ਡਾਕਾ

‘ਦੁਨੀਆਂ ਕੈਸੀ ਹੋਈ’, ‘ਭਗੌੜਾ’ ਅਤੇ ‘ਵਿਗੋਚਾ’ ਵਰਗੇ ਨਾਵਲਾਂ ਦੇ ਲੇਖਕ ਜਰਨੈਲ ਸਿੰਘ ਸੇਖਾ ਨੇ ਜੀਵਨ-ਬਿਰਤਾਂਤਕ ਲੇਖ ‘ਡਾਕਾ’ ਵਿਚ ਆਜ਼ਾਦੀ ਪਿਛੋਂ ਦੇ ਮਾਹੌਲ ਬਾਰੇ ਕੁਝ ਗੱਲਾਂ ਦਾ ਬਿਆਨ ਕੀਤਾ ਹੈ। ਉਦੋਂ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਡਾਕੇ ਪੈਣੇ ਆਮ ਗੱਲ ਸੀ। ਨਾਵਲ ਵਰਗਾ ਰਸ ਇਸ ਲਿਖਤ ਵਿਚ ਸਹਿਜ ਨਾਲ ਆ ਗਿਆ ਹੈ।

-ਸੰਪਾਦਕ

ਜਰਨੈਲ ਸਿੰਘ ਸੇਖਾ

ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਅਤੇ ਕੁਝ ਸਮੇਂ ਬਾਅਦ ਵੀ ਪੰਜਾਬ ਦੇ ਮਾਲਵਾ ਇਲਾਕੇ ਵਿਚ ਪਿੰਡਾਂ ਦੇ ਅਮੀਰ ਘਰੀਂ ਡਾਕੇ ਪੈਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਸਨ। ਸੰਨ ਸੰਤਾਲੀ ਤਕ ਮਾਲਵੇ ਵਿਚ ਬਹੁਤ ਸਾਰੀਆਂ ਆਜ਼ਾਦ ਰਿਆਸਤਾਂ ਸਨ, ਜੋ ਬਾਅਦ ਵਿਚ ਮਿਲਾ ਕੇ ਪੈਪਸੂ ਰਾਜ ਬਣਾ ਦਿੱਤਾ ਗਿਆ ਸੀ। ਆਮ ਤੌਰ ‘ਤੇ ਰਿਆਸਤਾਂ ਦੇ ਡਾਕੂ ਅੰਗਰੇਜ਼ੀ ਇਲਾਕੇ ਵਿਚ ਡਾਕਾ ਮਾਰ ਕੇ ਵਾਪਸ ਰਿਆਸਤ ਵਿਚ ਚਲੇ ਜਾਂਦੇ ਸਨ ਅਤੇ ਅੰਗਰੇਜ਼ੀ ਇਲਾਕੇ ਦੇ ਡਾਕੂ ਰਿਆਸਤ ਵਿਚ ਡਾਕਾ ਮਾਰ ਕੇ ਅੰਗਰੇਜ਼ੀ ਇਲਾਕੇ ਵਿਚ ਆ ਜਾਂਦੇ ਸਨ। ਇਉਂ ਪੁਲਿਸ ਡਾਕੂਆਂ ਨੂੰ ਛੇਤੀ ਕੀਤੇ ਹੱਥ ਨਹੀਂ ਸੀ ਪਾ ਸਕਦੀ। ਜਿਥੇ ਪਿੰਡਾਂ ਦੇ ਰੱਜੇ ਪੁੱਜੇ ਘਰਾਂ ਵਿਚ ਡਾਕੂਆਂ ਦੀ ਦਹਿਸ਼ਤ ਹੁੰਦੀ ਸੀ, ਉਥੇ ਆਮ ਗਰੀਬਾਂ ਦੇ ਮਨਾਂ ਵਿਚ ਉਨ੍ਹਾਂ ਲਈ ਮਾਣ ਸਤਿਕਾਰ ਦੀ ਭਾਵਨਾ ਹੁੰਦੀ ਸੀ। ਕਈ ਡਾਕੂਆਂ ਨਾਲ ਸੂਰਮਤਾਈ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਸਨ।
ਪੰਜਾਬੀ ਕਿਸਾਨੀ ਦੀ ਬਦਲਾ ਲੈਣ ਦੀ ਮਾਨਸਿਕਤਾ ਕਾਰਨ ਬਹੁਤ ਡਾਕੂ ਸੂਰਮੇ ਅਖਵਾਏ। ਸੁੱਚੇ ਡਾਕੂ ਨੂੰ ਸੁੱਚਾ ਸੂਰਮਾ ਕਿਹਾ ਜਾਂਦਾ ਸੀ, ਭਾਵੇਂ ਉਹ ਆਪਣੀ ਸਕੀ ਭਰਜਾਈ ਤੇ ਉਸ ਦੇ ਪ੍ਰੇਮੀ ਨੂੰ ਮਾਰ ਕੇ ਡਾਕੂਆਂ ਵਿਚ ਜਾ ਰਲਿਆ ਸੀ। ਜਿਉਣਾ ਮੌੜ ਆਪਣੇ ਭਰਾ ਦੇ ਮੁਖਬਰ ਤੇ ਪੱਗ-ਵਟ ਭਰਾ ਨੂੰ ਕਤਲ ਕਰਕੇ ਡਾਕੂ ਬਣਿਆ ਸੀ। ਅਜਿਹੇ ਡਾਕੂਆਂ ਦੇ ਕਿੱਸੇ ਛਪ ਕੇ ਲੋਕ ਦਿਲਾਂ ਵਿਚ ਘਰ ਕਰ ਗਏ ਤੇ ਗਵੱਈਏ ਉਨ੍ਹਾਂ ਦੀਆਂ ਵਾਰਾਂ ਗਾਉਂਦੇ ਹਨ। ਡਾਕੂਆਂ ਨਾਲ ਇਹੋ ਜਿਹੀਆਂ ਵੀ ਕਹਾਣੀਆਂ ਜੁੜੀਆਂ ਕਿ ਫਲਾਣੇ ਡਾਕੂ ਨੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਆਪਣੇ ਹੱਥੀਂ ਕੀਤਾ; ਢਿਮਕੇ ਡਾਕੂ ਨੇ ਕਿਸੇ ਸੇਠ ਦੇ ਘਰ ਡਾਕਾ ਮਾਰਿਆ ਤਾਂ ਉਸ ਦੀ ਕੁੜੀ ਨੇ ਉਸ ਨੂੰ ਵੀਰ ਕਹਿ ਦਿੱਤਾ ਤਾਂ ਉਸ ਨੇ ਸਾਰਾ ਲੁਟਿਆ ਮਾਲ ਵਾਪਸ ਕਰ ਦਿੱਤਾ ਤੇ ਸਾਰੀ ਉਮਰ ਉਸ ਨਾਲ ਭਰਾ ਬਣ ਕੇ ਵਰਤਦਾ ਰਿਹਾ। ਬਹੁਤੇ ਡਾਕੂਆਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਮੀਰਾਂ ਨੂੰ ਲੁੱਟ ਕੇ ਲੁੱਟ ਦਾ ਮਾਲ ਗਰੀਬਾਂ ਵਿਚ ਵੰਡ ਦਿੰਦੇ ਹਨ। ਕਈ ਨਾਮੀ ਡਾਕੂ ਆਪਣੇ ਪਿੰਡ ਅਤੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਵਿਚ ਡਾਕਾ ਨਹੀਂ ਸੀ ਪੈਣ ਦਿੰਦੇ। ਕਈ ਛੋਟੇ ਮੋਟੇ ਡਾਕੂ ਲੁਟੇਰੇ ਨਾਮੀ ਡਾਕੂਆਂ ਦੇ ਨਾਂ ‘ਤੇ ਆਪਣੇ ਇਲਾਕੇ ਤੇ ਆਪਣੇ ਪਿੰਡਾਂ ਵਿਚ ਹੀ ਲੁੱਟਾਂ ਖੋਹਾਂ ਕਰ ਜਾਂਦੇ ਸਨ। ਸਮੇਂ ਦੀ ਸਰਕਾਰ ਤਾਂ ਆਜ਼ਾਦੀ ਘੁਲਾਟੀਆਂ, ਖਾਸ ਕਰ ਬੱਬਰਾਂ ਨੂੰ ਬਦਨਾਮ ਕਰਨ ਲਈ ਡਾਕੂ ਹੀ ਕਹਿੰਦੀ ਸੀ।
ਮਾਝੇ, ਦੁਆਬੇ ਤੇ ਬਾਰ ਦੇ ਇਲਾਕੇ ਵਿਚ ਵੀ ਡਾਕੂ ਤਾਂ ਹੋਣਗੇ, ਪਰ ਉਨ੍ਹਾਂ ਬਾਰੇ ਸਤਿਲੁਜ ਤੋਂ ਪਾਰ ਕੋਈ ਘੱਟ ਹੀ ਜਾਣਦਾ ਸੀ। ਉਂਜ, ਬਾਰ ਇਲਾਕੇ ਦਾ ਜੱਗਾ ਡਾਕੂ ਲੋਕ ਮਨਾਂ ਦਾ ਨਾਇਕ ਬਣ ਗਿਆ ਸੀ, ਜਿਸ ਨੇ ਅੰਗਰੇਜ਼ ਸਰਕਾਰ ਦੀ ਪੁਲਿਸ ਨੂੰ ਭਾਜੜਾਂ ਪਾਈਆਂ ਹੋਈਆਂ ਸਨ। ਉਸ ਦੇ ਨਾਂ ‘ਤੇ ਅਨੇਕ ਲੋਕ ਬੋਲੀਆਂ ਬਣ ਗਈਆਂ, ਜਿਵੇਂ,
ਜੱਗਾ ਜੱਟ ਨਈਂ ਕਿਸੇ ਨੇ ਬਣ ਜਾਣਾ,
ਘਰ ਘਰ ਪੁੱਤ ਜੰਮਦੇ।
ਜਾਂ
ਜੱਗੇ ਮਾਰਿਆ ਲਾਇਲਪੁਰ ਡਾਕਾ
ਤਾਰਾਂ ਖੜਕ ਗਈਆਂ।
ਮਾਲਵੇ ਦੇ ਖਿੱਤੇ ਵਿਚੋਂ ਡਾਕੂਆਂ ਦੇ ਇਹ ਨਾਂ ਆਮ ਹੀ ਛੋਟੇ ਹੁੰਦਿਆਂ ਦੇ ਕੰਨੀ ਪੈਂਦੇ ਸਨ: ਜਿਉਣਾ ਮੌੜ, ਕੁੰਢਾ ਗਾਜੀਆਣਾ, ਜੰਗੀਰ ਜਲਾਲ ਵਾਲਾ, ਕਰਤਾਰਾ ਛੀਨੀਵਾਲ, ਅਰਜਣ ਦੌਧਰੀਆ, ਲਾਲ ਮਧੇ ਵਾਲਾ, ਦਲੀਪ ਬਹਿਬਲ, ਦਲੀਪ ਮਾੜੀ ਮੁਸਤਫਾ, ਸਿਵੀਆਂ ਦਾ ਬੌਰੀਆ, ਸੇਖੇ ਵਾਲਾ ਪੀਰਾ ਮਜ਼੍ਹਬੀ ਆਦਿ।
ਪੀਰੇ ਮਜ਼੍ਹਬੀ ਬਾਰੇ ਸੁਣਦੇ ਸਾਂ ਕਿ ਉਹ ਬਹੁਤ ਖੂੰਖਾਰ ਡਾਕੂ ਸੀ ਤੇ ਦੂਰ-ਦੂਰ ਤਕ ਡਾਕੇ ਮਾਰਦਾ ਸੀ। ਮਜ਼੍ਹਬੀਆਂ ਦਾ ਵਿਹੜਾ ਸਾਡੇ ਅਗਵਾੜ ਦੇ ਨਾਲ ਹੋਣ ਕਰਕੇ ਉਸ ਦੀ ਮਾਂ ਨੂੰ ਵੀਹੀ ਵਿਚੋਂ ਦੀ ਲੰਘਦਿਆਂ ਆਮ ਹੀ ਦੇਖੀਦਾ ਸੀ। ਉਸ ਦੀ ਹਾਲਤ ਵੀ ਆਮ ਮਜ਼੍ਹਬਣਾਂ ਨਾਲੋਂ ਕੋਈ ਵੱਖਰੀ ਨਹੀਂ ਸੀ। ਉਹ ਨਿੱਕੇ ਜਿਹੇ ਛੱਪਰ-ਨੁਮਾ ਘਰ ਵਿਚ ਰਹਿੰਦੀ ਸੀ ਅਤੇ ਉਸ ਨੂੰ ਪਾਟੇ ਪੁਰਾਣੇ ਕੱਪੜਿਆਂ ਵਿਚ ਹੀ ਦੇਖੀਦਾ ਸੀ। ਪੀਰਾ ਮਜ਼੍ਹਬੀ ਪਿੰਡ ਵਿਚ ਘੱਟ ਹੀ ਦਿਸਦਾ। ਇਕ ਵਾਰ ਸਿਆਲਾਂ ਦੇ ਦਿਨੀਂ ਮੈਂ ਦੇਖਿਆ ਕਿ ਦਰਮਿਆਨਾ ਕੱਦ, ਰੰਗ ਬਹੁਤ ਕਾਲਾ, ਅੱਖਾਂ ਲਾਲ, ਚਾਦਰਾ, ਪੱਗ ਤੇ ਕੁੜਤਾ ਚਿੱਟਾ ਅਤੇ ਡਰਾਉਣੀ ਜਿਹੀ ਸ਼ਕਲ ਵਾਲਾ ਕੋਈ ਓਪਰਾ ਜਿਹਾ ਆਦਮੀ ਸੱਥ ਵਿਚ ਬੈਠੇ ਬੰਦਿਆਂ ਨਾਲ ਖੜ੍ਹਾ ਗੱਲਾਂ ਕਰ ਰਿਹਾ ਹੈ। ਮੈਨੂੰ ਨਿੱਕੇ ਹੁੰਦਿਆਂ ਹੀ ਸੱਥ ਵਿਚ ਜਾ ਕੇ ਗੱਲਾਂ ਸੁਣਨ ਦਾ ਕੰਨ-ਰਸ ਪਿਆ ਹੋਇਆ ਸੀ। ਮੈਂ ਵੀ ਉਥੇ ਖੜ੍ਹ ਗਿਆ ਪਰ ਜਦੋਂ ਪਤਾ ਲੱਗਾ ਕਿ ਇਹ ਪੀਰਾ ਮਜ਼੍ਹਬੀ ਹੈ ਤਾਂ ਮੈਂ ਡਰਦਾ ਮਾਰਾ ਭੱਜ ਕੇ ਘਰ ਚਲਾ ਗਿਆ। ਉਸ ਪਿਛੋਂ ਵੀ ਇਕ ਦੋ ਵਾਰ ਉਸ ਨੂੰ ਵੀਹੀ ‘ਚ ਆਉਂਦਿਆਂ ਦੇਖ ਮੈਂ ਝਟ ਘਰ ਵੱਲ ਭੱਜ ਜਾਂਦਾ ਸਾਂ। ਮੈਂ ਨਿੱਕਾ ਹੁੰਦਾ ਡਾਕੂਆਂ ਤੋਂ ਬਹੁਤ ਡਰਦਾ ਸਾਂ, ਪਰ ਇਕ ਵਾਰ ਤਾਂ ਡਾਕੂਆਂ ਨੂੰ ਡਾਕਾ ਮਾਰਦੇ ਵੀ ਦੇਖਣਾ ਪੈ ਗਿਆ।
ਬਹੁਤ ਛੋਟੀ ਉਮਰ ਸੀ ਉਸ ਸਮੇਂ ਮੇਰੀ। ਉਨ੍ਹਾਂ ਸਮਿਆਂ ਵਿਚ ਸਾਡੇ ਪਿੰਡ ਵਿਚ ਦੋ ਦੁਕਾਨਾਂ ਹੀ ਮਸ਼ਹੂਰ ਸਨ-ਇਕ ਧੂਤੇ ਮਹਾਜਨ ਦੀ ਅਤੇ ਦੂਜੀ ਹਰਦਵਾਰੀ ਲਾਲ ਸੇਠ ਦੀ। ਹਰਦਵਾਰੀ ਦੇ ਦੋ ਭਰਾ-ਮੋਹਣ ਲਾਲ ਤੇ ਗੰਗਾ ਰਾਮ ਕੋਟਕਪੂਰੇ ਵਪਾਰ ਕਰਦੇ ਸਨ ਅਤੇ ਕਦੇ ਕਦਾਈਂ ਪਿੰਡ ਵੀ ਗੇੜਾ ਮਾਰਦੇ। ਇਹ ਅਫਵਾਹ ਆਮ ਸੀ ਕਿ ਸੇਠਾਂ ਕੋਲ ਧਨ ਬਹੁਤ ਹੈ। ਕਈ ਤਾਂ ਇਥੋਂ ਤਾਈਂ ਵੀ ਕਹਿੰਦੇ ਕਿ ਉਨ੍ਹਾਂ ਦੇ ਘਰ ਵਿਚ ਮਲਕਾ ਦੇ ਰੁਪਿਆਂ ਦੀਆਂ ਗਾਗਰਾਂ ਦੱਬ ਕੇ ਰੱਖੀਆਂ ਹੋਈਆਂ ਹਨ। ਸੇਠਾਂ ਦੇ ਘਰ ਦੀ ਪਿੱਠ ਸਾਡੇ ਘਰ ਦੇ ਨਾਲ ਲਗਦੀ ਸੀ।
ਇਕ ਵਾਰ ਗਰਮੀਆਂ ਦੇ ਦਿਨਾਂ ਵਿਚ ਹਰਦਵਾਰੀ ਲਾਲ ਦੇ ਘਰੋਂ ਚੀਕਾਂ ਦੀ ਅਵਾਜ਼ ਆਈ। ਸਾਡੀ ਸਭ ਦੀ ਜਾਗ ਖੁੱਲ੍ਹ ਗਈ। ਮੇਰਾ ਬਾਪ ਮੰਜੇ ਤੋਂ ਉਠਣ ਲੱਗਾ ਤਾਂ ਹਰਦਵਾਰੀ ਲਾਲ ਦੇ ਕੋਠੇ ‘ਤੇ ਖੜ੍ਹਾ ਬੰਦਾ ਬੋਲਿਆ, “ਚੁੱਪ ਕਰਕੇ ਪਿਆ ਰਹਿ ਸਰਦਾਰਾ, ਨਹੀਂ ਤਾਂ ਹੋਰ ਨਾ ਕਿਤੇ ਜਾਹ ਜਾਂਦੀ ਹੋ ਜੇ।”
ਉਸ ਦੇ ਹੱਥ ਵਿਚ ਬੰਦੂਕ ਦੇਖ ਕੇ ਮੇਰਾ ਬਾਪ ਮੁੜ ਮੰਜੇ ‘ਤੇ ਲੇਟ ਗਿਆ, ਜਿਵੇਂ ਘੂਕ ਸੁੱਤਾ ਪਿਆ ਹੋਵੇ। ਹਰਦਵਾਰੀ ਲਾਲ ਦੀ ਪਤਨੀ ਦਵਾਰਕੀ ਦੇਵੀ ਪਤਾ ਨਹੀਂ ਕਿਹੜੇ ਢੰਗ ਨਾਲ ਘਰ ਵਿਚੋਂ ਬਾਹਰ ਨਿਕਲ ਗਈ ਤੇ ਉਹ ਲੋਕਾਂ ਨੂੰ ਡਾਕੂਆਂ ਦਾ ਮੁਕਾਬਲਾ ਕਰਨ ਲਈ ਵੰਗਾਰਦੀ ਕਹਿ ਰਹੀ ਸੀ ਕਿ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਹੈ, ਡੰਡਿਆਂ ਨਾਲ ਹੀ ਲੁੱਟਣ ਆ ਗਏ ਹਨ। ਜਿਉਂ ਹੀ ਦਵਾਰਕੀ ਦੇਵੀ ਦੀ ਅਵਾਜ਼ ਕੋਠੇ ‘ਤੇ ਖੜ੍ਹੇ ਡਾਕੂ ਦੇ ਕੰਨੀਂ ਪਈ, ਉਸ ਨੇ ਆਪਣੀ ਬੰਦੂਕ ਤੋਂ ਫਾਇਰ ਕਰ ਦਿੱਤਾ। ਕਿੱਲਿਆਂ ਨਾਲ ਬੱਝੇ ਦੋਵੇਂ ਬਲਦ ਉਠ ਕੇ ਖੜ੍ਹੇ ਹੋ ਗਏ। ਵਿਹੜੇ ਵਿਚ ਪਏ ਘਰ ਦੇ ਸਾਰੇ ਜੀਅ ਇਕ ਦਮ ਛਾਪਲ ਗਏ, ਕੋਈ ਵੀ ਉਚੀ ਸਾਹ ਨਹੀਂ ਸੀ ਲੈ ਰਿਹਾ। ਮੇਰੀ ਵੱਡੀ ਭੈਣ ਨੇ ਮੈਨੂੰ ਆਪਣੀ ਬੁੱਕਲ ਵਿਚ ਲੈ ਕੇ ਉਪਰ ਚਾਦਰ ਦੇ ਦਿੱਤੀ। ਮੈਂ ਚਾਦਰ ‘ਚੋਂ ਮੂੰਹ ਬਾਹਰ ਕੱਢ ਕੇ ਹਰਦਵਾਰੀ ਲਾਲ ਦੇ ਕੋਠੇ ਵੱਲ ਦੇਖਿਆ ਤਾਂ ਉਥੇ ਕਾਲਾ ਪਰਛਾਵਾਂ, ਹੱਥ ਵਿਚ ਬੰਦੂਕ ਫੜੀ, ਇਧਰ ਉਧਰ ਫਿਰ ਰਿਹਾ ਸੀ। ਜੋ ਲੋਕ ਕੋਠਿਆਂ ‘ਤੇ ਪਏ ਸਨ, ਉਹ ਵੀ ਚੁੱਪ ਕਰਕੇ ਪਏ ਰਹੇ, ਕੋਈ ਨਾ ਕੁਸਕਿਆ। ਪਿਛਵਾੜੇ ਘਰ ਵਿਚੋਂ ਹਰਦਵਾਰੀ ਲਾਲ ਦੀਆਂ ਚੀਕਾਂ ਲਗਾਤਾਰ ਸੁਣ ਰਹੀਆਂ ਸਨ। ਨਾਲ-ਨਾਲ ਉਹ ਡਾਕੂਆਂ ਨੂੰ ਕੁਝ ਕਹਿ ਵੀ ਰਿਹਾ ਸੀ, ਜੋ ਸਮਝ ਨਹੀਂ ਸੀ ਆ ਰਿਹਾ।
ਫਿਰ ਧਰਮਸ਼ਾਲਾ ਵਾਲੇ ਪਾਸਿਓਂ ਫਾਇਰ ਹੋਇਆ ਤੇ ਉਸ ਦੇ ਜਵਾਬ ਵਿਚ ਉਸੇ ਸਮੇਂ ਡਾਕੂਆਂ ਵਲੋਂ ਇਕੱਠੇ ਤਿੰਨ ਫਾਇਰ ਹੋ ਗਏ। ਫਿਰ ਤਾਂ ਜਿਵੇਂ ਸਾਰਾ ਪਿੰਡ ਹੀ ਸੁਸਰੀ ਵਾਂਗ ਸੌਂ ਗਿਆ ਤੇ ਦਵਾਰਕੀ ਦੇਵੀ ਪਤਾ ਨਹੀਂ ਕਿਸ ਘਰ ਜਾ ਛੁਪੀ। ਉਸ ਦੀ ਅਵਾਜ਼ ਵੀ ਬੰਦ ਹੋ ਗਈ। ਪਿੰਡ ਵਿਚੋਂ ਗੋਲੀ ਚੱਲਣ ਦਾ ਇਹ ਅਸਰ ਜ਼ਰੂਰ ਹੋਇਆ ਕਿ ਡਾਕੂ ਛੇਤੀ ਹੀ ਹਰਦਵਾਰੀ ਲਾਲ ਦੇ ਘਰੋਂ ਚਲੇ ਗਏ।
ਅਗਲੇ ਦਿਨ ਪੁਲਿਸ ਨੇ ਪਿੰਡ ਵਿਚ ਆ ਡੇਰਾ ਲਾਇਆ ਤੇ ਆਲੇ-ਦੁਆਲੇ ਦੇ ਬਦਮਾਸ਼ਾਂ ਨੂੰ ਪਿੰਡ ਦੀ ਧਰਮਸ਼ਾਲਾ ਵਿਚ ਲਿਆ ਕੇ ਕੁਟਾਪਾ ਚਾੜ੍ਹਿਆ। ਪਤਾ ਨਹੀਂ ਪੁਲਿਸ ਵਾਲਿਆਂ ਨੂੰ ਇਸ ਡਾਕੇ ਬਾਰੇ ਕੋਈ ਸੂਹ ਮਿਲੀ ਜਾਂ ਨਹੀਂ ਪਰ ਪਿੰਡ ਦੀ ਸੱਥ ਵਿਚ ਭਾਂਤ ਸੁਭਾਂਤੀਆਂ ਗੱਲਾਂ ਹੋ ਰਹੀਆਂ ਸਨ। ਕੋਈ ਕਹਿ ਰਿਹਾ ਸੀ, “ਪੀਰੇ ਨੇ ਹਰਦਵਾਰੀ ਦੀ ਦੁਕਾਨ ਤੋਂ ਸੌਦਾ ਲਿਆ ਸੀ ਤੇ ਉਹਨੇ ਉਹਦੇ ਕੋਲੋਂ ਪੈਸੇ ਮੰਗ ਲਏ ਸੀ, ਤਾਹੀਂ ਇਹ ਡਾਕਾ ਪਿਐ।”
“ਪੀਰਾ ਨਾਲ ਸੀ। ਦਵਾਰਕੀ ਨੇ ਉਸ ਨੂੰ ਪਛਾਣ ਲਿਆ ਸੀ ਪਰ ਡਰਦੀ ਨੇ ਪੁਲਿਸ ਕੋਲ ਉਹਦਾ ਨਾਂ ਨਈਂ ਲਿਆ।” ਇਕ ਨੇ ਆਪਣੇ ਕੋਲੋਂ ਹੀ ਗੱਲ ਬਣਾ ਕੇ ਸੁਣਾ ਦਿੱਤੀ।
“ਇਹ ਝੂਠ ਐ। ਪੀਰਾ ਆਵਦੇ ਪਿੰਡ ਵਿਚ ਨਾ ਆਪ ਡਾਕਾ ਮਾਰ ਸਕਦੈ ਤੇ ਨਾ ਮਰਵਾ ਸਕਦੈ। ਉਹ ਕੋਈ ਐਰਾ ਗੈਰਾ ਡਾਕੂ ਲੁਟੇਰਾ ਨਈਂ। ਅੱਜ ਤਾਈਂ ਕਿਤੇ ਆਪਣੇ ਨੇੜੇ ਤੇੜੇ ਕਦੇ ਕੋਈ ਡਾਕਾ ਪਿਆ ਸੁਣਿਐ? ਉਹ ਆਪ ਕਿਤੇ ਦੂਰ ਨਿਕਲਿਆ ਹੋਊ ਜੋ ਆਪਣੇ ਪਿੰਡ ਵਿਚ ਇਹ ਡਾਕਾ ਪਿਆ।” ਵਿਚੋਂ ਹੀ ਕੋਈ ਪੀਰੇ ਦਾ ਖੈਰਖਵਾਹ ਬੋਲ ਪਿਆ।
“ਇਹ ਡਾਕਾ ਤਾਂ ਸਿਵੀਆਂ ਆਲੇ ਬੌਰੀਏ ਨੇ ਮਾਰਿਆ ਹੋਊ।”
“ਬਈ ਹੋਰ ਗੱਲਾਂ ਦੀਆਂ ਗੱਲਾਂ, ਸ਼ਾਹਣੀ ਹੌਸਲੇ ਵਾਲੀ ਸੀ, ਜੋ ਡਾਕੂਆਂ ਦੇ ਘੇਰੇ ਵਿਚੋਂ ਧੁੱਸ ਦੇ ਕੇ ਬਾਹਰ ਨਿਕਲ ਗਈ ਤੇ ਉਨ੍ਹਾਂ ਦੇ ਹੱਥ ਨਾ ਆਈ।”
“ਉਹਦੇ ਪਿੰਡ ਵਿਚ ਰੌਲਾ ਪਾਉਣ ਕਰਕੇ ਹੀ ਤਾਂ ਬਚਾਅ ਹੋ ਗਿਆ, ਨਹੀਂ ਤਾਂ ਹਰਦਵਾਰੀ ਨੂੰ ਉਨ੍ਹਾਂ ਕੁੱਟ-ਕੁੱਟ ਕੇ ਮੁੰਜ ਬਣਾ ਦੇਣਾ ਸੀ।”
“ਉਹਨੇ ਤਾਂ ਦੋ ਛਿੱਤਰ ਨਹੀਂ ਝੱਲੇ, ਝਟ ਸਾਰਾ ਧਨ ਕੱਢ ਕੇ ਫੜਾ ਦਿੱਤਾ।”
“ਸੇਠ ਇਥੇ ਪੈਸੇ ਨਈਂ ਰਖਦਾ। ਕੋਟ ਆਪਣੇ ਭਰਾਵਾਂ ਕੋਲ ਘੱਲ ਦਿੰਦਾ। ਪਿਛਲੇ ਦਿਨੀਂ ਇਹਦਾ ਭਰਾ ਮੋਹਣਾ ਆਇਆ ਸੀ, ਉਹ ਸਾਰੀ ਨਕਦੀ ਲੈ ਗਿਆ ਸੀ। ਡਾਕੂਆਂ ਦੇ ਹੱਥ ਤਾਂ ਸੌ ਰੁਪਿਆ ਵੀ ਨਹੀਂ ਲੱਗਾ ਹੋਣਾ।”
“ਕਿੰਨੇ ਲੋਕ ਸੀ ਜੋ ਕੋਠਿਆਂ ‘ਤੇ ਪਏ ਸਨ, ਕੋਈ ਨਾ ਕੁਸਕਿਆ। ਹੋਰ ਤਾਂ ਹੋਰ, ਫੈਰ ਸੁਣ ਕੇ ਨੰਜੀ ਨੇ ਆਪਣੇ ਉਤੇ ਮੰਜੀ ਮੂਧੀ ਮਾਰ ਲਈ ਸੀ।”
ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ ਰਹੀਆਂ। ਨਾ ਡਾਕੂਆਂ ਦੀ ਕੋਈ ਸੂਹ ਮਿਲੀ ਤੇ ਨਾ ਹੀ ਕਿਸੇ ਨੂੰ ਡਾਕੇ ਵਿਚ ਹੋਏ ਅਸਲ ਨੁਕਸਾਨ ਦਾ ਪਤਾ ਲੱਗਾ। ਹਰਦਵਾਰੀ ਲਾਲ ਜਿਵੇਂ ਗੁੰਮ-ਸੁੰਮ ਹੀ ਹੋ ਗਿਆ ਸੀ। ਉਹ ਕਿਸੇ ਨਾਲ ਵੀ ਗੱਲ ਨਹੀਂ ਸੀ ਕਰਦਾ। ਦਵਾਰਕੀ ਦੇਵੀ ਵੀ ‘ਹਾਂ’ ‘ਹੂੰ’ ਵਿਚ ਹੀ ਜਵਾਬ ਦਿੰਦੀ। ਉਨ੍ਹਾਂ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਡਾਕੂ ਕੀ ਕੁਝ ਲੁੱਟ ਕੇ ਲੈ ਗਏ। ਕੁਝ ਸਮੇਂ ਪਿਛੋਂ ਉਹ ਪਿੰਡ ਛੱਡ ਕੇ ਚਲੇ ਗਏ ਅਤੇ ਕੋਟਕਪੂਰੇ ਜਾ ਡੇਰਾ ਲਾਇਆ। ਉਸ ਦੁਕਾਨ ਵਿਚ ਪਿੰਡ ਸੈਦਕਿਆਂ ਤੋਂ ਉਨ੍ਹਾਂ ਦੇ ਕੋਈ ਰਿਸ਼ਤੇਦਾਰ ਆ ਬੈਠੇ ਅਤੇ ਦੁਕਾਨ ਪਹਿਲਾਂ ਵਾਂਗ ਹੀ ਚਲਦੀ ਰਹੀ।
ਇਸ ਡਾਕੇ ਤੋਂ ਬਿਨਾ ਬਚਪਨ ਵਿਚ ਮੈਂ ਇਕ ਹੋਰ ਡਾਕਾ ਪੈਂਦਾ ਵੀ ਦੇਖਿਆ ਸੀ। ਡਾਕੇ ਦਾ ਸ਼ਿਕਾਰ ਵੀ ਹਟਵਾਣੀਆਂ ਦੀਆਂ ਹੱਟੀਆਂ ਹੀ ਬਣੀਆਂ ਸਨ, ਪਰ ਉਹ ਡਾਕਾ ਵੱਖਰੀ ਕਿਸਮ ਦਾ ਸੀ, ਜਿਸ ਨੂੰ ਨਾ ਤਾਂ ਪਿੰਡ ਦੇ ਲੋਕ ਡਾਕਾ ਮੰਨਣ ਲਈ ਤਿਆਰ ਸਨ ਅਤੇ ਨਾ ਹੀ ਉਸ ਬਾਰੇ ਪੁਲਿਸ ਹੀ ਕੋਈ ਤਫਤੀਸ਼ ਕਰਨ ਆਈ। ਹਾਂ! ਪਿੰਡ ਵਿਚ ਜ਼ਰੂਰ ਕਈ ਦਿਨ ਚਰਚਾ ਹੁੰਦੀ ਰਹੀ।
ਉਸ ਦਿਨ ਦੀਵਾਲੀ ਸੀ ਤੇ ਦਿਨ ਦੇ ਛੁਪਾ ਨਾਲ ਕਈ ਲੋਕ ਆਪਣੀਆਂ ਖਾਣ-ਪੀਣ ਦੀਆਂ ਵਸਤਾਂ ਤੇ ਫੁੱਲਝੜੀਆਂ ਪਟਾਕੇ ਖਰੀਦ ਕੇ ਘਰਾਂ ਨੂੰ ਚਲੇ ਗਏ ਸਨ ਅਤੇ ਕੁਝ ਇਕ ਅਜੇ ਹੱਟੀਆਂ ਤੋਂ ਸੌਦਾ ਪੱਤਾ ਖਰੀਦ ਰਹੇ ਸਨ। ਬੱਚੇ ਗਲੀਆਂ ਵਿਚ ਭੂੰਡ ਪਟਾਕੇ ਤੇ ਫੁੱਲਝੜੀਆਂ ਚਲਾ ਰਹੇ ਸਨ। ਅਸੀਂ ਵੀ ਆਪਣੇ ਚਾਚੇ ਦੀ ਦੁਕਾਨ ਮੂਹਰੇ ਭੂੰਡ ਪਟਾਕੇ ਚਲਾ ਕੇ ਖੁਸ਼ ਹੋ ਰਹੇ ਸਾਂ (ਭਰਾਵਾਂ ਨਾਲੋਂ ਅੱਡ ਹੋਣ ਪਿਛੋਂ ਚਾਚੇ ਨੇ ਖੇਤੀ ਦਾ ਕੰਮ ਛੱਡ ਕੇ ਪਰਚੂਨ ਦੀ ਹੱਟੀ ਪਾ ਲਈ ਹੋਈ ਸੀ)। ਅਸੀਂ ਦੂਰੋਂ ਰੌਲਾ ਪੈਂਦਾ ਸੁਣਿਆ। ਜਦੋਂ ਅਸੀਂ ਰੌਲੇ ਵਾਲੇ ਪਾਸੇ ਗਏ ਤਾਂ ਦੇਖਿਆ ਕਿ ਪੰਜ-ਛੇ ਜਣਿਆਂ ਦਾ ਸ਼ਰਾਬੀ ਟੋਲਾ ਕਿਸੇ ਨੂੰ ਗਾਲ੍ਹਾਂ ਕਢਦਾ ਆ ਰਿਹਾ ਸੀ ਤੇ ਮੁੰਡੀਰ ਉਨ੍ਹਾਂ ਦੇ ਪਿੱਛੇ ਪਿੱਛੇ ਰੌਲਾ ਪਾਉਂਦੀ ਆ ਰਹੀ ਸੀ। ਇਸ ਟੋਲੇ ਦਾ ਅਗਵਾਨੂੰ ਇਸੇ ਪਿੰਡ ਦਾ ਪੁਲਿਸ ਮਹਿਕਮੇ ਵਿਚੋਂ ਡਿਸਮਿਸ ਹੋ ਕੇ ਆਇਆ ਸਿਪਾਹੀ ਸੀ। ਇਹ ਸਿਪਾਹੀ ਭਾਵੇਂ ਬਹਾਲ ਤਾਂ ਨਹੀਂ ਸੀ ਹੋ ਸਕਿਆ, ਪਰ ਪੁਲਿਸ ਵਾਲਿਆਂ ਨਾਲ ਜਾਣ-ਪਛਾਣ ਹੋਣ ਕਾਰਨ ਉਸ ਦਾ ਨਾਜਾਇਜ਼ ਲਾਭ ਜ਼ਰੂਰ ਉਠਾਉਣ ਲੱਗਾ ਸੀ ਅਤੇ ਆਮ ਲੋਕਾਂ ‘ਤੇ ਫੋਕਾ ਰੋਅਬ ਵੀ ਦਿਖਾਉਂਦਾ ਸੀ। ਕੁਰੱਖਤ ਸੁਭਾਅ ਤੇ ਭਾਰੇ ਸਰੀਰ ਦਾ ਹੋਣ ਕਰਕੇ ਲੋਕ ਪਿੱਠ ਪਿੱਛੇ ਉਹਨੂੰ ‘ਗੜਚੂ’ ਕਹਿੰਦੇ ਸਨ। ਪਤਾ ਲੱਗਾ ਕਿ ਹੁਣ ਵੀ ਉਹ ਪਿੱਛੇ ਇਕ ਹਟਵਾਣੀਏ ਨੂੰ ਕੁੱਟ ਕੇ ਉਹਦੀ ਹੱਟੀ ਲੁੱਟ ਕੇ ਆ ਰਹੇ ਸਨ। ਜਦੋਂ ਉਹ ਚਾਚੇ ਦੀ ਦੁਕਾਨ ਕੋਲ ਆਏ ਤਾਂ ਗੜਚੂ ਦੇ ਇਕ ਸਾਥੀ ਨੇ ਕਿਹਾ, “ਓਏ, ਆਹ ਹੱਟੀ ਤਾਂ ਛੱਡ ਚੱਲੇ!”
“ਚੁੱਪ ਕਰਕੇ ਤੁਰਿਆ ਆ।” ਗੜਚੂ ਨੇ ਦਬਕਾ ਮਾਰਿਆ ਤੇ ਉਹ ਟੋਲਾ ਚਾਚੇ ਦੀ ਦੁਕਾਨ ਤੋਂ ਅਗਾਂਹ ਲੰਘ ਗਿਆ। ਉਸ ਵੇਲੇ ਤਾਂ ਉਸ ਟੋਲੇ ਦੇ ਅਗਾਂਹ ਤੁਰ ਜਾਣ ਦੀ ਸਮਝ ਨਹੀਂ ਸੀ ਆਈ ਪਰ ਬਾਅਦ ਵਿਚ ਸਮਝ ਆਈ ਕਿ ਚਾਚੇ ਹੁਰੀਂ ਪਿੰਡ ਵਿਚ ਬਰਾਬਰ ਦੀ ਧਿਰ ਹੋਣ ਕਰਕੇ ਉਹ ਲੋਕ ਮੁਕਾਬਲਾ ਹੋਣ ਤੋਂ ਵੀ ਡਰਦੇ ਸਨ ਤੇ ਉਨ੍ਹਾਂ ਨੇ ਲਾਲਿਆਂ ਨੂੰ ਲੁੱਟਣ ਦਾ ਹੀ ਪ੍ਰੋਗਰਾਮ ਬਣਾਇਆ ਸੀ, ਜਿਨ੍ਹਾਂ ਦੀ ਕੋਈ ਧਿਰ ਨਹੀਂ ਸੀ।
ਅਸੀਂ ਵੀ ਮੁੰਡੀਰ ਦੇ ਮਗਰ ਲੱਗ ਗਏ। ਮਜ਼੍ਹਬੀਆਂ ਦੀ ਖੂਹੀ ਕੋਲ ਬਾਬੂ ਰਾਮ ਦੀ ਹੱਟੀ ਸੀ। ਮਜ਼੍ਹਬੀਆਂ ਦੇ ਵਿਹੜੇ ਹੋਣ ਕਰਕੇ ਇਹ ਹੱਟੀ ਵੀ ਖੂਬ ਚਲਦੀ ਸੀ। ਉਸ ਸਮੇਂ ਵੀ ਕੁਝ ਗਾਹਕ ਸੌਦਾ ਖਰੀਦ ਰਹੇ ਸਨ। ਗੜਚੂ ਨੇ ਹੱਟੀ ਵਿਚ ਵੜਦਿਆਂ ਹੀ ਜਲੇਬੀਆਂ ਤੋਲ ਰਹੇ ਬਾਬੂ ਰਾਮ ਦੇ ਘਸੁੰਨ ਜੜ ਦਿੱਤਾ। ਜਲੇਬੀਆਂ ਵਾਲੀ ਤਕੜੀ ਉਸ ਦੇ ਹੱਥੋਂ ਛੁੱਟ ਗਈ। ਉਹ ਹੱਕਾ-ਬੱਕਾ ਹੋ ਉਤਾਂਹ ਝਾਕਿਆ ਤਾਂ ਉਹਨੇ ਉਸ ਦੇ ਮੂੰਹ ਉਪਰ ਇਕ ਹੋਰ ਘਸੁੰਨ ਮਾਰਿਆ। ਬਾਬੂ ਰਾਮ ਨੇ ਪਿਛਾਂਹ ਗੱਲੇ ਉਪਰ ਡਿਗਦਿਆਂ ਲੇਰ ਮਾਰੀ ਤੇ ਆਪਣੇ ਨਿੱਕੇ ਭਰਾ ਨੂੰ ਕਿਹਾ, “ਬਾਲਕੇ, ਚਾਚੇ ਨੂੰ ਸੱਦ ਕੇ ਲਿਆ।” ਚੌਦਾਂ ਪੰਦਰਾਂ ਸਾਲ ਦਾ ਬਾਲਕ ਰਾਮ ਤਾਂ ਡਰਦਾ ਮਾਰਾ ਪਹਿਲਾਂ ਹੀ ਹੱਟੀ ਵਿਚੋਂ ਭੱਜ ਗਿਆ ਸੀ।
“ਜਾਹ! ਸੱਦ ਕੇ ਲਿਆ ਚਾਚੇ ਨੂੰ। ਬਾਲਕਾ ਕੀ ਸੱਦ ਕੇ ਲਿਆਏਗਾ ਉਹਨੂੰ, ਅਸੀਂ ਉਹਦੇ ਕੋਲ ਆਪ ਚੱਲੇ ਆਂ। ਤੈਨੂੰ ਦਿਸਦਾ ਨਹੀਂ ਸੀ, ਮੈਂ ਕਿੰਨੇ ਚਿਰ ਦਾ ਖੜ੍ਹਾ ਤੇਰੇ ਮੂੰਹ ਵੱਲ ਦੇਖੀ ਜਾਂਦਾ ਸੀ ਤੇ ਤੂੰ ਜਲੇਬੀਆਂ ਤੋਲਣ ਵਿਚ ਹੀ ਲੱਗਾ ਹੋਇਆ ਸੀ, ਏਧਰ ਧਿਆਨ ਈ ਨਹੀਂ ਦਿੱਤਾ।”
ਬਾਬੂ ਰਾਮ ਮਿੰਨਤਾਂ ਕਰ ਰਿਹਾ ਸੀ ਕਿ ਉਸ ਨੇ ਉਨ੍ਹਾਂ ਨੂੰ ਦੇਖਿਆ ਨਹੀਂ ਸੀ। ਉਹ ਉਹਦੇ ਘਸੁੰਨ ਮਾਰੀ ਜਾ ਰਿਹਾ ਸੀ ਤੇ ਦੂਜੇ ਹੱਟੀ ਵਿਚੋਂ ਸਮਾਨ ਲੁੱਟੀ ਜਾ ਰਹੇ ਸਨ। ਲੱਡੂ, ਜਲੇਬੀਆਂ, ਸ਼ਕਰ ਪਾਰੇ, ਰੰਗ ਬਿਰੰਗੇ ਖੰਡ ਦੇ ਖਿਡਾਉਣੇ ਤੇ ਹੋਰ ਨਿੱਕ ਸੁੱਕ ਹੱਟੀ ਵਿਚ ਹੀ ਖਿੱਲਰ ਗਿਆ ਸੀ। ਜਦੋਂ ਬਾਬੂ ਰਾਮ ਬੇਸੁਰਤ ਜਿਹਾ ਹੋ ਗਿਆ ਤਾਂ ਉਸ ਦਾ ਗੱਲਾ ਵੀ ਲੁੱਟ ਲਿਆ ਤੇ ਅਗਲੀ ਹੱਟੀ ਚੱਲ ਪਏ।
ਬਾਲਕ ਰਾਮ ਨੇ ਆਪਣੇ ਚਾਚੇ ਨੱਥੂ ਰਾਮ ਨੂੰ ਸਾਰੀ ਘਟਨਾ ਜਾ ਸੁਣਾਈ ਸੀ ਤੇ ਉਸ ਨੇ ਆਪਣੇ ਗੁਆਂਢੀ ਨੰਬਰਦਾਰ ਅਨੋਖ ਸਿੰਘ ਨੂੰ ਜਾ ਦੱਸਿਆ। ਨੰਬਰਦਾਰ ਨੇ ਝਟ ਆਪਣੇ ਬੰਦਿਆਂ ਨੂੰ ਅਗਵਾੜ ਦੀਆਂ ਹੱਟੀਆਂ ਦੀ ਰਾਖੀ ਲਈ ਘੱਲ ਦਿੱਤਾ। ਉਹ ਇਹ ਕਿਵੇਂ ਸਹਿ ਸਕਦਾ ਸੀ ਕਿ ਦੂਜੇ ਅਗਵਾੜ ਦੇ ਬੰਦੇ ਇਸ ਅਗਵਾੜ ਵਿਚ ਆ ਕੇ ਹੱਟੀਆਂ ਲੁੱਟ ਲੈਣ। ਉਹ ਡਾਂਗਾਂ ਸੋਟੀਆਂ ਲੈ ਕੇ ਹਰਦਵਾਰੀ ਲਾਲ ਵਾਲੀ ਹੱਟੀ ਮੂਹਰੇ ਜਾ ਖੜ੍ਹੇ ਹੋਏ। ਉਨ੍ਹਾਂ ਨੂੰ ਦੇਖ ਕੇ ਮੁੰਡੀਰ ਤਾਂ ਪਹਿਲਾਂ ਹੀ ਖਿਸਕ ਗਈ। ਹੱਟੀਆਂ ਲੁੱਟਣ ਵਾਲੇ ਸੂਰਮੇ ਵੀ ਹੱਟੀ ਵਾਲੇ ਪਾਸੇ ਨਾ ਜਾ ਕੇ ਸੱਥ ਵਿਚੋਂ ਦੀ ਸਿੱਧੇ ਸੂਏ ਵੱਲ ਚਲੇ ਗਏ। ਇਸ ਤਰ੍ਹਾਂ ਦੂਜੀਆਂ ਹੱਟੀਆਂ ਲੁੱਟ ਹੋਣੋਂ ਬਚ ਗਈਆਂ ਸਨ। ਉਂਜ ਵੀ ਦੂਜੇ ਹਟਵਾਣੀਏ ਆਪਣੀਆਂ ਹੱਟੀਆਂ ਬੰਦ ਕਰਕੇ ਗੁਆਂਢੀ ਘਰਾਂ ਵਿਚ ਜਾ ਬੈਠੇ ਸਨ।
ਇਸ ਘਟਨਾ ਨੂੰ ਵਾਪਰਿਆਂ ਬੜਾ ਸਮਾਂ ਬੀਤ ਗਿਆ ਹੈ। ਹੱਟੀਆਂ ਨੂੰ ਲੁੱਟਣ ਵਾਲਾ ਉਹ ਡਿਸਮਿਸ ਸਿਪਾਹੀ ਬਾਅਦ ਵਿਚ ਕਈ ਸਾਲ ਪਿੰਡ ਦਾ ਸਰਪੰਚ ਵੀ ਰਿਹਾ ਤੇ ਪਿੰਡ ਦੀ ਤਰੱਕੀ ਲਈ ਕਈ ਕੰਮ ਵੀ ਕੀਤੇ। ਸੰਨ 1962 ਵਿਚ ਜਦੋਂ ਪਿੰਡ ਹੜ੍ਹਾਂ ਕਾਰਨ ਡੁੱਬਣ ਦੇ ਕਿਨਾਰੇ ਹੋ ਗਿਆ ਤੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਦੋ ਧੜਿਆਂ ਵਿਚ ਵੰਡਿਆ ਗਿਆ, ਉਸ ਸਮੇਂ ਉਸ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਵੀ ਮਿਲਿਆ, ਪਰ ਜਦੋਂ ਵੀ ਉਸ ਨਾਲ ਵਾਹ ਪੈਂਦਾ ਤਾਂ ਬਾਬੂ ਰਾਮ ਨੂੰ ਘਸੁੰਨ ਮਾਰਨ ਵਾਲਾ ਤੇ ਹੱਟੀ ਲੁੱਟਣ ਵਾਲਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਸੀ।
ਹੁਣ ਵੀ ਜਦੋਂ ਕੁਝ ਸਕਤਿਆਂ ਵਲੋਂ ਸ਼ਹਿਰਾਂ ਵਿਚ ਦੁਕਾਨਾਂ ਤੇ ਵਪਾਰਕ ਅਦਾਰਿਆਂ ਕੋਲੋਂ ਹਫਤੇ ਤੇ ਮਹੀਨੇ ਉਗਰਾਹੇ ਜਾਂਦੇ ਹਨ ਤਾਂ ਖਿਆਲ ਆਉਂਦਾ ਹੈ ਕਿ ਪੁਰਾਣੇ ਸਮਿਆਂ ਵਿਚ ਉਨ੍ਹਾਂ ਸਕਤਿਆਂ ਨੂੰ ਤਾਂ ਡਾਕੂ ਲੁਟੇਰੇ ਕਿਹਾ ਜਾਂਦਾ ਸੀ, ਹੁਣ ਇਨ੍ਹਾਂ ਨੂੰ ਕਿਹੜਾ ਨਾਂ ਦਿੱਤਾ ਜਾਵੇ?