ਐਸ਼ ਅਸ਼ੋਕ ਭੌਰਾ
ਇਸ ਗੱਲ ਨੂੰ ਸਵੀਕਾਰ ਕਰਨਾ ਪਵੇਗਾ ਕਿ ਕਈ ਚਿਹਰੇ ਇੰਨੇ ਖੂਬਸੂਰਤ ਹੁੰਦੇ ਨੇ ਕਿ ਤੁਹਾਡੇ ਧੁਰ ਅੰਦਰ ਤੱਕ ਇੱਦਾਂ ਉਤਰ ਜਾਂਦੇ ਨੇ ਕਿ ਬੰਦਾ ਯਾਦ ਈ ਨ੍ਹੀਂ ਰੱਖਦਾ ਕਿ ਇਨ੍ਹਾਂ ਦਾ ਸੁਭਾਅ ਕਿਹੋ ਜਿਹਾ ਹੋਵੇਗਾ। ਬਚਪਨ ਦੇ ਦਿਨਾਂ ਵਿਚ ਹੀ ਮੈਂ ਗੀਤ-ਸੰਗੀਤ ਨਾਲ ਇੰਨਾ ਘੁਲ-ਮਿਲ ਗਿਆ ਸਾਂ ਤੇ ਮੈਨੂੰ ਕਈ ਵਾਰ ਇਦਾਂ ਲੱਗਦਾ ਸੀ ਕਿ ਮੈਂ ਬਾਗੀ ਹੋ ਕੇ ਘਰੋਂ ਨਿਕਲ ਜਾਵਾਂਗਾ। ਮੈਂ ਕੀ ਬਣਾਂਗਾ, ਇਹਦਾ ਮੈਨੂੰ ਇਲਮ ਨਹੀਂ ਸੀ, ਸਕੂਲ ਜਾਣ ਵੇਲੇ ਜਾਂ ਛੁੱਟੀ ਹੋਣ ‘ਤੇ ਜਦੋਂ ਮੈਂ ਬਸਤਾ ਘਰੇ ਰੱਖਣਾ ਤਾਂ ਬੇਬੇ ਦਾ ਇਕ ਪੱਕਾ ਸੰਵਾਦ ਹਰ ਦੂਜੇ ਚੌਥੇ ਹੁੰਦਾ ਸੀ, “ਕਾਕਾ, ਤੇਰਾ ਪਿਉ ਜਦੋਂ ਤੂੰ ਤਿੰਨ-ਚਾਰ ਕੁ ਸਾਲ ਦਾ ਸੀ, ਚਲੇ ਗਿਆæææਮੇਰੇ ਪੱਲੇ ਪਾ ਕੇæææਇਕ ਵੱਡਾ ਵਿਆਹਿਐ, ਬਾਕੀ ਸਾਰੀ ਕੱਚੀ ਕਬੀਲਦਾਰੀ ਐ। ਦੋ ਤੇਰੀਆਂ ਭੈਣਾਂ ਪੜ੍ਹਦੀਆਂ ਨੇ। ਇਕ ਮਿਲਟਰੀ ‘ਚ ਭਰਤੀ ਹੋ ਗਿਐ, ਦੂਜਾ ਡਮਾਕ ਤੋਂ ਕੋਰਾ, ਇਹ ਸਾਧ ਸੰਤ ਈ ਐ। ਤੀਜਾ ਨੌਵੀਂ ‘ਚੋਂ ਹਟ ਗਿਆ। ਉਹ ਊਂ ਅਲੱਥ ਐ ਤੇ ਰਹਿ ਗਿਆ ਤੂੰ? ਤੇਰਾ ਪਿਉ ਜੋ ਕਹਿ ਗਿਆ ਸੀ, ਉਹ ਬਣੀਂ।”
æææਤੇ ਉਹ ਕਿਵੇਂ ਬਣਨੈਂ, ਉਹਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ। ਗੱਲ ਵਿਚਲੀ ਇਹ ਸੀ ਕਿ ਮੇਰਾ ਦੂਜੇ ਨੰਬਰ ਵਾਲਾ ਭਰਾ ਪੜ੍ਹਨ ਨੂੰ ਜਮਾਂ ਥੋਥਾ ਸੀ। ਉਹਨੇ ਸਕੂਲ ਜਾਣ ਤੋਂ ਅੜਨਾ ਤਾਂ ਪਿਉ ਨੇ ਕੁੱਟਣ ਲੱਗ ਪੈਣਾ। ਬੁੱਢੀ ਦਾਦੀ ਨੇ ਪੋਤੇ ਨੂੰ ਛੁਡਾਉਂਦਿਆਂ ਬਾਪ ਨੂੰ ਉਲਟ ਘੂਰਨਾ, “ਤੂੰ ਕਿਤੇ ਪਟਵਾਰੀ ਲੱਗਾ ਹੋਇਐਂ, ਪਈ ਇਹਨੇ ਉਮਰਸੀਰ (ਓਵਰਸੀਅਰ) ਲੱਗ ਜਾਣਾ।” ਉਨ੍ਹਾਂ ਦਿਨਾਂ ਵਿਚ ਪਟਵਾਰੀ, ਥਾਣੇਦਾਰ ਤੇ ਓਵਰਸੀਅਰ ਦੀ ਬਹੁਤ ਬੱਲੇ-ਬੱਲੇ ਹੁੰਦੀ ਸੀ।æææਤੇ ਜਿਸ ਦਿਨ ਪਿਉ ਦੀ ਮੌਤ ਹੋਈ, ਉਹਨੇ ਵੱਡੇ ਭਰਾ ਨੂੰ ਕੋਲ ਬਿਠਾ ਕੇ ਕਿਹਾ, “ਤੁਸੀਂ ਤਾਂ ਜੋ ਬਣਨਾ ਸੀ, ਬਣ ਗਏæææਇਹ ਛੋਟਾ ਅਸ਼ੋਕ ਐ, ਵੇਖ ਲਿਉ ਜੇ ਕਿਤੇ ਉਮਰਸੀਰ ਲੱਗ ਜਾਏ।” ਬੇਬੇ ਚਾਹੁੰਦੀ ਸੀ, ਮੈਂ ਬਾਪ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਕਰ ਕੇ ਵਿਖਾਵਾਂ ਪਰ ਵੱਡਾ ਭਰਾ ਕਹਿੰਦਾ ਹੁੰਦਾ ਸੀ ਕਿ ਉਮਰਸੀਰ ਐਵੇਂ ਨੀ ਬਣ ਹੁੰਦਾ। ਦਸਵੀਂ ‘ਚੋਂ ਫਸਟ ਡਿਵੀਜ਼ਨ ਆਊ ਤਾਂ ਮਿਲੂ ਦਾਖਲਾ ਉਸ ਕਾਲਜ ਵਿਚ। ਮੇਰੇ ਹਾਲਾਤ ਉਸੇ ਤਰ੍ਹਾਂ ਦੇ ਬਣਦੇ ਜਾ ਰਹੇ ਸਨ ਕਿ ਜਿਵੇਂ ਕਿਸੇ ਲੜਕੀ ਨੇ ਵਿਆਹ ਕਰਵਾਉਣ ਦਾ ਵਾਅਦਾ ਕਿਸੇ ਹੋਰ ਨਾਲ ਕੀਤਾ ਹੋਵੇ ਤੇ ਜੰਞ ਦੇ ਕਿਤਿਉਂ ਹੋਰ ਆਉਣ ਦੀ ਖ਼ਬਰ ਆ ਜਾਵੇ।
ਕੀੜਾ ਤਾਂ ਮੇਰੇ ਦਿਮਾਗ ਵਿਚ ਬੋਲੀਆਂ ਉਹ ਪਾ ਰਿਹਾ ਸੀ ਜਿਹੜਾ ਗਾਇਕੀ ਤੇ ਗਾਇਕਾਂ ਨਾਲ ਠੁਮਕਾ ਲਾਉਣ ਨੂੰ ਕਹੇ। ਇੱਧਰ ਸ਼ਰਤਾਂ ਘਰੋਂ ਲਾਈਆਂ ਜਾ ਰਹੀਆਂ ਸਨ ਕਿ ਦਸਵੀਂ ਪਹਿਲੇ ਨੰਬਰ ‘ਤੇ ਰਹਿ ਕੇ ਪਾਸ ਕਰਨੀ ਆਂ। ਚੱਕੀ ਰਾਹੇ ਦੀ ਚੁੰਝ ਵਿੰਗੀ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਸਨ। ਉਧਰ ਮੈਂ ਭਾਸ਼ਾ ਵਿਭਾਗ ਵੱਲੋਂ ਛਪਦੇ ਦੋ ਰਸਾਲੇ ‘ਪੰਜਾਬੀ ਦੁਨੀਆ’ ਤੇ ‘ਜਨ ਸਾਹਿਤ’ ਡਾਕ ਰਾਹੀਂ ਬੇਬੇ ਤੋਂ ਚਾਰ ਰੁਪਏ ਪੇਪਰਾਂ ਦੀ ਫੀਸ ਦੇ ਬਹਾਨੇ ਸਾਲ ਭਰ ਲਈ ਲੁਆ ਲਏ। ਜਦੋਂ ਪਹਿਲੀਆਂ ਕਾਪੀਆਂ ਘਰੇ ਆਈਆਂ ਤਾਂ ਫੌਜੀ ਭਰਾ ਛੁੱਟੀ ਆਇਆ ਹੋਇਆ ਸੀ। ਬੇਬੇ ਘੱਟ ਤੱਤੀ, ਉਹ ਆਪ ਤਾਂ ਲੋਹਾ ਬਣਿਆ ਫਿਰੇ। ਬੇਬੇ ਨੂੰ ਕਹੇ, “ਬਣਾ ਲਈਂ ਓਵਰਸੀਰ। ਇਸ ਬੰਦੇ ਨੇ ਜਿਹੜੇ ਕੰਮ ਫੜ ਲਏ ਆ, ਚਪੜਾਸੀ ਨ੍ਹੀਂ ਲਗਦਾ।” ਬੇਬੇ ਨੇ ਮਾਰੀ ਚੱਪਲ ਲਾਹ ਕੇ ਕੈਂਚੀ ਵਾਲੀ ਸਿਰ ‘ਚ। ਮਾਂ ਸਾਡੀ ਮਰਦੇ ਦਮ ਤੱਕ ਕੱਬੀ ਬਹੁਤ ਰਹੀ। ਨਾਲੇ ਮੇਰੇ ਮਾਰਿਆ ਕਰੇ, ਨਾਲੇ ਆਖੇ, “ਮਰਨ ਆਲਾ ਇਹਨੂੰ ਉਮਰਸੀਰ ਲਾਉਂਦਾ ਸੀ। ਆਖਰੀ ਸਿਪਾਹੀ ਵੀ ਸੁੱਟ ਗਿਆ ਹਥਿਆਰæææਜਿੱਤਣਾ ਮੈਂ ਸੁਆਹ ਆ।” ਮੈਂ ਬਲੂੰਗੜਾ ਜਿਹਾ ਇੱਦਾਂ ਦੀ ਹਾਲਤ ‘ਚ ਗੁਜ਼ਰ ਰਿਹਾ ਸਾਂ ਜਿਵੇਂ ਕੋਈ ਨੱਚਦੇ ਨੂੰ ਦਬਕਾ ਕੇ ਆਖੇ, “ਰੋ ਕੇ ਵਿਖਾ।”
ਪਿੰਡ ਦਾ ਈ ਇਕ ਮੁੰਡਾ ਹੋਰ ਮੇਰੇ ਨਾਲ ਪੜ੍ਹਦਾ ਸੀ ਹਰਮੇਸ਼, ਕਹਿੰਦੇ ਉਹਨੂੰ ਮੇਸ਼ੀ ਹੀ ਸੀ ਅਸੀਂ। ਹਾਲੇ ਅੱਠਵੀਂ ‘ਚ ਹੋਏ ਈ ਸੀ ਕਿ ਉਹਦੇ ਘਰੇ ਛੋਟਾ ਭਰਾ ਜੰਮ ਪਿਆ। ਸਕੂਲ ਉਹ ਝੋਲੇ ‘ਚੋਂ ਗੁੜ ਦੀ ਭੇਲੀ ਕੱਢ ਕੇ ਕਹਿਣ ਲੱਗਾ, “ਲਉ ਖਾ ਲਉ। ਅਸੀਂ ਹੁਣ ਦੋ ਤੋਂ ਤਿੰਨ ਹੋ ਗਏ ਆਂ।” ਸਾਡੇ ਇਕ-ਦੋ ਮਾਸਟਰਾਂ ਨੇ ਉਹਨੂੰ ਦੋ-ਚਾਰ ਦਿਨ ਛੇੜ ਕੇ ਠਿੱਠ ਵੀ ਬਹੁਤ ਕੀਤਾ। ਉਨ੍ਹਾਂ ਦਿਨਾਂ ਵਿਚ ਸਿਹਤ ਵਿਭਾਗ ਦਾ ਪਹਿਲਾ ਆਬਾਦੀ ਘਟਾਉਣ ਵਾਲਾ ਨਾਅਰਾ ਪੀਲੇ ਰੰਗ ਉਪਰ ਕਾਲੇ ਅੱਖਰਾਂ ਨਾਲ ਫੋਟੋਆਂ ਬਣਾ ਕੇ ਕੰਧਾਂ ਉਪਰ ਲਿਖਿਆ ਹੁੰਦਾ ਸੀ, ‘ਅਗਲਾ ਬੱਚਾ ਅਜੇ ਨਹੀਂ, ਤਿੰਨ ਤੋਂ ਬਾਅਦ ਕਦੇ ਨਹੀਂ।’ ਮਾਸਟਰਾਂ ਨੇ ਕਹਿਣਾ, “ਮੇਸ਼ੀ, ਆਪਣੇ ਭਾਪੇ ਨੂੰ ਪੜ੍ਹ ਕੇ ਸੁਣਾਵੀਂ” ਪਰ ਵਿਚਾਰੇ ਨੇ ਸੁਣਾਇਆ ਤਾਂ ਉਹਨੂੰ ਇਕ-ਦੋ ਵਾਰ ਮੇਰੇ ਸਾਹਮਣੇ ਵੀ, ਪਰ ਦੇਖਾ-ਦੇਖੀ ਮੇਸ਼ੀ ਤੋਂ ਬਾਅਦ ਚਾਰ ਜੀਅ ਧੱਕੇ ਨਾਲ ਸਾਲ ਡੂਢ ਸਾਲ ਦੇ ਫਰਕ ਨਾਲ ਹੋਰ ਆ ਗਏ।
ਲੋਹੜੀ ਆਈ ਤਾਂ ਮੇਸ਼ੀ ਕਹਿੰਦਾ, “ਸਾਡੇ ਘਰੇ ਛੋਟੇ ਭਰਾ ਦੀ ਲੋਹੜੀ ਪੈਣੀ ਆਂ। ਟਿੰਡ ਵਜਾਉਣ ਲਈ ਬਿੱਕਰ ਨੂੰ ਨਾਲ ਰਲਾ ਲੈਨੇ ਆਂ, ਆਪਾਂ ਦੋਵੇਂ ਗਾ ਕੇ ਨੱਚਾਂਗੇ। ਦੋ ਰੁਪਏ ਤਾਂ ਮੈਂ ਪੱਕੇ ਆਪਣੇ ਭਾਪੇ ਤੋਂ ਲੈ ਦਊਂ। ਬੱਕਲੀਆਂ ਦੋ ਦਿਨ ਖਾਵਾਂਗੇ ਤੇ ਦਾਣੇ ਵੇਚਾਂਗੇ।” ਮੈਨੂੰ ਗੱਲ ਸੁੱਝ ਗਈ। ਮੈਂ ਕਿਹਾ, “ਮੇਸ਼ੀ ਮੈ ਗਾਣਾ ਲਿਖੂੰਗਾ ਲੋਹੜੀ ‘ਤੇ, ਉਹ ਗਾਵਾਂਗੇ।” ਉਹਨੇ ਮੈਨੂੰ ਡਰਾ ਦਿੱਤਾ, ਆਂਹਦਾ, “ਇਹ ਤਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਆæææ।”
ਮੈਂ ਵੀ ਪੈ ਗਿਆ, ‘ਬਈ ਕੰਜਰ ਦਿਆ, ਆਪਾਂ ਕਿਤੇ ਰਕਾਟ ਭਰਾਉਣੈ।’ ਲੋਹੜੀ ਤਾਂ ਅਸੀਂ ਮੰਗ ਕੇ ਤੇਈ ਰੁਪਏ ਬਣਾ ਲਏ। ਮੇਰੇ ਗਾਣੇ ਦੀ ਚਰਚਾ ਅਗਲੇ ਦਿਨ ਮਾਹਿਲ ਗਹਿਲਾਂ ਦੇ ਹਾਈ ਸਕੂਲ ਵਿਚ ਪੁੱਜ ਗਈ। ਗੀਤ ਮੈਨੂੰ ਪੂਰਾ ਤਾਂ ਯਾਦ ਨ੍ਹੀਂ, ਮੇਸ਼ੀ ਦੇ ਪੇ ਦਾ ਨਾਂ ਸੀ ਕਰਤਾਰਾ। ਕੱਚੀ ਉਮਰ ਦੇ ਗੀਤ ਦਾ ਮੁਖੜਾ, ਪਰ ਵਜ਼ਨ ਤੋਲ ਪੂਰਾæææ
ਸਰਨੇ ਦੀ ਸੂਈ ਬੱਕਰੀ
ਕਰਤਾਰੇ ਦੇ ਜੰਮ ਪਿਆ ਮੁੰਡਾ
ਬਚਨੀਏ ਬੱਸ ਨਾ ਕਰੀਂ
ਨਾ ਹੀ ਭੁੱਲ ਕੇ ਮਾਰ ਲਈ ਕੁੰਡਾ।
ਸਕੂਲ ਮਾਸਟਰ ਮੰਗਤ ਰਾਮ ਨੇ ਸਮਾਜਕ ਵਿਗਿਆਨ ਦੇ ਪੀਰੀਅਡ ‘ਚ ਟਿੰਡ ਮੰਗਾ ਲਈ ਘਰੋਂ, ਕਿਉਂਕਿ ਸਾਰੇ ਪਿੰਡ ਦੇ ਮੁੰਡਿਆਂ ਨੇ ਸਾਡੇ ਗੀਤ ਅਤੇ ਲੋਹੜੀ ਮੰਗਣ ਦਾ ਪਾਜ ਖੋਲ੍ਹ ਦਿੱਤਾ ਸੀ। ਮੰਗਤ ਰਾਮ ਨੇ ਪਹਿਲਾਂ ਤਾਂ ਸਾਥੋਂ ਨਚਾ ਕੇ ਉਸੇ ਟਿੰਡ ਨਾਲ ਸੁਣਿਆ, ਉਹੀ ਗੀਤ। ਫਿਰ ਫੜਾ ਲਏ ਕੰਨ। ਅਖੇ, “ਵੱਡਾ ਚਮਨ ਲਾਲ ਸ਼ੁਗਲ। ਗਾਣੇ ਲਿਖਣ ਦਾ ਲਗਦਾæææਬੜਾ ਸੋਹਣਾ ਪੜ੍ਹਦੇæææਦਿਮਾਗ ਖ਼ਰਾਬ ਹੋ ਗਿਆ ਕੁੱਤੇ ਦਾ।” ਜ਼ਿੰਦਗੀ ਵਿਚ ਕਲਾਸ ਤੇ ਕੁੜੀਆਂ ਸਾਹਮਣੇ ਉਸ ਦਿਨ ਪਹਿਲੀ ਵਾਰ ਲੱਥੀ ਸੀ, ਪਰ ਮੇਰੀਆਂ ਇਨ੍ਹਾਂ ਪੁੱਠੀਆਂ ਆਦਤਾਂ ਨੂੰ ਫਰਕ ਪੈਣ ਦੀ ਥਾਂ ਸਕੂਲੋਂ ਹੀ ਮੈਨੂੰ ਹੋਰ ਮਾਸਟਰਾਂ ਨੂੰ ਮੰਗਤ ਰਾਮ ਵੱਲੋਂ ਮੇਰੀਆਂ ਸਿਫ਼ਤਾਂ ਵੀ ਪਤਾ ਲੱਗ ਗਈਆਂ ਸਨ, ‘ਗੀਤ ਤਾਂ ਕੰਜਰ ਨੇ ਪੁੱਠਾ-ਸਿੱਧਾ ਈ ਲਿਖਿਆ, ਜਿਵੇਂ ਪਰਿਵਾਰ ਨਿਯੋਜਨ ਦਾ ਵਿਰੋਧੀ ਹੋਵੇ, ਪਰ ਊਂ ਲਿਖਿਆ ਚੰਗਾ।’ ਇਸ ਅਸਿੱਧੀ ਹੱਲਾਸ਼ੇਰੀ ਨਾਲ ਮੈਨੂੰ ਚੰਗਾ ਲਿਖਣ ਦੀ ਅਕਲ ਨਾ ਵੀ ਆਈ ਹੋਵੇ, ਵੱਖਰੀ ਗੱਲ ਹੈ ਪਰ ਇਹ ਸਰਟੀਫਿਕੇਟ ਜ਼ਰੂਰ ਮਿਲ ਗਿਆ ਸੀ, ਪਈ ਮਿੱਤਰਾ ਹੁਣ ਹਟੀਂ ਨਾ।
ਇਸ ਘਟਨਾ ਤੋਂ ਤੁਰੰਤ ਬਾਅਦ ਮੇਰੇ ਹੱਕ ਵਿਚ ਅਜਿਹੀਆਂ ਵੋਟਾਂ ਪੈਣ ਲੱਗੀਆਂ, ਜਿਵੇਂ ਚੋਣਾਂ ਵਿਚ ਪਾਰਟੀਆਂ ਦੇ ਉਮੀਦਵਾਰ ਪਛੜ ਗਏ ਹੋਣ ਤੇ ਲੀਡ ਆਜ਼ਾਦ ਉਮੀਦਵਾਰ ਦੀ ਬਣ ਗਈ ਹੋਵੇ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਪੰਨੇ ‘ਤੇ ਇਕ ਕਾਲਮ ਰੋਜ਼ਾਨਾ ਛਪਦਾ ਹੁੰਦਾ ਸੀ ‘ਪਿੰਡਾਂ ਵਿਚੋਂ ਪਿੰਡ ਸੁਣੀਂਦਾ’। ਇਹਦੇ ਵਿਚ ਜਦੋਂ ਮੇਰੇ ਪਿੰਡ ਭੌਰਾ ਬਾਰੇ ਛਪਿਆ ਤਾਂ ਲਿਖਣ ਵਾਲੇ ਨੇ ਇਕ ਸਤਰ ਇਹ ਵੀ ਲਿਖੀ ਹੋਈ ਸੀ ਮੇਰੇ ਬਾਰੇ, ਕਿ ਇਥੋਂ ਦਾ ਇਕ ਨੌਜਵਾਨ ਗੀਤ ਵੀ ਲਿਖਦਾ ਤੇ ਨਿੱਕੀਆਂ ਕਹਾਣੀਆਂ ਵੀ। ਪਿੰਡ ਦਾ ਜਿਹੜਾ ਬੰਦਾ ਇਹ ਹਿਸਟਰੀ ਲਿਖਾਉਣ ਵਾਲਾ ਸੀ, ਉਹਦੇ ਮੁੰਡੇ ਦੀ ਲੋਹੜੀ ‘ਤੇ ਮੈਂ ਤੇ ਮੇਸ਼ੀ ਨੱਚ ਕੇ ਆਏ ਸਾਂ। ਉਹਨੇ ਮੈਨੂੰ ਪੁੱਛਿਆ ਸੀ ਕਿ ਬਚਨੀ-ਕਰਤਾਰੇ ਦਾ ਗੀਤ ਕੀਹਨੇ ਲਿਖਿਆ। ਜਦੋਂ ਮੈਂ ਦੱਸਿਆ ਕਿ ਇਹ ਮੈਂ ਹੀ ਲਿਖਿਆ ਹੈ, ਤਾਂ ਉਹਨੇ ਮੇਰਾ ਨਾਂ ਅਖ਼ਬਾਰ ‘ਚ ਲਿਖਾ’ਤਾ। ਨਿੱਕੀਆਂ ਕਹਾਣੀਆਂ ਦੀ ਗੱਲ ਉਹਨੇ ਕੋਲੋਂ ਜੋੜ ਲਈ ਸੀ। ਅਜਿਹਾ ਹੋਣ ਨਾਲ ਪਿੰਡ ਤੇ ਸਕੂਲ ਵਿਚ ਕਿਤੇ-ਕਿਤੇ ਇਹ ਚਰਚਾ ਹੋਣ ਲੱਗ ਪਈ ਸੀ, “ਇਹ ਛੋਕਰਾ ਜਿਹਾ ਕੁਝ ਹੈਗਾ।”
æææਤੇ 1978 ਵਿਚ ਮੈਂ ਪਿੰਡ ਦੇ ਨਿੱਕੇ ਜਿਹੇ ਫੁੱਟਬਾਲ ਖਿਡਾਰੀ ਬਾਰੇ ਬੱਚਿਆਂ ਵਰਗੀ ਅਕਲ ਨਾਲ ਝੂਠੀਆਂ-ਮੂਠੀਆਂ ਗੱਲਾਂ ਬਣਾ ਕੇ ਲੇਖ ‘ਅਜੀਤ’ ਤੇ ‘ਜੱਗਬਾਣੀ’ ਨੂੰ ਛਪਣ ਲਈ ਭੇਜ ਦਿੱਤਾ। ਉਹ ‘ਅਜੀਤ’ ਨੇ ਤਾਂ ਨਾ ਛਾਪਿਆ ਪਰ ‘ਜੱਗ ਬਾਣੀ’ ਨੇ ਛਾਪ ਦਿੱਤਾ, ਖਬਰਾਂ ਵਾਲੇ ਪੰਨੇ ‘ਤੇ। ਹਾਲਾਤ ਇੱਦਾਂ ਬਣ ਗਏ ਜਿਵੇਂ ਕੋਈ ਪਸ਼ੂ ਬਿਨਾਂ ਨਵੇਂ ਦੁੱਧ ਹੋਇਆਂ ਦੁੱਧ ਦੇਣ ਲੱਗ ਪਿਆ ਹੋਵੇ। ਨਾ ਦਾੜ੍ਹੀ ਨਾ ਮੁੱਛਾਂ ਪਰ ਲੋਕਾਂ ‘ਚ ਮੇਰਾ ਨਾਂ ਪਛਾਣ ਵਾਲਾ ਬਣ ਰਿਹਾ ਸੀ।
ਉਨ੍ਹਾਂ ਦਿਨਾਂ ਵਿਚ ਲੁਧਿਆਣੇ ਤੋਂ ਬਾਅਦ ਸਾਡੇ ਲਾਗਲੇ ਸ਼ਹਿਰ ਬੰਗਾ ਵਿਚ ਦੋ-ਗਾਣਾ ਜੋੜੀ ਦਾ ਨਾਂ ਬੜਾ ਉਭਰ ਕੇ ਸਾਹਮਣੇ ਆਇਆ ਸੀ-ਸਤਨਾਮ ਸਿੰਘ ਚੰਗਿਆੜਾ ਤੇ ਬਲਵਿੰਦਰ ਕੌਰ ਬਿੰਦੂ। ਇਹ ਮੈਂ ਉਸੇ ਚੰਗਿਆੜੇ ਦੀ ਗੱਲ ਕਰ ਰਿਹਾ ਹਾਂ ਜੋ ਬੱਕਰੀ ਬਾਰੇ ਲਿਖੇ ਗੀਤ ਕਰ ਕੇ ਬਦਨਾਮ ਵੀ ਹੋਇਆ ਸੀ ਤੇ ਬੰਗਿਆਂ ਦੇ ਹੀ ਇੰਦਰਮੋਹਨ ਸੋਢੀ ਦੇ ਲਿਖੇ ਗੀਤ ‘ਜੀਤਾਂ ਪੀ ਲਈਂ ਪਾਣੀ ਵਾਰ ਕੇ, ਮੈਂ ਇਹੋ ਜਿਹੇ ਪੁੱਤ ਨੇ ਵਿਆਹੁਣੇ’ ਵਰਗੇ ਧਾਰਮਿਕ ਗੀਤ ਨਾਲ ਚਰਚਿਤ ਤੇ ਸਤਿਕਾਰ ‘ਚ ਵੀ ਅੱਗੇ ਨਿਕਲਿਆ ਸੀ। ਅੱਜਕੱਲ੍ਹ ਨਿਊ ਯਾਰਕ ਵਸਦਾ ਰੇਸ਼ਮ ਸਿੰਘ ਰੇਸ਼ਮ ਤੇ ਉਹਦੀ ਗਾਇਕਾ ਪਤਨੀ ਬਲਬੀਰ ਕੌਰ ਜੱਟੀ ਉਦੋਂ ਚੰਗਿਆੜੇ ਨੇ ਹੀ ਲੋਕਾਂ ਦੀ ਪਛਾਣ ਵਿਚ ਲਿਆਂਦੇ ਸਨ। ਮੈਂ ਉਸੇ ਸਤਨਾਮ ਚੰਗਿਆੜੇ ਦੀ ਗੱਲ ਕਰ ਰਿਹਾ ਹਾਂ ਜੋ ਲੁਧਿਆਣੇ ਦੇ ਇਕ ਪਿੰਡ ਵਿਚ ਫਿਰ ਤਾਂਤਰਿਕ ਬਣ ਕੇ ਵੱਡੇ-ਵੱਡੇ ਲੋਕਾਂ ਤੇ ਅਫ਼ਸਰਾਂ ਦੇ ਅੱਖੀਂ ਘੱਟਾ ਪਾ ਕੇ ਬਹੁਤ ਸਾਲ ਲੁੱਟਦਾ ਰਿਹਾ। ਚੰਗਿਆੜਾ ਹੁਣ ਖ਼ੈਰ ‘ਹੈ’ ਤੋਂ ‘ਸੀ’ ਬਣ ਚੁੱਕਾ ਹੈ ਤੇ ਸਾਡੇ ਦਰਮਿਆਨ ਨਹੀਂ, ਪਰ ਮੇਰੀ ਜ਼ਿੰਦਗੀ ਵਿਚ ਗਾਇਕੀ ਨਾਲ ਤੇਹ ਪਾਲਣ ਤੇ ਫਿਰ ਤੱਤੇ ਗੀਤਾਂ ਨਾਲ ਚਰਚਿਤ ਤੇ ਮਸ਼ਹੂਰ ਹੋਣ ਦੀ ਆਰ ਉਸ ਨੇ ਜ਼ਰੂਰੀ ਲਾਈ।
ਸਾਡੇ ਪਿੰਡ ‘ਚ ਚੰਗਿਆੜਾ ਤੇ ਬਿੰਦੂ ਕਈ ਵਾਰ ਗਾਉਣ ਆਏ। ਬਿੰਦੂ ਭਾਵੇਂ ਬਾਅਦ ਵਿਚ ਬੀੜੀਆਂ ਪੀ ਕੇ ਮਰੀ ਹੋਵੇ ਪਰ ਕਿਸੇ ਵੇਲੇ ਉਹ ਰਣਜੀਤ ਕੌਰ ਵਾਂਗ ਰੱਜ ਕੇ ਸੁਨੱਖੀ ਸੀ। ਬਿੰਦੂ ਨੂੰ ਵੇਖ ਕੇ ਵੀ ਪਿੰਡ ਦੇ ਕਈ ਬੰਦੇ ਉਸੇ ‘ਬੋਲੇ’ ਬਾਰੇ ਕਿਹਾ ਕਰਦੇ ਸਨ ਜਿਸ ਦਾ ਜ਼ਿਕਰ ਮੈਂ ਪਹਿਲਾਂ ਕੀਤਾ ਸੀ, ਪਈ ਜੇ ਕਿਤੇ ਬੋਲਾ ਹੁਣ ਜਿਉਂਦਾ ਹੁੰਦਾ ਤਾਂ ਉਹਨੇ ਇਕ ਵਾਰ ਫੇਰ ਸ਼ੁਦਾਈ ਹੋ ਜਾਣਾ ਸੀ, ਬਿੰਦੂ ਨੂੰ ਵੇਖ ਕੇ।
ਨੌਵੀਂ ‘ਚ ਪੜ੍ਹਦੇ ਦਾ ਮੇਰਾ ਮਨ ਤਿਲਕ ਗਿਆ, ਜਿਵੇਂ ਨਸਲੀ ਕੁੱਤਾ ਵੀ ਹੱਡਾ ਰੋੜੀ ਅੱਗੇ ਦੀਨ-ਇਮਾਨ ਖੋ ਬੈਠਦਾ ਹੈ। ਇੰਨੀ ਕੁ ਉਮਰ ਵਿਚ ਕੀਹਨੂੰ ਚੇਤਾ ਹੁੰਦਾ ਹੈ ਕਿ ਸਾਹਿਤ ਵੀ ਕਿਸੇ ਸ਼ੈਅ ਦਾ ਨਾਂ ਹੈ ਜਾਂ ਇਖਲਾਕ ਤੇ ਸਮਾਜਕ ਕਦਰਾਂ-ਕੀਮਤਾਂ ਵੀ ਕੁਝ ਹੁੰਦੀਆਂ ਹਨ। ਅਖ਼ਬਾਰਾਂ ਵਿਚ ਮੈਂ ਮਹੀਨੇ ‘ਚ ਉਨ੍ਹਾਂ ਦਿਨਾਂ ‘ਚ ਦੋ ਕੁ ਵਾਰ ਛਪ ਜਾਂਦਾ ਸੀ, ਜਦੋਂ ਨਿੱਕਰ ਦੇ ਨਾਲੇ ਨੂੰ ਗੰਢ ਦੇਣੀ ਵੀ ਮਸਾਂ-ਮਸਾਂ ਆਈ ਹੁੰਦੀ ਐ। ਚੰਗਿਆੜਾ ਸਾਡੇ ਪਿੰਡ ਆਇਆ, ਅਖਾੜਾ ਮਘਿਆ ਪਿਆ ਸੀ। ਐਵੇਂ ਗੱਲ ਬਣਾ ਕੇ ਕਹਿਣ ਲੱਗਾ, ‘ਅਸ਼ੋਕ ਮੁੰਡਾ ਇਸੇ ਪਿੰਡ ਦਾ ਜਿਹੜਾ ਗਾਣੇ ਵੀ ਲਿਖਦੈ ਤੇ ਅਖ਼ਬਾਰਾਂ ‘ਚ ਵੀ ਲਿਖਦੈ, ਇਕ ਰੁਪਿਆ ਇਨਾਮ ਦਿੰਦੈ ਬਹੁਤ-ਬਹੁਤ ਸ਼ੁਕਰੀਆ।’
æææਤੇ ਮੈਂ ਸਟੇਜ ਅੱਗੇ ਪਹਿਲੀ ਕਤਾਰ ਵਿਚ ਨਿਆਣਿਆਂ ‘ਚ ਬੈਠਾ ਸਾਂ। ਸੁਣ ਕੇ ਸੁੰਨ ਜਿਹਾ ਹੋ ਗਿਆ ਕਿ ਚੰਗਿਆੜੇ ਨੇ ਮੇਰਾ ਨਾਂ ਲੈ’ਤਾ। ਉਦੋਂ ਚੰਗਿਆੜਾ ਹੀ ਮੈਨੂੰ ਗੁਰਦਾਸ ਮਾਨ ਲੱਗ ਰਿਹਾ ਸੀ। ਪਿੰਡ ਦੇ ਲੋਕਾਂ ਵਿਚ ਅਗਲੇ ਦਿਨੀਂ ਕਾਨਾਫੂਸੀ ਹੋਣ ਲੱਗ ਪਈ ਸੀ, ‘ਇਹ ਅਸ਼ੋਕ ਭਲਾ ਕੀਹਦਾ ਮੁੰਡਾ ਆ, ਕਿਨ੍ਹਾਂ ‘ਚੋਂ ਆ। ਇਹ ਕਿਹੜਾ ਮਾਨ ਮਰਾੜਾਂ ਵਾਲਾ ਜੰਮ ਪਿਆ ਪਿੰਡ ‘ਚ।’
ਉਂਜ ਫਾਂਟਾਂ ਵਾਲਾ ਪਜਾਮਾ ਮੇਰੀ ਪਛਾਣ ਸੀ। ਖਾਕੀ ਪਜਾਮੇ ਤੇ ਚਿੱਟੀ ਕਮੀਜ਼ ਵਿਚ ਬਸਤਾ ਚੁੱਕੀ ਸਕੂਲ ਜਾਂਦੇ ਨੂੰ ਕਈ ਕਹਿ ਦਿੰਦੇ ਸਨ, ‘ਆਹ ਐ ਬਈ ਉਹ ਮੁੰਡਾ। ਸਿਰ ਤਾਂ ਹਾਲੇ ਇਹਦਾ ਗਿੱਲਾ ਹੀ ਐ, ਪਰ ਗੱਲ ਕੁਝ ਖਾਸ ਵੀ ਹੈ।’ ਇਕ ਦਿਨ ਮੈਂ ਹੌਸਲਾ ਕਰ ਕੇ ਕਾਗ਼ਜ਼ ਦੇ ਦੋਹੀਂ ਪਾਸੀਂ ਗੀਤ ਲਿਖ ਕੇ ਪਿੰਡ ਦੇ ਰੁਲਦੂ ਅਮਲੀ ਨੂੰ ਨਾਲ ਲੈ ਕੇ ਚੰਗਿਆੜੇ ਕੋਲ ਚਲਾ ਗਿਆ। ਉਦੋਂ ਮੇਰਾ ਮਤਲਬ ਤਾਂ ਬੇਰ ਖਾਣ ਨਾਲ ਸੀ, ਗਿਟਕਾਂ ਗਿਣਨ ਨਾਲ ਨਹੀਂ। ਚੰਗਿਆੜਾ ਆਂਹਦੈ, ‘ਗੀਤ ਤਾਂ ਠੀਕ ਲਿਖਦੈਂ, ਥੋੜ੍ਹੇ ਠੰਢੇ ਆ। ਹੋਰ ਚੱਕ ਥੋੜ੍ਹੇ ਜਿਹੇ।’ ਹੁਣ ਮੈਂ ਉਨ੍ਹਾਂ ਗੀਤਾਂ ਬਾਰੇ ਸੋਚ ਕੇ ਬਹੁਤ ਵਾਰ ਮੱਥੇ ‘ਤੇ ਹੱਥ ਮਾਰਦਾਂæææਲੋਕ ਜੁੱਤੀਆਂ ਲਾਹ ਕੇ ਤਾਂ ਖੜ੍ਹੇ ਸੀ, ਬੱਸ ਮਾਰਨ ਦੀ ਕਸਰ ਰਹਿ ਗਈ ਸੀ। ਇਕ ਗੀਤ ਤਾਂ ਮੈਨੂੰ ਯਾਦ ਨਹੀਂ, ਇਕ ਦੀਆਂ ਦੋ ਕੁ ਸਤਰਾਂ ਚੇਤੇ ‘ਚ ਕੁਰਲਾਉਂਦੀਆਂ ਰਹਿੰਦੀਆਂ ਨੇ:
ਸੁਣ ਲੰਬੜਾਂ ਦੀਏ ਕੁੜੀਏ
ਹੁਣ ਤੂੰ ਯਾਰੀ ਲਾ ਲੈ ਨੀ
ਪਾ ਕੇ ਦੋਵੇਂ ਬਾਹਾਂ
ਗਲ ਦਾ ਹਾਰ ਬਣਾ ਲੈ ਨੀ
ਵੀਰ ਤੇਰੇ ਦੀਆਂ ਦੋਵੇਂ ਬਾਹਾਂ
ਦਿੱਤੀਆਂ ਭੰਨ ਜਦੋਂ
ਧੱਕੇ ਨਾਲ ਮੈਂ ਲੈ ਜੂੰ
ਫੇਰ ਬਣਾ ਕੇ ਰੰਨ ਜਦੋਂæææ।
ਉਦੋਂ ਤਾਂ ਮੈਨੂੰ ਇੱਦਾਂ ਲੱਗਿਆ, ਜਿਵੇਂ ਲੈਚੀਆਂ ਦੇ ਬਾਗ ‘ਚੋਂ ਆਇਆ ਹੋਵਾਂ ਪਰ ਮਹੀਨੇ ਕੁ ਪਿੱਛੋਂ ਰੁਲਦੂ ਨੇ ਜਦੋਂ ਛੁੱਟੀ ਆਏ ਫੌਜੀ ਭਾਈ ਨੂੰ ਦੱਸਿਆ ਕਿ ਮੁੰਡਾ ਥੋਡਾ ਥੋੜ੍ਹੇ ਹੋਰ ਚੱਕਵੇਂ ਗੀਤ ਲਿਖ ਦੇਵੇ ਤਾਂ ਦੇਖਿਓ ਗੱਲ ਬਣਦੀæææ। ਉਹਨੇ ਕੀਤੀ ਤਾਂ ਮੇਰੀ ਵਡਿਆਈ ਪਰ ਸੁੱਟ ਗਿਆ ਮਿਰਚਾਂ ਅੱਗ ਵਿਚ।
ਇੰਜੀਨੀਅਰ ਜਾਂ ਓਵਰਸੀਰ ਬਣਾਉਂਦੇ ਘਰ ‘ਚੋਂ ਲਫ਼ਜ਼ਾਂ ਦਾ ਸੇਕ ਨਿਕਲਦਾ ਦੇਖੋ। ਬੋਲ ਸਨ, ‘ਇਹ ਬੰਨੂੰ ਪਿਉ ਦੇ ਸਿਰ ‘ਤੇ ਤੁਰਲੇ ਵਾਲੀ ਪੱਗ਼ææਕੰਜਰਖਾਨਾ ਖੋਲ੍ਹ ਲਿਆ ਕੰਜਰ ਨੇæææਇਹਤੋਂ ਆਸਾਂ ਲਾਈ ਬੈਠੇ ਸਾਂæææਬੇੜੀ ਕਿਥੇ ਪਾਰ ਲੱਗਣੀ ਸੀ ਇਹਨੇ ਤਾਂ ਚੱਪੂ ਹੀ ਪਹਿਲਾਂ ਰੋੜ੍ਹ’ਤੇ।’
ਅਨਪੜ੍ਹ ਮਾਂ ਨੂੰ ਦੇਰ-ਸਵੇਰ ਜਿਵੇਂ ਵੀ ਪਤਾ ਲੱਗਾ, ਉਹਦਾ ਭਾਸ਼ਣ ਸੀ, “ਮਰਨ ਵਾਲਾ ਆਂਹਦਾ ਸੀ ਇਹ ਮੈਨੂੰ ਬਾਕੀਆਂ ਨਾਲੋਂ ਖਾਸ ਲੱਗਦੈæææਜਿਉਂਦਾ ਹੁੰਦਾ ਤਾਂ ਵੇਖਦਾ ਖਾਸ਼ææਸਿਰ ਸੁਆਹ ਇਹਦੇæææਸਾਡੇ ਤਾਂ ਪਿੰਡ ‘ਚ ਨਾ ਕੋਈ ਮਰਾਸੀ, ਨਾ ਨਕਲੀਆ, ਨਾ ਅੱਗ ਲੱਗਣੇ ਵਾਰੇ-ਸ਼ਾਹ ਦਾ ਕੋਈ ਚੇਲਾæææ।” ਤੇ ਮਾਂ ਦੇ ਇਕ ਸ਼ਬਦ ਦੇ ਅਰਥ ਬਦਲ ਕੇ ਮੈਂ ਮਾਂ ਨੂੰ ਮਰਨ ਤੋਂ ਪਹਿਲਾਂ ਯਾਦ ਕਰਾ ਦਿੱਤੇ ਸਨ ਕਿ ਬੇਬੇ ਤੂੰ ਕਿਹਾ ਕਰਦੀ ਸੀ, ‘ਮਾਸਾਂ ‘ਚ ਗਦੂਤਾਂ ਵੀ ਹੁੰਦੀਆਂ ਨੇ, ਪਰ ਕਿਸੇ-ਕਿਸੇ ਮਾਸ ‘ਚ ਨਹੀਂ ਹੁੰਦੀਆਂ।’
ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ‘ਅਜੀਤ’ ਵਿਚ ਲੇਖ, ‘ਜੱਗਬਾਣੀ’ ਤੇ ‘ਪੰਜਾਬੀ ਟ੍ਰਿਬਿਊਨ’ ਵਿਚ ਵੱਡੀਆਂ ਕਹਾਣੀਆਂ ਲਿਖਣ ਲੱਗ ਪਿਆ ਸਾਂ, ਪਰ ਮੇਰੇ ਮਨ ‘ਚੋਂ ਇਹ ਉਲ-ਜਲੂਲ ਤੇ ਪੁੱਠੇ-ਸਿੱਧੇ ਗੀਤ ਲਿਖਣ ਦਾ ਜਮ ਹੱਥ ਖੜ੍ਹੇ ਨਹੀਂ ਕਰਦਾ ਸੀ।
ਦਸਵੀਂ ‘ਚ ਪੜ੍ਹਦੇ ਦੀਆਂ ਦੋ ਘਟਨਾਵਾਂ ਮੇਰੇ ਲਈ ਅਤਿ ਖ਼ਤਰਨਾਕ ਦੁਰਘਟਨਾਵਾਂ ਵਰਗੀਆਂ ਸਨ। ਪਹਿਲੀ ਇਹ ਕਿ ਸਾਡੇ ਹਲਕੇ ਦਾ ਕਵੀ ਦੀਪ ਕਲੇਰ ਮੈਨੂੰ ਗੜ੍ਹਸ਼ੰਕਰ ਰੇਲਵੇ ਸਟੇਸ਼ਨ ‘ਤੇ ਰਾਤ ਵੇਲੇ ਸੱਦਾ ਦੇ ਗਿਆ ਕਵੀ ਦਰਬਾਰ ਦਾ। ਸਟੇਸ਼ਨ ਮਾਸਟਰ ਹੁੰਦਾ ਸੀ ਕੱਚਾ ਪਿੱਲਾ ਕਵੀ ਸ੍ਰੀ ਪਰਦੇਸੀ। ਮੈਂ ਰਾਤ ਨੂੰ ਸਾਈਕਲ ‘ਤੇ ਬੜੇ ਚਾਅ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਨੂੰ ਨਾਲ ਲੈ ਕੇ ਗਿਆ। ਅਸਲ ਵਿਚ ਕਵੀ ਦਰਬਾਰ ਕੁਝ ਨਹੀਂ ਸੀ, ਦਾਰੂ-ਦਰਬਾਰ ਸੀ। ਚਾਰ-ਪੰਜ ਜਣਿਆਂ ਨੇ ਬਾਲਟੀ ‘ਚ ਦੋ-ਤਿੰਨ ਬੋਤਲਾਂ ਪਾਈਆਂ। ਬਰਫ ਦਾ ਡਲਾ ਸੁੱਟਿਆ ਤੇ ਜ਼ਿੰਦਗੀ ‘ਚ ਪਹਿਲੀ ਵਾਰ ਰੱਜ ਕੇ ਮੈਨੂੰ ਦਾਰੂ ਪਿਆ’ਤੀ। ਗਰਮੀਆਂ ਦੇ ਦਿਨ। ਰਾਹ ਵਿਚ ਖੇਤਾਂ ‘ਚ ਪਖਾਨੇ ਗਿਆ, ਝੋਨਾ ਲਾਉਣ ਲਈ ਕੀਤੇ ਕੱਦੂ ‘ਚ ਫਸ ਗਿਆ। ਮਸੀਂ ਉਸ ਰਿਸ਼ਤੇਦਾਰ ਮੁੰਡੇ ਨੇ ਤੜਕੇ ਤਕ ਖਿੱਚ ਕੇ ਅਮਲੀਆਂ ਨੇ ਜਿਵੇਂ ਖੂਹ ਛਾਵੇਂ ਕੀਤਾ ਹੁੰਦਾ, ਮੈਨੂੰ ਬਾਹਰ ਕੱਢਿਆ। ਘਰ ਪੁੱਜੇ ਤਾਂ ਮਾਂ ਨੇ ਮੂੰਹ ਭੰਨ’ਤਾ, ਪਈ ਤੂੰ ਕਰੂੰਗਾ ਪਿਉ ਦਾ ਨਾਂ ਰੌਸ਼ਨ, ਦਾਰੂ ਡੱਫ ਕੇ। ਸੱਤ-ਅੱਠ ਚਪਲਾਂ ਮਾਰੀਆਂ ਸਿਰ ‘ਚ। ਉਦੋਂ ਮੇਰੇ ਭਰਾਵਾਂ ਤੇ ਮਾਂ ਦਾ ਵਿਸ਼ਵਾਸ ਪੱਕਾ ਹੋ ਗਿਆ ਸੀ ਕਿ ਇਹਨੇ ਨ੍ਹੀਂ ਪੜ੍ਹਨਾ ਹੁਣ, ਕੰਜਰਾਂ ‘ਚ ਰਲੂ ਪੱਕਾ।
ਦੂਜੀ ਕਪਾਲ ‘ਚ ਇਹ ਪਈ ਕਿ ਭਾਸ਼ਾ ਵਿਭਾਗ ਨੇ ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਬੀæਐਡæ ਕਾਲਜ ਵਿਚ ਸਮਾਗਮ ਰੱਖਿਆ ਸੀ ‘ਜ਼ਿਲ੍ਹਾ ਜਲੰਧਰ ਦੀ ਪੰਜਾਬੀ ਸਾਹਿਤ ਨੂੰ ਦੇਣ’। ਈਸ਼ਰ ਸਿੰਘ ਅਟਾਰੀ ਨੇ ਨਿੱਕਾ ਜਿਹਾ ਕਿਤਾਬਚਾ ਲਿਖਿਆ ਸੀ ਤੇ ਮੁੱਖ ਮਹਿਮਾਨ ਸਨ ‘ਅਜੀਤ’ ਦੇ ਬਾਨੀ ਡਾæ ਸਾਧੂ ਸਿੰਘ ਹਮਦਰਦ। ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਅਜੀਤ ਸਿੰਘ ਕੱਕੜ ਆਪ ਹਾਜ਼ਰ ਸਨ। ਮੈਨੂੰ ਸੱਦਾ ਪੱਤਰ ਆਉਣ ਜਾਣ ਦੇ ਕਿਰਾਏ-ਭਾੜੇ ਆਲਾ ਸੀ ਤੇ ਕਈਆਂ ਕੋਲ ਸਾਧਾਰਨ ਸੱਦਾ ਪੱਤਰ ਹੀ ਸਨ। ਗੇਟ ‘ਤੇ ਆਏ ਤਾਂ ਮੈਨੂੰ ਪੰਜਾਹ ਰੁਪਏ ਮਿਲੇ। ਦੀਪ ਕਲੇਰ, ਗੁਰਦਿਆਲ ਦਲਾਲ, ਮੋਹਣ ਦੋਸਾਂਝਵੀ ਮੇਰੇ ਬਚਪਨ ਉਤੇ ਇੱਲ੍ਹਾਂ ਵਾਂਗ ਪੈ ਗਏ। ਅੱਡੇ ਪਹੁੰਚ ਕੇ ਆਂਹਦੇ, ‘ਇਹ ਆਪਾਂ ਸਾਰਿਆਂ ਨੂੰ ਦਿੱਤੇ ਆ।’ ਪੰਤਾਲੀਆਂ ਦੀ ‘ਓਲਡ ਮੌਂਕ’ ਦੀ ਬੋਤਲ ਲੈ ਲਈ ਤੇ ਪੰਜ ਰੁਪਏ ਮੇਰੇ ਹੱਥ ‘ਤੇ ਧਰ ਕੇ ਬੰਗਿਆਂ ਨੂੰ ਬੱਸੇ ਚੜ੍ਹਾ’ਤਾ। ਸਾਹਿਤ ਤੋਂ ਤਾਂ ਚਲੋ ਨਹੀਂ, ਪਰ ਸਾਹਿਤਕਾਰਾਂ ਤੋਂ ਮੇਰਾ ਮਨ ਖੱਟਾ ਤਾਂ ਹੋ ਗਿਆ ਸੀ ਕਿ ਹੀਰ ਨੂੰ ਸੈਦਾ ਲੁੱਟਦਾ, ਤਾਂ ਕੋਈ ਗੱਲ ਨਹੀਂ ਸੀ, ਰਾਂਝਾ ਹੀ ਖਿੱਚ-ਧੂਹ ਕਰਨ ਲੱਗ ਪਿਆ ਸੀ।
Leave a Reply