ਸੂਓ-ਮੋਟੋ, ਸੂਆ-ਸਪੌਂਟੇ ਤੇ ਦੋਧੀਗਿਰੀ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਇਹ ਦੋ ਲਾਤੀਨੀ ਟਰਮਾਂ ਹਨ, ਜਿਨ੍ਹਾਂ ਦਾ ਅਰਥ ਇਕੋ ਹੈ। ਕਈ ਵਾਰ ਕੋਈ ਗੱਲ ਸਹਿਵਨ ਹੀ ਜੱਜ ਦੇ ਧਿਆਨ ਵਿਚ ਆ ਜਾਂਦੀ ਹੈ ਤੇ ਅਦਾਲਤ ਹਰਕਤ ਵਿਚ ਆ ਜਾਂਦੀ ਹੈ; ਇਸ ਨੂੰ ਕਹਿੰਦੇ ਹਨ, ਸੂਓ-ਮੋਟੋ ਜਾਂ ਸੂਆ-ਸਪੌਂਟੇ।

ਜਦ ਕਿਤੇ ਤੱਕੜੀ ਵਾਲੀ ਤਿੱਕੜੀ ਦੀ ਛਤਰ ਛਾਇਆ ਵਾਲੇ ਕਿਸੇ ਵੱਡੇ ਸਿਆਸੀ ਨੇਤਾ ਦੇ ਕਿਸੇ ਉਪੱਦਰ ਬਾਰੇ ਕੁਝ ਕਰਨ ਲਈ ਕਿਹਾ ਜਾਵੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਸਰ ਆਖ ਦਿੰਦੇ ਹਨ, ‘ਅਸੀਂ ਇਹ ਵੀਡੀਓ ਹਾਲੇ ਦੇਖੀ ਨਹੀਂ’ ਜਾਂ ਕਹਿੰਦੇ ਹਨ, ‘ਹਾਲੇ ਸਾਡੇ ਕੋਲ ਸ਼ਿਕਾਇਤ ਨਹੀਂ ਅੱਪੜੀ।’
ਹੁਣ ਪਿਛਲੇ ਦਿਨੀਂ ਕਿਸੇ ਦੋਧੀ ਨੇ ਅੰਮ੍ਰਿਤਸਰ ਵਿਚ ਕਿਸੇ ਬੋਰਡ ‘ਤੇ ‘ਸੁਨਹਿਰੀ ਮੰਦਰ’ ਲਿਖਿਆ ਦੇਖਿਆ। ਉਸ ਨੇ ਮੋਟਰ ਸਾਈਕਲ ਰੋਕਿਆ, ਬੋਰਡ ਦੀ ਫੋਟੋ ਖਿੱਚੀ ਤੇ ਫੇਸਬੁੱਕ ‘ਤੇ ਪਾ ਦਿੱਤੀ; ਨਾਲ ਹੀ ਕੁਮੈਂਟਰੀ (ਟਿੱਪਣੀਆਂ) ਦੀ ਝੜੀ ਲਾ ਦਿੱਤੀ ਕਿ ਇਸ ਵਿਚ ਸਰਕਾਰ ਦੀ ਕੋਈ ‘ਗਹਿਰੀ ਸਾਜਿਸ਼’ ਲੱਗਦੀ ਹੈ। ਫੇਸਬੁੱਕ, ਵੱਟਸਐਪ ਤੇ ਯੂਟਿਊਬ ‘ਤੇ ਸਦਾ ਹਾਜ਼ਰ ਨਾਜ਼ਰ ਰਹਿਣ ਵਾਲੇ ਸਾਡੇ ਜਥੇਦਾਰ ਸਾਹਿਬ ਝੱਟ-ਪੱਟ ਸੂਆ-ਸਪੌਂਟੇ ਹਰਕਤ ਵਿਚ ਆ ਗਏ ਤੇ ਫੁਰਮਾਨ ਜਾਰੀ ਕਰ ਦਿਤਾ ਕਿ ‘ਸੁਨਹਿਰੀ ਮੰਦਰ’ ਦੀ ਥਾਂ ‘ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ’ ਲਿਖਿਆ ਜਾਵੇ।
ਸਾਡੀ ਦੋਧੀ-ਮਾਰਕਾ ਸੋਚ ਹੋਰ ਅੱਗੇ ਵਧੀ ਤਾਂ ਕਈਆਂ ਨੂੰ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਆਰ. ਐਸ਼ ਐਸ਼ ਦੀ ‘ਗਹਿਰੀ ਸਾਜਿਸ਼’ ਨਜ਼ਰ ਆਈ। ਬੜੀ ਹੈਰਾਨੀ ਦੀ ਗੱਲ ਹੈ ਕਿ ਚਾਹੇ ਸਰਕਾਰੀ ਹੋਵੇ ਚਾਹੇ ਆਰ. ਐਸ਼ ਐਸ਼ ਦੀ ਹੋਵੇ, ਉਹ ‘ਸਾਜਿਸ਼’ ਕਿੰਨੀ ਕੁ ‘ਗਹਿਰੀ’ ਹੋ ਸਕਦੀ ਹੈ, ਜੋ ਰਾਜਦੂਤ ‘ਤੇ ਚੜ੍ਹੇ ਜਾਂਦੇ ਦੋਧੀ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦੀ ਹੈ।
ਵੈਸੇ ਇਹ ਗੱਲ ਆਸ਼ਾਜਨਕ ਵੀ ਕਹੀ ਜਾ ਸਕਦੀ ਹੈ ਕਿ ਜਿਸ ਸਮਾਜ ਦੇ ਦੋਧੀ ਇੰਨੇ ਨਿਧੜਕ ਤੇ ਸਜੱਗ ਹੋਣ, ਉਹ ਸਮਾਜ ਜ਼ਰੂਰ ਬੁਲੰਦੀਆਂ ਵੱਲ ਵਧ ਰਿਹਾ ਹੋਵੇਗਾ; ਪਰ ਇਹ ਗੱਲ ਸ਼ਰਤ ਲਾ ਕੇ ਕਹੀ ਜਾ ਸਕਦੀ ਹੈ ਕਿ ਪੰਜਾਬ ਦਾ ਸ਼ਾਇਦ ਹੀ ਕੋਈ ਦੋਧੀ ਹੋਵੇ, ਜੋ ਬਣਾਉਟੀ ਦੁੱਧ ਨਾ ਵੇਚਦਾ ਹੋਵੇ। ਪੰਜਾਬੀ ਘਰਾਂ ਵਿਚ ਬੇਸ਼ੱਕ ਵਡੇਰੀ ਉਮਰ ਦੇ ਲੋਕ ਚਾਹ ਦੇ ਸ਼ੌਕੀਨ ਹੁੰਦੇ ਹਨ, ਪਰ ਸਾਰੇ ਆਪਣੇ ਨਿੱਕੇ ਬੱਚਿਆਂ ਨੂੰ ਦੁੱਧ ਹੀ ਪਿਲਾਉਂਦੇ ਹਨ।
ਜਿਹੜੇ ਦੋਧੀ ਨਿੱਕੇ ਨਿੱਕੇ ਬਾਲਾਂ ਦੀ ਮਨਪਸੰਦ ਇੱਕੋ ਇੱਕ ਖੁਰਾਕ ਵਿਚ ਹਰ ਰੋਜ ਜ਼ਹਿਰ ਘੋਲ ਸਕਦੇ ਹਨ, ਉਹ ਆਪਣੇ ਸਮਾਜ ਦੇ ਕਿੰਨੇ ਕੁ ਸਕੇ ਸੋਧਰੇ ਜਾਂ ਖੈਰਖਵਾਹ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ।
ਇਸ ਲਿਖਤ ਦਾ ਮਨੋਰਥ ਦੁੱਧ ਜਾਂ ਦੋਧੀ ਨਹੀਂ ਹਨ, ਸਗੋਂ ਉਸ ਦੋਧੀਗਿਰੀ ਵੱਲ ਸੰਕੇਤ ਕਰਨਾ ਹੈ, ਜੋ ਪਾਕਿ ਪਵਿੱਤਰ ਅਤੇ ਅੰਮ੍ਰਿਤ ਰੂਪ ਦੁੱਧ ਜਿਹੇ ਸਾਂਝੀਵਾਲਤਾ ਵਾਲੇ ਪਾਵਨ ਮਾਹੌਲ ਵਿਚ ਵੀ ਜ਼ਹਿਰ ਘੋਲਣ ਤੋਂ ਗੁਰੇਜ਼ ਨਹੀਂ ਕਰਦੀ।
ਸਾਡੇ ਗੁਰਦੁਆਰਿਆਂ ‘ਚ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਇੱਕੋ ਇੱਕ ਗ੍ਰੰਥ ਅਜਿਹਾ ਹੈ, ਜਿਸ ਦਾ ਪ੍ਰਕਾਸ਼ ਕਰਕੇ ਕਥਾ ਕੀਤੀ ਜਾਂਦੀ ਹੈ। ਉਸ ਗ੍ਰੰਥ ਦਾ ਨਾਂ ਹੈ, ‘ਗੁਰਪ੍ਰਤਾਪਸੂਰਯੋਦਯ’, ਜਿਸ ਨੂੰ ‘ਸੂਰਜ ਪ੍ਰਕਾਸ਼’ ਵੀ ਕਹਿ ਲਈਦਾ ਹੈ।
ਗੁਰੂ ਸਾਹਿਬਾਨ ਦੇ ਸਥਾਨ ‘ਤੇ ਉਸਾਰੇ ਗਏ ਗੁਰਦੁਆਰਿਆਂ ਤੋਂ ਇਲਾਵਾ ਇੱਕੋ ਇੱਕ ਗੁਰਦੁਆਰਾ ਅਜਿਹਾ ਹੈ, ਜੋ ਕਿਸੇ ਵਿਦਵਾਨ ਦੇ ਜਨਮ ਸਥਾਨ ‘ਤੇ ਉਸਾਰਿਆ ਗਿਆ ਹੋਵੇ; ਉਹ ਹੈ ‘ਸੂਰਜ ਪ੍ਰਕਾਸ਼’ ਗ੍ਰੰਥ ਦੇ ਕਰਤਾ ਚੂੜਾਮਣੀ ‘ਕਿਲਾ ਕਵੀਰਾਜ ਭਾਈ ਸੰਤੋਖ ਸਿੰਘ’, ਜੋ ਤਰਨ ਤਾਰਨ ਸਾਹਿਬ ਦੇ ਨਜ਼ਦੀਕ ਨੂਰਦੀਨ ਦੀ ਸਰਾਏ ਕੋਲ ਸਥਿਤ ਹੈ; ਜਿੱਥੇ ਹਰ ਸਾਲ 18, 19 ਅਤੇ 20 ਸਤੰਬਰ ਨੂੰ ਵੱਡਾ ਜੋੜ-ਮੇਲਾ ਲੱਗਦਾ ਹੈ। ਭਾਈ ਸੰਤੋਖ ਸਿੰਘ ਗੁਰ ਇਤਿਹਾਸ ਲਿਖਦਿਆਂ ਪ੍ਰਾਪਤ ਤੱਥਾਂ ਦੀ ਵਿਆਖਿਆ ਲਈ ਕਈ ਕਈ ਦਿਨ ਲਗਾਤਾਰ ਚਿੰਤਨਸ਼ੀਲ ਮੁਦਰਾ ਵਿਚ ਲੀਨ ਹੋ ਜਾਂਦੇ ਸਨ।
ਸਨਾਤਨ ਮੱਤ ਵਿਚ ਅਕਾਲ ਪੁਰਖ ਦੇ ਤਿੰਨ ਪ੍ਰਕਾਰਜ ਅਨੁਮਾਨੇ ਗਏ ਹਨ-ਉਤਪਤੀ, ਸੰਭਾਲ ਅਤੇ ਸੰਘਾਰ। ਅਕਾਲ ਪੁਰਖ ਦੇ ਉਤਪਤੀ ਵਾਲੇ ਗੁਣ ਅਤੇ ਰੂਪ ਦਾ ਨਾਂ ਬ੍ਰਹਮਾ ਹੈ, ਪਾਲਣ ਪੋਸ਼ਣ ਤੇ ਸੰਭਾਲ ਵਾਲੇ ਰੂਪ ਦਾ ਨਾਂ ਵਿਸ਼ਨੂੰ ਹੈ ਤੇ ਸੰਘਾਰ ਵਾਲੇ ਰੂਪ ਦਾ ਨਾਂ ਸ਼ਿਵ।
ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਰਾਜੇ ਇਕਸ਼ਵਾਕੂ ਨੇ ਯੱਗ ਪਿਛੋਂ ਕਾਮਨਾ ਕੀਤੀ ਕਿ ਧਰਤੀ ‘ਤੇ ਅਜਿਹਾ ਤੀਰਥ ਅਸਥਾਨ ਪ੍ਰਗਟ ਤੇ ਸਥਾਪਤ ਕੀਤਾ ਜਾਵੇ, ਜੋ ਸਦੈਵ ਕਾਲ ਕਾਇਮ ਰਹੇ, ਜੋ ਸਰਬ ਸਾਂਝਾ ਹੋਵੇ ਅਤੇ ਜਿੱਥੇ ਅਕਾਲ ਪੁਰਖ ਹਮੇਸ਼ਾ ਹਾਜ਼ਰ ਨਾਜ਼ਰ ਰਹੇ। ਇਸ ਤੋਂ ਖੁਸ਼ ਹੋ ਕੇ ਵਿਸ਼ਨੂ ਜੀ ਨੇ ਵਰ ਦਿੱਤਾ ਸੀ ਕਿ ਕਲਜੁਗ ਵਿਚ ਅਜਿਹਾ ਤੀਰਥ ਅਵੱਸ਼ ਪ੍ਰਗਟ ਹੋਵੇਗਾ।
ਸਾਖੀ ਪ੍ਰਚਲਿਤ ਹੈ ਕਿ ਪੰਚਮ ਪਾਤਸ਼ਾਹ ਦੇ ਸਮੇਂ ਅਕਾਲ ਪੁਰਖ ਦੇ ਵਿਸ਼ਨੂੰ ਰੂਪ ਨੇ ਕਾਰ ਸੇਵਾ ਵਿਚ ਵੀ ਖੁਦ ਹਿੱਸਾ ਲਿਆ ਸੀ, ਜਿਸ ਦਾ ਜ਼ਿਕਰ ਬਾਣੀ ਵਿਚ ਵੀ ਆਇਆ ਹੈ: ਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥ ਇੱਥੇ ਵੀ ਅਕਾਲ ਪੁਰਖ ਦੇ ‘ਹਰਿ’ ਅਰਥਾਤ ਵਿਸ਼ਨੂੰ ਰੂਪ ਨੂੰ ਯਾਦ ਕੀਤਾ ਗਿਆ।
ਵਿਸ਼ਨੂੰ ਨੂੰ ਹਰਿ ਵੀ ਕਿਹਾ ਜਾਂਦਾ ਹੈ ਤੇ ਹਰਿ ਦਾ ਅਰਥ ਸੁਨਹਿਰੀ ਹੈ। ਹਰਿਮੰਦਰ ਅਤੇ ਸੁਨਹਿਰੀ ਮੰਦਰ ਪਰਿਆਇਵਾਚੀ ਸ਼ਬਦ ਹਨ; ਇਨ੍ਹਾਂ ਬਾਬਤ ਰੌਲ ਘਚੋਲਾ ਪਾਉਣਾ ਉਜੱਡਪੁਣੇ ਜਾਂ ਮੂਰਖਪੁਣੇ ਤੋਂ ਵੱਧ ਕੁਝ ਨਹੀਂ ਹੈ। ਜੇ ਸੰਸਕ੍ਰਿਤ ਕੋਸ਼ ਅਨੁਸਾਰ ‘ਹਰਿ’ ਦਾ ਅਰਥ ਸੁਨਹਿਰੀ ਹੈ ਤਾਂ ਹਰਿਮੰਦਰ ਨੂੰ ਸੁਨਹਿਰੀ ਮੰਦਰ ਕਿਹਾ ਜਾ ਸਕਦਾ ਹੈ। ਪਰ ਜਦੋਂ ਪੰਚਮ ਪਾਤਸ਼ਾਹ ਦੇ ਇਸ ਸਰਬ ਸਾਂਝੇ ਧਾਮ ਦਾ ਨਾਂ ਹਰਿਮੰਦਰ ਪ੍ਰਚਲਿਤ ਹੈ ਤਾਂ ਫਿਰ ਸੁਨਹਿਰੀ ਮੰਦਰ ਕਹਿਣ ਲਿਖਣ ਦੀ ਕੋਈ ਤੁਕ ਨਹੀਂ ਬਣਦੀ।
ਭਗਤ ਨਾਮ ਦੇਵ ਦੀ ਬਾਣੀ ਵਿਚ ਸੱਚ ਖੰਡ ਦਾ ਅਲੌਕਿਕ ਦ੍ਰਿਸ਼ ਵਰਣਨ ਹੋਇਆ ਹੈ,
ਜਹ ਝਿਲਿ ਮਿਲਿ ਕਾਰੁ ਦਸੰਤਾ॥
ਤਹ ਅਨਹਦ ਸਬਦ ਬਜੰਤਾ॥
ਰਤਨ ਕਮਲ ਕੋਠਰੀ॥
ਚਮਕਾਰ ਬੀਜੁਲ ਤਹੀ॥
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਵਿਚੋਂ ਤੱਕਿਆਂ ਸਾਹਮਣੇ ਜੋ ਦ੍ਰਿਸ਼ ਸਾਕਾਰ ਹੁੰਦਾ ਹੈ, ਜਾਣੋ ਉਹ ਭਗਤ ਨਾਮ ਦੇਵ ਵਾਲਾ ਵਰਣਨ ਹੀ ਧਰਤੀ ‘ਤੇ ਉਤਾਰ ਦਿੱਤਾ ਗਿਆ ਹੋਵੇ। ਪਵਿੱਤਰ ਸਰੋਵਰ ਦੇ ਜਲ ਵਿਚ ਸੁਨਹਿਰੀ ਗੁੰਬਦ ਦੀ ਉਹੀ ਝਿਲਮਿਲ ਝਿਲਮਿਲ, ਅਨਹਦ ਸ਼ਬਦ ਕੀਰਤਨ ਤੇ ਉਹੀ ਅਖੰਡ ਜੋਤ ਦਾ ਬਿਜਲਈ ਪ੍ਰਕਾਸ਼। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਹੈ, “ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥”
ਸੱਚ ਖੰਡ ਦੇ ਹਜ਼ੂਰੀ ਕੀਰਤਨੀਏ ਅਕਸਰ ਗਾਉਂਦੇ ਹਨ, “ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥” ਸ਼ਾਇਦ ਇਸ ਕਰਕੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਛੋਟਾ ਅਤੇ ਪਿਆਰਾ ਨਾਂ ਸ੍ਰੀ ਦਰਬਾਰ ਸਾਹਿਬ ਵੀ ਪ੍ਰਚਲਿਤ ਹੋ ਗਿਆ ਹੋਵੇ। ਇਸ ਵਿਚ ਕੁਝ ਵੀ ਬੁਰਾ ਨਹੀਂ ਹੈ; ਪਰ ਸਾਨੂੰ ਵਿਸ਼ੇਸ਼ ਅਸਥਾਨਾਂ ਦੇ ਖਾਸ ਨਾਂਵਾਂ ਬਾਰੇ ਜਨਸੰਘੀ ਕਿਸਮ ਦੀ ਸ਼ਾਵਨਿਸਟਿਕ (ਤੰਗਨਜ਼ਰ) ਹਠ-ਧਰਮੀ ਨਹੀਂ ਅਪਨਾਉਣੀ ਚਾਹੀਦੀ। ਜਿਵੇਂ ਘਰ ਵਿਚ ਪਿਆਰੇ ਦੁਲਾਰੇ ਬੱਚਿਆਂ ਦੇ ਸਭ ਨੇ ਹੀ ਆਪੋ ਆਪਣੇ ਲਾਡਲੇ ਨਾਂ ਰੱਖੇ ਹੋਏ ਹੁੰਦੇ ਹਨ, ਇਵੇਂ ਸਾਡੇ ਗੁਰਧਾਮਾਂ ਦੇ ਵੀ ਅਨੇਕ ਨਾਂ ਹੋ ਸਕਦੇ ਹਨ, “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥”
ਉਂਜ ਅਸੀਂ ਆਖਦੇ ਹਾਂ ਕਿ ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਸਰਬ ਸਾਂਝੀਵਾਲਤਾ ਦਾ ਮਹਾਂ ਧਾਮ ਹੈ ਤੇ ਨਾਲ ਹੀ ਅਸੀਂ ਧਮਕੀਆਂ ‘ਤੇ ਉਤਰ ਆਉਂਦੇ ਹਾਂ ਕਿ ਇਹ ‘ਸਾਡਾ’ ਹੈ। ਗਮਲੇ ‘ਤੇ ਕੋਈ ਵੀ ਕਬਜ਼ਾ ਕਰ ਸਕਦਾ ਹੈ, ਪਰ ਫੁੱਲ ਦੀ ਮਹਿਕ ਨੂੰ ਫੈਲਣੋਂ ਕੋਈ ਨਹੀਂ ਰੋਕ ਸਕਦਾ। ਸਾਡੀ ਸੋਚ ਸੱਚਖੰਡ ਵਿਖੇ ਚੜ੍ਹਨ ਵਾਲੇ ਚੜ੍ਹਾਵੇ ਤੱਕ ਸੀਮਤ ਹੈ। ਅਸੀਂ ਚੜ੍ਹਾਵੇ ‘ਤੇ ਕਬਜ਼ਾ ਕਰ ਸਕਦੇ ਸਾਂ ਤੇ ਕਰ ਲਿਆ ਹੈ, ਪਰ ਅਸੀਂ ਸੱਚ ਖੰਡ ਦੀ ਆਸਥਾ ‘ਤੇ ਕਬਜ਼ਾ ਨਹੀਂ ਕਰ ਸਕਦੇ; ਇਹ ਸਰਬ ਸਾਂਝੀ ਹੈ।
ਆਓ, ਸੱਚ ਖੰਡ ‘ਤੇ ਕੀਤੀ ਜਾ ਰਹੀ ਹਰ ਪ੍ਰਕਾਰ ਦੀ ਸਿਆਸਤ ਦਾ ਤਿਆਗ ਕਰੀਏ ਤੇ ਦੋਧੀਗਿਰੀ ਤੋਂ ਬਾਜ ਆਈਏ।