਾਹਿਬਾਨ ਦਾ ਹੁਕਮ ਹੈ:
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਇਸ ਕਰਕੇ ਕਹਿ ਸਕਦੇ ਹਾਂ ਕਿ ਮਾਂ ਦੀ ਰੱਬੀ ਸਲਤਨਤ ਦੀ ਹੱਦਬੰਦੀ ਉਸ ਤਰ੍ਹਾਂ ਹੈ, ਜਿਸ ਤਰ੍ਹਾਂ ਰੱਬ ਦੀ ਹੋਂਦ ਸਿਰਫ ਮੱਕੇ ਜਾਂ ਸ਼ਿਵਾਲੇ ਵਿਚ ਸਮਝਣਾ। ਜੇ ਦੁਨਿਆਵੀ ਰੱਬ ਵਿਚ ਗਲਤੀਆਂ ਕਰਨ ਦੀ ਗੁੰਜਾਇਸ਼ ਨਾ ਹੋਵੇ ਤਾਂ ਔਖੀ ਘੜੀ ਵਿਚ ਧਰਤੀ ‘ਤੇ ਬਿਰਾਜਮਾਨ ਰੱਬ ਅਕਾਲ ਪੁਰਖ ਪਾਸੋਂ ਸੁਖ ਸਾਂਦ ਨਾ ਮੰਗੇ।
ਜਿਸ ਤਰ੍ਹਾਂ ਪੰਜਾਬ ਦੀ ਪਰਿਭਾਸ਼ਾ ਅਜੋਕੇ ਜ਼ਮਾਨੇ ਵਿਚ ਆਪਣਾ ਪੰਜਾਬ, ਘਰ ਦੀ ਸ਼ਰਾਬ, ਪਟਿਆਲਾ ਪੈੱਗ, ਸਾਗ, ਮੱਕੀ ਦੀ ਰੋਟੀ, ਪਰਾਂਦੀ, ਗਿੱਧੇ-ਭੰਗੜੇ, ਢਾਬੇ ਤੱਕ ਹੀ ਸੀਮਤ ਕਰ ਦਿੱਤੀ ਗਈ ਹੈ, ਉਸੇ ਤਰ੍ਹਾਂ ਮਾਂ ਦੀ ਵਿਆਖਿਆ ਕਰਨ ਲਈ ਉਸ ਦੇ ਜਣੇਪੇ ਦੀਆਂ ਪੀੜਾਂ, ਉਸ ਦੇ ਆਪ ਗਿੱਲੇ ਥਾਂ ਸੌਂ ਕੇ ਬੱਚੇ ਨੂੰ ਸੁੱਕੇ ਥਾਂ ਪਾਉਣਾ, ਉਸ ਨੂੰ ਸਕੂਲ ਛੱਡਣਾ, ਰਾਤਾਂ ਜਾਗਣੀਆਂ ਤੱਕ ਹੀ ਮਹਿਦੂਦ ਕਰ ਦਿੱਤਾ ਗਿਆ ਹੈ। ਧਿਆਨ ਨਾਲ ਦੇਖੀਏ ਤਾਂ ਜਣੇਪੇ ਦੀਆਂ ਪੀੜਾਂ ਨੂੰ ਛੱਡ ਕੇ ਇਹ ਸਭ ਤਾਂ ਪਿਤਾ ਵੀ ਕਰ ਸਕਦਾ ਸੀ, ਫਿਰ ਇਹੋ ਜਿਹੀ ਕਿਹੜੀ ਗੱਲ ਹੋਈ ਕਿ ਗੁਰੂ ਸਾਹਿਬ ਨੇ ਫੁਰਮਾਇਆ, ‘ਭੰਡੁ ਮੁਆ ਭੰਡੁ ਭਾਲੀਐ॥’ ਕਾਰਨ? ‘ਭੰਡਿ ਹੋਵੈ ਬੰਧਾਨੁ॥’ ਕਿਉਂਕਿ ਮਾਂ ਕਰਕੇ ਹੀ ਸਾਰਾ ਪਰਿਵਾਰ ਬੱਝਾ ਹੁੰਦਾ ਹੈ। ਜੇ ਇਸਤਰੀ ਕਰਕੇ ਪਰਿਵਾਰਕ ਸਾਂਝ ਕਾਇਮ ਰਹਿੰਦੀ ਹੈ ਤਾਂ ਫਿਰ ਇਹੋ ਜਿਹਾ ਕੀ ਹੋ ਜਾਂਦਾ ਹੈ ਕਿ ਤਮਾਮ ਪਰਿਵਾਰ ਮਿਲ ਕੇ ਸਮਾਜਕ ਸਾਂਝ ਨਹੀਂ ਬਣਾ ਸਕਦਾ।
ਇਕ ਵਾਰ ਆਪਣੇ ਸਿਰੋਂ ਵਡਿਆਈਆਂ ਦਾ ਤਾਜ ਲਾਹ ਕੇ ਦੇਖੀਏ ਤਾਂ ਕਈ ਨੁਕਤੇ ਨਜ਼ਰ ਆ ਜਾਣਗੇ, ਜਿਥੋਂ ਲੱਗੇਗਾ ਕਿ ਅਸੀਂ ਮਾਂਵਾਂ ਪਰਵਰਿਸ਼ ਤੇ ਲਾਡ-ਪਿਆਰ ਵਿਚ ਫਰਕ ਨਹੀਂ ਕਰ ਸਕੀਆਂ ਤੇ ਸਾਡੇ ਘਰ ਦੇ ਕਾਨੂੰਨਾਂ ਨੇ ਗੁਰੂ ਦੇ ਚਲਾਏ ਧਰਮ ਦੀ ਥਾਂ ਆਪਣਾ ਧਰਮ ਸਥਾਪਿਤ ਕਰ ਲਿਆ ਹੈ। ਮੈਂ ਨਹੀਂ ਕਹਿੰਦੀ ਕਿ ਮੈਂ ਹੀ ਠੀਕ ਹਾਂ, ਪਰ ਆਪਣੀਆਂ ਊਣਤਾਈਆਂ ਨੂੰ ਉਜਾਗਰ ਕਰਨ ਵਿਚ ਹਰਜ ਹੀ ਕੀ ਹੈ? ਗੁਰੂ ਸਾਹਿਬ ਵੀ ਮਾਂ ਤੋਂ ਉਮੀਦਾਂ ਲਾਉਂਦੇ ਫੁਰਮਾਨ ਕਰਦੇ ਹਨ ਕਿ ਜਿਸ ਘਰ ਗਿਆਨ ਦਾ ਘਾਟਾ ਹੈ, ਉਸ ਘਰ ਦੀਆਂ ਔਰਤਾਂ ਰੰਡੀਆਂ ਕਿਉਂ ਨਾ ਹੋ ਗਈਆਂ:
ਜਿਹੁ ਕੁਲਿ ਪੂਤੁ ਨ ਗਿਆਨ ਬੀਚਾਰੀ॥
ਬਿਧਵਾ ਕਸ ਨ ਭਈ ਮਹਤਾਰੀ॥
ਅਸੀਂ ਖਬਰਾਂ ਵਿਚ ਆਮ ਦੇਖਦੇ ਹਾਂ ਕਿ ਨਵੀਆਂ ਜੰਮੀਆਂ ਬੱਚੀਆਂ ਕੂੜੇ ਦੇ ਢੇਰ ਜਾਂ ਨਹਿਰਾਂ ਵਿਚ ਰੁੜ੍ਹਦੀਆਂ ਲੱਭਦੀਆਂ ਨੇ। ਪੁੱਤਰ ਦੀ ਪ੍ਰਾਪਤੀ ਦੀ ਉਮੀਦ ਲੈ ਕੇ ਔਰਤ ਕਿੰਨੀਆਂ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਖਤਮ ਕਰਵਾ ਦਿੰਦੀ ਹੈ; ਇਥੇ ਪ੍ਰਸ਼ਨ ਉਠਦਾ ਹੈ ਕਿ ਕੋਈ ਹਤਿਆਰਨ ਰੱਬ ਦਾ ਰੂਪ ਕਿਵੇਂ ਬਣ ਗਈ? ਉਸ ਦੀ ਮਮਤਾ ਬੱਚੇ ਦੇ ਜੰਮਣ ਤੋਂ ਬਾਅਦ ਹੀ ਕਿਉਂ ਉਜਾਗਰ ਹੋਈ? ਹੋਰ ਤਾਂ ਹੋਰ, ਬਾਕੀ ਔਰਤਾਂ ਵੀ ਉਸ ਦੀ ਇਸ ਹਰਕਤ ਨੂੰ ਪ੍ਰਵਾਨਗੀ ਦਿੰਦੀਆਂ ਹਨ; ਤੇ ਜਦੋਂ ਕਿਤੇ ਪਤਾ ਲੱਗਦਾ ਹੈ ਕਿ ਡਾਕਟਰ ਨੇ ਪੈਸੇ ਲਈ ਅਣਜਨਮੇ ਮੁੰਡੇ ਦਾ ਘਾਣ ਕਰ ਦਿੱਤਾ ਹੈ ਤਾਂ ਫਿਰ ਮਮਤਾ ਵੱਸ ਕਈ ਤਾਂ ਦਿਮਾਗੀ ਸੰਤੁਲਨ ਹੀ ਗੁਆ ਬੈਠਦੀਆਂ ਹਨ। ਧਿਆਨ ਨਾਲ ਦੇਖੀਏ ਤਾਂ ਸਮਾਜ ਦੀ ਤਰੱਕੀ ਸਿਰਫ ਵਿਗਿਆਨਕ ਪੱਖ ਤੋਂ ਹੋਈ ਹੈ। ਧੀ ਤੇ ਪੁੱਤਰ ਵਿਚ ਤਾਂ ਫਰਕ ਰਹਿਣਾ ਹੀ ਹੈ। ਅਸੀਂ ਜਿੰਨੇ ਮਰਜ਼ੀ ਦਮਗਜ਼ੇ ਮਾਰ ਲਈਏ। ਧੀ ਰਾਤ ਨੂੰ ਘਰ ਨਹੀਂ ਆਵੇਗੀ, ਉਸ ਦੀ ਚਿੰਤਾ ਹੋਰ ਤਰ੍ਹਾਂ ਹੋਵੇਗੀ; ਪੁੱਤਰ ਨਹੀਂ ਆਵੇਗਾ ਤਾਂ ਉਸ ਦੀ ਚਿੰਤਾ ਹੋਰ ਤਰ੍ਹਾਂ। ਐਵੇਂ ਨਹੀਂ ਕਹਿੰਦੇ ਕਿ ਧੀਆਂ ਨੂੰ ਸੂਰਜ ਵਰਗੀਆਂ ਬਣਾਉ ਨਾ ਕਿ ਚੰਨ ਵਰਗੀਆਂ ਕਿ ਜਣਾ-ਖਣਾ ਗਹੁ ਨਾਲ ਦੇਖੇ। ਇਹ ਸਭ ਕੁਝ ਪੁੱਤਰ ਬਾਰੇ ਨਹੀਂ ਕਿਹਾ ਜਾਂਦਾ। ਪੁੱਤਰ ਗਲੀ ਦੀ ਨੁੱਕਰ ‘ਤੇ ਢਾਣੀ ਵਿਚ ਖੜ੍ਹਾ ਮਾਂ ਨੂੰ ਨਹੀਂ ਰੜਕੇਗਾ। ਜੇ ਉਸੇ ਢਾਣੀ ਕੋਲੋਂ ਆਪਣੀ ਹੀ ਧੀ ਡਰ ਕੇ ਲੰਘੇਗੀ ਤਾਂ ਮਾਂ ਉਸ ਦੇ ਡਰ ‘ਤੇ ਮਾਣ ਕਰੇਗੀ। ਮੇਰੇ ਹਿਸਾਬ ਨਾਲ ਪੁੱਤਰ ਦੀ ਪਰਵਰਿਸ਼ ਪ੍ਰਤੀ ਮਾਂ ਦੀ ਅਣਗਹਿਲੀ ਦੀ ਸ਼ੁਰੂਆਤ ਇਥੋਂ ਹੀ ਹੋ ਜਾਂਦੀ ਹੈ। ਗੱਲ ਇਹ ਕਿ ਪੁੱਤਰ ਆਉਂਦੀਆਂ ਜਾਂਦੀਆਂ ਧੀਆਂ, ਭੈਣਾਂ ਵੱਲ ਝਾਕ ਸਕਦਾ ਹੈ; ਇਉਂ ਅਸਿੱਧੇ ਤੌਰ ‘ਤੇ ਮਾਂ ਉਸ ਦੀ ਮਰਦ ਮਾਨਸਿਕਤਾ ਨੂੰ ਪੱਠੇ ਪਾ ਰਹੀ ਹੁੰਦੀ ਹੈ, ‘ਤੇਰਾ ਕੀਤਾ ਸਭ ਪ੍ਰਵਾਨ ਹੈ, ਤੈਨੂੰ ਆਵਾਰਗੀ ਵੀ ਮੁਆਫ!’ ਬੱਸ, ਇਹੀ ਸਮਾਜ ਦੀ ਬਣਤਰ ਹੈ।
ਫਿਰ ਜਦੋਂ ਬੱਚੀਆਂ ਦੀ ਪੱਤ ਰੁਲਦੀ ਹੈ ਤਾਂ ਮਾਂਵਾਂ ਸਮਾਜ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਨਹੀਂ ਥੱਕਦੀਆਂ। ਕਿਤੇ ਆਪਣੇ ਆਪ ਨੂੰ ਸਵਾਲ ਨਹੀਂ ਕਰਦੀਆਂ ਕਿ ਘਰੋਂ ਨਿਕਲਣ ਤੇ ਵਾਪਸ ਪਰਤਣ ਦਾ ਸਮਾਂ ਉਨ੍ਹਾਂ ਸਿਰਫ ਬੱਚੀਆਂ ਲਈ ਕਿਉਂ ਬਣਾਇਆ? ਕਿਉਂ ਨਹੀਂ ਉਹੀ ਨੇਮ ਪੁੱਤਰਾਂ ਲਈ ਵੀ ਬਣਾਏ? ਮਾਂਵਾਂ ਹੀ ਕਹਿੰਦੀਆਂ ਨੇ ਕਿ ਰੱਬ ਇਕ ਪੁੱਤ ਦੇ ਦੇਵੇ, ਮੇਰੀਆਂ ਧੀਆਂ ਢਕੀਆਂ ਜਾਣਗੀਆਂ। ਬਾਹਰਲੇ ਮੁਲਕਾਂ ਦਾ ਕਿੰਨਾ ਲਾਣਾ ਤੁਰਿਆ ਹੁੰਦਾ ਹੈ, ਪਿੰਡਾਂ ਵੱਲ ਨੂੰ, ਪੁੱਤਰ ਦੀ ਪ੍ਰਾਪਤੀ ਲਈ ਸੁੱਖੇ ਅਖੰਡ ਪਾਠ ਕਰਾਉਣ! ਇਹ ਵਿਤਕਰੇ ਦੁਨੀਆਵੀ ਰੱਬ ਹੀ ਕਰ ਸਕਦਾ ਹੈ।
ਧੀਆਂ ਨੂੰ ਹਰ ਵੇਲੇ ਬੇਗਾਨਾ ਧਨ ਹੋਣ ਦਾ ਚੇਤਾ ਕਰਵਾਇਆ ਜਾਂਦਾ ਹੈ, ਪਰ ਪੁੱਤਰ ਨੂੰ ਬੇਗਾਨੇ ਧਨ ਦਾ ਸਤਿਕਾਰ ਕਰਨ ਦੀ ਸਿਖਿਆ ਮਾਂ ਸ਼ਾਇਦ ਕਦੀ ਨਹੀਂ ਦਿੰਦੀ। ਆਮ ਕਰਕੇ ਪਤੀ ਦੇ ਮਾੜੇ ਵਰਤਾਓ ਕਰਕੇ ਧੀਆਂ ਅੱਕ ਕੇ ਸਹੁਰਾ ਘਰ ਛੱਡ ਦਿੰਦੀਆਂ ਹਨ। ਰੱਬ ਦਾ ਸਿੰਘਾਸਣ ਮੱਲੀ ਮਾਂ ਨੇ ਆਪਣੇ ਬਣਾਏ ਨੇਮ ਪਰਿਵਾਰ ‘ਤੇ ਲਾਗੂ ਕਰ ਲਏ ਪਰ ਗੁਰੂ ਦਾ ਇਹ ਫੁਰਮਾਨ ਕਦੇ ਨਾ ਚੇਤੇ ਕਰਵਾਇਆ,
ਭੈ ਕਾਹੂ ਕਉ ਦੇਤ ਨਹਿ ਨਹਿ ਕੈ ਮਾਨਤ ਆਨ॥
ਹੋਣਾ ਤਾਂ ਇਹ ਚਾਹੀਦਾ ਹੈ ਕਿ ਮਾਂ ਕੇਵਲ ਬੱਚਿਆਂ ਦੀ ਮਾਂ ਅਖਵਾਵੇ, ਨਾ ਕਿ ਧੀਆਂ-ਪੁੱਤਾਂ ਦੀ; ਮਾਂ ਬੱਚੇ ਦਾ ਕਿਉਂਕਿ ਪਹਿਲਾ ਸਕੂਲ ਹੁੰਦੀ ਹੈ ਤੇ ਸੁਭਾਵਿਕ ਹੈ ਕਿ ਜੇ ਬੰਚਾ ਚੰਗਾ ਨਾ ਨਿਕਲੇ ਤਾਂ ਪਰਿਵਾਰ ਦੇ ਨਾਲ-ਨਾਲ ਸਮਾਜ ਵੀ ਇਹੀ ਕਹਿੰਦਾ ਹੈ ਕਿ ਮਾਂ ਕੀ ਕਰਦੀ ਰਹੀ? ਅੱਜ ਹਰ ਇਕ ਦੀ ਜ਼ਬਾਨ ‘ਤੇ ਪੰਜਾਬ ਵਿਚ ਫੈਲੀ ਨਸ਼ਿਆਂ ਦੀ ਲਤ ਬਾਰੇ ਗੱਲ ਚੜ੍ਹੀ ਹੋਈ ਹੈ। ਕੀ ਇਥੇ ਮਾਂ ਦੀ ਭੂਮਿਕਾ ਨੂੰ ਅੱਖੋਂ ਉਹਲੇ ਕਰਕੇ ਸਿਰਫ ਪ੍ਰਸ਼ਾਸਨ ਨੂੰ ਦੋਸ਼ੀ ਕਰਾਰ ਦੇਣਾ, ਅਤਿਕਥਨੀ ਨਹੀਂ। ਸਿਆਣੀ-ਬਿਆਣੀ ਮਾਂ ਨਾਲ ਉਸ ਦੇ ਬੱਚੇ ਵੰਨ-ਸੁਵੰਨੇ ਵੇਸ ਬਣਾ ਕੇ ਤੇ ਊਟ-ਪਟਾਂਗ ਸਿਰ ਮੁਨਾਈ ਘੁੰਮਦੇ ਦੇਖਣ ਨੂੰ ਮਿਲਦੇ ਹਨ। ਇਹ ਹੈ ਰਸਾਤਲ ਵੱਲ ਜਾਂਦੀ ਪਹਿਲੀ ਪੌੜੀ ਜੋ ਉਹ ਚੜ੍ਹ ਗਏ ਤੇ ਬਾਕੀ ਪੌੜੀਆਂ ਚੜ੍ਹਦਿਆਂ ਉਨ੍ਹਾਂ ਕਿਹੜੀ ਝਿਜਕ ਮੰਨਣੀ ਹੈ! ਕੀ ਇਸ ਸਭ ਲਈ ਵੀ ਪ੍ਰਸ਼ਾਸਨ ਜ਼ਿੰਮੇਵਾਰ ਹੈ?
ਗੱਲ ਇਹ ਹੈ ਕਿ ਇਕ ਸਿਖਿਆ ਬੱਚੇ ਨੂੰ ਸਕੂਲ, ਕਾਲਜ ਨੇ ਦੇਣੀ ਹੁੰਦੀ ਹੈ, ਪਰ ਨੈਤਿਕ ਸਿਖਿਆ ਦੇਣਾ ਮਾਂ ਦਾ ਫਰਜ਼ ਹੁੰਦਾ ਹੈ। ਜੇ ਮਾਂ ਮੂੰਹੋਂ ਨਾ ਵੀ ਕੁਝ ਕਹੇ ਤਾਂ ਵੀ ਉਸ ਦਾ ਜ਼ਿੰਦਗੀ ਜਿਉਣ ਦਾ ਆਪਣਾ ਢੰਗ ਇੱਦਾਂ ਦਾ ਹੋਵੇ ਕਿ ਬੱਚਾ ਹਰ ਕਦਮ ਪੁੱਟਣ ਤੋਂ ਪਹਿਲਾਂ ਮਾਂ ਦੀਆਂ ਭਾਵਨਾਵਾਂ ਬਾਰੇ ਸੌ ਵਾਰ ਸੋਚੇ। ਕਈ ਥਾਂਵਾਂ ‘ਤੇ ਮਾਂਵਾਂ ਪਰਵਰਿਸ਼ ਦੇ ਪਰਚਮ ਹੇਠ ਬੱਚਿਆਂ ਦੇ ਵਿਕਾਸ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰ ਦਿੰਦੀਆਂ ਹਨ; ਮਸਲਨ ਅੰਧ-ਵਿਸ਼ਵਾਸਾਂ ਵਿਚ ਪਾ ਕੇ; ਖਾਸ ਕਰਕੇ ਧੀ ਨੂੰ ਆਪਣੀ ਮਾਂ ਹਮੇਸ਼ਾ ਦਰੁਸਤ ਲੱਗਦੀ ਹੈ। ਮੰਨੂ ਜਾਂ ਵਰਣ ਆਸ਼ਰਮ ਧਰਮ ਨੂੰ ਪੱਖਾ ਝਲਣ ਵਿਚ ਮਾਂਵਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਅੱਜ ਸਾਡਾ ਬ੍ਰਾਹਮਣਵਾਦ ਵਿਚ ਫਸਿਆ ਹੋਣਾ ਜੱਗ ਜਾਹਰ ਹੈ। ਹਰ ਗੱਲ ‘ਤੇ ਤਿਥ-ਵਾਰ ਸੋਚਣਾ, ਮੱਸਿਆ-ਪੁੰਨਿਆ ਦਾ ਵਿਚਾਰ, ਪਿੱਛੋਂ ਅਵਾਜ਼ ਨਾ ਮਾਰਨ ਦਾ ਕਾਨੂੰਨ, ਰੱਖੜੀਆਂ, ਟੇਵੇ ਆਦਿ ਨੇ ਬੱਚਿਆਂ ਦੇ ਦਿਮਾਗੀ ਵਿਕਾਸ ਦੀ ਗਤੀ ਹੌਲੀ ਕਰ ਦਿੱਤੀ ਹੈ। ਕੁੜੀਆਂ ਹਰ ਗੱਲ ‘ਤੇ ਸਫਾਈ ਦਿੰਦੀਆਂ ਨੇ, “ਸਾਡੀ ਮਾਂ ਵੀ ਇੱਦਾਂ ਕਰਦੀ ਹੁੰਦੀ ਸੀ।” ਗੱਲ ਦੇ ਮੁੱਢ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ।
ਉਂਜ ਤਾਂ ਸਿਹਰਾ ਬੰਨਣ ਦੀ ਰਸਮ ਮਰਦਾਂ ਲਈ ਬਣੀ ਹੈ, ਪਰ ਸੰਤ ਸਮਾਜ ਨੂੰ ਪ੍ਰਫੁੱਲਤਾ ਬਖਸ਼ਣ ਦਾ ਸਿਹਰਾ ਮਾਂਵਾਂ ਦੇ ਸਿਰ ‘ਤੇ ਹੀ ਬੱਝਦਾ ਹੈ। ਡੇਰੇ ‘ਤੇ ਜਾਣ ਦੀ ਬੱਚੇ ਦੀ ਸ਼ੁਰੂਆਤ ਮਾਂ ਦੀ ਉਂਗਲ ਫੜ ਕੇ ਹੁੰਦੀ ਹੈ। ਇਥੇ ਹੀ ਬੱਚੇ ਦੀ ਆਲੋਚਨਾਤਮਕ ਸ਼ਕਤੀ ਦੀ ਹੱਤਿਆ ਹੁੰਦੀ ਹੈ ਤੇ ਫਿਰ ਸ਼ੁਰੂਆਤ ਹੁੰਦੀ ਹੈ, ਅੰਨ੍ਹੇ ਖੂਹ ਵਿਚ ਡਿੱਗਣ ਦੀ। ਬੱਚਾ ਗੁਰੂ ਨੂੰ ਛੱਡ ਕੇ ਅਖੌਤੀ ਬਾਬਿਆਂ ਦੇ ਡੇਰੇ ਦੀ ਮਰਿਆਦਾ ਸਿਖਦਾ ਹੈ, ਜੋ ਉਸ ਨੂੰ ਡਰਾਕਲ ਲੇਲਾ ਜਾਂ ਗੁੰਡਾ ਬਣਾ ਦਿੰਦੀ ਹੈ। ਜਿਹੜਾ ਬੱਚਾ ਸਾਰੀ ਉਮਰ ਖੂਹ ਜਾਂ ਟੋਭੇ ਨੂੰ ਹੀ ਸਮੁੰਦਰ ਸਮਝੀ ਗਿਆ, ਉਹਨੇ ਗੁਰੂ ਨਾਨਕ ਦੇ ਚਲਾਏ ਨਿਰਮਲ ਪੰਥ ਵੱਲ ਝਾਕਣਾ ਵੀ ਨਹੀਂ, ਤੇ ਜਿਸ ਬੱਚੇ ਦਾ ਕਿਰਦਾਰ ਕਿਸੇ ਭੁਲਣਹਾਰ ਨੇ ਘੜਿਆ, ਉਸ ਨੇ ਸਮਾਜ ਦਾ ਕੀ ਸੁਆਰਨਾ ਹੈ?
ਖਸਮੁ ਛੋਡਿ ਦੂਜੇ ਲਗੇ ਡੁਬੇ ਸੇ ਵਣਜਾਰਿਆ॥
ਅੱਜ ਦੀਆਂ ਮਾਂਵਾਂ ਦੇ ਸਦਕੇ ਜਾਈਏ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀ ਆਪਣੀ ਮਾਂ ਬੋਲੀ ਕੀ ਸੀ? ਪੰਜਾਬੀ ਜ਼ੁਬਾਨ ਦੀ ਵਰਤੋਂ ਤੋਂ ਗੁਰੇਜ਼ ਇਹ ਕਹਿ ਕੇ ਕਰਦੀਆਂ ਨੇ ਕਿ ਇਹ ਗਵਾਰਾਂ ਦੀ ਬੋਲੀ ਹੈ; ਯਾਨਿ ਮਾਂ ਆਪ ਅਖਵਾਉਣਾ ਹੈ ਤੇ ਬੱਚੇ ਨੂੰ ਬੋਲੀ ਗੁਆਂਢਣ ਦੀ ਸਿਖਾਉਣੀ ਹੈ।
ਗੁਰੂ ਸਾਹਿਬ ਦਾ ਫੁਰਮਾਨ ਹੈ,
ਧੰਨੁ ਸੁ ਵੰਸੁ ਧੰਨੁ ਸੁ ਪਿਤਾ
ਧੰਨੁ ਸੁ ਮਾਤਾ ਜਿਨਿ ਜਨ ਜਣੇ॥
ਧਿਆਨ ਨਾਲ ਦੇਖੀਏ ਕਿ ਗੁਰੂ ਨੇ ਧੰਨ ਹਰ ਇਕ ਕੁੱਲ, ਪਿਤਾ ਤੇ ਮਾਤਾ ਨੂੰ ਨਹੀਂ ਦਿੱਤਾ; ਜੇ ਇਥੇ ਸਿਰਫ ਮਾਤਾ ਦੀ ਗੱਲ ਹੀ ਕਰੀਏ ਤਾਂ ਬਹੁਤ ਥੋੜ੍ਹੀਆਂ ਮਾਂਵਾਂ ਹੀ ਦਿਸਦੀਆਂ ਨੇ ਜੋ ਮਾਂ ਦਿਵਸ (ਮਦਰਜ਼ ਡੇ) ‘ਤੇ ਵਧਾਈਆਂ ਲੈਣ ਦੀਆਂ ਹੱਕਦਾਰ ਹਨ। ਸਾਧਾਰਨ ਮਾਂ ਬੱਚੇ ਦਾ ਪਾਲਣ-ਪੋਸ਼ਣ ਆਪਣੇ ਬੁਢਾਪੇ ਦੇ ਸਹਾਰੇ ਦੇ ਹਿਤ ਵਿਚ ਕਰਦੀ ਹੈ। ਬੱਚੇ ਨੂੰ ਉਸ ਦੇ ਪੈਰਾਂ ‘ਤੇ ਖੜ੍ਹੇ ਹੋਏ ਨੂੰ ਦੇਖ ਕੇ ਸਾਰੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਸੁਰਖਰੂ ਹੋਇਆ ਮਹਿਸੂਸ ਕਰਦੀ ਹੈ। ਹੁਣ ਇਸ ਤੋਂ ਬਾਅਦ ਕੀ? ਜੇ ਕੋਈ ਸਾਨੂੰ ਸੱਚਾਈ ਦੱਸੇ ਕਿ ਅਸੀਂ ਬੱਚੇ ਲਈ ਜੋ ਕੁਝ ਵੀ ਕੀਤਾ, ਉਹ ਸਾਡਾ ਫਰਜ਼ ਸੀ, ਨਾ ਕਿ ਬੱਚੇ ‘ਤੇ ਅਹਿਸਾਨ। ਅਹਿਸਾਨ ਕਰਨਾ ਹੀ ਸੀ ਤਾਂ ਸਮਾਜ ‘ਤੇ ਕਰਦੀਆਂ, ਜਿਸ ਤਰ੍ਹਾਂ ਭਗਤ ਪੂਰਨ ਸਿੰਘ ਦੀ ਮਾਂ ਨੇ ਕੀਤਾ, ਉਨ੍ਹਾਂ ਵਿਚ ਚੰਗੀਆਂ ਕਦਰਾਂ-ਕੀਮਤਾਂ ਪਾ ਕੇ।
ਮਾਂ ਉਹ ਹੀ ਧੰਨ ਹੈ, ਜਿਸ ਦੇ ਪੁੱਤਰ ਦਾ ਮਕਸਦ ਹਿੰਦੁਸਤਾਨ ਦੀ ਫੌਜ ਦਾ ਜਰਨੈਲ ਬਣਨ ਤੋਂ ਬਾਅਦ ਅਰੰਭ ਹੋਇਆ ਤੇ ਅਜੇ ਵੀ ਮਾਂ ਨੂੰ ਪੁੱਤਰ ਦੀ ਮ੍ਰਿਤਕ ਦੇਹ ਨਹੀਂ ਸਗੋਂ ਦਰਬਾਰ ਸਾਹਿਬ ਦਾ ਉਹ ਸੁਹੱਪਣ ਦਿਸਿਆ, ਜੋ ਉਸ ‘ਤੇ ਹੋਏ ਅਣਮਨੁੱਖੀ ਹਮਲੇ ਤੋਂ ਬਾਅਦ ਵੀ ਬਰਕਰਾਰ ਸੀ। ਧੰਨ ਕੇਵਲ ਉਹ ਮਾਂਵਾ ਜਿਨ੍ਹਾਂ ਪੁੱਤਰਾਂ ਦੀ ਫਾਂਸੀ ਦੀ ਖਬਰ ਸੁਣ ਕੇ ਪੁੱਤਰਾਂ ਦੇ ਕਹਿਣ ‘ਤੇ ਕੋਤਵਾਲੀ ਵਿਚ ਘੋੜੀਆਂ ਗਾਈਆਂ ਤੇ ਗਿੱਧਾ ਪਾਇਆ ਤੇ ਸ਼ਹਾਦਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਲੱਡੂ ਵੰਡੇ। ਸ਼ਲਾਘਾਯੋਗ ਹੈ ਉਹ ਮਾਂ ਜਿਸ ਨੂੰ ਪਤੀ ਦੀ ਲਾਸ਼ ਵੀ ਦੇਖਣੀ ਨਸੀਬ ਨਾ ਹੋਈ ਤੇ ਉਸ ਨੇ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਪਤੀ ਦੇ ਮਕਸਦ ਨੂੰ ਬੇਖੌਫ ਜਿਉਂਦਾ ਰੱਖਿਆ ਤੇ ਜਿਸ ਦਾ ਬੱਚਾ ਬੜੇ ਮਾਣ ਨਾਲ ਆਪਣੇ ਪਰਿਵਾਰਕ ਸੰਘਰਸ਼ ਤੇ ਸ਼ਹੀਦੀਆਂ ਨੂੰ ਪੁਸ਼ਤੈਨੀ ਰਵਾਇਤਾਂ ਦਾ ਨਾਂ ਦਿੰਦਾ ਹੈ। ਨਹੀਂ ਤਾਂ ਅਸੀਂ ਮਾਂਵਾਂ ਬੱਚੇ ਨੂੰ ਹਾਲਾਤ ਦਾ ਮੁਕਾਬਲਾ ਕਰਨ ਜੋਗਾ ਬਣਾਉਣ ਦੀ ਥਾਂ ਉਨ੍ਹਾਂ ਨੂੰ ਹਾਲਾਤ ਮੁਤਾਬਕ ਢਲ ਜਾਣ ਨੂੰ ਕਹਿੰਦੀਆਂ ਹਾਂ; ਮਸਲਨ ਬੱਚਾ ਬਾਰਾਂ ਵਰ੍ਹੇ ਸਕੂਲ ਜਾਂਦਾ ਹੈ ਤੇ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਉਸ ਦੇ ਸਰੂਪ ਦਾ ਕਿਸੇ ਬੇਸਿਰ-ਪੈਰ ਵਾਲੇ ਡਰ ਹੇਠ ਆ ਕੇ ਘਾਣ ਕਰ ਦਿੰਦੀਆਂ ਹਾਂ। ਇਹੀ ਨਹੀਂ, ਆਪਣੀ ਬੁਜ਼ਦਿਲੀ ਨੂੰ ਬਿਆਨਣ ਲਈ ਸਾਡੇ ਕੋਲ ਕਈ ਕੋਝੀਆਂ ਦਲੀਲਾਂ ਵੀ ਹੁੰਦੀਆਂ ਹਨ। ਇਕ ਗੱਲ ਤਾਂ ਮੈਂ ਪੱਕੇ ਪੈਰੀਂ ਕਹਿ ਸਕਦੀ ਹਾਂ ਕਿ ਜੇ ਕਿਤੇ ਮਾਂਵਾਂ ਨੇ ਦੂਜਿਆਂ ਦੇ ਘਰਾਂ ਵਿਚ ਬੁਝਾਏ ਜਾ ਚੁੱਕੇ ਜਿਉਂਦੇ ਜਾਗਦੇ ਚਿਰਾਗਾਂ ਤੋਂ ਬਾਅਦ ਆਪਣੇ ਘਰਾਂ ਵਿਚ ਅਖੌਤੀ ਦੀਵਾਲੀਆਂ ਨਾ ਮਨਾਈਆਂ ਹੁੰਦੀਆਂ ਤਾਂ ਥੇਹ ਕਰ ਦਿੱਤੇ ਗਏ ਅਕਾਲ ਤਖਤ ਦੀ ਉਸਾਰੀ ਰਹਿੰਦੀ ਦੁਨੀਆਂ ਤੱਕ ਬੱਚੇ ਕਰਦੇ ਰਹਿੰਦੇ। ਕਿਸੇ ਨੂੰ ਉਹ ਮੁੜ ਉਸਰਿਆ ਹੋਇਆ ਮਹਿਸੂਸ ਨਾ ਹੁੰਦਾ। ਜੇ ਰੱਖੜੀਆਂ ਦੀ ਰਸਮ ਬੰਦ ਕਰ ਦਿੰਦੀਆਂ ਤਾਂ ਧੀਆਂ ਅਤੇ ਪੁੱਤਰਾਂ ਦਰਮਿਆਨ ਬਰਾਬਰੀ ਅੱਟਲ ਸੀ।
ਅਖੀਰ ਵਿਚ ਮੈਂ ਕਹਿ ਸਕਦੀ ਹਾਂ ਕਿ ਮਨੂੰ ਦੁਨੀਆਂ ‘ਤੇ ਆਇਆ ਤੇ ਮਰ ਵੀ ਗਿਆ, ਪਰ ਅਸੀਂ ਮਾਂਵਾਂ ਉਸ ਦੀ ਵਿਚਾਰਧਾਰਾ ਨੂੰ ਨਹੀਂ ਮਰਨ ਦੇ ਰਹੀਆਂ। ਅਸੀਂ ਆਪਣੀ ਸੋਚ ਦਾ ਦਾਇਰਾ ਹੁਣ ਵੱਡਾ ਕਰੀਏ, ਕਿਉਂਕਿ ਸਮਾਜ ਦੇ ਗਰਕਣ ਦੀ ਹੁਣ ਕੋਈ ਅਗਲੀ ਪੌੜੀ ਨਹੀਂ ਹੋ ਸਕਦੀ। ਮਾਂਵਾਂ ਦੇ ਬੱਚਿਆਂ ਦੇ ਟੋਟੇ ਗਲ ਪਾਉਣ ਤੋਂ ਬਾਅਦ ਫਿਰ ਖਾਲਸਾ ਰਾਜ ਸਥਾਪਿਤ ਹੋ ਗਿਆ ਕਿਉਂਕਿ ਮੁਗਲ ਰਾਜ ਨੇ ਜੁੱਸੇ ਢਾਹੇ, ਨਾ ਕਿ ਕਦਰਾਂ ਕੀਮਤਾਂ ਪਰ ਹੁਣ ਵਾੜ ਖੇਤ ਨੂੰ ਖਾ ਕੇ ਖੁਸ਼ ਹੋ ਰਹੀ ਹੈ। ਹੁਣ ਵੇਲਾ ਸੁਚੇਤ ਹੋਣ ਅਤੇ ਫਰਜ਼ ਸਮਝਣ ਦਾ ਹੈ।