ਗੁਰਬਾਣੀ ਵਿਚ ‘ਹਰਿਮੰਦਰੁ’ ਦਾ ਸੰਕਲਪ

ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171
ਹਰਿਮੰਦਰੁ:ਹਰਿ+ਮੰਦਰੁ=ਹਰੀ ਦਾ ਮੰਦਰੁ।
‘ਹਰਿਮੰਦਰੁ’ ਸ਼ਬਦ ਦੋ ਸ਼ਬਦਾਂ ‘ਹਰਿ’ ਅਤੇ ‘ਮੰਦਰੁ’ ਨੂੰ ਨਾਲ ਨਾਲ ਲਿਖ ਕੇ ਬਣਦਾ ਹੈ, ਭਾਵੇਂ ਇਹ ਦੋਵੇਂ ਸ਼ਬਦ ਆਜ਼ਾਦ ਰੂਪ ਵਿਚ ਵੀ ਵਰਤੇ ਗਏ ਹਨ। ਗੁਰਬਾਣੀ ਵਿਚ ‘ਹਰਿ’ ਸ਼ਬਦ ਮੁੱਖ ਤੌਰ ‘ਤੇ ਕਰਤਾ ਪੁਰਖੁ ਵਾਸਤੇ ਵਰਤਿਆ ਗਿਆ ਹੈ, ਭਾਵੇਂ ਇਸ ਦੇ ਅਰਥ ‘ਖੋਹ ਲੈਣਾ’ ਜਾਂ ‘ਦੂਰ ਕਰਨਾ’ ਵੀ ਵਰਤੇ ਗਏ ਹਨ। ਦੋ ਪ੍ਰਮਾਣ ਹਨ,

‘ਹਰਿ’ ਸ਼ਬਦ ਦੀ ਗੁਰਬਾਣੀ ਵਿਚ ਵਰਤੋਂ:
(A) ਹਰਿ ਕਾ ਨਾਮੁ ਰਿਦੈ ਨਿਤ ਧਿਆਈ॥ (ਗੁਰੂ ਗ੍ਰੰਥ ਸਾਹਿਬ, ਪੰਨਾ 394)
ਹਰਿ=ਕਰਤਾ ਪੁਰਖੁ।
(ਅ) ਕਹਿ ਕਬੀਰ ਬੁਧਿ ਹਰਿ ਲਈ ਮੇਰੀ
ਬੁਧਿ ਬਦਲੀ ਸਿਧਿ ਪਾਈ॥ (ਪੰਨਾ 339)
ਬੁਧਿ ਹਰਿ ਲਈ=ਹਉਮੈ ਵਾਲੀ ਮੱਤ ਖੋਹ ਲਈ ਜਾਂ ਦੂਰ ਕਰ ਦਿੱਤੀ।
ਮੰਦਰ ਸ਼ਬਦ ਦੀ ਵਰਤੋਂ:
‘ਮੰਦਰ’ ਸ਼ਬਦ ਗੁਰਬਾਣੀ ਵਿਚ ‘ਮੰਦਰੁ’, ‘ਮੰਦਰ’ ਅਤੇ ‘ਮੰਦਰਿ’ ਰੂਪ ਵਿਚ ਵਰਤਿਆ ਗਿਆ ਹੈ। ਮੰਦਰੁ (ਪੁਲਿੰਗ ਇੱਕਵਚਨ, ਨਾਂਵ) ਮਹੱਲੁ, ਘਰੁ, ਸਰੀਰੁ ਜਾਂ ਟਿਕਾਣੇ ਦੀ ਥਾਂ। ਮੰਦਰ ‘ਮੰਦਰੁ’ ਦਾ ਬਹੁਵਚਨ, ਪੁਲਿੰਗ ਨਾਂਵ ਜਾਂ ਸਬੰਧ ਕਾਰਕ ਵਜੋਂ ਵਰਤੋਂ ਜਿਵੇਂ ਮੰਦਰ ਦਾ। ਮੰਦਰਿ (ਅਧਿਕਰਣ ਕਾਰਕ) ਮੰਦਰ ਵਿਚ।
ਗੁਰਬਾਣੀ ਵਿਚ ‘ਹਰਿਮੰਦਰੁ’ ਦੇ ਕੀ ਅਰਥ ਹਨ?
ਗੁਰਬਾਣੀ ਵਿਚ ‘ਹਰਿਮੰਦਰੁ’ ਸ਼ਬਦ ਧਰਤੀ ਉਤੇ ਬਣਾਏ ਗਏ ਕਿਸੇ ਅਸਥਾਨ ਲਈ ਨਹੀਂ ਵਰਤਿਆ ਗਿਆ। ਇਸ ਸ਼ਬਦ ਦੀ ਵਰਤੋਂ ਗੁਰੂ ਨਾਨਕ ਪਾਤਿਸ਼ਾਹ ਦੀ ਬਾਣੀ ਵਿਚ ਹੀ ਸ਼ੁਰੂ ਹੋ ਗਈ ਸੀ। ਇਸ ਸ਼ਬਦ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਧਿਆਨ ਗੋਚਰੇ ਕਰਨੇ ਜ਼ਰੂਰੀ ਹਨ,
ਧੰਨੁ ਗੁਰੂ ਨਾਨਕ ਪਾਤਿਸ਼ਾਹ ਦੀ ਬਾਣੀ ਵਿਚ ‘ਹਰਿਮੰਦਰੁ’
ਮਹਲਾ 1 ਮਲਾਰ॥
(A) ਕਾਇਆ ਮਹਲੁ ਮੰਦਰੁ ਘਰੁ ਹਰਿ ਕਾ
ਤਿਸੁ ਮਹਿ ਰਾਖੀ ਜੋਤਿ ਅਪਾਰ॥ (ਪੰਨਾ 1256)
ਅਰਥਾਤ ਕਾਇਆ ਹੀ ਹਰਿ ਕਾ ਮੰਦਰੁ (ਹਰਿਮੰਦਰੁ), ਮਹੱਲ ਅਤੇ ਘਰੁ ਹੈ, ਜਿਸ ਵਿਚ ਉਸ ਹਰੀ ਨੇ ਆਪਣੀ ਜੋਤਿ ਟਿਕਾਈ ਹੋਈ ਹੈ। ਹਰੀ ਦਾ ਵਾਸਾ ਹੋਣ ਕਰਕੇ ਕਾਇਆ ਹੀ ‘ਹਰਿਮੰਦਰੁ’ ਹੈ।
(ਅ) ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ
ਧਨ ਊਭੀ ਗੁਣ ਸਾਰੀ॥ (ਪੰਨਾ 1107)
‘ਮੰਦਰੁ’ ਸ਼ਬਦ ਦਾ ਅਧਿਕਰਣ ਕਾਰਕ ਰੂਪ (ਮੰਦਰਿ) ਵਰਤਿਆ ਗਿਆ ਹੈ, ਅਰਥਾਤ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਾਂ ਉਹ ਜੀਵ ਇਸਤਰੀ ਦੇ ਹਿਰਦੇ ਘਰ (ਮੰਦਰ) ਵਿਚ ਆ ਟਿਕਦਾ ਹੈ ਅਤੇ ਜੀਵ ਇਸਤਰੀ (ਧਨ) ਉਤਾਵਲੀ ਹੋ ਕੇ ਉਸ ਹਰੀ ਦੇ ਗੁਣ ਗਾਉਂਦੀ ਹੈ।
(e) ਸਾਕਤ ਠਉਰ ਨਾਹੀ ਹਰਿ ਮੰਦਰ
ਜਨਮ ਮਰੈ ਦੁਖੁ ਪਾਇਆ॥ (ਪੰਨਾ 143)
ਅਰਥਾਤ ਮਾਇਆ-ਵੇੜ੍ਹੇ ਪ੍ਰਾਣੀ ਨੂੰ ‘ਹਰਿਮੰਦਰੁ’ ਦੀ ਸੋਝੀ ਨਹੀਂ, ਭਾਵ, ਹਰੀ ਦੇ ਮੰਦਰ (ਮਹੱਲ) ਦੀ ਥਾਂ ਦੀ ਸੋਝੀ ਨਹੀਂ ਹੁੰਦੀ, ਜਿਸ ਕਾਰਨ ਉਹ ਜਨਮ-ਮਰਨ ਵਿਚ ਪਿਆ ਰਹਿੰਦਾ ਹੈ। ਹਰਿ ਮੰਦਰ (‘ਹਰਿਮੰਦਰੁ’ ਸਬੰਧ ਕਾਰਕ ਵਿਚ ਵਰਤਿਆਂ ‘ਹਰਿਮੰਦਰ’ ਬਣ ਜਾਂਦਾ ਹੈ) ਹਰੀ ਦੇ ਮੰਦਰ ਦੀ।
(ਸ) ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ॥ (ਪੰਨਾ 57)
ਅਰਥਾਤ ਸਰੀਰ ਹਰੀ ਦਾ ਮੰਦਰੁ ਹੈ, ਜਿਸ ਨੂੰ ਰਚਣਹਾਰੇ ਨੇ ਆਪ ਹੀ ਅਜਿਹਾ ਬਣਾਇਆ ਹੈ। ਕਰਣੈਹਾਰਿ (ਕਰਤਾ ਕਾਰਕ ਇੱਕਵਚਨ) ਰਚਣਹਾਰੇ ਨੇ।
ਗੁਰੂ ਅਮਰਦਾਸ ਪਾਤਿਸ਼ਾਹ ਦੀ ਬਾਣੀ ਵਿਚ ‘ਹਰਿਮੰਦਰੁ’
ਰਾਮਕਲੀ ਕੀ ਵਾਰ ਮ: 3॥ ਪਉੜੀ॥
(A) ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥ (ਪੰਨਾ 952)
ਅਰਥਾਤ ਕਾਇਆ ਨੂੰ ਹਰੀ ਦੇ ਰਹਿਣ ਵਾਸਤੇ ਕਿਲ੍ਹਾ ਅਤੇ ਮੰਦਰੁ (ਘਰ) ਆਖਿਆ ਜਾਂਦਾ ਹੈ। ਕੋਟੁ ਗੜੁ, ਕਿਲ੍ਹਾ।
(ਅ) ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ
ਹਰਿ ਹਰਿ ਨਾਮੁ ਦਿੜੁ॥ (ਪੰਨਾ 952)
ਹਰਿ ਕਾ ਮੰਦਰੁ=ਹਰਿਮੰਦਰੁ। ਅਰਥਾਤ ਸਰੀਰ ਨੂੰ ਹੀ ਹਰੀ ਦਾ ਖੂਬਸੂਰਤ ਮੰਦਰ ਸਮਝ ਅਤੇ ਹਰੀ ਦੀ ਯਾਦ ਨੂੰ ਪੱਕਾ ਕਰ।
(e) ਪਉੜੀ॥
ਹਰਿਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥
ਮਨਮੁਖ ਹਰਿਮੰਦਰ ਕੀ ਸਾਰ ਨ ਜਣਨੀ
ਤਿਨੀ ਜਨਮੁ ਗਵਾਤਾ॥ (ਪੰਨਾ 953)
ਅਰਥਾਤ ਭਾਵੇਂ ਸਾਰੇ ਸਰੀਰ ਹੀ ਹਰੀ ਦੇ ਨਿਵਾਸ ਲਈ ਘਰ ਹਨ, ਪਰ ਅਸਲ ਵਿਚ ਉਹ ਸਰੀਰ ਹੀ ਅਸਲੀ ‘ਹਰਿਮੰਦਰੁ’ ਹੈ, ਜਿਸ ਰਾਹੀਂ ਕਰਤਾ ਪੁਰਖ ਦੀ ਪਛਾਣ ਅਤੇ ਉਸ ਨਾਲ ਸਾਂਝ ਬਣਦੀ ਹੈ। ਗੁਰੂ ਦੀ ਬਖਸ਼ੀ ਮੱਤ ਨੂੰ ਛੱਡ ਕੇ ਮਨ ਦੇ ਪਿੱਛੇ ਤੁਰਨ ਵਾਲੇ ਇਸ ਸਰੀਰ ‘ਹਰਿਮੰਦਰੁ’ ਦੀ ਕੀਮਤ ਨਾ ਜਾਣਦਿਆਂ ਆਪਣਾ ਜਨਮ ਅਜਾਈਂ ਬਿਤਾ ਜਾਂਦੇ ਹਨ।
ਹੇਠਾਂ ਨੰ. 1 ਤੋਂ 10 ਤਕ ਪ੍ਰਮਾਣ ਤੀਜੇ ਗੁਰੂ ਸਾਹਿਬ ਦੀ ਬਾਣੀ (ਪੰਨਾ 1346) ‘ਚੋਂ ਹਨ,
(1) ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥
ਅਰਥਾਤ ਗੁਰੂ ਗਿਆਨ ਦੇ ਸਹਾਰੇ ਸੋਚ ਕੇ ਦੇਖ ‘ਹਰਿਮੰਦਰੁ’ (ਰੱਬ ਦਾ ਟਿਕਾਣਾ) ਤਾਂ ਤੇਰੇ ਅੰਦਰ ਹੀ ਹੈ।
ਕਿਸੇ ਸਿਆਣੇ ਨੇ ਕਿਹਾ ਹੈ,
ਦੇਖੀਂ ਨੀ ਦੇਖੀਂ ਅੜੀਏ ਤੇਰੇ ਅੰਦਰ ਬੈਠਾ ਕਉਣ।
ਬਾਹਰ ਜਿਨ੍ਹਾਂ ਨੂੰ ਲੱਭਦੀ ਏਂ ਕਿਤੇ ਓਹੀ ਸੱਜਣ ਨਾ ਹੋਣ!
(2) ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾਲਿ॥
ਅਰਥਾਤ ਹਰੀ ਨਾਮ ਦੀ ਯਾਦ ਬਣਾਈ ਰੱਖ ਅਤੇ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿਚ ‘ਹਰਿਮੰਦਰੁ’ ਆਪਣੇ ਅੰਦਰੋਂ ਲੱਭ। ਇਹ ਕੋਈ ਇੱਟਾਂ, ਵੱਟਿਆਂ ਦਾ ਕੋਠਾ ਜਾਂ ਮਹੱਲ ਨਹੀਂ, ਜੋ ਬਾਹਰ ਬਣਿਆ ਹੋਇਆ ਦਿਸਦਾ ਹੈ।
(3) ਹਰਿ ਮੰਦਰੁ ਏਹੁ ਸਰੀਰੁ ਹੈ
ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ
ਮਾਣਸਿ ਹਰਿ ਮੰਦਰੁ ਨ ਹੋਇ॥
ਅਰਥਾਤ ਮਨੁੱਖੀ ਸਰੀਰ ਹੀ ‘ਹਰਿਮੰਦਰੁ’ ਹੈ, ਜਿਸ ਦੀ ਸੂਝ ਗੁਰੂ ਬਖਸ਼ੇ ਗਿਆਨ ਰਾਹੀਂ ਹੁੰਦੀ ਹੈ। ਮਨਮੁਖ ਰੱਬ ਨਾਲ ਸਾਂਝ ਨਹੀਂ ਬਣਾਉਂਦੇ ਅਤੇ ਤਾਂ ਹੀ ਉਹ ਆਖਦੇ ਫਿਰਦੇ ਹਨ ਕਿ ‘ਹਰਿਮੰਦਰੁ’ (ਰੱਬ ਦਾ ਘਰੁ) ਮਨੁੱਖ ਦੇ ਅੰਦਰ ਨਹੀਂ ਹੋ ਸਕਦਾ। ਮਾਣਸਿ (ਅਧਿਕਰਣ ਕਾਰਕ)-ਮਨੁੱਖੀ ਸਰੀਰ ਵਿਚ।
(4) ਹਰਿ ਮੰਦਰੁ ਹਰਿ ਜੀਉ ਸਾਜਿਆ
ਰਖਿਆ ਹੁਕਮਿ ਸਵਾਰਿ॥
ਅਰਥਾਤ ਮਨੁੱਖਾ ਸਰੀਰ ਨੂੰ ਹਰੀ ਨੇ ਆਪ ਹੀ ‘ਹਰਿਮੰਦਰੁ’ ਬਣਾ ਕੇ ਸਜਾ-ਸੰਵਾਰ ਕੇ ਰੱਖਿਆ ਹੋਇਆ ਹੈ।
(5) ਹਰਿ ਮੰਦਰੁ ਸਬਦੇ ਸੋਹਣਾ
ਕੰਚਨੁ ਕੋਟੁ ਅਪਾਰ॥
ਅਰਥਾਤ ਗੁਰੂ ਸ਼ਬਦ ਦੀ ਬਰਕਤ ਨਾਲ ਜਿਸ ਨੇ ਵੀ ਸਰੀਰ ‘ਹਰਿਮੰਦਰੁ’ ਨੂੰ ਆਤਮਕ ਤੌਰ ‘ਤੇ ਸੁੰਦਰ ਬਣਾ ਲਿਆ, ਉਸ ਦਾ ਇਹ ‘ਹਰਿਮੰਦਰੁ’ ਮਾਨੋ ਅਪਾਰ (ਬੇਅੰਤ) ਹਰੀ ਨਿਵਾਸ ਲਈ ਸੋਨੇ ਦਾ ਕਿਲ੍ਹਾ ਹੀ ਬਣ ਗਿਆ।
(6) ਹਰਿ ਮੰਦਰੁ ਏਹੁ ਜਗਤੁ ਹੈ
ਗੁਰ ਬਿਨੁ ਘੋਰੰਧਾਰ॥
ਅਰਥਾਤ ਇਹ ਸਾਰਾ ਜਗਤ ਵੀ ਹਰੀ ਦਾ ਮੰਦਰੁ ਹੀ ਹੈ, ਪਰ ਗੁਰੂ ਬਖਸ਼ੀ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨ ਵਿਚ ਅਗਿਆਨਤਾ ਦਾ ਹਨੇਰਾ ਹੀ ਬਣਿਆ ਰਹਿੰਦਾ ਹੈ ਅਤੇ ਇਸ ਭੇਤ ਦਾ (ਹਰਿ ਮੰਦਰ ਦਾ) ਪਤਾ ਨਹੀਂ ਲੱਗਦਾ।
(7) ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ
ਨਾ ਬੂਝਹਿ ਮੁਗਧ ਗਵਾਰ॥
ਗੁਰ ਪਰਸਾਦੀ ਚੀਨਿਆ
ਹਰਿ ਰਾਖਿਆ ਉਰਿ ਧਾਰਿ॥
ਅਰਥਾਤ ਇਸ ਸਰੀਰ ‘ਹਰਿਮੰਦਰੁ’ ਵਿਚ ਨਾਮ ਦਾ ਖਜਾਨਾ ਹੈ, ਪਰ ਮੂਰਖਾਂ ਨੂੰ ਇਸ ਭੇਤ ਦਾ ਪਤਾ ਨਹੀਂ ਲੱਗਦਾ। ਗੁਰੂ-ਸ਼ਬਦ ਦੇ ਗਿਆਨ ਨਾਲ ਜਿਸ ਨੇ ਇਹ ਭੇਤ ਸਮਝਿਆ, ਉਸ ਨੇ ਇਸ ਖਜਾਨੇ ਦੀ ਸੰਭਾਲ ਦਾ ਉਦਮ ਕੀਤਾ ਹੈ।
(8) ਹਰਿ ਮੰਦਰੁ ਹਰਿ ਕਾ ਹਾਟੁ ਹੈ
ਰਖਿਆ ਸਬਦਿ ਸਵਾਰਿ॥
ਤਿਸੁ ਵਿਚਿ ਸਉਦਾ ਏਕੁ ਨਾਮੁ
ਗੁਰਮੁਖਿ ਲੈਨਿ ਸਵਾਰਿ॥
ਅਰਥਾਤ ਇਹ ਸਰੀਰ ਹਰੀ ਦਾ ਮੰਦਰ ਹੈ ਅਤੇ ਇਹ ਹਰੀ ਦੇ ਨਾਮ ਦਾ ਹੱਟ ਹੈ। ਇਸ ਸਰੀਰ ‘ਹਰਿਮੰਦਰੁ’ ਨੂੰ ਗੁਰੂ ਦੇ ਸ਼ਬਦ ਦੇ ਗਿਆਨ ਨਾਲ ਆਤਮਕ ਤੌਰ ‘ਤੇ ਸੰਵਾਰ ਕੇ ਰੱਖਿਆ ਜਾ ਸਕਦਾ ਹੈ। ਇਸ ਸਰੀਰ ਹੱਟ ਵਿਚ ਨਾਮ ਦਾ ਸੌਦਾ ਪਿਆ ਹੈ, ਜਿਸ ਨੂੰ ਗੁਰੂ ਦੇ ਸਨਮੁਖ ਰਹਿਣ ਵਾਲੇ ਹੀ ਵਣਜਦੇ ਹਨ।
(9) ਹਰਿ ਮੰਦਰ ਮਹਿ ਮਨੁ ਲੋਹਟੁ ਹੈ
ਮੋਹਿਆ ਦੂਜੈ ਭਾਇ॥
ਪਾਰਸਿ ਭੇਟਿਐ ਕੰਚਨੁ ਭਇਆ
ਕੀਮਤਿ ਕਹੀ ਨ ਜਾਇ॥
ਅਰਥਾਤ ਸਰੀਰ ਹਰੀ ਦਾ ਮੰਦਰ ਹੈ। ਮੋਹ ਮਾਇਆ ਵਿਚ ਫਸਿਆ ਮਨ ਇਸ ਹਰੀ ਦੇ ਮੰਦਰ ਵਿਚ ਲੋਹਾ ਹੀ ਬਣਿਆ ਰਹਿੰਦਾ ਹੈ। ਜੇ ਗੁਰੂ ਪਾਰਸ ਤੋਂ ਗਿਆਨ ਦਾ ਚਾਨਣ ਲੈ ਲਿਆ ਜਾਵੇ ਤਾਂ ਇਹ ਮਨ ਲੋਹੇ ਤੋਂ ਸੋਨਾ (ਮੰਦੇ ਤੋਂ ਚੰਗਾ) ਕੀਮਤੀ ਬਣ ਸਕਦਾ ਹੈ।
(10) ਹਰਿ ਮੰਦਰ ਮਹਿ ਹਰਿ ਵਸੈ
ਸਰਬ ਨਿਰੰਤਰਿ ਸੋਇ॥
ਨਾਨਕ ਗੁਰਮੁਖਿ ਵਣਜੀਐ
ਸਚਾ ਸਉਦਾ ਹੋਇ॥
ਅਰਥਾਤ ਜਿਹੜਾ ਹਰੀ ਸਰਬ ਨਿਵਾਸੀ ਹੈ, ਉਹ ਸਰੀਰ ‘ਹਰਿਮੰਦਰੁ’ ਵਿਚ ਵੀ ਵਸਦਾ ਹੈ। ਗੁਰੂ ਦੇ ਗਿਆਨ ਰਾਹੀਂ ਹੀ ਇਸ ਸਰੀਰ ਵਿਚ ਸਦਾ ਕਾਇਮ ਰਹਿਣ ਵਾਲਾ ਨਾਮ ਦਾ ਸਉਦਾ ਵਣਜਿਆ ਜਾ ਸਕਦਾ ਹੈ।
‘ਹਰਿਮੰਦਰੁ’=ਹਰੀ ਦਾ ਘਰੁ। ਹਰਿਮੰਦਰ ਮਹਿ=ਹਰੀ ਦੇ ਘਰ ਵਿਚ।
‘ਹਰਿਮੰਦਰ ਮਹਿ’ ਵਿਚ ਸ਼ਬਦ ‘ਹਰਿਮੰਦਰੁ’ ਹੀ ਹੈ ਪਰ ‘ਮਹਿ’ ਸਬੰਧਕ ਦੇ ਕਾਰਨ ‘ਰੁ’ ਤੋਂ ‘ਰ’ ਧੁਨੀ ਹੋ ਗਈ ਹੈ।
(11) ਹਰਿ ਮੰਦਰੁ ਹਰਿ ਸਾਜਿਆ
ਹਰਿ ਵਸੈ ਜਿਸੁ ਨਾਲਿ॥ (ਪੰਨਾ 1418)
ਅਰਥਾਤ ਮਨੁੱਖੀ ਸਰੀਰ ਨੂੰ ਹਰੀ ਨੇ ਆਪਣਾ ਮੰਦਰੁ ਆਪ ਹੀ ਬਣਾਇਆ ਹੈ, ਜਿਸ ਵਿਚ ਉਹ ਆਪ ਨਿਵਾਸ ਕਰਦਾ ਹੈ।
(12) ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥
ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ॥
ਗੁਰ ਕੈ ਸਬਦਿ ਵਣਜਨਿ ਵਾਪਾਰੀ
ਨਦਰੀ ਆਪਿ ਮਿਲਾਇਦਾ॥ (ਪੰਨਾ 1059)
ਅਰਥਾਤ ਸਰੀਰ ਹਰੀ ਦਾ ਮੰਦਰੁ ਹੈ, ਜਿਸ ਨੂੰ ਹਰੀ ਨੇ ਆਪ ਹੀ ਆਪਣੇ ਬੈਠਣ ਲਈ ਸੰਵਾਰਿਆ ਹੈ। ਗੁਰੂ ਦੇ ਸ਼ਬਦ ਦੇ ਗਿਆਨ ਰਾਹੀਂ ਜੋ ਹਰੀ ਨਾਮ ਦਾ ਵਪਾਰ ਇਸ ਸਰੀਰ ਵਿਚ ਕਰਦੇ ਹਨ, ਉਨ੍ਹਾਂ ਨੂੰ ਹਰੀ ਆਪਣੀ ਯਾਦ ਬਖਸ਼ ਦਿੰਦਾ ਹੈ।
ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ‘ਹਰਿਮੰਦਰੁ’
‘ਹਰਿ’ ਅਤੇ ‘ਮੰਦਰੁ’ ਸ਼ਬਦ ਇਕੱਠੇ ਵਰਤੇ ਹੋਏ ਨਹੀਂ ਮਿਲਦੇ, ਪਰ ਮੰਦਰ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ, ਜਿਸ ਤੋਂ ‘ਹਰਿਮੰਦਰੁ’ ਸ਼ਬਦ ਦੇ ਅਰਥਾਂ ਦਾ ਬੋਧ ਜ਼ਰੂਰ ਹੋ ਜਾਂਦਾ ਹੈ ਕਿ ਇਹ ਕੋਈ ਧਰਤੀ ਉਤੇ ਬਣਿਆ ਇੱਟਾਂ, ਪੱਥਰਾਂ ਦਾ ਕੋਠਾ ਨਹੀਂ, ਸਗੋਂ ਸਰੀਰ ਹੀ ਹਰੀ ਦਾ ਮੰਦਰ ਹੈ। ਪ੍ਰਮਾਣ ਵਜੋਂ,
(A) ਰਾਮ ਨਾਮੁ ਰਤਨ ਕੋਠੜੀ
ਗੜ ਮੰਦਰਿ ਏਕ ਲੁਕਾਨੀ॥
ਸਤਿਗੁਰੁ ਮਿਲੈ ਤ ਖੋਜੀਐ
ਮਿਲਿ ਜੋਤੀ ਜੋਤਿ ਸਮਾਨੀ॥ (ਪੰਨਾ 1178)
ਅਰਥ ਵਿਚਾਰ: ਰਤਨ ਕੋਠੜੀ=ਵਧੀਆ ਆਤਮਕ ਗੁਣਾਂ ਦਾ ਖਜਾਨਾ। ਗੜ ਮੰਦਰਿ=ਸਰੀਰ ਕਿਲ੍ਹੇ (ਮੰਦਰ) ਵਿਚ। ਲੁਕਾਨੀ= ਗੁਪਤ ਹੈ। ਇਸ ਖਜਾਨੇ ਦੀ ਖੋਜ ਗੁਰੂ ਦੇ ਬਖਸ਼ੇ ਸ਼ਬਦ-ਗਿਆਨ ਨਾਲ ਕੀਤੀ ਜਾ ਸਕਦੀ ਹੈ ਅਤੇ ਜ਼ਿੰਦ ਰੱਬੀ ਜੋਤਿ ਵਿਚ ਲੀਨ ਹੋ ਸਕਦੀ ਹੈ।
(ਅ) ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ
ਤਿਲੁ ਘਰਿ ਨਹੀ ਵਾਸਾ ਪਾਈਐ॥
ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ
ਘਰਿ ਮੰਦਰਿ ਆਣਿ ਵਸਾਈਐ॥ (ਪੰਨਾ 1179)
ਅਰਥ ਵਿਚਾਰ: ਘਰਿ=ਸਰੀਰ ਘਰ ਵਿਚ। ਘਰਿ ਮੰਦਰਿ= ਸਰੀਰ ਮੰਦਰ ਵਿਚ। ਮਨ ਭਟਕਦਾ ਰਹਿੰਦਾ ਹੈ ਅਤੇ ਸਰੀਰ ਘਰ ਵਿਚ ਟਿਕਿਆ ਨਹੀਂ ਰਹਿੰਦਾ। ਗੁਰੂ ਨੇ (ਗੁਰਿ-ਅਧਿਕਰਣ ਕਾਰਕ) ਜਿਸ ਦੇ ਸਿਰ ਉਤੇ ਸ਼ਬਦ ਦਾ ਅੰਕੁਸ਼ ਰੱਖ ਦਿੱਤਾ, ਉਸ ਦੇ ਮਨ ਨੂੰ ਗੁਰੂ ਜੀ ਨੇ ਸਰੀਰ ਮੰਦਰ ਵਿਚ ਟਿਕਾ ਦਿੱਤਾ।
(e) ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ
ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ॥ (ਪੰਨਾ 1297)
ਅਰਥ ਵਿਚਾਰ: ਗ੍ਰਿਹਿ= (ਅਧਿਕਰਣ ਕਾਰਕ) ਸਰੀਰ ਘਰ ਵਿਚ। ਮੰਦਰਿ= (ਅਧਿਕਰਣ ਕਾਰਕ) ਸਰੀਰ ਮੰਦਰ ਵਿਚ। ਜਿਸ ਸਰੀਰ ਮੰਦਰ (ਘਰ) ਵਿਚ ਹਰੀ ਦੀ ਸਿਫਤਿ ਹੁੰਦੀ ਹੈ, ਉਸ ਸਰੀਰ ਮੰਦਰ ਵਿਚ ਆਤਮਕ ਖੇੜਾ ਬਣਿਆ ਰਹਿੰਦਾ ਹੈ।
(ਸ) ਕਾਇਆ ਨਗਰਿ ਵਸਿਓ ਘਰਿ ਮੰਦਰਿ
ਜਪਿ ਸੋਭਾ ਗੁਰਮੁਖਿ ਕਰਪਫਾ॥
ਹਲਤਿ ਪਲਤਿ ਜਨ ਭਏ ਸੁਹੇਲੇ
ਮੁਖ ਊਜਲ ਗੁਰਮੁਖਿ ਤਰਫਾ॥
ਅਰਥ ਵਿਚਾਰ: ਕਾਇਆ ਨਗਰਿ=ਸਰੀਰ ਨਗਰ ਵਿਚ। ਘਰਿ ਮੰਦਰਿ=ਸਰੀਰ ਮੰਦਰ ਵਿਚ। ਕਰਪਫਾ=ਕਰਦੇ ਹਨ। ਤਰਫਾ=ਤਰਦੇ ਹਨ। ਸਰੀਰ ਮੰਦਰ ਵਿਚ ਹਰੀ ਵਸਦਾ ਹੈ, ਪਰ ਗੁਰੂ ਸਨਮੁਖੀਏ ਹੀ ਹਰੀ ਦੀ ਸ਼ੋਭਾ ਕਰਦੇ ਹਨ। ਐਸੇ ਗੁਰਮੁਖ ਲੋਕ-ਪ੍ਰਲੋਕ ਵਿਚ ਉਜਲ ਮੁੱਖ ਨਾਲ ਸੁਖੀ ਰਹਿੰਦੇ ਹਨ ਅਤੇ ਭਵਸਾਗਰ ਤਰ ਜਾਂਦੇ ਹਨ।
ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ‘ਹਰਿਮੰਦਰੁ’
(A) ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ
ਹਰਿ ਤਿਸੁ ਮਹਿ ਰਹਿਆ ਸਮਾਏ ਰਾਮ॥ (ਪੰਨਾ 542)
ਅਰਥ ਵਿਚਾਰ: ਉਕਤ “ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥” (ਪੰਨਾ 1418) ਤੀਜੇ ਪਾਤਿਸ਼ਾਹ ਵਲੋਂ ਲਿਖੀ ਪੰਕਤੀ ਪੰਜਵੇਂ ਗੁਰੂ ਜੀ ਵਲੋਂ ਲਿਖੀ ਪੰਕਤੀ ਨਾਲ ਮੇਲ ਖਾਂਦੀ ਹੈ ਅਤੇ ਅਰਥ ਦੋਹਾਂ ਪੰਕਤੀਆਂ ਦੇ ਇੱਕੋ ਜਿਹੇ ਹੀ ਹਨ।
(ਅ) ਹਰਿ ਜਪੇ ਹਰਿਮੰਦਰੁ ਸਾਜਿਆ
ਸੰਤ ਭਗਤ ਗੁਣ ਗਾਵਹਿ ਰਾਮ॥ (ਪੰਨਾ 781)
ਅਰਥਾਤ ਮਨੁੱਖ ਦਾ ਇਹ ਸਰੀਰ ਰੂਪੀ ਘਰ (ਹਰਿਮੰਦਰੁ) ਹਰੀ ਨੇ ਨਾਮ ਜਪਣ ਲਈ ਬਣਾਇਆ ਹੈ। ਇਸ ਸਰੀਰ ਘਰ ਵਿਚ ਸੰਤ ਅਤੇ ਭਗਤ ਜਨ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ। ਹਰਿ ਜਪੇ= ਹਰੀ ਦਾ ਨਾਮ ਜਪਣ ਲਈ।
(e) ਹਰਿ ਕਾ ਮੰਦਰੁ ਤਿਸੁ ਮਹਿ ਲਾਲੁ॥
ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ॥ (ਪੰਨਾ 801)
ਅਰਥਾਤ ਸਰੀਰ ਹਰੀ ਦਾ ਨਿਵਾਸ ਅਸਥਾਨ ਹੈ, ਜਿਸ ਵਿਚ ਉਹ ਕੀਮਤੀ ਲਾਲ ਹਰੀ ਵਸਦਾ ਹੈ। ਜਦੋਂ ਗੁਰੂ ਜੀ ਜੀਵ ਇਸਤਰੀ ਦੇ ਭਰਮ ਭੁਲੇਖੇ ਦਾ ਪਰਦਾ ਖੋਲ੍ਹਦੇ ਹਨ ਤਾਂ ਸਰੀਰ ਦੇ ਅੰਦਰੋਂ ਹੀ ਇੱਥੇ ਵਸਦੇ ਲਾਲ ਨੂੰ ਸੁਰਤੀ ਦੀਆਂ ਅੱਖਾਂ ਨਾਲ ਦੇਖ ਕੇ ਉਹ ਨਿਹਾਲ ਹੋ ਜਾਂਦੀ ਹੈ।
(ਸ) ਕਰਿ ਅਪੁਨੀ ਦਾਸੀ ਮਿਟੀ ਉਦਾਸੀ
ਹਰਿ ਮੰਦਰਿ ਥਿਤਿ ਪਾਈ॥ (ਪੰਨਾ 782)
ਅਰਥਾਤ ਹਰੀ ਨੇ ਜੀਵ ਇਸਤਰੀ ਨੂੰ ਆਪਣੀ ਦਾਸੀ ਬਣਾ ਕੇ ਉਸ ਦੇ ਅੰਦਰੋਂ ਮੋਹ ਮਾਇਆ ਦੀ ਭਟਕਣਾ ਮਿਟਾ ਦਿੱਤੀ। ਉਸ ਜੀਵ ਇਸਤਰੀ ਨੇ ਹਰੀ ਦੇ ਬਣਾਏ ਇਸ ਸਰੀਰ-ਮੰਦਰ ਵਿਚ ਹੀ ਟਿਕਾਓ ਬਣਾ ਲਿਆ। ਮੰਦਰਿ= (ਅਧਿਕਰਣ ਕਾਰਕ) ਸਰੀਰ-ਮੰਦਰ ਵਿਚ।
ਸੋ, ਗੁਰਬਾਣੀ ਅਨੁਸਾਰ ‘ਹਰਿਮੰਦਰੁ’ ਕਿਸੇ ਇਮਾਰਤ ਦਾ ਨਾਂ ਨਹੀਂ ਹੈ। ਇਸ ਦਾ ਅਰਥ ਹੈ, ਸਰੀਰ ਹੀ ਹਰੀ ਦਾ ਮੰਦਰੁ (ਟਿਕਾਣਾ) ਜਾਂ ਘਰ ਹੈ।