ਲੋਕ ਫਤਵੇ ਨੂੰ ਸਿਰੇ ਚਾੜ੍ਹਨ ਤੋਂ ਪਹਿਲਾਂ ਹੀ ਮੈਦਾਨ ਛੱਡ ਗਏ ਵੱਡੀ ਗਿਣਤੀ ਵਿਧਾਇਕ

ਚੰਡੀਗੜ੍ਹ: ਪੰਜਾਬ ਦੇ 11 ਵਿਧਾਇਕਾਂ ਦਾ ਪੰਜ ਸਾਲ ਦੀ ਮਿਆਦ ਦੇ ਅਧਵਾਟੇ ਹੀ ਆਪਣੇ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਤੋਂ ਮੋਹ ਭੰਗ ਹੋ ਗਿਆ ਹੈ। ਲੋਕਾਂ ਵੱਲੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰੀ ਆਸਾਂ ਨਾਲ ਜਿਤਾਏ 8 ਵਿਧਾਇਕ ਆਪਣੇ ਹਲਕਿਆਂ ਦੇ ਲੋਕਾਂ ਤੋਂ ਮੁੱਖ ਮੋੜ ਕੇ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਹਨ ਜਦਕਿ ਦੋ ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਹਨ। ਇੰਜ ਜਾਪਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਦਾ ਬਿਗਲ ਵੱਜ ਜਾਵੇਗਾ ਅਤੇ ਮੁੜ ਸੂਬੇ ਦਾ ਵਿਕਾਸ ਚੋਣ ਜ਼ਾਬਤੇ ਵਿਚ ਅਟਕ ਕੇ ਰਹਿ ਜਾਵੇਗਾ।

ਆਮ ਆਦਮੀ ਪਾਰਟੀ (ਆਪ) ਦੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹੈ। ਸੂਤਰਾਂ ਅਨੁਸਾਰ ਪਾਰਟੀ ਨੂੰ ਕੋਈ ਹੋਰ ਯੋਗ ਉਮੀਦਵਾਰ ਨਾ ਮਿਲਣ ਕਾਰਨ ਮਜਬੂਰਨ ਉਸ ਨੂੰ ਮੈਦਾਨ ‘ਚ ਉਤਾਰਨਾ ਪਿਆ। ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੀ ਪੰਜਾਬ ਏਕਤਾ ਪਾਰਟੀ ਵੱਲੋਂ ਬਠਿੰਡਾ ਤੋਂ ਹੀ ਚੋਣ ਲੜ ਰਹੇ ਹਨ। ਸ੍ਰੀ ਖਹਿਰਾ ਵਿਧਾਨ ਸਭਾ ਦੀ ਥਾਂ ਪਾਰਲੀਮੈਂਟ ਵਿਚ ਜਾਣ ਦਾ ਆਪਣਾ ਸ਼ੌਕ ਪੁਗਾ ਰਹੇ ਹਨ ਕਿਉਂਕਿ ਇਹ ਚੋਣ ਲੜਨ ਦਾ ਫੈਸਲਾ ਉਨ੍ਹਾਂ ਖੁਦ ਹੀ ਲਿਆ ਹੈ। ਇਸੇ ਤਰ੍ਹਾਂ ‘ਆਪ’ ਤੋਂ ਅਸਤੀਫਾ ਦੇ ਚੁੱਕੇ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਪੰਜਾਬ ਏਕਤਾ ਪਾਰਟੀ ਵੱਲੋਂ ਫਰੀਦਕੋਟ ਤੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਜਲਾਲਾਬਾਦ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਮੈਦਾਨ ‘ਚ ਹਨ। ਉਨ੍ਹਾਂ ਵੱਲੋਂ ਲੋਕ ਸਭਾ ਦੀ ਚੋਣ ਲੜਨੀ ਮਜਬੂਰੀ ਹੈ ਕਿਉਂਕਿ ਉਹ ਪਾਰਟੀ ਵਿਚ ਉਠੀਆਂ ਬਾਗੀ ਸੁਰਾਂ ਸਮੇਤ ਹੋਰ ਕਈ ਤਰ੍ਹਾਂ ਦੇ ਸਿਆਸੀ ਸੰਕਟਾਂ ਵਿਚ ਘਿਰੇ ਪਏ ਹਨ ਅਤੇ ਉਨ੍ਹਾਂ ਨੂੰ ਪਾਰਟੀ ਦੇ ਵੱਕਾਰ ਲਈ ਮੈਦਾਨ ਵਿਚ ਉਤਰਨਾ ਪਿਆ ਹੈ। ਅਕਾਲੀ ਦਲ ਵੱਲੋਂ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਸਿਆਸੀ ਮਜਬੂਰੀ ਕਾਰਨ ਸੰਗਰੂਰ ਤੋਂ ਉਤਾਰਿਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੀਆਂ ਨੀਤੀਆਂ ਵਿਰੁੱਧ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ।
ਕਾਂਗਰਸ ਨੂੰ ਵੀ ਜਦੋਂ ਹੋਰ ਵੱਡੇ ਆਗੂਆਂ ਨੇ ਬਠਿੰਡਾ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤਾਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿਚ ਉਤਾਰਨਾ ਪਿਆ ਹੈ। ਇਸੇ ਤਰ੍ਹਾਂ ਕਾਂਗਰਸ ਨੇ ਹੁਸ਼ਿਆਰਪੁਰ ਤੋਂ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੂੰ ਚੋਣ ਪਿੜ ਵਿਚ ਉਤਾਰਿਆ ਹੈ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ (ਲੁਧਿਆਣਾ) ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਸ੍ਰੀ ਖਹਿਰਾ ਵਾਂਗ ਸ੍ਰੀ ਬੈਂਸ ਨੇ ਵੀ ਪਾਰਟੀ ਦੇ ਪ੍ਰਧਾਨ ਵਜੋਂ ਖੁਦ ਹੀ ਇਹ ਚੋਣ ਲੜਨ ਦਾ ਫੈਸਲਾ ਕੀਤਾ ਹੈ, ਜਿਸ ਤੋਂ ਸਾਫ ਹੈ ਕਿ ਉਹ ਵੀ ਵਿਧਾਨ ਸਭਾ ਦੀ ਥਾਂ ਪਾਰਲੀਮੈਂਟ ਵਿਚ ਜਾਣ ਦੇ ਵੱਧ ਚਾਹਵਾਨ ਹਨ।
ਇਸ ਤੋਂ ਇਲਾਵਾ ਭਾਜਪਾ ਨੇ ਵੀ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਾਂਗਰਸ ‘ਚ ਸ਼ਾਮਲ ਹੋ ਕੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ‘ਆਪ’ ਦੇ ਵਿਧਾਇਕ ਐਚ.ਐਸ਼ ਫੂਲਕਾ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਇਸ ਕਾਰਨ ਸ੍ਰੀ ਮਾਨਸ਼ਾਹੀਆ, ਫੂਲਕਾ, ਖਹਿਰਾ ਅਤੇ ਬਲਦੇਵ ਸਿੰਘ ਦੇ ਵਿਧਾਨ ਸਭਾ ਹਲਕਿਆਂ ਵਿਚ ਉਪ ਚੋਣਾਂ ਹੋਣੀਆਂ ਤਕਰੀਬਨ ਤੈਅ ਹਨ ਜਦਕਿ ਲੋਕ ਸਭਾ ਚੋਣਾਂ ਵਿਚ ਖੜ੍ਹੇ 9 ਵਿਧਾਇਕਾਂ ਵਿਚੋਂ ਜੇਤੂ ਰਹਿਣ ਵਾਲੇ ਵਿਧਾਇਕਾਂ ਦੇ ਵਿਧਾਨ ਸਭਾ ਹਲਕਿਆਂ ਵਿਚ ਵੀ ਉਪ ਚੋਣਾਂ ਹੋਣੀਆਂ ਵੀ ਸੁਭਾਵਕ ਹਨ।