ਪੰਜਾਬੀ ਸਮਾਜ ਨੂੰ ਚੁਣੌਤੀਆਂ ਅਤੇ ਸਮਾਧਾਨ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪੰਜਾਬ ਦੇ ਅਜੋਕੇ ਨਿੱਘਰ ਰਹੇ ਹਾਲਾਤ ‘ਤੇ ਚਿੰਤਾ ਜਾਹਰ ਕੀਤੀ ਸੀ, “ਪੰਜਾਬ, ਰਾਜਨੀਤਕ, ਧਾਰਮਿਕ, ਸਮਾਜਕ ਅਤੇ ਆਰਥਕ ਪੱਧਰ ‘ਤੇ ਅਜਿਹੀ ਰਸਾਤਲ ਵਿਚ ਡਿਗਦਾ ਜਾ ਰਿਹਾ ਹੈ ਕਿ

ਜੇ ਇਸ ਨੂੰ ਸੰਭਾਲਣ ਅਤੇ ਇਸ ਦੀ ਆਭਾ ਨੂੰ ਮੁੜ ਸਥਾਪਤ ਕਰਨ ਲਈ ਸੱਭੇ ਧਿਰਾਂ ਨੇ ਨਿੱਜੀ ਮੁਫਾਦ, ਰਾਜਨੀਤਕ ਵੱਖਰੇਵਿਆਂ ਅਤੇ ਧਾਰਮਿਕ ਸੌੜੇਪਣ ਤੋਂ ਉਪਰ ਉਠ ਕੇ ਉਸਾਰੂ ਯੋਗਦਾਨ ਪਾਉਣ ਵਿਚ ਪਹਿਲ-ਕਦਮੀ ਨਾ ਕੀਤੀ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪਰਦੇਸਾਂ ਵਿਚ ਆ ਕੇ ਵੱਸੇ ਪੰਜਾਬੀਆਂ, ਖਾਸ ਕਰ ਨਵੀਂ ਪੀੜ੍ਹੀ ਨੂੰ ਦਸਪੇਸ਼ ਸਮੱਸਿਆਵਾਂ, ਉਨ੍ਹਾਂ ਦੇ ਭੈੜੀ ਸੰਗਤ ਵਿਚ ਪੈਣ ਤੇ ਨਸ਼ਿਆਂ ਦਾ ਸ਼ਿਕਾਰ ਹੋਣ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਕੁਝ ਬਹੁਮੁੱਲੇ ਸੁਝਾਅ ਵੀ ਦਿੱਤੇ ਹਨ। ਉਹ ਕਹਿੰਦੇ ਹਨ, “ਸਿਰਫ ਧਨ, ਸ਼ੁਹਰਤ ਜਾਂ ਰੁਤਬਾ ਹੀ ਸਭ ਕੁਝ ਨਹੀਂ ਹੁੰਦਾ, ਸਭ ਤੋਂ ਅਮੁੱਲ ਇੱਜਤ, ਇਤਬਾਰ, ਇਖਲਾਕ ਅਤੇ ਇਨਸਾਨੀਅਤ ਹੁੰਦੀ ਹੈ, ਜੋ ਜੀਵਨ ਦੀ ਸਭ ਤੋਂ ਸੱਚੀ-ਸੱਚੀ ਇਬਾਦਤ ਤੇ ਇਬਾਰਤ ਹੈ। ਇਸ ਇਬਾਰਤ ਨੂੰ ਮਨ ਵਿਚ ਵਸਾ ਕੇ ਹੀ ਬੱਚਾ ਇਨਸਾਨ ਬਣਨ ਦੇ ਰਾਹ ਦਾ ਮਾਰਗੀ ਬਣ ਸਕਦਾ।” ਨਵੀਂ ਪੀੜ੍ਹੀ ਸੋਸ਼ਲ ਮੀਡੀਏ ਵਿਚ ਖਚਿਤ ਹੋ ਕੇ ਆਪਣੀ ਸ਼ਖਸੀਅਤ ਬਹੁਤ ਵਿਗਾੜ ਪੈਦਾ ਰਹੀ ਹੈ। ਆਪਣੀ ਮਾਂ ਬੋਲੀ, ਅਸਲ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਡਾ. ਭੰਡਾਲ ਦਾ ਸੁਝਾਅ ਹੈ, “ਬੱਚਿਆਂ ਨਾਲ ਘਰ ਵਿਚ ਪੰਜਾਬੀ ਵਿਚ ਗੱਲ ਕਰੋ, ਗੁਰਦੁਆਰੇ ਲੈ ਕੇ ਜਾਓ। ਉਨ੍ਹਾਂ ਨੂੰ ਗੁਰਬਾਣੀ ਸਮਝ ਆਵੇਗੀ, ਕਿਉਂਕਿ ਪੰਜਾਬੀ ਸਮਝੇ ਬਿਨਾ ਗੁਰਬਾਣੀ ਸਮਝ ਹੀ ਨਹੀਂ ਸਕਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸਮਾਜਕ ਵਰਤਾਰਾ, ਸਮਾਂ, ਸਥਾਨ, ਸਥਿਤੀ, ਆਲਾ-ਦੁਆਲਾ ਅਤੇ ਸਰੋਕਾਰ ਸਮਾਜਕ ਸੰਦਰਭਾਂ ‘ਤੇ ਨਿਰਭਰ। ਹਰੇਕ ਵਕਤ ਵਿਚ ਸਮਾਜ ਨੂੰ ਪ੍ਰਤੱਖ ਅਤੇ ਅਦਿੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨਾ ਅਤੇ ਇਸ ਤੋਂ ਉਭਰਨਾ ਹੀ ਸੱਚੇ ਕਰਮੀ ਦਾ ਫਰਜ਼ ਹੁੰਦਾ। ਇਹ ਚੁਣੌਤੀਆਂ ਦੇਸ਼ ਬਦਲਣ ਨਾਲ ਸਿਰਫ ਰੂਪ ਵਟਾਉਂਦੀਆਂ ਨੇ, ਪਰ ਕਦੇ ਵੀ ਮਨਫੀ ਨਹੀਂ ਹੁੰਦੀਆਂ। ਵੱਖਰੇ ਹਾਲਾਤ ਨਾਲ ਸਿੱਝਦਿਆਂ ਸਾਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਦੇਸ਼ ਬਦਲਣ ਨਾਲ ਸਿਰਫ ਚੌਗਿਰਦਾ ਹੀ ਪ੍ਰਭਾਵਿਤ ਨਹੀਂ ਹੁੰਦਾ, ਸਾਡੇ ਸਰੋਕਾਰ, ਸਾਧਨ ਅਤੇ ਸੋਚ ਵਿਚ ਤਬਦੀਲੀ ਸੁਭਾਵਕ ਹੈ। ਜੇ ਇਸ ਤਬਦੀਲੀ ਨੂੰ ਸਮਝਣ, ਸੋਚਣ ਅਤੇ ਇਸ ਨੂੰ ਚੰਗੇਰੇ ਰੂਪ ਵਿਚ ਅਪਨਾਉਣ ਲਈ ਪਹਿਲ-ਕਦਮੀ ਕਰਾਂਗੇ ਤਾਂ ਚੁਣੌਤੀਆਂ ਇੰਨੀਆਂ ਵੱਡੀਆਂ ਅਤੇ ਮਾਰੂ ਨਹੀਂ ਹੋਣਗੀਆਂ। ਅਸੀਂ ਸਹਿਜੇ ਹੀ ਇਨ੍ਹਾਂ ਨੂੰ ਜੀਵਨ ਤਰਕ ਨਾਲ ਨਜਿੱਠ ਨਵੇਂ ਜੀਵਨ-ਦਰਸ਼ਨ ਦਾ ਮਾਰਗ ਬਣਾ ਸਕਦੇ ਹਾਂ।
ਪੰਜਾਬੀਆਂ ਨੇ ਉਤਰੀ ਅਮਰੀਕਾ ਵਿਚ ਆਉਣ ਨੂੰ ਪੰਜਾਬ ਵਿਚਲੀਆਂ ਚੁਣੌਤੀਆਂ ਤੋਂ ਮੁਕਤੀ ਦਾ ਰੂਪ ਸਮਝਿਆ ਸੀ; ਪਰ ਇਹ ਚੁਣੌਤੀਆਂ ਕਿਸੇ ਹੋਰ ਰੂਪ ਵਿਚ ਸਾਨੂੰ ਮੁਖਾਤਬ ਹੋ ਰਹੀਆਂ ਹਨ ਅਤੇ ਅਸੀਂ ਇਸ ਵਿਚੋਂ ਉਭਰਨ ਲਈ ਆਪਣੀ ਪਿੱਛਲ-ਖੁਰੀ ਸੋਚ ਵਿਚ ਹੀ ਉਲਝੇ ਹੋਏ ਹਾਂ। ਇਹ ਚੁਣੌਤੀਆਂ ਪ੍ਰਮੁੱਖ ਰੂਪ ਵਿਚ ਦੋ ਕਿਸਮ ਦੀਆਂ ਹਨ-ਨਵੇਂ ਆਏ ਪਰਵਾਸੀਆਂ ਦੀਆਂ ਅਤੇ ਪੁਰਾਣੇ ਸਥਾਪਤ ਹੋ ਚੁਕੇ ਪਰਵਾਸੀਆਂ ਦੀਆਂ ਚੁਣੌਤੀਆਂ। ਇਨ੍ਹਾਂ ਦੀਆਂ ਅਗਾਂਹ ਦੋ ਕਿਸਮਾਂ ਹਨ-ਚੰਗੀ ਵਿਦਿਆ ਪ੍ਰਾਪਤ ਕਰਕੇ ਪਰਵਾਸ ਕਰਨ ਵਾਲੇ ਅਤੇ ਦੂਜੇ ਘੱਟ ਪੜ੍ਹੇ-ਲਿਖੇ, ਜੋ ਪਰਿਵਾਰਾਂ ਨਾਲ ਆਏ ਸਨ।
ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਚਾਰ ਹਿੱਸਿਆਂ ਵਿਚ ਵੰਡ ਸਕਦੇ ਹਾਂ। ਕੁਝ ਜਿਨ੍ਹਾਂ ਨੇ ਨਿਰੋਲ ਇਥੇ ਹੀ ਪੜ੍ਹਾਈ ਕੀਤੀ ਹੈ। ਕੁਝ ਜਿਨ੍ਹਾਂ ਨੇ ਕੁਝ ਪੜ੍ਹਾਈ ਪੰਜਾਬ ਅਤੇ ਕੁਝ ਇਥੇ ਕੀਤੀ ਹੈ। ਕੁਝ ਅਜਿਹੇ ਜਿਨ੍ਹਾਂ ਨੇ ਸਾਰੀ ਪੜ੍ਹਾਈ ਪੰਜਾਬ ਵਿਚ ਕੀਤੀ ਹੈ, ਪਰ ਆਪਣੇ ਕਿੱਤੇ ਵਿਚ ਨੌਕਰੀ ਪ੍ਰਾਪਤ ਕਰਨ ਤੋਂ ਅਸਮਰਥ ਨੇ। ਕੁਝ ਜੋ ਪੜ੍ਹਾਈ ਅੱਧ-ਵਿਚਾਲੇ ਛੱਡ ਕੇ, ਜ਼ਿੰਦਗੀ ਵਿਚ ਸਥਾਪਤ ਹੋਣ ਲਈ ਜਦੋਜਹਿਦ ਕਰ ਰਹੇ ਹਨ।
ਹਰ ਕਿਸਮ ਦੀਆਂ ਵੱਖੋ-ਵੱਖਰੀਆਂ ਚੁਣੌਤੀਆਂ ਅਤੇ ਇਨ੍ਹਾਂ ਦੀ ਤਹਿ ਵਿਚ ਜਾ ਕੇ ਹੀ ਇਨ੍ਹਾਂ ਨੂੰ ਹੱਲ ਕੀਤਾ ਜਾ ਸਕਦਾ।
ਵਿਸ਼ੇ ਦੀ ਵਿਸ਼ਾਲਤਾ ਨੂੰ ਮੁੱਖ ਰੱਖਦਿਆਂ ਸਿਰਫ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਤੀਕ ਹੀ ਇਹ ਗੱਲਬਾਤ ਸੀਮਤ ਰਹੇਗੀ।
ਸਭਿਆਚਾਰਕ ਵਖਰੇਵਿਆਂ ਵਿਚ ਪਿਸਣਾ: ਨੌਜਵਾਨਾਂ ਨੂੰ ਘਰ ਵਿਚ ਅਤੇ ਸਕੂਲ/ਕਾਲਜ/ਕੰਮ ‘ਤੇ ਵੱਖ-ਵੱਖ ਸਭਿਆਚਾਰਕ ਮਾਹੌਲ ਮਿਲਦਾ ਹੈ। ਉਨ੍ਹਾਂ ਦੀ ਸੋਚ ਵਿਚ ਦੁਚਿੱਤੀ ਪੈਦਾ ਹੁੰਦੀ ਹੈ ਕਿ ਕਿਸ ਨੂੰ ਅਪਨਾਉਣ ਅਤੇ ਕਿਸ ਨੂੰ ਨਕਾਰਨ? ਲੋੜ ਹੈ, ਮਾਪੇ ਬੱਚਿਆਂ ਨੂੰ ਹਰ ਸਭਿਆਚਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸਣ, ਜਿਨ੍ਹਾਂ ਨਾਲ ਚੰਗੇ ਪ੍ਰਭਾਵ ਪੈਦਾ ਹੋਣਗੇ ਅਤੇ ਜਿਨ੍ਹਾਂ ਨੂੰ ਅਪਨਾਉਣ ਨਾਲ ਸਮਾਜਕ ਵਿਗਾੜ ਪੈਦਾ ਹੋਵੇਗਾ। ਹਰ ਸਭਿਆਚਾਰ ਦਾ ਵੱਖਰਾ ਪਹਿਰਾਵਾ, ਖਾਣਾ-ਪੀਣਾ, ਰਸਮੋ-ਰਿਵਾਜ਼ ਅਤੇ ਕਦਰਾਂ-ਕੀਮਤਾਂ ਹੁੰਦੀਆਂ ਹਨ। ਜੇ ਬੱਚਿਆਂ ਨੂੰ ਇਹ ਗੱਲ ਸਮਝਾਈ ਜਾਵੇ ਤਾਂ ਉਹ ਦੂਸਰੇ ਸਭਿਆਚਾਰ ਨੂੰ ਅਪਨਾਉਣ ਵੇਲੇ ਜ਼ਰੂਰ ਇਸ ਗੱਲ ਨੂੰ ਵਿਚਾਰ ਕੇ ਹੀ ਸਹੀ ਫੈਸਲਾ ਕਰਨਗੇ। ਪਰ ਸਮਾਂ ਵਿਹਾਉਣ ਪਿਛੋਂ ਸਿਰਫ ਪਛਤਾਵਾ ਹੀ ਰਹਿ ਜਾਂਦਾ। ਬੱਚਾ ਪਰਿਵਾਰ ਵਿਚੋਂ ਬਹੁਤ ਕੁਝ ਅਚੇਤ ਅਤੇ ਸੁਚੇਤ ਰੂਪ ਵਿਚ ਗ੍ਰਹਿਣ ਕਰਦਾ। ਬੱਚੇ ਨਾਲ ਦੋਸਤੀ ਪਾਓ ਅਤੇ ਉਸ ਨੂੰ ਆਪਣੇ ਸਭਿਆਚਾਰ ਨਾਲ ਜੋੜ ਕੇ ਭਾਈਚਾਰਕ ਸਾਂਝ ਵਧਾਉਣ ਤੇ ਪਰਿਵਾਰਕ ਮੇਲ-ਜੋਲ ਲਈ ਉਤਸ਼ਾਹਿਤ ਕਰੋ। ਬੱਚੇ ਦਾ ਮਨ ਦੂਸਰੇ ਸਭਿਆਚਾਰ ਦੇ ਚੰਗੇ ਪੱਖਾਂ ਨੂੰ ਅਪਨਾਉਣ ਦੇ ਨਾਲ-ਨਾਲ ਆਪਣੇ ਸਭਿਆਚਾਰ ਤੋਂ ਵੀ ਬੇਮੁਖ ਨਹੀਂ ਹੋਵੇਗਾ।
ਪੀੜ੍ਹੀ-ਪਾੜਾ: ਪੀੜ੍ਹੀਆਂ ਦਾ ਪਾੜਾ ਸੋਚ, ਦ੍ਰਿਸ਼ਟੀ ਅਤੇ ਸੁਪਨਿਆਂ ਵਿਚਲਾ ਪਾੜਾ ਹੁੰਦਾ। ਇਸ ਪਾੜੇ ਨੂੰ ਦੂਰ ਕਰਨ ਲਈ ਮਾਪਿਆਂ ਅਤੇ ਬੱਚਿਆਂ ਵਿਚ ਇਕਸੁਰਤਾ ਜਰੂਰੀ ਹੈ। ਮਾਪਿਆਂ ਨੂੰ ਬੱਚੇ ਦੀਆਂ ਭਾਵਨਾਵਾਂ ਅਤੇ ਉਸ ਦੀਆਂ ਚੁਣੌਤੀਆਂ ਨੂੰ ਸਮਝ ਕੇ, ਆਪਣੀ ਸੋਚ ਨੂੰ ਸਮੇਂ ਦਾ ਹਾਣੀ ਕਰਨ ਦੀ ਲੋੜ ਹੈ। ਬੱਚੇ ‘ਤੇ ਕੁਝ ਥੋਪਿਆ ਨਾ ਜਾਵੇ ਸਗੋਂ ਉਸ ਦੇ ਸਨਮੁੱਖ ਸਾਰੀਆਂ ਸੰਭਾਵਨਾਵਾਂ ਨੂੰ ਰੱਖਿਆ ਜਾਵੇ। ਬੱਚੇ ਦੀ ਦਿਲਚਸਪੀ ਅਤੇ ਸਮਰੱਥਾ ਮੁਤਾਬਕ ਉਸ ਨੂੰ ਮਰਜ਼ੀ ਦਾ ਕੁਝ ਵੀ ਕਰਨ ਦੀ ਖੁੱਲ੍ਹ ਮਿਲੇਗੀ ਤਾਂ ਨਤੀਜੇ ਬਹੁਤ ਉਤਸ਼ਾਹਜਨਕ ਹੋਣਗੇ। ਬੱਚਿਆਂ ਦੀਆਂ ਰੁਚੀਆਂ ਦੀ ਪ੍ਰਫੁਲਤਾ ਲਈ ਸਹਿਯੋਗ ਦਿਓ। ਉਸ ਦੀਆਂ ਗਲਤੀਆਂ ਨੂੰ ਸੁਧਾਰੋ। ਬੱਚਿਆਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੇ ਸੱਚੇ ਸਨੇਹੀ ਉਨ੍ਹਾਂ ਦੇ ਮਾਪੇ ਹੀ ਹੁੰਦੇ, ਜੋ ਬੱਚੇ ਦੀ ਖੁਸ਼ੀ ਅਤੇ ਉਦਾਸੀ ਵਿਚ ਹਰ ਦਮ ਨਾਲ ਰਹਿੰਦੇ। ਉਹ ਤਾਂ ਬੱਚਿਆਂ ਦੀਆਂ ਬਲਾਵਾਂ ਉਤਾਰਨ ਲਈ ਖੁਦ ਨੂੰ ਵੀ ਦਾਅ ‘ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਮਾਪੇ ਵੀ ਬੱਚਿਆਂ ਦੇ ਨੈਣਾਂ ਵਿਚੋਂ ਆਪਣੇ ਸੁਪਨਿਆਂ ਦੀ ਕੁਝ ਕੁ ਪੂਰਨਤਾ ਤਾਂ ਚਾਹੁੰਦੇ ਨੇ।
ਰੋਲ ਮਾਡਲ ਦੀ ਘਾਟ: ਪੰਜਾਬੀ ਸਮਾਜ ਵਿਚ ਵੱਖ-ਵੱਖ ਖੇਤਰਾਂ ਵਿਚ ਰੋਲ ਮਾਡਲਾਂ ਦੀ ਬਹੁਤ ਘਾਟ ਹੈ, ਜੋ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਸਕਣ। ਪੁਰਾਣੇ ਸਮਿਆਂ ਦੇ ਰੋਲ ਮਾਡਲ ਉਸ ਸਮੇਂ ਉਭਰੇ ਸਨ, ਜਦ ਦਰਪੇਸ਼ ਸਮੱਸਿਆਵਾਂ ਅਤੇ ਸਰੋਕਾਰ ਹੋਰ ਸਨ। ਬਦਲਦੇ ਸਮੇਂ ਨਾਲ ਬਹੁਤ ਕੁਝ ਬਦਲ ਗਿਆ। ਅਜੋਕੇ ਮਾਹੌਲ ਵਿਚੋਂ ਉਠ ਕੇ ਆਪਣੀ ਹਿੰਮਤ, ਮਿਹਨਤ ਅਤੇ ਸਿਰੜ ਨਾਲ ਵੱਖਰੀ ਅਤੇ ਵਿਲੱਖਣ ਹੈਸੀਅਤ ਸਿਰਜਣ ਵਾਲੇ ਲੋਕ ਹੀ ਇਥੇ ਜੰਮੇ ਜਾਂ ਪਰਵਾਸ ਕਰ ਕੇ ਆਏ ਨੌਜਵਾਨਾਂ ਲਈ ਰੋਲ-ਮਾਡਲ ਬਣ ਸਕਦੇ ਨੇ। ਇਹ ਰੋਲ ਮਾਡਲ ਰਾਜਨੀਤੀ ਵਿਚੋਂ ਹੀ ਨਹੀਂ, ਸਗੋਂ ਵੱਖ ਵੱਖ ਖੇਤਰਾਂ-ਖੇਡਾਂ, ਵਿਗਿਆਨ, ਐਡਮਨਿਸਟਰੇਸ਼ਨ, ਬਿਜਨਸ, ਕਾਰਪੋਰੇਟ ਅਦਾਰੇ, ਮੀਡੀਆ, ਖੋਜ, ਅਧਿਆਪਨ ਆਦਿ ਵਿਚੋਂ ਤਲਾਸ਼ਣ ਦੀ ਲੋੜ ਹੈ। ਅਜਿਹੇ ਲੋਕਾਂ ਵਲੋਂ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਸਮਾਜ ਵਿਚ ਵਿਚਰਨ ਦੀ ਲੋੜ ਹੈ। ਦੁੱਖ ਇਹ ਹੈ ਕਿ ਅਜਿਹੇ ਬਹੁਤੇ ਲੋਕ ਪੰਜਾਬੀ ਸਮਾਜ ਤੋਂ ਟੁੱਟੇ ਹੋਏ ਹਨ। ਅਜਿਹੇ ਲੋਕ ਜਦ ਆਪਣੀ ਕਹਾਣੀ ਅਤੇ ਜਦੋਜਹਿਦ ਨੂੰ ਨਵੀਂ ਸੋਚ ਵਿਚ ਧਰ ਕੇ ਸੇਧ ਪ੍ਰਦਾਨ ਕਰਨਗੇ ਤਾਂ ਬੱਚੇ ਨਵੀਆਂ ਪ੍ਰਾਪਤੀਆਂ ਦਾ ਸਿਰਲੇਖ ਬਣ ਸਕਦੇ ਹਨ।
ਸੁਪਨਿਆਂ ਦੀ ਘਾਟ: ਬੱਚਿਆਂ ਦੀ ਪ੍ਰਗਤੀ ਲਈ ਜਰੂਰੀ ਹੈ ਕਿ ਬੱਚਿਆਂ ਨੂੰ ਸੁਪਨੇ ਲੈਣ ਦਿਓ। ਸੁਪਨੇ ਸਮੇਂ ਦੇ ਹਾਣੀ ਹੋਣੇ ਚਾਹੀਦੇ, ਜੋ ਸਮਾਜ ਦਾ ਮੁਹਾਂਦਰਾ ਨਿਖਾਰ ਸਕਣ। ਇਸ ਲਈ ਸੁਪਨਿਆਂ ਦੀ ਗੁਣਵਤਾ ਬਹੁਤ ਜਰੂਰੀ ਹੈ। ਜਦ ਬੱਚਿਆਂ ਦੇ ਸੁਪਨੇ ਥੋੜ੍ਹ-ਚਿਰੀ ਖੁਸ਼ੀ, ਐਸ਼ ਜਾਂ ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ ਵਿਚ ਗਲਤਾਨ ਹੁੰਦੇ ਤਾਂ ਇਹ ਰਾਹ ਅਧੋਗਤੀ ਨੂੰ ਜਾਂਦਾ। ਬੱਚੇ ਗੈਂਗ ਵਾਰ ਜਾਂ ਨਸ਼ਿਆਂ ਪ੍ਰਤੀ ਉਲਾਰ ਹੋ ਜਾਂਦੇ। ਬੱਚਿਆਂ ਨੂੰ ਦੱਸੋ ਕਿ ਸਫਲਤਾ ਲਈ ਸੁਪਨਾ, ਸੇਧ, ਸਿਰੜ, ਸਾਧਨਾ ਅਤੇ ਸਮਰਪਣ ਜਰੂਰੀ ਹੈ। ਕੋਈ ਰਸਤਾ ਛੋਟਾ ਨਹੀਂ। ਲੰਮੀ ਘਾਲਣਾ ਦੌਰਾਨ ਸਹਿਜ ਰਹਿ ਕੇ ਹੀ ਸਥਾਈ ਸਫਲਤਾ ਮਨੁੱਖ ਦਾ ਹਾਸਲ ਹੁੰਦੀ, ਜੋ ਸਮਾਜ ਲਈ ਵੀ ਮਾਣ ਹੁੰਦੀ। ਕਿਸੇ ਵੀ ਸਫਲ ਵਿਅਕਤੀ ਨੂੰ ਨਾ ਦੇਖੋ ਸਗੋਂ ਉਸ ਦੀ ਸਫਲਤਾ ਪਿਛੇ ਉਸ ਦੀ ਮਿਹਨਤ ਨੂੰ ਸਲਾਮ ਕਰੋਗੇ ਤਾਂ ਬੱਚਿਆਂ ਦੇ ਮਨ ਵਿਚ ਅਜਿਹੀ ਪਗਡੰਡੀ ਨੂੰ ਮਾਰਗ ਬਣਾਉਣ ਦੀ ਤਮੰਨਾ ਮਨ ਵਿਚ ਪੈਦਾ ਹੋਵੇਗੀ। ਡਾ. ਅਬਦੁਲ ਕਲਾਮ ਦਾ ਕਹਿਣਾ ਸੀ, ਬੱਚਿਆਂ ਨੂੰ ਸੁਪਨੇ ਜਰੂਰ ਦਿਓ, ਪੂਰੇ ਉਹ ਆਪੇ ਕਰ ਲੈਣਗੇ।
ਭਟਕਣ ਅਤੇ ਉਦਾਸੀਨਤਾ: ਬੱਚਿਆਂ ਵਿਚ ਸਹਿਜ, ਧੀਰਜ ਅਤੇ ਠਰੰਮੇ ਦੀ ਬਹੁਤ ਘਾਟ ਹੈ। ਤੇਜ-ਤਰਾਰੀ ਉਨ੍ਹਾਂ ਦੇ ਜੀਵਨ ਦਾ ਸੱਚ ਬਣ ਚੁਕਾ ਏ। ਉਹ ਇਸ ਦੌੜ ਵਿਚ ਫਾਡੀ ਰਹਿਣ ਤੋਂ ਤ੍ਰਹਿੰਦੇ ਮਾਨਸਿਕ ਭਟਕਣਾ ਦਾ ਸ਼ਿਕਾਰ ਹੋ ਰਹੇ ਹਨ। ਉਹ ਦਰਪੇਸ਼ ਚੁਣੌਤੀਆਂ ਨੂੰ ਸਮਝਣ ਅਤੇ ਇਨ੍ਹਾਂ ਨਾਲ ਸਿੱਝਣ ਲਈ ਚੁਣੌਤੀਆਂ ਦੇ ਨੈਣਾਂ ਵਿਚ ਝਾਕਣ ਤੇ ਇਸ ਨੂੰ ਹਰਾਉਣ ਲਈ ਹਿੰਮਤ ਜੁਟਾਉਣ ਲਈ ਬੇਹਿੰਮਤੇ ਨੇ। ਬੱਚਿਆਂ ਨੂੰ ਸਮਾਜ ਵਿਚ ਵਿਚਰਦਿਆਂ ਜਾਂ ਕੰਮ ਕਾਜ ਦੌਰਾਨ ਪੈਰ ਪੈਰ ‘ਤੇ ਪੈਦਾ ਹੋਣ ਵਾਲੀਆਂ ਰੁਕਾਵਟਾਂ ਨੂੰ ਦੇਖਣ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਜੀਵਨੀ ਝੰਜਟਾਂ ਨੂੰ ਸਮਝਣ ਦੀ ਸੋਚ ਮਨ ਵਿਚ ਪੈਦਾ ਕਰਨ ਲਈ ਉਤਸ਼ਾਹਿਤ ਕਰੋ। ਬੱਚੇ ਜੀਵਨ ਸੰਗਰਾਮ ਵਿਚ ਨਿਰਾਸ਼ ਅਤੇ ਹਤਾਸ਼ ਨਹੀਂ ਹੋਣਗੇ, ਸਗੋਂ ਇਸ ਨੂੰ ਜੀਵਨ ਦਾ ਹਿੱਸਾ ਸਮਝ ਕੇ ਇਸ ਵਿਚੋਂ ਆਪਣੀ ਸ਼ਖਸੀਅਤ ਨੂੰ ਸਿਰਜ, ਨਵੇਂ ਦਿਸਹੱਦਿਆਂ ਦਾ ਸਿਰਲੇਖ ਬਣਨਗੇ। ਬੱਚੇ ਨੂੰ ਧਨ/ਸਹੂਲਤਾਂ ਦੀ ਬਹੁਤਾਤ ਨਹੀਂ ਚਾਹੀਦੀ, ਸਗੋਂ ਸਮਾਂ ਦਿਓ। ਕਈ ਵਾਰ ਘੱਟ ਸਹੂਲਤਾਂ ਅਤੇ ਤੰਗੀ-ਤੁਰਸ਼ੀ ਨਾਲ ਯੁੱਧ ਕਰਨ ਵਾਲੇ ਬੱਚੇ ਨਵੀਆਂ ਪ੍ਰਾਪਤੀਆਂ ਦਾ ਸਿਖਰ ਸਿਰਜ ਜਾਂਦੇ। ਸਿਰਫ ਮਨ ਵਿਚ ਲੋਅ ਪੈਦਾ ਕਰਨ ਦੀ ਲੋੜ ਹੈ। ਮਨ ਤੋਂ ਕਰਮ ਨੂੰ ਜਾਂਦਾ ਰਸਤਾ ਬੱਚੇ ਨੇ ਆਪਣੇ ਆਪ ਹੀ ਤਲਾਸ਼ ਲੈਣਾ ਹੈ। ਅਜਿਹੇ ਬੱਚਿਆਂ ਨੂੰ ਥੋੜ੍ਹ-ਚਿਰੇ ਪ੍ਰਚਲਿਤ ਨਸ਼ੇ ਦੀ ਲੋੜ ਹੀ ਨਹੀਂ ਰਹਿੰਦੀ। ਉਨ੍ਹਾਂ ਨੂੰ ਲਗਨ ਅਤੇ ਕੰਮ ਦਾ ਹੀ ਅਜਿਹਾ ਨਸ਼ਾ ਹੁੰਦਾ ਕਿ ਉਹ ਜੀਵਨ ਦਾ ਸੁਗੰਧਤ ਰੰਗ ਬਣ ਜਾਂਦੇ।
ਪਿੱਤਰੀ ਹਉਮੈ ਦਾ ਤਿਆਗ: ਮਾਪੇ ਕਈ ਵਾਰ ਹਉਮੈ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਲੱਗਦਾ ਕਿ ਉਹ ਹੀ ਸਹੀ ਹਨ। ਬੱਚਿਆਂ ਦੀ ਸੁਣੋ, ਉਹ ਵੀ ਸਹੀ ਹੋ ਸਕਦੇ, ਕਿਉਂਕਿ ਉਹ ਨਵੇਂ ਸਮੇਂ ਦੀ ਪੈਦਾਇਸ਼ ਹਨ ਅਤੇ ਉਨ੍ਹਾਂ ਨੂੰ ਨਵੀਆਂ ਉਲਝਣਾਂ, ਸਰੋਕਾਰਾਂ ਅਤੇ ਸੰਭਾਵਨਾਵਾਂ ਦਾ ਵੱਧ ਗਿਆਨ ਹੈ। ਆਪਣੀ ਹਉਮੈ ਨੂੰ ਹਾਵੀ ਨਾ ਹੋਣ ਦਿਓ। ਸਗੋਂ ਕਿਸੇ ਵੀ ਮਸਲੇ ਅਤੇ ਇਸ ਦੀਆਂ ਬਹੁ-ਪਰਤਾਂ ਨੂੰ ਪਰਿਵਾਰ ਵਿਚ ਵਿਚਾਰੋ ਤੇ ਫਿਰ ਕਿਸੇ ਸਿੱਟੇ ‘ਤੇ ਪਹੁੰਚੋ। ਤਾਨਾਸ਼ਾਹੀ ਵਤੀਰੇ ਕਾਰਨ ਕਈ ਵਾਰ ਬੱਚੇ ਬਗਾਵਤ ਕਰ ਜਾਂਦੇ ਨੇ। ਬੱਚਿਆਂ ਦੀ ਊਰਜਾ ਨੂੰ ਉਸਾਰੂ ਗਤੀਵਿਧੀਆਂ ਜਿਵੇਂ ਖੇਡਾਂ, ਚਿੱਤਰਕਾਰੀ ਆਦਿ ਜਾਂ ਹੋਰ ਕਲਾ-ਬਿਰਤੀ ਵਾਲੇ ਪਾਸੇ ਲਾਓ, ਨਾ ਕਿ ਉਨ੍ਹਾਂ ਨੂੰ ਨਾਕਾਰਾਤਮਕ ਰਾਹਾਂ ਦੀ ਧੂੜ ਬਣਨ ਲਈ ਉਕਸਾਓ। ਬੱਚੇ ਬਹੁਤ ਕੋਮਲ ਹੁੰਦੇ, ਇਨ੍ਹਾਂ ਨੂੰ ਕਿਸੇ ਵੀ ਰੰਗ ਅਤੇ ਰੂਪ ਵਿਚ ਢਾਲਿਆ ਜਾ ਸਕਦਾ। ਲੋੜ ਹੈ, ਇਨ੍ਹਾਂ ਵਰਗਾ ਬਣ ਕੇ ਇਨ੍ਹਾਂ ਦੀ ਸੋਚ ਨੂੰ ਹਲੂਣੋ। ਬੱਚਿਆਂ ਨਾਲ ਕਦਰਾਂ-ਕੀਮਤਾਂ, ਸਮਾਜਕ ਸੰਦਰਭਾਂ, ਵਿਅਕਤੀਤਵ ਵਿਕਾਸ ਅਤੇ ਸੋਚ ਨੂੰ ਝੰਜੋੜਨ ਵਾਲੀਆਂ ਗੱਲਾਂ ਕਰੋ, ਉਹ ਸੁਣਦੇ ਨੇ।
ਫਿਜ਼ਿਕਸ ਪੜ੍ਹਾਉਂਦਿਆਂ ਜਦ ਮੈਂ ਉਨ੍ਹਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੀ ਪੂਰਤੀ ਜਾਂ ਸਰਬ-ਵਿਆਪੀ ਸਰੋਕਾਰਾਂ ਬਾਰੇ ਗੱਲ ਕਰਦਾ ਹਾਂ ਤਾਂ ਸੁਚੇਤ ਰੂਪ ਵਿਚ ਵਿਦਿਆਰਥੀ ਸੁਣਦੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੜ੍ਹਾਈ ਦੇ ਨਾਲ ਨਾਲ ਜੀਵਨ-ਜਾਚ ਵੀ ਸਿੱਖੀ ਹੈ, ਜੋ ਅੱਜੇ ਤੱਕ ਅਧਿਆਪਕ ਜਾਂ ਮਾਪੇ ਨਹੀਂ ਸਿਖਾ ਸਕੇ।
ਤੜਕ-ਭੜਕ ਵਾਲੀ ਜੀਵਨ-ਲਾਲਸਾ: ਬੱਚਿਆਂ ਦਾ ਸੋਹਲ ਮਨ ਮੀਡੀਆ ਦੇ ਪ੍ਰਭਾਵ ਕਾਰਨ ਤੜਕ-ਭੜਕ ਵਾਲੇ ਜੀਵਨ ਪ੍ਰਤੀ ਬਹੁਤ ਜਲਦੀ ਉਤੇਜਿਤ ਹੋ ਜਾਂਦਾ ਹੈ। ਤੜਕ-ਭੜਕ ਪਿਛੇ ਛੁਪੀ ਹਕੀਕਤ, ਸੱਚਾਈ ਅਤੇ ਕੋਹਝ ਬਾਰੇ ਵੀ ਬੱਚਿਆਂ ਨੂੰ ਦੱਸੋ ਤਾਂ ਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਜੋ ਨਜ਼ਰ ਆ ਰਿਹਾ ਹੈ, ਇਹ ਪੂਰਾ ਸੱਚ ਨਹੀਂ। ਇਸ ਦੀ ਪੀੜਾ, ਜਦੋਜਹਿਦ ਅਤੇ ਤਿਲਕਣ ਦੀ ਚੀਸ ਨੂੰ ਮਨ ਵਿਚ ਵਸਾ ਕੇ ਜਿਉਣ ਵਾਲੇ ਇਹ ਲੋਕ, ਸੱਚ ਜਿਉਂਦੇ ਲੋਕਾਂ ਤੋਂ ਵੱਖਰੇ ਹਨ। ਸਿਰਫ ਧਨ, ਸ਼ੁਹਰਤ ਜਾਂ ਰੁਤਬਾ ਹੀ ਸਭ ਕੁਝ ਨਹੀਂ ਹੁੰਦਾ, ਸਭ ਤੋਂ ਅਮੁੱਲ ਇੱਜਤ, ਇਤਬਾਰ, ਇਖਲਾਕ ਅਤੇ ਇਨਸਾਨੀਅਤ ਹੁੰਦੀ ਹੈ, ਜੋ ਜੀਵਨ ਦੀ ਸਭ ਤੋਂ ਸੱਚੀ-ਸੱਚੀ ਇਬਾਦਤ ਤੇ ਇਬਾਰਤ ਹੈ। ਇਸ ਇਬਾਰਤ ਨੂੰ ਮਨ ਵਿਚ ਵਸਾ ਕੇ ਹੀ ਬੱਚਾ ਇਨਸਾਨ ਬਣਨ ਦੇ ਰਾਹ ਦਾ ਮਾਰਗੀ ਬਣ ਸਕਦਾ। ਬੱਚੇ ਨੂੰ ਰੋਬੋਟ ਨਾ ਬਣਾਓ, ਸਗੋਂ ਭਾਵਨਾਵਾਂ ਅਤੇ ਸੂਖਮ ਸੋਚ ਦਾ ਚਿਰਾਗ ਬਣਾਓ। ਇਸ ਦੀ ਰੋਸ਼ਨੀ ਵਿਚ ਘਰ ਤੇ ਸਮਾਜ ਦਾ ਨਾਂ ਜਗਮਗ ਕਰੇਗਾ।
ਸੋਸ਼ਲ ਮੀਡੀਆ ਦੇ ਪ੍ਰਭਾਵ: ਅਜੋਕੇ ਯੁੱਗ ਵਿਚ ਸੋਸ਼ਲ ਮੀਡੀਆ ਦਾ ਕਾਫੀ ਬੋਲਬਾਲਾ ਹੈ। ਨੌਜਵਾਨ ਪੀੜ੍ਹੀ ਇਸ ਦੀ ਗੁਲਾਮ ਬਣ ਚੁਕੀ ਹੈ। ਇਸ ਨੂੰ ਸੁਚਾਰੂ ਰੂਪ ਵਿਚ ਵਰਤਣ ਦੀ ਥਾਂ ਨੌਜਵਾਨ ਚੈਟਿੰਗ ਕਰਨ, ਸੰਪਰਕ ਬਣਾਉਣ ਅਤੇ ਬੇਅਰਥ ਸਮਾਂ ਗਵਾਉਣ ਆਦਿ ਤੀਕ ਸੀਮਤ ਹੋ ਚੁਕੇ ਹਨ। ਇਸ ਕਾਰਨ ਊਲ ਜਲੂਲ ਜਿਹੀ ਨਵੀਂ ਭਾਸ਼ਾ ਸੋਸ਼ਲ ਮੀਡੀਏ ਵਿਚ ਵਰਤੀ ਜਾ ਰਹੀ ਹੈ। ਇਕ ਟੇਬਲ ‘ਤੇ ਬੈਠਿਆਂ ਵੀ ਬੱਚੇ ਇਕ ਦੂਜੇ ਨਾਲ ਗੱਲ ਕਰਨ ਦੀ ਥਾਂ ਮੈਸੇਜ ਰਾਹੀਂ ਗੱਲਾਂ ਕਰਦੇ ਨੇ। ਅਜਿਹਾ ਹਾਲ ਰਿਹਾ ਤਾਂ ਬੱਚਿਆਂ ਨੂੰ ਬੋਲਣਾ ਭੁੱਲ ਜਾਵੇਗਾ। ਉਹ ਸਮਾਜ ਵਿਚ ਵਿਚਰਨ ਅਤੇ ਗੱਲਬਾਤ ਰਾਹੀਂ ਆਪਣੀ ਗੱਲ ਕਹਿਣ ਤੋਂ ਮੁਥਾਜ ਹੋ ਜਾਣਗੇ। ਲੋੜ ਹੈ, ਮਾਪੇ ਪਹਿਲ ਕਰਨ ਅਤੇ ਖੁਦ ਪਹਿਲਾਂ ਸੋਸ਼ਲ ਮੀਡੀਏ ਦੀ ਬੇਲੋੜੀ ਵਰਤੋਂ ਨੂੰ ਸੀਮਤ ਕਰਨ। ਬੱਚੇ ਆਪਣੇ ਆਪ ਹੀ ਉਨ੍ਹਾਂ ਦੀ ਗੱਲ ਮੰਨਣਗੇ। ਹੁਣ ਤਾਂ ਰੋਂਦੇ ਬੱਚੇ ਨੂੰ ਵਰਾਉਣ ਲਈ ਵੀ ਫੋਨ ਦਾ ਹੀ ਸਹਾਰਾ ਲਿਆ ਜਾਂਦਾ। ਭਾਵੇਂ ਇਹ ਘਰ, ਗੁਰਦੁਆਰਾ ਜਾਂ ਕੋਈ ਫੰਕਸ਼ਨ ਹੋਵੇ। ਇਸ ਤੋਂ ਨਿਜ਼ਾਤ ਪਾਉਣਾ ਬਹੁਤ ਜ਼ਰੂਰੀ। ਬੱਚਿਆਂ ਨੂੰ ਲਿਖਣਾ ਭੁੱਲ ਚੁੱਕਾ ਏ ਅਤੇ ਜੇ ਬੋਲਣਾ ਵੀ ਭੁੱਲ ਗਿਆ ਤਾਂ ਗੁੰਗੇ ਬੱਚਿਆਂ ਦੀ ਔਲਾਦ ਗੁੰਗੀ ਹੋਵੇਗੀ। ਬਹੁਤ ਗੰਭੀਰ ਹੈ ਇਹ ਸਮੱਸਿਆ। ਇਸ ਲਈ ਮਾਪਿਆਂ ਨੂੰ ਚੇਤੰਨ ਹੋਣ ਅਤੇ ਇਸ ‘ਤੇ ਕਾਬੂ ਪਾਉਣ ਦੀ ਲੋੜ। ਬੱਚੇ ਜਰੂਰ ਮੰਨਦੇ ਹਨ, ਜੇ ਤੁਸੀਂ ਆਪ ਰੋਲ ਮਾਡਲ ਬਣੋ।
ਧਰਮ ਤੇ ਬੋਲੀ ਨਾਲ ਜੁੜਨਾ: ਵਿਦੇਸ਼ਾਂ ਵਿਚ ਆ ਕੇ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਹਰ ਪਰਵਾਸੀ ਨੂੰ ਜੂਝਣਾ ਪੈਂਦਾ, ਪਰ ਕੁਝ ਕੁ ਅਸੀਂ ਖੁਦ ਪੈਦਾ ਕਰਦੇ ਹਾਂ। ਬੱਚਿਆਂ ਨਾਲ ਘਰ ਵਿਚ ਪੰਜਾਬੀ ਵਿਚ ਗੱਲ ਕਰੋ, ਗੁਰਦੁਆਰੇ ਲੈ ਕੇ ਜਾਓ। ਉਨ੍ਹਾਂ ਨੂੰ ਗੁਰਬਾਣੀ ਸਮਝ ਆਵੇਗੀ, ਕਿਉਂਕਿ ਪੰਜਾਬੀ ਸਮਝੇ ਬਿਨਾ ਗੁਰਬਾਣੀ ਸਮਝ ਹੀ ਨਹੀਂ ਸਕਦੇ। ਅੰਗਰੇਜ਼ੀ ਬੋਲਣ ‘ਤੇ ਜੋਰ ਨਾ ਦਿਓ। ਬੱਚਿਆਂ ਨੇ ਸਕੂਲਾਂ ਵਿਚ ਅਤੇ ਆਪਣੇ ਸਾਥੀਆਂ ਤੋਂ ਅੰਗਰੇਜ਼ੀ ਤਾਂ ਸਿੱਖ ਲੈਣੀ ਹੈ। ਜੇ ਉਹ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਸਮਝਣ ਅਤੇ ਬੋਲਣਾ ਸਿੱਖ ਜਾਣਗੇ ਤਾਂ ਉਹ ਆਪਣੇ ਧਰਮ ਨੂੰ ਸਮਝਣ ਤੇ ਭਾਈਚਾਰਕ ਸਾਂਝ ਵਧਾਉਣ ਵਿਚ ਕਾਮਯਾਬ ਹੋਣਗੇ। ਵੱਧ ਬੋਲੀਆਂ ਸਿੱਖਣਾ ਯੋਗਤਾ ਹੀ ਹੁੰਦੀ ਹੈ। ਮਨੁੱਖੀ ਦਿਮਾਗ ਦੀ ਅਸੀਮਤ ਸਮਰੱਥਾ ਹੁੰਦੀ ਬਹੁਤ ਕੁਝ ਸਿੱਖਣ ਦੀ। ਜੇ ਪੰਜਾਬੀ ਬੋਲੀ ਜਿਉਂਦੀ ਰਹੀ ਤਾਂ ਧਰਮ ਬਚੇਗਾ। ਧਰਮ ਮਨ ਵਿਚ ਜਿਉਂਦਾ ਰਿਹਾ ਤਾਂ ਬੱਚਿਆਂ ਵਿਚ ਧਾਰਮਿਕਤਾ ਜਿਉਂਦੀ ਰਹੇਗੀ, ਜੋ ਉਨ੍ਹਾਂ ਦੀਆਂ ਆਦਤਾਂ ਵਿਚ ਬੰਦਿਆਈ, ਭਲਿਆਈ ਅਤੇ ਚੰਗਿਆਈ ਦੀਆਂ ਕਲਮਾਂ ਲਾਵੇਗੀ। ਉਹ ਕਿਸੇ ਦੇ ਹੰਝੂਆਂ ਦੀ ਤਫਸੀਲ ਪੜ੍ਹ ਸਕਣਗੇ। ਕਿਸੇ ਦੀ ਪੀੜਾ ਨੂੰ ਅੰਤਰੀਵ ਵਿਚ ਉਤਾਰ, ਪੀੜ ਹਰਨ ਲਈ ਓਹੜ-ਪੋਹੜ ਜਰੂਰ ਕਰਨਗੇ।
ਵਿਰਾਸਤ ਨੂੰ ਵਿਸਾਰਨਾ: ਉਤਰੀ ਅਮਰੀਕਾ ਵਿਚ ਬਹੁਤੇ ਬੱਚੇ ਵਿਰਾਸਤ ਤੋਂ ਬੇਮੁੱਖ ਹੋ ਕੇ ਇਸ ਤੋਂ ਦੂਰ ਹੋ ਰਹੇ ਹਨ। ਇਸ ਲਈ ਸਮੁੱਚਾ ਪੰਜਾਬੀ ਸਮਾਜ ਅਤੇ ਇਸ ਦੇ ਮੋਹਤਬਰ ਜਿੰਮੇਵਾਰ ਹਨ, ਜੋ ਵੱਖ-ਵੱਖ ਖੇਤਰਾਂ ਵਿਚ ਮੋਹਰੀ ਹਨ, ਜਿਨ੍ਹਾਂ ਦੇ ਮੁਖੌਟੇ ਬਹੁਤੀ ਵਾਰ ਜਲਦੀ ਹੀ ਜੱਗ ਜਾਹਰ ਹੋ ਜਾਂਦੇ ਹਨ। ਇਹ ਮੁਖੌਟਾਧਾਰੀ ਹਰ ਖੇਤਰ ਵਿਚ ਹਨ। ਜਦ ਕਥਨੀ ਅਤੇ ਕਰਨੀ ਵਿਚ ਪਾੜਾ ਵਧੇਗਾ ਤਾਂ ਨੌਜਵਾਨ ਪੀੜ੍ਹੀ ਨੂੰ ਬਹੁਤ ਅੱਖਰੇਗਾ। ਇਸ ਅੱਖਰਤਾ ਵਿਚੋਂ ਹੀ ਨੌਜਵਾਨ ਸੋਚ ਨੂੰ ਆਪਣੇ ਵਡੇਰਿਆਂ ਨਾਲ ਨਫਰਤ ਪੈਦਾ ਹੁੰਦੀ। ਜੋ ਕੁਝ ਵੀ ਧਾਰਮਿਕ, ਸਮਾਜਕ, ਸਾਹਿਤਕ ਤੇ ਸਭਿਆਚਾਰਕ ਅਦਾਰਿਆਂ, ਖੇਡ ਮੇਲਿਆਂ, ਸਭਿਆਚਾਰ ਨੂੰ ਬਚਾਉਣ ਦੀ ਆੜ ਹੇਠ ਮੇਲੇ ਰੂਪੀ ਖਿਲਵਾੜ, ਗਾਇਕੀ ਦੇ ਨਾਂ ਹੇਠ ਪਲੀਤ ਹੋ ਰਹੀ ਪੰਜਾਬੀਅਤ, ਨਸ਼ਿਆਂ ਤੇ ਗੈਂਗ ਵਾਰ ਦੀ ਅਲਾਮਤ ਅਤੇ ਰਾਜਸੀ ਲਾਲਸਾਵਾਂ ਨੂੰ ਵਿਦੇਸ਼ਾਂ ਵਿਚ ਲਿਆਉਣ ਕਾਰਨ ਹੋ ਰਿਹਾ ਹੈ, ਬਹੁਤ ਬੁਰਾ ਲੱਗਦਾ ਹੈ ਇਥੇ ਜਨਮੇ ਬੱਚਿਆਂ ਨੂੰ।
ਪੰਜਾਬੀ ਵਿਰਾਸਤ ਨੂੰ ਗਿੱਧੇ-ਭੰਗੜੇ, ਸਾਗ ਤੇ ਮੱਕੀ ਦੀ ਰੋਟੀ ਆਦਿ ਤੀਕ ਹੀ ਸੀਮਤ ਨਾ ਕਰੋ। ਸਿਰਫ ਇਹੀ ਵਿਰਸਾ ਨਹੀਂ। ਵਿਰਸਾ ਤਾਂ ਬਹੁਤ ਵਸੀਹ ਅਤੇ ਵਿਲੱਖਣ ਏ, ਇਸ ਵਿਚ ਕਦਰਾਂ-ਕੀਮਤਾਂ, ਰਹੁ-ਰੀਤਾਂ, ਅਦਬ, ਸਤਿਕਾਰ, ਨਿਰਮਲ ਭੈਅ, ਪਰਿਵਾਰਕ ਸਾਂਝ ਵਿਚਲੀ ਪਾਕੀਜ਼ਗੀ ਤੇ ਪੀਡਾਪਨ, ਸੱਚ, ਸਮਰਪਣ, ਸਾਦਗੀ, ਸੁਹੰਢਣੀ ਜੀਵਨ-ਜਾਚ ਅਤੇ ਕਿਸੇ ਦੇ ਕੰਮ ਆਉਣ ਦਾ ਚਾਅ ਵੀ ਹੁੰਦਾ ਹੈ। ਲੋੜ ਹੈ, ਅਸੀਂ ਸਰਬੱਤ ਦੇ ਭਲੇ ਨੂੰ ਅੰਤਰੀਵ ਵਿਚ ਵਸਾ, ਕਿਰਤ ਕਰਨ ਅਤੇ ਵੰਡ ਛਕਣ ਦਾ ਸੁੱਚਾ ਸੁਨੇਹਾ ਨਵੀਂ ਪੀੜ੍ਹੀ ਨੂੰ ਦੇਈਏ। ਫਿਰ ਸਾਡੇ ਬੱਚੇ ਇਸ ਦੇਸ਼ ਨੂੰ ਭਾਗ ਲਾ, ਇਸ ਦੀ ਬੁਲੰਦੀ ਦੇ ਮੀਨਾਰ ਬਣਨਗੇ, ਜਿਨ੍ਹਾਂ ‘ਤੇ ਅਸੀਂ ਪੰਜਾਬੀ ਹੋਣ ਦੇ ਨਾਤੇ ਫਖਰ ਵੀ ਕਰ ਸਕਾਂਗੇ। ਪੰਜਾਬੀਅਤ ਦੀ ਬੁਲੰਦਗੀ ਵਿਦੇਸ਼ੀ ਧਰਤੀ ‘ਤੇ ਵੀ ਲਹਿਰਾ ਸਕਾਂਗੇ।
ਪਹਿਲ ਤਾਂ ਮਾਪਿਆਂ ਨੂੰ ਕਰਨੀ ਪੈਣੀ ਹੈ, ਬੱਚਿਆਂ ਨੇ ਆਪੇ ਹੀ ਮਗਰ ਆ ਜਾਣਾ ਹੈ।