ਬਾਬਾ ਭਕਨਾ ਦਾ ਇਕ ਦੁਰਲੱਭ ਦਸਤਾਵੇਜ਼

ਅੱਧੀ ਸਦੀ ਪਹਿਲਾਂ
ਯੁਵਕ ਕੇਂਦਰ, ਜਲੰਧਰ ਨੇ ਬਾਬਾ ਸੋਹਣ ਸਿੰਘ ਭਕਨਾ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਬੇਨਤੀ ਕੀਤੀ ਸੀ। ਬਾਬਾ ਜੀ ਨੇ ਇਨ੍ਹਾਂ ਸਵਾਲਾਂ ਦੇ ਨਾਲ ਨਾਲ ਕੁਝ ਹੋਰ ਸਵਾਲ ਜੋੜ ਕੇ ਉਨ੍ਹਾਂ ਦੇ ਉਰਦੂ ਵਿਚ ਜਵਾਬ ਲਿਖ ਦਿਤੇ। ਅਮਰੀਕਾ ਵਿਚ 4 ਅਪਰੈਲ 1968 ਨੂੰ ਮਾਰਟਿਨ ਲੂਥਰ ਕਿੰਗ ਦੇ ਕਤਲ ਤੋਂ ਪਿਛੋਂ ਦੇ ਹਾਲਾਤ ਵਿਚ ਬਾਬਾ ਜੀ ਨੇ ਸਮਾਜਵਾਦ, ਧਰਮ, ਦੇਸ਼ ਦੇ ਹਾਲਾਤ ਆਦਿ ਮਸਲਿਆਂ ਨੂੰ ਛੋਹਿਆ ਸੀ, ਜਿਸ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਗਦਰੀ ਸਾਥੀਆਂ ਦੇ ਵਿਚਾਰਾਂ ਦੀ ਸਪਸ਼ਟਤਾ ਮਿਲਦੀ ਹੈ। ਇਸ ਦੇ ਕੁਝ ਹਿੱਸੇ ਪੈਂਫਲਿਟ ਦੀ ਸ਼ਕਲ ਵਿਚ ‘ਦੇਸ਼ ਅਤੇ ਕੌਮ’ ਸਵਾਲ-ਜਵਾਬ ਦੇ ਰੂਪ ਵਿਚ ਯੁਵਕ ਕੇਂਦਰ ਨੇ ਉਸ ਵਕਤ ਛਪਵਾਏ,

ਪਰ ਇਹ ਸੰਪੂਰਨ ਇਤਿਹਾਸਕ ਲਿਖਤ ਅਣਪ੍ਰਕਾਸ਼ਿਤ ਰਹਿ ਗਈ। ਯੁਵਕ ਕੇਂਦਰ ਨੇ ਉਦੋਂ ਬਾਬਾ ਜੀ ਦੇ ਲਿਖੇ ਕਈ ਹੋਰ ਪੈਂਫਲਿਟ ਜਿਵੇਂ ਦੁੱਖ, ਗਰੀਬੀ, ਇਸਤਰੀ ਜਾਤੀ ਦਾ ਸਵਾਲ ਵੀ ਛਪਵਾਏ ਸਨ। ਇਸ ਲਿਖਤ ਦੇ ਪੰਜਾਬੀ ਅਨੁਵਾਦ ਦੀ ਕਾਪੀ ਪ੍ਰੋ. ਜਗਮੋਹਨ ਸਿੰਘ (ਜਨਰਲ ਸਕੱਤਰ, ਜਮਹੂਰੀ ਸਭਾ, ਪੰਜਾਬ) ਪਾਸ ਬੀਬੀ ਅਮਰ ਕੌਰ ਮੈਮੋਰੀਅਲ ਲਾਏਬਰੇਰੀ ਵਿਚ ਪਈ ਹੈ। ਯੁਵਕ ਕੇਂਦਰ ਵਿਚ ਮੁੱਖ ਤੌਰ ‘ਤੇ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਵੜੈਚ, ਜਗਮੋਹਨ ਸਿੰਘ ਅਤੇ ਰਾਜਿੰਦਰ ਸਿੰਘ ਚੀਮਾ ਛਪਾਈ ਦਾ ਕੰਮ ਦੇਖਦੇ ਸਨ। ਉਰਦੂ ਦਾ ਉਲਥਾ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਵੜੈਚ ਕਰਦੇ ਸਨ। -ਸੰਪਾਦਕ

ਦੇਸ਼ ਅਤੇ ਕੌਮ
ਸੁਆਲ: ਦੇਸ਼ ਅਤੇ ਕੌਮ ਕਿਸ ਨੂੰ ਆਖਦੇ ਹਨ?
ਜੁਆਬ: ਦੇਸ਼ ਨੂੰ ਅਸੀਂ ਮਾਤਰਭੂਮੀ ਵੀ ਆਖਦੇ ਹਾਂ। ਦੇਸ਼ ਜਾਂ ਮਾਤਰਭੂਮੀ ਉਸ ਖਿੱਤੇ ਦਾ ਨਾਮ ਹੈ, ਜੋ ਜੁਗਰਾਫੀਏ ਦੇ ਦ੍ਰਿਸ਼ਟੀਕੋਣ ਤੋਂ ਦੂਸਰੇ ਦੇਸ਼ ਨਾਲੋਂ ਸਾਨੂੰ ਅੱਡ ਕਰਦੀ ਹੈ ਅਤੇ ਹੱਦਬੰਦੀ ਕਰ ਦਿੰਦੀ ਹੈ ਕਿ ਇਹ ਦੇਸ਼ ਫਲਾਣਾ ਹੈ। ਇਸ ਲਈ ਅਸੀਂ ਜਿਸ ਦੇਸ਼ ਵਿਚ ਪੈਦਾ ਹੁੰਦੇ ਹਾਂ, ਉਸ ਨੂੰ ਮਾਤਰਭੂਮੀ ਕਹਿੰਦੇ ਹਾਂ ਅਤੇ ਉਸ ਨਾਲ ਮਾਂ ਵਾਂਗ ਪ੍ਰੇਮ ਕਰਦੇ ਹਾਂ ਅਤੇ ਉਸ ਦੇ ਅੰਨ, ਜਲ ‘ਤੇ ਅਧਿਕਾਰ ਸਮਝਦੇ ਹਾਂ। ਉਸ ਦੇਸ਼ ਦੇ ਅੰਦਰ ਚਾਹੇ ਕਿਤਨੇ ਵੀ ਮਜ਼ਹਬੀ ਅਕੀਦੇ ਹੋਣ, ਸਾਨੂੰ ਇਕ ਜਾਤੀ ਜਾਂ ਕੌਮ ਹੋਣ ਤੋਂ ਨਹੀਂ ਰੋਕ ਸਕਦੇ; ਕਿਉਂਕਿ ਮਜ਼ਹਬ ਇਕ ਪ੍ਰਲੋਕੀ ਅਕੀਦਾ ਹੈ ਅਤੇ ਨੇਮ ਇਸ ਦੁਨੀਆਂ ਦੇ ਜੀਵਨ ਨਾਲ ਸਬੰਧਤ ਹੈ, ਜਿਸ ਨੂੰ ਜੀਵਨ ਤੋਂ ਅੱਡ ਨਹੀਂ ਕਰ ਸਕਦੇ। ਮਜ਼ਹਬ ਤਬਦੀਲ ਹੋ ਸਕਦਾ ਹੈ ਅਤੇ ਕੌਮ ਨਹੀਂ। ਮੈਂ ਅੱਜ ਸਿੱਖ ਹਾਂ, ਜੇ ਚਾਹਾਂ ਤਾਂ ਕੱਲ੍ਹ ਹੀ ਦੂਸਰਾ ਮਜ਼ਹਬ ਧਾਰਨ ਕਰ ਸਕਦਾ ਹਾਂ। ਇਹ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ।
ਕੌਮ ਅਟੱਲ ਹੈ ਤੇ ਮਜ਼ਹਬ ਅਖਤਿਆਰੀ। ਮਜ਼ਹਬ ਦਾ ਅਰਥ ਹੈ, ਰਾਸਤਾ; ਯਾਨਿ ਨੇਕ ਰਾਸਤਾ ਜੋ ਮਨੁੱਖ ਨਾਲ ਮਨੁੱਖ ਦਾ ਪਿਆਰ, ਨਿਆਏ, ਯੁੱਧ, ਆਰਥਕ ਪ੍ਰਬੰਧ ਦਾ ਰਸਤਾ ਵਿਖਾਂਦਾ ਹੈ; ਯਾਨਿ ਆਪਣੀ ਨਿੱਤ ਦੀ ਰੋਟੀ, ਲੁੱਟ-ਖਸੁੱਟ ਨੂੰ ਮਜ਼ਹਬ, ਧਰਮ ਪਾਪ ਆਖਦੇ ਹਨ।
ਸੁਆਲ: ਜੇ ਮਜ਼ਹਬ ਅਤੇ ਧਰਮ ਏਨਾ ਹੀ ਪਿਆਰਾ ਨਿਆਏ ਤੇ ਆਰਥਕ ਸ਼ੁਧੀ ਨਾਲ ਭਰਿਆ ਪਿਆ ਹੈ ਤਾਂ ਮਜ਼ਹਬ ਤੇ ਧਰਮ ਦੇ ਨਾਂ ‘ਤੇ ਕਤਲ ਤੇ ਖੂਨ ਕਿਉਂ ਹੁੰਦੇ ਹਨ?
ਜੁਆਬ: ਅਸਲ ਗੱਲ ਇਹ ਹੈ ਕਿ ਮਨੁੱਖ ਮਾਤਰ ਦਾ ਅਸਲੀ ਧਰਮ ਤੇ ਮਜ਼ਹਬ ਇਕ ਹੀ ਹੈ। ਇਹ ਬੁਰਾਈਆਂ ਨਹੀਂ ਸਿਖਾਂਦੇ। ਇਹ ਬੁਰਾਈਆਂ ਜਦ ਫਿਰਕਾਪ੍ਰਸਤੀ ਦਾ ਜ਼ੋਰ ਹੁੰਦਾ ਹੈ ਤਾਂ ਆਪਣੀ ਰਾਜਸੀ ਹਵਸ ਪੂਰੀ ਕਰਨ ਲਈ ਅਤੇ ਕਮਜ਼ੋਰਾਂ ਨੂੰ ਗੁਲਾਮ ਬਣਾਉਣ ਲਈ ਫਿਰਕਾਪ੍ਰਸਤੀ ‘ਮਜ਼ਹਬ ਤੇ ਧਰਮ ਖਤਰੇ ਵਿਚ ਹੈ’ ਦਾ ਨਾਹਰਾ ਦੇ ਕੇ ਅਤੇ ਪਾੜ ਕੇ ਰਾਜ ਕਰਨ ਲਈ, ਭੋਲੇ ਭਾਲੇ ਲੋਕਾਂ ਵਿਚ ਕਤਲ ਤੇ ਖੂਨ, ਚਲਾਕੀ ਨਾਲ ਕਰਵਾ ਦਿੰਦੀ ਹੈ। ਫਿਰਕਾਪ੍ਰਸਤੀ ਅਸਲ ਵਿਚ ਦੇਸ਼ ਤੇ ਕੌਮ ਲਈ ਜ਼ਹਿਰ ਵਾਂਗ ਹੈ, ਜਿਵੇਂ ਸਿਆਣਿਆਂ ਨੇ ਆਖਿਆ ਹੈ। ਜਦ ਤਕ ਫਿਰਕਾਪ੍ਰਸਤੀ ਮਲੀਆਮੇਟ ਨਹੀਂ ਕੀਤੀ ਜਾਂਦੀ, ਮਨੁੱਖ ਜਾਤੀ ਵਿਚੋਂ ਲੜਾਈਆਂ ਨਹੀਂ ਮੁੱਕ ਸਕਦੀਆਂ ਤੇ ਨਾ ਹੀ ਦੇਸ਼ ਤੇ ਕੌਮ ਇਕ ਹੋ ਸਕਦੇ ਹਨ।
ਸੁਆਲ: ਜੇ ਮਜ਼ਹਬ ਅਤੇ ਧਰਮ ਪਿਆਰ ਤੇ ਨਿਆਏ ਸਿਖਲਾਂਦੇ ਹਨ ਤਾਂ ਕਿਹੜਾ ਮਜ਼ਹਬ ਤੇ ਧਰਮ ਹੈ, ਜੋ ਤਲਵਾਰ ਦੀ ਛਾਂ ਹੇਠ ਨਹੀਂ ਵਧਿਆ ਫੁੱਲਿਆ?
ਜੁਆਬ: ਇਹ ਠੀਕ ਹੈ ਪਰ ਸਾਨੂੰ ਇਨ੍ਹਾਂ ਲੜਾਈਆਂ ਦੀ ਤਾਰੀਖ ਦਾ ਮੁਤਾਲਿਆ ਕਰਨਾ ਜ਼ਰੂਰੀ ਹੈ। ਹਰ ਇਕ ਮਜ਼ਹਬ ਦੇ ਬਾਕੀ ਦੇ ਕੰਮ ਅਤੇ ਲੜਾਈਆਂ ਨੂੰ ਜਦ ਅਸੀਂ ਦੇਖੀਏ ਕਿ ਉਨ੍ਹਾਂ ਕਿਨ੍ਹਾਂ ਮਜ਼ਲੂਮਾਂ ਦੇ ਹੱਕ ਵਿਚ ਆਪਣੀਆਂ ਕੁਰਬਾਨੀਆਂ ਕੀਤੀਆਂ ਤੇ ਲੜਾਈਆਂ ਲੜੀਆਂ; ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰ ਅਵਤਾਰ ਪੀਰ ਪੈਗੰਬਰ ਦੇ ਬੇਟੇ ਤੇ ਗੁਰੂ ਆਦਿ ਸਤਿਕਾਰਯੋਗ ਨਾਂਵਾਂ ਨਾਲ ਯਾਦ ਕਰਦੇ ਹਨ। ਜਦ ਅਸੀਂ ਯਸੂ, ਮੁਹੰਮਦ, ਅਵਤਾਰ ਔਰ ਮਜ਼ਲੂਮਾਂ ਦੇ ਹੱਕ ਵਿਚ ਲੜਨ ਵਾਲੀਆਂ ਦੇਵੀਆਂ ਤੇ ਗੁਰੂ ਸਾਹਿਬਾਨ ਦੀਆਂ ਜ਼ਿੰਦਗੀਆਂ ਦਾ ਮੁਤਾਲਿਆ ਕਰਦੇ ਹਾਂ ਤਾਂ ਸਾਨੂੰ ਮਜ਼ਹਬੀ ਲੜਾਈਆਂ ਦੇ ਦੋਵੇਂ ਪੱਖ ਸਾਫ ਨਜ਼ਰ ਆ ਜਾਂਦੇ ਹਨ- ਇਕ ਪਵਿਤਰ ਤੇ ਦੂਜਾ ਅਪਵਿਤਰ। ਪਵਿਤਰ ਲੜਾਈਆਂ ਉਹ ਹਨ, ਜੋ ਮਜ਼ਲੂਮਾਂ ਨੂੰ ਜ਼ਾਲਮਾਂ ਦੀ ਗੁਲਾਮੀ ਵਿਚੋਂ ਕੱਢਣ ਵਾਸਤੇ ਲੜੀਆਂ ਗਈਆਂ ਹਨ। ਅਪਵਿਤਰ ਉਹ ਹਨ, ਜੋ ਰਾਜੇ ਬਾਦਸ਼ਾਹਾਂ ਨੇ ਕਮਜ਼ੋਰਾਂ ਨੂੰ ਗੁਲਾਮ ਰੱਖਣ ਅਤੇ ਆਪਣੀ ਐਸ਼ੋ-ਇਸ਼ਰਤ ਨੂੰ ਪੂਰਾ ਕਰਨ ਲਈ ਕਤਲੋ-ਖੂਨ, ਮਜ਼ਹਬ ਤੇ ਧਰਮ ਦੇ ਨਾਂ ‘ਤੇ ਕੀਤੇ, ਜਿਵੇਂ ਔਰੰਗਜ਼ੇਬ ਤੇ ਉਸ ਵਰਗੇ ਦੂਜੇ ਬਾਦਸ਼ਾਹ।
ਸੁਆਲ: ਤੁਸਾਂ ਫਿਰਕਾਪ੍ਰਸਤਾਂ ਤੇ ਹੋਰ ਸਮਾਜਕ ਬੁਰਾਈਆਂ ਕਰਨ ਵਾਲਿਆਂ ਨੂੰ ਤਾਂ ਕੋਸਿਆ ਹੈ, ਪਰ ਜੋ ਪੁਲੀਟੀਕਲ ਪਾਰਟੀਆਂ ਸਵਾਏ ਗਲਤ ਪੌਲੀਟਿਕਸ ਤੇ ਪਾਰਟੀ ਪੌਲੀਟਿਕਸ ਦੇ ਹੋਰ ਕੋਈ ਕੰਮ ਨਹੀਂ ਕਰ ਰਹੀਆਂ, ਜਿਨ੍ਹਾਂ ਰਾਤ ਦਿਨ ਇਸੇ ਹੀ ਸ਼ੁਗਲ ਨੂੰ ਪੇਸ਼ਾ ਬਣਾ ਰੱਖਿਆ ਹੈ, ਚਾਹੇ ਦੇਸ਼ ਕੌਮ ਤੇ ਮਿਹਨਤਕਸ਼ ਜਨਤਾ ਕਿਤਨੀ ਦੁਖੀ ਕਿਉਂ ਨਹੀਂ, ਇਨ੍ਹਾਂ ਨੂੰ ਕੋਈ ਵੀ ਪ੍ਰਵਾਹ ਨਹੀਂ। ਇਸ ਬਾਬਤ ਕੀ ਖਿਆਲ ਹੈ?
ਜੁਆਬ: ਸਮਾਜਕ ਬੁਰਾਈਆਂ ਕਰਨ ਵਾਲਿਆਂ ਲੋਕਾਂ ਨਾਲੋਂ ਇਹ ਕੋਈ ਘੱਟ ਖਤਰਨਾਕ ਨਹੀਂ ਸਗੋਂ ਵੱਧ ਹੀ ਹਨ; ਕਿਉਂਕਿ ਦੂਜੇ ਜੋ ਸਮਾਜਕ ਬੁਰਾਈਆਂ ਕਰਨ ਵਾਲੇ ਹਨ, ਉਹ ਲੋਕਾਂ ਦੇ ਸਾਹਮਣੇ ਨੰਗੇ ਹਨ ਅਤੇ ਲੋਕ ਉਨ੍ਹਾਂ ਨੂੰ ਛੇਤੀ ਪਛਾਣ ਸਕਦੇ ਹਨ ਪਰ ਇਹ ਦੇਸ਼ਭਗਤੀ ਤੇ ਕੌਮਪ੍ਰਸਤੀ ਦਾ ਚੋਲਾ ਪਾ ਕੇ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਧੋਖਾ ਦੇ ਸਕਦੇ ਹਨ, ਜਿਸ ਤਰ੍ਹਾਂ ਅੱਜਕੱਲ੍ਹ ਹੋ ਰਿਹਾ ਹੈ।
ਸੁਆਲ: ਦੇਸ਼ ਅਤੇ ਕੌਮ ਲਈ ਸਾਡਾ ਕਰਤਵ ਕੀ ਹੈ?
ਜੁਆਬ: ਮੈਂ ਪਿੱਛੇ ਦੱਸ ਚੁਕਾ ਹਾਂ, ਤੇ ਦੇਸ਼ ਅਤੇ ਕੌਮ ਦੀ ਵਿਆਖਿਆ ਵੀ ਕਰ ਚੁਕਾ ਹਾਂ, ਭਈ ਜੋ ਜਮੀਨ ਦਾ ਖੱਤਾ ਜੁਗਰਾਫੀਏ ਦੇ ਲਿਹਾਜ਼ ਨਾਲ ਦੂਜੇ ਖੱਤਿਆਂ ਨਾਲੋਂ ਅੱਡ ਕਰਦਾ ਹੈ, ਜਿਸ ਦੀ ਹੱਦਬੰਦੀ ਇਕ ਦੂਜਾ ਆਪਸ ਵਿਚ ਮਿਲ ਕੇ ਕਰ ਲੈਂਦੇ ਹਨ; ਇਹ ਸਾਰੇ ਸਾਡੇ ਪੜੋਸੀ (ਗੁਆਂਢੀ) ਤੇ ਹਮਸਾਏ ਹਨ। ਜਿਸ ਤਰ੍ਹਾਂ ਅਸੀਂ ਆਪਣੇ ਦੇਸ਼ ਅੰਦਰ ਆਜ਼ਾਦੀ ਤੇ ਬਰਾਬਰੀ ਦੇ ਹੱਕ ਰੱਖਦੇ ਹਾਂ, ਉਸੇ ਤਰ੍ਹਾਂ ਸਾਡੇ ਪੜੋਸੀ ਵੀ। ਸਾਡਾ ਫਰਜ਼ ਠਹਿਰਦਾ ਹੈ ਕਿ ਅਸੀਂ ਆਪਣੀ ਆਜ਼ਾਦੀ ਤੇ ਬਰਾਬਰੀ ਨੂੰ ਕੀ ਆਰਥਿਕ, ਕੀ ਰਾਜਨੀਤਕ ਤੇ ਕੀ ਸਮਾਜਕ ਜੀਵਨ ਦੇ ਹਰ ਪਹਿਲੂ ਵਿਚ ਕਾਇਮ ਰੱਖੀਏ, ਇਸੇ ਦਾ ਨਾਂ ਹੈ, ਸਮਾਜਕ ਪ੍ਰਬੰਧ। ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ, ਸਮਾਜਵਾਦ ਤੋਂ ਬਿਨਾ ਕੋਈ ਦੇਸ਼ ਜਾਂ ਜਾਤੀ ਸੁਖੀ ਨਹੀਂ ਹੋ ਸਕਦੀ। ਜਿਥੇ ਲੁੱਟ-ਖਸੁੱਟ ਤੇ ਸਾਮਰਾਜਵਾਦ ਹੈ, ਉਥੇ ਕਦੀ ਸ਼ਾਂਤੀ ਤੇ ਅਨੰਦ ਨਹੀਂ ਹੋ ਸਕਦਾ, ਜੋ ਮਨੁੱਖ ਮਾਤਰ ਹੁੰਦਾ ਹੈ।
ਇਸ ਦੇ ਇਲਾਵਾ ਆਜ਼ਾਦੀ ਤੇ ਬਰਾਬਰੀ ਦਾ ਨਜ਼ਰੀਆ ਸਾਡਾ ਆਪਣੇ ਦੇਸ਼ ਲਈ ਹੀ ਨਹੀਂ ਦੇਣਾ ਚਾਹੀਦਾ, ਸਗੋਂ ਸਾਰੀ ਦੁਨੀਆਂ ਦੀ ਆਜ਼ਾਦੀ ਬਰਾਬਰੀ ਤੇ ਸੱਚੀ ਜਮਹੂਰੀਅਤ (ਲੋਕ ਰਾਜ) ਦੀ ਇੱਜਤ ਸਾਡੇ ਲਈ ਜ਼ਰੂਰੀ ਹੈ; ਕਿ ਸਾਡੀ ਅਸਲੀ ਜਾਤੀ ਮਨੁੱਖ ਮਾਤਰ ਹੈ; ਤੇ ਦੁਨੀਆਂ ਭਰ ਦਾ ਮਨੁੱਖ ਸਾਡਾ ਭਾਈ ਹੈ। ਇਸ ਤੋਂ ਵੱਖ ਹੋ ਕੇ ਇਕੱਲੇ ਜਿਉਂਦੇ ਨਹੀਂ ਰਹਿ ਸਕਦੇ, ਕਿਉਂਕਿ ਜੀਵਨ ਵਿਅਕਤੀਗਤ ਨਹੀਂ ਸਗੋਂ ਸਮਾਜਕ ਹੈ। ਕੋਈ ਇਕੱਲਾ ਵਿਅਕਤੀ ਆਪਣੀ ਸਾਰੀ ਲੋੜ ਜੋ ਜੀਵਨ ਵਿਚ ਉਸ ਨੂੰ ਹੈ, ਉਹ ਪੂਰੀ ਨਹੀਂ ਕਰ ਸਕਦਾ ਤੇ ਨਾ ਹੀ ਆਪਣੇ ਖਿੱਤੇ (ਮੁਲਕ) ਦੀ ਹੋਂਦ ਵਿਚ ਕੈਦ ਹੋ ਕੇ ਤਰੱਕੀ ਕਰ ਸਕਦਾ ਹੈ। ਇਸ ਲਈ ਜੇ ਅਸੀਂ ਸ਼ਾਂਤੀ ਤੇ ਸੁੱਖ ਚਾਹੁੰਦੇ ਹਾਂ ਤਾਂ ਜੋ ਪਿਆਰ ਸਾਨੂੰ ਆਪਣੀ ਮਾਤਰਭੂਮੀ ਨਾਲ ਹੈ, ਉਹ ਪਿਆਰ ਸੱਚੇ ਦਿਲ ਨਾਲ ਸਾਰੇ ਦੁਨੀਆਂ ਦੇ ਦੇਸ਼ਾਂ ਨਾਲ ਕਰਨਾ ਹੋਵੇਗਾ; ਤਾਂ ਹੀ (ਅਸੀਂ) ਦੇਸ਼ ਭਗਤ ਤੇ ਕੌਮਪ੍ਰਸਤ ਕਹਾ ਸਕਦੇ ਹਾਂ; ਵਰਨਾ ਰਾਜਸੀ ਪਖੰਡ ਹੋਵੇਗਾ, ਜੋ ਸਾਨੂੰ ਕਦੀ ਵੀ ਸੁਖੀ ਨਹੀਂ ਕਰ ਸਕਦਾ।
ਸੁਆਲ: ਇਹ ਤਾਂ ਹੋਈ ਦੇਸ਼ ਭਗਤੀ ਜਿਸ ਤਰ੍ਹਾਂ ਅਸੀਂ ਆਪਣੇ ਦੇਸ਼ ਨਾਲ ਪਿਆਰ ਕਰਦੇ ਹਾਂ, ਉਹੀ ਦੂਜੇ ਦੇਸ਼ਾਂ ਨਾਲ ਕਰੀਏ; ਹੁਣ ਕੌਮਪ੍ਰਸਤੀ ਦੀ ਵਿਆਖਿਆ ਜ਼ਰੂਰੀ ਹੈ?
ਜੁਆਬ: ਸਾਨੂੰ ਦੁਨਿਆਵੀ ਤੇ ਕੁਦਰਤੀ ਅਸੂਲਾਂ-ਦੋਹਾਂ ਨੂੰ ਸਮਝਣ ਦੀ ਲੋੜ ਹੈ। ਰੂਹਾਨੀਅਤ ਤਾਂ ਸਾਨੂੰ ਇਹ ਕਹਿੰਦੀ ਹੈ ਕਿ ਸਾਰੀ ਕਾਇਨਾਤ ਦਾ ਜੀਵਨ ਇਕ ਹੈ ਅਤੇ ਇਕ ਲੜੀ ਵਿਚ ਪਰੋਂਦਾ ਹੈ। ਇਸ ਨੂੰ ਮਹਾਂ ਜੀਵਨ ਕਿਹਾ ਜਾਂਦਾ ਹੈ। ਇਹ ਕਾਇਨਾਤੀ ਮਹਾਂਜੀਵਨ ਦੇ ਹੀ ਅਨੇਕਾਂ ਨਾਮ ਹਨ। ਕੋਈ ਰੱਬ, ਕੋਈ ਰਹੀਮ, ਕੋਈ ਵਾਹਿਗੁਰੂ, ਕੋਈ ਗਾਡ-ਅਨੇਕਾਂ ਨਾਂ ਘੜੇ ਹੋਏ ਹਨ, ਪਰ ਕੁਦਰਤੀ ਸ਼ਕਤੀ ਇਕ ਹੀ ਹੈ, ਜਿਸ ਨੂੰ ਨਿਰਾਕਾਰ ਜਾਂ ਪ੍ਰਕਿਰਤੀ (ਮਾਦਾ) ਵੀ ਕਹਿ ਸਕਦੇ ਹਾਂ, ਕਿਉਂਕਿ ਆਦਿ ਵਿਚ ਜੋ ਸੂਖਮ ਨਿਰਾਕਾਰ ਸ਼ਕਤੀ ਸੀ, ਸਾਰੇ ਗ੍ਰੰਥ, ਅੰਜੀਲ, ਕੁਰਾਨ, ਵੇਦ ਆਦਿ ਇਸ ਗੱਲ ਨੂੰ ਮੰਨਦੇ ਹਨ ਕਿ ਨਿਰਾਕਾਰ ਰੂਪ ਤੋਂ ਹੀ ਸਾਕਾਰ ਰੂਪ ਪੈਦਾ ਹੋਇਆ। ਚਾਹੇ ਹੋਣ ਵਿਚ ਮਤਭੇਦ ਹਨ ਕਿ ਕਿਵੇਂ ਇਹ ਹੋਇਆ ਪਰ ਇਸ ਵਿਚ ਕੋਈ ਮਤਭੇਦ ਨਹੀਂ ਕਿ ਇਹ ਕਾਇਨਾਤ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਚਾਹੇ ਉਸ ਨੂੰ ਬ੍ਰਹਮ ਕਹਿ ਲਓ ਜਾਂ ਪ੍ਰਕਿਰਤੀ।
ਰੂਹਾਨੀਅਤ ਨੂੰ ਛੱਡ ਕੇ ਜੇ ਅਸੀਂ ਸਾਇੰਸ ਦੇ ਨਜ਼ਰੀਏ ਨਾਲ ਦੇਖੀਏ ਤਾਂ ਮਾਲੂਮ ਹੁੰਦਾ ਹੈ ਕਿ ਇਸ ਕਾਇਨਾਤ ਦਾ ਜੀਵਨ ਇਕ ਹੀ ਹੈ ਅਤੇ ਭਿੰਨ-ਭਿੰਨ ਸ਼ਕਤੀਆਂ ਦ੍ਰਿਸ਼ਟੀਗੋਚਰ ਹਨ। ਦਰਅਸਲ ਇਹ ਭਿੰਨ-ਭਿੰਨ ਨਹੀਂ। ਇਕ ਦੂਜਾ ਜੀਵਨ ਇਕ-ਦੂਸਰੇ ਨਾਲ ਪੂਰਾ ਜੀਵਨ ਸਬੰਧ ਰੱਖਦਾ ਹੈ। ਤੇ ਇਸ ਤਰ੍ਹਾਂ ਦੂਜੇ ਜੀਵਨ ਨੂੰ ਜਿਉਂਦੇ ਰਹਿਣ ਵਿਚ ਮਦਦ ਦਿੰਦਾ ਹੈ। ਜਿਸ ਤਰ੍ਹਾਂ ਰੁੱਖ ਦੀ ਮਿਸਾਲ ਲਓ, ਸਾਡੇ ਗੰਦੇ ਸਾਹ ਲੈਂਦਾ ਤੇ ਸਾਫ ਕਰਕੇ ਸਾਨੂੰ ਦਿੰਦਾ ਹੈ, ਜਿਸ ਕਰਕੇ ਸਾਡੀ ਅਰੋਗਤਾ ਕਾਇਮ ਰਹਿੰਦੀ, ਦੂਜੇ ਅੰਨ ਪਾਣੀ ਤੇ ਹਵਾ ਆਦਿ ਸਾਡੇ ਜੀਵਨ ਨੂੰ ਜ਼ਿੰਦਾ ਰੱਖਣ ਵਿਚ ਮਦਦ ਦਿੰਦੇ ਹਨ। ਇਸੇ ਤਰ੍ਹਾਂ ਮੁਖਾਲਫ ਸ਼ਕਤੀਆਂ ਵੀ ਆਪਣੇ ਕੁਦਰਤੀ ਅਸੂਲਾਂ ਦੇ ਫਰਜ਼ ਨੂੰ ਪੂਰਾ ਕਰਦੀਆਂ ਹਨ ਅਤੇ ਇਹ ਅਸੂਲ ਅਟੱਲ ਹੈ, ਯਾਨਿ ਵਿਕਾਸ ਅਤੇ ਕ੍ਰਾਂਤੀ, ਜੇ ਇਹ ਦੋ ਕੁਦਰਤੀ ਅਸੂਲ ਨਾ ਹੁੰਦੇ ਤਾਂ ਇਹ ਸੰਸਾਰ ਨਰਕ ਬਣ ਜਾਂਦਾ। ਵਿਕਾਸ ਕਾਇਨਾਤ ਨੂੰ ਸੁਚੱਜੇ ਢੰਗ ਨਾਲ ਪੈਦਾ ਕਰਦਾ ਹੈ ਤੇ ਪਾਲਦਾ ਵੀ ਹੈ ਪਰ ਜਦ ਵਿਕਾਸ ਆਪਣਾ ਕੰਮ ਕਰ ਚੁੱਕਦਾ ਹੈ ਤੇ ਹਰ ਇਕ ਜੀਵਨ ਬੁਢਾਪੇ ਦੇ ਕਾਬੂ ਆ ਕੇ ਦੁਖੀ ਹੋ ਜਾਂਦਾ ਹੈ ਤਾਂ ਕ੍ਰਾਂਤੀ ਉਸ ਬੋਸੀਦ ਬੂ ਫੈਲਾਉਣ ਵਾਲੇ ਜੀਵਨ ਨੂੰ ਆਪਣੇ ਝਾੜੂ ਨਾਲ ਹੂੰਝ ਕੇ ਵੱਖ ਕਰ ਦਿੰਦੀ ਹੈ ਅਤੇ ਨਵੇਂ ਜੀਵਨਾਂ ਲਈ ਮੈਦਾਨ ਸਾਫ ਕਰਦੀ ਹੈ, ਤਾਂ ਕਿ ਉਹ ਇਸ ਦੁਨੀਆਂ ਦਾ ਸੁਖ ਮਾਣੇ; ਤੇ ਜੋ ਕੁਦਰਤ ਨੇ ਆਪਣੇ ਬੱਚਿਆਂ ਲਈ ਦੁਨੀਆਂ ਰੂਪੀ ਸੁੰਦਰ ਬਾਗ ਲਾਇਆ ਤੇ ਹਰ ਪ੍ਰਕਾਰ ਦੇ ਪਦਾਰਥ ਪੈਦਾ ਕੀਤੇ ਤਾਂ ਕਿ ਇਹ ਇਕ ਦੂਜੇ ਨਾਲ ਪਿਆਰ ਤੇ ਨਿਆਏ ਨਾਲ ਵਰਤਣ ਅਤੇ ਇਨ੍ਹਾਂ ਪਦਾਰਥਾਂ ਨੂੰ ਸੁੱਖ ਤੇ ਸ਼ਾਂਤੀ ਨਾਲ ਭੋਗਣ, ਪਰ ਬੱਚੇ ਏਨੇ ਨਾਲਾਇਕ ਹਨ ਜੋ ਆਪਣੇ ਫਲ ਖਾ ਕੇ ਵੀ ਦੂਜੇ ਦੇ ਹੱਥੋਂ ਉਨ੍ਹਾਂ ਦੀ ਖੁਰਾਕ ਖੋਹ ਲੈਂਦੇ ਹਨ। ਤੇ ਉਨ੍ਹਾਂ ਨੂੰ ਭੁੱਖ, ਮਹਾਂਮਾਰੀ, ਅਵਿਦਿਆ ਜੈਸੀਆਂ ਗਹਿਰੀਆਂ ਗਾਰਾਂ ਵਿਚ ਸੁੱਟ ਕੇ ਉਤੋਂ ਤਾੜੀਆਂ ਮਾਰਦੇ ਹਨ, ਜਿਸ ਦੀ ਮਿਸਾਲ ਰੋਡੇਸ਼ੀਆ ਤੇ ਹੋਰ ਕਈ ਮੁਲਕਾਂ ਵਿਚ ਮਿਲਦੀ ਹੈ।
ਜੇ ਅਸੀਂ ਕਾਇਨਾਤ ਸਬੰਧਾਂ ਨੂੰ ਛੱਡ ਵੀ ਦੇਈਏ ਤਾਂ ਵੀ ਮਨੁੱਖ ਜਾਤੀ ਦੀ ਏਕਤਾ ਤੋਂ ਮੁਨਕਰ ਨਹੀਂ ਹੋ ਸਕਦੇ। ਜਦ ਏਕਤਾ ਤੋਂ ਮੁਨਕਰ ਨਹੀਂ ਹੋ ਸਕਦੇ ਤਾਂ ਮਨੁੱਖ ਜਾਤੀ ਨੂੰ ਇਕ ਟੱਬਰ ਮੰਨਣਾ ਹੀ ਪਵੇਗਾ। ਜਦ ਅਸੀਂ ਇਕ ਟੱਬਰ ਮੰਨ ਲਵਾਂਗੇ, ਜੋ ਕੁਝ ਸਮੇਂ ਦੇ ਬਾਅਦ ਮੰਨਣਾ ਹੀ ਪਵੇਗਾ ਤਾਂ ਮਨੁੱਖ ਜਾਤੀ ਦਾ ਦੁੱਖ ਤੇ ਸੁੱਖ ਇਕ ਹੋ ਜਾਵੇਗਾ, ਅਸੀਂ ਇਹ ਸਮਾਂ ਯੁੱਗ ਦੇ ਪਲਟਾਓ ਦਾ ਸਮਾਂ ਮੰਨਦੇ ਹਾਂ ਕਿਉਂਕਿ ਮਨੁੱਖ ਜਾਤੀ ਦਾ ਗਿਆਨ ਬੜੀ ਤੇਜ਼ੀ ਨਾਲ ਏਕਤਾ ਵਲ ਵਧ ਰਿਹਾ ਹੈ। ਇਸ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਜਰਪ੍ਰਸਤੀ ਦਾ ਯੁੱਗ ਸਮਾਜਵਾਦ ਦੇ ਸਾਹਮਣੇ ਦੀਵਾਰਾਂ ਖੜ੍ਹੀਆਂ ਕਰ ਰਿਹਾ (ਹੈ), ਪਰ ਇਹ ਰੇਤ ਦੀਆਂ ਦੀਵਾਰਾਂ ਬਹੁਤ ਚਿਰ ਖੜ੍ਹੀਆਂ ਨਹੀਂ ਰਹਿ ਸਕਦੀਆਂ, ਬਹੁਤ ਛੇਤੀ ਢਹਿ ਢੇਰੀ ਹੋਣ ਵਾਲੀਆਂ ਹਨ; ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯੁੱਗ ਦਾ ਪਲਟਾਓ ਹਰ ਦੇਸ਼ ਦੇ ਅੰਦਰ ਹੀ ਹੋਣਾ ਹੈ ਅਤੇ ਉਸ ਦੇਸ਼ ਦੀ ਜਨਤਾ ਦੇਸ਼ ਦੇ ਸਪੁਰਦ ਹੀ ਕਰਨਾ ਹੈ। ਬਾਹਰ ਦੀ ਕਿਸੇ ਤਾਕਤ ਉਪਰ ਭਰੋਸਾ ਰੱਖਣਾ ਕਿ ਉਹ ਬਣਿਆ ਬਣਾਇਆ ਸਮਾਜਵਾਦ ਉਸ ਦੇ ਹੱਥ ਫੜਾ ਦੇਵੇਗੀ, ਭੁੱਲ ਹੈ। ਹਰ ਦੇਸ਼ ਦੀ ਜਨਤਾ ਨੂੰ ਸਾਮਰਾਜ ਵਿਰੁਧ ਕੁਰਬਾਨੀ ਕਰਨੀ ਪਵੇਗੀ। ਸਾਮਰਾਜ ਮਰਦਾ ਹੋਇਆ ਵੀ ਘਿਰੀ ਕੋਈ ਬਿੱਲੀ ਵਾਂਗ ਜਦ ਦੇਖਦੀ ਹੈ ਕਿ ਮੇਰਾ ਬਚਾਓ ਨਹੀਂ, ਤਾਂ ਸਿੱਧੀ ਗੱਲ ਨੂੰ ਚੱਕ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਆਖਰੀ ਸਾਮਰਾਜੀ ਵੇਲੇ ਨੂੰ ਖਿਆਲ ਵਿਚ ਰੱਖਣਾ ਚਾਹੀਦਾ ਤੇ ਹਰ ਤਰੱਕੀ ਕਰ ਰਹੇ ਮੁਲਕ ਤੇ ਮੁਲਕਾਂ ਦਾ ਸੰਗਠਨ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾ ਉਹ ਸਮਰਾਜਵਾਦ ਦੋ ਧੋਖੇ ਭਰੇ ਨਾਅਰਿਆਂ ਵਿਚ ਨਾ ਫਸਣ। ਮੁਲਕਾਂ ਦਾ ਇਹ ਖਿਆਲ ਹੈ ਕਿ ਸਾਮਰਾਜ ਦੇ ਸਮਾਜਵਾਦ ਇਹ ਜਗਾ ਇਕੱਠੇ ਰਹਿ ਸਕਦੇ ਹਨ। ਮੈਂ ਇਨ੍ਹਾਂ ਨਾਲ ਸਹਿਮਤ ਨਹੀਂ। ਅੰਧੇਰੇ ਤੇ ਉਜਾੜੇ ਦਾ ਕੋਈ ਮੇਲ ਨਹੀਂ ਹੋ ਸਕਦਾ। ਜਦ ਹਰ ਤਰੱਕੀ ਕਰ ਰਿਹਾ ਮੁਲਕ ਤੇ ਉਠ ਰਹੇ ਮੁਲਕ ਕੌਮੀਅਤ ਨੂੰ ਸਮਝ ਕੇ ਏਕਤਾ ਦੇ ਝੰਡੇ ਹੇਠਾਂ ਇਕ ਕੌਮੀ ਨਜ਼ਰੀਆ ਅਪਨਾ ਲਵੋਗੇ, ਤਦ ਹੀ ਮਨੁੱਖ ਜਾਤੀ ਦੀ ਇਕ ਸੱਚੀ ਤੇ ਸੁੱਚੀ ਕੌਮ ਬਣ ਜਾਵੇਗੀ ਅਤੇ ਸਾਰੀ ਮਨੁੱਖ ਜਾਤੀ ਦਾ ਦੁੱਖ ਸੁੱਖ ਸਾਂਝਾ ਹੋ ਜਾਵੇਗਾ। ਇਸ ਵੇਲੇ ਸਾਰੀ ਮਨੁੱਖਤਾ ਦੀ ਜੈ ਦਾ ਨਾਅਰਾ ਲਾਉਣ ਵਿਚ ਸਫਲ ਹੋਵੇਗੀ। ਉਠੇ ਨਹੀਂ। ਉਠੇ ਅਧੂਰਾ ਨਾਅਰਾ ਹੈ ਜੋ ਅੱਜ ਹੈ।
ਸੁਆਲ: ਕੀ ਮੌਜੂਦਾ ਹਾਲਤ ਵਿਚ ਸਾਡਾ ਦੇਸ਼ ਆਪਣੇ ਪੈਰਾਂ ‘ਤੇ ਖੜ੍ਹਾ ਹੋ ਸਕਦਾ ਹੈ।
ਜੁਆਬ: ਜਦ ਸਾਮਰਾਜੀ ਨੀਤੀ ਨੂੰ ਤਿਲਾਂਜਲੀ ਦਿੱਤੀ ਜਾਵੇ। ਉਰੇ ਨਹੀਂ, ਕਿਉਂਕਿ ਸਰਮਾਏਦਾਰੀ ਦਾ ਜੀਵਨ ਹੀ ਮੁਨਾਫਾਖੋਰੀ ਉਤੇ ਹੈ ਤੇ ਮੁਨਾਫਾਖੋਰੀ ਤਦ ਹੀ ਜ਼ਿੰਦਾ ਰਹਿ ਸਕਦੀ ਹੈ, ਜਦ ਉਹ ਮਜ਼ਦੂਰ ਕਿਸਾਨ ਤੇ ਹੋਰ ਮਿਹਨਤਕਸ਼ਾਂ ਤੋਂ ਘੱਟ ਮਜ਼ਦੂਰੀ ਤੇ ਚੋਖਾ ਦਾਮ ਵਾਲੀ ਕਹਾਵਤ ਪੂਰੀ ਕਰਦੀ ਹੈ। ਮਤਲਬ ਇਨ੍ਹਾਂ ਦੀ ਮਿਹਨਤ ਨੂੰ ਸਸਤੇ ਦਾਮਾਂ ‘ਤੇ ਖਰੀਦੇ ਤੇ ਮਹਿੰਗੇ ਮੁੱਲ ਵੇਚੇ। ਜੋ ਲੋਕ ਮਹਿੰਗਾਈ ਦਾ ਰੌਲਾ ਪਾਉਂਦੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਮਾਏਦਾਰਾ ਨਿਜ਼ਾਮ ਦਾ ਖਾਸਾ ਕੀ ਹੈ? ਉਹ ਜੋ ਕੁਝ ਕਰ ਰਿਹਾ ਹੈ, ਨਿਜ਼ਾਮ ਦਾ ਖਾਸਾ ਕੀ ਹੈ? ਉਹ ਜੋ ਕੁਝ ਕਰ ਰਿਹਾ ਹੈ, ਆਪਣੇ ਆਦਰਸ਼ ਦੇ ਮਜ਼ਹਬ। ਅਗਰ ਕਮਜ਼ੋਰੀ ਹੈ ਤਾਂ ਉਹ ਆਮ ਮਿਹਨਤਕਸ਼ ਜਮਾਤ ਵਿਚ, ਜੋ ਆਪਣੀ ਬੁਜ਼ਦਿਲੀ ਦੇ ਅਸਰ ਹੇਠ ਆਪਣੀ ਲੁੱਟ-ਖਸੁੱਟ ਕਰਵਾ ਰਹੀ ਹੈ ਅਤੇ ਮਾਲਕ ਹੁੰਦੀ ਹੋਈ ਵੀ ਦਾਸੀ ਬਣੀ ਬੈਠੀ ਹੈ। ਦੱਸੋ ਘਰ ਤੇ ਕੋਠੀਆਂ, ਬੂਟ ਤੇ ਸੂਟ, ਅੰਨ, ਜਲ, ਦੁੱਧ, ਤਰਕਾਰੀਆਂ ਪੈਦਾ ਕਰਕੇ ਅਮੀਰ ਨੂੰ ਦੇਣ ਵਾਲੇ ਤੁਸੀਂ ਹੋ ਜਾਂ ਹੋਰ ਕੋਈ? ਉਹ ਅਪਾਹਜ ਤੇ ਵਿਹਲੜ, ਕੁਝ ਨਹੀਂ ਕਰਦਾ ਤੇ ਨਹੀਂ ਕੁਝ ਕਰ ਸਕਦਾ ਹੈ। ਰਾਜੇ, ਮਹਾਰਾਜੇ, ਜਾਗੀਰਦਾਰ ਤੇ ਮੌਜੂਦਾ ਹਕੂਮਤ ਸਭ ਤੁਹਾਡੇ ਜਾਚਕ ਹਨ ਅਤੇ ਤੁਹਾਡੀ ਕਮਾਈ ਖਾ ਰਹੇ ਹਨ। ‘ਮਾਲਕ’ ਭੁੱਖਾ ਮਰਦਾ ਹੈ ਤੇ ‘ਨੌਕਰ’ ਲੁੱਟਦਾ ਹੈ। ਤੁਸੀਂ ਜਾਂ ਤਾਂ ਖੁਦ ਵਲ ਵੇਖ ਰਹੇ ਹੋ ਕਿ ਤੁਹਾਨੂੰ ਉਹ ਦੇਵੇਗਾ ਜਾਂ ਅਮੀਰ ਜਮਾਤ ਦੇ ਜੂਠੇ ਟੁਕੜਿਆਂ ਵਲ ਜਾਂ ਬਾਜ਼ਾਰ ਵਿਚ ਕੇਲਿਆਂ ਦੀਆਂ ਜੂਠੀਆਂ ਛਿੱਲਾਂ ਵਲ, ਜੋ ਤੁਹਾਡੇ ਬੱਚੇ ਚੁੱਕ-ਚੁੱਕ ਖਾਂਦੇ ਹਨ, ਜਾਂ ਸਿਆਸੀ ਪਾਰਟੀਆਂ ਵਲ, ਜੋ ਤੁਹਾਡੇ ਵੋਟ ਲੁੱਟ ਕੇ ਅਸੈਂਬਲੀਆਂ ਤੇ ਪਾਰਲੀਮੈਂਟ ਦੀਆਂ ਕੁਰਸੀਆਂ ਉਤੇ ਜਾ ਬੈਠਦੇ ਹਨ। ਜਦ ਇਜਲਾਸ ਹੁੰਦੇ ਹਨ ਤੇ ਚਾਰ ਦਿਨ ਫੋਕੀਆਂ ਚੁੰਝਾਂ ਲੜਾ ਕੇ ਤਨਖਾਹੀ ਤੇ ਸਫਰ ਖਰਚ ਲੈ ਕੇ ਕੋਠੀਆਂ ਵਿਚ ਜਾ ਆਰਾਮ ਕਰਦੇ ਹਨ। ਹਾਲਾਂਕਿ ਇਨ੍ਹਾਂ ਦਾ ਫਰਜ਼ ਸੀ ਕਿ ਫਾਲਤੂ ਵਕਤ ਵਿਚ ਆਪਣੇ ਵੋਟਰਾਂ ਪਾਸ ਅਪੜੋ ਤੇ ਉਨ੍ਹਾਂ ਦੇ ਦੁੱਖ-ਸੁੱਖ ਨੂੰ ਦੇਖਣ ਦੀ ਸ਼ਰਮਿੰਦਗੀ ਦੀ ਇਨ੍ਹਾਂ ਨੇ ਕਸਮ ਚੁਕੀ ਹੈ।
ਇਸ ਦੇ ਇਲਾਵਾ ਸਾਡੀ ਹਕੂਮਤ, ਜਿਸ ਬਾਬਤ ਇਕ ਹੀ ਸ਼ਬਦ ਕਾਫੀ ਹੈ, ਉਹ ਇਹ ਕਿ ਇਕ ਨੂੰ ਕੀ ਰੋਨੀਂ ਏ, ਊਤ ਗਿਆ ਆਵਾ। ਨਾ ਕੋਈ ਨਿੰਦਣ ਵਾਲਾ ਤੇ ਨਾ ਕੋਈ ਸਲਾਹੁਣਵਾਲਾ। ਰੋਜ਼ ਨਵੇਂ ਵਜ਼ੀਰ ਬਣਦੇ ਤੇ ਢਹਿੰਦੇ ਹਨ। ਸੌਦੇਬਾਜ਼ੀ ਦੀ ਮੰਡੀ ਗਰਮ ਹੈ। ਐਸੀ ਹਾਲਤ ਵਿਚ ਮੁਲਕ ਕਿਸ ਤਰ੍ਹਾਂ ਤਰੱਕੀ ਕਰ ਸਕਦਾ ਹੈ? ਹਰ ਮਹਿਕਮਾ ਖੁਦਮੁਖਤਾਰ ਹੈ। ਜਰਪ੍ਰਸਤੀ ਦਾ ਰਾਜ ਹੈ। ਮੁੱਠੀ ਗਰਮ ਕਰ ਦਿਓ ਤਾਂ ਸਭ ਕੁਝ ਮਿਲ ਸਕਦਾ ਹੈ, ਸਗੋਂ ਖੂਨ ਵੀ ਕਰ ਦਿਓ ਤਾਂ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ। ਪੰਚਾਇਤਾਂ ਵਿਚ ਗੁੰਡਿਆਂ ਦਾ ਰਾਜ ਹੈ, ਤੇ ਇਨ੍ਹਾਂ ਦੇ ਅਸਰ ਹੇਠ ਪੰਚਾਇਤਾਂ ਦਾ ਕੰਮ ਹੁੰਦਾ ਹੈ। ਭਲਮਾਣਸੀ ਮਜ਼ਾਕ ਬਣੀ ਹੋਈ ਹੈ ਤੇ ਨੇਕੀ ਬੁਜ਼ਦਿਲੀ। ਅਫੀਮ ਤੋਂ ਸ਼ਰਾਬ ਚਿੱਟੇ ਦਿਨ ਖੁੱਲ੍ਹੀ ਵਿਕਦੀ ਹੈ, ਤੇ ਪੁਲਿਸ ਨੂੰ ਸਭ ਪਤਾ ਹੈ ਅਤੇ ਖੁਦ ਪੁਲਿਸ ਵੇਚਣ ਵਾਲਿਆਂ ਕੋਲੋਂ ਆਪਣਾ ਹਿੱਸਾ ਲੈਂਦੀ ਹੈ, ਜੋ ਸਮਗਲਰਾਂ ਦੀਆਂ ਕਾਰਾਂ ਤੇ ਟਰੱਕ ਚਲਦੇ ਹਨ। ਇਨ੍ਹਾਂ ਦੇ ਪਾਸ ਅਹਿਮ ਰੂਟਾਂ ਦੇ ਲਾਇਸੰਸ ਹਨ। ਐਸੀ ਹਾਲਤ ਵਿਚ ਚਾਹੇ ਪ੍ਰਧਾਨ ਮੰਤਰੀ, ਚਾਹੇ ਦੂਸਰੇ ਮੰਤਰੀ ਜਾਂ ਰਾਸ਼ਟਰਪਤੀ ਦੀ ਪੈਦਾਵਾਰ ਵਧਣ ਤੇ ਹੋਰ ਸਨਅਤੀ ਅਦਾਰੇ ਕਾਇਮ ਕਰਨ ਦੀਆਂ ਕਿੰਨੀਆਂ ਵੀ ਅਪੀਲਾਂ ਕਿਉਂ ਨਾ ਕਰਨ, ਕੋਈ ਫਾਇਦਾ ਨਹੀਂ, ਕਿਉਂਕਿ ਹਕੂਮਤ ਦੇ ਇਹ ਸਾਰੇ ਜਿੰਮੇਵਾਰ ਅਸਲ ਵਿਚ ਕਮਜ਼ੋਰ ਹਨ। ਰੇਡੀਓ ਦਾ ਪ੍ਰਾਪੇਗੰਡਾ ਸਿਰਫ ਗੱਪਾਂ ਤੇ ਨੌਜੁਆਨ ਲੜਕੇ-ਲੜਕੀਆਂ ਦੇ ਸਦਾਚਾਰ ਨੂੰ ਵਿਗਾੜਨ ਵਾਲੇ ਗੀਤਾਂ ਨਾਲ ਭਰਿਆ ਪਿਆ ਹੈ। ਕੋਈ ਪੰਜ-ਚਾਰ ਸਾਲਾ ਪਲਟੋ ਦੀ ਅਗਲੀ ਰੂਪ ਰੇਖਾ ਹੁਣ ਤੋਂ ਸਾਹਮਣੇ ਆ ਗਈ ਹੈ। ਮੁਲਕ ਅੱਗੇ ਨਹੀਂ ਬਲਕਿ ਮੌਜੂਦਾ ਪਾਲਿਸੀ ਦੀ ਬਰਕਤ ਨਾਲ ਹੋਰ ਵੀ ਪਿੱਛੇ ਜਾਵੇਗਾ।
ਰਾਜਾਂ ਦੀਆਂ ਅਸੈਂਬਲੀਆਂ ਦੇ ਹੱਥ ਬੰਨ੍ਹ ਦਿਤੇ ਗਏ ਹਨ, ਤੇ ਉਨ੍ਹਾਂ ਦੇ ਸਿਰ ‘ਤੇ ਰਾਜਪਾਲ ਪੂਰੇ ਅਖਤਿਆਰ ਦੇ ਕੇ ਬਿਠਾ ਦਿਤੇ ਗਏ ਹਨ, ਜਿਸ ਦਾ ਮਤਲਬ ਇਹ ਹੈ ਕਿ ਜਮਹੂਰੀਅਤ ਦਾ ਗਲਾ ਘੁੱਟਣਾ ਤੇ ਸ਼ਖਸੀ ਹਕੂਮਤ ਰਾਸ਼ਟਰਪਤੀ ਰਾਜ ਦਾ ਕਾਇਮ ਕਰਨਾ। ਇਨ੍ਹਾਂ ਸਾਰੀਆਂ ਬੁਰਾਈਆਂ ਤੇ ਕਮਜ਼ੋਰੀਆਂ ਦਾ ਆਧਾਰ ਇਕ ਹੀ ਹੈ। ਸਾਮਰਾਜਵਾਦ ਦਾ ਖਾਤਮਾ ਤੇ ਸਮਾਜਵਾਦ ਦੀ ਕਾਇਮੀ, ਪਰ ਇਹ ਜਨਤਾ ਦੀ ਕੁਰਬਾਨੀ ਤੇ ਸੂਝ ਦੀ ਮੰਗ ਕਰਦਾ ਹੈ।
ਸੁਆਲ: ਕੀ ਸਮਾਜਵਾਦੀ ਨਿਜ਼ਾਮ ਵਿਚ ਕੰਮ ਚੋਰੀ ਜੈਸੀਆਂ ਬੁਰਾਈਆਂ ਨਹੀਂ ਹੋਣਗੀਆਂ?
ਜੁਆਬ: ਕਾਫੀ ਸਮੇਂ ਤੱਕ ਇਹ ਕਮਜ਼ੋਰੀਆਂ ਰਹਿਣਗੀਆਂ ਕਿਉਂਕਿ ਮਨੁੱਖ ਜਾਤੀ ਜਿਸ ਸਰਮਾਏਦਾਰੀ ਨਿਜ਼ਾਮ ਵਿਚੋਂ ਨਿਕਲੇਗੀ, ਉਸ ਦਾ ਅਸਰ ਕਈ ਪੀੜ੍ਹੀਆਂ ਤੱਕ ਰਹੇਗਾ ਅਤੇ ਆਖਰ ਸਮਾਂ ਪਾ ਕੇ ਆਦਤਾਂ ਬਦਲ ਜਾਣਗੀਆਂ, ਕਿਉਂਕਿ ਮਨੁੱਖ ਦਾ ਦਿਮਾਗ … …(ਇਥੇ ਕੁਝ ਵੀ ਸਪਸ਼ਟ ਨਹੀਂ) ਦੇ ਹਾਲਤ ਵਿਚ ਬਦਲ ਜਾਂਦਾ ਹੈ। ਮਨੁੱਖੀ ਦਿਮਾਗ ਦੀ ਜੜ ਨਹੀਂ ਚੇਤੰਨ ਹੈ। ਇਸ ਦਾ ਗਿਆਨ ਅੱਗੇ ਨੂੰ ਵਧਦਾ ਹੈ, ਤਾਰੀਖ ਇਸ ਦੀ ਗਵਾਹ ਹੈ।
(ਚਲਦਾ)