ਜਾਤੀਵਾਦ ਦਾ ਡੰਗ: ਵਿਤਕਰੇ ਦੀ ਸਦੀਆਂ ਲੰਮੀ ਕਹਾਣੀ

ਛੂਤ-ਛਾਤ ਨੇ ਸਦੀਆਂ ਤੋਂ ਭਾਰਤ ਦੇ ਇਕ ਵੱਡੇ ਹਿੱਸੇ ਨੂੰ ਸਮਾਜ ਨਾਲੋਂ ਅਲਹਿਦਾ ਕੀਤਾ ਹੋਇਆ ਹੈ। ਇਹ ਕਹਾਣੀ ਅਜੇ ਵੀ ਮੁੱਕੀ ਨਹੀਂ ਹੈ। ਅੱਜ ਵੀ ਬਹੁਤ ਥਾਂਈਂ ਜਾਤਪਾਤ ਅਤੇ ਗਰੀਬੀ ਇਕੋ ਸਿੱਕੇ ਦੇ ਦੋ ਪਹਿਲੂ ਜਾਪਦੇ ਹਨ। ਭਾਰਤ ਦੀ ਸੰਵਿਧਾਨ ਘੜਨੀ ਸਭਾ ਦੇ ਮੁਖੀ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਨੇ ਦੇਸ਼ ਵਿਚ ਦਲਿਤਾਂ ਦੇ ਸ਼ੋਸ਼ਣ ਖਿਲਾਫ ਮੁਹਿੰਮ ਚਲਾਈ ਸੀ, ਇਸ ਦੇ ਬਾਵਜੂਦ ਜਾਤ ਆਧਾਰਤ ਨਾਬਰਾਬਰੀ ਖਤਮ ਨਹੀਂ ਹੋ ਸਕੀ। ਇਸ ਬਾਰੇ ਖੁਲਾਸਾ ਮੋਨੀਕਾ ਕੁਮਾਰ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ।

-ਸੰਪਾਦਕ

ਮੋਨੀਕਾ ਕੁਮਾਰ
ਫੋਨ: 91-94175-32822

ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸਿਰਫ ਸਕੂਲ, ਕਾਲਜ, ਯੂਨੀਵਰਸਿਟੀ ‘ਚ ਪੜ੍ਹ ਕੇ ਨਹੀਂ ਅਕਲ ਆ ਜਾਂਦੀ; ਜ਼ਿੰਦਗੀ ਦੇ ਸਕੂਲ ‘ਚ ਪੜ੍ਹਿਆਂ ਪਤਾ ਲੱਗਦਾ, ਕੀ ਭਾਅ ਵਿਕਦੀ ਹੈ, ਪਰ ਇਸ ਦੇਸ਼ ਦੀ ਲੋਕ ਬਾਣੀ ਵਿਚ ਇਕ ਗੱਲ ਹੋਰ ਜੋੜਨੀ ਚਾਹੀਦੀ ਹੈ ਕਿ ਇਥੇ ਜ਼ਿੰਦਗੀ ਦੇ ਸਕੂਲ ਯਾਨਿ ਸਮਾਜ ਵਿਚ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ ਕਿ ਸਾਰਾ ਦਿਨ ਕੇਵਲ ਆਪਣਾ ਸੁਆਰਥ ਸਾਧ ਕੇ ਵੀ ‘ਸਰਬਤ ਦਾ ਭਲਾ’ ਤੇ ‘ਸਰਵੇ ਭਵੰਤੂ ਸੁਖੀਨਾ’ ਦੀ ਅਰਦਾਸ ਕੀਤੀ ਜਾ ਸਕਦੀ ਹੈ; ਕੋਟ ਬ੍ਰਹਿਮੰਡਾਂ ਤੇ ਪੁਲਾੜ ਤਕ ਦੀ ਸ਼ਾਂਤੀ ਲਈ ਹੱਥ ਜੋੜਦਿਆਂ ਬੜੇ ਆਰਾਮ ਨਾਲ ਜਾਤ ਦੇ ਆਧਾਰ ‘ਤੇ ਆਪਣੇ ਵਰਗੇ ਦੂਜੇ ਮਨੁੱਖਾਂ ਦਾ ਸ਼ੋਸ਼ਣ ਕਰਕੇ ਚੰਗੇ ਮਨੁੱਖ ਹੋਣ ਦਾ ਭਰਮ ਵੀ ਪਾਲਿਆ ਜਾ ਸਕਦਾ ਹੈ। ਇਹ ਸਭ ਇਕੋ ਵੇਲੇ ਕਰਨ ਦੀ ਸਹਿਜ ਵਿਧੀ, ਜੋ ਭਾਰਤੀ ਸਮਾਜ ਦੇ ਉਚ ਜਾਤੀਆਂ ਦੇ ਲੋਕਾਂ ਨੇ ਆਪਣੇ ਧਰਮ ਗ੍ਰੰਥਾਂ ਤੇ ਧਰਮ ਗੁਰੂਆਂ ਦੀ ਵਿਆਖਿਆ ਦੇ ਹਵਾਲੇ ਤੋਂ ਜਾਂ ਆਪਣੇ ਜੀਵਨ ਅਨੁਭਵ ਨਾਲ ਵਿਕਸਿਤ ਕੀਤੀ ਹੈ, ਸਭਿਅਤਾ ਦੇ ਵਿਕਾਸ ਵਿਚ ਇਹੀ ਉਨ੍ਹਾਂ ਦੀ ਸਭ ਤੋਂ ਚਤੁਰ ਪ੍ਰਾਪਤੀ ਹੈ।
ਮੈਨੂੰ ਲੱਗਦਾ ਹੈ, ਗੱਲ ਸਿਰਫ ਧਰਮ ਗ੍ਰੰਥਾਂ ਦੇ ਹਵਾਲੇ ਦੀ ਨਹੀਂ, ਕਿਉਂਕਿ ਪਿਛਲੇ ਸਾਲਾਂ ਵਿਚ ਲੋਕਾਂ ਨੇ ਆਧੁਨਿਕ ਚਿੰਤਨ ਦੇ ਪ੍ਰਭਾਵ ਹੇਠ ਧਰਮ ਪਾਲਣਾ ਦੀਆਂ ਔਖੀਆਂ ਗੱਲਾਂ, ਜਿਵੇਂ ਸਰੀਰ ਤੇ ਮਨ ਦੀ ਤੰਦਰੁਸਤੀ ਲਈ ਕਠੋਰ ਵਰਤ ਰੱਖਣਾ, ਦਸਵੰਧ ਕੱਢਣਾ, ਸੁਵਖਤੇ ਉਠਣਾ, ਸਦਾਚਾਰੀ ਹੋਣਾ ਆਦਿ ਆਦਤਾਂ ਛੱਡੀਆਂ ਵੀ ਨੇ; ਪਰ ਜੇ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਣ ਲੱਗ ਜਾਓ ਤਾਂ ਤਰਥੱਲੀ ਮਚ ਜਾਵੇਗੀ, ਕਿਉਂਕਿ ਫੇਰ ਚਾਰ-ਪੰਜ ਸੌ ਰੁਪਏ ਦੀ ਦਿਹਾੜੀ ‘ਤੇ ਕਿਸੇ ਮਜ਼ਦੂਰ ਕੋਲੋਂ ਸਾਰਾ ਦਿਨ ਏਨਾ ਭਾਰਾ ਕੰਮ ਕਰਾਉਣ ਔਖਾ ਹੋ ਜਾਏਗਾ; ਹਜ਼ਾਰ-ਪੰਦਰਾਂ ਸੌ ਰੁਪਏ ਮਹੀਨੇ ‘ਤੇ ਦਸ ਮਰਲੇ ਦੀ ਕੋਠੀ ‘ਚ ਝਾੜੂ ਪੋਚਾ ਕਰਾਉਣਾ ਚੰਗਾ ਨਹੀਂ ਲੱਗੇਗਾ; ਬਿਨਾ ਗੱਲੋਂ ਤੁਰੇ ਜਾਂਦੇ ਕਿਸੇ ਪਰਵਾਸੀ ਦਲਿਤ ਰਿਕਸ਼ੇ ਵਾਲੇ ਨੂੰ ਦੇਖ ਕੇ ਕੋਈ ਕਿਵੇਂ ਕਹੇਗਾ ਕਿ ਇਨ੍ਹਾਂ ਨੇ ਗੰਦ ਪਾ ਛੱਡਿਆ ਸਾਰੇ ਸ਼ਹਿਰ ਵਿਚ ਤੇ ਕਿਸੇ ਦਲਿਤ ਔਰਤ ਨੂੰ ਅਸ਼ਲੀਲ ਇਸ਼ਾਰੇ ਕੋਈ ਕਿਵੇਂ ਕਰ ਸਕੇਗਾ ਤੇ ਜਿਹੜਾ ਹਰ ਬਾਰਾਂ ਮਿੰਟ ਵਿਚ ਇਸ ਦੇਸ਼ ‘ਚ ਦਲਿਤ ਔਰਤ ਨਾਲ ਬਲਾਤਕਾਰ ਹੁੰਦਾ ਹੈ, ਉਹ ਰੁਕ ਜਾਏਗਾ।
ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਅੱਜ ਵੀ ਇਸ ਦੇਸ਼ ਵਿਚ ਘਰਾਂ, ਸੜਕਾਂ ਤੋਂ ਲੈ ਕੇ ਗਟਰ ਸਾਫ ਕਰਨ ਦੀ ਜਾਂ ਘੱਟ ਪੈਸਿਆਂ ‘ਤੇ ਔਖੇ ਸਰੀਰਕ ਕੰਮ ਕਰਨ ਦੀ ਜ਼ਿੰਮੇਵਾਰੀ ਕਿਸ ਵਰਗ ਦੇ ਲੋਕਾਂ ਦੀ ਹੈ? ਪਰ ਅਫਵਾਹ ਜ਼ਰੂਰ ਫੈਲੀ ਹੋਈ ਹੈ ਕਿ ਜਾਤਪਾਤ ਹੁਣ ਕਿਥੇ ਰਹੀ! ਅਸਲੀਅਤ ਇਹ ਹੈ ਕਿ ਜਾਤ ਤੇ ਗਰੀਬੀ ਦਾ ਰਿਸ਼ਤਾ ਅੱਜ ਵੀ ਟੁੱਟਿਆ ਨਹੀਂ ਹੈ। ਆਜ਼ਾਦੀ ਪਿਛੋਂ ਜਿਸ ਤਰ੍ਹਾਂ ਦਾ ਸ਼ਹਿਰੀਕਰਨ ਹੋਇਆ ਹੈ, ਬੇਸ਼ਕ ਸ਼ਹਿਰਾਂ ਵਿਚ ਦਲਿਤਾਂ ਦੇ ਵੱਖਰੇ ਮੁਹੱਲੇ ਉਸ ਤਰ੍ਹਾਂ ਨਹੀਂ ਦਿਸਦੇ, ਜਦੋਂਕਿ ਪਿੰਡਾਂ ਵਿਚ ਤਾਂ ਅਜੇ ਵੀ ਉਸੇ ਤਰ੍ਹਾਂ ਦੀ ਵਿਵਸਥਾ ਅੱਜ ਵੀ ਮੌਜੂਦ ਹੈ। ਸ਼ਹਿਰਾਂ ਦੀਆਂ ਜਰਜਰ ਬਸਤੀਆਂ ਵਿਚ ਕੌਣ ਲੋਕ ਰਹਿੰਦੇ ਨੇ, ਇਸ ਗੱਲ ਦੀ ਤਫਤੀਸ਼ ਇਹ ਭਰਮ ਦੂਰ ਕਰ ਦਏਗੀ ਕਿ ਜਾਤਪਾਤ ਹੁਣ ਰਹੀ ਕਿਥੇ ਹੈ!
ਭਾਰਤੀ ਸਮਾਜ ਵਿਚ ਇਹ ਸ਼ੁਗਲ ਆਮ ਚੱਲਦਾ ਏ ਕਿ ਦੇਖੋ ਨੀਵੀਂ ਜਾਤ ਦੇ ਲੋਕ ਜੋ ਮਰਜ਼ੀ ਕੰਮ ਕਰ ਰਹੇ ਨੇ, ਜਿਧਰ ਮਰਜ਼ੀ ਜਾ ਆ ਰਹੇ, ਜਮੀਨਾਂ ਖਰੀਦ ਰਹੇ, ਹੁਣ ਕੋਈ ਘਰਾਂ ‘ਚ ਇਨ੍ਹਾਂ ਦੇ ਭਾਂਡੇ ਨਹੀਂ ਛੇਕ ਰਿਹਾ। ਹੋਰ ਕੀ ਚਾਹੀਦਾ ਇਨ੍ਹਾਂ ਨੂੰ? ਥੋੜ੍ਹੇ ਦਿਨ ਪਹਿਲਾਂ ਹੀ ਮਹੀਨੇ ਦੇ ਲੱਖ ਰੁਪਏ ਕਮਾਉਣ ਵਾਲੀ ਆਪਣੀ ਕੁਲੀਗ ਨੂੰ ਮਜ਼ਦੂਰ ਦੀ ਪੰਜ ਸੌ ਰੁਪਏ ਦਿਹਾੜੀ ‘ਤੇ ਹੈਰਾਨ ਹੁੰਦਿਆਂ ਵੇਖਿਆ। ਮੋਚੀ ਵੀ ਹੁਣ ਦਸ ਰੁਪਏ ਤੋਂ ਘੱਟ ਨਹੀਂ ਲੈਂਦਾ, ਇਸ ਗੱਲ ‘ਤੇ ਲੋਕਾਂ ਦੀ ਹੈਰਾਨੀ ਦੇਖੀ। ਕਾਲਜ, ਯੂਨੀਵਰਸਿਟੀ ਵਿਚ ਰਿਜ਼ਰਵ ਕੋਟੇ ‘ਚ ਭਰਤੀ ਹੋਏ ਪ੍ਰੋਫੈਸਰਾਂ ਪ੍ਰਤੀ ਉਚੀ ਜਾਤ ਦੇ ਕਰਮਚਾਰੀਆਂ ਦਾ ਮਿੰਨਾ-ਮਿੰਨਾ ਰੋਸ ਦੇਖਿਆ। ਆਪਣੇ ਇਕ ਜਾਣਕਾਰ ਨੂੰ ਕਥਿਤ ਅਛੂਤ ਅਫਸਰ ਦੀ ਹਜ਼ੂਰੀ ਕਰਦਿਆਂ ਬੜਾ ਔਖਾ ਹੁੰਦਾ ਵੇਖਿਆ। ਗਿਲਾ ਇਹ ਸੀ ਕਿ ਅਛੂਤ ਵੀ ਏ ਤੇ ਉਤੋਂ ਰੋਹਬ ਵੀ ਪਾਉਂਦਾ ਏ; ਕਿਉਂਕਿ ਅਫਸਰ ਬਣਨ ਤੇ ਰੋਹਬ ਪਾਉਣ ਦਾ ਅਧਿਕਾਰ ਉਚ ਜਾਤ ਦੇ ਲੋਕਾਂ ਦਾ ਰਾਖਵਾਂ ਹੈ ਤੇ ਭ੍ਰਿਸ਼ਟ ਤਾਂ ਉਹਨੂੰ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਅਛੂਤ ਅਫਸਰ ਦਾ ਭ੍ਰਿਸ਼ਟ ਹੋਣਾ ਬਹੁਤ ਵੱਡਾ ਨੈਤਿਕ ਘਾਣ ਹੈ। ਪਰ ਉਚ ਜਾਤ ਦਾ ਅਫਸਰ ਬੜੇ ਮਾਣ ਨਾਲ ਭ੍ਰਿਸ਼ਟ ਹੋ ਸਕਦਾ ਏ।
ਮੈਂ ਯੂਨੀਵਰਸਿਟੀ ਪੜ੍ਹਨ ਗਈ ਤਾਂ ਦੇਖ ਕੇ ਹੈਰਾਨ ਹੋ ਗਈ ਕਿ ਮੇਰੀ ਸਹੇਲੀ ਦੀ ਮੰਮੀ ਆਨੇ-ਬਹਾਨੇ ਦਾਖਲਾ ਕਰਾਉਂਦੀਆਂ ਹੋਰਨਾਂ ਕੁੜੀਆਂ ਦੀ ਜਾਤ ਵੀ ਪੁੱਛ ਰਹੀ ਸੀ ਤੇ ਜਾਤ ਦੇ ਗੁਣਾਂ ਦੇ ਆਧਾਰ ‘ਤੇ ਆਪਣੀ ਬੇਟੀ ਨੂੰ ਸਿਖਾ ਰਹੀ ਸੀ ਕਿ ਉਹਨੂੰ ਕਿਨ੍ਹਾਂ ਕੁੜੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਕੇਵਲ ਜੱਟ ਸਿੱਖ ਸਭ ਤੋਂ ਲਾਇਕ ਤੇ ਬਹਾਦਰ ‘ਕੌਮ’ ਏ। ਹਿੰਦੂਆਂ ਵਿਚ ਉਨ੍ਹਾਂ ਨੂੰ ਬ੍ਰਾਹਮਣਾਂ ਨਾਲ ਉਠਣਾ-ਬੈਠਣਾ ਵੱਧ ਪਸੰਦ ਸੀ। ਪੜ੍ਹੇ-ਲਿਖੇ ਲੋਕ ਕਿਵੇਂ ਵਿਦਿਅਕ ਅਦਾਰਿਆਂ ਤੇ ਹੋਸਟਲਾਂ ਵਿਚ ਜਾਤਪਾਤ ਕਾਇਮ ਰੱਖਦੇ ਨੇ, ਇਹ ਅਨੁਭਵ ਇਹਦੀ ਮਿਸਾਲ ਰਿਹਾ। ਮੇਰੇ ਆਪਣੇ ਪਿਤਾ, ਜਿਨ੍ਹਾਂ ਮੇਰੀ ਸਿੱਖਿਆ ਤੇ ਤਰੱਕੀ ਲਈ ਆਮ ਪਿਤਾ ਤੋਂ ਵਧ ਕੇ ਮੇਰਾ ਸਾਥ ਦਿੱਤਾ, ਇਕ ਦਿਨ ਮੈਨੂੰ ਗੱਲਾਂ-ਗੱਲਾਂ ‘ਚ ਪਤਾ ਲੱਗਾ ਕਿ ਉਹ ਵੀ ਦਲਿਤਾਂ ਨੂੰ ਸੰਵਿਧਾਨ ਦੀਆਂ ਮਿਲਦੀਆਂ ਸਹੂਲਤਾਂ ਨੂੰ ਦੇਖ ਕੇ ਉਚ ਵਰਗ ਦੇ ਨੌਜਵਾਨਾਂ ਦੇ ਭਵਿਖ ਲਈ ਸ਼ੱਕ ਕਰ ਰਹੇ ਨੇ। ਉਸ ਦਿਨ ਮੈਨੂੰ ਇਹ ਪਤਾ ਲੱਗਾ ਕਿ ਸਾਡੇ ਸਭ ਦੇ ਅੰਦਰ ਜਾਤੀਵਾਦ ਲੁਕਿਆ ਬੈਠਾ ਏ। ਇਹਨੂੰ ਫੋਲ ਕੇ ਦੇਖੋ ਤਾਂ ਆਪਣੀ ਸੱਚਾਈ ਪਤਾ ਲੱਗਦੀ ਹੈ। ਦਲਿਤਾਂ ਪ੍ਰਤੀ ਇਸ ਦੇਸ਼ ਵਿਚ ਅਪਰਾਧ ਦੇ ਅੰਕੜਿਆਂ ਦੀ ਤਾਂ ਅਜੇ ਮੈਂ ਗੱਲ ਹੀ ਨਹੀਂ ਕੀਤੀ, ਇਹ ਸਭ ਬਿਲਕੁਲ ਆਮ ਦਿਨ ਦੀਆਂ ਆਮ ਮਿਸਾਲਾਂ ਨੇ।
ਭਾਰਤ ਦੀ ਜਾਤ ਵਿਵਸਥਾ ਬਾਰੇ ਮੈਨੂੰ ਬਚਪਨ ‘ਚ ਖਾਸ ਜਾਣਕਾਰੀ ਨਹੀਂ ਮਿਲੀ। ਬਸ ਇਹ ਪ੍ਰਭਾਵ ਮਿਲਿਆ ਕਿ ਨੀਵੀਂ ਜਾਤ ਦੇ ਲੋਕ ਨੀਵੇਂ ਕੰਮ ਕਰਦੇ ਨੇ ਤੇ ਇਹੀ ਉਨ੍ਹਾਂ ਦੇ ਭਾਗ ਨੇ। ਇਕ ਜਮਾਦਾਰਨੀ ਯਾਦ ਹੈ, ਜੋ ਸਾਡੇ ਘਰਾਂ ਦਾ ਮੈਲਾ ਢੋਂਦੀ ਟੁਰੀ ਜਾਂਦੀ ਵੀ ਸਾਨੂੰ ਬੁਕ-ਬੁਕ ਅਸੀਸਾਂ ਦਿੰਦੀ ਸੀ। ਉਹ ਸਾਡਾ ਮੈਲਾ ਢੋਣ ਕਰਕੇ ਅਪਵਿਤਰ ਸੀ, ਜੋ ਘਰ ਦੀ ਡਿਓਢੀ ‘ਚ ਬਹਿ ਕੇ ਛੇਕ ਕੇ ਰੱਖੇ ਗਲਾਸ ਵਿਚ ਚਾਹ ਪੀਂਦੀ ਸੀ ਤੇ ਅਸੀਂ ਆਪਣਾ ਮੈਲਾ ਬਹੁਤ ਘੱਟ ਪੈਸਿਆਂ ‘ਤੇ ਉਸ ਤੋਂ ਚੁਕਾ ਕੇ ਵੀ ਪਵਿਤਰ ਤੇ ਇੱਜਤਦਾਰ ਸਾਂ। ਇਹ ਸਵਾਲ ਤਾਂ ਕੁਝ ਚਿਰ ਪਹਿਲਾਂ ਹੀ ਅਹੁੜਿਆ ਹੈ ਕਿ ਉਹੀ ਕਿਉਂ ਸਾਨੂੰ ਅਸੀਸ ਦਿੰਦੀ ਸੀ, ਜਦੋਂਕਿ ਸਭ ਮਨੁੱਖਾਂ ਦੀ ਤਰ੍ਹਾਂ ਜੀਵਨ ਦੇ ਸੁਖ-ਦੁਖ ਹੰਢਾਉਂਦੀ ਉਸ ਬਾਲ ਬੱਚੇਦਾਰ ਔਰਤ ਨੂੰ ਤਾਂ ਪਰਤ ਕੇ ਕਿਸੇ ਦੂਜੀ ਔਰਤ ਵੀ ਅਸੀਸ ਨਹੀਂ ਦਿੱਤੀ।
ਮੈਂ ਨੌਵੀਂ ਜਮਾਤ ਵਿਚ ਚੜ੍ਹਨਾ ਸੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਨਕੋਦਰ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਚ ਦਾਖਲ ਕਰਾ ਛੱਡਿਆ। ਉਥੇ ਦੀ ਮੈਡਮ ਨੇ ਆਪਣੀ ਮਦਦ ਵਾਸਤੇ ਕਲਾਸ ਦੇ ਹਾਜ਼ਰੀ ਰਜਿਸਟਰ ਦੇ ਕੰਮ ਵਿਚ ਮੈਨੂੰ ਵੀ ਲਾ ਲਿਆ। ਰਜਿਸਟਰ ਵਿਚ ਹਰ ਵਿਦਿਆਰਥੀ ਦੇ ਨਾਂ ਨਾਲ ਉਹਦੀ ਜਾਤ ਲਿਖੀ ਹੁੰਦੀ ਸੀ ਤਾਂ ਜੋ ਫੀਸ ਮੁਆਫੀ ਤੇ ਵਜ਼ੀਫੇ ਆਦਿ ਦੀ ਲਿਸਟ ਸੌਖੀ ਬਣਾਈ ਜਾ ਸਕੇ। ਮੈਨੂੰ ਛੇਤੀ ਹੀ ਸਭ ਜਾਤਾਂ ਦੇ ਨਾਂ ਯਾਦ ਹੋ ਗਏ; ਪਰ ਸਮਝ ਕੁਝ ਨਹੀਂ ਆਇਆ। ਸਰਕਾਰੀ ਸਕੂਲ ‘ਚ ਬਹੁਤਾ ਕੁਝ ਆਈ-ਚਲਾਈ ਸੀ, ਪਰ ਫੇਰ ਵੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਸਕੂਲ ਦਾ ਨਕਲੀ ਪ੍ਰਭਾਵ ਉਸਾਰਨ ਵਾਸਤੇ ਕੋਈ ਕੱਜਣ ਨਹੀਂ ਤਿਆਰ ਕੀਤਾ ਗਿਆ। ਇਸ ਲਈ ਸਕੂਲ ਵਿਚ ਸੱਚਾਈ ਦੀ ਕੁਝ ਚਮਕ ਉਪਲਬਧ ਸੀ। ਇਥੇ ਮੈਨੂੰ ਪਹਿਲੀ ਵਾਰ ਦਲਿਤ ਪਰਿਵਾਰਾਂ ਦੀਆਂ ਕੁੜੀਆਂ ਨਾਲ ਰਹਿਣ ਦਾ ਮੌਕਾ ਮਿਲਿਆ। ਮੈਂ ਦੇਖਿਆ ਕਿ ਇਹ ਬਿਲਕੁਲ ਮੇਰੇ ਵਰਗੀਆਂ ਸਨ, ਸਗੋਂ ਸ਼ਾਨਦਾਰ ਕੁੜੀਆਂ ਸਨ। ਸਿਆਲ ਦੀਆਂ ਧੁੰਦਾਂ ਵਿਚ ਆਪਣੇ ਪਿੰਡੋਂ ਦਸ-ਦਸ ਮੀਲ ਪੈਡਲ ਮਾਰ ਕੇ ਪੜ੍ਹਨ ਆਉਂਦੀਆਂ। ਮੇਰੀਆਂ ਸਹੇਲੀਆਂ ਦੀ ਅਕਾਦਮਿਕ ਯੋਗਤਾ ਤੇ ਜੀਵਨ ਪ੍ਰਤੀ ਸਮਝ ਦੇਖ ਕੇ ਮੈਂ ਹੈਰਾਨ ਹੋਈ ਕਿਉਂਕਿ ਆਪਣੇ ਆਲੇ-ਦੁਆਲੇ ਤੋਂ ਮੈਨੂੰ ਇਹੀ ਅਕਲ ਮਿਲੀ ਸੀ ਕਿ ਨੀਵੀਆਂ ਜਾਤਾਂ ਦੇ ਲੋਕ ਪੜ੍ਹਨ-ਲਿਖਣ ਵਰਗੇ ਔਖੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਵਿਚੋਂ ਬਹੁਤੀਆਂ ਸਹੇਲੀਆਂ ਦੇ ਪਿਤਾ ਮਜ਼ਦੂਰੀ ਕਰਦੇ ਸਨ। ਸਾਧਨ ਦੀ ਤੋਟ ਵਿਚ ਉਦਮ ਨੂੰ ਕਿਵੇਂ ਉਚਾ ਰੱਖੀਦਾ, ਇਹਦਾ ਮੈਨੂੰ ਬਿਲਕੁਲ ਨਵਾਂ ਅਨੁਭਵ ਹੋਇਆ, ਸਗੋਂ ਉਨ੍ਹਾਂ ਵਿਚੋਂ ਇਕ ਬੜੀ ਜਾਗਰੂਕ ਸਹੇਲੀ ਸੀ, ਜਿਨ੍ਹੇ ਮੈਨੂੰ ਵਾਰ-ਵਾਰ ਅੰਗਰੇਜ਼ੀ ਸ਼ਬਦ ਬੋਲਣ ਤੋਂ ਵਰਜਿਆ ਤਾਂ ਜੋ ਮੈਂ ਅੰਗਰੇਜ਼ੀ ਬੋਲ ਕੇ ਉਨ੍ਹਾਂ ‘ਤੇ ਰੋਹਬ ਨਾ ਪਾ ਸਕਾਂ। ਇਸ ਸਕੂਲ ‘ਚ ਆਉਣ ਤੋਂ ਪਹਿਲਾਂ ਮੈਂ ਮੱਧ ਵਰਗ ਦੀ ਖਪਤ ਵਾਸਤੇ ਬਣਾਏ ਗਏ ਅੰਗਰੇਜ਼ੀ ਮੀਡੀਅਮ ਪ੍ਰਾਈਵੇਟ ਸਕੂਲ ‘ਚ ਪੜ੍ਹਦੀ ਸਾਂ; ਜਿਥੇ ਬੰਦਾ ਇੰਗਲਿਸ਼, ਹਿੰਦੀ, ਪੰਜਾਬੀ, ਗਣਿਤ ਤੇ ਇਤਿਹਾਸ ਦਾ ਰੱਟਾ ਤਾਂ ਚਾੜ੍ਹ ਸਕਦਾ ਹੈ; ਪਰ ਬੰਦਾ ਬੰਦਾ ਬਣ ਜਾਏ, ਇਹਦੀ ਸੰਭਾਵਨਾ ਘੱਟ ਹੁੰਦੀ ਏ। ਕਿਉਂਕਿ ਸਮਾਜ ਦੀਆਂ ਬੁਰਾਈਆਂ ਨਾਲ ਲੜਨ ਵਾਸਤੇ ਸੁਚੱਜੇ ਨਾਗਰਿਕ ਤਿਆਰ ਕਰਨਾ ਇਨ੍ਹਾਂ ਸਕੂਲਾਂ ਦੀ ਵਿਚਾਰਧਾਰਾ ਦਾ ਹਿੱਸਾ ਨਹੀਂ ਹੁੰਦਾ।
ਵੀਹ ਸਾਲ ਦੇ ਰਸਮੀ ਵਿਦਿਆ ਪ੍ਰਾਪਤ ਕਰਨ ਦੇ ਲੰਮੇ ਦੌਰ ਵਿਚ ਕਿਸੇ ਵਿਦਿਅਕ ਅਦਾਰੇ ਵਿਚ ਕਿਸੇ ਅਧਿਆਪਕ ਨੂੰ ਮੈਂ ਸਫਾਈ ਨਾਲ ਜਾਤਪਾਤ ਦਾ ਖੰਡਨ ਕਰਦਿਆਂ ਨਹੀਂ ਦੇਖਿਆ। ਪੱਛਮੀ ਗਿਆਨ ਪਰੰਪਰਾ ਦੇ ਕੋਰੇ ਪ੍ਰਭਾਵ ਵਿਚ ਅਬੂਝ ਭਾਸ਼ਾ ਵਿਚ ਉਤਰ-ਬਸਤੀਵਾਦ, ਉਤਰ-ਆਧੁਨਿਕਤਾਵਾਦ, ਉਤਰ-ਮਾਰਕਸਵਾਦ ਦੀ ਸ਼ਬਦਾਵਲੀ ਦਾ ਬੌਧਿਕ ਠਰਕ ਤਾਂ ਇਥੇ ਨਿੱਤ ਭੁਰਦਾ ਹੈ, ਪਰ ਇਸ ਸਮਾਜ ਨੂੰ ਅੰਦਰੋਂ ਗਾਲ ਰਹੇ ਫੋੜੇ ਦੀ ਸੁਧ ਲੈਣ ਵਾਲੇ ਲੋਕ ਬਹੁਤ ਹੀ ਘੱਟ ਨੇ। ਆਪਣੇ ਸਮਾਜ ਨੂੰ ਸਮਝਣ ਦੀ ਸੁਥਰੀ ਤੇ ਸੰਗਠਿਤ ਸਮਝ ਸਾਨੂੰ ਕਲਾਸਾਂ ਵਿਚ ਨਹੀਂ ਮਿਲਦੀ।
ਬਹੁਤ ਸਾਰੇ ਵਿਚਾਰਾਂ, ਥਿਊਰੀਆਂ, ਟਰਮਾਂ ਨਾਲ ਭਰਿਆ ਬੋਰਾ ਮੈਨੂੰ ਵੀ ਨਸੀਬ ਹੋਇਆ, ਪਰ ਇਸ ਸਾਮਾਨ ਨੂੰ ਘੋਲ ਕੇ ਦ੍ਰਿਸ਼ਟੀ ਦਾ ਰਸਾਇਣ ਬਣਾਉਣ ਦੀ ਵਿਧੀ ਨਹੀਂ ਮਿਲੀ। ਕਿਤਾਬੀ ਗਿਆਨ ਤੇ ਸਮਾਜਕ ਯਥਾਰਥ ਦੀ ਗਾਇਬ ਲੜੀ ਕਿਥੋਂ ਲੱਭੀ ਜਾਏ, ਇਸ ਗੱਲੋਂ ਮੈਂ ਖੁੰਝੀ ਰਹੀ।
ਜਾਤ-ਵਿਰੋਧੀ ਬੌਧਿਕ ਪਰੰਪਰਾ ਦੇ ਮਹਾਨ ਚਿੰਤਕ ਅੰਬੇਦਕਰ: ਭਾਰਤੀ ਸਮਾਜ ਦੇ ਯਥਾਰਥ ਨੂੰ ਸਮਝਣ ਦੀ ਕੁੰਜੀ ਇਸ ਦੇਸ਼ ਦੀ ਜਾਤ-ਵਿਰੋਧੀ ਬੌਧਿਕ ਪਰੰਪਰਾ ਦੇ ਮਹਾਨ ਚਿੰਤਕ, ਸਮਾਜ ਸੁਧਾਰਕ ਤੇ ਲੋਕ ਨੇਤਾ ਡਾ. ਭੀਮਰਾਓ ਅੰਬੇਦਕਰ ਦੀ ਲਿਖਤ ਵਿਚ ਹੈ ਤੇ ਉਨ੍ਹਾਂ ਦੀਆਂ ਲੀਹਾਂ ‘ਤੇ ਤੁਰਦਿਆਂ ਪਿਛਲੇ ਵਰ੍ਹਿਆਂ ਵਿਚ ਰਚੇ ਗਏ ਦਲਿਤ ਸਾਹਿਤ ਵਿਚ ਹੈ। ਡਾ. ਅੰਬੇਦਕਰ ਦੀ ਨਜ਼ਰ ਤੋਂ ਭਾਰਤ ਦਾ ਇਤਿਹਾਸ ਸੁਣਨਾ ਇਸ ਦੇਸ਼ ਵਿਚ ਨਜ਼ਰ ਸਾਫ ਕਰਨ ਦਾ ਲੌਕਿਕ ਤੇ ਲਾਜ਼ਮੀ ਢੰਗ ਹੈ। ਜਿਸ ਤਰਕਸ਼ੀਲ ਤੇ ਵਿਗਿਆਨਕ ਢੰਗ ਨਾਲ ਡਾ. ਅੰਬੇਦਕਰ ਭਾਰਤੀ ਸਮਾਜ ਦੇ ਅਡੰਬਰ ਨੂੰ ਬੇਨਕਾਬ ਕਰਦਾ ਹੈ ਤਾਂ ਸਮਝ ਆਉਂਦੀ ਹੈ ਕਿ ਕਿਵੇਂ ਧਾਰਮਿਕ ਵਿਚਾਰਧਾਰਾ ਦਾ ਹਵਾਲਾ ਲੈ ਕੇ ਅਸੀਂ ਦੂਜਿਆਂ ਪ੍ਰਤੀ ਅੱਤਿਆਚਾਰ ਤੇ ਘ੍ਰਿਣਾ ਭਰੀ ਆਪਣੀ ਦ੍ਰਿਸ਼ਟੀ ਨੂੰ ਵੀ ਜਾਇਜ਼ ਮੰਨ ਸਕਦੇ ਹਾਂ।
ਮੈਂ ਇਹ ਸੋਚ ਕੇ ਹੈਰਾਨ ਹੁੰਦੀ ਹਾਂ ਕਿ ਗੁਲਾਮੀ ਨੂੰ ਮੁਕੱਦਰ ਮੰਨੀ ਬੈਠੀ ਲੋਕਾਈ ਨੂੰ ਜਗਾਉਣਾ ਤੇ ਸਿਖਿਅਤ ਕਰਨਾ ਡਾ. ਅੰਬੇਦਕਰ ਲਈ ਕਿੱਡੀ ਵੱਡੀ ਚੁਣੌਤੀ ਰਹੀ ਹੋਵੇਗੀ। ਇਨ੍ਹਾਂ ਅਰਥਾਂ ਵਿਚ ਆਜ਼ਾਦੀ ਦੇ ਸੰਘਰਸ਼ ਵਿਚ ਡਾ. ਅੰਬੇਦਕਰ ਤਾਂ ਦੂਹਰੀ ਲੜਾਈ ਲੜ ਰਿਹਾ ਸੀ; ਕਿਉਂਕਿ ਦਲਿਤਾਂ ਨੂੰ ਖਤਰਾ ਕੇਵਲ ਅੰਗਰੇਜ਼ਾਂ ਤੋਂ ਨਹੀਂ, ਸਗੋਂ ਆਪਣੇ ਦੇਸ਼ ਵਾਸੀਆਂ ਤੋਂ ਵੀ ਸੀ; ਜਿਨ੍ਹਾਂ ਨੂੰ ਬਚਾਉਣ ਲਈ ਡਾ. ਅੰਬੇਦਕਰ ਦੋਹਾਂ ਹੱਥਾਂ ਨਾਲ ਲਿਖਦਾ ਤੇ ਅੰਦੋਲਨ ਕਰਦਿਆਂ ਹਰ ਪਲ ਆਪਣਾ ਜੀਵਨ ਸਮਰਪਿਤ ਕਰਦਾ ਰਿਹਾ। ‘ਪ੍ਰਬੁੱਧ ਭਾਰਤ’ ਦੀ ਕਲਪਨਾ ਕਰਨ ਵਾਲਾ ਸੁਪਨਸਾਜ਼ ਤੇ ਅਥੱਕ ਕਰਮਯੋਗੀ ਆਧੁਨਿਕ ਭਾਰਤ ਦਾ ਚਮਤਕਾਰ ਹੈ, ਜੋ ਕੇਵਲ ਭਾਰਤੀ ਸੰਵਿਧਾਨ ਲਿਖਣ ਵਾਲੀ ਕਮੇਟੀ ਦਾ ਚੇਅਰਮੈਨ ਹੀ ਨਹੀਂ ਸੀ, ਸਗੋਂ ਉਹਦੀ ਕੁੱਲ ਲੇਖਣੀ ਤੇ ਸਮਾਜਕ ਕਾਰਵਾਈ ਇਕ ਬੇਹੱਦ ਜ਼ਿੰਮੇਵਾਰ, ਜਾਗਰੂਕ ਤੇ ਵਿਲੱਖਣ ਹੌਂਸਲੇ ਵਾਲੀ ਸੱਚੀ ਨਾਗਰਿਕਤਾ ਦਾ ਪ੍ਰਮਾਣ ਵੀ ਏ ਤੇ ਸਾਰੇ ਭਾਰਤੀਆਂ ਲਈ ਪ੍ਰੇਰਣਾ ਦਾ ਸਰੋਤ ਵੀ।
ਇਹ ਭਾਰਤ ਦੀ ਤ੍ਰਾਸਦੀ ਏ ਕਿ ਆਜ਼ਾਦੀ ਤੋਂ ਬਾਅਦ ਰਾਜਨੀਤੀ ਦੇ ਸਮੀਕਰਨਾਂ ਵਿਚ ਡਾ. ਅੰਬੇਦਕਰ ਕੇਵਲ ਦਲਿਤਾਂ ਦੇ ਨੇਤਾ ਰਹਿ ਗਏ, ਜਦੋਂ ਕਿ ਡਾ. ਅੰਬੇਦਕਰ ਨੇ ਸਾਡੀਆਂ ਸਭ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕੀਤਾ ਹੈ। ਧੰਨ ਹੈ ਉਸ ਮਨੁੱਖ ਦੀ ਘਾਲਣਾ, ਜਿਸ ਨੇ ਉਸ ਵੇਲੇ ਦੇ ਹੋਰਨਾਂ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਕੇ ਇਸ ਦੇਸ਼ ਦੀ ਪੁਰਾਣੀ ਗੰਧਲੀ ਵਿਵਸਥਾ ਨੂੰ ਤੋੜ ਕੇ ਸਮਾਜਕ ਬਰਾਬਰੀ ਦੀ ਨੀਂਹ ਰੱਖਣ ਦਾ ਯੁਗਾਂਤਰਕਾਰੀ ਕੰਮ ਕੀਤਾ। ਸਾਡਾ ਕੰਮ ਸੀ, ਉਸ ਸੋਚ ਦੀ ਵਿਰਾਸਤ ਨੂੰ ਹੋਰ ਅੱਗੇ ਤੋਰਨਾ ਕਿਉਂਕਿ ਇਹ ਸਮਾਜ ਹੀ ਸਾਡੀ ਸਭ ਦੀ ਅਸਲੀ ਪੂੰਜੀ ਹੈ, ਸਾਡੀ ਅਸਲੀ ਜੜ੍ਹ ਹੈ। ਇਸ ਸਮਾਜ ਵਿਚ ਆਪਣੀ ਸਮਰੱਥਾ ਮੁਤਾਬਕ ਕੋਈ ਜਿੰਨੀ ਚਾਹੇ ਮਰਜ਼ੀ ਤਰੱਕੀ ਕਰ ਲਵੇ, ਪਰ ਸਮਾਜਕ ਤੇ ਆਰਥਕ ਮੌਕੇ ਸਭ ਨੂੰ ਬਰਾਬਰ ਮਿਲਣੇ ਚਾਹੀਦੇ ਨੇ। ਸਮਾਜ ਤੋਂ ਮਿਲਦੀ ਹੱਲਾਸ਼ੇਰੀ ਸਾਡੀ ਸਭ ਦੀ ਲੋੜ ਹੈ। ਇਹ ਸਾਨੂੰ ਹੋਰ ਚੰਗਾ ਕਰਨ ਦੀ ਪ੍ਰੇਰਣਾ ਦਿੰਦੀ ਹੈ; ਪਰ ਅਸੀਂ ਜਾਤ ਜਾਂ ਹੋਰ ਕੋਈ ਵੀ ਆਧਾਰ ਬਣਾ ਕੇ ਕਿਸੇ ਦਾ ਮਨੋਬਲ ਤੋੜਨ ਵਿਚ ਮਿੰਟ ਨਹੀਂ ਲਾਉਂਦੇ। ਜਿਸ ਲੋੜ ਤੋਂ ਵੱਧ ਅਬਾਦੀ ਵਾਲੇ, ਬੇਰੁਜ਼ਗਾਰੀ ਦੇ ਮਾਰੇ ਦੇਸ਼ ਵਿਚ ਮੈਨੂੰ ਸਸਤੀ ਲੇਬਰ ਮਿਲ ਰਹੀ ਹੈ, ਮੇਰੇ ਲਈ ਤਾਂ ਉਹ ਸਮਾਜ ਫੇਰ ਵੀ ਠੀਕ ਹੈ, ਪਰ ਉਸ ਸਸਤੀ ਲੇਬਰ ਦੇਣ ਵਾਲੇ ਨੂੰ ਇਸ ਸਮਾਜ ਤੋਂ ਕੀ ਮਿਲ ਰਿਹਾ ਹੈ, ਇਸ ਸੋਚ ‘ਤੇ ਚਗਲ ਨਹੀਂ ਮਾਰਨੀ ਚਾਹੀਦੀ, ਸਗੋਂ ਇਸ ਸਵਾਲ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਜਾਤ-ਵਿਰੋਧੀ ਪਰੰਪਰਾ ਦੇ ਅਮਲ ਵਿਚ ਜਦੋਂ ਆਪਣਾ ਆਲਾ-ਦੁਆਲਾ ਵੇਖਦੇ ਹਾਂ ਤਾਂ ਹਰ ਦਿਨ ਸਦਮਾ ਲੱਗਦਾ ਏ। ਇਸ ਪ੍ਰਕ੍ਰਿਆ ਵਿਚ ਬੁੱਤ ਤਾਂ ਟੁੱਟਦੇ ਨੇ, ਪੈਰਾਂ ਹੇਠਲੀ ਜਮੀਨ ਖਿਸਕ ਜਾਂਦੀ ਏ। ਬੜੀ ਉਲਝਣ ਹੁੰਦੀ ਹੈ। ਆਪਣੇ ਹੀ ਲੋਕਾਂ ਦੀ ਮਾਨਸਿਕਤਾ ਦੇਖ ਕੇ ਧੱਕਾ ਲੱਗਦਾ ਹੈ। ਮੈਂ ਆਪ ਵੀ ਇਸ ਪ੍ਰਕ੍ਰਿਆ ਵਿਚੋਂ ਗੁਜ਼ਰ ਰਹੀ ਹਾਂ।
ਕਿਸੇ ਆਮ ਦਿਨ ਆਪਣੇ ਵਰਗੇ ਹੋਰ ਲੋਕਾਂ ਦੇ ਪ੍ਰਤੀ ਹੁੰਦੇ ਅਨਿਆਂ ਦੀਆਂ ਜੋ ਮਿਸਾਲਾਂ ਮੈਂ ਦਿੱਤੀਆਂ ਹਨ, ਕਿਤੇ-ਕਿਤੇ ਮੈਂ ਵੀ ਉਨ੍ਹਾਂ ਦਾ ਸਮਰਥਨ ਕੀਤਾ ਸੀ ਤੇ ਬਹੁਤੀ ਵਾਰ ਮੈਨੂੰ ਉਹ ਸਭ ਸਿਰਫ ਅਜੀਬ ਲੱਗਾ ਸੀ, ਬੁਰਾ ਬਹੁਤ ਦੇਰ ਪਿਛੋਂ ਲੱਗਣਾ ਸ਼ੁਰੂ ਹੋਇਆ ਤੇ ਵਿਰੋਧ ਦਰਜ ਕਰਨਾ ਤਾਂ ਮੈਂ ਅਜੇ ਸ਼ੁਰੂ ਹੀ ਕੀਤਾ ਹੈ, ਪਰ ਮੈਨੂੰ ਤਸੱਲੀ ਹੈ ਕਿ ਖੋਖਲੇ ਹੰਕਾਰ ਨਾਲੋਂ ਸੱਚੀ ਨਮੋਸ਼ੀ ਦਾ ਮੁੱਲ ਵੱਧ ਹੁੰਦਾ ਹੈ। ‘ਮੁਰਦਾ ਸ਼ਾਂਤੀ’ ਨਾਲੋਂ ਜਿਉਂਦਾ ਰੋਸ ਚੰਗਾ ਹੁੰਦਾ ਹੈ ਤੇ ਝੂਠੀ ਰੋਸ਼ਨੀ ਨਾਲੋਂ ਸੱਚੇ ਅੰਧਕਾਰ ਵਿਚ ਰਹਿਣਾ ਸ਼ੁਭ ਹੁੰਦਾ ਹੈ।