ਓ ਜਾਗ ਬਈ ਪੰਜਾਬ ਸਿਆਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
“ਸੁਣਾ ਬਈ ਕਰਤਾਰ ਸਿਆਂ! ਕਦੋਂ ਆਇਆ ਇੰਡੀਆ ਤੋਂ।” ਬਾਬਾ ਪਾਖਰ ਸਿਉਂ ਨੇ ਪੁੱਛਿਆ।
“ਪਰਸੋਂ ਰਾਤ ਨੂੰ ਆ ਗਿਆ ਸੀ। ਸੋਚਿਆ, ਪਾਰਕ ਵਾਲੇ ਬੇਲੀਆਂ ਨੂੰ ਮਿਲ ਆਵਾਂ।” ਕਰਤਾਰੇ ਬਾਬੇ ਨੇ ਬੈਂਚ ‘ਤੇ ਬਹਿੰਦਿਆਂ ਕਿਹਾ।
“ਸੁਣਾ ਕੋਈ ਵਤਨਾਂ ਦੀ ਨਵੀਂ ਤਾਜ਼ੀ।” ਫੌਜੀ ਨੇ ਪੱਗ ਦਾ ਲੜ ਠੀਕ ਕਰਦਿਆਂ ਪੁੱਛਿਆ।

“ਤਿੰਨ ਮਹੀਨਿਆਂ ਵਿਚ 18 ਵਿਆਹ ਦੇਖੇ, ਯਾਨਿ ਦੋ ਵਿਆਹ ਸੀ ਤੇ ਸੌਲਾਂ ਸਮਝੌਤੇ।” ਕਰਤਾਰੇ ਬਾਬੇ ਨੇ ਗੱਲ ਗੋਲ ਜਿਹੀ ਕਰ ਦਿੱਤੀ।
“ਕਰਤਾਰ ਸਿਆਂ! ਉਹ ਭਾਈ ਕਿਵੇਂ?” ਪਾਖਰ ਸਿਉਂ ਨੂੰ ਹੈਰਾਨੀ ਹੋਈ।
“ਇਕ ਵਿਆਹ ਤਾਂ ਅਮਰੀਕਾ ਤੋਂ ਮੁੰਡਾ ਗਿਆ ਸੀ। ਬੜਾ ਸਾਦਾ ਵਿਆਹ ਕੀਤਾ ਉਸ ਨੌਜੁਆਨ ਨੇ। ਕੋਈ ਦਾਜ ਨਹੀਂ ਲਿਆ ਪਰ ਕੁੜੀ ਪੜ੍ਹੀ-ਲਿਖੀ ਪਸੰਦ ਕੀਤੀ। ਦੂਜਾ ਵਿਆਹ ਸੀ- ਕੈਨੇਡਾ ਤੋਂ ਕੁੜੀ ਗਈ ਜਿਸ ਨੇ ਪੜ੍ਹੇ-ਲਿਖੇ ਮੁੰਡੇ ਨਾਲ ਲਾਵਾਂ ਲਈਆਂ ਤੇ ਦੋਵਾਂ ਧਿਰਾਂ ਦਾ ਖਰਚਾ ਬਹੁਤ ਥੋੜ੍ਹਾ ਹੋਇਆ। ਬਾਕੀ ਸੌਲਾਂ ਵਿਆਹ ਸਨ, ਕੁੜੀਆਂ ਨੇ ਆਈਲੈਟਸ ਕਰਕੇ ਬੈਂਡ ਲਏ ਹੋਏ ਸੀ, ਜਿਥੇ-ਜਿਥੇ ਪੱਕ-ਠੱਕ ਹੋਇਆ, ਉਥੇ ਸਮਝੌਤਾ ਕੀਤਾ ਗਿਆ ਕਿ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ। ਕੁੜੀ ਦਾਜ ਵਿਚ ਬੈਂਡ ਲੈ ਕੇ ਆਵੇਗੀ ਤੇ ਵਿਆਹ ਤੋਂ ਬਾਅਦ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਜਾ ਕੇ ਮੁੰਡੇ ਦੇ ਪੇਪਰ ਭਰ ਦੇਵੇਗੀ ਤੇ ਮੁੰਡੇ ਨੂੰ ਆਪਣੇ ਕੋਲ ਸੱਦ ਲਵੇਗੀ।” ਕਰਤਾਰੇ ਬਾਬੇ ਨੇ ਦੱਸਿਆ।
“ਫਿਰ ਤਾਂ ਸਮਝੋ ਮੁੰਡੇ ਵਾਲੇ ਮੁੰਡੇ ਦਾ ਨਹੀਂ ਸਗੋਂ ਕੁੜੀ ਦਾ ਵਿਆਹ ਕਰ ਰਹੇ ਹਨ।” ਫੌਜੀ ਨੇ ਗੱਲ ਘੋਖੀ।
“ਬਿਲਕੁਲ ਫੌਜੀਆ! ਲੋਕ ਕੁੜੀਆਂ ਜੰਮਣ ਤੋਂ ਡਰਦੇ ਹਨ ਤੇ ਮੁੰਡੇ ਲਈ ਸੁੱਖਣਾ ਸੁਖਦੇ ਹਨ, ਜਦਕਿ ਕੁੜੀਆਂ ਪੜ੍ਹ-ਲਿਖ ਕੇ ਆਈਲੈਟਸ ਕਰਕੇ ਬੈਂਡ ਲੈਂਦੀਆਂ ਹਨ ਤਾਂ ਉਹ ਮਾਪਿਆਂ ਦਾ ਵਿਆਹ ਵਾਲਾ ਖਰਚਾ ਮੁਆਫ ਕਰਵਾ ਦਿੰਦੀਆਂ ਨੇ। ਪੜ੍ਹੇ-ਲਿਖੇ ਗੱਭਰੂ ਪੁੱਤ ਵਿਹਲੇ ਫਿਰਦੇ ਦੇਖ ਕੇ ਮਾਪੇ ਸੋਚਦੇ ਹਨ ਕਿ ਇਕ ਕਿੱਲਾ ਵੇਚੋ ਤੇ ਵਿਆਹ ‘ਤੇ ਖਰਚਾ ਕਰੋ; ਨਾਲੇ ਤਾਂ ਪੁੱਤ ਵਿਆਹਿਆ ਗਿਆ ਤੇ ਨਾਲੇ ਬਾਹਰਲੇ ਦੇਸ਼ ਚਲਿਆ ਜਾਵੇਗਾ। ਦੋਹਾਂ ਧਿਰਾਂ ਨੂੰ ਫਾਇਦਾ ਹੁੰਦਾ ਹੈ ਤੇ ਇਹ ਸਮਝੌਤਾ ਬਣ ਜਾਂਦਾ ਹੈ।” ਕਰਤਾਰੇ ਬਾਬੇ ਨੇ ਵਿਚਲੀ ਗੱਲ ਆਖ ਸੁਣਾਈ।
“ਹੋਰ ਕੋਈ ਨਵੀਂ-ਤਾਜ਼ੀ ਇਨ੍ਹਾਂ ਵਿਆਹਾਂ ਦੀ ਸੁਣਾ ਬਾਈ!” ਪਿਆਰੇ ਠੇਕੇਦਾਰ ਨੇ ਹਾਜ਼ਰੀ ਭਰਦਿਆਂ ਪੁੱਛਿਆ।
“ਪਿਆਰਾ ਸਿਆਂ! ਪੈਲੇਸਾਂ ਵਿਚ ਤਾਂ ਜਾ ਕੇ ਇੰਜ ਲਗਦਾ ਹੈ, ਕਿਹੜਾ ਜੱਟ ਕਰਜ਼ਾਈ ਐ? ਲੋਕ ਸ਼ਰਾਬਾਂ ਪੀਂਦੇ, ਮੁਰਗਾ-ਮੱਛੀ ਖਾਂਦੇ, ਲਲਕਾਰੇ ਵੱਜਦੇ। ਜਣਾ-ਖਣਾ ਦੋਨਾਲੀ ਪਾਈ ਫਿਰਦਾ ਤੇ ਡੱਬ ਵਿਚ ਪਿਸਤੌਲ। ਵਿਆਹਾਂ ਦਾ ਮਾਹੌਲ ਘੱਟ, ਕਬਜ਼ੇ ਲੈਣ ਵਾਲਾ ਵੱਧ ਲੱਗਦਾ। ਜਿਹੜੇ ਬੰਦੇ ਕੋਲ ਗੁੰਜਾਇਸ਼ ਹੈ, ਉਹ ਕਲਾਕਾਰ ਲਵਾ ਲੈਂਦਾ ਤੇ ਬਾਕੀ ਡਾਂਸਰ ਕੁੜੀਆ ਸੱਦ ਲੈਂਦੇ ਆ। ਉਹ ਸਟੇਜ ‘ਤੇ ਚੜ੍ਹ ਕੇ ਗਾਣਿਆਂ ਦੀ ਸੀ. ਡੀ. ਲਾ ਕੇ ਨੱਚਦੀਆਂ। ਬੰਦੇ ਸ਼ਰਾਬ ਦੇ ਸਰੂਰ ਵਿਚ ਸਟੇਜ ‘ਤੇ ਚੜ੍ਹ ਕੇ ਕੁੜੀਆਂ ‘ਤੇ ਨੋਟਾਂ ਦਾ ਮੀਂਹ ਵਰ੍ਹਾਉਂਦੇ। ਇਕ ਦੂਜੇ ਤੋਂ ਉਤੋਂ ਦੀ ਆਪਣੀ ਅਮੀਰੀ ਜਾਂ ਫੁਕਰਪੁਣੇ ਦਾ ਪ੍ਰਗਟਾਵਾ ਕਰਦੇ। ਕਈ ਸਿਆਣੇ-ਬਿਆਣੇ ਬੰਦੇ ਤਾਂ ਆਪਣੀ ਪੋਤੀ ਦੀਆਂ ਹਾਣਨ ਕੁੜੀਆਂ ਨਾਲ ਗਲਤ ਹਰਕਤਾਂ ਵੀ ਕਰਦੇ ਆ। ‘ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਤੇ’ ਦੇ ਸ਼ਬਦਾਂ ਨੂੰ ਲੋਕ ਇੰਜ ਲਾਜ ਲਾ ਰਹੇ ਹਨ। ਉਸ ਸਮੇਂ ਤਾਂ ਸਾਰੇ ਮੱਸੇ ਰੰਗੜ ਬਣੇ ਹੁੰਦੇ। ਅੱਜ ਕੱਲ੍ਹ ਦੇ ਵਿਆਹ ਦੇਖ ਕੇ ਇੰਜ ਲੱਗਦਾ ਕਿ ਸਿੱਖ ਕੌਮ ਵਿਚ ਸਿਰੇ ਦੀ ਗਿਰਾਵਟ ਆ ਗਈ ਐ। ਜੋ ਕੁਝ ਉਥੇ ਲੋਕਾਂ ਨਾਲ ਵਾਪਰ ਰਿਹਾ ਹੈ, ਲੋਕ ਉਸ ਦੇ ਖੁਦ ਜਿੰਮੇਵਾਰ ਨੇ।” ਕਰਤਾਰੇ ਬਾਬੇ ਨੇ ਹੁਣ ਦੇ ਪੰਜਾਬ ਦਾ ਸ਼ੀਸ਼ਾ ਦਿਖਾਉਂਦਿਆਂ ਦੱਸਿਆ।
“ਕਰਤਾਰ ਸਿਆਂ! ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਗੁਰੂ ਪਿਆਰੇ ਵੀ ਵਸਦੇ ਨੇ ਉਥੇ, ਤੂੰ ਇਕੋ ਰੱਸੇ ਨਾ ਬੰਨ੍ਹ ਸਾਰਿਆਂ ਨੂੰ।” ਪਾਖਰ ਬਾਬੇ ਨੇ ਕਿਹਾ।
“ਮੈਂ ਇਸ ਤਰ੍ਹਾਂ ਤਾਂ ਕਿਹਾ ਨਹੀਂ ਪਰ ਬਹੁਤੇ ਇਸੇ ਤਰ੍ਹਾਂ ਦੇ ਲੋਕ ਹਨ।” ਕਰਤਾਰੇ ਬਾਬੇ ਨੇ ਸਫਾਈ ਦਿੱਤੀ।
“ਜ਼ਮਾਨਾ ਬਾਹਲਾ ਅਡਵਾਂਸ ਹੋ ਗਿਆ। ਕਹਿਣ ਨੂੰ ਤਾਂ ਤਰੱਕੀ ਹੈ ਪਰ ਇਹ ਸਭ ਉਜਾੜੇ ਦਾ ਘਰ ਐ।” ਫੌਜੀ ਜਿਵੇਂ ਦਿਲੋਂ ਫਿਕਰ ਕਰ ਗਿਆ ਹੋਵੇ।
“ਸੱਚ ਫੌਜੀਆ! ਤੂੰ ਜਾ ਆਇਆ ਰਿਸ਼ਤੇਦਾਰਾਂ ਵੱਲ।” ਪਿਆਰੇ ਨੇ ਪੁੱਛਿਆ।
“ਮੈਂ ਵੀ ਜਾ ਆਇਆ, ਨੂੰਹ ਰਾਣੀ ਦੇ ਭਤੀਜੇ ਦਾ ਜਨਮ ਦਿਨ ਸੀ। ਜੋ ਮੈਂ ਉਥੇ ਦੇਖ ਕੇ ਆਇਆਂ, ਉਹ ਤਾਂ ਗੱਲ ਸਿਰੇ ਹੀ ਲੱਗੀ ਪਈ ਐ।” ਪਿਆਰੇ ਨੇ ਕਿਹਾ।
“ਉਹ ਕਿਵੇਂ?” ਸਭ ਨੇ ਇਕੱਠਿਆਂ ਪੁਛਿਆ।
“ਕਰਤਾਰ ਸਿਉਂ ਦੇ ਦੱਸਣ ਮੁਤਾਬਕ ਪੰਜਾਬ ਵਿਚ ਲੋਕ ਡਾਂਸਰ ਕੁੜੀਆਂ ਦਾ ਗਰੁਪ ਲੈ ਆਉਂਦੇ ਆ, ਤੇ ਸਟੇਜ ‘ਤੇ ਨਚਾਉਂਦੇ ਆ ਪਰ ਇਥੇ ਤਾਂ ਲੋਕ ਡੀ. ਜੇ. ‘ਤੇ ਆਪਣੀਆਂ ਬੱਚੀਆਂ ਨੂੰ ਨਚਾਉਂਦੇ ਆ।”
“ਉਹ ਕਿਵੇਂ?” ਪਾਖਰ ਵਿਚੋਂ ਹੀ ਬੋਲ ਪਿਆ।
“ਮੇਜ਼ ਤੇ ਕੁਰਸੀਆਂ ਲੱਗੇ ਹੋਏ ਆ। ਖੂੰਜੇ ਵਿਚ ਬਾਰ ਬਣੀ ਹੋਈ ਆ ਜਿਥੋਂ ਸ਼ਰਾਬ ਮਿਲਦੀ ਆ। ਲੋਕ ਜਾਂਦੇ ਆ, ਆਪਣੀ ਮਨਪਸੰਦ ਦੀ ਸ਼ਰਾਬ ਦਾ ਗਲਾਸ ਭਰਾ ਲਿਆਉਂਦੇ ਆ। ਮੁਰਗਾ, ਮੱਛੀ, ਭੁੰਨਿਆ ਹੋਇਆ। ਪੀ-ਖਾ ਕੇ ਲਲਕਾਰੇ ਵੱਜਦੇ ਆ। ਮੁੰਡੇ ਵਾਲੇ ਮੁੰਡੇ ਤੋਂ ਕੇਕ ਕਟਵਾਉਂਦੇ ਆ। ਫਿਰ ਡੀ. ਜੇ. ਚਲਦਾ ਹੈ। ਬੰਦੇ ਤੇ ਜਨਾਨੀਆਂ ਇਕੱਠੇ ਗਿੱਧਾ ਤੇ ਭੰਗੜਾ ਪਾਉਂਦੇ ਆ। 10-15 ਮਿੰਟ ਪਿੜ ਵਿਚ ਭੂਚਾਲ ਆ ਜਾਂਦਾ ਹੈ। ਜਨਾਨੀਆਂ ਥੱਕ ਕੇ ਕੁਰਸੀਆਂ ਮੱਲ ਲੈਂਦੀਆਂ ਤੇ ਬੰਦੇ ਫਿਰ ਗਲਾਸ ਭਰਾਉਣ ਚਲੇ ਜਾਂਦੇ ਹਨ। ਫਿਰ ਡੀ. ਜੇ. ਵਾਲਾ ਸਭ ਨੂੰ ਸੰਬੋਧਨ ਹੁੰਦਾ ਹੈ, ‘ਇਹ ਛੋਟੀ ਪਰੀ ਤੁਹਾਨੂੰ ਫਲਾਣੇ ਗੀਤ ‘ਤੇ ਡਾਂਸ ਕਰਕੇ ਦਿਖਾਏਗੀ।’ ਫਿਰ ਪੰਜ ਸਾਲ ਦੀ ਕੁੜੀ ਪਿੜ ਵਿਚ ਖੜ੍ਹ ਜਾਂਦੀ ਐ ਤੇ ਡੀ. ਜੇ. ਵਾਲੇ ਵਨ-ਟੂ-ਥਰੀ ਕਰਕੇ ਗਾਣਾ ਚਲਾਉਂਦਾ ਹੈ, ‘ਲੱਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ।’ ਕੁੜੀ ਨੱਚਣਾ ਸ਼ੁਰੂ ਕਰ ਦਿੰਦੀ ਐ। ਕੁੜੀ ਦੀ ਮਾਂ ਤੇ ਪਿਉ ਖੁਸ਼ੀ ਵਿਚ ਖੀਵੇ ਹੋ ਰਹੇ ਹੁੰਦੇ ਤੇ ਉਹ ਆਪਣੀ ਧੀ ਉਪਰ ਦੀ ਨੋਟਾਂ ਦੀ ਵਰਖਾ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਹੋਰ ਕੁੜੀਆਂ ਵੀ ਆ ਜਾਂਦੀਆਂ ਹਨ। ਕੋਈ ਪੰਜ ਸਾਲ, ਕੋਈ ਸੱਤ ਜਾਂ ਨੌਂ ਸਾਲ ਦੀ। ਕਈ ਆਪਣੇ ਮੁੰਡਿਆਂ ਨੂੰ ਲਿਆਉਂਦੇ ਹਨ ਕਿ ਇਸ ਨੇ ਫਲਾਣੇ ਗੀਤ ‘ਤੇ ਭੰਗੜਾ ਪਾਉਣਾ ਹੈ। ਜਿਨ੍ਹਾਂ ਗੀਤਾਂ ਨੂੰ ਅਸੀਂ ਅਸ਼ਲੀਲਤਾ ਦਾ ਸਰਟੀਫਿਕੇਟ ਦੇ ਚੁਕੇ ਹਾਂ, ਉਨ੍ਹਾਂ ਹੀ ਗੀਤਾਂ ‘ਤੇ ਛੋਟੀਆਂ ਬੱਚੀਆਂ ਤੋਂ ਗਿੱਧਾ, ਭੰਗੜਾ ਪਵਾਇਆ ਜਾਂਦਾ ਹੈ। ਤੌਬਾ ਮੇਰੇ ਮਾਲਕਾ ਤੌਬਾ!” ਫੌਜੀ ਨੇ ਕੰਨਾਂ ‘ਤੇ ਹੱਥ ਧਰਦਿਆਂ ਗੱਲ ਮੁਕਾਈ।
“ਫੌਜੀਆ, ਜੇ ਧੀਆਂ ਮੁਟਿਆਰਾਂ ਹੋ ਕੇ ਜਵਾਨੀ ਤੋਂ ਤਿਲਕ ਜਾਣ ਤਾਂ ਮਾਪੇ ਧੀ ਨੂੰ ਕੋਸਣ ਲੱਗ ਪੈਂਦੇ ਆ ਕਿ ਸਾਥੋਂ ਕਿਥੇ ਕਮੀ ਰਹਿ ਗਈ ਸੀ, ਜੋ ਤੂੰ ਮੂੰਹ ਕਾਲਾ ਕਰਦੀ ਫਿਰਦੀ ਐਂ। ਫਿਰ ਪੁੱਛਣ ਵਾਲਾ ਹੋਵੇ ਕਿ ਤੁਸੀਂ ਆਪ ਤਾਂ ਗਾਣਿਆਂ ‘ਤੇ ਭੰਗੜਾ ਪਵਾਉਂਦੇ ਰਹੇ ਹੋ। ਕੁੜੀਆਂ ਨੇ ਇਹੀ ਕੁਝ ਕਰਨਾ। ਜਿਹਾ ਬੀਜੋਗੇ, ਉਹੀ ਵੱਢਣਾ ਪੈਣਾ।” ਕਰਤਾਰ ਸਿਉਂ ਨੇ ਕਿਹਾ।
ਇਨ੍ਹਾਂ ਮੁਲਕਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਅਸੀਂ ਸਿਆਣੇ ਨਹੀਂ ਬਣ ਸਕੇ। ਲੋੜੋਂ ਵੱਧ ਕੰਮ, ਦਿਖਾਵੇ ਦੀ ਭੇਡ-ਚਾਲ, ਚਾਦਰ ਦੇਖ ਕੇ ਪੈਰ ਨਾ ਪਸਾਰਨਾ, ਇਥੇ ਸਾਡੇ ਬੰਦਿਆਂ ਨੂੰ ਖੋਖਲਾ ਕਰ ਜਾਂਦਾ ਹੈ। ਜਿਥੇ ਪੰਜਾਬੀ ਗਏ, ਉਥੇ ਉਨ੍ਹਾਂ ਨਿਸ਼ਾਨ ਸਾਹਿਬ ਗੱਡ ਲਏ, ਪਰ ਨਾਲ ਹੀ ਭੈੜੀਆਂ ਆਦਤਾਂ ਦੇ ਝੰਡੇ ਵੀ ਗੱਡੇ। ਕਿੰਨੇ ਪੰਜਾਬੀ ਨਸ਼ੇ ਦੀ ਢੋ-ਢੁਆਈ ਕਰਦੇ ਫੜੇ ਗਏ, ਕਿੰਨੇ ਨਸ਼ਾ ਵੇਚਦੇ ਫੜੇ ਗਏ। ਰਾਤੋ-ਰਾਤ ਮਿਲੀਨੇਅਰ ਬਣਨ ਦੇ ਸੁਪਨੇ ਪੰਜਾਬੀਆਂ ਨੂੰ ਮਹਿੰਗੇ ਪਏ ਰਹੇ ਆ। ਓ ਭਾਈ! ਥੋੜ੍ਹੀ ਖਾ ਲਵੋ ਪਰ ਮਿਹਨਤ ਕਰਕੇ ਖਾਵੋ।” ਪਾਖਰ ਵੀ ਸਿਰੇ ਦੀ ਸੁਣਾ ਗਿਆ।
“ਪਾਖਰ ਸਿਆਂ! ਮਿਹਨਤ ਕਰਕੇ ਬੰਦਾ ਇਥੇ ਵਧੀਆ ਰੋਟੀ ਖਾ ਸਕਦਾ ਪਰ ਡੁੱਬੀ ਤਾਂ ਜੇ ਸਾਹ ਨਾ ਆਇਆ! ਦੇਖਾ-ਦੇਖੀ ਕਰਜ਼ੇ ਦੀ ਪੰਡ ਚੁੱਕਦੇ ਆ। ਕੰਮ ਤਾਂ ਕਰਨ ਵਾਲਾ, ਬਈ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੀਏ, ਉਨ੍ਹਾਂ ਦੀ ਹਰ ਬੋਲ-ਚਾਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਕੰਮ ਬੇਸ਼ਕ ਘੱਟ ਕਰ ਲਵੋ। ਜੇ ਤੁਸੀਂ ਧਿਆਨ ਨਾਲ ਬੱਚੇ ਪਾਲ-ਪਲੋਸ ਕੇ ਪੜ੍ਹਾ-ਲਿਖਾ ਗਏ, ਫਿਰ ਸਮਝੋ, ਸੋਨੇ ਦੀ ਖੱਡ ਤੁਹਾਨੂੰ ਲੱਭ ਗਈ। ਜੇ ਬੱਚੇ ਨਹੀਂ ਸਾਂਭੇ, ਜਿਹੜਾ ਕੋਲ ਸੋਨਾ ਹੈ, ਉਹ ਵੀ ਚਲਿਆ ਜਾਊ।” ਫੌਜੀ ਦਾ ਆਖਣਾ ਸੀ।
“ਫੌਜੀਆ! ਮੁਆਫ ਕਰੀਂ ਤੇਰੀ ਗੱਲ ਕੱਟਦਾਂ। ਆਹ ਕੈਨੇਡਾ ਵਿਚ ਇਸੇ ਤਰ੍ਹਾਂ ਹੀ ਹੁੰਦਾ ਹੈ। ਆਪਣੇ ਪੰਜਾਬੀ ਬੱਚਿਆਂ ਦਾ ਖਿਆਲ ਨਹੀਂ ਰਖਦੇ, ਕੰਮ ‘ਤੇ ਕੰਮ ਕਰੀ ਜਾਂਦੇ ਆ। ਪਤਾ ਲਗਦਾ ਨਹੀਂ, ਕਦੋਂ ਪੰਦਰਾਂ ਸਾਲਾਂ ਦਾ ਜਵਾਕ ਨਸ਼ੇ ਦੀ ਦਲਦਲ ਵਿਚ ਫਸ ਜਾਂਦਾ।” ਪਿਆਰੇ ਠੇਕੇਦਾਰ ਨੇ ਕਿਹਾ।
“ਬਿਲਕੁਲ ਇੰਜ ਹੀ ਹੁੰਦਾ ਐ। ਆਹ ਤੁਸੀਂ ਪੰਜਾਬ ਵਿਚ ਦੇਖ ਲਵੋ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਗਾਉਣ ਵਾਲੇ ਜਾਂਦੇ ਆ। ਮੁੰਡੇ-ਕੁੜੀਆਂ ਦਾ ਠਾਠਾਂ ਮਾਰਦਾ ਇਕੱਠ ਮੂਹਰੇ ਸੁਣਨ ਨੂੰ ਖੜ੍ਹਾ ਹੁੰਦਾ। ਯੂ-ਟਿਊਬ ‘ਤੇ ਕਿਸੇ ਵੀ ਗਾਉਣ ਵਾਲੇ ਦਾ ਪ੍ਰੋਗਰਾਮ ਸੁਣ ਲਉ। ਮੁੰਡਿਆਂ ਨਾਲੋਂ ਕੁੜੀਆਂ ਜ਼ਿਆਦਾ ਟੱਪਦੀਆਂ। ਸੌ ਵਿਚੋਂ ਪੰਜ ਮੁੰਡਿਆਂ ਦੇ ਪੱਗ ਬੰਨ੍ਹੀ ਨਜ਼ਰ ਆਊ, 95 ਦੇ ਕੇਸ ਕੁਤਰੇ ਹੋਏ ਮਿਲਣਗੇ। ਪੰਜਾਬ ਦਾ ਪਾਣੀ ਜਮਾਂ ਸੇਫ ਨਹੀਂ। ਹੁਣ ਲੋੜ ਤਾਂ ਇਹ ਹੈ ਕਿ ਸੁਧਾਈ ਆਪਣੇ ਘਰੋਂ ਹੀ ਕੀਤੀ ਜਾਵੇ। ਫਿਰ ਮੁਹੱਲੇ, ਫਿਰ ਪਿੰਡ ਵਾਰ ਪਰ ਕਰੇ ਕੌਣ? ਹਰ ਕੋਈ ਇਹੀ ਸੋਚਦਾ ਕਿ ਫਲਾਣੇ ਦਾ ਮੁੰਡਾ ਨਸ਼ੇ ਨੂੰ ਲੱਗ ਗਿਆ ਮੈਨੂੰ ਕੀ? ਸਾਡਾ ਮੁੰਡਾ ਤਾਂ ਨਸ਼ਾ ਨਹੀਂ ਕਰਦਾ ਪਰ ਕੌਣ ਸਮਝਾਵੇ ਕਿ ਅੱਗ ਦੀ ਲਪੇਟ ਵਿਚ ਗੁਆਂਢੀ ਵੀ ਆ ਜਾਂਦਾ ਹੈ।” ਕਰਤਾਰੇ ਬਾਬੇ ਨੇ ਕਿਹਾ।
“ਸੱਚੀਂ, ਆਹ ਗਾਉਣ ਵਾਲਿਆਂ ਨੇ ਵੀ ਅੱਤ ਕੀਤੀ ਪਈ ਆ। ਲੋਕ ਇਨ੍ਹਾਂ ਨੂੰ ਰੁਪਏ ਕਿਉਂ ਦੇਈ ਜਾਂਦੇ ਆ?” ਫੌਜੀ ਬੋਲਿਆ।
“ਲੋਕ ਚਾਹੁਣ ਤਾਂ ਬਹੁਤ ਕੁਝ ਕਰ ਸਕਦੇ ਆ ਪਰ ਲੋਕ ਭਲਾ ਕਰਨ ਨਾਲੋਂ ਭਲਾ ਕਰ ਰਹੇ ਦੀਆਂ ਲੱਤਾਂ ਖਿੱਚ ਲੈਂਦੇ ਆ ਤਾਂ ਅਗਾਂਹ ਵਧ ਕੇ ਕੋਈ ਚੰਗਾ ਕਾਰਜ ਨਹੀਂ ਕਰਦਾ। ਇਸੇ ਤਰ੍ਹਾਂ ਸਾਡੇ ਵਿਚ ਗਿਰਾਵਟ ਆ ਰਹੀ ਹੈ। ਸ਼ੇਰਾਂ ਦੀ ਕੌਮ ਪੁੱਠੇ ਪਾਸੇ ਨੂੰ ਵਹਿ ਤੁਰੀ ਹੈ। ਚੰਗੇ ਨਤੀਜੇ ਨਹੀਂ ਨਿਕਲਣੇ।” ਪਾਖਰ ਨੇ ਗੱਲ ਮੁਕਾਈ।
“ਵਾਹਿਗੁਰੂ ਭਲੀ ਕਰੇ, ਸੁਮੱਤ ਬਖਸ਼ੇ!” ਸਭ ਨੇ ਇਕੱਠਿਆਂ ਨੇ ਕਿਹਾ।