ਆਇਰਲੈਂਡ ਦੀ ਪੰਜਾਬਣ

ਡਾ. ਸਾਹਿਬ ਸਿੰਘ
ਫੋਨ: +91-98880-11096
ਨੋਰਾ ਰਿਚਰਡਸ ਬਾਰੇ ਨਵਨਿੰਦਰਾ ਬਹਿਲ ਦੀ ਲਿਖੀ ਕਿਤਾਬ ‘ਨੋਰਾ’ ਸਾਧਾਰਨ ਕਿਤਾਬ ਨਹੀਂ, ਅਹਿਮ ਦਸਤਾਵੇਜ਼ ਹੈ, ਕਿਉਂਕਿ ਨੋਰਾ ਸਾਧਾਰਨ ਨਹੀਂ ਸੀ, ਉਸ ਦੇ ਕੰਮ ਸਾਧਾਰਨ ਨਹੀਂ ਸਨ, ਉਸ ਦੀ ਸ਼ਖਸੀਅਤ ਸਾਧਾਰਨ ਨਹੀਂ ਸੀ। ਆਇਰਲੈਂਡ ਵਿਚ ਜੰਮੀ-ਪਲੀ ਨੋਰਾ ਦਸ ਸਾਲ ਆਪਣੇ ਪਤੀ ਫਿਲਿਪ ਅਰਨੈਸਟ ਰਿਚਰਡਸ ਨਾਲ ਤੇ ਫਿਰ ਪੰਜਾਹ ਸਾਲ ਇਕੱਲੀ ਬੇਗ਼ਾਨੀ ਧਰਤੀ ‘ਤੇ ਕੀ ਕਰਦੀ ਰਹੀ?
ਇਕ ਬੇਗਾਨੀ ਔਰਤ ਪੰਜਾਬੀਆਂ ਲਈ ਆਪਣੀ ਦਾਦੀ-ਨਾਨੀ, ਨਕੜਦਾਦੀ ਕਿਵੇਂ ਬਣ ਗਈ?

‘ਬੇਗਾਨੀ ਔਰਤ’ ‘ਬੇਗਾਨੀ ਧਰਤੀ’ ਦੇ ਲੋਕਾਂ ਨੂੰ ਆਪਣੀ ਭਾਸ਼ਾ ਵਿਚ ‘ਆਪਣਾ ਨਾਟਕ’ ਲਿਖਣਾ ਕਿਵੇਂ ਸਿਖਾ ਗਈ? ਇਹ ਕਿਤਾਬ ਇਸ ਤਰ੍ਹਾਂ ਦੇ ਅਨੇਕਾਂ ਸਵਾਲਾਂ ਦੇ ਜਵਾਬ ਦਿੰਦੀ ਹੈ। ਇਕ ਆਇਰਿਸ਼ ਔਰਤ ਸਾਡੇ ਲਈ ਪੂਰੀ ਜ਼ਿੰਦਗੀ ਲਾ ਗਈ, ਸਾਨੂੰ ਜਿਊਣਾ ਸਿਖਾ ਗਈ ਤੇ ਆਪਣੇ ਮਕਸਦ ਦੀ ਪੂਰਤੀ ਲਈ ਜੋ ਪਾਗਲਪਣ ਦੀ ਹੱਦ ਤਕ ਪ੍ਰਤੀਬੱਧ ਰਹੀ, ਸਾਡੇ ਲੇਖਕਾਂ-ਕਲਾਕਾਰਾਂ ਲਈ ਪ੍ਰੇਰਨਾ ਸਰੋਤ ਬਣੀ, ਉਸ ਨੂੰ ਇਹ ਕਿਤਾਬ ਸਿਜਦਾ ਵੀ ਕਰਦੀ ਹੈ। ਇਹ ਕਿਤਾਬ ਉਸ ਨੂੰ ਸਮਝਣ ਦਾ ਕਾਰਜ ਵੀ ਕਰਦੀ ਹੈ।
ਇਸ ਕਿਤਾਬ ਵਿਚਲਾ ਨਾਟਕ ਨਿਰੋਲ ਸ਼ਰਧਾਮੂਲਕ ਕਿਰਤ ਨਹੀਂ, ਬਲਕਿ ਡੂੰਘਾਈ ਵਿਚ ਉਤਰ ਕੇ ਨੋਰਾ ਵਲੋਂ ਰੰਗਮੰਚ ਰਾਹੀਂ ਬਸਤੀਵਾਦੀ ਪ੍ਰਬੰਧ ਖ਼ਿਲਾਫ਼ ਆਪਣੇ ਢੰਗ ਨਾਲ ਲੜੀ ਆਜ਼ਾਦੀ ਦੀਆਂ ਲੜਾਈਆਂ ਦੀਆਂ ਤਹਿਆਂ ਫਰੋਲਦੀ ਹੈ। ਨਵਨਿੰਦਰਾ ਵਾਸਤੇ ਨੋਰਾ ਦਾ ਕਲਾਤਮਿਕ ਸਫ਼ਰ ਇਕ ਕਲਾਕਾਰ ਦੀ ਕਲਾ ਸਾਧਨਾ ਹੁੰਦੇ ਹੋਏ ਵੀ ਸਮੇਂ ਦੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ ਤੇ ਸੱਤਾ ਖ਼ਿਲਾਫ਼ ਮਨੁੱਖ ਦੀ ਪਛਾਣ ਭਾਲਣ ਦੀ ਲੜਾਈ ਹੈ। ਨੋਰਾ ਦਾ ਇਹ ਵਿਸ਼ਵਾਸ ਸੀ ਕਿ ਇਸ ਮੁਲਕ ਦੇ ਹਰ ਬਾਸ਼ਿੰਦੇ ਦੀ ਸਮਝ ਉਸ ਦੇ ਆਪਣੇ ਇਤਿਹਾਸਕ ਤੇ ਸਮਾਜਿਕ ਪ੍ਰਸੰਗਾਂ ਦੀਆਂ ਜੜ੍ਹਾਂ ‘ਚੋਂ ਉਸ ਦੇ ਆਪਣੇ ਸਭਿਆਚਾਰ ਵਿਚੋਂ ਪ੍ਰਫੁਲਤ ਹੋਣੀ ਚਾਹੀਦੀ ਹੈ।
ਨਵਨਿੰਦਰਾ ਲਈ ਨੋਰਾ ਦੀ ਯਾਤਰਾ ਸਿਰਫ਼ ਪੰਜਾਬੀ ਰੰਗ-ਮੰਚ ਦੇ ਪਸਾਰ ਦੀ ਯਾਤਰਾ ਨਹੀਂ, ਬਲਕਿ ਮਨੁੱਖ ਦੀਆਂ ਜੜ੍ਹਾਂ ਦੀ ਪਛਾਣ ਦੀ ਯਾਤਰਾ ਹੈ। ਇਹ ਕਿਤਾਬ ਲਿਖਣ ਲਈ ਸਮਝ, ਗਹਿਰਾਈ, ਜਾਣਕਾਰੀ ਅਤੇ ਜਨੂੰਨ ਦੀ ਲੋੜ ਸੀ। ਨੋਰਾ ਜਨੂੰਨੀ ਸੀ। ਨਵਨਿੰਦਰਾ ਨੇ ਆਪਣੀ ਸਮਝ ਤੇ ਗਹਿਰਾਈ ਉਸ ਜਨੂੰਨ ਨਾਲ ਗੁੰਨ੍ਹ ਕੇ ਆਪਣੇ ਅੰਦਰ ਉਸੇ ਸ਼ਿੱਦਤ ਵਾਲਾ ਜਨੂੰਨ ਪੈਦਾ ਕਰ ਲਿਆ ਤੇ ਇਸ ਕਾਰਜ ਦੇ ਕੇਂਦਰ ਬਿੰਦੂ ਵਿਚ ਖੜ੍ਹੋਤਾ ਸੀ ਨਾਟਕ ਨਾਲ ਸਬੰਧਤ ਦਸਤਾਵੇਜ਼ ਸੰਭਾਲਣ ਦੀ ਖ਼ਬਤ ਪਾਲਣ ਵਾਲਾ ਕੇਵਲ ਧਾਲੀਵਾਲ।
29 ਅਕਤੂਬਰ, 1876 ਨੂੰ ਆਇਰਲੈਂਡ ਵਿਚ ਨੋਰਾ ਦਾ ਜਨਮ ਹੁੰਦਾ ਹੈ। ਸਕੂਲ ਵਿਚ ਨਾਟਕ ਖੇਡਣ ਲੱੱਗ ਪੈਂਦੀ ਹੈ। ਹੌਲੀ-ਹੌਲੀ ਲੇਡੀ ਗਰੈਗਰੀ ਦੇ ਨਾਟਕਾਂ ਵਿਚ ਹਿੱਸਾ ਲੈਣ ਲੱਗਦੀ ਹੈ। ਫਿਰ 1906 ‘ਚ ਫਿਲਿਪ ਰਿਚਰਡਸ ਨਾਲ ਮੁਲਾਕਾਤ ਅਤੇ 1908 ‘ਚ ਸ਼ਾਦੀ। ਉਸ ਦੇ ਪਤੀ ਫਿਲਿਪ ਨੂੰ 1911 ਵਿਚ ਦਿਆਲ ਸਿੰਘ ਕਾਲਜ, ਲਾਹੌਰ ਤੋਂ ਅਧਿਆਪਨ ਦਾ ਸੱਦਾ ਆਇਆ। ਇਸੇ ਸਾਲ ਦੋਵਾਂ ਦੀ ਪੰਜਾਬ ਆਮਦ ਹੋਈ। ਫਿਰ ਫਿਲਿਪ ਵਲੋਂ ਵਿਦਿਆਰਥੀਆਂ ਨੂੰ ਨਾਟਕ ਖੇਡਣ ਲਈ ਪ੍ਰੇਰਿਤ ਕਰਨਾ ਤੇ ਇਸ ਸਮਝ ‘ਤੇ ਪਹੁੰਚਣਾ ਕਿ ਬੇਗਾਨੇ ਸਭਿਆਚਾਰ ਦੀ ਭਾਸ਼ਾ ਵਾਲੇ ਨਾਟਕ ਇਨ੍ਹਾਂ ਵਿਦਿਆਰਥੀਆਂ ਦੇ ਹਾਣ ਦੇ ਨਹੀਂ ਹੋ ਸਕਦੇ। ਨਾਟਕ ਵਿਚ ਇਹ ਸੀਨ ਬੜਾ ਪ੍ਰਭਾਵਸ਼ਾਲੀ ਹੈ, ਜਦੋਂ ਨੋਰਾ ਆਈ.ਸੀ. ਨੰਦਾ ਨੂੰ ਆਪਣੀਆਂ ਸਮੱਸਿਆਵਾਂ ਪੇਸ਼ ਕਰਦਾ ਨਾਟਕ ‘ਦੁਲਹਨ’ ਲਿਖਣ ਲਈ ਉਕਸਾਉਂਦੀ ਹੈ। ਇਥੋਂ ਪੰਜਾਬੀ ਦੇ ਮੋਢੀ ਨਾਟਕਕਾਰ ਨੰਦਾ ਦਾ ਆਰੰਭ ਹੁੰਦਾ ਹੈ।
ਫਿਰ 1920 ਵਿਚ ਨੋਰਾ ਦੇ ਪਤੀ ਦੀ ਮੌਤ ਹੁੰਦੀ ਹੈ, ਇਹ ਮੌਤ ਸਾਧਾਰਨ ਨਹੀਂ। 1919 ਵਿਚ ਰੌਲਟ ਐਕਟ ਜਲ੍ਹਿਆਂਵਾਲਾ ਬਾਗ ਦਾ ਸਾਕਾ ਆਦਿ ਘਟਨਾਵਾਂ ਨੇ ਮਾਹੌਲ ਵਿਚ ਤਲਖੀ ਪੈਦਾ ਕਰ ਦਿੱਤੀ ਸੀ। ਇਸੇ ਤਲਖ਼ੀ ਦਾ ਸ਼ਿਕਾਰ ਹੋਇਆ ਫਿਲਿਪ ਦਾ ਸੰਵੇਦਨਸ਼ੀਲ ਕੋਮਲ ਮਨ ਇਹ ਭਾਰ ਸਹਿ ਨਾ ਕਰ ਸਕਿਆ ਤੇ ਚੱਲ ਵਸਿਆ। ਨੋਰਾ ਵਾਪਸ ਆਪਣੇ ਮੁਲਕ ਜਾਂਦੀ ਹੈ। ਇੰਗਲੈਂਡ ਵਿਚ ਕੁਝ ਸਮਾਂ ਗੁਜ਼ਾਰਦੀ ਹੈ ਪਰ ਹਿੰਦੁਸਤਾਨ ਖਿਲਾਫ ਹੋ ਰਹੇ ਕੂੜ ਪ੍ਰਚਾਰ ਤੋਂ ਦੁਖੀ ਹੋ ਕੇ ਵਾਪਸ ਲਾਹੌਰ ਆ ਜਾਂਦੀ ਹੈ। ਇਥੇ ਅੰਗਰੇਜ਼ਾਂ ਦੇ ਜ਼ੁਲਮਾਂ ਦੀਆਂ ਸ਼ਿਕਾਰ ਦੋ ਬਸਤੀਆਂ- ਆਇਰਲੈਂਡ ਤੇ ਭਾਰਤ, ਇਕ-ਮਿਕ ਹੋਈਆਂ ਮਹਿਸੂਸ ਹੁੰਦੀਆਂ ਹਨ। ਨਵਨਿੰਦਰਾ ਇਸ ਗੱਲ ਨੂੰ ਖ਼ੂਬਸੂਰਤੀ ਨਾਲ ਉਭਾਰਦੀ ਹੈ।
ਉਹ ਵਾਪਸ ਆ ਕੇ ਲਾਹੌਰ ਤੋਂ ਧਰਮਸ਼ਾਲਾ ਤੇ ਫਿਰ ਅੰਧਰੇਟਾ ਤਕ ਦਾ ਸਫ਼ਰ ਅਨੇਕਾਂ ਕਲਾਕਾਰਾਂ, ਲੇਖਕਾਂ ਅਤੇ ਅਧਿਆਪਕਾਂ ਨਾਲ ਕਰਦੀ ਹੈ। ਆਖਰੀ ਸਾਹ ਤਕ ਰੰਗਮੰਚ ਦੇ ਸਾਹੀਂ ਜਿਊਂਦੀ ਨੋਰਾ ‘ਤੇ ਪੂਰੇ ਦੋ ਘੰਟੇ ਦੇ ਨਾਟਕ ਵਿਚ ਨੋਰਾ ਦੇ ਕਿਰਦਾਰ ਦੇ ਸਾਹੀਂ ਜਿਉਣ ਵਾਲੀ ਨਵਨਿੰਦਰਾ ਅਦਾਕਾਰਾ ਵਲੋਂ ਲਿਖਿਆ ਇਹ ਨਾਟਕ ਤੇ ਪੂਰੀ ਪੇਸ਼ਕਾਰੀ ਨੂੰ ਵਿਉਂਤਣ ਤੇ ਕਿਤਾਬੀ ਸ਼ਕਲ ਦੇਣ ਤਕ ਕੇਵਲ ਧਾਲੀਵਾਲ ਵਲੋਂ ਨਿਭਾਏ ਰੋਲ ਲਈ ਸਮੁੱਚਾ ਪੰਜਾਬੀ ਰੰਗਮੰਚ ਤੇ ਪੰਜਾਬੀ ਭਾਈਚਾਰਾ ਉਨ੍ਹਾਂ ਦਾ ਧੰਨਵਾਦ ਕਰਦਾ ਰਹੇਗਾ। ਬਲਵੰਤ ਗਾਰਗੀ, ਫਿਲਿਪ ਰਿਚਰਡਸ, ਨੰਦਾ, ਮਿਸਿਜ਼ ਤਾਰਪਲੇ, ਲਾਰਡ ਰੀਡਿੰਗ, ਨੋਰਾ ਦਾ ਇਕ ਦੋਸਤ, ਜੈ ਦਿਆਲ, ਹਬੀਬ ਤਨਵੀਰ, ਸੋਭਾ ਸਿੰਘ, ਬੀ.ਸੀ. ਸਾਨਿਆਲ ਅਤੇ ਐਮ.ਐਸ਼ ਰੰਧਾਵਾ ਜਿਹੀਆਂ ਵੱਡੀਆਂ ਸ਼ਖਸੀਅਤਾਂ ਦੇ ਕਿਰਦਾਰ ਇਸ ਨਾਟਕ ਵਿਚ ਮੰਚ ‘ਤੇ ਆ ਕੇ ਨੋਰਾ ਦੀ ਸ਼ਖਸੀਅਤ ਦੇ ਵਿਭਿੰਨ ਪਾਸਾਰ ਤਲਾਸ਼ਣ ਤੇ ਉਭਾਰਨ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ।
ਪਾਠਕ ਇਸ ਨਾਟਕ ਦੀ ਸਿਰਜਣ ਪ੍ਰਕਿਰਿਆ ਬਾਰੇ ਜਾਣਨਗੇ ਤਾਂ ਹਰ ਪੰਜਾਬੀ ਦਾ ਜੀਅ ਕਰੇਗਾ ਕਿ ਇਸ ਨਾਟਕ ਨੂੰ ਪੜ੍ਹਿਆ ਜਾਂ ਦੇਖਿਆ ਜਾਵੇ। ਕੇਵਲ ਧਾਲੀਵਾਲ ਨੋਰਾ ਦਾ ਪੰਜਾਬੀਆਂ ‘ਤੇ ਕਰਜ਼ ਉਤਾਰਨ ਦਾ ਸੁਪਨਾ ਪਾਲਦਾ ਹੈ, ਜਗ੍ਹਾ-ਜਗ੍ਹਾ ਤੋਂ ਜਾਣਕਾਰੀ ਇਕੱਠੀ ਕਰਦਾ ਹੈ। ਨਵਨਿੰਦਰਾ ਨੂੰ ਨਾਟਕ ਲਿਖਣ ਲਈ ਤੇ ਨੋਰਾ ਦਾ ਕਿਰਦਾਰ ਨਿਭਾਉਣ ਲਈ ਬੇਨਤੀ ਕਰਦਾ ਹੈ। ਕੇਵਲ ਅੰਮ੍ਰਿਤਸਰ ਬੈਠਾ, ਨਵਨਿੰਦਰਾ ਮੁੰਬਈ, ਸਿਲਸਿਲਾ ਆਰੰਭ ਹੁੰਦਾ ਹੈ- ਨਵਨਿੰਦਰਾ ਹੋਰ ਜਾਣਕਾਰੀ ਚਾਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਫਰੋਲੀ ਜਾਂਦੀ ਹੈ।
ਫਿਰ ਮੁੰਬਈ ਤੋਂ ਹਰ ਦਸਾਂ-ਪੰਦਰਾਂ ਦਿਨਾਂ ਬਾਅਦ ਇਕ ਜਹਾਜ਼ ਪੰਜਾਬ ਪਹੁੰਚਦਾ ਹੈ। ਵਿਚਾਰਾਂ ਦੀ ਧੂਣੀ ਮਘਣ ਲੱਗਦੀ ਹੈ। 2016 ਦੀ ਠੰਢ ਅੰਦਰ ਨੋਰਾ ਦੇ ਗਲ ‘ਚ ਲਟਕਦੀ ਸੀਟੀ ਦੀ ਆਵਾਜ਼ ਗੂੰਜਣ ਲੱਗਦੀ ਹੈ, ਵਿਚਾਰਾਂ ਦੀ ਪੰਡ ਭਾਰੀ ਹੋ ਗਈ ਤਾਂ ਇਸ ਨੂੰ ਨਾਟਕ ਬਣਾਉਣ ਦਾ ਫਿਕਰ ਸਾਹਮਣੇ ਆ ਗਿਆ। ਫਿਰ ਸਾਰੀ ਟੀਮ ਸੰਪਾਦਕ ਬਣ ਗਈ, ਨਾਟਕੀਅਤਾ ਉਭਰਨ ਲੱਗੀ, ਦ੍ਰਿਸ਼ ਆਕਾਰ ਲੈਣ ਲੱਗ ਪਏ, ਹੱਸਦੇ-ਖੇਡਦੇ, ਰੁੱਸਦੇ, ਝਿਜਕਦੇ, ਰੋਂਦੇ, ਵਾਘੀਆਂ ਪਾਉਂਦੇ ਕਲਾਕਾਰ ਨੋਰਾ ਨਾਲ ਨਿੱਤ ਸੰਵਾਦ ਰਚਾਉਂਦੇ। ਮੁੰਬਈ, ਚੰਡੀਗੜ੍ਹ, ਅੰਮ੍ਰਿਤਸਰ ਜਿਵੇਂ ਮੋਰਚੇ ‘ਤੇ ਬੈਠੇ ਹੋਣ।
ਫਿਰ ਮਾਰਚ 2017 ਦੀ ਇਕ ਸ਼ਾਮ ਇਹ ਨਾਟਕ ਦਰਸ਼ਕਾਂ ਦੇ ਹਵਾਲੇ ਕਰ ਦਿੱਤਾ ਗਿਆ, ਉਨ੍ਹਾਂ ਪਿਆਰ ਤੇ ਉਮਾਹ ਨਾਲ ਇਸ ਨੂੰ ਗਲੇ ਲਾ ਲਿਆ। ਹੁਣ 2019 ‘ਚ ਇਹ ਕਿਤਾਬ ਪੰਜਾਬੀਆਂ ਦੇ ਵਿਹੜੇ ਦਸਤਕ ਦੇ ਰਹੀ ਹੈ, ਉਮੀਦ ਹੈ ਪੰਜਾਬੀ ਸ਼ਗਨ ਕਰਨਗੇ ਤੇ ਆਇਰਲੈਂਡ ਦੀ ਪੰਜਾਬਣ ਬਾਰੇ ਛਪੀ ਇਸ ਕਿਤਾਬ ਨੂੰ ਆਪਣੇ ਘਰਾਂ ਅੰਦਰ ਸਤਿਕਾਰ ਵਾਲੀ ਥਾਂ ਦੇਣਗੇ। ਇਹ ਕਿਤਾਬ ਹਰ ਘਰ ਦਾ ਹਿੱਸਾ ਬਣ ਜਾਏ ਤਾਂ ਉਸ ਅਜ਼ੀਮ ਔਰਤ ਦੇ ਚਿਹਰੇ ‘ਤੇ ਮੁਸਕਰਾਹਟ ਫੈਲ ਜਾਏਗੀ। ਵਿਸ਼ਵਾਸ ਹੈ, ਪੰਜਾਬੀ ਇਵੇਂ ਹੀ ਕਰਨਗੇ।