ਅਧੂਰਾ ਰਹਿ ਗਿਆ ‘ਆਪ’ ਦਾ ਇਨਕਲਾਬ

ਪਰਵਾਸੀਆਂ ਨੇ ਹੱਥ ਪਿਛਾਂਹ ਖਿੱਚੇ; ਹੁਣ ਹੋਂਦ ਬਚਾਉਣ ਲਈ ਲੱਗੀ ਦੌੜ
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਇਨਕਲਾਬ ਅਧੂਰਾ ਰਹਿ ਗਿਆ ਜਾਪਦਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਵੱਡੇ ਪੱਧਰ ਉਤੇ ਟੁੱਟ-ਭੱਜ ਨੇ ਇਸ ਨੂੰ ਗੋਡਿਆਂ ਪਰਨੇ ਕਰ ਦਿੱਤਾ ਹੈ। ਪਾਰਟੀ ਨੂੰ ਸਭ ਤੋਂ ਵੱਡਾ ਧੱਕਾ ਐਨæਆਰæਆਈæ ਪੰਜਾਬੀਆਂ ਦੇ ਪਾਸਾ ਵੱਟਣ ਕਾਰਨ ਲੱਗਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਅਤੇ ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਪਰਵਾਸੀ ਪੰਜਾਬੀਆਂ ਨੇ ‘ਆਪ’ ਦੀ ਬੇੜੀ ਪਾਰ ਲਾਉਣ ਲਈ ਵੱਡਾ ਹੱਲਾ ਮਾਰਿਆ ਸੀ।

ਯਾਦ ਰਹੇ ਕਿ ਡਾਲਰਾਂ ਦੇ ਨਾਲ-ਨਾਲ ਪਰਵਾਸੀ ਖੁਦ ਜਹਾਜ਼ਾਂ ਦੇ ਜਹਾਜ਼ ਭਰ ਕੇ ਆਪਣੀ ਮਾਤ ਭੂਮੀ ‘ਚ ਸਿਆਸੀ ਬਦਲ ਨੂੰ ਸਾਕਾਰ ਕਰਨ ਆਏ ਸਨ। 2017 ਵਾਲੀਆਂ ਚੋਣਾਂ ਦੌਰਾਨ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਫਿਲਪੀਨਜ਼ ਸਮੇਤ ਹੋਰ ਦੇਸ਼ਾਂ ਤੋਂ 78 ਹਜ਼ਾਰ ਦੇ ਕਰੀਬ ਪਰਵਾਸੀ ਪੰਜਾਬੀ ‘ਚਲੋ ਪੰਜਾਬ’ ਮੁਹਿੰਮ ਤਹਿਤ ਸਿਰਫ ‘ਆਪ’ ਲਈ ਆਪਣਾ ਕਾਰੋਬਾਰ ਵਿਦੇਸ਼ਾਂ ਵਿਚ ਛੱਡ ਕੇ ਆਏ ਸਨ ਪਰ ਇਸ ਵਾਰ ਇਹ ਗਿਣਤੀ ਨਾਮਾਤਰ ਹੀ ਹੈ। ਪਰਵਾਸੀ ਪੰਜਾਬੀਆਂ ਵਲੋਂ ਇਸ ਵਾਰ ਹਮਾਇਤ ਨਾ ਦੇਣ ਕਰਕੇ ‘ਆਪ’ ਆਗੂਆਂ ਨੂੰ ਫੰਡ ਦੀ ਘਾਟ ਵੀ ਰੜਕ ਰਹੀ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਕਈ ਵੱਡੇ ਆਗੂ ਮੰਨ ਚੁੱਕੇ ਹਨ।
ਛੇਤੇ ਰਹੇ ਕਿ ਪੰਜਾਬ ਦੀਆਂ ਰਵਾਇਤੀ ਧਿਰਾਂ- ਅਕਾਲੀ ਦਲ ਬਾਦਲ ਅਤੇ ਕਾਂਗਰਸ ਦਾ ਬਦਲ ਲੱਭਣ ਲਈ ਪੰਜਾਬੀਆਂ ਨੇ ਇਸ ਪਾਰਟੀ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ ਤੇ 2014 ਵਿਚ ਪੂਰੇ ਦੇਸ਼ ਵਿਚੋਂ ਸਿਰਫ ਪੰਜਾਬ ਵਿਚ ਹੀ ‘ਆਪ’ ਨੂੰ 4 ਸੀਟਾਂ ਮਿਲੀਆਂ ਸਨ, ਪਰ ਅੰਦਰੂਨੀ ਕਲੇਸ਼ ਕਾਰਨ ‘ਆਪ’ ਦੇ 4 ਸੰਸਦ ਮੈਂਬਰਾਂ ਵਿਚੋਂ ਦੋ ਪਾਰਟੀ ਤੋਂ ਲਾਂਭੇ ਹੋ ਗਏ। ਵਿਧਾਨ ਸਭਾ ਚੋਣਾਂ ਵਿਚ ਪਾਰਟੀ ਆਸ ਮੁਤਾਬਕ ਸਰਕਾਰ ਤਾਂ ਨਾ ਬਣਾ ਸਕੀ ਪਰ ਇਹ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਵਿਚ ਸਫਲ ਰਹੀ। ਉਂਜ, ਸਿਰਫ 2 ਸਾਲਾਂ ਵਿਚ ਹੀ ਇਸ ਦੇ ਵੱਡੀ ਗਿਣਤੀ ਵਿਧਾਇਕ ਸਾਥ ਛੱਡ ਗਏ ਤੇ ਕੁਝ ਛੱਡਣ ਦੀ ਤਿਆਰੀ ਕਰੀ ਬੈਠੇ ਹਨ। ਇਸੇ ਹਫਤੇ ਇਸ ਦੇ ਦੋ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਐਚæਐਸ਼ ਫੂਲਕਾ ਸਮੇਤ ਕਈ ਆਗੂ ਪਾਰਟੀ ਦਾ ਸਾਥ ਛੱਡ ਗਏ।
ਪਾਰਟੀ ਦਾ ਸਾਥ ਛੱਡਣ ਵਾਲੇ ਹਰ ਆਗੂ ਦਾ ਗਿਲਾ ਅਰਵਿੰਦ ਕੇਜਰੀਵਾਲ ਸਮੇਤ ਦਿੱਲੀ ਵਾਲੇ ਹੋਰ ਆਗੂਆਂ ਦੀ ‘ਦਾਦਾਗਿਰੀ’ ਰਿਹਾ ਹੈ। ਦਰਅਸਲ, ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ (2015) ਵਿਚ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਉਸ ਜਿੱਤ ਦੇ ਨਾਲ ਹੀ ਪਾਰਟੀ ਦੇ ਨੈਤਿਕ ਪਤਨ ਤੇ ਗਿਰਾਵਟ ਦੀ ਕਹਾਣੀ ਸ਼ੁਰੂ ਹੋ ਗਈ। ਪਹਿਲਾਂ ਪ੍ਰਸ਼ਾਂਤ ਭੂਸ਼ਨ, ਯੋਗਿੰਦਰ ਯਾਦਵ ਆਦਿ ਨੂੰ ਤਾਨਾਸ਼ਾਹੀ ਤਰੀਕੇ ਨਾਲ ਪਾਰਟੀ ‘ਚੋਂ ਕੱਢਿਆ ਗਿਆ। ਪੰਜਾਬ ਵਿਚ ਚੁਣੇ ਗਏ ਚਾਰ ਸੰਸਦ ਮੈਂਬਰਾਂ ਵਿਚੋਂ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਪਾਰਟੀ ਤੋਂ ਲਾਂਭੇ ਹੋ ਗਏ। ਪਾਰਟੀ ਵਿਚ ਆਪਾ-ਧਾਪੀ ਪੈ ਗਈ ਅਤੇ ਇਸ ਕਾਰਨ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਅਜਿਹੀ ਚੁਣੌਤੀ ਨਾ ਦੇ ਸਕੀ ਜਿਸ ਦੀ ਲੋਕਾਂ ਨੂੰ ਆਸ ਸੀ ਪਰ ਲੋਕਾਂ ਦੇ ਮਨ ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੋਂ ਇੰਨੇ ਨਿਰਾਸ਼ ਹੋ ਚੁੱਕੇ ਸਨ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਬਣ ਗਈ।
ਲੋਕਾਂ ਨੂੰ ਅਜੇ ਵੀ ਉਮੀਦ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਵਿਰੋਧੀ ਧਿਰ ਵਜੋਂ ਉਸਾਰੂ ਭੂਮਿਕਾ ਨਿਭਾਏਗੀ ਪਰ ਇਸ ਦੇ ਆਗੂਆਂ ਦੀ ਆਪਸੀ ਹਓਮੈ ਕਾਰਨ ਪਾਰਟੀ ਵਿਚ ਫੁੱਟ ਵਧਦੀ ਗਈ। ਪਾਰਟੀ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਬਦਲੇ ਗਏ, ਪਾਰਟੀ ਪਹਿਲਾਂ ਦੁਫਾੜ ਹੋਈ ਤੇ ਫਿਰ ਕਈ ਗਰੁੱਪਾਂ ‘ਚ ਵੰਡੀ ਗਈ। ਇਕ ਉਸਾਰੂ ਵਿਰੋਧੀ ਧਿਰ ਵਜੋਂ ਵਿਚਰਨ ਦੀ ਥਾਂ ਆਗੂਆਂ ਦੀ ਜ਼ਿਆਦਾ ਊਰਜਾ ਇਕ ਦੂਜੇ ‘ਤੇ ਦੋਸ਼ ਲਾਉਣ ਉਤੇ ਖਰਚ ਹੋਈ। ਇਸ ਵੇਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਆਗੂਆਂ ਨੂੰ ਸਾਫ ਦਿਸ ਰਿਹਾ ਹੈ ਕਿ ਪਾਰਟੀ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ ਅਤੇ ਇਸ ਦਾ ਸਿਆਸੀ ਭਵਿਖ ਖਤਰੇ ਵਿਚ ਹੈ। ਦੂਸਰੇ ਪਾਸੇ ਅਕਾਲੀ ਦਲ ਵੀ ਅੰਦਰੂਨੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੇਂਦਰੀ ਸਰਕਾਰ ਦੀ ਪਿਛਲੇ ਪੰਜ ਸਾਲਾਂ ਵਿਚ ਕੀਤੀ ਗਈ ਕਮਜ਼ੋਰ ਕਾਰਗੁਜ਼ਾਰੀ ਕਾਰਨ ਲੋਕ ਭਾਰਤੀ ਜਨਤਾ ਪਾਰਟੀ ਤੋਂ ਵੀ ਨਿਰਾਸ਼ ਹਨ। ਇਸ ਤਰ੍ਹਾਂ ਕਾਂਗਰਸ ਪਿਛਲੇ ਦੋ ਸਾਲਾਂ ਤੋਂ ਪੰਜਾਬ ਵਿਚ ਆਪਣੇ ਵਾਅਦੇ ਨਾ ਪੂਰੇ ਕਰਨ ਦੇ ਬਾਵਜੂਦ ਵੀ ਬਿਹਤਰ ਸਥਿਤੀ ਵਿਚ ਹੈ।