ਪੰਜਾਬੀ ਫਿਲਮਾਂ ਦਾ ਭਾਈਆ ਜੀ

ਮਸ਼ਹੂਰ ਮਜ਼ਾਹੀਆ ਅਦਾਕਾਰ ਓਮ ਪ੍ਰਕਾਸ਼ ਬਖਸ਼ੀ ਉਰਫ ਓਮ ਪ੍ਰਕਾਸ਼ ਦੀ ਪੈਦਾਇਸ਼ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਕੂਚਾ ਬੇਲੀ ਰਾਮ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ 19 ਦਸੰਬਰ 1919 ਨੂੰ ਹੋਈ। ਇਨ੍ਹਾਂ ਦੇ ਪਿਤਾ ਸਰਦੇ-ਪੁੱਜਦੇ ਜ਼ਿਮੀਂਦਾਰ ਸਨ। ਲਿਹਾਜ਼ਾ ਦੋ ਭਰਾਵਾਂ ਤੇ ਇਕ ਭੈਣ ਦੇ ਵੀਰ ਓਮ ਪ੍ਰਕਾਸ਼ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਬਾਲ ਵਰੇਸੇ ਹੀ ਓਮ ਪ੍ਰਕਾਸ਼ ਨੂੰ ਕਲਾ, ਫਿਲਮਾਂ ਅਤੇ ਸੰਗੀਤ ਨਾਲ ਉਲਫਤ ਹੋ ਗਈ। ਉਮਰ ਦੇ 12ਵੇਂ ਵਰ੍ਹੇ ਤਕ ਅੱਪੜਦਿਆਂ ਉਸ ਨੇ ਇਨ੍ਹਾਂ ਕਲਾਵਾਂ ‘ਚ ਮੁਹਾਰਤ ਹਾਸਲ ਕਰ ਲਈ। ਕਲਾਸਿਕੀ ਮੌਸੀਕੀ ਦੀ ਸ਼ੁਰੂਆਤੀ ਤਾਲੀਮ ਉਸ ਨੇ ਉਸਤਾਦ ਭਾਈ ਲਾਲ ਪਾਸੋਂ ਹਾਸਲ ਕੀਤੀ ਜੋ ਨਾਮੀ ਸ਼ਾਸਤਰੀ ਗਾਇਕ ਸਨ।

1937 ਵਿਚ ਓਮ ਪ੍ਰਕਾਸ਼ ਆਲ ਇੰਡੀਆ ਰੇਡੀਓ, ਲਾਹੌਰ ਵਿਚ 25 ਰੁਪਏ ਮਹੀਨਾ ‘ਤੇ ਡਰਾਮਾ ਕਲਾਕਾਰ ਮੁਕੱਰਰ ਹੋ ਗਿਆ। ਉਸ ਵੇਲੇ ਲਾਹੌਰ ਦਾ ਦਿਹਾਤੀ ਪ੍ਰੋਗਰਾਮ ਆਵਾਮ ‘ਚ ਬੇਹੱਦ ਮਕਬੂਲ ਸੀ। ਓਮ ਪ੍ਰਕਾਸ਼ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਵਿਚ ‘ਫਤਹਿ ਦੀਨ’ ਦੇ ਨਾਮ ਨਾਲ ਪ੍ਰੋਗਰਾਮ ਪੇਸ਼ ਕਰਦਾ ਸੀ। ਉਸ ਦੀ ਪੇਸ਼ਕਾਰੀ ਦੇ ਅੰਦਾਜ਼ ਸਦਕਾ ਘਰ-ਘਰ ਲੋਕ ਉਸ ਨੂੰ ਜਾਣਨ ਲੱਗ ਪਏ ਸਨ। ਇਹ ਪ੍ਰੋਗਰਾਮ ਲਾਹੌਰ ਅਤੇ ਪੰਜਾਬ ਦੇ ਸਰੋਤਿਆਂ ਵਿਚ ਐਨਾ ਮਕਬੂਲ ਸੀ ਕਿ ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਲੋਕਾਂ ਦੀ ਭੀੜ ਰੇਡੀਓ ਦੁਆਲੇ ਜੁੜ ਜਾਂਦੀ ਸੀ।
ਇਕ ਦਿਨ ਓਮ ਪ੍ਰਕਾਸ਼ ਆਪਣੇ ਦੋਸਤ ਦੇ ਵਿਆਹ ਸਮਾਗਮ ਵਿਚ ਆਪਣੇ ਮਜ਼ਾਹੀਆ ਫਨ ਦੀ ਪੇਸ਼ਕਾਰੀ ਕਰ ਰਿਹਾ ਸੀ। ਉਸ ਸਮਾਗਮ ਵਿਚ ਮਾਰੂਫ ਫਿਲਮਸਾਜ਼ ਸੇਠ ਦਲਸੁੱਖ ਐਮ. ਪੰਚੋਲੀ ਵੀ ਮੌਜੂਦ ਸਨ। ਉਹ ਓਮ ਪ੍ਰਕਾਸ਼ ਦੀ ਅਦਾਇਗੀ ਤੋਂ ਬਹੁਤ ਮੁਤਾਸਿਰ ਹੋਏ। ਉਨ੍ਹਾਂ ਨੇ ਓਮ ਪ੍ਰਕਾਸ਼ ਨੂੰ ਆਪਣੇ ਦਫਤਰ ਸੱਦਿਆ ਅਤੇ ਆਪਣੇ ਭਾਣਜੇ ਰਾਮ ਨਾਰਾਇਣ ਵੀ. ਦਵੇ ਦੀ ਉਰਦੂ/ਹਿੰਦੀ ਫਿਲਮ ‘ਦਾਸੀ’ (1944) ‘ਚ ਛੋਟਾ ਜਿਹਾ ਮਜ਼ਾਹੀਆ ਕਿਰਦਾਰ ਦਿਵਾ ਦਿੱਤਾ। ਹੀਰੇਨ ਬੋਸ ਨਿਰਦੇਸ਼ਿਤ ਇਸ ਫਿਲਮ ‘ਚ ਓਮ ਪ੍ਰਕਾਸ਼, ਨਜਮੁਲ ਹਸਨ ਅਤੇ ਖਰੈਤੀ ਭੈਂਗਾ ‘ਤੇ ਮਜ਼ਾਹੀਆ ਗੀਤ ਫਿਲਮਾਇਆ ਗਿਆ: ‘ਮੇਰੀ ਆਰਜ਼ੂ ਦੇਖ ਕਯਾ ਚਾਹਤਾ ਹੂੰ।’ ਇਹ ਓਮ ਪ੍ਰਕਾਸ਼ ਦੀ ਪਹਿਲੀ ਫਿਲਮ ਸੀ ਜਿਸ ਦਾ ਉਸ ਨੂੰ 80 ਰੁਪਏ ਮਿਹਨਤਾਨਾ ਮਿਲਿਆ।
ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਉਸ ਨੂੰ ‘ਧਮਕੀ’ (1945) ਅਤੇ ‘ਆਈ ਬਹਾਰ’ (1946) ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਦੇਸ਼ ਦੀ ਵੰਡ ਹੋ ਗਈ ਅਤੇ ਓਮ ਪ੍ਰਕਾਸ਼ ਫਿਰ ਫਾਕਾਕਸ਼ੀ ਦੇ ਦਿਨ ਗੁਜ਼ਾਰਨ ਨੂੰ ਮਜਬੂਰ ਹੋ ਗਿਆ। ਵਕਤ ਦਾ ਝੰਬਿਆ ਉਹ ਲਾਹੌਰ ਛੱਡ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਦਿੱਲੀ ਆ ਗਿਆ। ਇਥੇ ਉਸ ਦੀ ਮੁਲਾਕਾਤ ਬਲਦੇਵ ਰਾਜ ਚੋਪੜਾ ਨਾਲ ਹੋਈ। ਚੋਪੜਾ ਨੇ ਓਮ ਪ੍ਰਕਾਸ਼ ਦੀ ਕਾਬਲੀਅਤ ਨੂੰ ਪਛਾਣਦਿਆਂ ਬੰਬੇ ਸੱਦ ਲਿਆ ਪਰ ਕੰਮ ਨਾ ਦਿੱਤਾ। ਇਸ ਦੌਰ ‘ਚੋਂ ਲੰਘਦਿਆਂ ਉਸ ਨੂੰ ‘ਲੱਖਪਤੀ’ (1948) ‘ਚ ਮਜ਼ਾਹੀਆ ਖਲਨਾਇਕ ਦਾ ਕਿਰਦਾਰ ਮਿਲਿਆ। ਫਿਰ ਇਸੇ ਤਰ੍ਹਾਂ ਦੇ ਨਾਕਾਰਾਤਮਕ ਪਰ ਪ੍ਰਭਾਵਸ਼ਾਲੀ ਕਿਰਦਾਰ ਉਸ ਨੂੰ ਜਗਦੀਸ਼ ਸੇਠੀ ਦੀ ‘ਰਾਤ ਕੀ ਰਾਨੀ’ (1949) ਅਤੇ ਜੈਮਿਨੀ ਦੀਵਾਨ ਦੀ ‘ਲਾਹੌਰ’ (1949) ‘ਚ ਵੀ ਮਿਲੇ। ਗੀਤ-ਸੰਗੀਤ ਅਤੇ ਕਹਾਣੀ ਪੱਖੋਂ ਜਿਥੇ ਇਹ ਫਿਲਮਾਂ ਬਹੁਤ ਕਾਮਯਾਬ ਰਹੀਆਂ, ਉਥੇ ਓਮ ਪ੍ਰਕਾਸ਼ ਦੀ ਲਾਜਵਾਬ ਅਦਾਕਾਰੀ ਨੇ ਫਿਲਮ-ਮੱਦਾਹ ਦੀਵਾਨੇ ਕਰ ਦਿੱਤੇ।
ਪੰਜਾਬੀ ਫਿਲਮ ‘ਚਮਨ’ (1948) ਨੇ ਓਮ ਪ੍ਰਕਾਸ਼ ਨੂੰ ਸਫਲਤਾ ਦੇ ਸਿਖਰ ‘ਤੇ ਪਹੁੰਚਾ ਦਿੱਤਾ। ਫਿਲਮ ‘ਚ 29 ਸਾਲਾ ਓਮ ਪ੍ਰਕਾਸ਼ ਨੇ 60 ਸਾਲਾਂ ਦੇ ਕਜੂੰਸ ਲਾਲੇ ‘ਭਾਈਆ ਭਗਵਾਨ ਦਾਸ’ ਦਾ ਮਜ਼ਾਹੀਆ ਰੋਲ ਅਦਾ ਕੀਤਾ। ਫਿਲਮ ‘ਚ ਓਮ ਪ੍ਰਕਾਸ਼ ਦੇ ਬੋਲੇ ਸੰਵਾਦ ਬਹੁਤ ਮਕਬੂਲ ਹੋਏ। ਇਹ ਫਿਲਮ 6 ਅਗਸਤ 1949 ਨੂੰ ਰਿਲੀਜ਼ ਹੋਈ। ਇਸ ਨਾਲ ਉਹ ‘ਭਾਈਆ ਜੀ’ ਨਾਲ ਮਕਬੂਲ ਹੋ ਗਿਆ।
ਇਸ ਸੁਪਰਹਿਟ ਫਿਲਮ ਤੋਂ ਬਾਅਦ ਓਮ ਪ੍ਰਕਾਸ਼ ਨੇ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫਿਲਮ ‘ਲੱਛੀ’ (1949) ‘ਚ ਮਜ਼ਾਹੀਆ ਕਿਰਦਾਰ ਅਦਾ ਕੀਤਾ। ਫਿਲਮ ‘ਚ ਓਮ ਪ੍ਰਕਾਸ਼ ਅਤੇ ਮਜਨੂੰ ‘ਤੇ ਫਿਲਮਾਇਆ ਮਜ਼ਾਹੀਆ ਗੀਤ ‘ਦਿਲ ਲੈ ਗਿਆ ਕੋਈ ਰੱਬ ਜੀ’ (ਮੁਹੰਮਦ ਰਫੀ, ਐਸ਼ ਬਲਬੀਰ) ਬੜਾ ਮਸ਼ਹੂਰ ਹੋਇਆ। ਓਮ ਪ੍ਰਕਾਸ਼ ਨੇ ਫਿਲਮ ‘ਚਮਨ’ ‘ਚ ਨਿਭਾਏ ‘ਭਾਈਆ ਭਗਵਾਨ ਦਾਸ’ ਦੇ ਕਿਰਦਾਰ ਦੀ ਸਫਲਤਾ ਨੂੰ ਕੈਸ਼ ਕਰਨ ਲਈ ਆਪਣੀ ਹਿਦਾਇਤਕਾਰੀ ਅਤੇ ਅਦਾਕਾਰੀ ‘ਚ ਪੰਜਾਬੀ ਫਿਲਮ ‘ਭਾਈਆ ਜੀ’ (1950) ਬਣਾਈ। ਖੈਰ ਓਮ ਪ੍ਰਕਾਸ਼ ਦੀ ਇਸ ਫਿਲਮ ਨੂੰ ‘ਚਮਨ’ ਵਰਗੀ ਸਫਲਤਾ ਤਾਂ ਨਸੀਬ ਨਹੀਂ ਹੋਈ ਪਰ ਇਸ ਫਿਲਮ ‘ਚ ਵਿਨੋਦ ਦੀ ਮੌਸੀਕੀ ਵਿਚ ਅਜ਼ੀਜ਼ ਕਸ਼ਮੀਰੀ ਦੇ ਲਿਖੇ ਤਿੰਨ ਗੀਤਾਂ ‘ਚ ਓਮ ਪ੍ਰਕਾਸ਼ ਨੇ ਆਪਣੀ ਆਵਾਜ਼ ਜ਼ਰੂਰ ਸਾਂਝੀ ਕੀਤੀ। ਪੰਜਾਬੀ ਫਿਲਮ ‘ਮਦਾਰੀ’ (1950) ‘ਚ ਓਮ ਪ੍ਰਕਾਸ਼ ਨੇ ‘ਮਦਾਰੀ’ ਦੀ ਭੂਮਿਕਾ ਨਿਭਾਉਂਦਿਆਂ ਦਰਸ਼ਕਾਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ।
ਪੰਜਾਬੀ ਫਿਲਮ ‘ਫੁੱਮਣ’ (1951) ‘ਚ ਉਸ ਨੇ ਫੁੱਮਣ ਨਾਮੀ ਮਜ਼ਾਹੀਆ ਕਿਰਦਾਰ ਬਾਖੂਬੀ ਨਿਭਾਇਆ। ਓਮ ਪ੍ਰਕਾਸ਼ ਦਾ ਕਾਮੇਡੀ ਕਰਨ ਦਾ ਆਪਣਾ ਸਾਫ-ਸੁਥਰਾ ਅਤੇ ਸੁਭਾਵਿਕ ਅੰਦਾਜ਼ ਸੀ। ਉਸ ਨੇ ਕਾਮੇਡੀ ਦੇ ਨਾਲ-ਨਾਲ ਸੰਜੀਦਾ ਕਿਰਦਾਰ ਵੀ ਬਹੁਤ ਸ਼ਿੱਦਤ ਨਾਲ ਨਿਭਾਏ। ਉਸ ਨੇ 1944 ਤੋਂ 1990 ਤਕ ਬਣੀਆਂ ਤਕਰੀਬਨ 275 ਹਿੰਦੀ ਅਤੇ 11 ਪੰਜਾਬੀ ਫਿਲਮਾਂ ‘ਚ ਆਪਣੇ ਫਨ ਦੀ ਨੁਮਾਇਸ਼ ਕਰਦਿਆਂ ਸ਼ੋਹਰਤ ਖੱਟੀ। 1990ਵਿਆਂ ਦੇ ਦਹਾਕੇ ਵਿਚ ਓਮ ਪ੍ਰਕਾਸ਼ ਸਿਹਤ ਪੱਖੋਂ ਢਿੱਲਾ-ਮੱਠਾ ਰਹਿਣ ਲੱਗਾ ਪਰ ਇਸ ਦੀ ਪਰਵਾਹ ਕੀਤਿਆਂ ਬਗ਼ੈਰ ਉਹ ਆਪਣੇ ਕੰਮ ਵਿਚ ਡਟਿਆ ਰਿਹਾ। 21 ਫਰਵਰੀ, 1998 ਨੂੰ ਉਹ 78 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
-ਮਨਦੀਪ ਸਿੰਘ ਸਿੱਧੂ