ਜਿਉਣਾ ਵੀ ਇੱਕ ਅਦਾ ਹੈ…

ਮੋਨਿਕਾ ਕਟਾਰੀਆ, ਫਗਵਾੜਾ
ਫੋਨ: 91-99145-37506
ਕੁਦਰਤ ਨੇ ਮਨੁੱਖ ਨੂੰ ਬਿਹਤਰੀਨ ਜਜ਼ਬਾਤ ਅਤੇ ਅਦਾ ਨਾਲ ਨਿਵਾਜਿਆ ਹੈ, ਜਿਸ ਰਾਹੀਂ ਉਹ ਆਪਣੇ ਦੁੱਖ-ਸੁੱਖ ਮਹਿਸੂਸ ਕਰਦਾ ਹੈ ਤੇ ਦੂਜਿਆਂ ਨਾਲ ਸਾਂਝੇ ਕਰਦਾ ਹੈ। ਜਜ਼ਬਾਤ ਵਿਅਕਤ ਕਰਨ ਦਾ ਤਰੀਕਾ, ਹਰ ਕਿਸੇ ਦਾ ਵੱਖਰਾ ਵੱਖਰਾ ਹੁੰਦਾ ਹੈ। ਕਈਆਂ ਦਾ ਆਪਣੇ ਜਜ਼ਬਾਤ ‘ਤੇ ਕਾਬੂ ਨਹੀਂ ਹੁੰਦਾ ਅਤੇ ਕਈ ਆਪਣੇ ਜਜ਼ਬਾਤ ਲੁਕਾਉਣਾ ਬਾਖੂਬੀ ਜਾਣਦੇ ਹਨ। ਇਨ੍ਹਾਂ ਦਾ ਹੀ ਇੱਕ ਹਿੱਸਾ ਹੈ ਅਦਾ। ਅਦਾ, ਜਿਸ ਦੇ ਸ਼ਾਬਦਿਕ ਅਰਥ ਹਨ-ਢੰਗ, ਤਰੀਕਾ, ਨਖਰਾ।

ਹਰ ਮਨੁੱਖ ਦਾ ਹਰ ਚੀਜ਼ ਨੂੰ ਦੇਖਣ ਦਾ, ਸਮਝਣ ਦਾ, ਆਪਣਾ ਢੰਗ ਹੁੰਦਾ ਹੈ। ਉਸ ਦੀਆਂ ਆਪਣੀਆਂ ਅਦਾਵਾਂ, ਚਾਹੇ ਉਹ ਪਿਆਰ ਕਰਨ ਦੀ ਅਦਾ ਹੋਵੇ, ਕਿਸੇ ਰੁੱਸੇ ਨੂੰ ਮਨਾਉਣ ਦੀ, ਕਿਸੇ ਨੂੰ ਰਿਝਾਉਣ ਦੀ। ਉਸ ਨੂੰ ਦੂਜਿਆਂ ਤੋਂ ਅਲੱਗ ਬਣਾਉਦੀਆਂ ਹਨ। ਅਕਬਰ ਇਲਾਹਾਬਾਦੀ ‘ਅਦਾ’ ਨੂੰ ਖੂਬਸੂਰਤੀ ਦੇ ਮੰਦਿਰ ਵਿਚ ਇਉਂ ਪੇਸ਼ ਕਰਦੇ ਹਨ:
ਕਿਸ ਕਿਸ ਅਦਾ ਸੇ ਤੂਨੇ ਜਲਵਾ ਦਿਖਾ ਕੇ ਮਾਰਾ
ਆਜ਼ਾਦ ਹੋ ਚੁਕੇ ਥੇ, ਬੰਦਾ ਬਨਾ ਕੇ ਮਾਰਾ।
ਅੱਵਲ ਬਨਾ ਕੇ ਪੁਤਲਾ, ਪੁਤਲੇ ਮੇ ਜਾਨ ਡਾਲੀ
ਫਿਰ ਉਸਕੋ ਖੁਦ ਕਜਾ ਕੀ ਸੂਰਤ ਮੇ ਆ ਕੇ ਮਾਰਾ।
ਜਿਵੇਂ ਇਸ਼ਕ ਕਰਨਾ, ਰੁੱਸਣਾ, ਮਨਾਉਣਾ ਇਹ ਸਭ ਅਦਾਵਾਂ ਅਸੀਂ ਬਾਖੂਬੀ ਨਿਭਾਉਣਾ ਜਾਣਦੇ ਹਾਂ। ਇਨ੍ਹਾਂ ਤੋਂ ਇਲਾਵਾ ਇੱਕ ਅਦਾ ਹੋਰ ਵੀ ਹੈ, ਜਿਸ ਨੂੰ ਅਸੀਂ ਮਾਣਨਾ ਭੁੱਲ ਬੈਠੇ ਹਾਂ। ਇਹ ਅਦਾ ਹੈ, ਜੀਣ ਦੀ ਅਦਾ। ਅੱਜ ਦੇ ਦੌਰ ਵਿਚ ਮਨੁੱਖ ਸਿਰਫ ਦੌੜ ਰਿਹਾ ਹੈ-ਕਦੀ ਸਫਲਤਾ ਪਿੱਛੇ, ਦੂਜਿਆਂ ਪਿੱਛੇ, ਕਦੀ ਆਪਣੀਆਂ ਲਾਲਸਾਵਾਂ ਪਿੱਛੇ। ਇਸ ਸਭ ਦੇ ਚੱਲਦੇ, ਉਹ ਜ਼ਿੰਦਗੀ ਗੁਜ਼ਾਰ ਤਾਂ ਰਿਹਾ ਹੈ, ਪਰ ਜੀਅ ਨਹੀਂ ਰਿਹਾ। ਉਹ ਸਿਰਫ ਇਸ ਜਦੋ-ਜਹਿਦ ਵਿਚ ਹੈ ਕਿ ਮੇਰਾ ਸਟੇਟਸ, ਮੇਰਾ ਰੁਤਬਾ ਬਣਿਆ ਰਹੇ, ਇਸ ਨੂੰ ਕੋਈ ਖੋਹ ਨਾ ਲਵੇ। ਅਸੀਂ ਆਪਣੇ-ਆਪ ਨੂੰ ਇੰਨਾ ਕੁ ਰੁਝਾਅ ਲਿਆ ਹੈ ਕਿ ਸਾਡੇ ਕੋਲ ਕਿਸੇ ਦੂਸਰੇ ਲਈ ਸਮਾਂ ਹੈ ਹੀ ਨਹੀਂ। ਸਾਡੇ ਰਿਸ਼ਤੇ, ਨਾਤੇ ਫੋਨ, ਮੈਸੇਜ ਤੱਕ ਸੀਮਤ ਹੋ ਕੇ ਰਹਿ ਗਏ ਹਨ। ਸਾਡਾ ਹਾਸਾ ਬਨਾਵਟੀ ਜਿਹੀ ਮੁਸਕਾਨ ਬਣ ਕੇ ਰਹਿ ਗਿਆ ਹੈ।
ਅਸੀਂ ਆਪਣੇ ਆਪ ਨੂੰ ਅਜਿਹੀ ਮਸ਼ੀਨ ਬਣਾ ਲਿਆ ਹੈ, ਜਿਸ ਵਿਚ ਜ਼ਜਬਾਤ ਤਾਂ ਬਹੁਤ ਸਨ, ਪਰ ਹੁਣ ਉਨ੍ਹਾਂ ਨੂੰ ਦੌਲਤ-ਸ਼ੁਹਰਤ ਦਾ ਘੁਣ ਲੱਗ ਚੁਕਾ ਏ। ਅੱਜ ਦੇ ਮਨੁੱਖ ਦੀ ਵੱਡੀ ਤ੍ਰਾਸਦੀ ਹੈ ਕਿ ਉਹ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜਦਕਿ ਜੀਣ ਦੀ ਸਭ ਤੋਂ ਵੱਡੀ ਅਦਾ ਸਾਨੂੰ ਕੁਦਰਤ ਸਿਖਾਉਂਦੀ ਹੈ। ਕੁਦਰਤ ਸਿਰਫ ਦੇਣਾ ਜਾਣਦੀ ਹੈ, ਤੇ ਬਦਲੇ ਵਿਚ ਸਾਡੇ ਕੋਲੋਂ ਸਿਰਫ ਪਿਆਰ ਅਤੇ ਅਪਣੱਤ ਦੀ ਮੰਗ ਕਰਦੀ ਹੈ। ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਬਿਨਾ ਸਵਾਰਥ ਦੇ ਦੂਜਿਆਂ ਲਈ ਜਿਉਣਾ ਚਾਹੀਦਾ ਹੈ। ਇਕੱਲੇ ਆਪਣੇ ਲਈ ਸੋਚਣਾ, ਜਿਉਣਾ, ਉਸ ਵਿਚ ਉਹ ਅਨੰਦ ਨਹੀਂ, ਜੋ ਦੂਜਿਆਂ ਦੀ ਖੁਸ਼ੀ ਦੀ ਵਜ੍ਹਾ ਬਣਨ ਵਿਚ ਹੁੰਦਾ ਹੈ।
ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਾਕਾਰਾਤਮਕ ਦ੍ਰਿਸ਼ਟੀ ਤੋਂ ਵਾਚਣਾ ਚਾਹੀਦਾ ਹੈ। ਕਿਉਂਕਿ ਅਸੀਂ ਜਿਹੋ ਜਿਹਾ ਸੋਚਦੇ ਹਾਂ, ਅਸੀਂ ਉਵੇਂ ਦੇ ਹੀ ਹੋ ਜਾਂਦੇ ਹਾਂ, ਅਤੇ ਸਾਡੇ ਨਾਲ ਉਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਹਮੇਸ਼ਾ ਦੂਜਿਆਂ ਦਾ ਚੰਗਾ ਸੋਚੋ, ਤੁਹਾਡੇ ਨਾਲ ਕਦੇ ਵੀ ਬੁਰਾ ਨਹੀਂ ਹੋਵੇਗਾ। ਸਾਨੂੰ ਆਪਣੇ ਮਨ ਅੰਦਰ ਮੁਸੀਬਤਾਂ ਦਾ ਹੱਸ ਕੇ ਮੁਕਾਬਲਾ ਕਰਨ ਦੀ ਅਦਾ ਉਜਾਗਰ ਕਰਨ ਦੀ ਲੋੜ ਹੈ। ਸਾਡਾ ਖੁਸ਼ਨੁਮਾ ਸੁਭਾਅ ਹੀ ਸਾਡੇ ਮਿੱਥੇ ਮਨੋਰਥ ਤੱਕ ਪਹੁੰਚਣ ਵਿਚ ਸਹਾਇਕ ਹੁੰਦਾ ਹੈ। ਆਪਣੇ ਮਨੋਰਥ, ਉਦੇਸ਼ ਨੂੰ ਹਮੇਸ਼ਾ ਕੇਂਦਰ ਬਿੰਦੂ ‘ਤੇ ਰੱਖੋ, ਉਸ ਤੋਂ ਕਦੇ ਵੀ ਭਟਕੋ ਨਾ,
ਜ਼ਿੰਦਗੀ ਚਾਹੇ ਕਿੰਨੇ ਵੀ ਜੁਲਮ ਕਰਦੀ ਰਵੇ,
ਜਿਉਣ ਦਾ ਮਕਸਦ ਨਹੀਂ ਭੁੱਲੀਦਾ।
ਹੀਰੇ ਦੀ ਤਾਲਾਸ਼ ‘ਚ ਨਿਕਲੇ ਹੋਈਏ ਤਾਂ,
ਪੱਥਰਾਂ ‘ਤੇ ਨਹੀਂ ਡੁੱਲ੍ਹੀਦਾ।
ਅਸੀਂ ਆਪਣੇ ਦ੍ਰਿੜ ਨਿਸ਼ਚੇ ਅਤੇ ਮਿਹਨਤ ਨਾਲ ਹਰ ਮੈਦਾਨ ਫਤਿਹ ਕਰ ਸਕਦੇ ਹਾਂ। ਜ਼ਿੰਦਗੀ ਨੂੰ ਜੇ ਸੱਚ-ਮੁੱਚ ਹੀ ਖੁਸ਼ਨੁਮਾ ਬਣਾਉਣਾ ਚਾਹੁੰਦੇ ਹੋ ਤਾਂ ਵਰਤਮਾਨ ਵਿਚ ਜਿਉਣਾ ਸਿੱਖੋ। ਬੀਤ ਚੁਕੇ ਸਮੇਂ ਜਾਂ ਭਵਿੱਖ ਬਾਰੇ ਸੋਚ ਕੇ ਆਪਣਾ ਅੱਜ ਖਰਾਬ ਨਾ ਕਰੋ।
ਆਪਣੇ ਅੱਜ ਨੂੰ ਮਾਣੋ, ਕਿਉਂਕਿ ਸਾਡਾ ਕੱਲ, ਸਾਡਾ ਅੱਜ ਤੈਅ ਕਰਦਾ ਹੈ। ਜੇ ਅੱਜ ਨੂੰ ਬਿਹਤਰੀਨ ਬਣਾਵਾਂਗੇ, ਆਉਣ ਵਾਲਾ ਕੱਲ ਬਾਹਾਂ ਪਸਾਰ ਕੇ ਸਾਡਾ ਸਵਾਗਤ ਕਰੇਗਾ। ਕਦੇ ਵੀ ਜ਼ਿੰਦਗੀ ਵਿਚ ਹਾਰ ਨਾ ਮੰਨੋ ਅਤੇ ਆਪਣੇ ਵਲੋਂ ਹਰ ਸੰਭਵ, ਅਸੰਭਵ ਕੋਸ਼ਿਸ਼ ਕਰੋ, ਸਫਲਤਾ ਜਰੂਰ ਤੁਹਾਡੇ ਕਦਮ ਚੁੰਮੇਗੀ।
ਆਪਣੇ ਪਿਤਾ ਦੀ ਮੌਤ ਦਾ ਭਿਆਨਕ ਮੰਜ਼ਰ ਮੈਂ ਬਹੁਤ ਛੋਟੀ ਉਮਰੇ ਵੇਖਿਆ। ਉਸ ਵੇਲੇ ਮੈਨੂੰ ਆਪਣੀ ਜ਼ਿੰਦਗੀ ਖਤਮ ਹੋ ਚੁਕੀ ਜਾਪਦੀ ਸੀ, ਪਰ ਕਹਿੰਦੇ ਨੇ, ਜੋ ਦੁੱਖ ਦਿੰਦਾ ਹੈ, ਉਹ ਉਸ ਨੂੰ ਸਹਿਣ ਦਾ ਹੌਸਲਾ ਪਹਿਲਾ ਬਖਸ਼ ਦਿੰਦਾ ਹੈ। ਮੈਂ ਇਹ ਨਹੀਂ ਕਹਿ ਰਹੀ ਅਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹਾਂ, ਸਗੋਂ ਅਸੀਂ ਉਨ੍ਹਾਂ ਦੀ ਖਾਤਿਰ, ਉਨ੍ਹਾਂ ਦੇ ਸੁਪਨਿਆਂ ਦੀ ਖਾਤਿਰ ਨਵੇਂ ਸਿਰਿਓਂ ਜੀਣਾ ਸ਼ੁਰੂ ਕਰਦੇ ਹਾਂ। ਪਿਤਾ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ, ਪਰ ਜੇ ਅਸੀਂ ਜ਼ਰਾ ਗਹੁ ਨਾਲ ਵੇਖੀਏ ਤਾਂ ਕਈ ਸੰਭਾਵਨਾਵਾਂ ਸਾਡੇ ਆਸ-ਪਾਸ ਹੀ ਮੌਜੂਦ ਹੁੰਦੀਆਂ ਹਨ, ਜੋ ਜਿਉਣ ਦਾ ਨਵਾਂ ਮਕਸਦ ਬਖਸ਼ਦੀਆਂ ਹਨ। ਉਹ ਸ਼ਬਦ ਕਿਤਾਬਾਂ ਵੀ ਨਹੀਂ ਸਿਖਾ ਸਕਦੀਆਂ ਜੋ ਤਹਾਨੂੰ ਤੁਹਾਡਾ ਬੁਰਾ ਵਕਤ ਅਤੇ ਜ਼ਿੰਦਗੀ ਸਿਖਾਉਂਦੀ ਹੈ। ਕਦੇ ਵੀ ਆਪਣੇ ਜੀਵਨ ਵਿਚ ਖੜੋਤ ਨਾ ਆਉਣ ਦਿਓ। ਸਾਨੂੰ ਇਸ ਤਰ੍ਹਾਂ ਜਿਉਣਾ ਚਾਹੀਦਾ ਹੈ ਕਿ ਸਾਡਾ ਜੀਵਨ ਦੂਜਿਆਂ ਲਈ ਮਾਰਗ ਦਰਸ਼ਕ ਬਣ ਸਕੇ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ,
ਮਨ ਤੂੰ ਜੋਤਿ ਸਰੂਪ ਹੈ
ਆਪਣਾ ਮੂਲ ਪਛਾਣ॥
ਸੱਚ-ਮੁੱਚ ਹੀ ਸਾਡੇ ਮਨ ਵਿਚ ਉਸ ਪਰਮਾਤਮਾ ਦੀ ਜੋਤ ਜਗ ਰਹੀ ਹੈ, ਇਸ ਨੂੰ ਇੰਜ ਜਗਦੇ ਰੱਖਣ ਲਈ ਸਾਨੂੰ ਆਪਣਾ ਜੀਵਨ, ਆਪਣੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਦੂਜਿਆਂ ਦੇ ਭਲੇ ਲਈ ਲਾਉਣਾ ਚਾਹੀਦਾ ਹੈ, ਅਜਿਹੀ ਅਦਾ ਨਾਲ ਜ਼ਿੰਦਗੀ ਜੀਓ ਕਿ ਤੁਹਾਡੀ ਜ਼ਿੰਦਗੀ ਦੂਜਿਆਂ ਲਈ ਪਾਰਸ ਬਣ ਜਾਵੇ।