ਭਾਜਪਾ ਨੂੰ ਪੰਜਾਬੀਆਂ ਦੀ ਥਾਂ ਬਾਹਰੀ ਉਮੀਦਵਾਰਾਂ ਉਤੇ ਵੱਧ ਭਰੋਸਾ

ਚੰਡੀਗੜ੍ਹ: ਪੰਜਾਬ ਦੀ ਸੱਤਾ ਵਿਚ ਡੇਢ ਦਹਾਕਾ ਭਾਗੀਦਾਰ ਰਹਿਣ ਤੋਂ ਬਾਅਦ ਵੀ ਭਾਰਤੀ ਜਨਤਾ ਪਾਰਟੀ ਸੂਬੇ ਵਿਚ ਕੱਦਾਵਰ ਸਿਆਸੀ ਨੇਤਾ ਸਥਾਪਤ ਕਰਨ ਵਿਚ ਕਾਮਯਾਬ ਨਹੀਂ ਰਹੀ। ਸੂਬੇ ਵਿਚ 19 ਮਈ ਨੂੰ ਹੋਣ ਜਾ ਰਹੀਆਂ ਸੰਸਦੀ ਚੋਣਾਂ ਦੌਰਾਨ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ ‘ਤੇ ਬਾਹਰੋਂ ਉਮੀਦਵਾਰ ਲਿਆਉਣ ਦੀ ਰਣਨੀਤੀ ਨੇ ਭਗਵਾਂ ਪਾਰਟੀ ਅੰਦਰ ਲੀਡਰਸ਼ਿਪ ਦੀ ਕਮੀ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਵਲੋਂ 1996 ਦੀਆਂ ਸੰਸਦੀ ਚੋਣਾਂ ਤੋਂ ਬਾਅਦ 13 ਦਿਨਾਂ ਲਈ ਬਣੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸੀ ਜਿਸ ਨਾਲ ਅਕਾਲੀ-ਭਾਜਪਾ ਗੱਠਜੋੜ ਹੋਂਦ ਵਿਚ ਆਇਆ ਸੀ। ਸੰਸਦੀ ਚੋਣਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਹਰ ਵਾਰੀ ਨਵਾਂ ਚਿਹਰਾ ਬਾਹਰੋਂ ਉਤਾਰ ਰਹੀ ਹੈ। ਭਾਜਪਾ ਨੇ ਸਾਲ 1999 ਵਿਚ ਅਦਾਕਾਰ ਵਿਨੋਦ ਖੰਨਾ ਨੂੰ ਗੁਰਦਾਸਪੁਰ ਤੋਂ ਮੈਦਾਨ ਵਿਚ ਉਤਾਰਿਆ ਤੇ ਇਸੇ ਤਰ੍ਹਾਂ 2004 ਸੰਸਦੀ ਚੋਣਾਂ ਦੌਰਾਨ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਚੋਣ ਮੈਦਾਨ ਵਿਚ ਲਿਆਂਦਾ। ਇੱਥੇ ਹੀ ਬੱਸ ਨਹੀਂ ਸਾਲ 2014 ਦੀਆਂ ਚੋਣਾਂ ਦੌਰਾਨ ਪਾਰਟੀ ਨੇ ਨਵੀਂ ਦਿੱਲੀ ਤੋਂ ਆਪਣੇ ਕੱਦਾਵਰ ਨੇਤਾ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਪਰ ਉਹ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੇ ਅੰਤਰ ਨਾਲ ਹਾਰ ਗਏ।
ਪੰਜਾਬ ਵਿਚ ਲਗਾਤਾਰ ਇਕ ਦਹਾਕਾ ਸੱਤਾ ਦਾ ਆਨੰਦ ਭੋਗਣ ਤੋਂ ਬਾਅਦ ਅਕਾਲੀਆਂ ਵਾਂਗ ਹੀ ਭਾਈਵਾਲ ਭਾਜਪਾ ਵੀ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਸੀ। ਭਾਜਪਾ ਗੱਠਜੋੜ ਤਹਿਤ ਭਾਵੇਂ ਤਿੰਨ ਸੀਟਾਂ ‘ਤੇ ਹੀ ਉਮੀਦਵਾਰ ਖੜ੍ਹੇ ਕਰਦੀ ਹੈ ਪਰ ਇਨ੍ਹਾਂ ਤਿੰਨਾਂ ਸੀਟਾਂ ‘ਤੇ ਵੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਭਾਜਪਾ ਨੇ ਕੱਦਾਵਾਰ ਫਿਲਮ ਅਦਾਕਾਰ ਧਰਮਿੰਦਰ ਸਿੰਘ ਦਿਓਲ ਦੇ ਵੱਡੇ ਪੁੱਤਰ ਸੰਨੀ ਦਿਓਲ ਦਾ ਸਹਾਰਾ ਲਿਆ। ਭਾਜਪਾ ਨੇ ਇਨ੍ਹਾਂ ਚੋਣਾਂ ਦੌਰਾਨ ਤਿੰਨਾਂ ਹਲਕਿਆਂ ਤੋਂ ਹੀ ਉਮੀਦਵਾਰ ਬਦਲ ਦਿੱਤੇ ਹਨ ਹਾਲਾਂਕਿ ਹੁਸ਼ਿਆਰਪੁਰ (ਰਾਖਵੇਂ) ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਪਾਰਟੀ ਲੀਡਰਸ਼ਿਪ ਦੇ ਫੈਸਲੇ ਵਿਰੁੱਧ ਪ੍ਰਤੀਕਰਮ ਪ੍ਰਗਟ ਕੀਤਾ। ਭਾਰਤੀ ਜਨਤਾ ਪਾਰਟੀ ਵੱਲੋਂ ਆਗਾਮੀ ਸੰਸਦੀ ਚੋਣਾਂ ਦੌਰਾਨ ਵੀ ਦੋ ਸੰਸਦੀ ਹਲਕਿਆਂ ਅੰਮ੍ਰਿਤਸਰ ਤੋਂ ਸਾਬਕਾ ਨੌਕਰਸ਼ਾਹ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਗੁਰਦਾਸਪੁਰ ਤੋਂ ਫਿਲਮ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਭਗਵਾਂ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਇਹ ਦੋਵੇਂ ਉਮੀਦਵਾਰ ਹੀ ਪੰਜਾਬੀਆਂ ਲਈ ਨਵੇਂ ਅਤੇ ਬਾਹਰਲੇ ਹਨ। ਸੰਨੀ ਦਿਓਲ ਦਾ ਪੰਜਾਬ ਨਾਲ ਸਿੱਧੇ ਤੌਰ ‘ਤੇ ਕੋਈ ਵਾਹ ਵਾਸਤਾ ਨਹੀਂ ਰਿਹਾ। ਇਸ ਲਈ ਪਾਰਟੀ ਦੇ ਕਾਡਰ ਵਿਚ ਨਿਰਾਸ਼ਾ ਦਾ ਆਲਮ ਹੈ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਸਮੀਖਿਆ ਕੀਤੀ ਜਾਵੇ ਤਾਂ ਇਹ ਪਾਰਟੀ ਪੰਜਾਬ ਅੰਦਰ ਸੱਤਾ ‘ਚ ਰਹਿ ਕੇ ਵੀ ਕੋਈ ਅਜਿਹਾ ਕੱਦਾਵਰ ਨੇਤਾ ਪੈਦਾ ਨਹੀਂ ਕਰ ਸਕੀ ਜਿਸ ਦੇ ਸਹਾਰੇ ਵੋਟਾਂ ਮੰਗੀਆਂ ਜਾ ਸਕਣ। ਹਰ ਚੋਣ ਵੇਲੇ ਇਸ ਪਾਰਟੀ ਦਾ ਦਾਰੋਮਦਾਰ ਕੇਂਦਰੀ ਲੀਡਰਸ਼ਿਪ ਦੁਆਲੇ ਹੀ ਟਿਕਿਆ ਰਹਿੰਦਾ ਹੈ। ਭਗਵਾਂ ਪਾਰਟੀ ਅੰਦਰ ਧੜੇਬੰਦੀ ਨੂੰ ਖਤਮ ਕਰਨ ਲਈ ਵੀ ਸੂਬਾਈ ਜਾਂ ਕੇਂਦਰੀ ਲੀਡਰਸ਼ਿਪ ਨੇ ਕਦੇ ਗੰਭੀਰਤਾ ਨਹੀਂ ਦਿਖਾਈ। ਇਸ ਸਮੇਂ ਵੀ ਪਾਰਟੀ ਕਈ ਧੜਿਆਂ ਵਿਚ ਵੰਡੀ ਹੋਈ ਹੈ ਤੇ ਭਾਜਪਾ ਨੂੰ ਚੋਣਾਂ ਦੌਰਾਨ ਅਕਸਰ ਵੋਟਰਾਂ ਦੇ ਕਾਂਗਰਸ ਨਾਲ ਨਾਰਾਜ ਹੋਣ ਦਾ ਸਿਆਸੀ ਲਾਭ ਹੀ ਮਿਲਦਾ ਰਿਹਾ ਹੈ।