ਭਾਰਤ-ਪਾਕਿ ਸਾਂਝ ਦੇ ਤਾਜ਼ਾ ਪ੍ਰਸੰਗ

ਗੁਲਜ਼ਾਰ ਸਿੰਘ ਸੰਧੂ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਜਿੰਗ (ਚੀਨ) ਵਾਲੀ ਕਾਨਫਰੰਸ ਵਿਚ ਭਾਰਤ ਨਾਲ ਰਾਜਨੀਤਕ ਤੇ ਸਭਿਆਚਾਰਕ ਸਾਂਝ ਵਧਣ ਦੀ ਆਸ ਪ੍ਰਗਟਾਈ ਹੈ। ਉਸ ਦਾ ਖਿਆਲ ਹੈ ਕਿ ਪਾਕਿਸਤਾਨ ਉਦੋਂ ਤੱਕ ਆਰਥਕ ਤੌਰ ‘ਤੇ ਵਿਕਾਸ ਨਹੀਂ ਕਰ ਸਕਦਾ, ਜਦੋਂ ਤੱਕ ਭਾਰਤ ਨਾਲ ਇਸ ਦਾ ਰਿਸ਼ਤਾ ਸੁਖਾਵਾ ਨਹੀਂ ਹੁੰਦਾ। ਇਸ ਵਿਚ ਕਸ਼ਮੀਰ ਦਾ ਮਸਲਾ ਪ੍ਰਮੁੱਖ ਹੈ। ਇਧਰ ਭਾਰਤ ਦੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਡੀ. ਐਸ਼ ਹੂਡਾ ਨੇ ਵੀ ਭਾਰਤ ਲਈ ਤਿਆਰ ਕੀਤੇ ਸੁਰੱਖਿਆ ਮੈਨੀਫੈਸਟੋ ਵਿਚ ਵੀ ਲਿਖਿਆ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਸੀਮਾ ਦੀ ਠੀਕ ਨਿਸ਼ਾਨਦੇਹੀ ਕਰਨ ਲਈ ਆਪਸ ਵਿਚ ਵਾਰਤਾਲਾਪ ਤਦ ਹੀ ਸੰਭਵ ਹੈ, ਜੇ ਦੋਵੇਂ ਗਵਾਂਢੀ ਦੇਸ਼ ਰੂਸ, ਚੀਨ ਤੇ ਅਮਰੀਕਾ ਦੀਆਂ ਗੱਲਾਂ ਵਿਚ ਨਾ ਆਉਣ। ਜੇ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਆਪਣਾ ਰਵਈਆ ਬਦਲੇ ਤਾਂ ਸਾਨੂੰ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰਨ ਦੀ ਲੋੜ ਹੈ।

ਜਨਰਲ ਹੂਡਾ ਨੇ ਇਹ ਮੈਨੀਫੈਸਟੋ ਕਾਂਗਰਸ ਪਾਰਟੀ ਦੀ ਮੰਗ ਉਤੇ ਤਿਆਰ ਕੀਤਾ ਹੈ। ਇਸ ਨੂੰ ਜਾਰੀ ਕਰਦੇ ਸਮੇਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਕਤੀਸ਼ਾਲੀ ਸੈਨਾ ਸਥਾਪਤ ਕਰਨ ਦਾ ਮੰਤਵ ਜੰਗ ਛੇੜਨਾ ਨਹੀਂ ਸਗੋਂ ਜੰਗ ਨੂੰ ਰੋਕਣਾ ਹੁੰਦਾ ਹੈ। ਇਹ ਵੀ ਕਿ ਕਤਲੋਗਾਰਤ ਤੇ ਘੁਸਪੈਠ ਨੂੰ ਰੋਕਣ ਲਈ ਦੈਂਤਵਾਦੀ ਹੋਣਾ ਉਕਾ ਹੀ ਗਲਤ ਹੈ। ਹਵਾਈ ਜਾਂ ਸਰਜੀਕਲ ਹਮਲੇ ਪਾੜੇ ਪੂਰਨ ਦੀ ਥਾਂ ਪਾੜੇ ਵਧਾਉਂਦੇ ਹਨ।
ਆਪਸੀ ਸਭਿਆਚਾਰਕ ਤੇ ਵਪਾਰਕ ਸਾਂਝ ਦੀਆਂ ਦਲੀਲਾਂ ਵੀ ਉਦੋਂ ਤੱਕ ਕੋਈ ਅਰਥ ਨਹੀਂ ਰਖਦੀਆਂ, ਜਦੋਂ ਤੱਕ ਦੋਵੇਂ ਧਿਰਾਂ ਇੱਕ ਸੁਰ ਨਹੀਂ ਹੁੰਦੀਆਂ। ਚੇਤੇ ਰਹੇ, ਕੇਂਦਰੀ ਸਰਕਾਰ ਦੀ ਇੰਟੈਲੀਜੈਂਸ ਬਿਊਰੋ ਦੇ ਸਾਬਕਾ ਡਾਇਰੈਕਟਰ ਏ. ਐਸ਼ ਦੁੱਲਤ ਨੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜ ਕਾਲ ਵਿਚ ਕਸ਼ਮੀਰ ਸਮਸਿਆ ਦਾ ਹੱਲ ਕਰਨ ਸਬੰਧੀ ਜੋ ਰਿਪੋਰਟ ਤਿਆਰ ਕੀਤੀ ਸੀ, ਉਸ ਵਿਚ ਵੀ ਸਾਂਝੀ ਵਾਰਤਾਲਾਪ ਉਤੇ ਜ਼ੋਰ ਦਿੱਤਾ ਸੀ।
ਇਸ ਵਿਚ ਦਰਜ ਹੈ ਕਿ ਅਟੱਲ ਬਿਹਾਰੀ ਵਾਜਪਾਈ ਵੀ ਇਸ ਮਸਲੇ ਦੇ ਹੱਲ ਬਾਰੇ ਸੀਮਾ ਦੀ ਮੁੜ ਨਿਸ਼ਾਨਦੇਹੀ ਦੇ ਹੱਕ ਵਿਚ ਸਨ। ਇਮਰਾਨ ਖਾਨ ਤੇ ਜਨਰਲ ਹੂਡਾ ਦੇ ਵਿਚਾਰ ਸੁੱਟ ਪਾਉਣ ਵਾਲੇ ਨਹੀਂ। ਇਹ ਦੋਹਾਂ ਗਵਾਂਢੀ ਦੇਸ਼ਾਂ ਲਈ ਲਾਭਦਾਇਕ ਹਨ।
ਅਜੋਕੇ ਪਾਕਿਸਤਾਨ ਦੇ ਯਾਤਰੀ ਜਾਣਦੇ ਹਨ ਕਿ ਸਮੁੱਚੇ ਪਾਕਿਸਤਾਨ ਦੀਆਂ ਵੱਡੀਆਂ ਸੜਕਾਂ ਗੰਜੀਆਂ ਹਨ ਤੇ ਪਿੰਡਾਂ ਦੇ ਘਰ ਪੱਕੀ ਇੱਟ ਦੇ ਬਣੇ ਹੋਣ ‘ਤੇ ਵੀ ਕੱਚੀ ਦਿਖ ਵਾਲੇ ਹਨ। ਸੜਕਾਂ ਦੇ ਕੰਢੇ ਅਤੇ ਖੇਤਾਂ ਵਿਚ ਸਫੈਦਾ ਜਾਂ ਪਾਪੂਲਰ ਦੇ ਰੁੱਖ ਨਾਂ-ਮਾਤਰ ਵੀ ਨਹੀਂ। ਕੁਝ ਇਸ ਤਰ੍ਹਾਂ ਕਿ ਜਿਵੇਂ ਆਜ਼ਾਦੀ ਨੇ ਉਥੋਂ ਦੀ ਵਸੋਂ ਨੂੰ ਵਿਕਾਸ ਦੀ ਲੀਹ ਉਤੇ ਤੁਰਨ ਹੀ ਨਹੀਂ ਲਾਇਆ। ਜੇ ਸਾਡੇ ਨਾਲੋਂ ਫਰਕ ਹੈ ਤਾਂ ਕੇਵਲ ਏਨਾ ਕਿ ਲੋਕ ਬੜੇ ਮਿਲਾਪੜੇ ਹਨ। ਮਰਦ ਲੋਕ ਜੱਫੀਆਂ ਪਾ ਕੇ ਮਿਲਦੇ ਹਨ ਤੇ ਔਰਤਾਂ ਨੇੜੇ ਹੋ ਕੇ ਤੁਰਨਾ ਜਾਂ ਬਹਿਣਾ ਪਸੰਦ ਕਰਦੀਆਂ ਹਨ। ਦੋਹਾਂ ਦੇਸ਼ਾਂ ਦੀ ਸਾਂਝ ਇਹ ਜਮੂਦ ਤੋੜ ਸਕਦੀ ਹੈ। ਆਪੋ ਵਿਚ ਦੀ ਵਾਰਤਾਲਾਪ ਅਪਨਾਈਏ ਤੇ ਗੱਲ ਅੱਗੇ ਤੋਰੀਏ।
ਜਲ੍ਹਿਆਂ ਵਾਲਾ ਬਾਗ ਦੇ ਸਾਕੇ ਦੀ ਨੁਮਾਇਸ਼: ਅਪਰੈਲ ਮਹੀਨੇ ਦੇ ਆਖਰੀ ਹਫਤੇ ਨਵੀਂ ਦਿੱਲੀ ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ ਨੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ ਆਰਟਸ ਦੇ ਸਹਿਯੋਗ ਨਾਲ ਸੌ ਸਾਲ ਪਹਿਲਾਂ ਵਾਪਰੇ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਦੀ ਨੁਮਾਇਸ਼ ਲਾਈ। ਇਸ ਵਿਚ ਉਨ੍ਹਾਂ ਸਮਿਆਂ ਦੀ ਹਿੰਦੂ-ਮੁਸਲਿਮ ਏਕਤਾ ਦੇ ਕਈ ਪ੍ਰਸੰਗ ਦਰਸਾਏ ਗਏ। ਖਾਸ ਕਰ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੀ ‘ਅੱਖੀਂ ਡਿੱਠਾ ਬਿਰਤਾਂਤ’ ਪੇਸ਼ ਕਰਨ ਵਾਲੀ ਖੂਨੀ ਵਿਸਾਖੀ ਦੇ ਹਵਾਲੇ ਨਾਲ। ਖੂਨੀ ਵਿਸਾਖੀ ਦੀ ਗੱਲ ਤਾਂ ਹੁੰਦੀ ਰਹੇਗੀ, ਪਰ ਮੀਡੀਆ ਨੇ ਇਸ ਪ੍ਰਸੰਗ ਨੂੰ ਲੈ ਕੇ ਵਾਸੂ ਮੱਲ ਕਪੂਰ ਦੀ ਪਤਨੀ ਪੂਰਨ ਦੇਵੀ ਦੇ ਦੁੱਖਾਂ ਦੀ ਦਾਸਤਾਨ ਵੀ ਉਭਾਰੀ ਹੈ। ਉਸ ਨੇ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਵਿਚ ਸ਼ਹੀਦ ਹੋਏ ਪਤੀ ਵਾਸੂ ਮੱਲ ਦੀ ਸ਼ਹੀਦੀ ਤੋਂ ਪਿੱਛੋਂ ਲਾਲ ਰੰਗ ਦੀਆਂ ਚੂੜੀਆਂ ਤੋੜ ਦਿੱਤੀਆਂ ਸਨ ਤੇ ਵਾਸੂ ਮੱਲ ਕਪੂਰ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਿੱਛੋਂ ਭਜਨ ਲਾਲ ਨਾਂ ਦੇ ਬੇਟੇ ਨੂੰ ਜਨਮ ਦਿੱਤਾ ਸੀ। ਇਹ ਵੀ ਕਿ ਵਾਸੂ ਮੱਲ ਦਾ ਪਰਿਵਾਰ ਹੁਣ ਤੱਕ ਵੀ ਵਿਆਹ ਸ਼ਾਦੀਆਂ ਮੌਕੇ ਲਾਲ ਚੂੜਾ ਨਹੀਂ ਪਾਉਂਦਾ। ਅਸੀਂ ਚਾਹਾਂਗੇ ਕਿ ਜੇ ਦਿੱਲੀ ਵਾਲੀ ਨੁਮਾਇਸ਼ ਵਿਚ ਇਹ ਘਟਨਾ ਨਹੀਂ ਉਭਾਰੀ ਗਈ ਤਾਂ ਇਸ ਨੂੰ ਨੁਮਾਇਸ਼ ਦਾ ਹਿੱਸਾ ਬਣਾ ਕੇ ਇਹ ਨੁਮਾਇਸ਼ ਅੰਮ੍ਰਿਤਸਰ ਵਿਚ ਵੀ ਲਾਉਣੀ ਚਾਹੀਦੀ ਹੈ। ਅੱਜ ਨਹੀਂ ਤਾਂ ਅਗਸਤ ਵਿਚ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਦੇ ਨੇੜੇ। ਉਸ ਸਾਕੇ ਨੇ ਸੁਤੰਤਰਤਾ ਦੀ ਨੀਂਹ ਰੱਖੀ ਸੀ। ਨੀਂਹ ਪੱਥਰ ਰੱਖਣ ਵਾਲੇ ਹਰ ਪਾਤਰ ਨੂੰ ਚੇਤੇ ਰਖਣਾ ਬਣਦਾ ਹੈ।
ਅੰਤਿਕਾ: ਜਸਵਿੰਦਰ
ਛਿੜੇ ਜਦ ਕੰਬਣੀ ਖਾਬਾਂ ‘ਚ
ਉਸ ਵੇਲੇ ਸਮਝ ਆਉਂਦੀ,
ਕਿ ਪਾਲਾ ਸਿਰਫ ਖੁਲ੍ਹੀਆਂ ਬਾਰੀਆਂ
ਵਿਚ ਦੀ ਨਹੀਂ ਆਉਂਦਾ।