ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ‘ਤੇ ਫਿਲਮ

ਆਪਣੀ ਪਹਿਲੀ ਫਿਲਮ ‘ਯਹਾਂ’ ਵਿਚ ਕਸ਼ਮੀਰ ਦੀ ਤ੍ਰਾਸਦੀ ਪੇਸ਼ ਕਰਨ ਵਾਲੇ ਫਿਲਮਸਾਜ਼ ਸ਼ੁਜੀਤ ਸਿਰਕਾਰ ਨੇ ਬਾਅਦ ਵਿਚ ਵੱਖ-ਵੱਖ ਵਿਸ਼ਿਆਂ ‘ਤੇ ‘ਮਦਰਾਸ ਕੈਫੇ’, ‘ਪਿੰਕ’, ‘ਪੀਕੂ’ ਆਦਿ ਫਿਲਮਾਂ ਬਣਾਈਆਂ ਅਤੇ ਹੁਣ ਉਹ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ‘ਤੇ ਫਿਲਮ ਬਣਾ ਰਹੇ ਹਨ। ਇਸ ਫਿਲਮ ਵਿਚ ਸ਼ਹੀਦ ਊਧਮ ਸਿੰਘ ਵਾਲਾ ਮੁੱਖ ਕਿਰਦਾਰ ਵਿੱਕੀ ਕੌਸ਼ਲ ਨਿਭਾ ਰਿਹਾ ਹੈ।

ਵਿੱਕੀ ਕੌਸ਼ਲ ਦੀ ਗੁੱਡੀ ਅੱਜ ਕੱਲ੍ਹ ਖੂਬ ਚੜ੍ਹੀ ਹੋਈ ਹੈ। ਉਹ 2015 ਵਿਚ ਆਈ ਫਿਲਮ ‘ਮਸਾਨ’ ਨਾਲ ਚਰਚਿਤ ਹੋਇਆ ਸੀ ਜਿਸ ਵਿਚ ਉਸ ਦੀ ਉਮਦਾ ਅਦਾਕਾਰੀ ਦੇ ਬਹੁਤ ਚਰਚੇ ਹੋਏ ਸਨ। ਉਸ ਦੀ ਫਿਲਮ ‘ਉੜੀ’ ਵਪਾਰਕ ਤੌਰ ‘ਤੇ ਬਹੁਤ ਕਾਮਯਾਬ ਰਹੀ। ਹੁਣ ਖਬਰਾਂ ਹਨ ਕਿ ਉਸ ਨੂੰ ਇਕ ਪਿਆਰ ਕਹਾਣੀ ‘ਤੇ ਆਧਾਰਿਤ ਫਿਲਮ ਲਈ ਚੋਟੀ ਦੀ ਅਦਾਕਾਰਾ ਕੈਟਰੀਨ ਕੈਫ ਨਾਲ ਸਾਈਨ ਕੀਤਾ ਗਿਆ ਹੈ। ਜਦੋਂ ਤੋਂ ਊਧਮ ਸਿੰਘ ਫਿਲਮ ਵਾਲਾ ਉਸ ਦਾ ਪਹਿਲਾ ‘ਲੁੱਕ’ ਰਿਲੀਜ਼ ਹੋਇਆ ਹੈ, ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਤਾਪਸੀ ਪੰਨੂ ਨੇ ਤਾਂ ਉਸ ਦੀਆਂ ਤਾਰੀਫਾਂ ਦੇ ਮਾਨੋ ਪੁਲ ਹੀ ਬੰਨ੍ਹ ਦਿੱਤੇ ਹਨ। ‘ਨੈਟਫਲਿਕਸ’ ਉਤੇ ਵੀ ਉਸ ਦੀ ਝੰਡੀ ਹੈ। ਉਸ ਦਾ ਆਖਣਾ ਹੈ ਕਿ ਉਸ ਦੀ ਲਗਨ ਅਤੇ ਮਿਹਨਤ ਦਾ ਹੁਣ ਆ ਕੇ ਮੁੱਲ ਪਿਆ ਹੈ।
ਸ਼ੁਜੀਤ ਅਨੁਸਾਰ ਸਾਲ 1995 ਵਿਚ ਜਦੋਂ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੇਖਿਆ ਸੀ, ਉਦੋਂ ਉਥੇ ਅੰਗਰੇਜ਼ ਸਰਕਾਰ ਵਲੋਂ ਕੀਤੇ ਗਏ ਹੱਤਿਆ ਕਾਂਡ ਦੀਆਂ ਨਿਸ਼ਾਨੀਆਂ ਦੇਖ ਕੇ ਬਹੁਤ ਦੁਖੀ ਹੋਏ। ਉਦੋਂ ਤੋਂ ਹੀ ਉਨ੍ਹਾਂ ਨੇ ਭਾਰਤ ਦੇ ਇਤਿਹਾਸ ਦੇ ਇਸ ਕਾਲੇ ਦੌਰ ‘ਤੇ ਫਿਲਮ ਬਣਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਇਸ ਵਿਸ਼ੇ ‘ਤੇ ਖੋਜ ਕਰਦਿਆਂ ਕਿਤਾਬਾਂ ਪੜ੍ਹਨ ਦੌਰਾਨ ਉਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੀ ਦੇਸ਼ਭਗਤੀ ਦੇਖ ਕੇ ਸੁਜੀਤ ਨੂੰ ਲੱਗਿਆ ਕਿ ਭਾਰਤ ਦੇ ਇਸ ਮਹਾਨ ਸਪੂਤ ਤੋਂ ਦੇਸ਼ ਦੇ ਜ਼ਿਆਦਾਤਰ ਲੋਕ ਅਨਜਾਣ ਹਨ। ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਇਨ੍ਹਾਂ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਦਾ ਖਿਆਲ ਆਇਆ। ਉਨ੍ਹਾਂ ਅਨੁਸਾਰ ਇਹ ਵੱਡੇ ਬਜਟ ਦੀ ਫਿਲਮ ਹੋਵੇਗੀ।