ਪਾਸ਼ ਤੇ ਸ਼ਮਸ਼ੇਰ ਸੰਧੂ ਦੀ ਯਾਰੀ

ਸ਼ਮਸ਼ੇਰ ਸਿੰਘ ਸੰਧੂ ਅਧਿਆਪਕ ਵੀ ਰਿਹਾ, ਪੱਤਰਕਾਰ ਵੀ ਅਤੇ ਉਹ ਗੀਤਕਾਰ ਵੀ ਹੈ, ਪਰ ਬਹੁਤੇ ਲੋਕ ਉਸ ਨੂੰ ਗੀਤਕਾਰ ਵਜੋਂ ਹੀ ਜਾਣਦੇ ਹਨ। ਮੁੱਕਦੀ ਗੱਲ, ਉਹ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਪਾਸ਼ ਇਕ ਇਨਕਲਾਬੀ ਸ਼ਾਇਰ ਸੀ। ਪੰਜਾਬੀ ਸਾਹਿਤ ਨਾਲ ਮੱਸ ਰੱਖਣ ਵਾਲਾ ਸ਼ਾਇਦ ਹੀ ਕੋਈ ਸ਼ਖਸ ਹੋਵੇ ਜੋ ਪਾਸ਼ ਅਤੇ ਉਸ ਦੀ ਸ਼ਾਇਰੀ ਤੋਂ ਵਾਕਫ ਨਾ ਹੋਵੇ। ਸ਼ਮਸ਼ੇਰ ਤੇ ਪਾਸ਼ ਦੀ ਯਾਰੀ ਦਾ ਭਾਵੇਂ ਬਹੁਤੇ ਲੋਕਾਂ ਨੂੰ ਨਾ ਵੀ ਪਤਾ ਹੋਵੇ, ਪਰ ਯਾਰੀ ਹੈ ਬੜੀ ਨਿੱਗਰ ਸੀ।

ਇਸ ਲੇਖ ਵਿਚ ਪ੍ਰਿੰ. ਸਰਵਣ ਸਿੰਘ ਨੇ ਇਸ ਯਾਰੀ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। -ਸੰਪਾਦਕ

ਪ੍ਰਿੰ. ਸਰਵਣ ਸਿੰਘ

ਪਾਸ਼, ਸ਼ਮਸ਼ੇਰ ਦਾ ਪੱਗ-ਵੱਟ ਨਹੀਂ, ਲੰਗੋਟੀ-ਵੱਟ ਯਾਰ ਸੀ, ਪਰ ਸੀ ਰੁਸੇਵਿਆਂ-ਮਨੇਵਿਆਂ ਵਾਲਾ। ਉਨ੍ਹਾਂ ਦੀ ਆਪਸ ਵਿਚ ਤਿੱਖੀ ਤਕਰਾਰ ਹੁੰਦੀ ਰਹਿੰਦੀ ਸੀ। ਉਹ ਬਹਿਸਦੇ ਸਨ, ਰੁੱਸਦੇ ਸਨ ਤੇ ਛੇਤੀ ਮੰਨ ਵੀ ਜਾਂਦੇ ਸਨ। ਸ਼ਮਸ਼ੇਰ ਲਿਖਦੈ, “ਅਸੀਂ ਆਪਸ ਵਿਚ ਲੜ ਵੀ ਪੈਂਦੇ ਸੀ। ਬੜੀ ਵਾਰ ਲੜੇ। ਕਈ ਵਾਰ ਲੜੇ। ਵਾਰ ਵਾਰ ਲੜੇ। ਕਿਸੇ ਕਿਸੇ ਵਾਰੀ ਤਾਂ ਇੰਜ ਹੁੰਦਾ ਸੀ ਕਿ ਬੱਸ ਇਹ ਆਖਰੀ ਲੜਾਈ ਹੈ ਤੇ ਮੁੜ ਇਕ-ਦੂਜੇ ਦੇ ਮੱਥੇ ਨਹੀਂ ਲੱਗਾਂਗੇ; ਪਰ ਕਦੇ ਚਿੱਠੀਆਂ ਰਾਹੀਂ ਸੁਲ੍ਹਾ-ਸਫਾਈ ਹੋ ਜਾਂਦੀ, ਕਦੇ ਆਹਮੋ-ਸਾਹਮਣੇ ਹੁੰਦਿਆਂ ਅੱਖਾਂ ਮਿਲਣ ‘ਤੇ। ਅਸੀਂ ਕਿਉਂ ਲੜਦੇ ਸੀ? ਇਹ ਵੀ ਨਹੀਂ ਸੀ ਪਤਾ ਲੱਗਦਾ ਅਤੇ ਏਨਾ ਅਰਸਾ ਬੀਤਣ ‘ਤੇ ਵੀ ਕੁਝ ਨਹੀਂ ਸੁੱਝ ਰਿਹਾ ਕਿ ਕਿਉਂ ਲੜਦੇ ਸੀ? ਊਂ ਪਛਤਾਵਾ ਜਿਹਾ ਜ਼ਰੂਰ ਹੈ। ਜੇ ਪਤਾ ਹੁੰਦਾ ਪਾਸ਼ ਨੇ ਸਦਾ ਲਈ ਵਿਛੜ ਜਾਣਾ ਤਾਂ ਸ਼ਾਇਦ ਇਕ ਵਾਰ ਵੀ ਨਾ ਲੜਦੇ!”
ਪਾਸ਼ ਚਿੱਠੀਆਂ ਵਿਚ ਕਦੇ ਸ਼ਮਸ਼ੇਰ ਨੂੰ ਪਿਆਰੇ ਸ਼ੇਰ, ਕਦੇ ਪਿਆਰੇ ਸ਼ੰਮੀ, ਕਦੇ ਪਿਆਰੇ ਸ਼ੇਰਾ ਤੇ ਕਦੇ ਚੰਗੇ ਸੰਧੂ ਲਿਖ ਕੇ ਸੰਬੋਧਨ ਕਰਦਾ। ਕਦੇ ਸੁਣਾ ਆੜੀ ਤੇ ਕਦੇ ਪੱਤਰਕਾਰਾ ਕਹਿੰਦਾ। ਇਕ ਚਿੱਠੀ ‘ਚ ਲਿਖਿਆ, ਡੀਅਰ ਮਿਸਟਰ ਜਾਰਜ ਸ਼ੈਮਸ਼ੈਰ। ਚਿੱਠੀ ਦੇ ਅਖੀਰ ਵਿਚ ਕਦੇ ‘ਨਾ ਤੇਰਾ ਨਾ ਆਪਣਾ-ਪਾਸ਼’ ਲਿਖਦਾ, ਕਦੇ ‘ਨਿੱਘ ਅਤੇ ਸਤਿਕਾਰ ਨਾਲ-ਪਾਸ਼’ ਲਿਖਦਾ ਤੇ ਕਦੇ ‘ਤੇਰਾ ਰੱਬ ਰਾਖਾ! ਪਾਸ਼’।
ਇਕ ਸਮਾਂ ਸੀ, ਜਦੋਂ ਕੁਸ਼ਤੀ ਦੇ ਅਖਾੜਿਆਂ ‘ਚ ਦਾਰਾ-ਦਾਰਾ ਹੁੰਦੀ ਸੀ ਤੇ ਹਾਕੀ ਦੇ ਮੈਦਾਨਾਂ ਵਿਚ ਬਲਬੀਰ-ਬਲਬੀਰ। ਫਿਰ ਸਮਾਂ ਆਇਆ ਜਦੋਂ ਗਾਇਕੀ ਦੇ ਅਖਾੜਿਆਂ ਵਿਚ ਸ਼ਮਸ਼ੇਰ-ਸ਼ਮਸ਼ੇਰ ਹੋਣ ਲੱਗੀ। ਜਿਵੇਂ ਦਾਰਾ ਸਿੰਘ ‘ਭਲਵਾਨਾਂ ਦਾ ਭਲਵਾਨ’ ਸੀ, ਉਵੇਂ ਸ਼ਮਸ਼ੇਰ ਸੰਧੂ ‘ਗੀਤਕਾਰਾਂ ਦਾ ਗੀਤਕਾਰ।’ ਉਹਦੇ ਅਨੇਕਾਂ ਗੀਤਾਂ ਨੇ ਝੰਡੀਆਂ ਕੀਤੀਆਂ ਤੇ ਗੁਰਜਾਂ ਜਿੱਤੀਆਂ। ਕੁਝ ਗੀਤ ਰੁਸਤਮ-ਏ-ਪੰਜਾਬ ਬਣੇ, ਕੁਝ ਰੁਸਤਮ-ਏ-ਹਿੰਦ ਤੇ ਕੁਝ ਰੁਸਤਮ-ਏ-ਜ਼ਮਾਂ। ਉਨ੍ਹਾਂ ਦੀ ਮਸ਼ਹੂਰੀ ਬੀ. ਬੀ. ਸੀ. ਤਕ ਹੋਈ।
ਕਦੇ ਦੁਪੱਟਾ ਸੱਤ ਰੰਗ ਦਾ ਲਹਿਰਾਇਆ, ਕਦੇ ਪੇਕੇ ਹੁੰਦੇ ਮਾਂਵਾਂ ਨਾਲ ਨੇ ਰੁਆਇਆ, ਕਦੇ ਮੁਖੜਾ ਦੇਖਣ ਨੇ ਭਰਮਾਇਆ। ਉਹਦੇ ਗੀਤਾਂ ਵਿਚ ਦੁੱਧ ਦੀ ਥਾਂ ਜੈਕੁਰ ਦਾ ਪਾਣੀ ਵਿਕਦਾ ਰਿਹਾ, ਕਚਹਿਰੀਆਂ ‘ਚ ਮੇਲੇ ਲੱਗਦੇ ਰਹੇ, ਰਕਾਨਾਂ ‘ਚੋਂ ਯਾਰ ਬੋਲਦੇ ਰਹੇ। ਇਕੋ ਤਾਰ ਸੌ-ਸੌ ਤਾਰਾਂ ਦੀ ਬੱਸ ਕਰਾਉਂਦੀ ਰਹੀ, ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਚੜ੍ਹਾਉਂਦੀ ਰਹੀ। ਬੋਲੀਆਂ ਨਾਲ ਬੱਕਰੇ ਬੋਲਦੇ ਰਹੇ, ਨੱਚਣ ਵਾਲੇ ਅੱਡੀਆਂ ਨਾਲ ਪਤਾਸੇ ਭੋਰਦੇ ਰਹੇ। ਕਈ ਗੀਤ ਸੱਚੀਆਂ ਸੁਣਾਉਂਦੇ ਰਹੇ-ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਇਕ ਰਹਿਣਾ ਰੱਬ ਦਾ ਨਾਂ ਬੰਦਿਆ। ਕੁਝ ਗੀਤ ਝੂਰਦੇ ਰਹੇ-ਗੁੰਮ ਗਈਆਂ ਕਿਧਰੇ ਦੁਆਨੀਆਂ ਚੁਆਨੀਆਂ, ਏਸੇ ਤਰ੍ਹਾਂ ਗੁੰਮਗੇ ਜੁਆਨ ਤੇ ਜੁਆਨੀਆਂ। ਕੁਝ ਗੀਤ ਨਾਚ ਨਚਦੇ ਰਹੇ-ਸੰਮੀ ਮੇਰੀ ਵਾਰ ਮੈਂ ਵਾਰੀ ਮੇਰੀ ਸੰਮੀਏ, ਟਹਿਕਦੇ ਨੇ ਜਿਵੇਂ ਚੰਨ ਤਾਰੇ ਮੇਰੀ ਸੰਮੀਏ, ਏਦਾਂ ਤੇਰੀ ਚੁੰਨੀ ਦੇ ਸਿਤਾਰੇ ਮੇਰੀ ਸੰਮੀਏ, ਸੰਧੂ ਤੇਰੇ ਉਤੋਂ ਬਲਿਹਾਰ ਮੇਰੀ ਸੰਮੀਏ, ਸੰਮੀ ਮੇਰੀ ਵਾਰ…।
ਪਾਸ਼ ਦੇ ਦੇਹਾਂਤ ਤੋਂ ਤੇਈ ਵਰ੍ਹਿਆਂ ਬਾਅਦ ਸ਼ਮਸ਼ੇਰ ਨੇ ਆਪਣੇ ਯਾਰ ਦੀ ਯਾਦ ਵਿਚ ਜਿਹੜੀ ਕਿਤਾਬ ਲਿਖੀ, ਉਸ ਦਾ ਨਾਂ ਰੱਖਿਆ ‘ਇੱਕ ਪਾਸ਼ ਇਹ ਵੀ।’ ਉਸ ਦੇ ਮੁੱਖ ਬੰਦ ‘ਚ ਲਿਖਿਆ, “ਇਕ ਪਾਸ਼ ਉਹ ਸੀ, ਜੋ ਪੰਜਾਬੀ ਕਵਿਤਾ ਵਿਚ ਇਨਕਲਾਬੀ ਕਵੀ ਜਾਂ ਵਿਦਰੋਹੀ ਸੁਰ ਵਜੋਂ ਉਭਰਿਆ। ਉਸ ਪਾਸ਼ ਦੀਆਂ ਪੁਸਤਕਾਂ ਬਹੁਤ ਪੜ੍ਹੀਆਂ ਗਈਆਂ ਜਿਵੇਂ ਲੋਹ-ਕਥਾ, ਉਡਦੇ ਬਾਜ਼ਾਂ ਮਗਰ, ਸਾਡੇ ਸਮਿਆਂ ਵਿਚ ਆਦਿ ਆਦਿ; ਪਰ ਪਾਸ਼ ਦੀ ਸ਼ਖਸੀਅਤ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਸਨ। ਉਹਦੇ ਸੁਭਾਅ ਦੀਆਂ ਕਈ ਪਰਤਾਂ ਸਨ। ਉਹ ਹੱਸਦਾ ਵੀ ਸੀ, ਰੋਂਦਾ ਵੀ ਸੀ। ਉਹ ਰੁੱਸਦਾ ਵੀ ਸੀ ਤੇ ਲੜਦਾ ਵੀ ਸੀ। ਉਹ ਸ਼ਰਾਰਤੀ ਵੀ ਸੀ ਤੇ ਸ਼ਰੀਫ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਾਨਤਾ ਦਿੰਦਾ ਸੀ। ਉਸ ਨੇ ਜੇਲ੍ਹਾਂ ਵੀ ਕੱਟੀਆਂ ਅਤੇ ਜਹਾਜਾਂ ‘ਤੇ ਝੂਟੇ ਵੀ ਲਏ। ਉਸ ਨੇ ਕਵਿਤਾਵਾਂ ‘ਚ ਬੱਕਰੇ ਬੁਲਾਏ ਤੇ ਬੜੀ ਵਾਰ ਜ਼ਿੰਦਗੀ ਵਿਚ ਵੀ। ਗੱਲ ਕੀ, ਉਹ ਗੁਣਾਂ ਤੇ ਔਗੁਣਾਂ, ਧੁੱਪਾਂ ਤੇ ਛਾਂਵਾਂ, ਤਰਸੇਵਿਆਂ ਤੇ ਰਜੇਵਿਆਂ ਦਾ ਸੁਮੇਲ ਸੀ। ਇਕ ਆਮ ਮਨੁੱਖ ਵਾਲੇ ਸਾਰੇ ਹੀ ਅੰਸ਼ ਸਨ ਪਾਸ਼ ਵਿਚ।”
ਸ਼ਮਸ਼ੇਰ ਇਹ ਵੀ ਲਿਖਦੈ, “ਪਾਸ਼ ਦੇ ਪਿੰਡ, ਉਸ ਦੇ ਚੁਬਾਰੇ ਵਿਚ ਢੇਰ ਸਾਰੀਆਂ ਹਿੰਦੀ, ਪੰਜਾਬੀ, ਅੰਗਰੇਜ਼ੀ ਦੀਆਂ ਕਿਤਾਬਾਂ ਸਨ। ਸੈਂਕੜੇ ਹੀ ਰਸਾਲੇ ਉਗੜ-ਦੁਗੜ ਪਏ ਰਹਿੰਦੇ ਸਨ। ਢਿਚਕੂੰ-ਢਿਚਕੂੰ ਕਰਦਾ ਇਕ ਮੇਜ਼ ਸੀ। ਚੀਂਅ-ਚੀਂਅ ਕਰਦੀ ਇਕ ਕੁਰਸੀ। ਉਥੇ ਇਕ ਹੋਰ ਛੋਟੀ ਜਿਹੀ ਚੀਜ਼ ਸੀ, ਬੜੀ ਕਮਾਲ ਦੀ ਚੀਜ਼! ਉਹ ਸੀ ਐਸ਼-ਟਰੇਅ। ਕੱਚੇ ਘੜੇ ਦੇ ਚੱਪਣ ਨੂੰ ਉਸ ਨੇ ਐਸ਼-ਟਰੇਅ ਵਜੋਂ ਮੇਜ ‘ਤੇ ਸਜਾ ਕੇ ਰੱਖਿਆ ਹੁੰਦਾ ਸੀ। ਆਉਂਦੇ-ਜਾਂਦੇ ਸੱਜਣ ਬੀੜੀਆਂ ਸਿਗਰਟਾਂ ਦੇ ਟੋਟੇ ਉਸ ਚੱਪਣ ਵਿਚ ਬੁਝਾ ਦਿੰਦੇ ਸਨ। ਗੇਰੂ-ਰੰਗੇ ਉਸ ਚੱਪਣ ‘ਤੇ ਗੁਲਾਈ ਵਿਚ ਕਾਲੀ ਸਿਆਹੀ ਨਾਲ ਮੋਟੇ ਅੱਖਰਾਂ ‘ਚ ਇਕ ਫਿਕਰਾ ਲਿਖਿਆ ਹੁੰਦਾ ਸੀ, “ਸਵਾਹ ਮੇਰੇ ਸਿਰ ਵਿਚ ਪਾਓ ਜੀ…।”
19 ਜੁਲਾਈ 1974 ਦੀ ਤਾਰੀਖ ਪਾ ਕੇ ਸ਼ਮਸ਼ੇਰ ਨੂੰ ਲਿਖੀ ਇਕ ਚਿੱਠੀ ਵਿਚ ਪਾਸ਼ ਲਿਖਦੈ, “ਤੇਰੀਆਂ ਕਹਾਣੀਆਂ ‘ਉਖੜੇ ਪੈਰ’ ਜਾਂ ਜੋ ਵੀ ਤੂੰ ਨਾਂ ਰੱਖਣਾ ਚਾਹੇਂ ਅਤੇ ‘ਟਿਮੀ ਨਹੀਂ ਆਈ’ ਛੇਤੀ ਛਪਣੀਆਂ ਚਾਹੀਦੀਆਂ ਹਨ, ਭਾਵੇਂ ਕਿਤੇ ਵੀ ਛਪਣ। ਮੇਰੇ ਵਿਚ ਇਨ੍ਹਾਂ ਨੂੰ ਛਪੀਆਂ ਹੋਈਆਂ ਦੇਖਣ ਦੀ ਤੀਬਰ ਲਾਲਸਾ ਹੈ ਤੇ ਵਾਰ ਵਾਰ ਪੜ੍ਹਨ ਦੀ। ਕੇਡੀ ਚੰਗੀ ਗੱਲ ਹੈ ਕਿ ਤੂੰ ਨਿੱਗਰ ਜੀਵਨ ਵਿਚੋਂ ਸਾਧਾਰਨ ਘਟਨਾਵਾਂ ਲੈ ਕੇ ਲਿਖਣ ਲੱਗ ਪਿਆਂ ਏਂ। ਨਕਲੀ ਅਤੇ ਦੰਭ ਭਰੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਉਤੇ ਲਿਖੇ ਜਾ ਰਹੇ ਸਾਹਿਤ ਨਾਲੋਂ ਇਹ ਉੱਕਾ ਹੀ ਵੱਖਰੀ ਗੱਲ ਹੈ ਤੇ ਵਧੀਆ ਵੀ।”
ਸ਼ਮਸ਼ੇਰ ਤੇ ਗੁਰਚਰਨ ਚਾਹਲ ਭੀਖੀ ‘ਕਹਾਣੀਕਾਰ ਯਾਰ’ ਸਨ। ਪਾਸ਼ ਦੋਹਾਂ ਦੀਆਂ ਕਹਾਣੀਆਂ ‘ਤੇ ਫਿਦਾ ਸੀ। ਉਨ੍ਹੀਂ ਦਿਨੀਂ ਉਸ ਨੇ ਗੁਰਚਰਨ ਚਾਹਲ ਨੂੰ ਵੀ ਚਿੱਠੀ ਲਿਖੀ, “ਚਿਰਾਂ ਤੋਂ ਤੈਨੂੰ ਲਿਖੂੰ ਲਿਖੂੰ ਕਰਦਾ ਸੀ। ਤੂੰ ਮੈਨੂੰ ਜਿਬ੍ਹਾ ਕਰ ਛੱਡਿਆ ਈ। ਯਾਰ, ਮੁਰਗਾਬੀ-ਅੰਬਰੀ ਅੰਡਾ ਤੇ ਗਿਠਮੁਠੀਏ ਪੜ੍ਹਨਾ ਸਾਡੀ ਤਕਦੀਰ ਕਿੱਦਾਂ ਬਣ ਗਈ? ਅਸੀਂ ਤਾਂ ਏਨੇ ਚੰਗੇ ਭਾਗ ਲਿਖਾ ਕੇ ਨਹੀਂ ਸਾਂ ਜੰਮੇ। ਕੰਬਖਤ, ਕਹਾਣੀਆਂ ਵਿਚ ਥੋੜ੍ਹਾ ਰਲਾ ਪਾ ਲਿਆ ਕਰ-ਇਹ ਪਾਠਕਾਂ ਲਈ ਵੀ ਫਾਇਦੇਮੰਦ ਰਹੇਗਾ-ਤੇਰੇ ਲਈ ਵੀ। ਤੇਰੀਆਂ ਕਹਾਣੀਆਂ ਬਿਨਾ ਪਾਣੀਓਂ ਪੀਤੀ ਵਧੀਆ ਦੇਸੀ ਸ਼ਰਾਬ ਵਰਗੀਆਂ ਹੁੰਦੀਆਂ ਹਨ, ਜੋ ਅੰਦਰ ਵਾਢ ਕਰਦੀਆਂ ਜਾਂਦੀਆਂ ਹਨ। ਮੇਰਾ ਭਾਵ ਸਮਝ ਗਿਐਂ ਨਾ? ਏਦਾਂ ਕਰੀਏ ਕਿਸੇ ਦਿਨ ਸ਼ਮਸ਼ੇਰ ਕੋਲ ਇਕੱਠੇ ਹੋਈਏ। ਸਾਰੀ ਰਾਤ ਗੱਲਾਂ ਕਰਾਂਗੇ। ਤੇਰੇ ਕੋਲ ਕਿਸੇ ਨਾਈ, ਮੋਚੀ, ਝੀਰ, ਜੱਟ, ਤਰਖਾਣ, ਵਿਧਵਾ, ਕਵਾਰੀ ਜਾਂ ਨਵ-ਮੁਕਲਾਈ ਦਾ ਪਿਆਰਾ ਜਿਹਾ ਖਤ ਪਿਆ ਹੋਵੇ ਤਾਂ ਸ਼ਮਸ਼ੇਰ ਨੂੰ ਘੱਲ ਦੇਈਂ। ਉਹ ਸੰਕਲਪ ਦਾ ‘ਖਤ’ ਅੰਕ ਕੱਢ ਰਿਹੈ।”
ਇਹੋ ਜਿਹਾ ਸੀ ਪਾਸ਼ ਦਾ ਕਹਾਣੀਆਂ ਤੇ ਖਤਾਂ ਨਾਲ ਇਸ਼ਕ!
ਪੱਤਰਕਾਰੀ ‘ਤੇ ਵਿਅੰਗ ਕਸਦਾ ਸ਼ਮਸ਼ੇਰ ਨੂੰ ਲਿਖਿਆ ਇਕ ਖਤ, ਪੱਤਰਕਾਰਾ, ਅਹਿ ਇੱਕ ਖਬਰ ਲੁਆ ਦੇਈਂ ਅਖਬਾਰ ਵਿਚ,
“ਬੀਤੀ ਰਾਤ ਹਮੇਸ਼ਾ ਵਾਂਗ ਤਾਰੇ ਨਿਕਲੇ ਸਨ। ਲੋਕ ਸੁੱਤੇ ਰਹੇ। ਕੁੱਤੇ ਭੌਂਕਦੇ ਰਹੇ। ਬੱਚੇ ਤ੍ਰਭਕ ਤ੍ਰਭਕ ਉਠਦੇ ਅਤੇ ਮੁੜ ਸੌਂ ਜਾਂਦੇ ਸਨ। ਸਾਡੇ ਪੱਤਰ ਪ੍ਰੇਰਕ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ ਚੌਂਕੀਦਾਰਾਂ ਦੇ ਅਵੇਸਲੇਪਣ ਦੇ ਬਾਵਜੂਦ ਸੂਰਜ ਫਿਰ ਆਪਣੇ ਸਮੇਂ ‘ਤੇ ਨਿਕਲ ਆਇਆ। ਲੋਕਾਂ ਵਿਚ ਇਸ ਸਬੰਧੀ ਕੋਈ ਸਨਸਨੀ ਨਹੀਂ ਫੈਲੀ ਹੋਈ ਤੇ ਸਰਕਾਰ ਇਸ ਸਬੰਧੀ ਕੁਝ ਨਾ ਕਰੇ।”
ਪਾਸ਼ ਵਲੋਂ ਸ਼ਮਸ਼ੇਰ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਅੰਸ਼ ਹੋਰ ਪੜ੍ਹੋ, “ਪਿਆਰੇ ਸ਼ੰਮੀ,…ਮਾਹਿਰ ਜੀ (ਪ੍ਰੋ. ਮੋਹਨ ਸਿੰਘ) ਦੇ ਵਿਛੜਨ ਦਾ ਦੁੱਖ ਤਾਂ ਨਹੀਂ ਹੈ। ਪਰ ਮੈਨੂੰ ਸ਼ਿਵ ਕੁਮਾਰ ਦੇ ਅਕਾਲ ਚਲਾਣੇ ਨਾਲੋਂ ਮਾਹਿਰ ਜੀ ਵਾਰੀ ਵਧੇਰੇ ਮਹਿਸੂਸ ਜਿਹਾ ਹੋਇਐ ਜਿਵੇਂ ਪੰਜਾਬ ਵਿਚ ਕੋਈ ਲਗਭਗ ਵਾਰਿਸ ਸ਼ਾਹ ਜਿੰਨਾ ਪ੍ਰਵਾਨਤ ਬੰਦਾ ਹੋ ਕੇ ਤੁਰ ਗਿਆ ਹੋਵੇ। ਮੋਹਨ ਸਿੰਘ ਨੂੰ ਕਵਿਤਾ ਦਾ ਬੋਧ ਤਾਂ ਹੈ ਸੀ-ਲਿਖੀ ਹੋਵੇ ਭਾਵੇਂ ਨਾ। ਇਨਾਮਾਂ ਵਾਂਗ ਹੀ ਹੁਣ ਆਮ-ਖਾਸ ਝਾਕ ਜਿਹੀ ਜਾਗਦੀ ਹੈ ਕਿ ਕਿਸੇ ਦਿਨ ਅੰਮ੍ਰਿਤਾ ਪ੍ਰੀਤਮ…ਜਾਂ ਘੱਟੋ-ਘੱਟ ਅਮਿਤੋਜ ਭਾ ਜੀ ਹੀ ਤੁਰ ਜਾਣ। ਅਜੀਬ ਸ਼ੁਗਲ ਜਿਹਾ ਬਣਿਆ ਰਹੇਗਾ।”
“ਭਾਵੇਂ ਮੈਂ ਵਿਹਲਾ ਨਹੀਂ ਫਿਰ ਵੀ ਦੋ ਦਿਨ ਲਈ ਕੀ ਆਪਾਂ ਮਦਾਰੇ ਨਹੀਂ ਮਿਲ ਸਕਦੇ? ਦਰਿਆ ਕੰਢੇ ਬੈਠ ਕੇ ਗੱਲਾਂ ਕਰਾਂਗੇ, ਚੁਗਲੀਆਂ ਵੀ। ਤੂੰ ਤਾਰੀਖ ਨਿਯਤ ਕਰ। ਮੈਂ ਦਰਿਆ ਟੱਪ ਕੇ ਪਰਲੇ ਪਾਰ ਆ ਜਾਊਂਗਾ।”
“ਮੈਨੂੰ ਵਿੱਗ ਜਲਦੀ ਮੰਗਵਾ ਦਿਓ। ਵਾਲ ਤੇਜ਼ੀ ਨਾਲ ਝੜ ਰਹੇ ਨੇ। ਵਿੱਗ ਬਾਰੇ ਪੱਪੂ ਨੂੰ ਯਾਦ ਕਰਾਉਂਦੇ ਰਹੋ।”
“ਤੂੰ ਨਵੀਂ ਕਹਾਣੀ ਲਿਖੀ ਹੈ। ਮੇਰੇ ਲਈ ਖੁਸ਼ਖਬਰੀ ਹੈ, ਪਰ ਮੈਂ ਗੱਜਵੱਜ ਕੇ ਐਲਾਨ ਕਰਦਾ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਕੁਝ ਨਹੀਂ ਲਿਖਿਆ।”
“ਜੇ ਤੂੰ ਭੁਰਿਆ-ਖੁਰਿਆ ਮਹਿਸੂਸ ਕਰਦਾ ਏਂ ਤਾਂ ਏਥੇ ਬਚਿਆ ਕੌਣ ਏ? ਬੱਸ ਪਰਦੇ ਹੀ ਹੁੰਦੇ ਹਨ। ਇਹ ਸਾਲੀ ਗਿਆਨਤਾ ਹੈ ਈ ਬੜੀ ਮਾਰੂ ਸ਼ੈਅ!”
“ਤੇਰੇ ਪਿੰਡ ਬਿਜਲੀ ਆ ਗਈ। ਇਸ ਗੱਲ ਦੀ ਵਧਾਈ। ਚਲ ਮਦਾਰਪੁਰੇ ਵੀ ਲਾਟੂ ਜਗਦੇ ਦਿਸਣਗੇ ਟਿੱਬਿਆਂ ‘ਚ।”
“ਅਕਸ ਵਿਚ ਜੱਗੇ ਜੱਟ ਦੇ ਜਾਂਘੀਏ ਵਾਲੀ ਕਵਿਤਾ ਵਿਚ ਤੂੰ ਜੋ ਦਰੁਸਤੀ ਕੀਤੀ ਸੀ, ਉਸ ਦੀ ਆਖਰੀ ਸਤਰ ਮੈਨੂੰ ਯਾਦ ਨਹੀਂ ਰਹੀ ਸੀ। ਇਸ ਲਈ ਮੈਂ ਕਿਹਾ ਚਲੋ ਕਿਤਾਬ ਛਾਪਣ ਵੇਲੇ ਠੀਕ ਕਰ ਲਵਾਂਗੇ। ਹੁਣ, ਦਰਅਸਲ ਅਮਰਜੀਤ ਡਾਢਾ ਖਹਿੜੇ ਪਿਆ ਹੋਇਆ ਸੀ, ਅਕਸ ਵਾਸਤੇ। ਉਹਦਾ ਘਰ ਵੀ ਪੂਰਾ ਕਰਨਾ ਸੀ।”
“ਵੈਸੇ ਯਾਰ, ਕਿੱਡੀ ਬਦਕਿਸਮਤੀ ਹੁੰਦੀ ਹੈ ਕਿ ਬੰਦੇ ਨੂੰ ਕਿੰਨਾ ਕੁਝ ਬਲੀ ਚੜ੍ਹਾ ਕੇ ਮਿਲਦਾ ਕੀ ਹੈ, ਇਕ ਨਾਵਲ, ਕਵਿਤਾ ਜਾਂ ਕਹਾਣੀ। ਵੱਸ ‘ਚ ਹੋਵੇ ਤਾਂ ਸਭ ਨਾਵਲਾਂ, ਕਵਿਤਾਵਾਂ, ਕਹਾਣੀਆਂ ਨੂੰ ਬਲੀ ਚੜ੍ਹਾ ਦਿਆਂ ਜਾਂ ਆਪ ਇਨ੍ਹਾਂ ਦੀ ਬਲੀ…ਉਫ!”
ਅੱਛਾ, ਰੱਬ ਰਾਖਾ-ਪਾਸ਼

ਦੇਸ਼ ਵਿਦੇਸ਼ ਦੀਆਂ ਸੈਂਕੜੇ ਕਿਤਾਬਾਂ ਪੜ੍ਹਨ ਵਾਲਾ ਗੰਭੀਰ ਪਾਠਕ ਗੁਰਦਿਆਲ ਬੱਲ, ਜੋ ਸ਼ਮਸ਼ੇਰ ਸੰਧੂ ਨਾਲ ਸਾਲਾਂ ਬੱਧੀ ‘ਪੰਜਾਬੀ ਟ੍ਰਿਬਿਊਨ’ ਵਿਚ ਪੱਤਰਕਾਰੀ ਕਰਦਾ ਰਿਹਾ, ਸਵਾਲ ਕਰਦਾ ਹੈ ਕਿ ਪਾਸ਼ ਤੇ ਸ਼ਮਸ਼ੇਰ ਦੀ ਯਾਰੀ ਕਿਸ ਐਕਸਿਜ਼ ‘ਤੇ ਪਈ ਹੋਵੇਗੀ? ਪਾਸ਼ ਦੇ ਮੂਲ ਸਰੋਕਾਰ ਰਾਜਸੀ ਤੇ ਸਮਾਜਕ ਸਨ ਜਦੋਂ ਕਿ ਇਨ੍ਹਾਂ ਦੋਹਾਂ ਅਯਾਮਾਂ ਦੀ ਰਤਾ ਮਾਸਾ ਵੀ ਭਿਣਕ ਸ਼ਮਸ਼ੇਰ ਦੇ ਗੀਤਾਂ ਜਾਂ ‘ਭੂਆ ਖਤਮ ਕੌਰ’ ਵਰਗੀ ਸ਼ਮਸ਼ੇਰ ਦੀ ਜਵਾਨੀ ਵਾਰੇ ਦੀ ‘ਸ਼ਾਹਕਾਰ’ ਕਹਾਣੀ ਅੰਦਰ ਕਿਧਰੇ ਵੀ ਮਾਲੂਮ ਨਹੀਂ ਹੁੰਦੀ। ਫਿਰ ਆਪ ਹੀ ਜਵਾਬ ਦਿੰਦਾ ਕਹਿੰਦਾ ਹੈ ਕਿ ਪਾਸ਼ ਨੂੰ ਸ਼ਮਸ਼ੇਰ, ਉਸ ਦੀ ਪਿੰਡਾਂ ਪ੍ਰਤੀ ਮੁਹੱਬਤ ਦੀ ਸ਼ਿਦਤ ਕਰਕੇ ਅਤੇ ਜ਼ਿੰਦਗੀ ਦੇ ਅਸੀਮ ਸੁਹੱਪਣ ਨਾਲ ਮੋਹ ਕਰਕੇ ਚੰਗਾ ਲੱਗਦਾ ਸੀ। ਪਾਸ਼ ਨੂੰ ਵੀ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਸੀ। ਉਹਦੇ ਵਿਚੋਂ ਹੀ ਉਸ ਦੀ ਕਿਤਾਬ ਦਾ ਨਾਂ ਨਿਕਲਿਆ, ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ।’ ਸ਼ਮਸ਼ੇਰ ਨੂੰ ਵੀ ਆਪਣੇ ‘ਚਿੜੀ ਦੇ ਪੌਂ੍ਹਚੇ’ ਜਿੱਡੇ ਪਿੰਡ ਮਦਾਰਪੁਰੇ ਨਾਲ ਓਨਾ ਹੀ ਮੋਹ ਹੈ। ਮਦਾਰਪੁਰਾ ਉਹਦੇ ਗੀਤਾਂ ਵਿਚ ਇਕ ਵਾਰ ਨਹੀਂ, ਦਸ ਵੀਹ ਵਾਰ ਨਹੀਂ, ਬਲਕਿ ਸੈਂਕੜੇ ਵਾਰ ਆਇਆ ਤੇ ਹਜ਼ਾਰਾਂ ਲੱਖਾਂ ਵਾਰ ਗਾਇਆ ਗਿਆ।
ਕੀ ਕਿਹਾ ਜਾਵੇ ਇਨਕਲਾਬੀ ਕਵੀ ਪਾਸ਼ ਤੇ ਰੁਮਾਂਟਿਕ ਗੀਤਕਾਰ ਸ਼ਮਸ਼ੇਰ ਦੀ ਯਾਰੀ ਬਾਰੇ?