ਰਹਣੁ ਕੀ ਥਾਉ

ਪੰਜਾਬ ਦੀ ਫਿਜ਼ਾ ਵਿਚ ਇਹ ਫਿਕਰ ਦਿਨ-ਬਦਿਨ ਕਿਸੇ ਗਰਦ-ਗੁਬਾਰ ਵਾਂਗ ਸਿਰੀਂ ਚੜ੍ਹ ਰਿਹਾ ਹੈ ਕਿ ਪੰਜਾਬ ਦਾ ਨੌਜਵਾਨ ਆਪਣੀ ਮਿੱਟੀ, ਆਪਣਾ ਵਤਨ, ਆਪਣੇ ਲੋਕਾਂ ਨੂੰ ਛੱਡ ਕੇ ਪਰਦੇਸੀ ਹੋ ਰਿਹਾ ਹੈ। ਕੈਨੇਡਾ ਵੱਸਦੇ ਸ਼ਾਇਰ ਸੁਖਪਾਲ ਨੇ ਇਸ ਪ੍ਰਸੰਗ ਵਿਚ ਫਰਵਰੀ 1995 ਦੀ ਇਕ ਸ਼ਾਮ ਨੂੰ ਪਟਿਆਲੇ ਦੇ ਬੱਸ ਅੱਡੇ ਅੰਦਰ ਹੋਈ ਇਕ ਗੱਲਬਾਤ ਨੂੰ ਕਾਗਜ਼ ਦੀ ਜੂਨੇ ਪਾਇਆ। ਇਸ ਕਥਾ ਵਿਚ ਬਹੁਤ ਸਾਰੀਆਂ ਸੋਚਣ-ਵਿਚਾਰਨ ਵਾਲੀਆਂ ਗੱਲਾਂ-ਬਾਤਾਂ ਹਨ, ਜੋ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।

-ਸੰਪਾਦਕ

ਸੁਖਪਾਲ

ਸਰਦੀ ਦਾ ਦਿਨ…
ਸ਼ਾਮ ਦਾ ਵੇਲਾ…
ਪਟਿਆਲੇ ਦਾ ਬਸ ਅੱਡਾ…
ਪਟਿਆਲਾ- ਪਿੰਡਾਂ ਦੀ ਤਬੀਅਤ ਵਾਲਾ ਸ਼ਹਿਰ। ਰੌਣਕ ਮੇਲਾ, ਚਹਿਲ ਪਹਿਲ ਤੇ ਭਰਿਆ ਭਰਾਇਆ ਆਪਣਾਪਨ।
ਪਰ ਇਸ ਸ਼ਹਿਰ ਸੂਰਜ ਢਲਦੇ ਹੀ ਕਿਸੇ ਪਾਸੇ ਜਾਣ ਨੂੰ ਬਸ ਨਹੀਂ ਮਿਲਦੀ।
“ਤੁਸੀਂ ਵੀ ਆਖਰੀ ਬੱਸ ਉਡੀਕ ਰਹੇ ਓ?” ਮੈਂ ਭੌਂ ਕੇ ਤੱਕਿਆ: ਚਾਲੀ ਪੰਜਤਾਲੀ ਵਰ੍ਹਿਆਂ ਦੇ, ਸਾਂਵਲੇ ਰੰਗ, ਦਰਮਿਆਨੇ ਕੱਦ, ਸਾਦੇ ਪਰ ਸੁਥਰੇ ਕੱਪੜੇ ਪਾਈ ਸੱਜਣ ਮੈਨੂੰ ਕਹਿ ਰਹੇ ਸਨ।
“ਵੇਖੋ! ਸ਼ਾਮ ਦੇ ਸਵਾ ਛੇ ਵੱਜ ਗਏ ਨੇ, ਹੁਣ ਕੋਈ ਉਮੀਦ ਨਹੀਂ, ਆਉ ਅੱਡੇ ਬਾਹਰੋਂ ਸਰਹਿੰਦ ਦੀ ਬੱਸ ਲੈਨੇ ਆਂ। ਸਰਹਿੰਦੋਂ ਲੁਧਿਆਣੇ ਪਹੁੰਚਣਾ ਕੋਈ ਮਸਲਾ ਨਹੀਂ।” ਉਹ ਬਾਹਰ ਨੂੰ ਤੁਰਦੇ ਬੋਲੇ।
ਮੈਂ ਆਪਣੀ ਥਾਂ ਤੋਂ ਨਾ ਹਿੱਲਿਆ। ਪਿਛਾਂਹ ਪਰਤ ਕੇ ਉਹ ਥੋੜ੍ਹੀ ਜਿਹੀ ਖਿੱਝ ਨਾਲ ਬੋਲੇ, “ਲਗਦਾ, ਤੁਹਾਨੂੰ ਪਹੁੰਚਣ ਦੀ ਕਾਹਲੀ ਨਹੀਂ!”
ਮੈਂ ਆਖਿਆ, “ਨਹੀਂ, ਕਾਹਲ ਬਹੁਤ ਹੈ ਪਰ ਮੇਰੀ ਮਾਂ ਮੇਰੇ ਨਾਲ ਜਾ ਰਹੀ ਹੈ। ਗੋਡਿਆਂ ਦੀ ਤਕਲੀਫ ਕਰਕੇ ਮੇਰੀ ਮਾਂ ਨੂੰ ਬੱਸ ਚੜ੍ਹਨੀ ਔਖੀ ਲਗਦੀ ਹੈ। ਬੱਸ ਅੱਡੇ ‘ਤੇ ਲੱਗੀ ਹੋਵੇ ਤਾਂ ਸੌਖਿਆਂ ਚੜ੍ਹ ਸਕਦੇ ਹਨ। ਜੇ ਸਾਨੂੰ ਅੱਡੇ ਅੰਦਰੋਂ ਬਸ ਨਾ ਮਿਲੀ ਤਾਂ ਕੱਲ੍ਹ ਸਵੇਰੇ ਜਾਵਾਂਗੇ।”
ਮੈਨੂੰ ਸਮਝ ਨਾ ਆਈ, ਮੇਰੀ ਸਹਿਜ ਸੁਭਾ ਆਖੀ ਗੱਲ ਵਿਚ ਕੀ ਸੀ, ਜੋ ਉਨ੍ਹਾਂ ਦੇ ਚਿਹਰੇ ‘ਤੇ ਕੂਲੀ ਮੁਸਕਾਨ ਆ ਗਈ। ਉਨ੍ਹਾਂ ਬਾਹਰ ਜਾਣ ਦਾ ਉਪਰਾਲਾ ਛਡ ਦਿੱਤਾ। ਹਥਲਾ ਅਟੈਚੀ ਉਥੇ ਹੀ ਰੱਖ ਕੇ ਮੇਰੇ ਨਾਲ ਗੱਲੀਂ ਲੱਗ ਗਏ, “ਸੱਚੀ ਗੱਲ ਏ। ਸਾਡੀਆਂ ਬੱਸਾਂ ਦੀ ਬਣਤਰ ਉਮਰਾਂ ਤੋਂ ਨਹੀਂ ਬਦਲੀ। ਸਾਡੀ ਆਬਾਦੀ ਵਧ ਕੇ ਏਨੀ ਹੋ ਗਈ ਏ ਕਿ ਭੀੜ ਭੜੱਕੇ ਵਿਚ ਬੱਸ, ਗੱਡੀ ਚੜ੍ਹਨੇ ਵਰਗਾ ਆਮ ਕੰਮ ਵੀ ‘ਸਰਵਾਈਵਲ ਆਫ ਦ ਫਿਟੈਸਟ’ ਵਾਲਾ ਮਸਲਾ ਬਣ ਗਿਐ। ਕਿਥੇ ਰਹਿੰਦੇ ਓ? ਕੀ ਕਰਦੇ ਓ?” ਉਨ੍ਹਾਂ ਪੁੱਛਿਆ।
“ਘਰ ਮੇਰਾ ਲੁਧਿਆਣੇ ਹੈ। ਅੱਜ ਕੱਲ੍ਹ ਕਨੇਡੇ ਪੜ੍ਹਦਾ ਹਾਂ। ਮੇਰਾ ਸਬਜੈਕਟ ਵੈਟਰਨਰੀ ਸਾਇੰਸ ਏ। ਤੁਹਾਡਾ ਕਿੱਤਾ ਕੀ ਏ?’
“ਮੈਂ ਇੰਜੀਨੀਅਰਿੰਗ ਕਾਲਜ ਵਿਚ ਪ੍ਰੋਫੈਸਰ ਆਂ।” ਉਨ੍ਹਾਂ ਮਾਣ ਨਾਲ ਆਖਿਆ। “ਕੈਨੇਡਾ ਕਿੱਥੇ ਰਹਿੰਦੇ ਓ?”
“ਟੋਰਾਂਟੋ ਦੇ ਲਾਗੇ ਨਿੱਕੇ ਜਿਹੇ ਸ਼ਹਿਰ ਗੁਅਲਫ ਵਿਚ ਮੇਰੀ ਯੂਨੀਵਰਸਿਟੀ ਹੈ।” ਮੈਂ ਦਸਿਆ।
“ਮਿਸੀਸਾਗਾ ਕਿਥੇ ਕਰਕੇ ਏ?”
“ਜਿਥੇ ਟੋਰਾਂਟੋ ਦਾ ਏਅਰਪੋਰਟ ਏ।”
“ਹੈਮਿਲਟਨ ਕਿੰਨਾ ਕੁ ਦੂਰ ਏ?”
“ਮੇਰੇ ਸ਼ਹਿਰੋਂ ਪੌਣੇ ਘੰਟੇ ਦੀ ਵਿੱਥ ‘ਤੇ। ਤੁਸੀਂ ਸ਼ਹਿਰਾਂ ਦੇ ਕਿਵੇਂ ਵਾਕਫ ਓ?”
“ਮੇਰੇ ਦੋਸਤ ਰਹਿੰਦੇ ਨੇ ਓਥੇ, ਮੇਰੇ ਆਪਣੇ, ਪਿਆਰੇ!”
“ਏਨੇ ਪਿਆਰੇ ਦੋਸਤਾਂ ਨੂੰ ਤੁਸੀਂ ਮਿਲਣ ਕਦੇ ਨਹੀਂ ਗਏ?”
ਉਹ ਹੱਸ ਪਏ, “ਮਿਲਣਾ ਮਿਲਾਉਣਾ ਕੀ, ਚਾਹੁੰਦਾ ਤਾਂ ਆਪ ਹੀ ਜਾ ਕੇ ਰਹਿ ਸਕਦਾ ਸਾਂ। ਸੰਨ ਸਤੱਤਰ ਵਿਚ ਘਰ ਬੈਠਿਆਂ ਕੈਨੇਡਾ ਦੀ ਇੰਮੀਗ੍ਰੇਸ਼ਨ ਮਿਲੀ ਸੀ, ਮੈਂ ਆਪ ਹੀ ਨਹੀਂ ਗਿਆ।”
“ਓਥੇ ਜਾਣ ਲਈ ਤਾਂ ਲੋਕ ਤਰਲੇ ਲੈਂਦੇ, ਜੀਅ ਜਾਨ ਖਤਰੇ ਵਿਚ ਪਾਉਂਦੇ, ਲੱਖਾਂ ਰੁਪਏ ਰੋੜ੍ਹਦੇ ਨੇ। ਇਕ ਤੁਸੀਂ ਓ…!” ਮੈਂ ਹੈਰਾਨ ਸਾਂ।
“ਬਸ, ਆਪਣੇ ਪਿਤਾ ਜੀ ਕਰਕੇ ਨਹੀਂ ਗਿਆ।”
“ਪਿਤਾ ਹੁਰਾਂ ਨੇ ਮਨ੍ਹਾ ਕੀਤਾ ਸੀ?”
“ਨਹੀਂ, ਅਜਿਹੀ ਕੋਈ ਗੱਲ ਨਹੀਂ। ਮੇਰੇ ਪਿਤਾ ਜੀ ਦੂਜਿਆਂ ਦਾ ਰਾਹ ਪੱਧਰਾ ਕਰਦੇ ਬੰਦੇ ਸਨ, ਰਾਹਾਂ ਰੋਕਣ ਵਾਲੇ ਨਹੀਂ ਸਨ। ਪਿਛਲੇ ਵੇਲਿਆਂ ਦੇ ਹੋ ਕੇ ਵੀ ਉਨ੍ਹਾਂ ਮੈਨੂੰ ਜ਼ਿੰਦਗੀ ਜੀਂਦਿਆਂ ਠੀਕ ਕਿਸਮ ਦੀ ਹਰ ਖੁੱਲ੍ਹ ਦਿੱਤੀ: ਆਪਣਾ ਕਿੱਤਾ ਆਪ ਚੁਣਨ ਦੀ, ਮਿੱਤਰ ਲੱਭਣ, ਘੁੰਮਣ-ਫਿਰਨ ਦੀ, ਵਿਆਹ ਲਈ ਜੀਵਨ-ਸਾਥੀ ਢੂੰਡਣ, ਚੰਗੇ ਮਾੜੇ ਸਭ ਤਜਰਬੇ ਕਰਨੇ ਦੀ।”
“ਫੇਰ ਕਨੇਡੇ ਕਿਉਂ ਨਾ ਗਏ?” ਮੇਰੀ ਗੁੰਝਲ ਹੋਰ ਪੀਡੀ ਹੋ ਗਈ।
“ਮੈਂ ਦੋਂਹ ਵਰ੍ਹਿਆਂ ਦਾ ਸਾਂ ਜਦ ਮੇਰੀ ਮਾਂ ਗੁਜ਼ਰ ਗਈ।” ਇਕ ਪਲ ਲਈ ਉਹ ਰੁਕ ਗਏ, ਜੀਕਰ ਵਗਦੇ ਪਾਣੀ ਅੱਗੇ ਪੱਥਰ ਆ ਜਾਵੇ ਤੇ ਉਹ ਠਹਿਰ ਕੇ ਉਸ ਦੇ ਦੁਆਲਿਉਂ ਰਾਹ ਲੱਭਦਾ ਪਿਆ ਹੋਵੇ; ਫਿਰ ਬੋਲੇ, “ਸਭ ਦੇ ਆਖਣ ‘ਤੇ ਵੀ ਮੇਰੇ ਪਿਤਾ ਨੇ ਹੋਰ ਵਿਆਹ ਨਾ ਕੀਤਾ। ਮੈਨੂੰ ਜਤਨਾਂ ਨਾਲ ਪਾਲਿਆ। ਮੁੰਡਿਆਂ ਨੂੰ ਬਚਪਨ ਵਿਚ ਮਾਂਵਾਂ ਚੌਂਕੇ ਲਾਗੇ ਵੀ ਨਹੀਂ ਲੱਗਣ ਦਿੰਦੀਆਂ। ਜੇ ਖਾਣਾ ਮੁਢਲੀ ਲੋੜ ਹੈ ਤਾਂ ਖਾਣਾ ਪਕਾਉਣਾ ਸਿੱਖਣਾ ਉਸ ਤੋਂ ਪਹਿਲੀ ਲੋੜ ਹੈ। ਮੇਰੇ ਪਿਤਾ ਦਾ ਇਹੋ ਹਾਲ ਸੀ: ਕੁਝ ਵੀ ਕਰਨਾ ਨਹੀਂ ਸੀ ਆਉਂਦਾ ਪਰ ਉਨ੍ਹਾਂ ਨੇ ਮੇਰੀ ਖਾਤਰ ਸਭ ਕੁਝ ਸਿਖਿਆ। ਮੈਨੂੰ ਵੀ ਹਰ ਕੰਮ ਤੇ ਚੱਜ-ਆਚਾਰ ਸਿਖਾਇਆ।”
“ਮੈਨੂੰ ਕਹਿੰਦੇ, ਬੇਟਾ, ਆਪਣੀ ਜ਼ਿੰਦਗੀ ਵਿਚ ਸਾਮਾਨ ਨਹੀਂ, ਸਮਰੱਥਾ ਪੈਦਾ ਕਰਨਾ। ਏਹੋ ਅਸਲੀ ਤਾਕਤ ਹੈ। ਬੰਦਾ ਚੋਰੀਂ ਜਾਂ ਝੂਠੀਂ ਵੀ ਕਿੰਨਾ ਕੁਝ ਹਾਸਲ ਕਰ ਸਕਦੈ ਪਰ ਜੇ ਪੈਦਾ ਕਰਨੇ ਦੀ ਸਮਰੱਥਾ ਹੋਵੇ ਤਾਂ ਇਹ ਕਰਨ ਦੀ ਲੋੜ ਨe੍ਹੀਂ ਰਹਿੰਦੀ, ਨਾ ਹੀ ਜੀਂਦਿਆਂ ਡਰ ਲਗਦਾ ਹੈ। ਭੈ-ਹੀਣ ਬੰਦਾ ਹੀ ਜ਼ਿੰਦਗੀ ਮਾਣ ਸਕਦਾ ਹੈ।”
ਉਨ੍ਹਾਂ ਦੀ ਅਵਾਜ਼ ਬੋਲਦਿਆਂ ਨਿੱਖਰ ਗਈ, ਜਿਵੇਂ ਸਾਜ਼ ਸੁਰ ਹੋ ਗਿਆ ਹੋਵੇ, “ਮੈਨੂੰ ਜਦੋਂ ਕਨੇਡੇ ਦਾ ਵੀਜ਼ਾ ਲੱਗਾ, ਉਦੋਂ ਕੁ ਹੀ ਪਿਤਾ ਜੀ ਨੌਕਰੀਓਂ ਰਿਟਾਇਰ ਹੋਏ ਸਨ। ਜਦ ਮੈਂ ਉਨ੍ਹਾਂ ਨੂੰ ਕਨੇਡੇ ਜਾ ਵੱਸਣ ਨੂੰ ਕਿਹਾ ਤਾਂ ਉਹ ਬੋਲੇ, ਬੇਟਾ, ਮੇਰੀ ਜ਼ਿੰਦਗੀ ਦੇ ਦੋ ਹੀ ਮਕਸਦ ਸਨ: ਆਪਣਾ ਜੀਵਨ ਸੰਭਲ ਕੇ ਜੀਣਾ; ਦੂਜਾ, ਚੰਗਾ ਬੰਦਾ ਬਣਨ ‘ਚ ਤੇਰੀ ਮਦਦ ਕਰਨੀ। ਮਿਹਰ ਹੋਈ ਹੈ ਕੁਦਰਤ ਦੀ, ਮੈਂ ਦੋਵਾਂ ਕੰਮਾਂ ਵਿਚ ਸਫਲ ਰਿਹਾਂ।”
“ਪਰ ਇਹ ਸਭ ਕੁਝ ਕਰਦਿਆਂ ਮੈਂ ਔਖੇ ਵੇਲੇ ‘ਚੋਂ ਲੰਘਿਆ ਹਾਂ। ਕਿੰਨੀਆਂ ਥਾਂਵਾਂ ਬਦਲੀਆਂ ਤੇ ਕੰਮ ਬਦਲੇ, ਹੁਣ ਜਾ ਕੇ ਮੈਨੂੰ ਸੌਖਾ ਸਾਹ ਆਇਆ ਏ। ਨਵੇਂ ਸਿਰੇ ਤੋਂ ਨਵੀਂ ਥਾਉਂ ਜਾ ਕੇ ਰਹਿਣ ਦਾ ਕੰਮ ਮੈਂ ਇਸ ਉਮਰੇ ਨਹੀਂ ਛੇੜਨਾ ਚਾਹੁੰਦਾ। ਪਨੀਰੀ ਜਿਥੇ ਮਰਜ਼ੀ ਲਾ ਦਿਉ ਪਰ ਪੱਕਿਆ ਬੂਟਾ ਓਪਰੀ ਥਾਂਵੇਂ ਖੁਲ੍ਹ ਕੇ ਨਹੀਂ ਪਲਦਾ। ਇਸ ਲਈ ਮੈਨੂੰ ਇਸ ਇਮਤਿਹਾਨੇ ਨਾ ਹੀ ਪਾ।”
“ਮੈਂ ਜੋ ਹਾਸਲ ਕਰਨਾ ਸੀ, ਕਰ ਚੁੱਕਾ। ਹੁਣ ਮੈਂ ਜੀਵਨ ਨੂੰ ਕੁਝ ‘ਹਾਸਲ ਕਰਨ’ ਲਈ ਨਹੀਂ ਜਿਉਣਾ ਚਾਹੁੰਦਾ, ਹੁਣ ਮੈਂ ਇਸ ਨੂੰ ਸਿਰਫ ‘ਜਿਉਣਾ’ ਚਾਹੁੰਦਾ ਹਾਂ। ਹੁਣ ਤਾਂ ਮੈਂ ਬਸ ਉਸ ਦਾ ਅਨੰਦ ਲੈਣਾ ਚਾਹੁੰਨਾਂ, ਜਿਸ ਦੀ ਮੈਨੂੰ ਫੁਰਸਤ ਨਹੀਂ ਜਾਂ ਸਮਝ ਨਹੀਂ ਸੀ।”
“ਮੇਰੀ ਇੱਛਾ ਹੁਣ ਇਹ ਹੈ-ਜਦ ਜੀਅ ਚਾਹੇ ਉਠਾਂ, ਹਲਕੀ ਫੁਲਕੀ ਸੈਰ ਕਰਾਂ, ਬੱਚਿਆਂ ਨਾਲ ਖੇਡਾਂ, ਉਨ੍ਹਾਂ ਨੂੰ ਵੱਡੇ ਹੁੰਦੇ ਤੱਕਾਂ, ਉਨ੍ਹਾਂ ਦੀ ਹੈਰਾਨੀ ਵਿਚ ਹੈਰਾਨ ਹੋਵਾਂ, ਆਪਣੇ ਤਜਰਬੇ ਸਾਂਝੇ ਕਰਾਂ, ਸਰਦੀਆਂ ਵਿਚ ਧੁੱਪੇ ਬੈਠਾਂ, ਚਾਹ ਦੇ ਕੱਪ ਦਾ ਨਸ਼ਾ ਮਾਣਾਂ, ਵਗਦੇ ਪਾਣੀ ਵਿਚ ਪੈਰ ਪਾ ਚਿਰ ਤਕ ਬੈਠਾ ਰਹਾਂ, ਮਿੱਤਰ ਪਿਆਰਿਆਂ ਦੇ ਦੁੱਖ-ਸੁੱਖ ਵਿਚ ਨਾਲ ਖਲੋਵਾਂ, ਘਾਹ ‘ਤੇ ਲੇਟ ਕੇ ਬੱਦਲਾਂ ‘ਚੋਂ ਤਸਵੀਰ ਪਛਾਣਾਂ…।”
“ਇਹ ਕੁਝ ਮੈਨੂੰ ਏਥੇ ਹੀ ਲੱਭ ਪੈਣਾ ਏ। ਮੈਨੂੰ ਦੂਜੀ ਥਾਂਵੇਂ ਜਾਣ ਦੀ ਲੋੜ ਨਹੀਂ ਪਰ ਤੇਰਾ ਹੁਣ ਨਵੀਆਂ ਥਾਂਵਾਂ ਗਾਹੁਣ ਦਾ, ਜੀਵਨ ਨੂੰ ਜਾਣਨ ਦਾ ਵੇਲਾ ਏ। ਤੂੰ ਤਾਂ ਜ਼ਰੂਰ ਈ ਜਾਹ, ਪਰ ਮੇਰੀ ਸੇਵਾ ਲਈ ਆਪਣੀ ਬੀਵੀ ਨੂੰ ਛੱਡ ਕੇ ਨਾ ਜਾਵੀਂ, ਇਸ ਦੀ ਉਮਰ ਵੀ ਖਾਣ ਹੰਢਾਣ ਤੇ ਜੀਣ ਦੀ ਏ। ਮੇਰੀ ਚਿੰਤਾ ਨਾ ਕਰਿਓ। ਮੇਰੇ ਕੋਲ ਪੈਨਸ਼ਨ ਹੈ ਤੇ ਬੱਚਤ ਵੀ। ਮੈਂ ਤੁਹਾਨੂੰ ਦੋਹਾਂ ਨੂੰ ਖੁਸ਼ ਤੇ ਤਰੱਕੀ ਕਰਦਾ ਵੇਖਾਂ, ਜਿਥੇ ਹੋਵੇ ਜਿਵੇਂ ਵਾਪਰੇ ਸੋਈ ਨਿਆਮਤ।”
ਏਨਾ ਆਖ ਉਹ ਚੁੱਪ ਕਰ ਗਏ।
ਮੈਂ ਪੁੱਛਿਆ, “ਤੁਹਾਡੇ ਪਿਤਾ ਤੁਹਾਨੂੰ ਰੋਕਿਆ ਨਹੀਂ ਸੀ, ਫਿਰ ਵੀ ਬਾਹਰ ਕਿਉਂ ਨਾ ਗਏ?”
ਭਿੱਜੀ ਹੋਈ ਅਵਾਜ਼ ‘ਚ ਬੋਲੇ, “ਪਿਤਾ ਕਿਹਾ ਸੀ, ਜਿਸ ਵੀ ਤਰੀਕੇ ਖੁਸ਼ ਰਹਿ ਸਕਦਾਂ, ਸੋਈ ਕਰਾਂ। ਪਿਤਾ ਦੇ ਮੋਹ ਤੇ ਸਾਥ ਬਾਝੋਂ ਮੈਂ ਖੁਸ਼ ਰਹਿ ਹੀ ਨਹੀਂ ਸਾਂ ਸਕਦਾ। ਮੈਂ ਤਾਂ ਜ਼ਿੰਦਗੀ ਬਿਹਤਰ ਕਰਨ ਲਈ ਕਨੇਡੇ ਜਾਣਾ ਚਾਹੁੰਦਾ ਸਾਂ। ਜਿਸ ਜ਼ਿੰਦਗੀ ਵਿਚ ਸਭ ਸਹੂਲਤ ਹੋਵੇ ਪਰ ਖੁਸ਼ੀ ਨਾ ਹੋਵੇ, ਉਸ ਨੂੰ ਬਿਹਤਰ ਕਿੰਜ ਆਖੋਗੇ?”
ਮੈਂ ਆਖਿਆ, “ਬਹੁਤੇ ਲੋਕਾਂ ਨੂੰ ਤਾਂ ਕਨੇਡੇ ਜਾਣਾ ਤਰੱਕੀ ਲਗਦੀ ਹੈ।”
ਉਹ ਬੋਲੇ, “ਜੁੜਨਾ ਤੇ ਜੋੜਨਾ ਤਰੱਕੀ ਏ। ਟੁੱਟ ਕੇ ਜੁੜ ਜਾਣਾ ਹੋਰ ਵੱਡੀ ਗੱਲ ਏ। ਦੁਬਾਰਾ ਜੁੜਨਾ ਹੋਵੇ ਤਾਂ ਟੁੱਟਣਾ ਵੀ ਸਾਰਥਕ ਏ, ਜੁੜਨ ਦੀ ਕੋਸ਼ਿਸ਼ ਵਿਚ ਟੁੱਟਣਾ ਵੀ ਸਹੀ ਏ, ਪਰ ਨਿਰਾ ਟੁੱਟਣਾ ਤਾਂ ਬੇਅਰਥੀ ਜਿਹੀ ਘਟਨਾ ਏ। ਬੰਦੇ ਦੇ ਹਾਲਾਤ ਉਸ ਨੂੰ ਤੋੜਨ ਲਈ ਹਰ ਵੇਲੇ ਤਤਪਰ ਰਹਿੰਦੇ ਨੇ। ਜੁੜਿਆ ਰਹਿਣਾ ਬੰਦੇ ਦਾ ਆਪਣਾ ਕਾਰਜ ਏ। ਪਰਦੇਸ ਰਹਿ ਕੇ ਮੇਰਾ ਮਨ ਹਰ ਵੇਲੇ ਟੁੱਟਿਆ ਖਿਲਰਿਆ ਰਹਿੰਦਾ। ਇਹ ਤਰੱਕੀ ਨਹੀਂ ਸੀ ਹੋਣੀ।”
ਮੈਂ ਪੁੱਛਿਆ, “ਇੰਜ ਨਹੀਂ ਲੱਗਿਆ ਕਿ ਤੁਸੀਂ ਵੱਡੀ ਪ੍ਰਾਪਤੀ ਤੋਂ ਵਾਂਝੇ ਰਹਿ ਗਏ?”
“ਨਹੀਂ, ਇਕ ਦਿਨ ਇਕ ਵਾਰੀ ਵੀ ਨਹੀਂ। ਪੈਸਾ ਜਾਂ ਸਹੂਲਤਾਂ ਇਕੱਠੀਆਂ ਕਰਨਾ ਵਾਕਈ ਹਿੰਮਤ ਵਾਲੀ ਗੱਲ ਏ, ਪਰ ਸਿਰਫ ਏਹੋ ਪ੍ਰਾਪਤੀ ਨਹੀਂ। ਮੇਰੇ ਦੋ ਬੱਚੇ ਨੇ, ਦੋਨੋਂ ਲਾਇਕ ਨੇ। ਪੜ੍ਹੇ ਲਿਖੇ ਨੇ, ਕਾਲਜਾਂ ਵਿਚ ਪੜ੍ਹਾਉਂਦੇ ਨੇ। ਬੇਟਾ ਸ਼ਾਸਤਰੀ ਸੰਗੀਤ ਦਾ ਅਧਿਆਪਕ ਏ, ਬੇਟੀ ਸਮਾਜ ਵਿਗਿਆਨ ਦੀ। ਮੇਰੇ ਨੇੜੇ ਰਹਿਣ ਸਦਕਾ ਪਿਤਾ ਜੀ ਪਿਛਲੀ ਉਮਰੇ ਇਕੱਲੇ ਨਾ ਰਹੇ। ਮੇਰਾ ਪਤਨੀ ਨਾਲ ਸਮਝਦਾਰੀ ਭਰਿਆ ਰਿਸ਼ਤਾ ਏ। ਰੋਜ਼ ਸ਼ਾਮ ਨੂੰ ਘਰ ਪਰਤਣ ਦੀ ਤਾਂਘ ਹੁੰਦੀ ਏ। ਸਾਰੇ ਜੀਅ ‘ਕੱਠੇ ਬਹਿਨੇ ਆਂ, ਦੇਰ ਰਾਤ ਤੱਕ ਗੱਲਾਂ ਹੁੰਦੀਆਂ ਨੇ। ਸਾਡੇ ਵਿਚਾਲੇ ਵਖਰੇਵੇਂ ਵੀ ਨੇ ਪਰ ਵਿਚਾਰਾਂ ਵਿਚ, ਰਿਸ਼ਤੇ ਵਿਚ ਨਹੀਂ। ਕਿੰਨੇ ਸਾਰੇ ਮਿੱਤਰ ਨੇ-ਨੇੜੇ ਵੀ, ਦੂਰ ਵੀ। ਕਦੀ ਕੋਈ ਆ ਜਾਂਦਾ ਏ, ਕਿਸੇ ਕੋਲ ਅਸੀਂ ਜਾ ਆਉਨੇ ਆਂ। ਅੱਜ ਤੁਸੀਂ ਮਿਲ ਗਏ ਹੋ, ਗੱਲਾਂ ਕਰ ਕੇ ਚੰਗਾ ਲੱਗ ਰਿਹਾ ਏ। ਕੀ ਇਹ ਸਭ ਪ੍ਰਾਪਤੀ ਨਹੀਂ?”
ਮੈਂ ਆਖਿਆ, “ਹਾਂ ਹੈ, ਪਰ ਬਹੁਤੇ ਲੋਕ ਰੱਜਵੇਂ ਪੈਸੇ ਖਾਤਰ ਬਾਹਰ ਜਾਂਦੇ ਨੇ। ਕਈਆਂ ਨੂੰ ਲਗਦਾ ਏ ਕਿ ਏਥੇ ਉਨ੍ਹਾਂ ਦੇ ਬੱਚਿਆਂ ਦਾ ਭਵਿਖ ਸੁਰੱਖਿਅਤ ਨਹੀਂ।”
ਉਹ ਬੋਲੇ, “ਮੈਂ ਹੁਣ ਜੋ ਕਮਾਉਂਦਾ ਹਾਂ, ਉਸ ਤੋਂ ਵਧ ਏਥੇ ਰਹਿੰਦਿਆਂ ਵੀ ਕਰ ਸਕਦਾ ਸਾਂ। ਮੇਰੀ ਪਤਨੀ ਪੜ੍ਹੀ ਲਿਖੀ ਏ ਪਰ ਉਸ ਨੇ ਨੌਕਰੀ ਨਹੀਂ ਕੀਤੀ। ਸਾਡਾ ਵਿਆਹ ਦੇ ਪਹਿਲੇ ਦਿਨ ਇਕਰਾਰ ਹੋ ਗਿਆ ਸੀ। ਮੈਂ ਕਈ ਲੋਕਾਂ ਨੂੰ ਤੱਕਿਆ ਸੀ, ਇਕੋ ਛੱਤ ਹੇਠਾਂ ਰਹਿੰਦੇ ਸਨ, ਫਿਰ ਵੀ ਘਰ ਦੇ ਬੰਦੇ ਨਿਖੜੇ ਰਹਿੰਦੇ ਸਨ। ਮੈਂ ਨਹੀਂ ਸਾਂ ਚਾਹੁੰਦਾ ਕਿ ਜ਼ਿੰਦਗੀ ਆਰਥਕ ਪੱਖੋਂ ਤਕੜੀ ਹੁੰਦੀ ਸਾਨੂੰ ਇਕ ਦੂਜੇ ਤੋਂ ਜਾਂ ਬੱਚਿਆਂ ਤੋਂ ਹੀ ਵੱਖਰਾ ਕਰ ਦੇਵੇ। ਅਸੀਂ ਇਕੋ ਤਨਖਾਹ ਵਿਚ ਸਾਦਾ ਰਹਿ ਕੇ ਜੀਣ ਦਾ ਫੈਸਲਾ ਕੀਤਾ। ਬੱਚਿਆਂ ਨੂੰ ਕਈ ਸੁੱਖ-ਸਹੂਲਤਾਂ ਨਾ ਦੇ ਹੋਈਆਂ, ਪਰ ਅਸੀਂ ਉਨ੍ਹਾਂ ਨੂੰ ਆਪਣੀ ਪੂਰੀ ਤਵੱਜੋ ਦਿੱਤੀ। ਕਿੰਨਾ ਵੀ ਪੈਸਾ ਹੋਵੇ, ਤਵੱਜੋ ਦੀ ਥਾਂ ਨਹੀਂ ਲੈ ਸਕਦਾ। ਅਸੀਂ ਉਨ੍ਹਾਂ ਨੂੰ ਜੋ ਨਹੀਂ ਦਿੱਤਾ, ਉਹ ਸਭ ਉਨ੍ਹਾਂ ਨੂੰ ਆਪੇ ਹਾਸਲ ਕਰਨ ਦੇ ਜੋਗ ਬਣਾਇਆ। ਕੀ ਪਤਾ, ਪਰਦੇਸ ਜਾ ਕੇ ਰੋਜ਼ੀ-ਰੋਟੀ ਦੇ ਭੰਬਲਭੂਸੇ ਵਿਚ ਪੈ ਕੇ ਅਸੀਂ ਇਹ ਸਭ ਕੁਝ ਨਾ ਕਰ ਸਕਦੇ। ਉਂਜ ਥੋੜ੍ਹੀ ਜਿਹੀ ਆਰਥਕ ਤੰਗੀ ਵਿਚ ਪਲਣਾ ਮਾੜੀ ਗੱਲ ਨਹੀਂ, ਬੱਚਾ ਜ਼ਿੰਦਗੀ ਦੀ ਅਸਲੀਅਤ ਨੇੜਿਓਂ ਵੇਖਣ ਲੱਗ ਪੈਂਦਾ ਏ।”
“ਪਰ ਕੀ ਤੁਹਾਡੀ ਪਤਨੀ ਨੂੰ ਪੜ੍ਹ-ਲਿਖ ਕੇ ਵੀ ਘਰ ਰਹਿਣਾ ਬੁਰਾ ਨਹੀਂ ਲੱਗਾ?” ਮੈਂ ਪੁੱਛਿਆ।
“ਘਰ ਲਈ ਸਮਾਨ ਮੁਹੱਈਆ ਕਰਨਾ, ਜਾਂ ਘਰ ਨੂੰ ਚਲਾਉਣਾ- ਇਕੋ ਜਿਹੀ ਮਿਹਨਤ ਦੇ ਕੰਮ ਨੇ। ਅਸੀਂ ਮਰਦਾਂ ਨੇ ਬੱਜਰ ਗਲਤੀ ਇਹ ਕੀਤੀ ਕਿ ਕਮਾਉਣ ਨੂੰ ਹੀ ਸਾਰੀ ਮਹੱਤਤਾ ਦੇ ਛੱਡੀ, ਘਰ ਨੂੰ ਚਲਾਉਣ ਵਾਲੀ ਦਾ ਦਰਜਾ ਨੀਵਾਂ ਆਖਣ ਲੱਗ ਪਏ। ਸਾਡੇ ਘਰ ਇੰਜ ਨਹੀਂ। ਮੇਰੀ ਪਤਨੀ ਮਾਣ ਤਾਣ ਪੱਖੋਂ ਮੈਥੋਂ ਘੱਟ ਨਹੀਂ। ਘਰ ਦੇ ਫੈਸਲਿਆਂ ਵਿਚ ਉਹ ਬਰਾਬਰ ਦੀ ਹਿੱਸੇਦਾਰ ਏ। ਇਸ ਕਰਕੇ ਉਸ ਨੂੰ ਘਰ ਰਹਿਣਾ ਕਦੇ ਆਪਣਾ ਅਪਮਾਨ ਨਹੀਂ ਲੱਗਾ। ਉਸ ਦੇ ਜਤਨ ਤੇ ਸਿਆਣਪ ਬਾਝੋਂ ਅਸੀਂ ਸਹਿਜ, ਸਾਵੇਂ ਤੇ ਚੰਗੇ ਤਰੀਕੇ ਨਾਲ ਨਾ ਰਹਿ ਸਕਦੇ, ਨਾ ਕੁਝ ਬਣ ਸਕਦੇ।”
ਮੈਂ ਪੁੱਛਿਆ, “ਇਸ ਗੱਲ ਦਾ ਉਸ ਨੂੰ ਪਤਾ ਹੈ?”
ਉਹ ਮੁਸਕਰਾਏ, “ਇਸ ਗੱਲ ਦਾ ਅਹਿਸਾਸ ਅਸੀਂ ਖੁਦ ਕਰਦੇ ਹਾਂ, ਉਸ ਨੂੰ ਵੀ ਦੱਸਦੇ ਰਹਿੰਦੇ ਹਾਂ, ਵਰਨਾ ਉਸ ਨੂੰ ਕਿੰਜ ਪਤਾ ਲੱਗੇਗਾ?”
ਮੇਰੀ ਜਗਿਆਸਾ ਹਾਲੇ ਸ਼ਾਂਤ ਨਹੀਂ ਸੀ, “ਤੁਸੀਂ ਆਪਣੇ ਪਿਤਾ, ਪਤਨੀ, ਬੱਚਿਆਂ ਦੀਆਂ ਸਫਲਤਾਵਾਂ ਗਿਣਾਈਆਂ ਨੇ। ਤੁਹਾਡਾ ਆਪਣਾ ਕੈਰੀਅਰ ਵੀ ਬਾਹਰ ਜਾ ਕੇ ਫਲ-ਫੁਲ ਸਕਦਾ ਸੀ।”
ਮੇਰੀ ਗੱਲ ਦਾ ਉਤਰ ਦਿੰਦਿਆਂ ਉਨ੍ਹਾਂ ਦੀਆਂ ਅੱਖਾਂ ਵਿਚ ਜੋ ਲਿਸ਼ਕ ਪਈ, ਉਹ ਮੈਨੂੰ ਹਾਲੇ ਵੀ ਯਾਦ ਹੈ, “ਅਠਾਰਾਂ ਵਰ੍ਹਿਆਂ ਤੋਂ ਮੈਂ ਪੜ੍ਹਾ ਰਿਹਾਂ। ਮੇਰੇ ਲਈ ਪੜ੍ਹਾਉਣਾ ਸਿਰਫ ਰੁਜ਼ਗਾਰ ਨਹੀਂ, ਸ਼ੌਕ ਵੀ ਹੈ। ਨੇਮ ਨਾਲ ਮੰਦਿਰ ਨਹੀਂ ਜਾਂਦਾ ਪਰ ਨੇਮ ਨਾਲ ਕੰਮ ‘ਤੇ ਜਾਂਦਾ ਹਾਂ। ਸਵੇਰੇ ਕੰਮ ‘ਤੇ ਜਾਣ ਦੀ ਕਾਹਲ ਹੁੰਦੀ ਹੈ, ਪਰਤਣ ਲੱਗਿਆਂ ਡੂੰਘੀ ਤਸੱਲੀ। ਮੇਰੇ ਕਿੰਨੇ ਹੀ ਵਿਦਿਆਰਥੀ ਘਰ ਆਏ ਰਹਿੰਦੇ ਨੇ। ਕਿਸੇ ਦੀ ਸਮੱਸਿਆ ਪੜ੍ਹਾਈ ਮੁਤੱਲਕ ਹੁੰਦੀ ਏ, ਕੋਈ ਮੇਰੇ ਨਾਲ ਬੈਠ ਜ਼ਾਤੀ ਮੁਸ਼ਕਿਲ ਹੱਲ ਕਰਦਾ ਏ। ਮੇਰਾ ਟੱਬਰ ਮੇਰੇ ਘਰ ਦੀ ਚਾਰ-ਦੀਵਾਰੀ ਅੰਦਰ ਹੀ ਨਹੀਂ, ਬਾਹਰ ਵੀ ਏ। ਮੇਰੇ ਪੜ੍ਹਾਏ ਕਿੰਨੀ ਹੀ ਬੱਚਿਆਂ ਨੇ ਪੁਲ ਬਣਾਏ, ਨਹਿਰਾਂ ਕੱਢੀਆਂ, ਮਸ਼ੀਨਾਂ ਘੜੀਆਂ ਹੋਣਗੀਆਂ, ਕਿੰਨੇ ਬੜੇ ਕੰਮ ਕੀਤੇ ਹੋਣਗੇ, ਜਿਨ੍ਹਾਂ ਨਾਲ ਆਲਾ ਦੁਆਲਾ ਉਸਰਿਆ ਏ। ਜਦੋਂ ਉਹ ਇਹ ਕੰਮ ਕਰਦੇ ਨੇ, ਤਾਂ ਅਚਨਚੇਤ ਹੀ ਉਸ ਵਿਚ ਮੈਂ ਵੀ ਕਿਧਰੇ ਸ਼ਾਮਲ ਹੁੰਨਾਂ! ਮੇਰਾ ਕਾਰਜ ਮੈਨੂੰ ਜਿਉਂਦਾ ਰਖਦਾ ਏ ਤੇ ਮੇਰੇ ਆਲੇ ਦੁਆਲੇ ਨੂੰ ਵੀ। ਮੈਨੂੰ ਆਪਣੇ ਕੈਰੀਅਰ ਵਿਚ ਤਸੱਲੀ ਹੈ।”
ਮੈਂ ਪੁੱਛਿਆ, “ਕੀ ਬਾਹਰ ਜਾਣਾ ਗਲਤੀ ਹੈ? ਸਭ ਨੂੰ ਏਥੇ ਰਹਿਣਾ ਚਾਹੀਦੈ?”
ਉਹ ਮਾਫੀ ਦੀ ਸੁਰ ਵਿਚ ਬੋਲੇ, “ਮੈਨੂੰ ਗਲਤ ਨਾ ਸਮਝੋ। ਬਾਹਰ ਜਾ ਕੇ ਵਸਣਾ ਨਾ ਤਾਂ ਮਾੜੀ ਗੱਲ ਹੈ, ਨਾ ਸੌਖੀ। ਪੱਛਮੀ ਮੁਲਕ ਉਚੇਰੀ ਵਿਦਿਆ ਤੇ ਬਿਹਤਰ ਟੈਕਨੋਲੋਜੀ ਨੂੰ ਸਿੱਖਣ, ਸਮਝਣ ਤੇ ਮਾਣਨ ਦਾ ਖੁਲ੍ਹਾ ਮੌਕਾ ਦਿੰਦੇ ਨੇ। ਮੈਂ ਇੰਜੀਨੀਅਰ ਹਾਂ, ਟੈਕਨੋਲੋਜੀ ਮੇਰਾ ਧਰਮ ਹੈ। ਪੱਛਮ ਦੀ ਟੈਕਨੋਲੋਜੀ, ਸਿਸਟਮ, ਵਿਦਿਆ ਤੇ ਉਨ੍ਹਾਂ ਦੀ ਪਦਾਰਥਕ ਤਰੱਕੀ ਲਈ ਮੇਰੇ ਮਨ ਵਿਚ ਆਦਰ ਈ ਨਹੀਂ ਸਗੋਂ ਸ਼ਰਧਾ ਦਾ ਅਹਿਸਾਸ ਹੈ।”
“ਦੂਜੀ ਗੱਲ, ਹਰ ਬੰਦੇ ਨੇ ਆਪਣੀ ਮੁਸ਼ਕਿਲ ਆਪੇ ਝੱਲਣੀ, ਆਪੇ ਹੱਲ ਕਰਨੀ ਹੁੰਦੀ ਏ। ਥਾਂਵਾਂ ਬਦਲਿਆਂ ਜ਼ਿੰਦਗੀ ਵਿਚੋਂ ਝੇੜੇ ਝਾਂਜੇ ਮੁੱਕ ਨਹੀਂ ਜਾਂਦੇ। ਹਾਂ, ਕਈ ਵਾਰੀ ਉਨ੍ਹਾਂ ਦਾ ਰੂਪ ਬਦਲ ਜਾਂਦੈ; ਤੇ ਸਾਡੀ ਸਮਰੱਥਾ ਬਦਲੇ ਹੋਏ ਸਰੂਪ ਨੂੰ ਸੌਖਿਆਂ ਨਜਿੱਠਣਾ ਜਾਣਦੀ ਹੈ। ਇਸੇ ਕਰਕੇ ਬਾਹਰ ਜਾ ਕੇ ਕਈ ਬੰਦਿਆਂ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਏ। ਜਿਥੇ ਜੀਅ ਕੇ ਜੀਣ ਵਿਚੋਂ ਰੱਜ ਆਵੇ ਤੇ ਮੁੜ ਮੁੜੇ ਜੀਣ ਚਿਤ ਕਰੇ, ਓਥੇ ਵਸਣਾ ਚਾਹੀਦਾ ਏ। ਸਭ ਨੇ ਆਪੋ ਆਪਣਾ ਜੀਣੈ। ਇਸ ਲਈ ਕਿਥੇ ਵੱਸਣੈ, ਇਹ ਫੈਸਲਾ ਵੀ ਸਭ ਨੇ ਆਪੇ ਕਰਨੈ।”
ਮੈਂ ਕਿਹਾ, “ਆਪਣੇ ਮੁਲਕ ਦੀ ਹਾਲਤ ਏਨੀ ਭੈੜੀ ਹੈ। ਚੰਗੇ ਹੋਣਾ ਜੁਰਮ ਹੋ ਗਿਆ ਹੈ। ਇਕੋ ਮੁਲਕ ਦਾ ਵਾਸੀ ਹੋ ਕੇ ਵੀ ਕੋਈ ਬੰਦਾ ਨਾ ਤਾਂ ਹਰ ਥਾਂ ਪੜ੍ਹ ਸਕਦਾ ਹੈ, ਨਾ ਹੀ ਰੋਜ਼ੀ ਲੱਭ ਸਕਦਾ ਹੈ। ਕੰਮ ਜਾਣਨਾ, ਕੰਮ ਲੱਭਣ ਦੀ ਸ਼ਰਤ ਨਹੀਂ ਰਹੀ, ਹੁਣ ਤਾਂ ਭ੍ਰਿਸ਼ਟ ਹੋਣਾ ਹੀ ਗੁਣ ਹੈ। ਚੰਗਾ ਬੰਦਾ ਇਸ ਨਾਲ ਨਾ ਤਾਂ ਸਮਝੌਤਾ ਕਰ ਸਕਦਾ ਹੈ, ਨਾ ਹੀ ਇਸ ਨੂੰ ਬਦਲ ਸਕਣ ਦੀ ਤਾਕਤ ਉਸ ਇਕੱਲੇ ਵਿਚ ਹੈ। ਕੀ ਇਹ ਸਭ ਉਦਾਸ ਨਹੀਂ ਕਰਦਾ? ਮੇਰੇ ਕਈ ਮਿੱਤਰਾਂ ਨੂੰ ਪੈਸੇ ਜਾਂ ਸੁੱਖ ਸਹੂਲਤ ਦੀ ਭੁੱਖ ਨਹੀਂ, ਇਨ੍ਹਾਂ ਹਾਲਾਤ ਤੋਂ ਤੰਗ ਆ ਕੇ ਬਾਹਰ ਵੱਲ ਨੂੰ ਮੂੰਹ ਕਰ ਲਿਆ ਹੈ। ਕੀ ਇਸ ਕਰਕੇ ਬਾਹਰ ਜਾਣ ਨੂੰ ਕਦੀ ਤੁਹਾਡੇ ਜੀਅ ਨਹੀਂ ਕੀਤਾ?”
ਉਹ ਬੋਲੇ, “ਸੁਣਦੇ ਸਾਂ, ‘ਜੈਸਾ ਰਾਜਾ ਵੈਸੀ ਪਰਜਾ।’ ਮੈਂ ਸੋਚਦਾ ਸਾਂ ਕਿ ਆਮ ਇਨਸਾਨ ਤਾਂ ਭੋਲਾ ਹੁੰਦੈ, ਸਾਡਾ ਘਾਣ ਸਿਆਸਤਦਾਨ ਕਰਦੇ ਨੇ ਪਰ ਜਿਸ ਦਿਨ ਦੀ ਲੱਖ ਲੋਕਾਂ ਨੇ ਰਲ ਕੇ ਬਾਬਰੀ ਮਸਜਿਦ ਢਾਹੀ ਏ, ਮੈਨੂੰ ਜਾਪਣ ਲੱਗਾ ਏ, ਜੈਸੀ ਪਰਜਾ ਵੈਸਾ ਰਾਜਾ।”
“ਮੇਰੇ ਵਰਗੇ ਆਮ ਤੇ ਮਾੜੇ ਬੰਦੇ ਨੂੰ ਤਾਂ ਏਸ ਸਿਸਟਮ ਦੇ ਭੈੜੇ ਗੁਰ ਵੀ ਨਹੀਂ ਆਉਂਦੇ। ਸਰਕਾਰੀ ਦਫਤਰ ਵਿਚ ਕੰਮ ਮਹੀਨਿਆਂ ਬੱਧੀ ਰੁਕਿਆ ਰਹਿੰਦੈ। ਤੰਗ ਆ ਕੇ ਰਿਸ਼ਵਤ ਦੇਣੀ ਪੈ ਹੀ ਜਾਏ ਤਾਂ ਕਿੰਨੇ ਦਿਨ ਤੱਕ ਆਪਣੇ ਹੱਥ ਨਾਲ ਆਪਣੇ ਮੂੰਹ ਵਿਚ ਰੋਟੀ ਪਾਉਣ ਨੂੰ ਜੀਅ ਨਹੀਂ ਕਰਦਾ।”
“ਇਹੋ ਸੋਚ ਕੇ ਜ਼ਿੰਦਗੀ ਭਰ ਰਾਹ ਨਹੀਂ ਬਦਲਿਆ ਕਿ ਹਾਲਾਤ ਤਾਂ ਤੱਕੜੀ ਵਰਗੇ ਹੁੰਦੇ ਨੇ। ਕੀ ਹੋਇਆ ਜੇ ਤੱਕੜੀ ਮਾੜੇ ਪਾਸੇ ਝੁਕਦੀ ਜਾ ਰਹੀ ਏ! ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਆਪਣਾ ਭਾਰ ਈ ਚੰਗੇ ਪਾਸੇ ਪਾਉਂਦੇ ਰਹੀਏ। ਏਸ ਦੇ ਉਲਰ ਜਾਣ ਵਿਚ ਦੇਰੀ ਤਾਂ ਕਰੀਏ, ਖੌਰੇ ਏਨੇ ਚਿਰ ਵਿਚ ਹੱਲ ਨਿਕਲ ਹੀ ਆਵੇ! ਲੜ ਨਹੀਂ ਸਕਦੇ ਤਾਂ ਭੈੜੇ ਬੰਦਿਆਂ ਦਾ ਸਾਥ ਤਾਂ ਨਾ ਦੇਈਏ। ਬਾਹਰ ਜਾ ਕੇ ਵੱਸਣ ਦੀ ਜਦੋਜਹਿਦ ਕਿਹੜਾ ਘੱਟ ਹੋਣੀ ਸੀ? ਏਥੇ ਰਹਿ ਕੇ ਏਹੋ ਸਾਡੇ ਯੁੱਧ ਸਹੀ!”
ਮੈਂ ਪੁੱਛਿਆ, “ਅਜਿਹੇ ਹਾਲਾਤ ਜਾਂ ਸਮਾਜ ‘ਚ ਜੀਣਾ ਤੁਹਾਨੂੰ ਕਦੇ ਅਪਮਾਨ ਵਰਗਾ ਨਹੀਂ ਲੱਗਾ?”
ਉਹ ਬੋਲੇ, “ਸਮਾਜ ਕਹੋ ਜਾਂ ਆਲਾ ਦੁਆਲਾ, ਇਹ ਤਾਂ ਛੱਤ ਵਰਗਾ ਹੁੰਦਾ ਹੈ, ਹਰ ਬੰਦੇ ਦੇ ਸਿਰ ‘ਤੇ ਹਰ ਪਲ ਪਸਰਿਆ ਰਹਿੰਦੈ। ਛੱਤ ਭਾਵੇਂ ਕਿੱਡੀ ਵੀ ਹੋਵੇ, ਭਾਰ ਹਮੇਸ਼ਾ ਗਿਣੇ ਚੁਣੇ ਥੰਮ੍ਹਿਆਂ ਉਤੇ ਈ ਹੁੰਦੈ। ਅਸੀਂ ਅਜਿਹੇ ਕਿਸੇ ਥੰਮ੍ਹ ਦੀ ਇੱਟ ਹੀ ਸਹੀ! ਜਿਉਂਦੇ ਰਹਿਣ ਲਈ ਸਾਨੂੰ ਏਨਾ ਮਾਣ ਬਥੇਰਾ ਏ!!”
ਮੈਂ ਕਿਹਾ, “ਬੰਦਾ ਆਪਣੇ ਲਈ ਵੀ ਜੀਣਾ ਚਾਹੁੰਦਾ ਹੈ ਤੇ ਦੂਜਿਆਂ ਲਈ ਵੀ। ਕਈ ਵਾਰੀ ਦੋਹਾਂ ਗੱਲਾਂ ਵਿਚ ਮੇਲ ਨਹੀਂ ਬਹਿੰਦਾ। ਉਦੋਂ ਸਮਝ ਨਹੀਂ ਆਉਂਦੀ ਕਿ ਬੰਦਾ ਆਪਣੇ ਲਈ ਜੀਵੇ ਕਿ ਹੋਰਨਾਂ ਦਾ ਫਿਕਰ ਕਰੇ।”
ਬੜੀ ਤਸੱਲੀ ਨਾਲ ਉਹ ਬੋਲੇ, “ਮੈਂ ਇਹ ਸਭ ਕੁਝ ਆਪਣੇ ਲਈ ਹੀ ਕੀਤਾ ਏ। ਮੈਂ ਬਸ ਓਹੀਓ ਕੀਤਾ ਜੋ ਕਰਕੇ ਮੈਂ ਵੰਡਿਆ ਨਾ ਜਾਵਾਂ। ਮਨ ਸਾਫ, ਸ਼ਾਂਤ ਤੇ ਇਕਸੁਰ ਹੋਵੇ ਤਾਂ ਜੀਣ ਦਾ ਮਜ਼ਾ ਹੋਰ ਏ!”
ਉਨ੍ਹਾਂ ਦੇ ਬੁਲ੍ਹਾਂ ‘ਤੇ ਆਈ ਮੁਸਕਾਣ ਜਿਵੇਂ ਹਰ ਨਸ਼ਤਰ ਖੁੰਢਾ ਕਰ ਸਕਦੀ ਸੀ।
ਮੈਂ ਪੁੱਛਿਆ, “ਤੇਰਾਂ ਸਾਲ ਪੰਜਾਬ ‘ਚ ਅੱਤ ਦੀ ਹਿੰਸਾ ਹੋਈ। ਕਹਿੰਦੇ ਕਹਾਉਂਦੇ ਸਰਦਾਰਾਂ ਵੀ ਘਰ ਛਡ ਕੇ ਪਰਦੇਸ ਵਿਚ ਸ਼ਰਨਾਂ ਜਾ ਮੰਗੀਆਂ। ਤੁਸੀਂ ਹਿੰਦੂ ਹੋ, ਤੁਹਾਨੂੰ ਵੀ ਕੋਈ ਟੁੱਕ ਸਕਦਾ ਸੀ। ਉਨ੍ਹਾਂ ਔਖੇ ਦਿਨਾਂ ਵਿਚ ਵੀ ਨਹੀਂ ਲੱਗਾ, ਬਾਹਰ ਨਾ ਜਾ ਕੇ ਗਲਤੀ ਕੀਤੀ?”
ਉਹ ਪੀੜ ਭਰੀ ਅਵਾਜ਼ ‘ਚ ਬੋਲੇ, “ਆਮ ਇਨਸਾਨ ਹਾਂ ਮੈਂ, ਟੱਬਰ ਬਾਲਾਂ ਬੱਚਿਆਂ ਵਾਲਾ। ਵਲੀ-ਔਲੀਆ ਨਹੀਂ ਕਿ ਡਰ ਨਾ ਲਗਦਾ। ਐਵੇਂ ਕਿਸੇ ਦਿਨ ਬਸ ‘ਚੋਂ ਲਾਹ ਕੇ ਮੈਨੂੰ ਵੀ ਮਾਰ ਦੇਣਗੇ, ਮੇਰੀ ਬੇ-ਉਮੀਦੀ ਸੀ ਪਰ ਹਰ ਬੰਦਾ ਥੋੜ੍ਹਾ ਈ ਧਰਤੀ ਤੋਂ ਪੂੰਝਿਆ ਜਾ ਸਕਦਾ ਏ? ਦੁਨੀਆਂ ਦੇ ਸਾਰੇ ਜਾਲ ਰਲ ਕੇ ਵੀ ਇਕੋ ਵਾਰੀ ਸਾਰਾ ਸਾਗਰ ਜਿਉਂਦੀਆਂ ਜਾਨਾਂ ਤੋਂ ਖਾਲੀ ਨਹੀਂ ਕਰ ਸਕਦੇ। ਹੋਰ ਹਜ਼ਾਰਾਂ ਵਾਂਗਰ ਮੈਂ ਵੀ ਬਚ ਨਿਕਲਾਂਗਾ, ਇਹੋ ਮੇਰੀ ਉਮੀਦ ਸੀ। ਬੇ-ਉਮੀਦੀ ਸਾਹਵੇਂ ਮੈਂ ਉਮੀਦ ਨੂੰ ਚੁਣਿਆ।”
ਫਿਰ ਬੱਚਿਆਂ ਵਰਗੀ ਮਾਸੂਮੀਅਤ ਨਾਲ ਹੱਸੇ, “ਵੇਖੋ, ਲੋਕੀਂ ਪਾਰਟੀਆਂ ਨੂੰ ਵੋਟਾਂ ਪੌਂਦੇ ਨੇ, ਅਸਾਂ ਉਮੀਦ ਨੂੰ ਵੋਟ ਪਾਈ ਸੀ, ਉਹੀਓ ਜਿੱਤੀ। ਹਾਲਾਤ ਬਦਲ ਗਏ ਨੇ, ਆਪਾਂ ਜਿਉਂਦੇ ਜਾਗਦੇ ਹਾਂ, ਇਕ ਦੂਜੇ ਦੇ ਸਾਹਵੇਂ ਹਾਂ, ਗੱਲਾਂ ਕਰਦੇ ਪਏ ਹਾਂ।”
ਮੈਂ ਪੁੱਛਿਆ, “ਪਰ ਤੁਹਾਡੇ ਪਿਤਾ ਜੀ ਉਸ ਬੁਰੇ ਹਾਲ ਵਿਚ ਕੀ ਕਹਿੰਦੇ ਸਨ? ਕੀ ਉਨ੍ਹਾਂ ਦਾ ਪੰਜਾਬ ਛੱਡ ਕੇ ਜਾਣ ਨੂੰ ਜੀਅ ਨਹੀਂ ਕੀਤਾ?”
“ਉਹ ਕਹਿੰਦੇ ਸਨ, ਮੇਰਾ ਤੇ ਪੰਜਾਬ ਦੀ ਇਸ ਧਰਤੀ ਦਾ ਰਿਸ਼ਤਾ ਮੈਂ, ਮੇਰੇ ਬਚਪਨ, ਤੇ ਮੇਰੀ ਮਿੱਟੀ ਨੇ ਰਲ ਕੇ ਜੋੜਿਆ ਏ। ਰਿਸ਼ਤੇ ਵਿਚ ਪੱਗ ਵਟਾਈ ਜਾਂਦੀ ਏ ਪਰ ਨਿਰਾ ਪੱਗਾਂ ਕਰਕੇ ਰਿਸ਼ਤਾ ਨਹੀਂ ਬਣਦਾ। ਨਾ ਬੰਦਿਆਂ ਨਾਲ, ਨਾ ਧਰਤੀ ਨਾਲ। ਰਿਸ਼ਤੇ ਮੋਹ ਨਾਲ ਬਣਦੇ ਨੇ। ਮੈਨੂੰ ਕਿਸੇ ਚੁਰਾਹੇ ਖੜ੍ਹ ਕੇ ਕਿਸੇ ਅੱਗੇ ਆਪਣੀ ਧਰਤੀ ਲਈ ਆਪਣੇ ਮੋਹ ਨੂੰ ਸਾਬਤ ਕਰਨ ਦੀ ਲੋੜ ਨਹੀਂ। ਨਾਲੇ ਜਿਨ੍ਹਾਂ ਦੇ ਸਿਰਾਂ ‘ਤੇ ਪੱਗਾਂ ਸਨ, ਉਹ ਵੀ ਸਾਡੇ ਆਪਣੇ ਹੀ ਹਨ! ਉਨ੍ਹਾਂ ਨੂੰ ਕਿਹੜਾ ਸਾਡੇ ਨਾਲੋਂ ਘੱਟ ਖਤਰਾ ਸੀ? ਬੰਦਾ ਚਾਹੇ ਨਿਹੱਥਾ ਹੋਵੇ, ਭੀੜ ਪਵੇ ਤਾਂ ਆਪਣੀ ਮਾਂ, ਆਪਣੇ ਭੈਣ-ਭਰਾਵਾਂ ਮਿੱਤਰਾਂ-ਪਿਆਰਿਆਂ ਨਾਲ ਖਲੋਂਦਾ ਏ ਕਿ ਭੱਜ ਟੁਰਦਾ ਏ?”
ਮੈਂ ਕਿਹਾ, “ਕਤਲੋਗਾਰਤ ਮੁੱਕ ਗਈ ਏ। ਹੁਣ ਤਾਂ ਤੁਹਾਡੇ ਬਜੁਰਗਾਂ ਨੂੰ ਵੀ ਸੁੱਖ ਦਾ ਸਾਹ ਆਇਆ ਹੋਣੈ…।”
ਡੂੰਘਾ ਸਾਹ ਲੈ ਕੇ ਉਹ ਬੋਲੇ, “ਪਿਤਾ ਨਹੀਂ ਰਹੇ। ਅਮਨ ਅਮਾਨ ਤੋਂ ਪਹਿਲਾਂ ਹੀ ਉਹ ਸੰਨ ਉਨਾਨਵੇਂ ਵਿਚ ਗੁਜ਼ਰ ਗਏ।”
ਇਕ ਗੱਡੀ ਸੀ, ਖਿਆਲਾਂ ਦੀ। ਕਿੰਨੇ ਹੀ ਚਿਰ ਤੋਂ ਮੈਂ ਤੇ ਉਹ ਇਸ ਉਤੇ ਸਹਿਜ ਸਫਰ ਕਰ ਰਹੇ ਸਾਂ। ਇਸ ਗੱਡੀ ਦੇ ਇਕ ਪਾਸੇ ਦੇ ਪਹੀਏ ਮੇਰੇ ਸੁਆਲਾਂ ਦੇ ਸਨ, ਦੂਜੇ ਪਾਸੇ ਦੇ ਉਨ੍ਹਾਂ ਦੀਆਂ ਗੱਲਾਂ ਦੇ। ਜਿਉਂ ਜਿਉਂ ਗੱਡੀ ਚੱਲ ਰਹੀ ਸੀ, ਸੁੰਦਰ ਦਿਸਹੱਦਾ ਮੇਰੀਆਂ ਅੱਖਾਂ ਅੱਗੇ ਉਦੈ ਹੋ ਰਿਹਾ ਸੀ। ਉਸ ਦੁਮੇਲ ‘ਤੇ ਉਨ੍ਹਾਂ ਦੇ ਪਿਤਾ ਦਾ ਚਿਹਰਾ ਸੂਰਜ ਵਾਂਗੂੰ ਚਮਕ ਰਿਹਾ ਸੀ।
ਚਾਣਚੱਕ ਹੀ ਜ਼ੋਰ ਦਾ ਧੱਕਾ ਲੱਗਾ, ਸਾਰੇ ਪਹੀਏ ਇਕ ਦੂਜੇ ਵਿਚ ਰਲਗੱਡ ਹੋ ਗਏ, ਸੂਰਜ ਡੁੱਬ ਗਿਆ, ਦਿਸਹੱਦਾ ਲੁਪਤ ਹੋ ਗਿਆ। ਹਵਾ ‘ਚ ਉਡਦਾ ਖੰਭ ਖੁਰਦਰੀਆਂ ਟਹਿਣੀਆਂ ਵਿਚ ਫਸ ਕੇ ਲੀਰੋ ਲੀਰ ਹੋ ਗਿਆ।
ਕਿੰਨਾ ਚਿਰ ਅਸੀਂ ਚੁੱਪ ਰਹੇ। ਇਹ ਸ਼ਰਧਾਂਜਲੀ ਵਰਗਾ ਮੌਨ ਸੀ। ਵਿਦਾਇਗੀ, ਜਿਸ ਦੇ ਅਦਬ ਨੂੰ ਕੋਈ ਲਫਜ਼ ਨਹੀਂ ਸੀ ਪੁਜਦਾ।
ਜਿਹੜਾ ਦਾਇਰਾ ਸ਼ੁਰੂ ਹੋਇਆ ਸੀ, ਪੂਰਾ ਹੋ ਗਿਆ। ਮੇਰਾ ਸੰਸਾ ਜਿਥੋਂ ਤੁਰਿਆ, ਅਨੰਤ ਮੁਕਾਮ ਦੀ ਯਾਤਰਾ ਕਰਕੇ ਉਥੇ ਹੀ ਵਾਪਸ ਪਰਤ ਆਇਆ। ਬੜੇ ਚਿਰ ਮਗਰੋਂ ਮੈਂ ਪੁਛਿਆ, “ਅੱਜ ਜਦੋਂ ਉਹ ਹੋਂਦ ਨਹੀਂ ਰਹੀ, ਜੋ ਕਰੀਬ ਸਾਰੇ ਫੈਸਲਿਆਂ ਦੇ ਪਿਛੇ ਖੜ੍ਹੀ ਰਹੀ ਤਾਂ ਉਹ ਫੈਸਲਾ ਗਲਤ ਜਾਪਦੈ? ਕੀ ਪਰਦੇਸ ਜਾ ਵਸਣ ਨੂੰ ਹੁਣ ਜੀਅ ਕਰਦੈ?”
ਉਮਰ ਭਰ ਦੀ ਕਮਾਈ ਫਕੀਰੀ ਸਾਦਗੀ ਨਾਲ ਉਹ ਬੋਲੇ, “ਨਹੀਂ, ਹੁਣ ਤਾਂ ਜੀਵਨ ਦੀ ਸ਼ਾਮ ਦਿਸਣ ਲੱਗ ਪਈ ਏ। ਏਸ ਸ਼ਾਮ ਮੈਂ ਬਹੁਤ ਸੰਤੁਸ਼ਟ ਹਾਂ। ਗੱਲ ਇਹ ਨਹੀਂ ਕਿ ਜੀਵਨ ਵਿਚ ਤੁਹਾਨੂੰ ਕੀ ਮਿਲਿਆ, ਇਸ ਵਿਚ ਹੈ ਕਿ ਤੁਸੀਂ ਜੀਵਨ ਨੂੰ ਕਿਵੇਂ ਮਿਲੇ? ਮੈਂ ਜੀਵਨ ਨੂੰ ਪਿਆਰ, ਹੌਂਸਲੇ, ਮਿਹਨਤ ਤੇ ਵਿਸ਼ਵਾਸ ਨਾਲ ਮਿਲਿਆ। ਡਰ ਕੇ ਇਸ ਦੇ ਅੱਗੇ ਅੱਗੇ ਜਾਂ ਲਾਲਚ ਵਿਚ ਇਸ ਦੇ ਮਗਰ ਮਗਰ ਨਹੀਂ ਭੱਜਿਆ ਫਿਰਿਆ। ਸਾਵੇਂ ਕਦਮੀਂ ਟੁਰਦੇ ਰਹਿਣ ਦੀ ਕੋਸ਼ਿਸ਼ ਕੀਤੀ। ਨਾ ਤਾਂ ਵੇਲੇ ਤੋਂ ਪਹਿਲਾਂ ਹੀ ਫੈਸਲੇ ਕਰਨ ਦੀ ਕੋਈ ਕਾਹਲ ਕੀਤੀ, ਨਾ ਹੀ ਫੈਸਲਿਆਂ ਨੂੰ ਅੱਗੇ ਪਾਇਆ ਏ, ਨਾ ਈ ਉਨ੍ਹਾਂ ਨੂੰ ਲੈ ਕੇ ਮੁੜ ਮੁੜ ਸੋਚਦਾ ਹਾਂ।”
ਮੈਂ ਪੁੱਛਿਆ, “ਕੀ ਤੁਹਾਡੇ ਵਾਂਗ ਬਾਪ ਦੀ ਸੇਵਾ ਕਰਨਾ ਹੀ ਜ਼ਿੰਦਗੀ ਨੂੰ ਸਫਲਾ ਕਰਦੈ? ਜ਼ਿੰਦਗੀ ਵਿਚ ਤਸੱਲੀ ਦੇ ਤਾਂ ਕਈ ਜ਼ਰੀਏ ਨੇ!”
ਉਹ ਬੋਲੇ, “ਮੇਰੇ ਲਈ ਪਿਤਾ ਨਾਲ ਰਿਸ਼ਤਾ ਮੇਰੇ ਜਿਉਣ ਦਾ ਕੇਂਦਰ ਸੀ। ਕਿਸੇ ਲਈ ਕੁਝ ਹੋਰ ਹੋ ਸਕਦੈ-ਆਪਣਾ ਕੰਮ, ਸਮਾਜ ਸੇਵਾ, ਪਿਆਰ ਮੁਹੱਬਤ, ਚਿੱਤਰ ਬਣਾਉਣੇ, ਗਿਆਨ ਦੀ ਤ੍ਰੇਹ, ਸੰਗੀਤ, ਕਿਤਾਬਾਂ-ਮਹੱਤਤਾ ਇਸ ਜਾਂ ਉਸ ਦੀ ਨਹੀਂ। ਜੋ ਵੀ ਚੁਣ ਲਉ, ਉਹੀ ਅਹਿਮ ਹੋ ਜਾਂਦੈ, ਪਰ ਚੁਣਿਆ ਰੂਹ ਨਾਲ ਹੋਵੇ। ਜੋ ਫੈਸਲਾ ਜਾਂ ਕੰਮ ਫਰਜ਼ ਵਾਂਗਰ ਢੋਣਾ ਪਏ, ਉਸ ਨੂੰ ਮਾਣਿਆ ਨਹੀਂ ਜਾ ਸਕਦਾ। ਪਿਤਾ ਦਾ ਖਿਆਲ ਰੱਖਣਾ ਮੇਰੇ ਸਿਰ ‘ਤੇ ਲੱਦਿਆ ਫਰਜ਼ ਨਹੀਂ ਸੀ। ਇਹ ਮੇਰੀ ਖੁਸ਼ੀ ਸੀ, ਮੇਰੀ ਆਪਣੀ ਚੋਣ।”
ਮੈਂ ਆਖਿਆ, “ਤੁਹਾਡੀਆਂ ਗੱਲਾਂ ਸੁਣ ਕੇ ਲਗਦੈ ਜਿਵੇਂ ਤੁਹਾਥੋਂ ਕਦੀ ਕੋਈ ਗਲਤੀ ਨਹੀਂ ਹੋਈ!”
ਉਹ ਮੁਸਕਰਾਏ, “ਨਹੀਂ, ਇਹ ਗੱਲ ਨਹੀਂ। ਮੈਥੋਂ ਵੀ ਕਈ ਗਲਤੀਆਂ ਹੋਈਆਂ। ਗਲਤ, ਫੈਸਲੇ ਹੁੰਦੇ ਨੇ, ਬੰਦਾ ਨਹੀਂ! ਜਿਉਣਾ ਜ਼ਿੰਦਗੀ ਨੂੰ ਹੁੰਦਾ ਏ, ਗਲਤੀਆਂ ਨੂੰ ਨਹੀਂ। ਜੀਵਨ ਏਡਾ ਵੱਡਾ ਏ ਕਿ ਗਲਤ ਫੈਸਲੇ ਵਿਚੋਂ ਵੀ ਕੁਝ ਖੂਬਸੂਰਤ ਜਾਂ ਤਾਕਤਵਰ ਜਿਹਾ ਨਿਕਲ ਆਉਂਦਾ ਏ। ਗਲਤੀ ਕਰਕੇ ਵੱਧੋਂ-ਵੱਧ ਕੋਈ ਮਰ ਜਾਵੇਗਾ। ਮੋਏ ਬੂਟੇ ਖਾਦਾਂ ਬਣ ਕੇ ਹੋਰ ਕਿਸੇ ਬੂਟੇ ਵਿਚ ਖਿੜ ਜਾਂਦੇ ਨੇ। ਕੁਦਰਤ ਬੰਦੇ ਦੀ ਗਲਤੀ ਵੀ ਚੰਗੇ ਪਾਸੇ ਵਰਤ ਲੈਂਦੀ ਏ। ਵੱਡੀ ਗਲਤੀ ਇਕੋ ਏ, ਡਰਦੇ ਰਹਿਣਾ, ਕੁਝ ਨਾ ਕਰਨਾ।”
ਮੈਂ ਆਖਿਆ, “ਮੈਥੋਂ ਗਲਤੀ ਹੋ ਜਾਵੇ ਤਾਂ ਕਿੰਨਾ ਹੀ ਚਿਰ ਆਪਣੇ ਆਪ ‘ਤੇ ਗੁੱਸਾ ਚੜ੍ਹਿਆ ਰਹਿੰਦੈ।”
ਉਹ ਬੋਲੇ, “ਮੈਂ ਵੀ ਏਦਾਂ ਹੀ ਕਰਦਾ ਸਾਂ। ਨਿੱਕੇ ਹੁੰਦਿਆਂ ਜਦ ਮੈਂ ਪਿਤਾ ਨੂੰ ਮੇਰੀ ਖਾਤਰ ਜਫਰ ਜਾਲਦਿਆਂ ਤੱਕਣਾ ਤਾਂ ਮੇਰੀ ਵੀ ਕੋਸ਼ਿਸ਼ ਹੁੰਦੀ, ਮੈਥੋਂ ਕੋਈ ਗਲਤੀ ਨਾ ਹੋਵੇ, ਉਨ੍ਹਾਂ ਨੂੰ ਤਕਲੀਫ ਨਾ ਹੋਵੇ। ਜਦ ਮੇਰੇ ਘਰ ਬੱਚਾ ਹੋਇਆ ਤਾਂ ਮੈਂ ਤੱਕਿਆ, ਉਸ ਦੀ ਮਾਂ ਉਸ ਦੀ ਗਲਤੀ ‘ਤੇ ਹੱਸ ਛਡਦੀ ਸੀ। ਮੈਨੂੰ ਲੱਗਾ, ਮੈਂ ਐਵੇਂ ਹੀ ‘ਸਿਆਣੇ’ ਹੋਣ ਦੀ ਹਉਮੈ ਸਿਰ ‘ਤੇ ਚੁੱਕੀ ਫਿਰਨਾਂ। ਕੁਦਰਤ ਅੱਗੇ, ਰੱਬ ਅੱਗੇ, ਹਾਲਾਤ ਅੱਗੇ ਬੰਦਾ ਹੀ ਬੱਚਾ ਹੁੰਦੈ, ਇਹ ਵੀ ਮੇਰੀਆਂ ਭੁੱਲਾਂ ਵੇਖ ਕੇ ਹੱਸਦੇ ਤੇ ਭੁੱਲ ਜਾਂਦੇ ਹੋਣਗੇ।”
ਮੈਂ ਪੁੱਛਿਆ, “ਗਲਤੀਆਂ ਦਾ ਕਦੀ ਦੁੱਖ ਨਹੀਂ ਹੋਇਆ?”
ਉਹ ਹੱਸ ਪਏ, “ਤੁਰਨਾ ਹੋਏ ਤਾਂ ਸਿਰ ‘ਤੇ ਭਾਰ ਘਟਾਉਣਾ ਪੈਂਦੈ। ਗਲਤੀ ਦਾ ਭਾਰ ਸਿਰ ‘ਤੇ ਚੁੱਕੀ ਫਿਰਾਂ ਤਾਂ ਕਿਵੇਂ ਤੁਰਾਂਗੇ? ਠੀਕ ਗਲਤ ਦਾ ਪਤਾ ਤਾਂ ਤੁਰ ਕੇ ਹੀ ਲਗਦਾ ਹੈ। ਇਕ ਗੱਲ ਮੈਂ ਆਪਣੀ ਪਤਨੀ ਤੋਂ ਸਿੱਖੀ ਹੈ। ਦੁੱਧ ਉਬਲੇ ਜਾਂ ਰੋਟੀ ਸੜ ਜਾਏ, ਅਗਲੀ ਵਾਰੀ ਦੁੱਧ ਉਬਾਲਣਾ, ਰੋਟੀ ਲਾਹੁਣਾ ਨਹੀਂ ਛਡਦੀ। ਜਿੱਦਾਂ ਵੀ ਹੋਵੇ, ਬਸ ਤੁਰਦੇ ਰਹੋ।”
ਆਪਣੀ ਘੜੀ ਵੇਖ ਕੇ ਬੋਲੇ, “ਏਸ ਗੱਲ ਤੋਂ ਯਾਦ ਆਇਆ, ਹੁਣ ਅੱਗੇ ਤੁਰਨ ਦਾ ਵੇਲਾ ਏ। ਲਉ, ਗੱਲਾਂ ਵਿਚ ਪਤਾ ਨਹੀਂ ਲੱਗਾ ਕਿਸ ਵੇਲੇ ਸਾਢੇ ਸੱਤ ਵੱਜ ਗਏ! ਮਾਫੀ ਚਾਹੁੰਨਾਂ, ਕਹਿੰਦੇ ਕਹਿੰਦੇ ਸ਼ਾਇਦ ਜ਼ਿਆਦਾ ਹੀ ਕਹਿ ਦਿੱਤਾ। ਬੀਵੀ ਵੀ ਇਹੋ ਕਹਿੰਦੀ ਏ, ‘ਜਿਥੇ ਵੇਖੋ, ਪੀਰਡ ਲਾ ਕੇ ਬਹਿ ਜਾਂਦੇ ਓ! ਮਾਸਟਰਾਂ ਦਾ ਇਹੋ ਵਖਤ ਏ!’ ਬਸ ਹੁਣ ਮੈਨੂੰ ਇਜਾਜ਼ਤ ਦੇਵੋ। ਸਰਹਿੰਦ ਦੀ ਬੱਸ ਤਾਂ ਹੁਣ ਬਾਹਰੋਂ ਫੜਨੀ ਪਏਗੀ।”
ਆਪਣਾ ਪਤਾ ਦਿੱਤਾ ਤੇ ਬੋਲੇ, “ਜਦ ਜੀਅ ਚਾਹੇ, ਬਿਨ-ਪੁੱਛਿਆਂ ਘਰ ਆ ਜਾਣਾ। ਸਾਡਾ ਬੂਹਾ ਬੰਦ ਨਹੀਂ ਹੁੰਦਾ।”
ਮੇਰੀ ਮਾਂ ਨੂੰ ਉਨ੍ਹਾਂ ਨੇ ਪ੍ਰਣਾਮ ਆਖਿਆ, ਵਿਦਾ ਲਈ।
ਕੁਝ ਕਦਮ ਬਾਹਰ ਤੁਰ ਕੇ ਵਾਪਸ ਆ ਗਏ ਤੇ ਬੋਲੇ, “ਤੁਸੀਂ ਸੋਚਦੇ ਹੋਵੋਗੇ, ਮੈਂ ਆਪਣੀ ਜ਼ਿੰਦਗੀ ਕਿਉਂ ਤੁਹਾਡੇ ਨਾਲ ਫੋਲ ਰਿਹਾ ਸਾਂ? ਐਵੇਂ ਨਿੱਕੀ ਜਿਹੀ ਵਜ੍ਹਾ ਸੀ: ਜਦ ਮੈਂ ਤੁਹਾਨੂੰ ਬਾਹਰ ਚੱਲ ਕੇ ਬੱਸ ਲੈਣ ਲਈ ਕਿਹਾ, ਤੁਸਾਂ ਮੇਰੀ ਗੱਲ ਨਾ ਮੰਨੀ। ਇਸ ਲਈ ਕਿ ਇੰਜ ਕਰਨ ਨਾਲ ਤੁਹਾਡੀ ਮਾਂ ਜੀ ਔਖੇ ਹੋਣਗੇ। ਬਸ ਏਨੀ ਕੁ ਗੱਲ ਤੁਹਾਡੀ ਮੈਨੂੰ ਛੋਹ ਗਈ। ਤੁਹਾਡੇ ਵਾਂਗ ਹੀ ਮੈਂ ਵੀ ਇਕ ਦਿਨ ਆਪਣੇ ਪਿਤਾ ਲਈ ਕੈਨੇਡਾ ਦਾ ਜਹਾਜ ਨਾ ਚੜ੍ਹਿਆ।”
ਢਲਦੀ ਸ਼ਾਮ ਦੇ ਹਨੇਰੇ ਵਿਚ ਜਗਦੇ ਸੂਰਜ ਵਰਗਾ ਚਾਨਣਾ ਅਕਸ ਸਾਵੇਂ ਕਦਮੀਂ ਤੁਰਦਾ ਮੇਰੀਆਂ ਅੱਖਾਂ ਅੱਗਿਓਂ ਹੌਲੀ ਹੌਲੀ ਓਹਲੇ ਹੋ ਗਿਆ।
ਮੈਨੂੰ ਮੇਰਾ ਨਿੱਘਾ ਮਿੱਤਰ, ਨਰੇਸ਼ ਰਾਮਪਾਲ ਚੇਤੇ ਆਇਆ। ਵਰ੍ਹਿਆਂ ਪਹਿਲਾਂ, ਐਸੀ ਹੀ ਸ਼ਾਮ ਨੂੰ ਅਸੀਂ ਦੋਵੇਂ ਰੰਗ-ਭਰਿਆ ਸੂਰਜ ਡੁੱਬਦਾ ਵੇਖ ਰਹੇ ਸਾਂ। ਮੰਤਰ-ਮੁਗਧ ਹੋ ਕੇ ਮੈਂ ਕਿਹਾ, “ਸਿਰਫ ਸੂਰਜ ਹੀ ਹੈ, ਜੋ ਏਨੇ ਜਲਾਲ ਲਾਲ ਡੁੱਬ ਸਕਦਾ ਹੈ।”
ਨਰੇਸ਼ ਬੋਲਿਆ, “ਜਿਹੜਾ ਏਨੇ ਜਲਾਲ ਨਾਲ ਡੁੱਬ ਸਕਦਾ ਹੈ, ਓਹੀ ਅਗਲੀ ਸਵੇਰ ਉਦੈ ਵੀ ਹੋ ਸਕਦਾ ਹੈ…।”