ਵੇਖਣ ਤੋਂ ਵਿਆਹ ਤੱਕ

ਪੰਜਾਬ ਦਾ ਜੰਮਿਆ-ਪਲਿਆ ਅਤੇ ਹੁਣ ਲੰਡਨ (ਵਲਾਇਤ) ਵੱਸਦਾ ਅਮੀਨ ਮਲਿਕ ਭਾਵੇਂ ਕਿਤੇ ਵੀ ਹੋਵੇ, ਪੰਜਾਬ ਉਹਦੇ ਅੰਦਰ ਆਬਾਦ ਹੈ ਅਤੇ ਇਹ ਹਰ ਵਕਤ ਮੌਲਦਾ-ਵਿਗਸਦਾ ਰਹਿੰਦਾ ਹੈ। ਉਹ ਆਪਣੀਆਂ ਕਹਾਣੀਆਂ ਦੇ ਹਰ ਕਿਰਦਾਰ ਨੂੰ ਅੰਦਰੋਂ-ਬਾਹਰੋਂ ਇਸ ਤਰ੍ਹਾਂ ਫਰੋਲਦਾ ਹੈ ਕਿ ਪਾਠਕ ਨੂੰ ਇਸ ਕਿਰਦਾਰ ਨਾਲ ਅਪਣੱਤ ਹੋ ਜਾਂਦੀ ਹੈ। ‘ਵੇਖਣ ਤੋਂ ਵਿਆਹ ਤੱਕ’ ਨਾਂ ਦੇ ਇਸ ਲੇਖ ਵਿਚ ਉਸ ਨੇ ਆਪਣੇ ਵਿਆਹ ਦਾ ਕਿੱਸਾ ਬਿਆਨ ਕੀਤਾ ਹੈ।

ਇਹ ਕਿੱਸਾ ਦਿਲਚਸਪ ਤਾਂ ਹੈ ਹੀ, ਇਸ ਅੰਦਰ ਭਰਿਆ ਦਰਦ ਹਰ ਵਾਕ ਵਿਚੋਂ ਝਾਤੀਆਂ ਮਾਰਦਾ ਮਹਿਸੂਸ ਹੁੰਦਾ ਹੈ। -ਸੰਪਾਦਕ

ਅਮੀਨ ਮਲਿਕ

ਸਾਰੀ ਉਮਰ ਆਪਣੀ ਮਾਂ ਦੀ ਗਰੀਬੀ ਦਾ ਸਾਥ ਨਿਭਾਇਆ, ਧੱਕੇ ਖਾਧੇ ਅਤੇ ਭੁੱਖਾਂ ਕੱਟੀਆਂ ਪਰ ਜਿਸ ਬੇੜੀ ਦਾ ਕੋਈ ਵੀ ਆਸਰਾ ਨਾ ਹੋਵੇ, ਉਸ ਨੂੰ ਛੱਲਾਂ ਹੀ ਕੰਢੇ ਲਾ ਦਿੰਦੀਆਂ ਨੇ। ਜਿਸ ਨੂੰ ਰੱਬ ਨੇ ਡੋਬਣਾ ਨਾ ਹੋਵੇ, ਉਸ ਨੂੰ ਸਮੁੰਦਰ ਉਛਾਲ ਕੇ ਬਾਹਰ ਸੁੱਟ ਦਿੰਦਾ ਏ। ਮੈਥੋਂ ਵੱਡੇ ਪੰਜ ਭਰਾ, ਪਿਉ ਦੀ ਛਾਂ-ਛੱਪਰ ਥੱਲੇ ਸਨ ਜਿਹੜੇ ਆਪੋ-ਆਪਣੇ ਟਿਕਾਣੇ ਲੱਗ ਗਏ। ਮੈਂ ਸਭ ਤੋਂ ਨਿੱਕਾ ਪਰ ਦੁੱਖਾਂ ਦੀ ਦੁਕਾਨ ਸਭ ਤੋਂ ਵੱਡੀ ਪਾਈ। ਡਿੱਗਦਾ, ਢਹਿੰਦਾ, ਡੁੱਬਦਾ-ਤਰਦਾ ਰਿਹਾ ਅਤੇ ਰਾਹ ਖਹਿੜਿਆਂ ਵਿਚ ਗਵਾਚਦਾ ਰਿਹਾ। ਰੱਬ ਕੰਨੋਂ ਫੜ ਕੇ ਮੈਨੂੰ ਫਿਰ ਆਪਣੀ ਮਰਜ਼ੀ ਦੀ ਰਾਹ ਪਾ ਦਿੰਦਾ ਰਿਹਾ। ਇੰਜ ਹੀ ਮੈਂ ਵਸਦਾ-ਉਜੜਦਾ ਇਕ ਦਿਨ ਡੰਗਰ ਚਾਰਦਾ-ਚਾਰਦਾ ਧੱਕੋ-ਧੱਕੀ ਦਸ ਜਮਾਤਾਂ ਪੜ੍ਹ ਕੇ ਰੇਲਵੇ ਦੇ ਪੰਜ ਸਾਲ ਇੰਜੀਨੀਅਰਿੰਗ ਕੋਰਸ ਲਈ ਚੁਣਿਆ ਗਿਆ। ਰੱਬ ਦੀ ਮਨਸ਼ਾ ਤੋਂ ਬਾਅਦ ਮਾਂ ਦੀ ਮਰਜ਼ੀ ਨੇ ਅੱਖ ਪੱਟੀ ਤਾਂ ਆਖਣ ਲੱਗੀ, “ਵੇ ਪੁੱਤਰ! ਮੈਂ ਮਰ ਗਈ ਤਾਂ ਭਰਾ-ਭਾਬੀਆਂ ਨੇ ਤੈਨੂੰ ਨਹੀਂ ਪੁਛਣਾ। ਤੇਰਾ ਵਿਆਹ ਕਿਸੇ ਨਹੀਂ ਕਰਨਾ।”
ਮਾਂ ਦੀ ਕਦੇ ਮੋੜੀ ਤਾਂ ਨਹੀਂ ਸੀ ਪਰ ਟਾਲਦਾ ਰਿਹਾ, ਝਾਂਸੇ ਦਿੰਦਾ ਰਿਹਾ ਅਤੇ ਕਦੇ-ਕਦੇ ਨਾਰਾਜ਼ ਵੀ ਕੀਤਾ। ਅੰਮਾ ਨੇ ਆਪਣੀ ਸਾਦਗੀ ਦੇ ਰੰਗ ਵਿਚ ਕਈ ਮੰਗਣੀਆਂ ਵੀ ਕਰ ਸੁੱਟੀਆਂ। ਉਹ ਮੰਗਣੀ ਕਰ ਆਉਂਦੀ, ਮੈਂ ਤੋੜਨ ਦੇ ਆਹਰ ਕਰਦਾ ਰਿਹਾ। ਅੰਮਾ ਵਿਚਾਰੀ ਇਹੀ ਦੇਖਦੀ ਸੀ ਕਿ ਇਹ ਕੁੜੀ ਹੈ ਤੇ ਮੁੰਡੇ ਨਾਲ ਵਿਆਹੀ ਜਾ ਸਕਦੀ ਹੈ। ਜਦੋਂ ਦੋ ਮੰਗਣੀਆਂ ਚਕਨਾਚੂਰ ਹੋ ਕੇ ਚਿੱਪਰਾਂ ਅੰਮਾ ਦੇ ਜਜ਼ਬਾਤੀ ਪੈਰਾਂ ਵਿਚ ਲੱਗੀਆਂ ਤਾਂ ਉਸ ਨੇ ਆਖ ਦਿੱਤਾ, “ਚੰਗਾ ਪੁੱਤਰ, ਹੁਣ ਤੂੰ ਆਪਣੀ ਮਰਜ਼ੀ ਹੀ ਕਰੀਂ।” ਮਰਜ਼ੀ ਤਾਂ ਵੀ ਮੇਰੀ ਕੋਈ ਨਹੀਂ ਸੀ। ਇਸ ਤੋਂ ਪਿੱਛੋਂ ਵੀ ਜੋ ਕੁਝ ਮੇਰੇ ਨਾਲ ਹੋਇਆ, ਉਹ ਕਦੋਂ ਰੱਬ ਨੇ ਮੇਰੇ ਕੋਲੋਂ ਪੁੱਛ ਕੇ ਕੀਤਾ? ਮੰਗਤੇ ਦੀ ਕਿਹੜੀ ਮਰਜ਼ੀ?
ਇਵੇਂ ਤੁਰਦੇ ਫਿਰਦੇ ਕਈ ਥਾਂਈਂ ਹੱਸ ਦੰਦਾਂ ਦੀ ਪ੍ਰੀਤ ਵੀ ਹੋਈ। ਕਈ ਪ੍ਰੀਤਾਂ ਨੇੜਿਉਂ ਹੀ ਮੁੱਕ ਗਈਆਂ, ਜਿਵੇਂ ਟੇਸ਼ਨ ਤੋਂ ਕਿਸੇ ਤੇਜ਼ ਰਫਤਾਰ ਗੱਡੀ ਦੇ ਗੁਜ਼ਰਨ ਨਾਲ ਕੱਖ-ਕੂੜਾ ਥੋੜ੍ਹੀ ਜਿਹੀ ਦੂਰੀ ਤੱਕ ਨਾਲ ਜਾ ਕੇ ਹੰਭ ਜਾਂਦਾ ਹੈ ਤੇ ਗੱਡੀ ਅੱਗੇ ਨਿਕਲ ਜਾਂਦੀ ਏ। ਕਈ ਪ੍ਰੀਤਾਂ ਦੂਰ ਤੱਕ ਵੀ ਗਈਆਂ ਅਤੇ ਹਾਸੇ, ਮੜ੍ਹਾਸੇ ਵੀ ਬਣ ਗਏ। ਉਹ ਜਵਾਨੀ ਹੀ ਕਾਹਦੀ ਜਿਸ ਨੇ ਕੰਧਾਂ ਕੋਠੇ ਨਾ ਟੱਪੇ, ਛਿੱਤਰ ਪੌਲਾ ਨਾ ਖਾਧਾ ਅਤੇ ਤੋਏ ਲਾਅਨਤ ਨਾ ਕਰਾਈ। ਜਿਹੜੀ ਜਵਾਨੀ ਸ਼ਰਾਰਤ ਨਹੀਂ ਕਰਦੀ, ਉਹ ਉਸ ਫੰਡਰ ਘਟਾ ਵਾਂਗ ਹੁੰਦੀ ਹੈ ਜਿਹੜੀ ਵਰ੍ਹੇ ਬਗੈਰ ਗੁਜ਼ਰ ਜਾਏ।
ਸੰਨ 1963 ਦੀ ਗੱਲ ਹੈ ਕਿ ਵੱਡਾ ਭਰਾ ਵਜ਼ੀਰਾਬਾਦ ਰੇਲਵੇ ਸ਼ੈੱਡ ਦਾ ਇੰਚਾਰਜ ਸੀ ਤੇ ਮੈਂ ਸੱਤ ਸੌ ਮੀਲ ਦੂਰ ਕੋਇਟੇ ਅਜੇ ਟਰੇਨਿੰਗ ਦਾ ਆਖਰੀ ਸਾਲ ਪੂਰਾ ਕਰ ਰਿਹਾ ਸੀ। ਈਦ ਦਾ ਦਿਹਾੜਾ ਆ ਗਿਆ ਤੇ ਅੰਮਾ ਨੇ ਸੁਨੇਹਾ ਘੱਲਿਆ ਕਿ ਮੈਂ ਵਜ਼ੀਰਾਬਾਦ ਹਾਂ, ਤੂੰ ਵੀ ਈਦ ਉਪਰ ਵਜ਼ੀਰਾਬਾਦ ਆ ਜਾ! ਪੰਜਵੀ ਥਾਂ ਵੱਡੇ ਭਰਾ ਦੇ ਬਾਲ ਮੇਰੀ ਉਮਰ ਦੇ ਨਾਲ-ਨਾਲ ਹੀ ਸਨ। ਵੱਡੀ ਭਤੀਜੀ ਇੱਫਤ ਨੌਵੀਂ ਵਿਚ ਪੜ੍ਹਦੀ ਸੀ। ਈਦ ਵਾਲੇ ਦਿਹਾੜੇ ਇੱਫਤ ਦੀ ਬਾਂਕੀ ਜਿਹੀ ਸ਼ਰੀਂਹ ਦੇ ਫੁੱਲ ਵਰਗੀ ਜਮਾਤਣ ਸਹੇਲੀ ਸੇਵੀਆਂ ਦੀ ਪਲੇਟ ਨੂੰ ਰੇਸ਼ਮੀ ਰੁਮਾਲ ਨਾਲ ਢਕ ਕੇ ਅੰਦਰ ਵੜੀ। ਉਸ ਨੇ ਬੜੇ ਸੋਹਣੇ ਲੀੜੇ ਪਾਏ ਹੋਏ ਸਨ ਪਰ ਆਪਣੇ ਸੁਹੱਪਣ ਨੂੰ ਟਾਸੇ ਦੀ ਚਾਦਰ ਨਾਲ ਇੰਜ ਕੁੰਜ-ਕੁੰਜ ਕੇ ਢਕਿਆ ਹੋਇਆ ਸੀ ਕਿ ਵਾਰ-ਵਾਰ ਦੇਖਣ ਨੂੰ ਜੀਅ ਕਰਦਾ ਸੀ।
ਸਾਰਿਆਂ ਨੂੰ ਈਦ ਮੁਬਾਰਕ ਆਖ ਕੇ ਉਸ ਨੇ ਮੈਨੂੰ ਵੀ ਨੇੜੇ ਹੋ ਕੇ ਆਖ ਦਿੱਤਾ, “ਚਾਚਾ ਜੀ! ਸਲਾਮ ਅਲੈਕਮ।” ਮੈਂ ਇੰਜ ਕਦੀ ਨਹੀਂ ਸੀ ਕੀਤਾ ਪਰ ਉਸ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਸਲਾਮ ਕੀਤਾ ਕਿ ਉਸ ਨਾਲ ਸਾਰੀ ਉਮਰ ਗੁਜ਼ਾਰਨ ਦਾ ਦਿਲ ਵਿਚ ਅਹਿਦ ਕਰ ਲਿਆ। ਅੰਨ੍ਹੇਵਾਹ ਹੀ ਦਿਲ ਵਿਚ ਆਰਜ਼ੂ ਬੀਜ ਲਈ। ਸਭ ਤੋਂ ਸੋਹਣੀ ਅਤੇ ਸਭ ਤੋਂ ਬੁਰੀ ਗੱਲ ਇਹ ਹੋਈ ਕਿ ਉਹ ਕੁੜੀ ਕਿਸੇ ਵੱਲ ਅੱਖ ਪੁੱਟ ਕੇ ਨਹੀਂ ਸੀ ਦੇਖਦੀ। ਕੋਈ ਨਾ ਦੇਖੇ ਤਾਂ ਉਸ ਨੂੰ ਦੇਖਣ ਤੇ ਬੜਾ ਜੀਅ ਕਰਦਾ ਏ। ਉਹ ਚੁੱਪ-ਚਪੀਤੀ ਮੂੰਹ ਮੀਟੀ ਜਿਹੀ ਆਈ ਤੇ ਕੁਝ ਘੜੀਆਂ ਬਹਿ ਕੇ ਚਲੀ ਗਈ।
ਉਸ ਤੋਂ ਬਾਅਦ ਮੈਂ ਇਕ ਲੱਤ ਉਤੇ ਖਲੋ ਗਿਆ। ਮੈਂ ਭਾਵੇਂ ਸ਼ਰਾਫਤ ਨਾਲ ਕਈ ਪੱਤਣ ਤਰ ਚੁਕਿਆ ਸਾਂ ਪਰ ਨਾ ਕਿਸੇ ਮਾਸੂਮ ਨੂੰ ਡੋਬਿਆ ਅਤੇ ਨਾ ਕਿਸੇ ਪੱਤਣ ਉਤੇ ਬੇੜੀਆਂ ਰੋੜ੍ਹ ਕੇ ਬੈਠਾ। ਪਤਾ ਨਹੀਂ ਦਿਲ ਨੇ ਕੁਝ ਆਖਿਆ ਕਿ ਰੱਬੋਂ ਹੁਕਮ ਹੋਇਆ, ਦੋ ਘੜੀਆਂ ਵਿਚ ਹੀ ਫੈਸਲਾ ਕਰ ਲਿਆ ਕਿ ਜੇ ਵਿਆਹ ਜ਼ਰੂਰੀ ਹੀ ਹੈ ਤਾਂ ਇਸ ਕੁੜੀ ਨਾਲ ਹੋਣਾ ਚਾਹੀਦਾ ਏ। ਗੱਲ ਅਕਲ ਦੀ ਨਹੀਂ ਸੀ ਪਰ ਪਿਆਰ ਦਾ ਤੇ ਅਕਲ ਦਾ ਇੱਟ ਕੁੱਤੇ ਦਾ ਵੈਰ ਹੈ। ਕੁਝ ਮੇਰੇ ਉਸ ਮਾਹੌਲ ਦਾ ਕਸੂਰ ਸੀ ਜਿਸ ਵਿਚ ਖੱਜਲ ਖਰਾਬੇ ਨੇ ਮੈਨੂੰ ਜੰਗੀ ਕਬੂਤਰ ਜਾਂ ਬਾਹਰਲਾ ਬਿੱਲਾ ਬਣਾ ਛੱਡਿਆ ਸੀ।
ਆਪਣੀ ਭਤੀਜੀ ਇੱਫਤ ਨਾਲ ਗੱਲ ਕੀਤੀ ਤਾਂ ਉਸ ਨੇ ਕੀਤੀ ਕਤਰੀ ਖੂਹ ਵਿਚ ਪਾ ਦਿੱਤੀ। ਆਖਣ ਲੱਗੀ, “ਚਾਚਾ ਜੀ! ਇਸ ਕੁੜੀ ਬਾਰੇ ਸੋਚਿਉ ਵੀ ਨਾ, ਇਹ ਬੜੀ ਸ਼ਰੀਫ ਅਤੇ ਆਣ ਅਣਖ ਵਾਲੀ ਖੁਦਦਾਰ ਹੈ। ਕਿਧਰੇ ਮੇਰੀ ਬੇਇੱਜਤੀ ਨਾ ਕਰਵਾ ਦਿਉ।”
ਇੱਫਤ ਨੂੰ ਕੀ ਪਤਾ ਸੀ ਕਿ ਉਸ ਦੀ ਸ਼ਰਾਫਤ ਖੁਦਦਾਰੀ ਅਤੇ ਟਾਸੇ ਦੀ ਚਾਦਰ ਨਾਲ ਮਾਰੀ ਹੋਈ ਬੁੱਕਲ ਨਾਲ ਅੱਖ ਪੁੱਟ ਕੇ ਨਾ ਦੇਖਣਾ ਹੀ ਤਾਂ ਮੇਰੇ ਲਈ ਮੁਸੀਬਤ ਬਣਿਆ ਸੀ। ਮੈਂ ਤਾਂ ਸ਼ਾਦੀ ਦਾ ਤਰਲਾ ਮਾਰਿਆ ਸੀ। ਇਸ ਨਾਲ ਸ਼ਰਾਫਤ ਦੀ ਨੁੱਕਰ ਤਾਂ ਨਹੀਂ ਭੁਰਦੀ। ਮੈਂ ਸੋਚਾਂ ਵਿਚ ਪੈ ਗਿਆ ਕਿ ਇਸ ਪੱਤਣ ਉਤੇ ਬੇੜੀ ਡੋਬਣ ਨੂੰ ਜੀਅ ਕੀਤਾ ਤਾਂ ਅੱਗਿਓਂ ਬੇੜਾ ਹੀ ਗਰਕ ਗਿਆ। ਜਿਹੜੀ ਗਲੀ ਵਿਚੋਂ ਲੰਘਣ ਦੀ ਮਨਾਹੀ ਹੋਈ, ਮੈਂ ਉਸੇ ਹੀ ਗਲੀ ਨੂੰ ਸੋਚਾਂ ਵਿਚ ਵਸਾ ਲਿਆ। ਸ਼ਾਦੀ ਲਈ ਸ਼ਰੀਫ ਲੜਕੀ ਹੀ ਤਾਂ ਚਾਹੀਦੀ ਸੀ ਪਰ ਇੱਫਤ ਨੇ ਆਖਿਆ, “ਇਹ ਬੜੀ ਸ਼ਰੀਫ ਏ, ਇਸ ਬਾਰੇ ਨਾ ਸੋਚੀਂ।” ਇਸ ਗੱਲ ਨੇ ਕੁੜੀ ਦਾ ਭਾਅ ਤਾਂ ਵਧਾ ਹੀ ਦਿੱਤਾ ਸੀ ਪਰ ਮੈਂ ਭੋਹ ਦੇ ਭਾਅ ਵਿਕ ਗਿਆ।
ਉਂਜ, ਇਸ ਜੰਦਰੇ ਲਈ ਇੱਫਤ ਹੀ ਮੈਨੂੰ ਚਾਬੀ ਨਜ਼ਰ ਆਈ ਸੀ। ਉਸ ਨੂੰ ਫਿਰ ਪੁੱਛ ਕੇ ਦੇਖਿਆ ਤਾਂ ਉਸ ਨੇ ਉਮੀਦਾਂ ਨੂੰ ਹੀ ਸਾੜ ਫੂਕ ਛੱਡਿਆ। ਆਖਣ ਲੱਗੀ, “ਮੇਰੀ ਇਸ ਸਹੇਲੀ ਨੇ ਆਪਣੀ ਇਕ ਕਾਪੀ ਉਪਰ ਲਿਖਿਆ ਹੋਇਆ ਹੈ ਕਿ ‘ਵਿਆਹ ਤੋਂ ਪਹਿਲਾਂ ਕਿਸੇ ਨਾਲ ਜ਼ਹਿਨੀ ਸਬੰਧ ਬੇਹਯਾਈ ਹੈ ਅਤੇ ਵਿਆਹ ਤੋਂ ਬਾਅਦ ਕਬਰ ਤੋਂ ਪਹਿਲਾਂ ਸਬੰਧ ਟੁੱਟਣਾ ਬੇਵਫਾਈ ਹੈ’।” ਇਸ ਗੱਲ ਨੇ ਉਸ ਕੁੜੀ ਨੂੰ ਇੰਨਾ ਖੂਬਸੂਰਤ ਬਣਾ ਰੱਖਣਾ, ਕਿਸੇ ਧੀ ਭੈਣ ਦੀ ਬੜੀ ਉਤਮ ਖੂਬੀ ਹੈ ਪਰ ਮੈਨੂੰ ਇਸੇ ਹੀ ਖੂਬੀ ਨਾਲ ਚਿੜ ਹੋ ਗਈ। ਮੈਂ ਹੋਰ ਵੀ ਪੱਕਾ ਹੋ ਗਿਆ ਕਿ ਸ਼ਰੀਫ ਕੁੜੀ ਨਾਲ ਵਿਆਹ ਕਰਾਉਣਾ ਮੇਰਾ ਹੱਕ ਕਿਉਂ ਨਹੀਂ ਬਣਦਾ? ਲਿਹਾਜ਼ਾ ਇੰਜ ਦੀ ਰਾਣੀ ਮਲਿਕ ਅਤੇ 1963 ਵਿਚ ਨਸੀਮ ਅਖਤਰ ਰਾਣਾ ਦੀ ਬੇਰੁਖੀ ਜਾਂ ਬਹੁਤੀ ਸ਼ਰਾਫਤ ਨੇ ਮੇਰੀ ਸ਼ਰਾਫਤ ਨੂੰ ਜੱਗਾ ਜੱਬਰੂ ਅਤੇ ਦੁੱਲਾ ਬਣਾ ਦਿੱਤਾ। ਇਸ ਨੇ ਪਾਸਾ ਵੱਟਿਆ ਤਾਂ ਮੈਂ ਪੇਸ਼ ਪੈ ਗਿਆ। ਇਸ ਨੇ ਲਾਜ ਦੀ ਰਾਖੀ ਕੀਤੀ ਤੇ ਮੈਂ ਜਾਨ ਤਲੀ ਉਤੇ ਰੱਖ ਲਈ। ਇਹ ਸ਼ਰਾਫਤ ਦੀਆਂ ਬਰੂਹਾਂ ਨਾ ਟੱਪ ਸਕੀ ਤੇ ਮੈਂ ਸ਼ੱਕ ਨੂੰ ਲਗਾਮ ਨਾ ਪਾ ਸਕਿਆ। ਮੈਨੂੰ ਇਹ ਵੀ ਪਤਾ ਸੀ ਕਿ ਮੇਰੀ ਇਸ ਜਾਇਜ਼ ਖਾਹਿਸ਼ ਦੀ ਡੋਲਦੀ ਬੇੜੀ ਨੂੰ ਆਸਰਾ ਦੇਣ ਵਾਲਾ ਵੀ ਕੋਈ ਨਹੀਂ। ਇਕ ਮਾਂ ਹੀ ਮਾਂ ਸੀ ਜਿਹੜੀ ਵਡੇਰੀ ਉਮਰ ਹੋਣ ਕਰਕੇ ਪੇਂਡੂ ਸਭਿਆਚਾਰ ਤੋਂ ਵੱਧ ਕੁਝ ਵੀ ਨਹੀਂ ਸੀ ਜਾਣਦੀ।
ਅਖੀਰ ਮੈਂ ਆਪਣੇ ਆਪ ਹੀ ਨਸੀਮ ਅਖਤਰ ਦਾ ਗਲੀ ਮੁਹੱਲਾ ਅਤੇ ਖਾਨਦਾਨੀ ਜੁਗਰਾਫੀਆ ਜਾਣਨ ਲਈ ਨਿਕਲ ਪਿਆ।
ਵਜ਼ੀਰਾਬਾਦ ਨਿੱਕਾ ਜਿਹਾ ਸ਼ਹਿਰ ਹੈ ਤੇ ਮੈਨੂੰ ਗਲੀਆਂ ਕੱਛਣ ਦਾ ਸ਼ੌਕ ਵੀ ਸੀ। ਦਸ ਦਿਹਾੜੇ ਵਜ਼ੀਰਾਬਾਦ ਰਹਿ ਕੇ ਸਾਰਾ ਆਲਾ ਦੁਆਲਾ ਟੋਹ ਲਿਆ। ਕੁੜੀ ਦੇ ਛੇ ਭਰਾ ਤੇ ਕੱਲੀ-ਕੱਲੀ ਭੈਣ। ਇਹ ਗੱਲ ਵੀ ਮੇਰੇ ਹੱਕ ਵਿਚ ਨਹੀਂ ਸੀ ਜਾਂਦੀ। ਛੇ ਭੈਣਾਂ ਤੇ ਇਕ ਭਰਾ ਹੁੰਦਾ ਤਾਂ ਮੈਨੂੰ ਫਾਇਦਾ ਸੀ। ਉਤੋਂ ਇਕ ਹੋਰ ਗੱਲ ਮੇਰੇ ਵਿਰੁਧ ਸੀ ਕਿ ਪਿਉ ਨੂੰ ਲੰਡਨ ਵਿਚੋਂ ਵਾਊਚਰ ਵੀ ਆਇਆ ਹੋਇਆ ਸੀ। ਕੱਲੀ-ਕੱਲੀ ਧੀ ਤੇ ਛੇ ਭਰਾ ਅਤੇ ਪਿਉ ਲੰਡਨ ਜਾਣ ਵਾਲਾ ਹੋਵੇ ਤਾਂ ਮੇਰੀ ਉਥੇ ਕੀ ਵੱਟਕ? ਉਨ੍ਹਾਂ ਦੇ ਇਹ ਸਾਰੇ ਫਾਇਦੇ ਮੇਰੇ ਲਈ ਵੱਡਾ ਨੁਕਸਾਨ ਸਨ। ਮੈਂ ਆਪਣੀ ਆਰਜ਼ੂ ਨੂੰ ਸ਼ਰਾਫਤ ਦੀ ਬੁੱਕਲ ਵਿਚ ਵਲ੍ਹੇਟ ਕੇ ਵਾਪਸ ਕੋਇਟੇ ਚਲਾ ਗਿਆ।
ਢਾਈ ਮਹੀਨੇ ਬਾਅਦ ਵੱਡੀ ਈਦ ਆ ਗਈ। ਵਜ਼ੀਰਾਬਾਦ ਅੱਪੜ ਕੇ ਸਭ ਤੋਂ ਪਹਿਲਾਂ ਜੋਗੀਆਂ ਵਾਲੇ ਮੁਹੱਲੇ ਦੀ ਗਲੀ ਦਾ ਪਤਾ ਕੀਤਾ। ਪਿਉ ਮੁਹੰਮਦ ਸ਼ਰੀਫ ਰਾਣਾ ਲੰਡਨ ਜਾ ਚੁੱਕਿਆ ਸੀ। ਸਭ ਤੋਂ ਵੱਡਾ ਭਰਾ ਸ਼ਕੀਲ ਸਰਕਾਰੀ ਸਕਾਲਰਸ਼ਿਪ ਉਤੇ ਫਰਾਂਸ ਅਤੇ ਪਿਉ ਨੇ ਚਾਰ ਹੋਰ ਪੁੱਤਰ ਵੀ ਲੰਡਨ ਮੰਗਵਾ ਲਏ ਸਨ। ਹੁਣ ਇਸ ਗਲੀ ਵਿਚ ਨਸੀਮ ਤੋਂ ਇਲਾਵਾ ਮਾਂ, ਇਕ ਭਾਬੀ ਅਤੇ ਇਕ ਵੱਡਾ ਭਰਾ ਇਕਬਾਲ ਹੀ ਸਨ। ਇਕਬਾਲ ਦੀ ਉਮਰ 18 ਤੋਂ ਉਤੇ ਹੋ ਗਈ ਸੀ ਜਿਸ ਨੂੰ ਪਿਉ ਲੰਡਨ ਨਹੀਂ ਸੱਦ ਸਕਦਾ ਸੀ। ਮੇਰੀ ਵੰਡੀਆਂ ਪਾਉਣ ਵਾਲੇ ਇਸ ਇਕਬਾਲ ਨੂੰ ਜੇ ਕੈਦੋਂ ਲੰਗੜਾ ਆਖ ਲਈਏ ਤਾਂ ਕੋਈ ਗੁਨਾਹ ਨਹੀਂ, ਕਿਉਂ ਜੋ ਸੰਨ 1963 ਤੋਂ 1976 ਤੱਕ ਦੇ ਮੇਰੇ 13 ਵਰ੍ਹੇ ਇਸੇ ਨੇ ਹੀ ਕਤਲ ਕੀਤੇ। ਇਹ ਲੰਮੀ ਕਹਾਣੀ ਹੈ, ਵਰਕਿਆਂ ਦੇ ਵੱਸ ਵਿਚ ਨਹੀਂ ਕਿ ਮੁੱਕ ਸਕੇ।
ਇਕ ਦਿਨ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਕੇ ਆਖਿਆ, “ਅੰਮਾ, ਉਹ ਤੇਰੀ ਨੂੰਹ ਬਣੇ ਨਾ ਬਣੇ ਪਰ ਮੈਂ ਕੁੜੀ ਲੱਭ ਲਈ ਏ।” ਅੰਮਾ ਬੜੀ ਰਾਜ਼ੀ ਹੋਈ। ਉਸ ਨੂੰ ਪਤਾ ਸੀ ਕਿ ਮੇਰੇ ਪੁੱਤਰ ਦਾ ਦੁਨੀਆ ਵਿਚ ਕੋਈ ਜੋੜ ਹੀ ਨਹੀਂ। ਮਾਂ ਨੇ ਝਲੂੰਗੀ ਬੰਨ੍ਹ ਲਈ ਤੇ ਰਿਸ਼ਤਾ ਮੰਗਣ ਤੁਰ ਪਈ। ਮਾਂ ਦਾ ਸੁਭਾਅ ਇੰਜ ਦਾ ਹੀ ਸੀ ਕਿ ਦੋ ਚਾਰ ਮਾਲਟੇ, ਦੋ ਛੱਲੀਆਂ ਤੇ ਅਮਰੂਦਾਂ ਦਾ ਮੱਕੂ ਫੜਿਆ ਤੇ ਨਸੀਮ ਅਖਤਰ ਦੇ ਘਰ। ਰਿਸ਼ਤਾ ਤਾਂ ਨਾ ਮਿਲਿਆ ਪਰ ਕੈਦੋਂ ਨੇ ਸੌ-ਸੌ ਗੱਲ ਕੀਤੀ ਤਾਂ ਅੰਮਾ ਵਿਚਾਰੀ ਪਰਤ ਆਈ। ਮਜਬੂਰ ਸੀ ਪੁੱਤਰ ਦੇ ਪਿਆਰ ਹੱਥੋਂ। ਅੰਮਾ ਫਿਰ ਗਈ ਪਰ ਇਕਬਾਲ ਕੈਦੋਂ ਨੇ ਬਦਤਮੀਜ਼ੀ ਕੀਤੀ। ਕੁਝ ਮਹੀਨੇ ਟੱਪ ਗਏ ਤੇ ਫਕੀਰ ਤਬੀਅਤ ਮੇਰੀ ਮਾਂ ਫਿਰ ਤਰਲੇ ਮਾਰਨ ਚਲੀ ਗਈ। ਅੰਮਾ ਨੇ ਦੱਸਿਆ, “ਵੇ ਪੁੱਤਰ! ਉਸ ਇਕਬਾਲ ਨੇ ਮੈਨੂੰ ਆਪਣੇ ਘਰ ਨਮਾਜ਼ ਵੀ ਨਹੀਂ ਪੜ੍ਹਨ ਦਿੱਤੀ ਤੇ ਨਾਲੇ ਮੇਰਾ ਨਿੱਕ-ਸੁੱਕ ਚੁੱਕ ਕੇ ਗਲੀ ਵਿਚ ਸੁੱਟ ਦਿੱਤਾ।” ਇਹ ਸੁਣ ਕੇ ਅੰਮਾ ਉਤੇ ਤਰਸ ਆਇਆ ਤੇ ਆਪਣੀ ਆਰਜ਼ੂ ਉਤੇ ਗੁੱਸਾ।
ਕਦੀ-ਕਦੀ ਸੋਚਦਾ ਸਾਂ ਕਿ ਨਸੀਮ ਅਖਤਰ ਮੇਰੀ ਖਾਹਿਸ਼ ਦਾ ਹਸ਼ਰ ਅਤੇ ਮੇਰੀ ਅੰਮਾ ਦੀ ਹੱਤਕ ਦੇਖਦੀ ਤਾਂ ਹੋਵੇਗੀ। ਉਸ ਨੂੰ ਕੋਈ ਖਿਆਲ ਆਉਂਦਾ ਤਾਂ ਹੋਵੇਗਾ। ਮੇਰੀ ਭਤੀਜੀ ਨੂੰ ਮਾਜਰੇ ਦਾ ਪਤਾ ਸੀ। ਉਸ ਨੇ ਮੈਨੂੰ ਇੰਨਾ ਹੀ ਦੱਸਿਆ ਕਿ ਨਸੀਮ ਆਖਦੀ ਸੀ: “ਮੇਰਾ ਭਰਾ ਇਕਬਾਲ ਬਦਤਮੀਜ਼ ਹੈ। ਉਸ ਨੂੰ ਅੰਮਾ ਜੀ ਨਾਲ ਇੰਜ ਨਹੀਂ ਸੀ ਕਰਨਾ ਚਾਹੀਦਾ।” ਆਖਰ ਮੈਨੂੰ ਅੰਮਾ ਨੇ ਪੁੱਛਿਆ, “ਵੇ ਪੁੱਤਰ! ਉਹ ਤਾਂ ਮੰਨਦੇ ਨਹੀਂ, ਹੁਣ ਕਿੱਥੇ ਵਿਆਹ ਕਰਨਾ ਈ?” ਮੈਂ ਆਖਿਆ, “ਅੰਮਾ ਹੁਣ ਵੀ ਉਥੇ ਹੀ ਕਰਨੈ।” ਮੈਂ ਉਥੇ ਦਾ ਉਥੇ ਹੀ ਰਿਹਾ ਤੇ ਵੇਲਾ ਬੜਾ ਹੀ ਦੂਰ ਚਲਾ ਗਿਆ। ਕਈ ਯਤਨ ਕੀਤੇ, ਮੱਝੀਆਂ ਚਾਰੀਆਂ, ਬੇਲੇ ਗਾਹੇ ਤੇ ਕੰਨ ਪੜਵਾਏ ਪਰ ਖੈਰ ਨਾ ਪਈ।
ਫਿਰ ਇਕ ਦਿਨ ਠੂਠਾ ਹੀ ਟੁੱਟ ਗਿਆ। ਸੰਨ 1970 ਦੀ ਇਕ ਤਪਦੀ ਦੁਪਹਿਰ ਨੂੰ ਲਾਹੌਰ ਏਅਰ ਪੋਰਟ ਤੋਂ ਇਕ ਜਹਾਜ ਉਡਿਆ ਤੇ ਉਹ ਨਸੀਮ ਅਖਤਰ ਨੂੰ ਲੰਡਨ ਲੈ ਗਿਆ। ਮੈਂ ਕੈਦੋਂ ਤੋਂ ਡਰ ਕੇ ਬੜੀ ਦੂਰ ਖਲੋਤਾ ਜਹਾਜ ਦਾ ਧੂੰਆਂ ਹੀ ਦੇਖ ਸਕਿਆ; ਅਖੇ, “ਲੈ ਗੱਡੀ ਯਾਰਾ ਚੱਲ ਗਈ, ਮੈਨੂੰ ਦਿਸਦਾ ਏ ਧੂੰ-ਧੂੰ। ਮੇਰੇ ਦਿਲ ਦਾ ਕੋਠਾ ਸੜ ਗਿਆ, ਤਖਤ ਸਣੇ ਬਰੂੰਹ।” ਕਿਸੇ ਖਲੂਸ ਭਰੇ ਦਿਲ ਦਾ ਸ਼ੀਸ਼ਾ ਟੁੱਟ ਜਾਏ ਤਾਂ ਚਿੱਪਰਾਂ ਤਲਵਾਰ ਬਣ ਜਾਂਦੀਆਂ ਨੇ।
ਮੈਂ ਉਸੇ ਤਲਵਾਰ ਨੂੰ ਕਲਮ ਬਣਾ ਦੇ ਦਰਦ ਹੀ ਦਵਾਤ ਵਿਚ ਡੋਬ ਦਿੱਤਾ ਤੇ ਨਸੀਮ ਅਖਤਰ ਦੇ ਵੱਡੇ ਭਰਾ ਸ਼ਕੀਲ ਨੂੰ ਲੰਡਨ ਖਤ ਲਿਖਿਆ। ਉਧਰੋਂ ਜਵਾਬ ਨਾ ਆਇਆ ਪਰ ਮੈਂ ਸਵਾਲ ਕਰਨਾ ਨਾ ਛੱਡਿਆ। ਉਨ੍ਹਾਂ ਦਰ ਬੰਦ ਕੀਤੀ ਰੱਖਿਆ ਤੇ ਮੈਂ ਅਲਖ ਜਗਾਣੀ ਨਾ ਛੱਡੀ। ਇਥੇ ਦਸਦਾ ਜਾਵਾਂ ਕਿ ਉਸ ਵੇਲੇ ਦੀ ਨਸੀਮ ਅਖਤਰ ਤੇ ਅੱਜ ਦੀ ਰਾਣੀ ਨੇ ਮੈਨੂੰ ਉਰਦੂ ਦਾ ਲੇਖਕ ਉਸ ਵੇਲੇ ਹੀ ਬਣਾ ਦਿੱਤਾ ਸੀ। ਜਜ਼ਬਾਤ ਦੇ ਲਹੂ ਵਿਚ ਡੋਬ ਕੇ ਇੰਨੇ ਕੁ ਖਤ ਲਿਖੇ ਕਿ ਪੱਥਰ ਵੀ ਬੋਲ ਪਏ।
ਉਸ ਦੇ ਵੱਡੇ ਭਰਾ ਨੇ ਆਖਰ ਜਵਾਬ ਦਿੱਤਾ, “ਅਮੀਨ ਸਾਹਿਬ! ਹਮ ਆਪ ਕੇ ਖਾਨਦਾਨ ਔਰ ਆਪ ਕੋ ਪੂਰੀ ਤਰਹ ਨਹੀਂ ਜਾਨਤੇ। ਹਮ ਸ਼ਰੀਫ ਸੇ ਲੋਗ ਹੈਂ ਔਰ ਨਸੀਮ ਕਾ ਰਿਸ਼ਤਾ ਹਮ ਆਂਖੇਂ ਬੰਦ ਕਰਕੇ ਨਹੀਂ ਕਰ ਸਕਤੇ। ਹਮ ਸਿਰਫ ਇੱਫਤ ਕੋ ਜਾਨਤੇ ਹੈਂ ਔਰ ਬਸ।” ਇਹ ਖਤ ਮੇਰੀ ਕਸ਼ਕੋਲ ਵਿਚ ਖੈਰ ਤਾਂ ਨਹੀਂ ਸੀ ਪਰ ਮੇਰੀ ਸਦਾ ਉਤੇ ਕਿਸੇ ਨੇ ਬੂਹਾ ਖੋਲ੍ਹ ਕੇ ਦੇਖਿਆ ਤਾਂ ਸਹੀ। ਮੇਰੇ ਵਲੋਂ ਖਤ ਜਾਂਦੇ ਰਹੇ ਕਿ ਸੰਨ 1971 ਆ ਗਿਆ। ਮੈਂ ਕੁੰਦੀਆਂ ਜ਼ਿਲ੍ਹਾ ਮੀਆਂਵਾਲੀ ਦੀ ਰੇਲਵੇ ਸ਼ੈੱਡ ਦਾ ਇੰਚਾਰਜ ਸੀ। ਅੰਗਰੇਜ਼ਾਂ ਵੇਲੇ ਦੀ ਅੱਠ ਕਨਾਲ ਦੀ ਸਰਕਾਰੀ ਕੋਠੀ ਵਿਚ ਇਕ ਨੌਕਰ ਨਾਲ ਇਕੱਲਾ ਹੀ ਜੁਦਾਈਆਂ ਦੀ ਅੱਗ ਸੇਕਦਾ ਸਾਂ। ਉਸ ਵੇਲੇ ਤਾਂ ਹਿਸਾਬ ਕੀਤਾ ਸੀ ਪਰ ਅੱਜ ਕੱਲ੍ਹ ਲੰਡਨ ਬੈਠੇ ਨੂੰ ਯਾਦ ਨਹੀਂ ਕਿ ਕਿੰਨੇ ਹਜ਼ਾਰ ਰੁਪਏ ਦੇ ਖਤ ਲਿਖ ਚੁਕਿਆ ਸਾਂ। ਸਿਰਫ ਇੰਨਾ ਕੁ ਹੀ ਆਖਾਂਗਾ ਕਿ ਨੀਅਤਾਂ ਸੱਚੀਆਂ ਹੋਣ ਤਾਂ ਲਿਖਤਾਂ ਆਪ ਹੀ ਹੱਥ ਜੋੜ ਕੇ ਮਿੰਨਤਾਂ ਕਰ ਲੈਂਦੀਆਂ ਹਨ ਮਾਲਕਾਂ ਦੀਆਂ… ਆਖਰ ਇਕ ਦਿਨ ਲੰਡਨ ਤੋਂ ਚਿੱਠੀ ਆਈ, “ਅਮੀਨ ਸਾਹਿਬ! ਅਸਾਂ ਫੈਸਲਾ ਕਰ ਲਿਆ ਹੈ ਕਿ ਇਹ ਸ਼ਾਦੀ ਕਰ ਹੀ ਦੇਣੀ ਚਾਹੀਦੀ ਏ। ਅਸੀਂ ਫਲਾਣੇ ਦਿਨ ਨਸੀਮ ਨੂੰ ਲੈ ਕੇ ਕਰਾਚੀ ਏਅਰਪੋਰਟ ਉਤੇ ਉਤਰਾਂਗੇ ਤੇ ਤੁਸੀਂ ਵੀ ਉਥੇ ਅੱਪੜ ਜਾਉ। ਇਹ ਸ਼ਾਦੀ ਕਰਾਚੀ ਹੀ ਕੀਤੀ ਜਾਵੇਗੀ।”
ਸੱਤ ਵਰ੍ਹੇ ਕਲਮ ਦੀ ਨੋਕ ਨਾਲ ਪੱਥਰ ਨੂੰ ਕੱਟਦਾ ਰਿਹਾ ਤੇ ਫਿਰ ਜਾ ਕੇ ਕਿਧਰੇ ਮੁਰਾਦਾਂ ਦੇ ਬੂਟੇ ਨੂੰ ਬੂਰ ਦੇਖਿਆ। ਸਾਢੇ ਅੱਠ ਸੌ ਮੀਲ ਦਾ ਪੈਂਡਾ ਕਰ ਕੇ ਕੁੰਦੀਆਂ ਤੋਂ ਕਰਾਚੀ ਅੱਪੜ ਗਿਆ। ਜ਼ਿੰਦਗੀ ਮੌਤ ਦੀ ਘੜੀ ਨੇੜੇ-ਨੇੜੇ ਆਉਂਦੀ ਗਈ ਤਾਂ ਰਾਤ ਦੇ ਤਿੰਨ ਵਜੇ ਰੂਸੀ ਏਅਰ ਲਾਈਨ ਐਰੋ ਫਲੋਟ ਕਰਾਚੀ ਏਅਰ ਪੋਰਟ ਉਤੇ ਉਤਰੀ। ਲੋਹੇ ਦੀਆਂ ਸੀਖਾਂ ਫੜ ਕੇ ਅੰਦਰ ਝਾਕ ਰਿਹਾ ਸਾਂ ਕਿ ਐਵੇਂ ਸੱਜੇ ਪਾਸੇ ਦੇਖ ਬੈਠਾ। ਨਾਲ ਕੈਦੋਂ ਲੰਗੜਾ ਇਕਬਾਲ ਵੀ ਖਲੋਤਾ ਸੀ। ਉਨ੍ਹਾਂ ਨੂੰ ਹੀ ਉਡੀਕ ਰਿਹਾ ਸੀ। ਮੈਂ ਡਰਦੇ ਨੇ ਸਲਾਮ ਕਰ ਦਿੱਤੀ ਪਰ ਉਸ ਨੇ ਮੱਥੇ ਉਪਰ ਸੱਤ ਠੀਕਰੀਆਂ ਭੰਨ ਕੇ ਸਵਾਲ ਕਰ ਦਿੱਤਾ, “ਅਮੀਨ ਸਾਹਿਬ! ਤੁਸੀਂ ਕਿਧਰ ਆਏ ਹੋ? ਕਿਸੇ ਨੂੰ ਮਿਲਣਾ ਜੇ?” ਉਸ ਨੇ ਮੂੰਹ ਵਿਗਾੜ ਕੇ ਮੈਨੂੰ ਪੁੱਛਿਆ।
ਮੈਂ ਥੋੜ੍ਹਾ ਜਿਹਾ ਵਿਗੜ ਕੇ ਆਖਿਆ, “ਇਕਬਾਲ ਸਾਹਿਬ! ਮੈਂ ਬਿਨ ਬੁਲਾਇਆ ਨਹੀਂ ਆਇਆ।” ਫਿਰ ਦੋਵੇਂ ਪਾਸੀਂ ਚੁੱਪ ਹੋ ਗਈ। ਮੈਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੂੰ ਸ਼ਾਦੀ ਬਾਰੇ ਕਿਸੇ ਨੇ ਕੁਝ ਨਹੀਂ ਦੱਸਿਆ। ਨਸੀਮ ਅਖਤਰ ਰਾਤ ਦੇ ਚਾਰ ਵਜੇ ਲੰਮੇ ਫਰ ਕੋਟ ਵਿਚ ਆਪਣੀ ਮਾਂ ਅਤੇ ਪਿਉ ਨਾਲ ਸਾਹਮਣੇ ਆ ਗਈ। ਇਸ ਘੜੀ ਦੇ ਜਜ਼ਬਾਤ, ਖਿਆਲਾਤ, ਅਹਿਸਾਸ ਜਾਂ ਦਿਲੀ ਹਾਲਤ ਖੋਲ੍ਹ ਕੇ ਦੱਸਣ ਲੱਗ ਪਿਆ ਤਾਂ ਖਲਾਰ ਪੈ ਜਾਏਗਾ। ਉਸ ਦੇ ਮਾਂ ਪਿਉ ਨੇ ਮੇਰੇ ਸਿਰ ਉਤੇ ਪਿਆਰ ਦਿੱਤਾ ਤੇ ਮੈਂ ਚੋਰੀ-ਚੋਰੀ ਪਿਆਰ ਨਾਲ ਨਸੀਮ ਨੂੰ ਦੇਖਿਆ। ਕੈਦੋਂ ਲੰਗੜਾ ਬਿਨਾ ਝਿਜਕ ਉਨ੍ਹਾਂ ਨੂੰ ਆਪਣਿਆਂ ਵਾਂਗ ਮਿਲਿਆ ਤੇ ਮੈਂ ਆਪਣਾ ਹੋ ਕੇ ਵੀ ਦੂਰ-ਦੂਰ ਰਿਹਾ। ਇਹ ਸਾਰੇ ਮੈਨੂੰ ਵੀ ਆਪਣੇ ਨਾਲ ਲੈ ਕੇ ਡਰੱਗ ਰੋਡ ਨਸੀਮ ਦੇ ਮਾਮੇ ਦੇ ਘਰ ਚਲੇ ਗਏ। ਮੇਰੀ ਮੰਜੀ ਹਟਵੇਂ ਜਿਹੇ ਕਮਰੇ ਵਿਚ ਵਿਛਾ ਦਿੱਤੀ ਤੇ ਆਪ ਇਹ ਸਾਰੇ ਜਾਗਦੇ ਗੱਲਾਂ ਕਰਦੇ ਰਹੇ।
ਮੈਂ ਸਵੇਰੇ ਦਸ ਵਜੇ ਉਠਿਆ ਤਾਂ ਨਾਲ ਦੇ ਕਮਰੇ ਵਿਚ ਉਚੀ-ਉਚੀ ਉਖੜੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ। ਇਕ ਬਾਲੜੀ ਮੈਨੂੰ ਨਾਸ਼ਤਾ ਫੜਾ ਗਈ ਪਰ ਮੈਂ ਨਾਸ਼ਤਾ ਅੱਗੇ ਰੱਖ ਕੇ ਬਹੁਤ ਅੱਗੇ ਦੀ ਫਿਕਰ ਵਿਚ ਡੁੱਬਿਆ ਪਿਆ ਸਾਂ। ਮੇਰੇ ਅੰਦਰ ਕੋਈ ਕਜ ਨਹੀਂ ਸੀ। ਰੰਗ ਡੰਗ, ਲੰਗ ਪੈਰ, ਚਾਲ ਢਾਲ, ਮਾਲ ਹਾਲ ਅਤੇ ਕੰਮਕਾਜ ਵਲੋਂ ਉਨ੍ਹਾਂ ਨਾਲੋਂ ਚਾਰ ਹੱਥ ਅੱਗੇ ਹੀ ਹੋਵਾਂਗਾ ਪਰ ਕੈਦੋਂ ਕੋਈ ਵੀ ਹੋਵੇ, ਉਹ ਆਦਮ ਬੇਜ਼ਾਰ ਜਾਂ ਇਨਸਾਨ ਦਾ ਦੁਸ਼ਮਣ ਹੀ ਹੁੰਦਾ ਹੈ। ਉਸ ਦੀ ਫਿਤਰਤ ਵਿਚ ਮਸੀਤਾਂ ਦੇ ਲੋਟੇ ਤੋੜਨਾ, ਰਾਹ ਵਿਚ ਕੰਡੇ ਖਲਾਰਨਾ ਅਤੇ ਘੁੱਗੀਆਂ ਦੇ ਬੱਚੇ ਮਾਰਨਾ ਸ਼ਾਮਿਲ ਹੁੰਦਾ ਹੈ। ਉਹੀ ਗੱਲ ਹੋਈ। ਥੋੜ੍ਹੇ ਹੀ ਚਿਰ ਪਿਛੋਂ ਨਸੀਮ ਅਖਤਰ ਦੀ ਮਾਂ ਦੋ ਕਮੀਜ਼ਾਂ ਤੇ ਇਕ ਟਾਈ ਬਾਹਾਂ ਉਤੇ ਰੱਖੀ ਕਮਰੇ ਵਿਚ ਆਈ। ਆਖਣ ਲੱਗੀ, “ਦੇਖ ਬੱਚਿਆ! ਹੁੰਦਾ ਉਹੀ ਹੈ ਜੋ ਰੱਬ ਨੂੰ ਮਨਜ਼ੂਰ ਹੋਵੇ। ਗੱਲ ਸਾਰੀ ਲੇਖਾਂ ਦੀ ਹੈ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਇਹ ਰਿਸ਼ਤਾ ਹੋ ਜਾਵੇ। ਇਸ ਕਰਕੇ ਇੰਨੀ ਦੂਰੋਂ ਕਿਰਾਇਆ ਭਾੜਾ ਪੁੱਟ ਕੇ ਆਏ ਸਾਂ ਪਰ ਮੈਂ ਆਪਣੇ ਪੁੱਤਰ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ। ਸਾਰੀ ਰਾਤ ਬਹਿਸ ਹੁੰਦੀ ਰਹੀ ਹੈ ਤੇ ਚਾਰੇ ਪਾਸੇ ਧਿਆਨ ਮਾਰ ਕੇ ਇਹੀ ਫੈਸਲਾ ਹੋਇਐ ਕਿ ਅਸੀਂ ਇਹ ਰਿਸ਼ਤਾ ਨਹੀਂ ਕਰ ਸਕਦੇ। ਇਹ ਕਮੀਜ਼ਾਂ, ਟਾਈ ਸ਼ਕੀਲ ਨੇ ਤੇਰੇ ਲਈ ਘੱਲੀਆਂ ਸਨ, ਲੈ-ਲੈ।”
ਹੁਣ ਇਸ ਘੜੀ ਨੂੰ ਖੋਲ੍ਹਿਆ ਫੋਲਿਆ ਗਿਆ ਤਾਂ ਇਸ ਦਾ ਖਿਲਾਰਾ ਵੀ ਸੰਭਾਲਿਆ ਨਹੀਂ ਜਾਣਾ। ਮਿਲਣ ਅਤੇ ਵਿਛੜਨ ਦੀਆਂ ਘੜੀਆਂ ਮਹਿਸੂਸ ਹੀ ਕਰ ਲਵੋ, ਸੁਣ ਕੇ ਕੀ ਕਰੋਗੇ, ਇਥੇ ਚੁੱਪ ਹੀ ਚੰਗੀ…।
ਹੰਝੂਆਂ ਭਰੀਆਂ ਅੱਖੀਆਂ ਨਾਲ ਲੀੜੇ ਪਾਏ ਤੇ ਦੋ ਚਾਰ ਚੀਜ਼ਾਂ ਬੈਗ ਵਿਚ ਰੱਖ ਹੀ ਰਿਹਾ ਸਾਂ ਕਿ ਇਕ ਹੋਣੀ ਹੋ ਗਈ, “ਮਾਪਿਆਂ ਨਾਲ ਬਗਾਵਤ ਤਾਂ ਨਹੀਂ ਕਰ ਸਕਦੀ ਪਰ ਇਹ ਮੇਰੇ ਵੱਸ ਵਿਚ ਹੈ ਕਿ ਜੇ ਤੇਰੇ ਨਾਲ ਸ਼ਾਦੀ ਨਹੀਂ ਹੋਈ ਤਾਂ ਹੁਣ ਮੇਰੀ ਸ਼ਾਦੀ ਹੋਰ ਕਿਧਰੇ ਨਹੀਂ ਹੋਵੇਗੀ।” ਉਹ ਇਕ ਬੂਹੇ ਥਾਣੀਂ ਵੜ ਕੇ ਇਹ ਗੱਲ ਆਖਦੀ ਹੋਈ ਦੂਜੇ ਬੂਹੇ ਤੋਂ ਬਾਹਰ ਨਿਕਲ ਗਈ। ਇਹੀ ਸੱਤਾਂ ਸਾਲਾਂ ਬਾਅਦ ਮੇਰੀ ਵੱਡੀ ਸਾਰੀ ਬਾਤ ਅਤੇ ਨਿੱਕੀ ਜਿਹੀ ਮੁਲਾਕਾਤ ਨਸੀਮ ਅਖਤਰ ਨਾਲ ਹੋਈ। ਇਹ ਗੱਲ ਉਹ ਮੈਨੂੰ ਮੁਖਾਤਬ ਕੀਤੇ ਬਗੈਰ ਮੇਰੇ ਕੰਨ ਨੂੰ ਸੁਣਾ ਕੇ ਚਲੀ ਗਈ। ਇਸ ਗੱਲ ਦਾ ਕੱਦ ਇੰਨਾ ਵੱਡਾ ਸੀ ਕਿ ਮੈਂ ਨਸੀਮ ਨੂੰ ਦੇਖ ਵੀ ਨਾ ਸਕਿਆ। ਪਤਾ ਨਹੀਂ, ਉਹਦੇ ਲੀੜੇ ਵੀ ਕਿਹੜੇ ਰੰਗ ਦੇ ਸਨ। ਰੱਬ ਦੇ ਰੰਗ ਹੀ ਸਾਹ ਨਹੀਂ ਸਨ ਲੈਣ ਦਿੰਦੇ, ਮੈਂ ਦੂਜੇ ਰੰਗ ਕਿੱਥੋਂ ਦੇਖਦਾ?
ਹੁਣ ਤੁਸੀਂ ਇਸ ਗੱਲ ਦੀਆਂ ਫੁੱਲਝੜੀਆਂ ਮੈਨੂੰ ਪੁਛੋਗੇ ਤਾਂ ਕਿਤਾਬ ਲਿਖਣ ਦਾ ਖਿਲਾਰਾ ਪੈ ਜਾਵੇਗਾ। ਹੋ ਸਕੇ ਤਾਂ ਇਸ ਗੱਲ ਨੂੰ ਚਿੱਥ ਕੇ ਰੱਖ ਲਵੋ। ਮੇਰੇ ਲਈ ਇਹ ਗੱਲ ਸ਼ਾਦੀ ਹੋ ਜਾਣ ਤੋਂ ਨਿੱਕੀ ਵੀ ਨਹੀਂ ਸੀ। ਖੁਸ਼ੀ ਇਹ ਸੀ ਕਿ ਕਿਸੇ ਨੂੰ ਮੇਰੇ ਦੁੱਖਾਂ ਦਾ ਤਾਂ ਅਹਿਸਾਸ ਹੋ ਗਿਆ ਹੈ। ਇੰਨੀ ਸ਼ਰੀਫ ਕੁੜੀ ਵਾਸਤੇ ਇਹ ਕੁਝ ਕਰ ਜਾਣਾ ਵੀ ਸੋਹਣੀ ਦੇ ਝਨਾਂ ਵਿਚ ਠਿੱਲ੍ਹਣ ਵਰਗੀ ਗੱਲ ਸੀ। ਇਸ ਮੁਕਾਮ ਉਤੇ ਸਵਰਗੀ ਮੁਕੇਸ਼ ਦਾ ਗੀਤ ਯਾਦ ਆਇਆ, “ਤੁਮ ਮੇਰੀ ਹੋ ਨਾ ਹੋ, ਕਿਸੀ ਔਰ ਕੀ ਹੋਗੀ ਤੋਂ ਮੁਸ਼ਕਿਲ ਹੋਗੀ।”
ਅੱਖਾਂ ਵਿਚ ਅੱਥਰੂ ਤੇ ਦਿਲ ਵਿਚ ਖੁਸ਼ੀਆਂ ਦਾ ਤੂਫਾਨ ਲੈ ਕੇ ਉਸ ਘਰੋਂ ਨਿਕਲ ਆਇਆ। ਆਸ ਟੁੱਟ ਗਈ ਸੀ, ਬਸ ਇਕ ਆਸਰਾ ਸੀ ਮੇਰੇ ਕੋਲ। ਆਸਾਰਾ ਮਿਲ ਜਾਏ ਤਾਂ ਆਸ ਮਰਨ ਦੀ ਬਜਾਏ ਸਾਹ ਲੈਂਦੀ ਰਹਿੰਦੀ ਏ। ਇਹ ਮੇਰੇ ਲਈ ਕੋਈ ਘੱਟ ਤਾਂ ਨਹੀਂ ਸੀ ਕਿ ਉਹ ਮੇਰੇ ਸਿਵਾ ਕਿਸੇ ਹੋਰ ਨੂੰ ਆਪਣਾ ਨਹੀਂ ਆਖੇਗੀ। ਸਾਹਿਰ ਲੁਧਿਆਣਵੀ ਨੇ ਆਖਿਆ ਸੀ: “ਚਾਂਦ ਮਿਲਤਾ ਨਹੀਂ ਸਬ ਕੋ, ਸੰਸਾਰ ਮੇਂ ਇਕ ਦੀਆ ਹੀ ਬਹੁਤ ਰੋਸ਼ਨੀ ਕੇ ਲੀਏ।” ਉਹ ਮੇਰੀ ਬਣੇ ਨਾ ਬਣੇ, ਫਿਰ ਵੀ ਮੇਰੀ ਹੀ ਹੈ।
ਕਰਾਚੀ ਕੈਂਟ ਤੋਂ ਸਿੰਧ ਐਕਸਪ੍ਰੈਸ ਤਕਾਲੀਂ ਸੱਤ ਵਜੇ ਚੱਲੀ ਤਾਂ ਫਸਟ ਕਲਾਸ ਦੇ ਡੱਬੇ ਵਿਚ ਮੈਂ ਇਕੱਲਾ ਹੀ ਮੁਸਾਫਰ ਸਾਂ। ਉਸ ਵੇਲੇ ਫਸਟ ਕਲਾਸ ਦਾ ਸਫਰ ਅਮੀਰ ਹੀ ਕਰਦੇ ਸਨ ਪਰ ਮੇਰੇ ਕੋਲ ਸਰਕਾਰੀ ਪਾਸ ਸੀ। ਸ਼ਾਮ ਦਾ ਵੇਲਾ, ਉਤੋਂ ਤਨਹਾਈ, ਦੁੱਖ ਹੋਰ ਵੀ ਦੂਣਾ ਹੋ ਗਿਆ ਤੇ ਰੱਜ ਕੇ ਰੋ ਲਿਆ। ਅੰਮਾ ਵਿਚਾਰੀ ਲਾਹੌਰ ਬੈਠੀ ਮੇਰੇ ਸਿਹਰੇ ਦੀਆਂ ਲੜੀਆਂ ਪਰੋ ਰਹੀ ਸੀ। ਉਸ ਨੂੰ ਆਪਣੇ ਅਰਮਾਨਾਂ ਦੀ ਮੌਤ ਵਾਲੀ ਖਬਰ ਸੁਣਾ ਕੇ ਕੁੰਦੀਆਂ ਅੱਪੜ ਗਿਆ। ਬਰਬਰ ਉਜਾੜ ਵਿਚ ਦਸ ਕਮਰਿਆਂ ਦੀ ਕੋਠੀ ਵਿਚ ਇਕ ਮੈਂ ਤੇ ਦੂਜਾ ਮੇਰਾ ਫੱਤਾ ਨੌਕਰ ਕਿੰਨੀ ਕੁ ਰੌਣਕ ਲਾ ਲੈਂਦੇ? ਜਦੋਂ ਵੇਲਾ ਵੱਢ-ਵੱਢ ਖਾਣ ਲੱਗ ਪਏ ਤਾਂ ਪੀਣਾ ਮਜਬੂਰੀ ਬਣ ਜਾਂਦੀ ਏ। ਜ਼ਿੰਦਗੀ ਦੀ ਗੱਡੀ ਵਿਚੋਂ ਸਬਰ ਦਾ ਪੈਟਰੋਲ ਮੁੱਕ ਜਾਏ ਤਾਂ ਪੈਂਡਾ ਕਰਨ ਲਈ ਬੰਦਾ ਕਈ ਦਾਰੂ ਲੱਭਦਾ ਏ।
ਸੁਣਿਆ ਏ ਮਰ ਗਿਆ ਹੈ ਵਿਚਾਰਾ। ਮੇਰੀ ਸ਼ੈੱਡ ਦਾ ਫਾਇਰਮੈਨ ਸੀ ਨੂਰਾ ਮਰਾਸੀ ਪਰ ਉਸ ਨਾਲ ਬੇਤਕੱਲੁਫ ਸਾਂ ਮੈਂ। ਉਹ ਜਦੋਂ ਵੀ ਰਾਵਲਪਿੰਡੀ ਦੌਰੇ ਜਾਂਦਾ, ਉਸ ਦੇ ਹੱਥ ਦੌਰਾ ਪਵਾਣ ਲਈ ਬੋਤਲ ਮੰਗਵਾ ਲੈਂਦਾ। ਨੂਰੇ ਨੇ ਡਰਦੇ-ਡਰਦੇ ਇਕ ਦਿਨ ਆਪਣੀ ਸਰਾਇਕੀ ਬੋਲੀ ਵਿਚ ਆਖਿਆ, “ਵੱਤ ਕਾਵੜ ਨਾ ਕਰਸੇਂ ਤਾਂ ਸਾਹਬ ਹਿੱਕ ਗੱਲ ਚਾ ਆਖਸਾਂ ਕਿ ਬਹੋਂ ਜ਼ਿਆਦਾ ਪੀਸੈਂ ਤਾਂ ਸਿਹਤ ਖਰਾਬ ਥੀਵੇਸੀ।” ਮੈਂ ਕਾਵੜ ਕੀ ਕਰਨੀ ਸੀ। ਜਦੋਂ ਨਿੱਕਾ ਸਾਂ ਤਾਂ ਠੱਠੀ ਵਿਚ ਰਹਿੰਦੇ ਚਮਨ ਇਸਾਈ ਦਾ ਯਾਰ ਸਾਂ। ਇਸ ਗੱਲ ਤੋਂ ਕਈ ਵੇਰਾਂ ਛਿੱਤਰ ਵੀ ਖਾਧੇ ਕਿ ਤੂੰ ਲਹਿਣੇ ਇਸਾਈ ਘਰੋਂ ਰੋਟੀ ਖਾ ਲੈਂਦਾ ਏਂ। ਹੁਣ ਨੂਰਾ ਮਰਾਸੀ ਮੇਰੀ ਸ਼ੈੱਡ ਦਾ ਮੁਲਾਜ਼ਮ ਹੀ ਮੇਰਾ ਸੰਗੀ ਅਤੇ ਰਾਜ਼ਦਾਨ ਸੀ। ਉਹ ਜੋ ਵੀ ਆਖੇ, ਸਿਰ ਅੱਖਾਂ ਉਤੇ। ਨਾ ਮੈਂ ਸਾਹਿਬ ਸਾਂ ਤੇ ਨਾ ਹੀ ਉਹ ਮੇਰਾ ਮਾਮੂਲੀ ਜਿਹਾ ਮੁਲਾਜ਼ਮ। ਉਂਜ ਵੀ ਸਾਹਿਬ ਅਖਵਾਣਾ ਮੇਰੀ ਮਜਬੂਰੀ ਸੀ। ਬੜੀ ਜਾਅਲੀ ਜਿਹੀ ਜ਼ਿੰਦਗੀ ਹੈ ਸਾਹਿਬ ਅਖਵਾਣਾ। ਕੋਈ ਸਾਹਿਬ ਆਖੇ ਤਾਂ ਮੈਂ ਆਪਣੇ ਆਪ ਨੂੰ ਕਮੀਨਾ ਜਿਹਾ ਲੱਗਦਾ ਸਾਂ।
ਹੁਣ ਵੀ ਜਦੋਂ ਬਹੁਤੀ ਅੱਗ ਲਗਦੀ ਤਾਂ ਸ਼ਰਾਬ ਦਾ ਛੱਟਾ ਮਾਰ ਕੇ ਸਕੂਨ ਦਾ ਭਾਂਬੜ ਬਾਲ ਲੈਂਦਾ ਸਾਂ। ਜਿਸ ਨੇ ਕਦੀ ਮੈਨੂੰ ਪੁੱਠੇ ਹੱਥ ਉਤੇ ਵੀ ਬੋਸਾ ਨਾ ਦਿੱਤਾ, ਉਹ ਟਾਸੇ ਦੀ ਚਾਦਰ ਲੈ ਕੇ ਮਾਪਿਆਂ ਦੀ ਇੱਜਤ ਨੂੰ ਮੱਕਾ ਆਖ ਕੇ ਲੰਡਨ ਪਰਤ ਗਈ ਸੀ। ਉਸ ਨੂੰ ਏਅਰ ਪੋਰਟ ਤੋਂ ਬਾਹਰ ਆਉਂਦੀ ਤੇ ਆਪਣੇ ਕਮਰੇ ਤੋਂ ਬਾਹਰ ਨਿਕਲਦਾ ਹੀ ਦੇਖਿਆ ਸੀ। ਮੇਰੀ ਬਸ ਅੱਠਾਂ ਵਰ੍ਹਿਆਂ ਦੀ ਇੰਨੀ ਕੁ ਹੀ ਕਮਾਈ ਸੀ। ਅੱਠਾਂ ਵਰ੍ਹਿਆਂ ਦੀ ਤਪੱਸਿਆ ਦੇ ਇਕੱਠੇ ਕੀਤੇ ਹੋਏ ਕੱਖ ਇਕੋ ਹੀ ਰਾਤ ਦੀ ਤੀਲੀ ਨੇ ਸਾੜ ਫੂਕ ਛੱਡੇ। ਹੁਣ ਨਾ ਕੋਈ ਆਸ, ਨਾ ਰੀਝ ਤੇ ਨਾ ਚਾਅ। ਉਹੀ ਮੇਰੀ ਉਦਾਸ ਕਲਮ ਤੇ ਸੜੇ ਬਲੇ ਖਤ ਜੋ ਲੰਡਨ ਦੇ ਬੰਦ ਬੂਹੇ ਉਤੇ ਸੱਦਾ ਦਿੰਦੇ ਰਹੇ। ਭਾਵੇਂ ਕਿੱਡੀ ਵੀ ਖਰਾਬ ਹੋਵੇ ਪਰ ਜਿਉਂਦੀ ਰਵ੍ਹੇ ਇਹ ਮਰ ਜਾਣੀ ਸ਼ਰਾਬ ਜਿਸ ਦੇ ਆਸਰੇ ਮੈਂ ਜ਼ਿੰਦਾ ਰਿਹਾ। ਨਾ ਕੋਈ ਅੰਗ ਨਾ ਸਾਕ, ਨਾ ਸੰਗੀ ਨਾ ਸਾਥੀ। ਨਾ ਕੋਈ ਦੇਖਣ ਵਾਲਾ, ਨਾ ਕੋਈ ਠਾਕਣ ਵਾਲਾ।
ਵਕਤ ਅਤੇ ਹਾਲਤ ਇੰਜ ਦਾ ਜ਼ੁਲਮ ਕਰ ਰਹੇ ਹੋਣ ਤਾਂ ਫਿਰ ਤੋਲ ਕੇ ਸੋਚ-ਸੋਚ ਕੇ ਜਾਂ ਜੋਖ-ਜੋਖ ਕੇ ਕੌਣ ਪੀਂਦਾ ਏ? ਮੇਰਾ ਨੌਕਰ ਫੱਤਾ ਮਾਛੀ ਕਦੀ-ਕਦੀ ਆਖ ਛੱਡਦਾ, “ਸਾਹਿਬ ਹੁਣ ਬਸ ਚਾ ਕਰੋ।” ਉਸ ਨੂੰ ਕੀ ਪਤਾ ਕਿ ਜਦੋਂ ਬੰਦੇ ਦੀ ਬਸ ਹੋ ਜਾਏ ਤਾਂ ਉਹ ਕਦੋਂ ਬਸ ਕਰਦਾ ਏ। ਆਖਰ ਉਹੀ ਹੋਇਆ ਜੋ ਅਖੀਰ ਕਰਨ ਨਾਲ ਹੋ ਜਾਂਦਾ ਏ। ਮੈਂ ਪੀਂਦਾ ਰਿਹਾ ਤੇ ਉਹ ਮੈਨੂੰ ਖਾਂਦੀ ਰਹੀ। ਅੱਖਾਂ ਜਾਂਦੀਆਂ ਰਹੀਆਂ। ਰੇਲਵੇ ਡਾਕਟਰ ਨੇ ਲਾਚਾਰੀ ਜਾਹਰ ਕਰਕੇ ਲਾਹੌਰ ਟੋਰ ਦਿੱਤਾ। ਡਾਕਟਰ ਅਲੀ ਨੇ ਆਖਿਆ, “ਤੈਨੂੰ ਨਾਮੁਰਾਦ ਡਪਲੋਪੀਆ (ਦੋ-ਦੋ ਦਿਸਣ ਦੀ ਬਿਮਾਰੀ) ਹੋ ਗਿਆ ਏ।” ਉਸ ਨੇ ਕਈ ਕੁਝ ਪੁੱਛਿਆ ਪਰ ਮੈਂ ਮੁਸਲਮਾਨ ਸਾਂ, ਇਸ ਕਰਕੇ ਝੂਠ ਬੋਲ ਦਿੱਤਾ।
ਕੀ ਦੱਸਦਾ ਕਿ ਕੁੰਦੀਆਂ ਦੀ ਉਜਾੜ ਵਿਚ ਨੌਕਰੀ ਕਰਕੇ, ਨੌਕਰ ਦੀ ਪੱਕੀ ਖਾ ਕੇ ਜੀਵਿਆ ਨਹੀਂ ਸੀ ਜਾਂਦਾ ਤੇ ਜਿਉਣ ਲਈ ਮੌਤ ਪੀਂਦਾ ਰਿਹਾ। ਹੁਣ ਮੈਨੂੰ ਇਹੀ ਆਖਣਾ ਪਵੇਗਾ ਕਿ ਮੈਂ ਜਦੋਂ ਵੀ ਡੁੱਬਣ ਲੱਗਾ, ਸਮੁੰਦਰ ਨੇ ਮੈਨੂੰ ਉਛਾਲ ਕੇ ਬਾਹਰ ਸੁੱਟ ਦਿੱਤਾ ਸੀ। ਦਿਲ ਦਾ ਕੌਲ ਡੋਡਾ ਜਦੋਂ ਸੜਨ ਲੱਗਾ, ਕਿਧਰੋਂ ਮਿਹਰਬਾਨ ਘਟਾ ਆਣ ਵਰ੍ਹੀ। ਠੇਡਾ ਲੱਗ ਕੇ ਡਿੱਗਣ ਲੱਗਾ ਤਾਂ ਮਾਂ ਦੀ ਦੁਆ ਨੇ ਹੱਥ ਦੇ ਕੇ ਬਚਾ ਲਿਆ। ਕਿਸੇ ਮਿਲਣ ਵਾਲੇ ਸੱਜਣ ਨੇ ਲੰਡਨ ਜਾ ਕੇ ਨਸੀਮ ਦੇ ਇਕ ਭਰਾ ਨੂੰ ਦੱਸ ਦਿੱਤਾ ਕਿ ਅਮੀਨ ਸਾਹਿਬ ਸ਼ਰਾਬ ਪੀ-ਪੀ ਕੇ ਅੱਖਾਂ ਗਵਾ ਬੈਠਾ ਹੈ। ਤੁਰਦੀ-ਤੁਰਦੀ ਇਹ ਗੱਲ ਨਸੀਮ ਦੇ ਕੰਨੀਂ ਪੈ ਗਈ। ਮੁਹੱਬਤ ਨਾ ਸਹੀ, ਉਹ ਮੇਰੀ ਦੁਸ਼ਮਣ ਵੀ ਤਾਂ ਨਹੀਂ ਸੀ। ਆਖਰ ਇਨਸਾਨ ਸੀ, ਕੋਈ ਪੱਥਰ ਤਾਂ ਨਹੀਂ।
ਮੇਰੇ ਦਫਤਰ ਵਿਚ ਪੋਸਟਮੈਨ ਸਲਾਮ ਕਰਕੇ ਵੜਿਆ ਤੇ ਮੇਜ਼ ਉਪਰ ਇੰਗਲੈਂਡ ਦੀ ਟਿਕਟ ਲੱਗਾ ਖਤ ਰੱਖ ਦਿੱਤਾ। ਇਹ ਖਤ ਦੇਖ ਕੇ ਸੋਚ ਲਿਆ ਕਿ ਜੇ ਇਹ ਜ਼ਿੰਦਗੀ ਦਾ ਪੈਗਾਮ ਨਹੀਂ ਤਾਂ ਦੂਜੀ ਮੌਤ ਦਾ ਫਾਂਸੀ ਘਾਟ ਜ਼ਰੂਰ ਤਿਆਰ ਹੋ ਗਿਆ ਏ। ਸ਼ਕੀਲ ਦਾ ਖਤ ਸਮਝ ਕੇ ਖੋਲ੍ਹਿਆ ਪਰ ਅੱਗਿਓਂ ਸਾਹ ਬੰਦ ਹੋ ਗਿਆ। ਕਰਮਾਂਵਾਲੀ ਨੇ ਲਿਖਿਆ ਸੀ, “ਅਮੀਨ ਸਾਹਿਬ! ਜ਼ਿੰਦਗੀ ਅੱਲ੍ਹਾ ਕੀ ਦੀ ਹੂਈ ਅਮਾਨਤ ਹੈ ਔਰ ਇਸ ਕੇ ਸਾਥ ਯੂੰ ਬਦਸਲੂਕੀ ਕਰਨਾ ਹਰਾਮ ਹੈ। ਸ਼ਰਾਬ ਕਾ ਆਸਰਾ ਲੇਕਰ ਆਂਖੋਂ ਕਾ ਦੁਸ਼ਮਣ ਬਨ ਜਾਨਾ ਫਕਤ ਬੁਜ਼ਦਿਲੀ ਹੈ, ਮਰਦਾਨਗੀ ਨਹੀਂ। ਦੁਆ ਗੋ, ਨਸੀਮ।”
ਇਸ ਇਕ ਸਤਰ ਦੇ ਖਤ ਨੇ ਮੈਨੂੰ ਪਾਰ ਤਾਂ ਨਾ ਕੀਤਾ ਪਰ ਡੁੱਬਣ ਤੋਂ ਬਚਾ ਲਿਆ। ਇਕ ਸਤਰ ਵਿਚ ਲੱਖਾਂ ਪੈਗਾਮ ਅਤੇ ਅਣਗਿਣਤ ਆਸਰੇ ਸਨ। ਦਸ ਸਾਲਾਂ ਪਿੱਛੋਂ ਇਕ ਹੀ ਸਹੀ ਪਰ ਇਕ ਚਿੱਠੀ ਮੇਰੇ ਲਈ ਉਤੋਂ ਉਤਰੀ ਹੋਈ ਆਇਤ ਅਤੇ ਗੁਰੂ ਦੀ ਬਾਣੀ ਨਾਲੋਂ ਘੱਟ ਨਹੀਂ ਸੀ। ਇਸ ਵਿਚ ਨਿੱਕੀ ਜਿਹੀ ਮੱਤ ਅਤੇ ਅਰਥਾਂ ਭਰੀ ਸਮੁੰਦਰ ਜਿੱਡੀ ਡੂੰਘੀ ਖਾਮੋਸ਼ ਮੁਹੱਬਤ ਵੀ। ਮੈਂ ਇਸ ਮੱਤ ਅਤੇ ਮੁਹੱਬਤ ਨੂੰ ਤਵੀਤ ਬਣਾ ਕੇ ਗਲ ਪਾ ਲਿਆ। ਡਾਕਟਰ ਦੀ ਦਵਾ ਅਤੇ ਮਾਂ ਦੀ ਦੁਆ ਵੀ ਕੰਮ ਕਰ ਰਹੀ ਸੀ। ਅੱਖਾਂ ਵੀ ਮਿਲ ਗਈਆਂ ਅਤੇ ਅੱਖ ਵੀ ਖੁੱਲ੍ਹ ਗਈ। ਇਕ ਨਵੇਂ ਹੌਂਸਲੇ ਅਤੇ ਜਜ਼ਬੇ ਨਾਲ ਅੱਗ ਲਾਉਂਦੇ ਖਤ ਲੰਡਨ ਵੱਲ ਟੋਰਦਾ ਰਿਹਾ। ਬਕੌਲ ਮੌਲਵੀ ਗੁਲਾਮ ਰਸੂਲ ਆਲਮਪੁਰੀ:
ਅਸੀਂ ਵਾਂਗ ਪਰਦੇਸੀਆਂ ਦੇਸ਼ ਅੰਦਰ,
ਕਿਹੜੇ ਦੇਸ਼ ਅੰਦਰ ਕੂਟਾਂ ਮੱਲੀਆਂ ਨੀ।
ਮੇਰੇ ਦਰਦ ਫਰਾਕ ਦੀਆਂ ਹਾਵਾਂ,
ਤੇਰੇ ਮਾਲਵੇ ‘ਤੇ ਚੜ੍ਹ ਚੱਲੀਆਂ ਨੀ।
ਪਤਾ ਨਹੀਂ ਅਗਲੇ ਪੜ੍ਹਦੇ ਵੀ ਸਨ ਕਿ ਨਹੀਂ ਪਰ ਮੈਂ ਲਿਖਦਾ ਰਿਹਾ। ਉਨ੍ਹਾਂ ਸ਼ੁਦਾਈ ਆਖਿਆ ਹੋਵੇਗਾ ਪਰ ਮੈਂ ਇਸ ਸ਼ੁਦਾਅ ਨੂੰ ਹੀ ਜ਼ਿੰਦਗੀ ਸਮਝ ਕੇ ਜੱਫੀ ਪਾਈ ਰੱਖੀ ਤੇ ਹੱਥੋਂ ਕਸ਼ਕੋਲ ਨਾ ਛੱਡੀ। ਸੰਨ 1963 ਤੋਂ ਤੁਰਦਾ-ਤੁਰਦਾ ਸੰਨ 1971 ਨਾਲ ਠੇਡਾ ਖਾ ਕੇ ਡਿੱਗ ਪਿਆ ਸਾਂ ਪਰ ਉਠ ਕੇ ਫਿਰ ਲੀੜੇ ਝਾੜੇ ਤੇ ਫਿਰ ਉਸੇ ਹੀ ਨਾਉਮੀਦੀ ਵਾਲੀ ਮੰਜ਼ਿਲ ਵਲ ਤੁਰਦਾ ਰਿਹਾ। ਚੂਰੀ ਲੱਭੇ ਨਾ ਲੱਭੇ, ਇਸ਼ਕ ਦੇ ਬੇਲੇ ਵਿਚ ਮੱਝੀਆਂ ਚਾਰਨੀਆਂ ਨਹੀਂ ਸਨ ਛੱਡੀਆਂ। ਪੰਜ ਵਰ੍ਹੇ ਹੋਰ ਲੰਘ ਗਏ। ਸ਼ਕਲਾਂ ਅਤੇ ਹਾਲਾਤ ਬਦਲਦੇ ਗਏ ਪਰ ਮੁਕੱਦਰ ਨੇ ਅਜੇ ਵੀ ਆਪਣਾ ਚਿਹਰਾ ਨਾ ਬਦਲਿਆ। ਰੇਲਵੇ ਨੇ ਪਾਵਰ ਕੰਟਰੋਲਰ ਦੀ ਨੌਕਰੀ ਦੇ ਕੇ ਲਾਹੌਰ ਬਦਲੀ ਕਰ ਦਿੱਤੀ। ਬੜਾ ਕੁਝ ਬਦਲ ਗਿਆ ਪਰ ਮੁਕੱਦਰ ਨਾ ਬਦਲਿਆ। ਆਪਣਾ ਗਮ ਆਪਣੀ ਥਾਂ ਪਰ ਅੰਮਾ ਦੀ ਖਾਹਿਸ਼ ਦਾ ਝੋਰਾ ਦੇਖਿਆ ਨਹੀਂ ਸੀ ਜਾਂਦਾ। ਉਹ ਜਾਣ ਤੋਂ ਪਹਿਲਾਂ ਮੇਰਾ ਵਿਆਹ ਦੇਖਣਾ ਚਾਹੁੰਦੀ ਸੀ।
ਆਖਦੇ ਨੇ ਕਿ ਜਜ਼ਬੇ ਸੱਚੇ ਹੋਣ ਤਾਂ ਖੂਹ ਆਪ ਵੀ ਚਲ ਕੇ ਤ੍ਰਿਹਾਏ ਵਲ ਆ ਜਾਂਦਾ ਹੈ। ਲੰਡਨ ਵਿਚ ਨਸੀਮ ਨੇ ਆਪਣੀ ਮਾਂ ਨੂੰ ਆਖ ਛੱਡਿਆ ਸੀ, “ਹੁਣ ਬਸ, ਮੈਂ ਆਪਣਾ ਕਮਾ ਕੇ ਖਾਂਦੀ ਹਾਂ, ਕਿਸੇ ਉਤੇ ਭਾਰ ਨਹੀਂ ਤੇ ਤੁਸੀਂ ਵੀ ਮੇਰੇ ਉਤੇ ਵਿਆਹ ਦਾ ਭਾਰ ਨਾ ਪਾਇਉ। ਇਸ ਵਿਆਹ ਦੇ ਨਾਂ ਉਤੇ ਮੈਨੂੰ ਤਮਾਸ਼ਾ ਨਾ ਬਣਾਇਉ।” ਆਖੀਰ ਮਾਪਿਆਂ ਨੇ ਇਹ ਭਾਰ ਪਾ ਹੀ ਦਿੱਤਾ। ਲੰਡਨ ਵਿਚ ਵਕੀਲ ਮੁੰਡੇ ਨਾਲ ਵਿਆਹ ਦਾ ਆਹਰ ਵਿੱਢ ਲਿਆ। ਆਪਣੀ ਮਾਂ ਅੱਗੇ ਤਰਲਾ ਮਾਰਿਆ ਪਰ ਸ਼ਰੀਫ ਜਿਹੀ ਕੁੜੀ ਦੀ ਕੀ ਵੱਟਕ? ਮਾਂ ਨੇ ਮਜਬੂਰੀ ਜਾਹਰ ਕੀਤੀ ਤੇ ਸ਼ਰਾਫਤ ਨੇ ਥੋੜ੍ਹਾ ਜਿਹਾ ਸਿਰ ਚੁਕਿਆ। ਉਹ ਕੁੜੀ ਆਪਣੇ ਪਿਉ ਨੂੰ ਸਿਰਫ ਇੰਨਾ ਹੀ ਆਖ ਸਕੀ, “ਅੱਬਾ ਜੀ, ਜਿਹੜਾ ਘਰ ਵੱਸਣ ਤੋਂ ਪਹਿਲਾਂ ਹੀ ਉਜੜ ਜਾਏ, ਉਸ ਨੂੰ ਵਸਾਣ ਦਾ ਕੀ ਫਾਇਦਾ? ਮੇਰਾ ਵਿਆਹ ਕਰਕੇ ਤੁਸੀਂ ਤਾਂ ਖੁਸ਼ ਹੋ ਜਾਵੋਗੇ ਪਰ ਜਿਹੜੀ ਬੇਨਾਮ ਜਿਹੀ ਗੱਲ ਮੇਰੇ ਨਾਂ ਨਾਲ ਜੁੜ ਗਈ ਏ, ਜਿਸ ਤੋਂ ਹਰ ਕੋਈ ਵਾਕਫ ਹੈ, ਉਸ ਗੱਲ ਦਾ ਅਫਸਾਨਾ ਬਣ ਕੇ ਫਸਾਦ ਪੈ ਗਿਆ ਤਾਂ ਮੇਰਾ ਕੀ ਬਣੇਗਾ? ਮੇਰੀ ਤਾਂ ਕੋਈ ਪਸੰਦ ਨਹੀਂ ਪਰ ਜੇ ਮੈਂ ਕਿਸੇ ਦੀ ਪਸੰਦ ਬਣ ਗਈ ਆਂ ਤਾਂ ਮੇਰਾ ਕੀ ਕਸੂਰ? ਮੈਂ ਭਾਵੇਂ ਕੁਝ ਵੀ ਨਹੀਂ ਕੀਤਾ ਪਰ ਮੇਰੀ ਜ਼ਿੰਦਗੀ ਦੇ ਹਰ ਪੰਨੇ ਉਤੇ ਅਮੀਨ ਦਾ ਨਾਂ ਇਸ ਤਰ੍ਹਾਂ ਲਿਖਿਆ ਗਿਆ ਏ ਕਿ ਮੇਰੀ ਬੇਗੁਨਾਹੀ ਵੀ ਮੈਨੂੰ ਬਰੀ ਨਹੀਂ ਕਰਾ ਸਕੇਗੀ। ਕੱਲ੍ਹ ਨੂੰ ਕਿਸੇ ਨੇ ਮੈਨੂੰ ਅਮੀਨ ਦੇ ਨਾਂ ਦਾ ਤਾਅਨਾ ਦੇ ਦਿੱਤਾ ਤਾਂ ਨਾ ਮੈਂ ਕਬੂਲਣਾ ਤੇ ਨਾ ਬੋਲਣਾ ਏ। ਬੇਗੁਨਾਹ ਨੂੰ ਕਿਸੇ ਗੁਨਾਹਗਾਰ ਆਖਿਆ ਤਾਂ ਰੋ ਕੇ ਚੁੱਪ ਹੋ ਜਾਇਆ ਕਰਾਂਗੀ। ਅਮੀਰੀ ਗਰੀਬੀ ਜਾਂ ਰੋਟੀ ਰੋਜ਼ੀ ਤਾਂ ਉਤਲਾ ਦਿੰਦਾ ਏ। ਕਮ-ਅਜ-ਕਮ ਅਮੀਨ ਨੂੰ ਸ਼ਰਾਫਤ ਦਾ ਤਾਂ ਪਤਾ ਹੈ…।”
ਉਹ ਭਾਵੇਂ ਸਵਰਗੀ ਭੋਲਾ ਜਿਹਾ ਹੀ ਸੀ ਪਰ ਪਿਉ ਦੀ ਸਮਝ ਵਿਚ ਗੱਲ ਆ ਗਈ ਅਤੇ ਸ਼ਾਇਦ ਕੁਦਰਤ ਨੂੰ ਹੀ ਜੋਸ਼ ਆ ਗਿਆ ਸੀ। ਕੈਦੋਂ ਲੰਗੜਾ ਵੀ ਉਸ ਵੇਲੇ ਬੈਲਜੀਅਮ ਧੱਕੇ ਖਾ ਰਿਹਾ ਸੀ। ਉਹ ਸ਼ਰੀਫ ਆਦਮੀ (ਸ਼ਕੀਲ) ਅੱਜ ਦੁਨੀਆ ਵਿਚ ਨਹੀਂ। ਉਸ ਦਾ ਖਤ ਆਇਆ, “ਅਮੀਨ ਸਾਹਿਬ! ਮਾਅਜ਼ਰਤ ਕੇ ਸਾਥ ਅਰਜ਼ ਹੈ ਕਿ ਏਕ ਬਾਰ ਫਿਰ ਕਰਾਚੀ ਆ ਜਾਏਂ।” ਮੇਰੀ ਅੰਮਾ ਮੇਰੇ ਨਾਲ ਸੀ ਅਤੇ ਕਿਸਮਤ ਵੀ ਨਾਲ ਹੀ ਰਹੀ। ਸੰਨ 63 ਅੱਜ 13 ਸਾਲਾਂ ਪਿੱਛੋਂ ਸੰਨ 76 ਨੂੰ ਜੱਫੀ ਪਾ ਕੇ ਮਿਲ ਰਿਹਾ ਸੀ। 13 ਵਰ੍ਹਿਆਂ ਦੀ ਤਪੱਸਿਆ ਸਾਨੂੰ ਦੇਖ ਕੇ ਹੱਸ ਪਈ ਤੇ ਆਖਣ ਲੱਗੀ, “ਇੰਨਾ ਸਬਰ ਝੱਲ ਕੇ ਇੰਨਾ ਵੱਡਾ ਸਬਰ ਕਰਨ ਵਾਲਿਉ! ਤੁਹਾਨੂੰ ਰੱਬ ਦੀਆਂ ਰੱਖਾਂ।”
4 ਅੱਖਾਂ, 1976 ਦੀ ਸ਼ਾਮ ਰਾਤ ਦੇ ਹਨੇਰੇ ਨੂੰ ਗਲ ਮਿਲ ਰਹੀ ਸੀ ਤੇ ਮੈਂ ਰਾਣੀ ਮਲਿਕ ਦੀ ਬਾਂਹ ਫੜ ਕੇ ਕਰਾਚੀ ਤੋਂ ਲਾਹੌਰ ਜਾਣ ਵਾਲੀ ਉਸੇ ਸਿੰਧ ਐਕਸਪ੍ਰੈਸ ਵਿਚ ਬੈਠ ਗਿਆ ਸਾਂ। ਉਹੀ ਵੇਲਾ, ਉਹੀ ਟੇਸ਼ਨ ਅਤੇ ਉਹੀ ਗੱਡੀ ਪਰ ਅੱਜ ਮੰਜ਼ਿਲ ਬਦਲ ਗਈ ਸੀ।