ਬੇਅਦਬੀ: ਵਿਸ਼ੇਸ਼ ਜਾਂਚ ਟੀਮ ਵੱਲੋਂ ਕਿਸੇ ਵੀ ਦੋਸ਼ੀ ਨਾਲ ਲਿਹਾਜ਼ ਨਾ ਕਰਨ ਦਾ ਦਾਅਵਾ

ਚੰਡੀਗੜ੍ਹ: ਬਹਿਬਲ ਕਲਾਂ ਗੋਲੀ ਕਾਂਡ ਵਿਚ ਤਫਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ ਵਿਚ ਕੁਝ ਵਿਅਕਤੀਆਂ ਨੂੰ ਇਸ ਜਾਂਚ ਵਿਚ ਕਲੀਨ ਚਿੱਟ ਦੇਣ ਦਾ ਦਾਅਵਾ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਦਾ ਕਹਿਣਾ ਹੈ ਕਿ ਉਸ ਵੱਲੋਂ ਸਿਰਫ ਇਕ ਮੁਲਜ਼ਮ ਖਿਲਾਫ ਹੀ ਚਲਾਨ ਪੇਸ਼ ਕੀਤਾ ਗਿਆ ਹੈ।

ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਅਜੇ ਜਾਂਚ ਅਧੀਨ ਹੈ ਅਤੇ ਕਈ ਪਹਿਲੂਆਂ ‘ਤੇ ਤਫਤੀਸ਼ ਜਾਰੀ ਹੈ। ਤਫਤੀਸ਼ ਮੁਕੰਮਲ ਹੋਣ ਤੱਕ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ 792 ਸਫਿਆਂ ਦਾ ਚਲਾਨ ਜਿਸ ਦਾ ਮੀਡੀਆ ਰਿਪੋਰਟਾਂ ਵਿਚ ਵੀ ਜ਼ਿਕਰ ਕੀਤਾ ਗਿਆ ਹੈ, ਉਹ ਸਿਰਫ ਇਕ ਮੁਲਜ਼ਮ ਸਾਬਕਾ ਐਸ਼ਐਸ਼ਪੀ. ਚਰਨਜੀਤ ਸਿੰਘ ਸ਼ਰਮਾ ਖਿਲਾਫ ਹੀ ਪੇਸ਼ ਕੀਤਾ ਗਿਆ ਹੈ। ਇਹ ਚਲਾਨ ਠੋਸ ਸਬੂਤਾਂ ‘ਤੇ ਅਧਾਰਤ ਹੈ, ਜਿਸ ਵਿਚ ਅਜੇ ਵੀ ਕਈ ਪਹਿਲੂਆਂ ‘ਤੇ ਉਕਤ ਖਿਲਾਫ ਜਾਂਚ ਜਾਰੀ ਹੈ। ਤਫਤੀਸ਼ ਮੁਕੰਮਲ ਹੋਣ ਉਪਰੰਤ ਚਰਨਜੀਤ ਸ਼ਰਮਾ ਸਮੇਤ ਕਾਨੂੰਨ ਅਨੁਸਾਰ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਤਰਤੀਮਾ ਚਲਾਨ (ਸਪਲੀਮੈਂਟਰੀ ਚਲਾਨ) ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਬੁਲਾਰੇ ਨੇ ਕਿਹਾ ਕਿ ਅਸਲ ਵਿਚ ਜਾਂਚ ਅਜੇ ਜਾਰੀ ਹੈ ਅਤੇ ਕਿਸੇ ਨੂੰ ਵੀ ਕਲੀਨ ਚਿੱਟ ਦੇਣ ਦੀ ਅਜੇ ਕੋਈ ਸੰਭਾਵਨਾ ਨਹੀਂ ਬਣਦੀ। ਅਧੂਰੀ ਜਾਂਚ ਦੇ ਆਧਾਰ ਉਤੇ ਚਲਾਨ ਵਜੋਂ ਪੇਸ਼ ਕੀਤੇ ਗਏ ਇਕ ਦਸਤਾਵੇਜ਼ ਨੂੰ ਉਨ੍ਹਾਂ ਵਿਅਕਤੀਆਂ ਨੂੰ ਕਲੀਨ ਚਿੱਟ ਦੇਣ ਦੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਿਨ੍ਹਾਂ ਦਾ ਚਲਾਨ ਵਿਚ ਜ਼ਿਕਰ ਨਹੀਂ ਕੀਤਾ ਗਿਆ। ਮੀਡੀਆ ਰਿਪੋਰਟ ਨੇ ਖੁਦ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਸਿੱਟ ਵੱਲੋਂ ਐਫ਼ਆਈ.ਆਰ. ਵਿਚ ਦਰਜ ਅਜੇ ਐਸ਼ਪੀ. ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ ਅਤੇ ਅਮਰਜੀਤ ਸਿੰਘ ਤਿੰਨ ਵਿਅਕਤੀਆਂ ਖਿਲਾਫ ਚਲਾਨ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਹੁਣ ਤੱਕ ਪੇਸ਼ ਕੀਤਾ ਗਿਆ ਚਲਾਨ ਅਧੂਰੀ ਜਾਂਚ ‘ਤੇ ਅਧਾਰਤ ਹੈ। ਇਸ ਕੇਸ ਵਿਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
___________________________
ਸਿੱਟ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ: ਖਹਿਰਾ
ਬਠਿੰਡਾ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਏ ਕਿ 24 ਅਪਰੈਲ ਨੂੰ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਚੁੱਪਚਾਪ ਫਰੀਦਕੋਟ ਵਿਚ ਚਲਾਨ ਪੇਸ਼ ਕਰ ਕੇ ਬਾਦਲ ਪਰਿਵਾਰ ਸਮੇਤ ਦੋਸ਼ੀ ਪੁਲਿਸ ਵਾਲਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਇਸ ਮੌਕੇ ਆਪਣੇ ਗੱਠਜੋੜ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਸਿੱਟ ਨੂੰ ਬੋਗਸ ਕਰਾਰ ਦਿੱਤਾ। ਸ੍ਰੀ ਖਹਿਰਾ ਨੇ ਕਿਹਾ ਕਿ ਬਹਿਬਲ ਗੋਲੀ ਕਾਂਡ ਵਿਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਨੂੰ ਇਨਸਾਫ ਦੇਣ ਦੀ ਬਜਾਏ ਸਾਰੇ ਦੋਸ਼ੀਆਂ ਨੂੰ ਬਚਾਅ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਬਾਦਲ ਪਰਿਵਾਰ ਨੂੰ ਬਚਾਅ ਕੇ ਆਪਣੀ ਪੱਕੀ ਯਾਰੀ ‘ਤੇ ਮੋਹਰ ਲਾਈ ਹੈ।
___________________________
ਬਹਿਬਲ ਕਾਂਡ: ਚਰਨਜੀਤ ਸ਼ਰਮਾ ਖਿਲਾਫ ਚਲਾਨ ਪੇਸ਼
ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਬਹਿਬਲ ਕਾਂਡ ‘ਚ ਮੁਲਜ਼ਮ ਸਾਬਕਾ ਐਸ਼ਐਸ਼ਪੀ. ਚਰਨਜੀਤ ਸ਼ਰਮਾ ਖਿਲਾਫ ਚਲਾਨ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਸ਼ਰਮਾ ਅਦਾਲਤ ਵਿਚ ਨਹੀਂ ਸਨ। ਅਦਾਲਤ ਨੇ ਸਾਬਕਾ ਐਸ਼ਐਸ਼ਪੀ. ਨੂੰ 26 ਅਪਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜਾਂਚ ਟੀਮ ਨੇ ਐਸ਼ਪੀ. ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖਾਨਾ ਦੇ ਸਾਬਕਾ ਐਸ਼ਐਚ.ਓ. ਅਮਰਜੀਤ ਸਿੰਘ ਕੁਲਾਰ ਖਿਲਾਫ ਚਲਾਨ ਅਦਾਲਤ ‘ਚ ਪੇਸ਼ ਨਹੀਂ ਕੀਤਾ। ਇਨ੍ਹਾਂ ਦੀ ਗ੍ਰਿਫਤਾਰੀ ‘ਤੇ 23 ਮਈ ਤੱਕ ਰੋਕ ਲੱਗੀ ਹੋਈ ਹੈ।
ਜਾਂਚ ਟੀਮ ਨੇ ਚਲਾਨ ਨਾ ਪੇਸ਼ ਕਰ ਕੇ ਇਨ੍ਹਾਂ ਦੀ ਗ੍ਰਿਫਤਾਰੀ ਦਾ ਰਾਹ ਅਜੇ ਖੁੱਲ੍ਹਾ ਰੱਖਿਆ ਹੈ। ਜਾਂਚ ਟੀਮ ਨੇ ਬਾਕੀ ਪੁਲਿਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਤੋਂ ਬਾਅਦ ਚਲਾਨ ਪੇਸ਼ ਕਰਨ ਦੀ ਗੱਲ ਕਹੀ ਹੈ। ਚਰਨਜੀਤ ਸ਼ਰਮਾ ਨੂੰ ਜਾਂਚ ਟੀਮ ਨੇ 27 ਜਨਵਰੀ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ ਅਤੇ 27 ਅਪਰੈਲ ਤੱਕ ਜਾਂਚ ਟੀਮ ਵੱਲੋਂ ਚਲਾਨ ਪੇਸ਼ ਕਰਨਾ ਲਾਜ਼ਮੀ ਸੀ। ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਨੇਮਾਂ ਮੁਤਾਬਕ ਚਰਨਜੀਤ ਸ਼ਰਮਾ ਨੂੰ ਬਹਿਬਲ ਕਾਂਡ ਮਾਮਲੇ ਵਿਚੋਂ ਜ਼ਮਾਨਤ ਮਿਲ ਸਕਦੀ ਸੀ। ਜਾਂਚ ਟੀਮ ਦੇ ਮੈਂਬਰ ਅਤੇ ਕਪੂਰਥਲਾ ਦੇ ਐਸ਼ਐਸ਼ਪੀ. ਸਤਿੰਦਰ ਪਾਲ ਸਿੰਘ ਚਲਾਨ ਪੇਸ਼ ਕਰਨ ਲਈ ਖੁਦ ਅਦਾਲਤ ਵਿਚ ਹਾਜ਼ਰ ਰਹੇ। ਸ਼ਰਮਾ ਇਸ ਵੇਲੇ ਪਟਿਆਲਾ ਜੇਲ੍ਹ ‘ਚ ਹਨ। 300 ਪੰਨਿਆਂ ਦੇ ਚਲਾਨ ਵਿਚ ਜਾਂਚ ਟੀਮ ਨੇ ਚਰਨਜੀਤ ਸ਼ਰਮਾ ਖਿਲਾਫ ਪੁਲਿਸ ਅਧਿਕਾਰੀਆਂ, ਡਾਕਟਰਾਂ, ਫੋਰੈਂਸਿਕ ਮਾਹਿਰਾਂ ਨੂੰ ਗਵਾਹ ਵਜੋਂ ਸ਼ਾਮਲ ਕੀਤਾ ਹੈ।
___________________________
ਬੇਅਦਬੀ ਤੇ ਗੋਲੀ ਕਾਂਡ ਬਣਿਆ ਬਾਦਲਾਂ ਲਈ ਚੁਣੌਤੀ
ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਹ ਬਠਿੰਡਾ ਲੋਕ ਸਭਾ ਹਲਕੇ ਵਿਚ ਮੁੜ ਦਿਖਣਾ ਸ਼ੁਰੂ ਹੋ ਗਿਆ ਹੈ। ਏਕਨੂਰ ਖਾਲਸਾ ਫੌਜ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਾਫਲੇ ਨੂੰ ਕਾਲੇ ਝੰਡੇ ਵਿਖਾ ਕੇ ਬੇਅਦਬੀ ਵਾਲੇ ਰੋਹ ਦਾ ਮੁੱਢ ਬੰਨ੍ਹ ਦਿੱਤਾ ਹੈ। ਬੀਬਾ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਤੀਜੀ ਵਾਰ ਚੋਣ ਮੈਦਾਨ ਵਿਚ ਹਨ।
ਜਾਣਕਾਰੀ ਅਨੁਸਾਰ ਬੀਬਾ ਹਰਸਿਮਰਤ ਕੌਰ ਬਾਦਲ ਪਿੰਡ ਖੇਮੂਆਣਾ ਵਿਚ ਰੱਖੇ ਚੋਣ ਜਲਸੇ ਦੌਰਾਨ ਸਟੇਜ ਤੋਂ ਬੋਲਣ ਲੱਗੇ ਤਾਂ ਸਟੇਜ ਦੇ ਐਨ ਸਾਹਮਣੇ ਹਰਜੀਤ ਸਿੰਘ ਨਾਂ ਦੇ ਨੌਜਵਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਅਕਾਲੀ ਵਰਕਰਾਂ ਨੇ ਨੌਜਵਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਮੌਕੇ ਪੰਡਾਲ ਵਿਚ ਬੈਠੇ ਪਿੰਡ ਦੇ ਦਰਸ਼ਨ ਸਿੰਘ ਅਤੇ ਜੀਤ ਸਿੰਘ ਨੇ ਬੇਅਦਬੀ ਮਾਮਲੇ ਵਿਚ ਕੇਂਦਰੀ ਮੰਤਰੀ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਚੋਣ ਰੈਲੀ ਦੇ ਇਕੱਠ ਪਿੱਛੇ ਖੜੇ ਇਕ ਵਿਅਕਤੀ ਨੇ ਕਾਲੀ ਝੰਡੀ ਵਿਖਾ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ। ਬੀਬਾ ਬਾਦਲ ਨੇ ਆਪਣੇ ਸੰਬੋਧਨ ਵਿਚ ਗੁਟਕੇ ਦੀ ਸਹੁੰ ਖਾ ਕੇ ਮੁੱਕਰਨ ਵਾਲਿਆਂ ਦਾ ਵਿਰੋਧ ਕਰਨ ਦੀ ਨਸੀਹਤ ਦਿੱਤੀ, ਪਰ ਮਾਮਲਾ ਵਧਦਾ ਦੇਖ ਉਨ੍ਹਾਂ ਅਗਲੇ ਪਿੰਡ ਵੱਲ ਚਾਲੇ ਪਾ ਦਿੱਤੇ।
ਪਿੰਡ ਹਰਰਾਏਪੁਰ ਵਿਚ ਬੀਬਾ ਬਾਦਲ ਨੇ ਚੋਣ ਜਲਸੇ ਨੂੰ ਖਤਮ ਕੀਤਾ ਤਾਂ ਪਿੰਡ ਦੀ ਤਿੰਨ ਕੋਣੀ ਵਿਖੇ ਏਕਨੂਰ ਖਾਲਸਾ ਫੌਜ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਗੋਨਿਆਣਾ, ਪ੍ਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈਡਰੇਸ਼ਨ ਦੀ ਅਗਵਾਈ ਵਿਚ ਇਕ ਇਕੱਠੇ ਹੋਏ ਸਾਥੀਆਂ ਨੇ ਘੇਰਨ ਦਾ ਯਤਨ ਕੀਤਾ। ਅਕਾਲੀ ਵਰਕਰਾਂ ਨੂੰ ਇਹਦੀ ਭਿਣਕ ਲੱਗਣ ਕਰਕੇ ਉਹ ਹਰਸਿਮਰਤ ਕੌਰ ਬਾਦਲ ਦੇ ਰੂਟ ਪਲਾਨ ਨੂੰ ਬਦਲਦਿਆਂ ਪਿੰਡ ਦੀ ਫਿਰਨੀ ਵਿਚੋਂ ਕਾਫਲੇ ਨੂੰ ਹਾਈਵੇਅ ਵੱਲ ਲੈ ਗਏ। ਏਕਨੂਰ ਫੌਜ ਦੇ ਆਗੂਆਂ ਨੇ ਹਾਈਵੇਅ ‘ਤੇ ਚੜ੍ਹ ਰਹੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਪ੍ਰਗਟ ਕਰਦੇ ਹੋਏ ਨਾਅਰੇ ਲਗਾਏ।