ਕਿੰਨੀਆਂ ਡੂੰਘੀਆਂ ਹਨ ਲਸ਼ਕਰੀ ਜੜ੍ਹਾਂ

ਕਿੰਨੀ ਤਿੱਖੀ ਹੈ ਲਸ਼ਕਰੀ ਮਾਰ
ਸੁਰਿੰਦਰ ਸਿੰਘ ਤੇਜ
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪੱਛਮੀ ਮੁਲਕਾਂ ਦਾ ਧਿਆਨ ਪਾਕਿਸਤਾਨੀ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਉਤੇ ਕੇਂਦ੍ਰਿਤ ਹੈ। ਜੈਸ਼ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ਆਲਮੀ ਪੱਧਰ ਦਾ ਦਹਿਸ਼ਤਗਰਦ ਕਰਾਰ ਦਿਵਾਉਣ ਦੇ ਹੀਲੇ ਚੀਨੀ ਅੜਿਕਿਆਂ ਦੇ ਬਾਵਜੂਦ ਨਿਰੰਤਰ ਜਾਰੀ ਹਨ। ਜੇ ਅਮਰੀਕੀ ਵਿਦਵਾਨ ਅਤੇ ਦੱਖਣ ਏਸ਼ੀਆ ਵਿਚਲੀ ਦਹਿਸ਼ਤਗਰਦੀ ਦੀ ਅਧਿਐਨਕਾਰ ਸੀ. ਕ੍ਰਿਸਟੀਨ ਫੇਅਰ ਦੀ ਸੋਚ ‘ਤੇ ਯਕੀਨ ਕੀਤਾ ਜਾਵੇ ਤਾਂ ਭਾਰਤੀ ਧਿਆਨ, ਜੈਸ਼ ਨਾਲੋਂ ਲਸ਼ਕਰ-ਏ-ਤੋਇਬਾ ਉਤੇ ਵੱਧ ਕੇਂਦ੍ਰਿਤ ਹੋਣਾ ਚਾਹੀਦਾ ਹੈ।

ਇਸ ਸੋਚ ਦਾ ਆਧਾਰ ਉਸ ਨੇ ਆਪਣੀ ਤਾਜ਼ਾਤਰੀਨ ਕਿਤਾਬ ‘ਇਨ ਦੇਅਰ ਓਅਨ ਵਰਡਜ਼: ਅੰਡਰਸਟੈਂਡਿੰਗ ਲਸ਼ਕਰ-ਏ-ਤੋਇਬਾ’ ਵਿਚ ਕੀਤਾ ਹੈ। ਕ੍ਰਿਸਟੀਨ ਬੁਨਿਆਦੀ ਤੌਰ ‘ਤੇ ਇਤਿਹਾਸਕਾਰ ਹੈ। ਉਹ ਅਮਰੀਕਾ ਦੀ ਜਾਰਜਟਾਊਨ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਤੇ ਸਮਕਾਲੀ ਇਤਿਹਾਸ ਪੜ੍ਹਾਉਂਦੀ ਹੈ। ਉਸ ਨੇ ਜ਼ਿੰਦਗੀ ਦੇ ਪਿਛਲੇ 28 ਸਾਲ ਦੱਖਣੀ ਏਸ਼ੀਆ ਦੇ ਅਧਿਐਨ ਉਤੇ ਲਾਏ ਹਨ ਅਤੇ ਅਜਿਹਾ ਕਰਨ ਲਈ ਉਰਦੂ-ਫਾਰਸੀ ਅਤੇ ਹਿੰਦੀ ਪੜ੍ਹਨੀ-ਲਿਖਣੀ-ਬੋਲਣੀ ਵੀ ਸਿੱਖੀ।
ਲਸ਼ਕਰ ਬਾਰੇ ਛੇ ਕਿਤਾਬਾਂ ਪਹਿਲਾਂ ਹੀ ਅੰਗਰੇਜ਼ੀ ਵਿਚ ਮਿਲਦੀਆਂ ਹਨ। ਇਸ ਦਹਿਸ਼ਤੀ ਸੰਗਠਨ ਅਤੇ ਇਸ ਦੇ ਬਾਅਦ ਦੇ ਨਵੇਂ ਨਾਂਵਾਂ ਜਮਾਤ-ਉਦ-ਦਾਵਾ ਜਾਂ ਫਲਾਹ-ਏ-ਇਨਸਾਨੀਅਤ ਬਾਰੇ ਸੰਜੀਦਾ ਖੋਜ-ਅਧਿਐਨ 2008 ਦੇ ਮੁੰਬਈ ਹਮਲੇ (26/8) ਤੋਂ ਸ਼ੁਰੂ ਹੋਏ। ਪਾਕਿਸਤਾਨੀ-ਅਮਰੀਕੀ ਪੱਤਰਕਾਰ ਆਰਿਫ ਜਮਾਲ ਦੀ ਕਿਤਾਬ ‘ਲਸ਼ਕਰ-ਏ-ਤੋਇਬਾ (1985-2014)’ ਇਸ ਜਮਾਤ ਬਾਰੇ ਅਕਾਦਮਿਕ ਕਿਸਮ ਦੀ ਜਾਣਕਾਰੀ ਦਿੰਦੀ ਹੈ। ਇਸੇ ਤਰ੍ਹਾਂ ਦੋ ਅਮਰੀਕੀ ਵਿਦਵਾਨਾਂ-ਯੂਜੇਨ ਸਕੌਲੋਸ ਤੇ ਸਟੀਫਨ ਟੈਨਕਲ ਦੀਆਂ ਕਿਤਾਬਾਂ ਵੀ ਲਸ਼ਕਰ ਦੀ ਬਣਤਰ, ਇਸ ਦੇ ਮਿਸ਼ਨਾਂ, ਪਾਕਿਸਤਾਨੀ ਫੌਜ ਤੇ ਸਥਾਪਤੀ ਨਾਲ ਇਸ ਦੇ ਰਿਸ਼ਤੇ ਅਤੇ ਇਸ ਦੀਆਂ ਭਰਤੀ ਮੁਹਿੰਮਾਂ ਬਾਰੇ ਨਿੱਗਰ ਜਾਣਕਾਰੀ ਮੁਹੱਈਆ ਕਰਦੀਆਂ ਹਨ।
ਕ੍ਰਿਸਟੀਨ ਦੀ ਕਿਤਾਬ ਇਸ ਗੱਲੋਂ ਵੱਖਰੀ ਹੈ ਕਿ ਇਸ ਦੀ ਸਮੁੱਚੀ ਅਧਿਐਨ ਸਮੱਗਰੀ ਲਸ਼ਕਰ ਦੇ ਪ੍ਰਕਾਸ਼ਕ ‘ਦਾਰ-ਉਲ-ਅੰਦਲੂਸ’ ਵਲੋਂ ਛਾਪੀਆਂ ਕਿਤਾਬਾਂ, ਪੈਂਫਲੈਟਾਂ, ਕਿਤਾਬਚਿਆਂ ਤੇ ਹੋਰ ਪ੍ਰਕਾਸ਼ਨਾਵਾਂ; ਕਸ਼ਮੀਰ ਵਿਚ ਹਲਾਕ ਹੋਣ ਵਾਲੇ 997 ਲਸ਼ਕਰੀ ‘ਸ਼ਹੀਦਾਂ’ ਦੀਆਂ ਜੀਵਨੀਆਂ ਅਤੇ 1995 ਤੋਂ 2013 ਤਕ ਦੀਆਂ ਲੇਖਕਾ ਦੀਆਂ ਡੇਢ ਦਰਜਨ ਪਾਕਿਸਤਾਨੀ ਫੇਰੀਆਂ ਨਾਲ ਜੁੜੇ ਅਨੁਭਵਾਂ ਤੇ ਖੋਜਾਂ ਉਤੇ ਆਧਾਰਿਤ ਹੈ। ਉਨ੍ਹਾਂ ਫੇਰੀਆਂ ਦੌਰਾਨ ਉਸ ਨੂੰ ਲਸ਼ਕਰ ਦੇ ਮੁਰੀਦਕੇ (ਪੰਜਾਬ) ਸਥਿਤ ਹੈੱਡਕੁਆਰਟਰ ਵਿਚ ਜਾਣ ਦਾ ਤਿੰਨ ਵਾਰ ਮੌਕਾ ਮਿਲਿਆ ਪਰ 2013 ਤੋਂ ਬਾਅਦ ਕ੍ਰਿਸਟੀਨ ਪਾਕਿਸਤਾਨ ਨਹੀਂ ਜਾ ਸਕੀ। ਪਾਕਿਸਤਾਨੀ ਫੌਜ ਨੂੰ ਉਸ ਦੀ ਕਿਤਾਬ ‘ਫਾਈਟ ਟੂ ਦਿ ਐਂਡ’ ਪਸੰਦ ਨਹੀਂ ਆਈ। ਇਹ ਕਿਤਾਬ ਉਸੇ ਸਾਲ ਰਿਲੀਜ਼ ਹੋਈ ਸੀ। ਲਿਹਾਜ਼ਾ, ਉਸ ਦੇ ਪਾਕਿਸਤਾਨ ਵਿਚ ਦਾਖਲੇ ਉਤੇ ਰੋਕ ਲਾ ਦਿਤੀ ਗਈ। ਕ੍ਰਿਸਟੀਨ ਨੇ ਅਜਿਹੇ ਅੜਿਕੇ ਨੂੰ ਚੁਣੌਤੀ ਵਜੋਂ ਲੈਂਦਿਆਂ ਵੱਧ ਸ਼ਿੱਦਤੀ, ਵੱਧ ਕਰੜਾ ਕਾਰਜ-ਵਿਧਾਨ ਅਪਨਾਇਆ। ਉਸ ਨੇ ਲਸ਼ਕਰ ਵਲੋਂ ਛਾਪੇ ਹਰ ਦਸਤਾਵੇਜ਼ ਦਾ ਬਾਰੀਕੀ ਨਾਲ ਅਧਿਐਨ ਕੀਤਾ ਅਤੇ ਇਸੇ ਅਧਿਐਨ ਤੇ ਦਸਤਾਵੇਜ਼ਾਂ ਦੀ ਵਿਆਖਿਆ ਦੇ ਆਧਾਰ ‘ਤੇ ਦਰਸਾਇਆ ਹੈ ਕਿ ਲਸ਼ਕਰ ਸਿਰਫ ਦਹਿਸ਼ਤੀ ਜਮਾਤ ਨਹੀਂ ਸਗੋਂ ਪਾਕਿਸਤਾਨੀ ਨਿਜ਼ਾਮ ਦਾ ਅੰਗ ਹੈ।
ਕਿਤਾਬ ਮੁਤਾਬਕ ਪਾਕਿਸਤਾਨੀ ਫੌਜ ਅਤੇ ਵੱਖ-ਵੱਖ ਜਹਾਦੀ ਸੰਗਠਨਾਂ ਦਾ ਰਿਸ਼ਤਾ ਸਹਿਜੀਵੀ ਹੈ, ਪਰ ਲਸ਼ਕਰ ਦੇ ਮਾਮਲੇ ਵਿਚ ਇਹ ਰਿਸ਼ਤਾ ਸਹਿਵਾਸ ਵਾਲਾ ਹੈ। ਤਹਿਰੀਕ-ਏ-ਤਾਲਿਬਾਨ, ਹਰਕਤ-ਉਲ-ਮੁਜਾਹਿਦੀਨ ਜਾਂ ਜੈਸ਼-ਏ-ਮੁਹੰਮਦ ਮੁੱਖ ਤੌਰ ‘ਤੇ ਦਿਉਬੰਦੀ (ਵਹਾਬੀ) ਸੋਚ ਵਾਲੀ ਪਾਰਟੀ ‘ਜਮਾਇਤ-ਏ-ਉਲੇਮਾ-ਏ-ਪਾਕਿਸਤਾਨ’ ਤੋਂ ਆਪਣੇ ਰੰਗਰੂਟ ਤੇ ਫੰਡ ਹਾਸਲ ਕਰਦੀਆਂ ਹਨ। ਉਹ ਸਿੱਧੇ ਤੌਰ ‘ਤੇ ਪਾਕਿਸਤਾਨੀ ਫੌਜ ਜਾਂ ਖੁਫੀਆ ਏਜੰਸੀ ਆਈ. ਐਸ਼ ਆਈ. ਦੇ ਅੰਗੂਠੇ ਹੇਠ ਨਹੀਂ। ਉਹ ਕਈ ਮਾਮਲਿਆਂ ‘ਚ ਆਈ. ਐਸ਼ ਆਈ. ਨੂੰ ਝਕਾਨੀ ਦੇਣ ਤੋਂ ਪਰਹੇਜ਼ ਨਹੀਂ ਕਰਦੀਆਂ। ਲਸ਼ਕਰ ਪੂਰੀ ਤਰ੍ਹਾਂ ਆਈ. ਐਸ਼ ਆਈ. ਦੀ ਮੁੱਠੀ ਵਿਚ ਹੈ। ਉਸ ਦੇ ਹਮਾਇਤੀਆਂ ਦਾ ਦਾਇਰਾ ਸੀਮਤ ਹੈ। ਉਹ ਅਹਿਲ-ਏ-ਹਦੀਸ ਨੂੰ ਆਪਣਾ ਵਿਚਾਰਧਾਰਕ, ਇਖਲਾਕੀ ਤੇ ਸਮਾਜਕ ਅਕੀਦਾ ਮੰਨਦੀ ਹੈ। ਉਸ ਦੇ ਕਾਡਰ ਵਿਚ ਸੂਫੀ ਸੋਚ ਵਾਲਿਆਂ ਦੀ ਕੋਈ ਥਾਂ ਨਹੀਂ। ਇਸ ਇਸਲਾਮੀ ਕੱਟੜਵਾਦੀ ਧਾਰਾ ਦੇ ਪੈਰੋਕਾਰਾਂ ਦੀ ਗਿਣਤੀ ਕੁੱਲ ਪਾਕਿਸਤਾਨੀ ਵਸੋਂ ਦਾ ਚਾਰ ਫੀਸਦੀ ਵੀ ਨਹੀਂ ਬਣਦੀ।
ਇਸੇ ਲਈ ਲਸ਼ਕਰ ਨੂੰ ਨਵੀਂ ਭਰਤੀ ਤੇ ਫੰਡਾਂ ਲਈ ਆਈ. ਐਸ਼ ਆਈ. ਉਤੇ ਨਿਰਭਰ ਕਰਨਾ ਪੈਂਦਾ ਹੈ। ਆਈ. ਐਸ਼ ਆਈ. ਉਸ ਨੂੰ ਕਸ਼ਮੀਰ ਵਿਚ ਖੁੱਲ੍ਹ ਕੇ ਵਰਤ ਰਹੀ ਹੈ। ਇਸ ਦਾ ਸਬੂਤ ਲਸ਼ਕਰ ਦਾ ਆਪਣਾ ਰਿਕਾਰਡ ਹੈ। ਉਸ ਦੇ 98 ਫੀਸਦੀ ਕਾਰਕੁਨ ਕਸ਼ਮੀਰ ਵਿਚ ‘ਸ਼ਹੀਦ’ ਹੋਏ ਜਦੋਂਕਿ ‘ਜਹਾਦ’ ਵਾਲੀਆਂ ਹੋਰ ਥਾਂਵਾਂ ਜਿਵੇਂ ਅਫਗਾਨਿਸਤਾਨ, ਇਰਾਕ, ਬੋਸਨੀਆ, ਚੇਚਨੀਆ ਜਾਂ ਤਾਜਿਕਸਤਾਨ ਵਿਚ ਮਰਨ ਵਾਲੇ ਕਾਰਕੁਨਾਂ ਦੀ ਗਿਣਤੀ ਦੋ ਫੀਸਦੀ ਹੈ। ਕਿਤਾਬ ਅਨੁਸਾਰ ਲਸ਼ਕਰ ਦੇ ਸਿਖਰਲੇ ਆਗੂਆਂ ਦੀ ਔਸਤ ਉਮਰ ਸੱਠ ਵਰ੍ਹਿਆਂ ਤੋਂ ਵੱਧ ਹੈ ਪਰ ਆਮ ਕਾਰਕੁਨ ਔਸਤ 21 ਵਰ੍ਹੇ ਹੀ ਜਿਉਂਦਾ ਹੈ। ਉਸ ਨੂੰ 16-17 ਵਰ੍ਹਿਆਂ ਦੀ ਉਮਰ ਵਿਚ ਭਰਤੀ ਲਈ ਚੁਣ ਲਿਆ ਜਾਂਦਾ ਹੈ ਅਤੇ 16 ਹਫਤਿਆਂ ਦੀ ਫੌਜੀ ਸਿਖਲਾਈ ਮਗਰੋਂ ‘ਜੰਗੀ’ ਮੋਰਚੇ ‘ਤੇ ਧੱਕ ਦਿੱਤਾ ਜਾਂਦਾ ਹੈ। ਅੱਲ੍ਹੜ ਉਮਰ ਦੇ ਮੁੰਡਿਆਂ ਦੇ ਮਰਨ ‘ਤੇ ਅਫਸੋਸ ਨਹੀਂ ਕੀਤਾ ਜਾਂਦਾ ਬਲਕਿ ਬਹੁਤੀ ਵਾਰ ਤਾਂ ਉਨ੍ਹਾਂ ਨੂੰ ਆਪਣਾ ਕਾਡਰ ਕਬੂਲਣ ਤੋਂ ਵੀ ਇਨਕਾਰ ਕਰ ਦਿਤਾ ਜਾਂਦਾ ਹੈ।
ਇਸ ਕਿਤਾਬ ਵਿਚ ਬਹੁਤ ਕੁਝ ਮਾਰਮਿਕ ਵੀ ਹੈ। ਨਾਲ ਹੀ ਕਈ ਹੈਰਾਨੀਜਨਕ ਖੁਲਾਸੇ ਵੀ ਹਨ, ਜਿਵੇਂ ਪਾਕਿਸਤਾਨੀ ਹਕੂਮਤੀ ਵਿਹੜੇ ਵਿਚ ਲਸ਼ਕਰ ਦੀ ਕਲਮ ਜ਼ੁਲਫਿਕਾਰ ਅਲੀ ਭੁੱਟੋ ਨੇ ਲਵਾਈ ਸੀ, ਭਾਰਤ ਨੂੰ ਹਰ ਰੋਜ਼ ਨਵੇਂ ਫੱਟ ਲਾਉਣ ਲਈ। ਇਸ ਮਨਸੂਬੇ ਨੂੰ ਪਰਵਾਨ, ਭੁੱਟੋ ਨੂੰ ਫਾਂਸੀ ਲਾਉਣ ਵਾਲੇ ਜਨਰਲ ਜ਼ਿਆ-ਉਲ-ਹੱਕ ਨੇ ਚੜ੍ਹਾਇਆ ਅਤੇ ਅਜਿਹਾ ਕਰਦਿਆਂ ਨਿੱਤ ਨਵੇਂ ਫੱਟ ਲਾਉਣ ਦੇ ‘ਸਿਧਾਂਤ’ ਦੀ ਮਾਲਕੀ ਵੀ ਆਪਣੇ ਨਾਮ ਕਰ ਲਈ।
ਉਚਾ ਤਖਤ ਲਾਹੌਰ ਦਾ: ਪਾਕਿਸਤਾਨ ਦਾ ਸਰਬ-ਪ੍ਰਮੁੱਖ ਸ਼ਹਿਰ ਕਿਹੜਾ ਹੈ? ਅੰਗਰੇਜ਼ੀ ਅਖਬਾਰ ‘ਡਾਅਨ’ ਦੇ ਕਾਲਮਨਵੀਸ ਅਤੇ ਸਾਬਕਾ ਬਿਓਰੋਕਰੈਟ ਇਰਫਾਨ ਹੁਸੈਨ ਅਨੁਸਾਰ ਕਦੇ ਸਰਬ-ਪ੍ਰਮੁੱਖ ਸ਼ਹਿਰ ਦਾ ਰੁਤਬਾ ਕਰਾਚੀ ਦਾ ਹੁੰਦਾ ਸੀ, ਹੁਣ ਲਾਹੌਰ ਦਾ ਮੁਕਾਬਲਾ ਨਹੀਂ। ਦੋਹਾਂ ਦਰਮਿਆਨ ਇਹ ਪਾੜਾ ਲਗਾਤਾਰ ਵਧ ਰਿਹਾ ਹੈ। ਕਰਾਚੀ ਦਿਨੋ-ਦਿਨ ਬਦਸੂਰਤ ਹੋ ਰਿਹਾ ਹੈ, ਲਾਹੌਰ ਖੂਬਸੂਰਤ। ਕਰਾਚੀ ਅਜੇ ਵੀ ਪਾਕਿਸਤਾਨ ਦੀ ਕਾਰੋਬਾਰੀ ਰਾਜਧਾਨੀ ਹੈ, ਪਰ ਲਾਹੌਰ ਤਹਿਜ਼ੀਬੀ ਰਾਜਧਾਨੀ ਹੋਣ ਦੇ ਨਾਲ-ਨਾਲ ਕਾਰੋਬਾਰੀ ਧੁਰਾ ਬਣਨ ਵਲ ਵੀ ਤੇਜ਼ੀ ਨਾਲ ਵਧ ਰਿਹਾ ਹੈ। ਕਰਾਚੀ ਗੈਰ-ਮਿਆਰੀ ਤੇ ਗੈਰ-ਮਨਸੂਬੀ ਸ਼ਹਿਰੀਕਰਨ ਦੀ ਮਿਸਾਲ ਹੈ; ਲਾਹੌਰ ਨੂੰ ਮਨਸੂਬਾਬੰਦ ਸ਼ਹਿਰੀਕਰਨ ਦਾ ਜਾਮਾ ਪਹਿਨਾਉਣ ਦੇ ਹੀਲੇ 1990ਵਿਆਂ ਤੋਂ ਜਾਰੀ ਹਨ ਅਤੇ ਇਹ ਫਲਦਾਇਕ ਵੀ ਸਾਬਤ ਹੋ ਰਹੇ ਹਨ।
ਇਰਫਾਨ ਹੁਸੈਨ ਦਾ ਮਜ਼ਮੂਨ ਕਰਾਚੀ ਦੀ ਵਿਅਥਾ-ਕਥਾ ਨੂੰ 1980ਵਿਆਂ ਵਿਚ ਅਫਗਾਨ ਸ਼ਰਨਾਰਥੀਆਂ ਦੀ ਬੇਰੋਕ-ਟੋਕ ਆਮਦ ਅਤੇ ਫਿਰ ਮੁਤਹਿਦਾ ਕੌਮੀ ਮੂਵਮੈਂਟ (ਐਮ. ਕਿਊ. ਐਮ.) ਦੇ ਉਭਾਰ ਨਾਲ ਜੋੜਦਾ ਹੈ। ਇਨ੍ਹਾਂ ਦੋਹਾਂ ਵਰਤਾਰਿਆਂ ਨੇ ਕਰਾਚੀ ਨੂੰ ਅਪਰਾਧ ਨਗਰੀ ‘ਚ ਬਦਲ ਦਿੱਤਾ। ਸਿਆਸਤਦਾਨਾਂ ਨੇ ਵੀ ਇਸ ਕਾਰੋਬਾਰੀ ਰਾਜਧਾਨੀ ਨੂੰ ਏ. ਟੀ. ਐਮ. ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਹਰ ਕੰਮ, ਹਰ ਧੰਦੇ ਲਈ ਹਫਤੇ ਤੈਅ ਹੋ ਗਏ। 1990ਵਿਆਂ ਵਿਚ ਨਵਾਜ਼ ਸ਼ਰੀਫ ਦੀ ਸਰਕਾਰ ਨੇ ਕਰਾਚੀ ਦੀ ਹਾਲਤ ਸੁਧਾਰਨ ਲਈ ਸਖਤੀ ਦਾ ਦੌਰ ਸ਼ੁਰੂ ਕੀਤਾ ਪਰ ਸਿਆਸਤਦਾਨਾਂ ਤੇ ਅਪਰਾਧੀਆਂ ਦੀ ਸਾਂਝ ਇੰਨੀ ਪੱਕੀ ਹੋ ਚੁੱਕੀ ਸੀ ਕਿ ਸਰਕਾਰ ਦੇ ਹੀਲੇ ਵੀ ਕਾਰਗਰ ਸਾਬਤ ਨਾ ਹੋਏ।
ਕਰਾਚੀ ਇਕ ਪਾਸੇ ਆਧੁਨਿਕ ਸ਼ਹਿਰੀ ਵਿਕਾਸ ਦੀ ਅਣਹੋਂਦ ਨਾਲ ਸਿੱਝ ਰਿਹਾ ਹੈ, ਦੂਜੇ ਪਾਸੇ ਹਰ ਰੋਜ਼ ਹਜ਼ਾਰਾਂ ਲੋਕ ਹੁਣ ਵੀ ਉਥੇ ਰੁਜ਼ਗਾਰ ਦੀ ਤਲਾਸ਼ ਵਿਚ ਪੁੱਜ ਰਹੇ ਹਨ। ਮਹਾਂਨਗਰ ਦੀ 2.10 ਕਰੋੜ ਵਸੋਂ ਵਿਚੋਂ 90 ਲੱਖ ਲੋਕ ਉਨ੍ਹਾਂ ਝੌਂਪੜ ਬਸਤੀਆਂ ਵਿਚ ਰਹਿੰਦੇ ਹਨ ਜਿਨ੍ਹਾਂ ਵਿਚ ਬਿਜਲੀ-ਪਾਣੀ ਦੀ ਨਿਯਮਿਤ ਸਪਲਾਈ ਦਾ ਪ੍ਰਬੰਧ ਨਹੀਂ, ਹੋਰ ਸ਼ਹਿਰੀ ਸਹੂਲਤਾਂ ਦੀ ਤਾਂ ਗੱਲ ਹੀ ਛੱਡੋ।
ਦੂਜੇ ਪਾਸੇ, ਲਾਹੌਰ ‘ਸਵਿੰਗਿੰਗ ਸਿਟੀ’ ਦਾ ਦਰਜਾ ਹਾਸਲ ਕਰ ਰਿਹਾ ਹੈ। ਬਹੁਕੌਮੀ ਕੰਪਨੀਆਂ ਆਪਣੇ ਦਫਤਰ ਕਰਾਚੀ ਦੀ ਥਾਂ ਲਾਹੌਰ ਲਿਆ ਰਹੀਆਂ ਹਨ। ਸਮੁੰਦਰੀ ਸਾਹਿਲ ਅਤੇ ਕੱਚੇ ਮਾਲ ਦੇ ਸਪਲਾਈ ਕੇਂਦਰਾਂ ਤੋਂ ਸੈਂਕੜੇ ਮੀਲ ਦੂਰ ਹੋਣ ਦੇ ਬਾਵਜੂਦ ਲਾਹੌਰ, ਕਾਰੋਬਾਰੀ ਸਦਰ-ਮੁਕਾਮ ਵਾਲਾ ਸਰੂਪ ਧਾਰ ਰਿਹਾ ਹੈ। ਇਸ ਵਰਤਾਰੇ ‘ਤੇ ਅਰਥ ਸ਼ਾਸਤਰੀਆਂ ਨੂੰ ਹੈਰਾਨੀ ਹੋਣੀ ਸੁਭਾਵਿਕ ਹੈ, ਲਾਹੌਰੀਆਂ ਨੂੰ ਨਹੀਂ। ਉਹ ਲਾਹੌਰ ਦੀ ਮਿਕਨਾਤੀਸੀ ਖਿੱਚ ਦੀ ਬਰਕਰਾਰੀ ਨੂੰ ਸਾਈਆਂ-ਫਕੀਰਾਂ ਦੀ ਸਵੱਲੀ ਨਜ਼ਰ ਨਾਲ ਜੋੜਦੇ ਹਨ। ਸ਼ਾਇਦ ਇਸੇ ਲਈ ਦਰਗਾਹਾਂ-ਮਜ਼ਾਰਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਥੇ ਜੁੜਨ ਵਾਲੇ ਸ਼ਰਧਾਵਾਨਾਂ ਦੀ ਤਾਦਾਦ ਵੀ।
ਲਾਹੌਰ ਬਾਰੇ ਇਕ ਹੋਰ ਕਿਤਾਬ: ਬੜੀ ਦੇਰ ਬਾਅਦ ਅਜਿਹੀ ਕਿਤਾਬ ਪੜ੍ਹੀ ਜਿਸ ਵਿਚ ਇਲਮ-ਤਾਲੀਮ ਦੇ ਨਾਲ ਨਾਲ ਮਿੱਟੀ ਦੀ ਮਹਿਕ ਵੀ ਭਰਪੂਰ ਮਿਕਦਾਰ ਵਿਚ ਮੌਜੂਦ ਹੈ। ‘ਤਰੀਖ ਸ਼ਹਿਰ ਲਾਹੌਰ’ ਭੋਲਾ ਨਾਥ ਵਾਰਿਸ ਦੀ ਲਿਖੀ ਹੋਈ ਹੈ, ਜਿਸ ਦਾ ਸ਼ਾਹਮੁਖੀ ਵਿਚੋਂ ਲਿਪੀਅੰਤਰ ਪ੍ਰੇਮ ਪ੍ਰਕਾਸ਼ ਹੁਰਾਂ ਨੇ ਕੀਤਾ ਹੈ। 2003 ਵਿਚ ਲੋਕਗੀਤ ਪ੍ਰਕਾਸ਼ਨ ਵਲੋਂ ਛਾਪੀ ਗਈ ਇਹ ਕਿਤਾਬ ਸੱਚਮੁੱਚ ਸਾਂਭਣਯੋਗ ਹੈ। ਜਿਵੇਂ ਲਿਪੀਅੰਤਰਕਾਰ ਨੇ ਲਿਖਿਆ ਹੈ, “ਇਹ ਪੁਸਤਕ ਨਾ ਤਾਂ ਰਾਜਸੀ ਘਟਨਾਵਾਂ ਦਾ ਪੂਰਾ ਇਤਿਹਾਸ ਏ, ਨਾ ਪੰਜਾਬ ਦਾ ਸਭਿਆਚਾਰਕ ਇਤਿਹਾਸ ਤੇ ਨਾ ਈ ਪੰਜਾਬ ਵਿਚ ਧਰਮਾਂ ਦੇ ਬਦਲਦੇ ਰੂਪ ਨਾਲ ਬਦਲਦੇ ਸਮਾਜੀ ਢਾਂਚੇ ਦੀ ਪਰਖ ਪਛਾਣ। ਇਹ ਉਪਰਲੀਆਂ ਤਿੰਨ ਗੱਲਾਂ ਦਾ ਸੁਮੇਲ ਏ।” ਇਹੀ ਤੱਤ ਇਸ ਕਿਤਾਬ ਦਾ ਮੁੱਖ ਆਕਰਸ਼ਣ ਹੈ।
ਭੋਲਾ ਨਾਥ ਵਾਰਿਸ (1867-1936) ਇਸਾਈ ਸੀ। ਉਹ ਇੰਗਲੈਂਡ ਜਾ ਕੇ ਡਾਕਟਰੀ ਪੜ੍ਹਿਆ ਅਤੇ ਬ੍ਰਿਟਿਸ਼-ਭਾਰਤੀ ਫੌਜ ਵਿਚੋਂ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਅੰਗਰੇਜ਼ੀ ਵਿਚ ਲਿਖਣ ਦੀ ਪੂਰੀ ਮੁਹਾਰਤ ਹੋਣ ਦੇ ਬਾਵਜੂਦ ਉਹ ਪੰਜਾਬੀ ਬੋਲੀ ਦਾ ਆਸ਼ਿਕ ਸੀ। ਉਸ ਨੇ ਕਿਤਾਬ ਲਈ ‘ਲਾਹੌਰ’ ਦੀ ਤਾਰੀਖ ਵਰਗਾ ਵਿਸ਼ਾ ਚੁਣ ਕੇ ਅਤੇ ਫਖਰ ਨਾਲ ਠੇਠ ਪੰਜਾਬੀ ਵਰਤ ਕੇ ਮਾਂ-ਬੋਲੀ ਨੂੰ ਪੂਰਾ ਮਾਣ-ਸਨਮਾਨ ਬਖਸ਼ਿਆ। ਕਿਤਾਬ ਦੀ ਭਾਸ਼ਾ ਖਾਲਸ ਅਦਬੀ ਨਹੀਂ; ਪ੍ਰੇਮ ਪ੍ਰਕਾਸ਼ ਹੁਰਾਂ ਨੇ ਵੀ ਵਾਰਿਸ ਵਲੋਂ ਵਰਤੀ ਬੋਲੀ ਨਾਲ ਬਹੁਤੀ ਛੇੜ-ਛਾੜ ਨਹੀਂ ਕੀਤੀ। ਇਹੀ ਗੱਲ ਇਸ ਕਿਤਾਬ ਨੂੰ ਵੱਧ ਜ਼ਾਇਕੇਦਾਰ ਬਣਾਉਂਦੀ ਹੈ।
ਕਿਤਾਬ ਵਿਚ ਸ਼ਹਿਰ ‘ਲਾਹੌਰ’ ਬਾਰੇ ਵੀ ਜਾਣਕਾਰੀ ਹੈ ਅਤੇ ਇਸ ਵਲੋਂ ਹੰਢਾਏ ਸਮਿਆਂ ਦੌਰਾਨ ਦੇ ਹਕੂਮਤੀ ਘਰਾਣਿਆਂ ਬਾਰੇ ਵੀ। ਇਸਲਾਮ ਤੇ ਹਿੰਦੂ ਧਰਮ ਦੇ ਸਹਿਜੀਵਨ, ਸੂਫੀ ਮੱਤ, ਸਿੱਖ ਪੰਥ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦਾ ਵੇਰਵਾ ਵੀ ਸ਼ਾਮਲ ਹੈ। ਕਿਤਾਬ ਦੀ ਭੂਮਿਕਾ ਵਿਚ ਭੋਲਾ ਨਾਥ ਵਾਰਿਸ ਲਿਖਦੇ ਹਨ: “ਇਤਿਹਾਸ ਲਿਖਣ ਵਾਲਿਆਂ ਨੂੰ ਕਈ ਗੱਲਾਂ ਦੀ ਲੋੜ ਹੋਂਦੀ ਏ। ਇਕ ਤਾਂ ਤਾਰੀਖੀ ਅੱਖ ਦੀ ਲੋੜ ਹੋਂਦੀ ਏ। ਉਸ ਨਾਲ ਇਤਿਹਾਸਕਾਰ ਸੱਚ ਨੂੰ ਤੇ ਨੇੜੇ ਦੀਆਂ ਅਤੇ ਮਹੀਨ ਚੀਜ਼ਾਂ ਨੂੰ ਵੀ ਵੇਖਣ ਦੇ ਜੋਗ ਹੋਂਦਾ ਹੈ। ਇਤਿਹਾਸ ਲਿਖਣ ਵਾਲਾ ਸੱਚਾਈ ਦੀ ਸਿੱਧੀ ਪਟੜੀ ਪੈ ਕੇ ਸੱਜੇ ਖੱਬੇ ਨਹੀਂ ਹੁੰਦਾ। ਕਿਸੇ ਦੀ ਰਵਾਦਾਰੀ ਜਾਂ ਪੱਖਪਾਤ ਨਹੀਂ ਕਰਦਾ।” ਇਨ੍ਹਾਂ ਸਾਰੇ ਪੈਮਾਨਿਆਂ ਉਤੇ ਖਰੀ ਉਤਰਦੀ ਹੈ ਇਹ ਕਿਤਾਬ।
ਇਮਰਾਨ ਦਾ ਹਾਲ-ਚਾਲ: ਪਾਕਿਸਤਾਨੀਆਂ ਨੇ ਇਮਰਾਨ ਖਾਨ ਨੂੰ ਵਜ਼ੀਰ-ਏ-ਆਜ਼ਮ (ਪ੍ਰਧਾਨ ਮੰਤਰੀ) ਵਜੋਂ ਅੱਠ ਮਹੀਨੇ ਚੈਨ ਨਾਲ ਬੈਠਣ ਦਿੱਤਾ ਪਰ ਹੁਣ ਉਨ੍ਹਾਂ ਨੂੰ ਕੌਮੀ ਵਜ਼ਾਰਤੀ ਟੀਮ ਦੇ ਕਪਤਾਨ ਦੇ ਔਗੁਣ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਕਪਤਾਨ ਦੀ ਖੇਡ-ਸ਼ੈਲੀ ਵਿਚ ਕੋਈ ਨਵਾਂ ਸਟਰੋਕ, ਕੋਈ ਨਵਾਂ ਦਾਅ-ਪੇਚ ਮੌਜੂਦ ਨਹੀਂ। ਸਭ ਪੁਰਾਣੇ ਗੁਰ ਅਤੇ ਨੁਸਖੇ ਹੀ ਅਜ਼ਮਾਏ ਜਾ ਰਹੇ ਹਨ। ਇਹ ਨੁਸਖੇ ਮੁਲਕ ਨੂੰ ਅਜ਼ਮਤ ਵੱਲ ਨਹੀਂ, ਨਿਘਾਰ ਵਲ ਲਿਜਾ ਰਹੇ ਹਨ। ਆਪਣੀ ਮਾਯੂਸੀ ਦਾ ਇਜ਼ਹਾਰ ਪਾਕਿਸਤਾਨੀਆਂ ਨੇ ਆਪਣੇ ਹੰਢੇ-ਅਜ਼ਮਾਏ ਤਨਜ਼ੀਆ ਲਹਿਜੇ ਨਾਲ ਸ਼ੁਰੂ ਕਰ ਦਿਤਾ ਹੈ। ਅਜਿਹਾ ਕਰਨ ਦੇ ਉਹ ਪਹਿਲਾਂ ਹੀ ਮਾਹਿਰ ਹਨ। ਇਮਰਾਨ ਨੂੰ ਸੋਸ਼ਲ ਮੀਡੀਆ ਮੰਚਾਂ ਰਾਹੀਂ ਟਕੋਰਾਂ ਤਾਂ ਲਾਈਆਂ ਹੀ ਜਾ ਰਹੀਆਂ ਹਨ, ਜਨਤਕ ਮੰਚਾਂ ਉਤੇ ਵੀ ਅਜਿਹਾ ਹੋਣਾ ਸ਼ੁਰੂ ਹੋ ਗਿਆ ਹੈ।
ਇਮਰਾਨ ਵਲੋਂ ਕੀਤੇ ਵਜ਼ਾਰਤੀ ਰੱਦੋ-ਬਦਲ ਨੇ ਡੰਗਾਂ-ਚੋਭਾਂ ਲਈ ਢੁਕਵਾਂ ਬਹਾਨਾ ਬਖਸ਼ ਦਿਤਾ ਹੈ। ਅਸਦ ਉਮਰ ਦੀ ਖਜ਼ਾਨਾ ਮੰਤਰੀ ਵਜੋਂ ਛੁੱਟੀ ਹੋ ਗਈ। ਫਵਾਦ ਚੌਧਰੀ ਤੋਂ ਸੂਚਨਾ ਮੰਤਰਾਲਾ ਖੁੱਸ ਗਿਆ। ਅੰਦਰੂਨੀ ਸੁਰੱਖਿਆ (ਗ੍ਰਹਿ) ਮੰਤਰਾਲਾ ਇਕ ਸਾਬਕਾ ਬ੍ਰਿਗੇਡੀਅਰ ਦੇ ਹੱਥ ਆ ਗਿਆ। ਅਸਦ ਉਮਰ ਅਤੇ ਫਵਾਦ ਚੌਧਰੀ ਇਮਰਾਨ ਦੇ ਪਰਮ ਵਫਾਦਾਰ ਸਮਝੇ ਜਾਂਦੇ ਸਨ ਪਰ ਸਭ ਤੋਂ ਵੱਧ ਮਾਰ ਉਨ੍ਹਾਂ ਨੂੰ ਹੀ ਪਈ। ਟਵਿਟਰ ਉਤੇ ਇਨ੍ਹਾਂ ਬਾਰੇ ਪ੍ਰਤੀਕਰਮ ਕੁਝ ਇਸ ਤਰ੍ਹਾਂ ਦੇ ਰਹੇ: ਨਾ ਅਸਦ, ਨਾ ਉਮਰ, ਨਾ ਫਵਾਦ, ਸਭ ਬੇਸਵਾਦ ਹੀ ਬੇਸਵਾਦ।… ਪਹਿਲਾਂ ਕਹਿੰਦੇ ਸੀ ਕਿ ਪੀ. ਪੀ. ਪੀ. ਨੇ ਕੌਮੀ ਅਰਥਚਾਰਾ ਢਾਹਿਆ, ਹੁਣ ਕਪਤਾਨ ਨੇ ਕਸਰ ਪੂਰੀ ਕਰਨ ਲਈ ਪੀ. ਪੀ. ਪੀ. ਦਾ ਆਗੂ ਹੀ ਖਜਾਨਾ ਸਲਾਹਕਾਰ ਲਾਇਆ। ਫਵਾਦ ਚੌਧਰੀ ਨੂੰ ਸੂਚਨਾ ਪ੍ਰਸਾਰਨ ਦੀ ਥਾਂ ਵਿਗਿਆਨ ਤੇ ਟੈਕਨਾਲੋਜੀ ਮੰਤਰੀ ਲਾਏ ਜਾਣ ‘ਤੇ ਟਿੱਪਣੀ ਆਈ ਹੈ: ਗੱਪੀ ਹੁਣ ਬੇਫਵਾਦੀਆਂ (ਬੇਸਵਾਦੀਆਂ) ਗੱਪਾਂ ਦੀ ਥਾਂ ਗੈਰ-ਵਿਗਿਆਨਕ ਗੱਪਾਂ ਮਾਰੇਗਾ।
ਸਾਬਕਾ ਬ੍ਰਿਗੇਡੀਅਰ ਇਜਾਜ਼ ਸ਼ਾਹ ਨੂੰ ਇਮਰਾਨ ਖਾਨ ਵਲੋਂ ਅੰਦਰੂਨੀ ਸੁਰੱਖਿਆ ਮੰਤਰਾਲਾ ਸੌਂਪੇ ਜਾਣ ‘ਤੇ ਜਿਥੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਸਖਤ ਇਤਰਾਜ਼ ਕੀਤਾ ਹੈ, ਉਥੇ ਕੌਮੀ ਮੀਡੀਆ, ਖਾਸ ਕਰਕੇ ਪ੍ਰਿੰਟ ਮੀਡੀਆ ਦਾ ਪ੍ਰਤੀਕਰਮ ਵੀ ਤਿੱਖਾ ਰਿਹਾ ਹੈ। ਅੰਗਰੇਜ਼ੀ ਅਖਬਾਰ ‘ਦਿ ਨਿਊਜ਼’ ਨੇ ਆਪਣੀ ਸੰਪਾਦਕੀ ਟਿੱਪਣੀ ਵਿਚ ਲਿਖਿਆ ਹੈ ਕਿ ਜਿਸ ਆਗੂ ਦਾ ਅਤੀਤ ਇਨਸਾਨੀ ਹੱਕਾਂ ਦੇ ਘਾਣ ਅਤੇ ਪਰਵੇਜ਼ ਮੁਸ਼ੱਰਫ ਦੇ ਭਾੜੇ ਦੇ ਟੱਟੂ ਵਰਗੇ ਕਰਮਾਂ ਕਾਰਨ ਸਿਆਹ ਹੋਵੇ, ਉਸ ਨੂੰ ਅੰਦਰੂਨੀ ਸੁਰੱਖਿਆ ਵਰਗਾ ਸੰਵੇਦਨਸ਼ੀਲ ਮੰਤਰਾਲਾ ਸੌਂਪਣਾ ਖੌਫਨਾਕ ਹੈ। ਉਰਦੂ ਰੋਜ਼ਾਨਾ ‘ਦੁਨੀਆ’ ਅਨੁਸਾਰ ਜਿਸ ਸ਼ਖਸ (ਇਜਾਜ਼ ਸ਼ਾਹ) ਨੂੰ ਵਜ਼ੀਰ-ਏ-ਆਜ਼ਮ ਵਲੋਂ ਸ਼ੇਰਦਿਲ ਦੱਸਿਆ ਜਾ ਰਿਹਾ ਹੈ, ਉਹ ‘ਅੱਵਲ ਦਰਜੇ ਦਾ ਸੰਗਦਿਲ’ ਹੈ।
ਇਜਾਜ਼ ਸ਼ਾਹ 2004 ਵਿਚ ਫੌਜ ਤੋਂ ਸੇਵਾਮੁਕਤ ਹੋਇਆ ਸੀ। ਪਰਵੇਜ਼ ਮੁਸ਼ੱਰਫ ਦੀ ਤਾਨਾਸ਼ਾਹੀ ਹਕੂਮਤ ਦੌਰਾਨ ਉਹ ਖੁਫੀਆ ਬਿਊਰੋ (ਆਈ. ਬੀ.) ਦੇ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਰਿਹਾ। ਪਹਿਲਾਂ ਉਹ ਆਈ. ਐਸ਼ ਆਈ. ਵਿਚ ਵੀ ਤਾਇਨਾਤ ਰਿਹਾ। ਉਸ ਨੂੰ 2004 ਵਿਚ ਮੁਸ਼ੱਰਫ ਨੇ ਆਸਟਰੇਲੀਆ ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਨਾਮਜ਼ਦ ਕੀਤਾ, ਪਰ ਉਸ ਦੇ ਸੂਹੀਆਂ ਵਾਲੇ ਪਿਛੋਕੜ ਤੇ ਇਨਸਾਨੀ ਹੱਕਾਂ ਦੇ ਘਾਣ ਨਾਲ ਜੁੜੇ ਦੋਸ਼ਾਂ ਕਾਰਨ ਆਸਟਰੇਲੀਆ ਨੇ ਉਸ ਦੀ ਨਾਮਜ਼ਦਗੀ ਉਤੇ ਇਤਰਾਜ਼ ਕੀਤਾ ਅਤੇ ਇਸ ਨੂੰ ਨਾਮਨਜ਼ੂਰ ਕਰ ਦਿਤਾ। ਪੀ. ਪੀ. ਪੀ. ਉਸ ਉਤੇ ਬੇਨਜ਼ੀਰ ਭੁੱਟੋ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਰੀਕ ਹੋਣ ਦੇ ਦੋਸ਼ ਪਹਿਲਾਂ ਹੀ ਲਾਉਂਦੀ ਆ ਰਹੀ ਹੈ। ਇਜਾਜ਼ ਸ਼ਾਹ 2008, 2013 ਤੇ 2015 ਵਿਚ ਕੌਮੀ ਅਸੈਂਬਲੀ ਦੇ ਨਨਕਾਣਾ ਸਾਹਿਬ ਹਲਕੇ ਤੋਂ ਚੋਣ ਹਾਰਦਾ ਰਿਹਾ ਹੈ, ਪਰ 2018 ਵਿਚ ਇਮਰਾਨ ਦੀ ਪਾਰਟੀ ਪੀ. ਟੀ. ਆਈ. ਦੀ ਟਿਕਟ ‘ਤੇ ਉਹ ਜਿੱਤ ਗਿਆ।
ਲੀਰੋ-ਲੀਰ ਕਪਤਾਨੀ: ਇਹ ਸਿਰਲੇਖ ਲਾਹੌਰ ਤੋਂ ਪ੍ਰਕਾਸ਼ਿਤ ਅੰਗਰੇਜ਼ੀ ਹਫਤਾਵਾਰੀ ‘ਫਰਾਈਡੇਅ ਟਾਈਮਜ਼’ ਦੀ ਸੰਪਾਦਕੀ ਦਾ ਹੈ। ਆਪਣੀ ਆਜ਼ਾਦ-ਖਿਆਲੀ ਤੇ ਨਿਰਪੱਖਤਾ ਲਈ ਜਾਣੇ ਜਾਂਦੇ ਇਸ ਅਖਬਾਰ ਨੇ ਵਜ਼ੀਰ-ਏ-ਆਜ਼ਮ ਨੂੰ ਸਲਾਹ ਦਿੱਤੀ ਹੈ ਕਿ ਆਪਣੀ ਮਰਕਜ਼ੀ ਟੀਮ ਦਾ ‘ਬੱਲੇਬਾਜ਼ੀ-ਕ੍ਰਮ’ ਬਦਲਣ (ਵਜ਼ਾਰਤੀ ਫੇਰਬਦਲ) ਤੋਂ ਬਾਅਦ ਉਹ ਹੁਣ ਮੁਲਕ ਦੇ ਸਭ ਤੋਂ ਅਹਿਮ ਸੂਬੇ ਪੰਜਾਬ ਦੇ ਹਕੂਮਤੀ ਪੇਚ ਵੀ ਕੱਸਣ ਦਾ ਕੰਮ ਕਰੇ। ਸੰਪਾਦਕੀ ਅਨੁਸਾਰ, “ਪੰਜਾਬ ਵਿਚ ਭੰਬਲਭੂਸਾ, ਭ੍ਰਿਸ਼ਟਾਚਾਰ ਅਤੇ ਭੈਅਭੀਤੀ ਹਾਵੀ ਹਨ। ਨਿਜ਼ਾਮਤ ਲਕਵੇ ਦਾ ਸ਼ਿਕਾਰ ਹੋ ਚੁੱਕੀ ਹੈ। ਸੂਬਾਈ ਹਕੂਮਤ ਦਾ ਮੁਖੀ ਸਰਦਾਰ ਉਸਮਾਨ ਬੁਜ਼ਦਾਰ ਨੌਸਿਖੀਆ ਹੈ। ਉਹ ਹਰ ਹਫਤੇ ਅਫਸਰਾਂ ਨੂੰ ਬਦਲਣ ਨੂੰ ਹੀ ‘ਹਾਕਮਾਨਾ ਫਰਜ਼ਸ਼ੱਨਾਸੀ’ ਸਮਝਦਾ ਹੈ। ਉਹ ਕਹਿੰਦਾ ਹੈ ਕਿ ਉਹ ਅਜਿਹਾ ਕੁਝ ਪੀ. ਐਮ. ਐਲ਼-ਐਨ ਆਗੂ ਸ਼ਾਹਬਾਜ਼ ਸ਼ਰੀਫ ਦੀ ਅਫਸਰਸ਼ਾਹੀ ਤੋਂ ਪਕੜ ਹਟਾਉਣ ਲਈ ਕਰ ਰਿਹਾ ਹੈ। ਇਹ ਅਹਿਮਕਾਨਾ ਪਹੁੰਚ ਹੈ। ਸੂਬਾਈ ਪੁਲਿਸ ਦੇ ਮੁਖੀ ਅੱਠ ਮਹੀਨਿਆਂ ਵਿਚ ਚਾਰ ਵਾਰ ਬਦਲੇ ਜਾਣਾ ਪੁਲਿਸ ਪ੍ਰਬੰਧ ਲਈ ਪਹਿਲਾਂ ਹੀ ਘਾਤਕ ਸਾਬਤ ਹੋ ਚੁੱਕਾ ਹੈ।”