ਪੰਜਾਬ ਵਿਚ ‘ਆਮ ਬੰਦਿਆਂ’ ਨੇ ਵੀ ਸੰਭਾਲਿਆ ਸਿਆਸੀ ਮੋਰਚਾ

ਚੰਡੀਗੜ੍ਹ: ਪੰਜਾਬ ਵਿਚ ਇਸ ਵਾਰ ਚੋਣ ਮਾਹੌਲ ਕੁਝ ਵੱਖਰਾ ਹੈ। ਇਸ ਵਾਰ ਦਿੱਗਜ ਆਗੂਆਂ ਨੂੰ ਟੱਕਰ ਦੇਣ ਲਈ ਆਮ ਬੰਦੇ ਵੀ ਮੈਦਾਨ ਵਿਚ ਨਿੱਤਰੇ ਹਨ। ਖਾਸਕਰ ਕੇ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਅਜਿਹਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਦਿੱਗਜ ਉਮੀਦਵਾਰਾਂ ਨੂੰ ਟੱਕਰ ਦੇਣ ਲਈ ਮੈਦਾਨ ਵਿਚ ਬਰਗਰ ਵੇਚਣ ਵਾਲਾ, ਆਟੋ ਚਲਾਉਣ ਵਾਲਾ ਤੇ ਵਾਟਰ ਆਰਓ ਠੀਕ ਕਰਨ ਵਾਲਾ ਨਿੱਤਰੇ ਹਨ। ਇਨ੍ਹਾਂ ਨੇ ਆਪੋ ਆਪਣੇ ਪੱਤਰ ‘ਤੇ ਚੋਣਾਂ ਲਈ ਨਾਮਜ਼ਦਗੀਆਂ ਵੀ ਭਰ ਲਈਆਂ ਹਨ ਤੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।

ਲੁਧਿਆਣਾ ਵਿਚ ਰਵਿੰਦਰਪਾਲ ਸਿੰਘ ਮਾਡਲ ਟਾਊਨ ਐਕਸਟੈਸ਼ਨ ਗੁਰਦੁਆਰੇ ਸਾਹਮਣੇ ਬਰਗਰ ਦੀ ਰੇਹੜੀ ਲਾਉਂਦਾ ਹੈ। ਉਸ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ ਤੇ ਉਸ ਨੂੰ ਦੋ ਗੰਨਮੈਨ ਮਿਲੇ ਹਨ। ਉਸ ਕੋਲ ਗੰਨਮੈਨਾਂ ਨੂੰ ਠਹਿਰਾਉਣ ਲਈ ਘਰ ‘ਚ ਜਗ੍ਹਾ ਨਾ ਹੋਣ ਕਾਰਨ ਉਸ ਨੇ ਪੰਜ ਹਜ਼ਾਰ ਰੁਪਏ ਕਿਰਾਏ ਉਤੇ ਕਮਰਾ ਲਿਆ ਹੈ। ਰਵਿੰਦਰਪਾਲ ਆਪਣੀ ਐਕਟਿਵਾ ‘ਤੇ ਇਕ ਗੰਨਮੈਨ ਲੈ ਕੇ ਚੋਣ ਪ੍ਰਚਾਰ ਕਰਦਾ ਹੈ। ਦੂਜਾ ਵਿਅਕਤੀ ਆਟੋ ਚਲਾਉਣ ਵਾਲਾ ਹੈ। ਪਾਇਲ ਦੇ ਮਸੂਦਦਾਂ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਦਾਖਲ ਕੀਤੀ ਸੀ। ਚੋਣ ਪ੍ਰਚਾਰ ਲਈ ਉਸ ਕੋਲ ਸਿਰਫ ਤਿੰਨ ਹਜ਼ਾਰ ਰੁਪਏ ਹਨ। ਉਸ ਦੇ ਦੋਸਤ ਤੇ ਜਾਣ-ਪਛਾਣ ਵਾਲੇ ਉਸ ਦੀ ਮਦਦ ਕਰ ਰਹੇ ਹਨ। ਨਾਮਜ਼ਦਗੀ ਭਰਨ ਤੋਂ ਬਾਅਦ ਖੰਨਾ ਪੁਲਿਸ ਨੇ ਸੁਰੱਖਿਆ ਲਈ ਉਸ ਨਾਲ ਦੋ ਗੰਨਮੈਨ ਵੀ ਤਾਇਨਾਤ ਕਰ ਦਿੱਤੇ ਹਨ। ਲੁਧਿਆਣਾ ‘ਚ ਡੀਜ਼ਲ ਆਟੋ ਉਤੇ ਸਖਤੀ ਕਾਰਨ ਉਹ ਖੰਨਾ ‘ਚ ਆਟੋ ਚਲਾਉਣ ਲੱਗਿਆ। ਉਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਖੰਨਾ ਤੋਂ ਵਿਧਾਇਕ ਬਣਨ ਲਈ ਨਾਮਜ਼ਦਗੀ ਦਾਖਲ ਕਰਵਾਈ ਸੀ, ਜੋ ਰੱਦ ਹੋ ਗਈ ਸੀ। ਪ੍ਰਦੀਪ ਆਪਣੇ ਆਟੋ ਵਿਚ ਹੀ ਗੰਨਮੈਨ ਬਿਠਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ।
ਤੀਜਾ ਉਮੀਦਵਾਰ ਜੈ ਪ੍ਰਕਾਸ਼ ਉਰਫ ਟੀਟੂ ਬਾਣੀਆ ਹੈ, ਜੋ ਪਾਣੀ ਵਾਲੇ ਫਿਲਟਰ ਠੀਕ ਕਰਨ ਦਾ ਕੰਮ ਕਰਦਾ ਹੈ। ਟੀਟੂ ਬਾਣੀਆ ਨੇ ਆਪਣੇ ਬੱਚਿਆਂ ਦੀ ਗੋਲਕ ਤੋੜ ਕੇ ਨਾਮਜ਼ਦਗੀ ਲਈ 25 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਤੇ ਹੁਣ ਚੋਣ ਪ੍ਰਚਾਰ ਦਾ ਖਰਚਾ ਨਾ ਹੋਣ ਕਾਰਨ ਉਸ ਨੇ ਆਪਣਾ ਸਾਮਾਨ ਨੀਲਾਮੀ ‘ਤੇ ਲਾਇਆ ਸੀ। ਟੀਟੂ ਬਾਣੀਆ ਨਾਮਜ਼ਦਗੀ ਵਾਲੇ ਦਿਨ ਖਸਖਸ ਦੀ ਮਾਲਾ ਗਲ ‘ਚ ਪਾ ਕੇ ਆਇਆ ਸੀ ਤੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਚੋਣਾਂ ਤੋਂ ਬਾਅਦ ਖਸਖਸ ਦੀ ਖੇਤੀ ਲਈ ਸੰਸਦ ਵਿਚ ਆਵਾਜ਼ ਬੁਲੰਦ ਕਰੇਗਾ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਇਕ ਢਾਬਾ ਮਾਲਕ, ਇਕ ਆਟੋ ਚਾਲਕ ਅਤੇ ਇਕ ਕਾਮਾ ਵੀ ਚੋਣ ਮੈਦਾਨ ਵਿਚ ਹਨ।
ਆਜ਼ਾਦ ਉਮੀਦਵਾਰਾਂ ਵਿਚ ਸ਼ਾਮਲ ਬਾਲ ਕ੍ਰਿਸ਼ਨ ਸ਼ਰਮਾ ਇਕ ਢਾਬਾ ਮਾਲਕ ਹੈ। ਉਹ ਆਪਣੇ ਢਾਬੇ ‘ਤੇ ਪੰਜਾਬੀ ਖਾਣੇ ਪਰੋਸਦਾ ਹੈ ਅਤੇ ਇਸੇ ਲਈ ਉਸ ਦਾ ਢਾਬਾ ਵੀ ਮਸ਼ਹੂਰ ਹੈ। ਉਸ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਹ ਇਸ ਤੋਂ ਪਹਿਲਾਂ ਤਿੰਨ ਵਾਰ ਸੰਸਦੀ ਚੋਣਾਂ ਲੜ ਚੁੱਕਾ ਹੈ ਅਤੇ ਦੋ ਵਾਰ ਹੋਰ ਚੋਣਾਂ ਵੀ ਲੜੀਆਂ ਹਨ। ਚਾਰ ਦਹਾਕਿਆਂ ਤੋਂ ਇਸ ਕਿੱਤੇ ਨਾਲ ਜੁੜੇ ਬਾਲ ਕ੍ਰਿਸ਼ਨ ਸ਼ਰਮਾ ਦਾ ਕਹਿਣਾ ਕਿ ਉਸ ਨੇ ਆਪਣੇ ਲਜੀਜ਼ ਖਾਣਿਆਂ ਨਾਲ ਕਈਆਂ ਦਾ ਦਿਲ ਜਿੱਤਿਆ ਹੈ। ਆਟੋ ਚਾਲਕ ਮਹਿੰਦਰਜੀਤ ਸਿੰਘ ‘ਬੱਕਰੀ’ ਨੇ ਹੁਣ ਤਕ ਕਈ ਚੋਣਾਂ ਲੜੀਆਂ ਹਨ। ਉਸ ਨੇ 1975 ਤੇ 1980 ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, 1991 ਵਿਚ ਵਿਧਾਨ ਸਭਾ ਅਤੇ 1992 ਵਿਚ ਲੋਕ ਸਭਾ ਚੋਣਾਂ ਲੜੀਆਂ ਸਨ। ਇਸੇ ਤਰ੍ਹਾਂ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਸਮਰਪਤ ਸ਼ਾਮ ਲਾਲ ਗਾਂਧੀ ਨੇ ਕਈ ਵਾਰ ਚੋਣ ਲੜੀ ਹੈ। ਉਸ ਨੇ ਮੁੜ ਸੰਸਦੀ ਚੋਣ ਵਾਸਤੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ ਹਨ।
________________________________
ਤਿੰਨ ਉਲੰਪੀਅਨਾਂ ਸਮੇਤ ਚਾਰ ਕੌਮਾਂਤਰੀ ਖਿਡਾਰੀ ਚੋਣ ਮੈਦਾਨ ‘ਚ
ਪਟਿਆਲਾ: ਦੇਸ਼ ਲਈ ਕੌਮਾਂਤਰੀ ਖੇਡ ਮੰਚ ‘ਤੇ ਵੱਖ-ਵੱਖ ਖੇਡਾਂ ‘ਚ ਨਾਮਣਾ ਖੱਟ ਚੁੱਕੇ ਚਾਰ ਖਿਡਾਰੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵਜੋਂ ਚੋਣ ਅਖਾੜੇ ‘ਚ ਡਟ ਚੁੱਕੇ ਹਨ। ਉਲੰਪਿਕ ਖੇਡਾਂ ‘ਚੋਂ ਤਗਮਾ ਜੇਤੂ ਨਿਸ਼ਾਨੇਬਾਜ਼ ਕਰਨਲ ਰਾਜਯਵਰਧਨ ਸਿੰਘ ਰਾਠੌਰ ਤੇ ਮੁੱਕੇਬਾਜ਼ ਵਿਜੇਂਦਰ ਸਿੰਘ, ਵਿਸ਼ਵ ਚੈਂਪੀਅਨ ਕ੍ਰਿਕਟਰ ਗੌਤਮ ਗੰਭੀਰ ਅਤੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਡਿਸਕਸ ਸੁਟਾਵੀ ਕ੍ਰਿਸ਼ਨਾ ਪੂਨੀਆ ਇਸ ਸਮੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਜੋਂ ਵੱਖ-ਵੱਖ ਲੋਕ ਸਭਾ ਹਲਕਿਆਂ ‘ਚ ਡਟ ਚੁੱਕੇ ਹਨ।
ਏਥਨਜ ਉਲੰਪਿਕ 2004 ਦੇ ਡਬਲ ਟਰੈਪ ਮੁਕਾਬਲੇ ‘ਚੋਂ ਚਾਂਦੀ ਦਾ ਤਗਮਾ ਜੇਤੂ ਨਿਸ਼ਾਨੇਬਾਜ਼ ਰਾਜਯਵਰਧਨ ਰਾਠੌਰ ਦੂਸਰੀ ਵਾਰ ਜੈਪੁਰ ਦਿਹਾਤੀ (ਰਾਜਸਥਾਨ) ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਸ੍ਰੀ ਰਾਠੌਰ ਇਸ ਤੋਂ ਪਹਿਲਾ ਮੌਜੂਦਾ ਭਾਜਪਾ ਸਰਕਾਰ ‘ਚ ਕੇਂਦਰੀ ਖੇਡ ਰਾਜ ਮੰਤਰੀ ਹਨ। ਉਹ ਪਦਮ ਸ੍ਰੀ, ਅਤਿ ਵਸ਼ਿਸ਼ਟ ਸੇਵਾ ਮੈਡਲ, ਰਾਜੀਵ ਗਾਂਧੀ ਖੇਲ ਪੁਰਸਕਾਰ ਅਤੇ ਅਰਜੁਨਾ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ। ਉਹ ਰਾਸ਼ਟਰਮੰਡਲ ਖੇਡਾਂ ‘ਚੋਂ ਤਿੰਨ ਸੋਨ, ਵਿਸ਼ਵ ਚੈਂਪੀਅਨਸ਼ਿਪ ‘ਚੋਂ ਇਕ ਸੋਨ ਅਤੇ ਏਸ਼ੀਅਨ ਖੇਡਾਂ ਸਮੇਤ ਦੁਨੀਆ ਦੇ ਹਰੇਕ ਵਿਸ਼ਵ ਪੱਧਰੀ ਖੇਡ ਸਮਾਗਮ ‘ਚੋਂ ਦੇਸ਼ ਲਈ ਤਗਮੇ ਜਿੱਤ ਚੁੱਕੇ ਹਨ। ਕਰਨਲ ਰਾਠੌਰ ਦੇ ਮੁਕਾਬਲੇ ਡਿਸਕਸ ਸੁਟਾਵੀ ਕ੍ਰਿਸ਼ਨਾ ਪੂਨੀਆ ਕਾਂਗਰਸ (ਆਈ) ਦੀ ਉਮੀਦਵਾਰ ਵਜੋਂ ਮੈਦਾਨ ‘ਚ ਡਟੀ ਹੋਈ ਹੈ ? ਕ੍ਰਿਸ਼ਨਾ ਪੂਨੀਆ ਇਸ ਸਮੇਂ ਰਾਜਸਥਾਨ ਵਿਧਾਨ ਸਭਾ ਦੀ ਵੀ ਮੈਂਬਰ ਹੈ। ਉਸ ਨੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ‘ਚੋਂ ਸੋਨ ਤਗਮਾ ਜਿੱਤਿਆ ਸੀ। ਲੰਡਨ ਉਲੰਪਿਕ ਦੇ ਡਿਸਕਸ ਸੁੱਟਣ ਮੁਕਾਬਲੇ ਦੇ ਫਾਈਨਲ ‘ਚ ਪੁੱਜਣ ਵਾਲੀ ਉਹ ਦੇਸ਼ ਦੀ ਇਕਲੌਤੀ ਅਥਲੀਟ ਬਣੀ। ਉਹ ਏਸ਼ੀਅਨ ਖੇਡਾਂ ‘ਚੋਂ ਵੀ ਤਗਮੇ ਜਿੱਤ ਚੁੱਕੀ ਹੈ।
ਇਸੇ ਤਰ੍ਹਾਂ ਦਿੱਲੀ ਦੱਖਣੀ ਦਿੱਲੀ ਲੋਕ ਸਭਾ ਹਲਕੇ ਤੋਂ ਬੀਜਿੰਗ ਉਲੰਪਿਕ ਖੇਡਾਂ ‘ਚੋਂ ਕਾਂਸੀ ਦਾ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਿਹਾ ਹੈ। ਹਰਿਆਣਾ ਦੇ ਭਿਵਾਨੀ ਕਸਬੇ ‘ਚੋਂ ਬਤੌਰ ਮੁੱਕੇਬਾਜ਼ ਉੱਭਰੇ ਵਿਜੇਂਦਰ ਨੇ ਉਲੰਪਿਕ, ਵਿਸ਼ਵ ਚੈਂਪੀਅਨਸ਼ਿਪ, ਰਾਸ਼ਟਰਮੰਡਲ ਤੇ ਏਸ਼ੀਅਨ ਖੇਡਾਂ ‘ਚੋਂ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਵਿਜੇਂਦਰ ਪਦਮ ਸ੍ਰੀ, ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਤੇ ਅਰਜੁਨਾ ਐਵਾਰਡ ਵੀ ਹਾਸਿਲ ਕਰ ਚੁੱਕਿਆ ਹੈ। ਉਹ ਹਰਿਆਣਾ ਪੁਲਿਸ ‘ਚੋਂ ਬਤੌਰ ਡੀ.ਐਸ਼ਪੀ. ਸੇਵਾ ਮੁਕਤੀ ਲੈ ਕੇ ਚੋਣ ਮੈਦਾਨ ‘ਚ ਨਿਤਰਿਆ ਹੈ। ਇੱਕ ਦਿਨਾਂ ਅਤੇ ਟੀ-20 ਕ੍ਰਿਕਟ ‘ਚ ਵਿਸ਼ਵ ਚੈਂਪੀਅਨ ਬਣਿਆ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖੱਬੂ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਵੀ ਭਾਜਪਾ ਦੇ ਉਮੀਦਵਾਰ ਵਜੋਂ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਤੋਂ ਕਿਸਮਤ ਅਜ਼ਮਾ ਰਹੇ ਹਨ। ਗੌਤਮ ਗੰਭੀਰ ਦੇਸ਼ ਲਈ 58 ਟੈਸਟ ਮੈਚ, 147 ਇਕ ਦਿਨਾਂ ਮੈਚ ਅਤੇ 37 ਟੀ-20 ਮੈਚ ਖੇਡ ਚੁੱਕਿਆ ਹੈ। ਗੰਭੀਰ ਆਈ.ਪੀ.ਐਲ਼ ‘ਚ ਕੋਲਕਾਤਾ ਨਾਈਟ ਰਾਈਡਰਜ ਟੀਮ ਨੂੰ ਚੈਂਪੀਅਨ ਬਣਾਉਣ ਵਾਲਾ ਕਪਤਾਨ ਵੀ ਬਣ ਚੁੱਕਿਆ ਹੈ। ਖੇਡਾਂ ਦੇ ਖੇਤਰ ‘ਚ ਬੁਲੰਦੀਆਂ ਨੂੰ ਛੂਹਣ ਵਾਲੇ ਉਪਰੋਕਤ ਦਿੱਗਜਾਂ ਲਈ ਰਾਜਨੀਤੀ ਦਾ ਮੈਦਾਨ ਕਿਹੋ ਜਿਹਾ ਰਹੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।