‘ਆਈ ਪੁਰੇ ਦੀ ਵਾਅ’ ਦਾ ਰੰਗ

ਮਨਮੋਹਨ
ਫੋਨ: 91-82839-48811
ਲਹਿੰਦੇ ਪੰਜਾਬ ‘ਚ ਸ਼ਾਹਮੁਖੀ ‘ਚ ਛਪੀ ਕਿਤਾਬ ‘ਆਈ ਪੁਰੇ ਦੀ ਵਾਅ’ ਦੇ ਲੇਖਕ ਨੈਣ ਸੁੱਖ ਦਾ ਅਸਲ ਨਾਂ ਖਾਲਿਦ ਪਰਵੇਜ਼ ਹੈ, ਜੋ ਪੇਸ਼ੇ ਵਜੋਂ ਵਕੀਲ ਹੈ। ਉਹਦੀਆਂ ਹੁਣ ਤੱਕ ਪੰਜ ਕਿਤਾਬਾਂ ‘ਕਿੱਕਰ ਤੇ ਅੰਗੂਰ’ (ਕਵਿਤਾ), ‘ਠੀਕਰੀਆਂ’, ‘ਉਥਲ ਪੁਥਲ’, ‘ਸ਼ਹੀਦ’ (ਕਹਾਣੀਆਂ) ਤੇ ‘ਮਾਧੋ ਲਾਲ ਹੁਸੈਨ’ (ਨਾਵਲ) ਛਪ ਚੁਕੀਆਂ ਹਨ। ਉਸ ਦੇ ਨਾਵਲ ‘ਮਾਧੋ ਲਾਲ ਹੁਸੈਨ’ ਅਤੇ ਕਹਾਣੀ ਸੰਗ੍ਰਿਹ ‘ਸ਼ਹੀਦ’ ਦਾ ਪਾਕਿਸਤਾਨੀ ਪੰਜਾਬੀ ਅਦਬੀ ਹਲਕਿਆਂ ‘ਚ ਖਾਸਾ ਚਰਚਾ ਰਿਹਾ। ਜਦੋਂ ‘ਆਈ ਪੁਰੇ ਦੀ ਹਵਾ’ ਛਪੀ ਤਾਂ ਇਸ ਨੂੰ ‘ਆਈ ਬੁਰੇ ਦੀ ਵਾਅ’ ਦਾ ਲਕਬ ਦਿੱਤਾ ਗਿਆ। ਕਾਰਨ ਸ਼ਾਇਦ ਇਹ ਹੈ ਕਿ ਨੈਨ ਸੁੱਖ ਸੱਚ ਲਿਖਦਿਆਂ ਜ਼ਰਾ ਵੀ ਡਰਦਾ ਨਹੀਂ। ਇਸ ਦੀਆਂ ਛੇ ਕਹਾਣੀਆਂ ਦਾ ਬਿਰਤਾਂਤ ਆਪਣੇ ਅੰਦਰ ਅਜਿਹਾ ਤੱਥਾਤਮਕ, ਕਲਪਨਾਤਮਕ ਤੇ ਸਿਰਜਣਾਤਮਕ ਪ੍ਰਗਟਾਵਾ ਸਾਂਭੀ ਬੈਠਾ ਹੈ ਕਿ ਇਹ ਆਪਣੇ ਸਮਿਆਂ ਦੇ ਸਭਿਆਚਾਰਕ ਮਨੋਵਿਗਿਆਨ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿਬੜਦਾ ਹੈ।

ਚੜ੍ਹਦੇ ਪੰਜਾਬ ਵਿਚ ਇਹ ਆਪਣੀ ਕਿਸਮ ਦੀ ਅਜਿਹੀ ਕਿਤਾਬ ਹੈ, ਜਿਸ ਨੂੰ ਕਿਸੇ ਵਿਧਾ ਦੇ ਪ੍ਰਤੀਮਾਨਾਂ ‘ਚ ਬੱਝ ਕੇ ਨਹੀਂ ਦੇਖਿਆ ਜਾ ਸਕਦਾ। ਇਹ ਇਕ ਤਰ੍ਹਾਂ ਦਾ ਅ-ਗਲਪ ਹੈ, ਕਿਉਂਕਿ ਇਨ੍ਹਾਂ ਸਭ ਰਚਨਾਵਾਂ ਦੇ ਨਾਇਕ-ਨਾਇਕਾਵਾਂ ਅਤੀਤ/ਇਤਿਹਾਸ ‘ਚ ਵਿਚਰੀਆਂ ਜਿਉਂਦੀਆਂ ਜਾਗਦੀਆਂ ਸ਼ਖਸੀਅਤਾਂ ਹਨ। ਕਿਤਾਬ ਦੇ ਸੰਪਾਦਕ ਅਮਨਪ੍ਰੀਤ ਸਿੰਘ ਗਿੱਲ ਦਾ ਕਹਿਣਾ ਸਹੀ ਹੈ ਕਿ ਇਨ੍ਹਾਂ ਦਾ ਜੀਵਨ ਬਿਰਤਾਂਤ ਕਿੰਨਾ ਕੁ ਅਸਲੀਅਤ ਦੇ ਨੇੜੇ ਹੈ ਤੇ ਕਿੰਨਾ ਕੁ ਕਲਪਨਾ ਲੋਕ ਦੀ ਉਪਜ ਹੈ, ਲੇਖਕ ਬਿਹਤਰ ਜਾਣਦਾ ਹੈ, ਪਰ ਇਸ ਕਿਤਾਬ ‘ਚੋਂ ਜੀਵਨ ਦੀ ਪ੍ਰਮਾਣਿਕ ਤਸਵੀਰ ਉਭਰਦੀ ਹੈ, ਇਸ ਬਾਰੇ ਦਾਅਵਾ ਬੇਬੁਨਿਆਦ ਨਹੀਂ, ਆਖਰੀ ਫੈਸਲਾ ਤਾਂ ਪਾਠਕ ਹੀ ਕਰਨਗੇ। ਨੈਣ ਸੁੱਖ ਦੀਆਂ ਇਨ੍ਹਾਂ ਲਿਖਤਾਂ ਦਾ ਇਕ ਝਲਕਾਰਾ ਕਲਮੀ ਚਿੱਤਰਾਂ ਦਾ ਵੀ ਹੈ। ਕਲਮੀ ਚਿੱਤਰ ਸਾਅਦਤ ਹਸਨ ਮੰਟੋ, ਬਲਵੰਤ ਗਾਰਗੀ ਤੇ ਹੋਰ ਅਨੇਕਾਂ ਨੇ ਲਿਖੇ ਪਰ ਕਲਮੀ ਚਿੱਤਰਾਂ ਦਾ ਪੱਲਾ ਬੜਾ ਛੋਟਾ ਹੁੰਦਾ ਹੈ। ਉਨ੍ਹਾਂ ‘ਚ ਬੰਦੇ ਦੇ ਸੁਭਾਅ ਤੇ ਉਸ ਦੀ ਲਿਖਤ ਦੀ ਸਿੱਧ-ਪੁੱਠ ਤਾਂ ਬਥੇਰੀ ਮਿਲ ਜਾਂਦੀ ਹੈ, ਪਰ ਉਸ ਦੇ ਯੁੱਗ ਦੀ ਤਸਵੀਰ ਨਾਦਾਰਦ ਹੁੰਦੀ ਹੈ। ਇਸ ਦੇ ਉਲਟ ਨੈਣ ਸੁੱਖ ਦੀਆਂ ਇਹ ਰਚਨਾਵਾਂ ਮਨੁੱਖ ਦੀ ਜੀਵਨ ਕਹਾਣੀ ਨਾ ਹੋ ਕੇ ਉਸ ਦੇ ਯੁੱਗ ਦਾ ਅਕਸ ਹਨ। ਇਸ ਲਈ ਇਹ ਲਿਖਤਾਂ ਮਹਿਜ ਕਲਮੀ ਚਿੱਤਰ ਨਹੀਂ।
ਪਹਿਲੀ ਕਹਾਣੀ ‘ਆਈ ਪੁਰੇ ਦੀ ਵਾਅ’ ਅਛੂਤ ਸਮਝੇ ਜਾਂਦੇ ਉਨ੍ਹਾਂ ਦੀਨਦਾਰਾਂ, ਮਜ਼ਹਬੀ ਸਿੱਖਾਂ ਤੇ ਮੇਘਾਂ ਦੀ ਕਹਾਣੀ ਹੈ, ਜੋ ਧਰਮ ਤਬਦੀਲੀ ਬਾਅਦ ਵੀ ਅਛੂਤ ਹੀ ਰਹੇ। ਇਹ ਕਹਾਣੀ ‘ਪੰਜਾਬੀ ਜ਼ਬੂਰ ਦੇਸੀ ਰਾਗਾਂ ‘ਚ’ ਤਿਆਰ ਕਰਕੇ ਇਸਾਈਅਤ ਦਾ ਪ੍ਰਚਾਰ ਕਰਨ ਵਾਲੇ ਦੇਸੀ ਬੰਦੇ ਇਮਾਮਦੀਨ ਦੀ ਕਹਾਣੀ ਹੈ, ਜੋ ਡਾਕਟਰ ਆਫ ਡਿਵਿਨਿਟੀ ਦੀ ਡਿਗਰੀ ਹਾਸਲ ਕਰਕੇ ਦੱਬੀ ਕੁਚਲੀ ਲੋਕਾਈ ਦੀ ਰੂਹ ਠਾਰਨ ਵਾਲਾ ਪਾਦਰੀ ਆਈ. ਡੀ. ਸ਼ਹਿਬਾਜ਼ ਬਣ ਗਿਆ। ਇਸ ਕਹਾਣੀ ‘ਤੇ ਇਤਰਾਜ਼ ਕੀਤਾ ਗਿਆ ਕਿ ਇਹ ਇਸਾਈ ਭਾਈਚਾਰੇ ਦੇ ਖਿਲਾਫ ਲਿਖੀ ਗਈ ਹੈ, ਹਾਲਾਂਕਿ ਇਹ ਸਿਰਫ ਵਾਲਮੀਕੀਆਂ ਦੇ ਇਸਾਈ ਹੋਣ ਦੀ ਕਥਾ ਹੈ, ਜੋ ਨਾਲ-ਨਾਲ ਵਾਲਮੀਕੀਆਂ ਦਾ ਪਿਛੋਕੜ ਵੀ ਦੱਸਦੀ ਹੈ। ਪੰਜਾਬੀ ਬੋਲੀ ਦੇ ਵਿਕਾਸ ਤੇ ਪੁਖਤਗੀ ‘ਚ ਇਸਾਈ ਮਿਸ਼ਨਰੀਆਂ ਦੇ ਛਾਪੇਖਾਨਿਆਂ ਤੇ ਲਿਖਤਾਂ ਦੀ ਕੀ ਭੂਮਿਕਾ ਰਹੀ, ਇੱਕਾ ਦੁੱਕਾ ਪੀਐਚ.ਡੀ. ਖੋਜ ਨਿਬੰਧਾਂ ਨੂੰ ਛੱਡ ਕੇ ਇਸਾਈਆਂ ਮਿਸ਼ਨਰੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਸਾਹਿਤ ਦਾ ਇਤਿਹਾਸ ਚੁੱਪ ਹੈ। ਨੈਣ ਸੁੱਖ ਦੀ ਇਸ ਲਿਖਤ ‘ਚ ਇਸਾਈ ਸਾਹਿਤ ਵਿਚ ਧਰਤੀ ਪੁੱਤਰਾਂ ਦੇ ਯੋਗਦਾਨ ਨੂੰ ਸ਼ਾਇਦ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ।
ਦੂਜੀ ਕਹਾਣੀ ‘ਨਿਥਾਵਾਂ’ ਵਿਚ ਹਿੰਦੂ ਪਰਿਵਾਰ ‘ਚ ਜੰਮਿਆ ਤੇ ਸਿੱਖ ਤੋਂ ਵਹਾਬੀ ਹੋਇਆ ਮੌਲਾਨਾ ਉਬੈਦ ਉਲਾਹ ਸਿੰਧੀ ਕੇਂਦਰੀ ਪਾਤਰ ਹੈ। ਉਸ ਨੂੰ ਫਿਰੰਗੀ ਨਾਲ ਦੁਸ਼ਮਣੀ ਰੱਖਣ ਕਾਰਨ ਚੌਵੀ ਸਾਲ ਜਲਾਵਤਨੀ ਕੱਟਣੀ ਪਈ। ਭਰਤਪੁਰ ਦੇ ਦੇਸ਼ ਬਦਰ ਰਾਜਾ ਮਹਿੰਦਰ ਪ੍ਰਤਾਪ ਦੀ ਪ੍ਰਧਾਨਗੀ ਹੇਠ ਕਾਬਲ, ਅਫਗਾਨਿਸਤਾਨ ਵਿਖੇ ਬਣੀ ਪ੍ਰੋਵੀਜ਼ਨਲ ਗਵਰਮੈਂਟ ਆਫ ਇੰਡੀਆ ਦਾ ਉਸ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਮੌਲਾਨਾ ਉਬੈਦ ਉਲਾਹ ਸਿੰਧੀ ਨੇ ਹੀ ਰੂਸੀ ਵਿਦੇਸ਼ ਮੰਤਰੀ ਚਿਚਰਨ ਕੋਲੋਂ ਹਿੰਦੋਸਤਾਨ ਦੀ ਆਜ਼ਾਦੀ ਲਈ ਇਕ ਕਰੋੜ ਰੁਪਏ ਦੀ ਮਦਦ ਮਨਜ਼ੂਰ ਕਰਵਾਈ, ਜੋ ਅਫਗਾਨ ਹਕੂਮਤ ਰਾਹੀਂ ਇੰਡੀਅਨ ਨੈਸ਼ਨਲ ਕਾਂਗਰਸ ਤੱਕ ਪਹੁੰਚਣੀ ਸੀ। ਮੌਲਾਨਾ ਨੇ ਚਿਚਰਨ ਤੋਂ ਸਿਰਫ ਰਕਮ ਹੀ ਨਾ ਮੰਗੀ ਸਗੋਂ ਇਸਲਾਮ ‘ਚੋਂ ਸਮਾਜਵਾਦ ਵੀ ਕੱਢਿਆ, ਜਿਹਦੇ ਤੋਂ ਰੂਸੀ ਏਨੇ ਖੁਸ਼ ਹੋਏ ਕਿ ਉਨ੍ਹਾਂ ਨੇ ਮੌਲਾਨਾ ਨੂੰ ਬੁਖਾਰਾ ਵਿਖੇ ਸਰਕਾਰੀ ਅਹੁਦਾ ਵੀ ਪੇਸ਼ ਕਰ ਦਿੱਤਾ। ਪਾਕਿਸਤਾਨ ‘ਚ ‘ਨਿਥਾਵਾਂ’ ਕਹਾਣੀ ‘ਤੇ ਮੌਲਵੀਆਂ ਰੋਸ ਕੀਤਾ ਕਿ ਇਸ ਵਿਚ ਮਜ਼ਹਬੀ ਲੋਕਾਂ ਨੂੰ ਬਦਨਾਮ ਕੀਤਾ ਗਿਆ ਹੈ।
ਤੀਜੀ ਕਹਾਣੀ ‘ਅਛਨਾ ਗੱਛਨਾ’ ਪੋਠੋਹਾਰ ਦੇ ਪੁੱਤਰ ਦਾਦਾ ਅਮੀਰ ਹੈਦਰ ਅਲੀ ਦੀ ਜੀਵਨ ਗਾਥਾ ਹੈ। ਦਾਦਾ ਵੰਡ ਪਿਛੋਂ ਵੀ ਪਾਕਿਸਤਾਨ ‘ਚ ਮਰਦੇ ਦਮ ਤੱਕ ਆਪਣੇ ਆਪ ਨੂੰ ਇੰਡੀਅਨ ਹੀ ਲਿਖਦਾ ਰਿਹਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਵਿਚੋਂ ਇਕ ਸੀ। ਕੋਈ ਉਸ ਨੂੰ ਟੋਨੀ ਵਜੋਂ ਜਾਣਦਾ ਸੀ, ਕੋਈ ਕਾਮਰੇਡ ਸਖਾਰੋਫ ਵਜੋਂ ਤੇ ਕੋਈ ਪਠਾਣ, ਫਰਾਂਸਿਸਕੋ ਫਰਨਾਂਡੇਜ਼, ਕਾਮਰੇਡ ਮਿਸ਼ਰਾ ਜਾਂ ਮੋਟਰ ਮਕੈਨਿਕ ਸ਼ੰਕਰ ਵਜੋਂ। ਵੰਡ ਪਿਛੋਂ ਉਸ ਨੇ ‘ਮਈ ਦਿਵਸ’ ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਂ ਨੂੰ ਗੁੰਡਾ ਕਹਿ ਕੇ ਲਲਕਾਰਿਆ। ਉਸ ਦਾ ਤਾਉਮਰ ਇਕੋ ਇਕ ਮਕਸਦ ਸੀ, ‘ਇਨਕਲਾਬ’ ਪਰ ਇਸ ਕਹਾਣੀ ਬਾਰੇ ਪਾਕਿਸਤਾਨੀ ਕਾਮਰੇਡ ਬਹੁਤੇ ਖੁਸ਼ ਨਹੀਂ ਸਨ, ਭਾਵੇਂ ਉਨ੍ਹਾਂ ਕੋਲ ਕੋਈ ਦਲੀਲ ਨਹੀਂ ਸੀ।
‘ਮੁਸੱਲੀ, ਅਸੀਂ ਦਰਾਵੜ’ ਕਹਾਣੀ ਦਾ ਨਾਇਕ ਸਾਂਦਲ ਬਾਰ ਵਾਲੇ ਸਾਂਦਲ ਨੂੰ ਆਪਣਾ ਵਡੇਰਾ ਕਹਿਣ ਵਾਲੇ, ਮਸਨੇ ਮੁਸੱਲੀ ਦਾ ਪੋਤਰਾ ਆਗਾ ਖਾਂ ਸਹੋਤਰਾ ਹੈ। ਉਸ ਨੇ ਬਾਰ ਨੂੰ ‘ਚੰਗੜ ਬਾਰ’ ਸਾਬਤ ਕਰਦਿਆਂ ਜਾਤ, ਬਰਾਦਰੀ ਤੇ ਮਜ਼ਹਬੀ ਬਖੇੜਿਆਂ ਪਿੱਛੇ ਕੰਮ ਕਰਦੀ ਸਿਆਸਤ ਦਾ ਸੱਚ ਸਾਹਮਣੇ ਲਿਆਉਣ ਲਈ ਆਪਣੀ ਸਾਰੀ ਜ਼ਿੰਦਗੀ ਲੋਕਾਈ ਦੇ ਲੇਖੇ ਲਾ ਦਿੱਤੀ। ਪਾਕਿਸਤਾਨੀ ਡਰਾਮੇ ‘ਮੁਸੱਲੀ’ ਦੇ ਲੇਖਕ ਮੇਜਰ ਇਸਹਾਕ ਦੇ ਬੜਾ ਲਾਗੇ ਰਿਹਾ ਆਗਾ ਖਾਂ ਸਹੋਤਰਾ। ਇਸ ਕਹਾਣੀ ‘ਚ ਇਕ ਵਾਕਿਆ ਹੈ, ਲਾਇਲਪੁਰ ਦੇ ਰਿਕਸ਼ਾ ਵਾਹੁਣ ਵਾਲੇ ਇਨਕਲਾਬੀ ਸ਼ਾਇਰ ਮਨਜ਼ੂਰ ਨਿਆਜ਼ੀ ਨੇ ਡਰਾਮੇ ‘ਚ ਮਜ਼ਦੂਰ ਲੀਡਰ ਨੂਰੇ ਦਾ ਰੋਲ ਕੀਤਾ, ਤੇ ਉਸ ਗਾਇਆ:
ਮੈਂ ਬੋਹੜ ਹਾਂ ਛਾਂ ਪਿਆ ਵੰਡਦਾ ਹਾਂ
ਮੇਰੇ ਸਿਰ ‘ਤੇ ਕਿਸੇ ਦੀ ਛਾਂ ਵੀ ਨਹੀਂ।
ਜਿਹੜਾ ਮਹਿਲ ਮੈਂ ਆਪ ਉਸਾਰਿਆ ਸੀ
ਕਿਸੇ ਇੱਟ ‘ਤੇ ਮੇਰਾ ਨਾਂ ਵੀ ਨਹੀਂ
ਪਰ ਮੇਜਰ ਇਸਹਾਕ ਉਦੋਂ ਬਹੁਤ ਖੁਸ਼ ਹੋਇਆ, ਜਦੋਂ ਆਪਣੀ ਸ਼ਾਇਰੀ ਸੁਣਾਉਣ ਲਈ ਆਗਾ ਖਾਂ ਸਹੋਤਰੇ ਨੇ ਬਾਂਹ ਚੁੱਕੀ। ਇੰਜ ਇਹ ਕਹਾਣੀ ਮੱਲਮਾਰੀ ਦਾ ਕਿੱਸਾ ਹੈ। ਪੰਜਾਬ ਦੀ ਧਰਤੀ ਦੇ ਅਸਲ ਵਾਰਿਸ ਕੌਣ ਹਨ ਤੇ ਨਾਜਾਇਜ਼ ਕਬਜ਼ਾ ਕਿਨ੍ਹਾਂ ਦਾ ਹੈ, ਉਸ ਮਾਰਮਿਕਤਾ ਦੀ ਦਾਸਤਾਨਗੋਈ ਹੈ।
ਪੰਜਵੀਂ ਕਹਾਣੀ ‘ਕੰਮ ਵਾਲੀ’ ਪਾਕਿਸਤਾਨੀ ਰੇਡੀਓ, ਸਟੇਜ ‘ਤੇ ਪੀ. ਟੀ. ਵੀ. ਦੇ ਡਰਾਮਿਆਂ ਅਤੇ ਫਿਲਮਾਂ ‘ਚ ਕੰਮ ਕਰਨ ਵਾਲੀ ਆਲੀਆ ਬੇਗਮ ਦੀ ਕਹਾਣੀ ਹੈ, ਜਿਸ ਦਾ ਪਿਛੋਕੜ ਲਾਹੌਰ ਦੀ ਹੀਰਾ ਮੰਡੀ ਨਾਲ ਜੁੜਿਆ ਸੀ। ਜਿਲਾ ਜਿਹਲਮ ਦੀ ਗਰਾਈਂ ਜੀਰਾਂ, ਬਾਗ ਮੁਨਸ਼ੀ ਲੱਧਾ ਦੀ ਲਾਹੌਰਨ ਹੋ ਕੇ ਨਜ਼ੀਰ ਬੇਗਮ ਅਤੇ ਅੱਗੇ ਜੱਜ ਸਾਹਿਬ ਦੀ ਹਵੇਲੀ ‘ਚ ਸ਼ਾਇਸਤਾ ਬੇਗਮ ਹੋ ਗਈ। ਉਹ ਪਰਦਾਦਾਰ ਸਾਦਾਤ ਦੀ ਨੂੰਹ ਬਣੀ, ਜਿਹਨੇ ਰੋਜ਼ੀ ਰੋਟੀ ਲਈ ਦੋ ਮਾਸੂਮ ਧੀਆਂ ਨੂੰ ਘਰ ਡੱਕਿਆ ਤੇ ਚੋਰੀ ਲਾਹੌਰ ਰੇਡੀਓ ਦੇ ਡਰਾਮਿਆਂ ‘ਚ ਕੰਮ ਕੀਤਾ ਅਤੇ ਆਪਣਾ ਨਾਮ ਆਲੀਆ ਬੇਗਮ ਰੱਖ ਲਿਆ। ਉਹਦੇ ਚਾਰ ਨਿਕਾਹ ਹੋਏ। ਚੌਥਾ ਪਤੀ ਸ਼ੇਖ ਫਾਰੂਕ ਅਹਿਮਦ ਸਪੀਕਰ ਪੰਜਾਬ ਅਸੈਂਬਲੀ ਸ਼ੇਖ ਰਫੀਕ ਅਹਿਮਦ ਦਾ ਭਰਾ। ਆਲੀਆ ਦਾ ਪਹਿਲਾ ਨਿਕਾਹ ਓਸ ਅਇਰਸ਼ ਫੌਜੀ ਨਾਲ ਹੋਇਆ, ਜਿਸ ਨੇ ਜੱਲ੍ਹਿਆਂਵਾਲੇ ਬਾਗ ਦੇ ਕਤਲੇਆਮ (1919) ‘ਚ ਨਿਹੱਥੇ ਲੋਕਾਂ ‘ਤੇ ਗੋਲੀ ਚਲਾਉਣ ਤੋਂ ਨਾਂਹ ਕਰ ਦਿੱਤੀ ਸੀ।
ਛੇਵੀਂ ਕਹਾਣੀ ‘ਵੇ ਕਿਹੜਾ ਏ’ ਪਾਕਿਸਤਾਨ ਦੀ ਬੇਬਾਕ ਇਸਾਈ ਸ਼ਾਇਰਾ ਨਸਰੀਨ ਅੰਜੁਮ ਭੱਟੀ ਬਾਰੇ ਹੈ। ਪਾਕਿਸਤਾਨ ‘ਚ ਸਿਤਾਰਾ-ਏ-ਇਮਤਿਆਜ਼ ਹਾਸਲ ਕਰਨ ਵਾਲੀ ਇਹ ਸ਼ਖਸੀਅਤ ਆਜ਼ਾਦ ਜੀਵਨ ਜਿਉਣ ਦੀ ਆਪਣੀ ਚਾਹਤ ਤੇ ਆਪਣੀ ਅਦਬੀ ਬੇਬਾਕੀ ਕਾਰਨ ਹਮੇਸ਼ਾ ਰੂੜੀਵਾਦੀ ਸੋਚ ਵਾਲੇ ਅਖੌਤੀ ਸਿਆਣਿਆਂ ਦੀਆਂ ਅੱਖਾਂ ‘ਚ ਰੜਕਦੀ ਰਹੀ। ਉਸ ਦੀ ਸ਼ਾਇਰੀ ਵਿਚਲੀ ਬੇਬਾਕੀ ਨੂੰ ਪੇਸ਼ ਕਰਦੀਆਂ ਇਹ ਸਤਰਾਂ ਪਾਕਿਸਤਾਨ ‘ਚ ਬਹੁਤ ਮਸ਼ਹੂਰ ਹੋਈਆਂ:
ਮੇਰੇ ਨੰਗ ਤੋਂ ਨਾ ਸ਼ਰਮਾ
ਕਦੀ ਅੱਗਾਂ ਵੀ ਲੀੜੇ ਪਾਏ ਨੇ
ਮੈਂ ਆਪਣੇ ਪਿੰਡੇ ਹੇਠ ਲੁਕ ਗਈ
ਓਹ ਮੇਰੇ ਪਿੰਡੇ ਤੋਂ ਲੰਘ ਗਏ
ਮੈਂ ਫੇਰ ਪਿੰਡੇ ਉਤੇ ਆਣ ਬੈਠੀ
ਤੇ ਵੈਣ ਕਰਨ ਲੱਗ ਪਈ
ਉਪਰਲੀਆਂ ਦੋਹਾਂ ਕਹਾਣੀਆਂ ਖਿਲਾਫ ਪਾਕਿਸਤਾਨੀ ਨਾਰੀਵਾਦੀਆਂ ਨੂੰ ਇਤਰਾਜ਼ ਹੈ ਕਿ ਇਨ੍ਹਾਂ ਕਹਾਣੀਆਂ ‘ਚ ਔਰਤ ਰੱਜ ਕੇ ਬਦਨਾਮ ਹੋਈ।
‘ਆਈ ਪੁਰੇ ਦੀ ਵਾਅ’ ਦੀਆਂ ਕਹਾਣੀਆਂ ਵਿਚ ਆਏ ਵੇਰਵੇ ਪੂਰਬੀ ਪੰਜਾਬ ਦੇ ਪਾਠਕਾਂ ਲਈ ਵੱਡੀ ਵੰਗਾਰ ਸਾਬਤ ਹੋਣਗੇ, ਵਿਸ਼ੇਸ਼ ਕਰਕੇ ਸਾਹਿਤ ਸਭਿਆਚਾਰ ਤੇ ਇਤਿਹਾਸ ਦੇ ਵਿਦਿਆਰਥੀਆਂ ਤੇ ਖੋਜੀਆਂ ਲਈ। ਸਾਡੀ ਪੰਜਾਬੀ ਰਹਿਤਲ ਕਿਵੇਂ ਸਾਡੀਆਂ ਸਿਮਰਤੀਆਂ ਵਿਚੋਂ ਵਿਸਰ ਗਈ, ਇਸ ਦੀ ਗਵਾਹੀ ਇਨ੍ਹਾਂ ਲਿਖਤਾਂ ਵਿਚੋਂ ਮਿਲੇਗੀ। ਕੰਡਿਆਲੀ ਤਾਰ ਸਰਹੱਦ ਉਪਰ ਲੱਗੀ ਹੈ। ਮਨੁੱਖ ਉਸ ਦੇ ਆਰ-ਪਾਰ ਜਾ ਨਹੀਂ ਸਕਦਾ, ਪਰ ਦੇਖ ਤਾਂ ਸਕਦਾ ਹੈ। ਆਪਣੇ ਮਨਾਂ ਅੰਦਰ ਪੰਜਾਬੀਆਂ ਨੇ ਤਾਂ ਲੋਹ ਪਰਦਾ ਤਾਣਿਆ ਹੋਇਆ ਹੈ। ਗੁਰਮੁਖੀ ਤੇ ਸ਼ਾਹਮੁਖੀ ਦੀ ਵੰਡ ਨੇ ਪੰਜਾਬੀਆਂ ਨੂੰ ਇਕ ਦੂਜੇ ਤੋਂ ਦੂਰ ਕਰ ਛੱਡਿਆ ਹੈ। ਇਸ ਮੁਸ਼ਕਿਲ ਨਾਲ ਸਿੱਝਣ ਲਈ ‘ਆਈ ਪੁਰੇ ਦੀ ਵਾਅ’ ਦਾ ਸ਼ਾਹਮੁਖੀ ਤੋਂ ਲਿਪੀਅੰਤਰ ਪਰਮਜੀਤ ਸਿੰਘ ਮੀਸ਼ਾ ਨੇ ਕੀਤਾ ਹੈ, ਜਿਸ ਨੂੰ ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ ਨੇ ਛਾਪਿਆ ਹੈ।
ਸੰਤਾਲੀ ਤੋਂ ਬਾਅਦ ਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਂਝੇ ਪੰਜਾਬੀ ਸਾਹਿਤ ਦਾ ਇਤਿਹਾਸ ਹਾਲੇ ਲਿਖਿਆ ਨਹੀਂ ਗਿਆ। ਜਦੋਂ ਲਿਖਿਆ ਜਾਏਗਾ, ਨੈਣ ਸੁੱਖ ਦੀ ਇਹ ਕਿਤਾਬ ਨਿਵੇਕਲੀ ਵਿੱਢ ਪਾਉਣ ਵਾਲੀ ਕਿਤਾਬ ਮੰਨੀ ਜਾਵੇਗੀ।