ਜਲ੍ਹਿਆਂਵਾਲੇ ਬਾਗ ਦਾ ਸਾਕਾ ਅਤੇ ਸ਼ਹੀਦ ਊਧਮ ਸਿੰਘ

ਕਿਰਪਾਲ ਸਿੰਘ ਸੰਧੂ, ਫਰਿਜ਼ਨੋ
ਫੋਨ: 559-259-4844
ਪੰਜਾਬ ਵਿਚ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਜਲ੍ਹਿਆਂਵਾਲੇ ਬਾਗ ਵਾਲਾ ਖੂਨੀ ਸਾਕਾ ਹਿੰਦੋਸਤਾਨ ਵਿਚ ਬੇਦਰਦੀ ਨਾਲ ਸਦੀਆਂ ਤੋਂ ਕੀਤੀ ਜਾਂਦੀ ਲੁੱਟ-ਖਸੁੱਟ ਨੂੰ ਹੋਰ ਅੱਗੇ ਜਾਰੀ ਰੱਖਣ ਅਤੇ ਲੋਕਾਂ ਦੇ ਦਿਲਾਂ ‘ਤੇ ਡੂੰਘੀ ਮਾਰੂ ਛਾਪ ਛੱਡਣ ਲਈ ਕੀਤਾ ਗਿਆ। ਇਹ ਦਰਦਨਾਕ, ਗਿਣਿਆ-ਮਿਥਿਆ ਡਰਾਉਣਾ ਕਾਂਡ ਸੀ, ਜਿਸ ਵਿਚ ਹਰ ਮਜ਼ਹਬ ਦੇ ਬਜੁਰਗਾਂ ਤੋਂ ਲੈ ਕੇ ਨਵਜੰਮੇ ਬੱਚਿਆਂ ਦਾ ਘਾਣ ਕੀਤਾ ਗਿਆ। ਪੰਜਾਬੀ-ਹਿੰਦੋਸਤਾਨੀ ਕੀ, ਦੁਨੀਆਂ ਭਰ ਦੇ ਬੁਧੀਜੀਵੀਆਂ ਅਤੇ ਕੌਮੀ ਅਖਬਾਰਾਂ ਨੇ ਇਸ ਨੂੰ ਬ੍ਰਿਟਿਸ਼ ਸਰਕਾਰ ਦਾ ਵਹਿਸ਼ੀ ਕਾਰਨਾਮਾ ਦੱਸਿਆ ਅਤੇ ਇਸ ਦੀ ਪੁਰਜ਼ੋਰ ਨਿਖੇਧੀ ਕੀਤੀ।

ਬਹੁ-ਰੁੱਤਾ ਮੌਸਮ ਖੇਤੀ ਅਨੁਕੂਲ ਹੋਣ ਕਰਕੇ ਪੰਜਾਬ ਖੇਤੀ ਪ੍ਰਧਾਨ ਸੂਬੇ ਵਜੋਂ ਜਾਣਿਆ ਜਾਂਦਾ ਹੈ। ਇਸ ਨਾਲ ਮੌਸਮੀ ਤਿਉਹਾਰ ਵੀ ਜੁੜੇ ਹੋਏ ਹਨ। ਇਨ੍ਹਾਂ ਵਿਚੋਂ ਇਕ ਹੈ, ਵਿਸਾਖ ਮਹੀਨੇ ਦੀ ਪਹਿਲੀ ਤਾਰੀਖ ਵਾਲਾ ਦਿਨ ਜੋ ਵਿਸਾਖੀ ਕਹਿ ਕੇ ਮਨਾਇਆ ਜਾਂਦਾ ਹੈ। ਇਸ ਦੀ ਖਾਸ ਮਹੱਤਤਾ ਇਹ ਵੀ ਹੈ ਕਿ ਜਿਥੇ ਛਾਂਦਾਰ, ਫਲਦਾਰ ਤੇ ਵੇਲ-ਬੂਟਿਆਂ ਨੂੰ ਨਵੀਆਂ ਪੱਤੀਆਂ ਤੇ ਫੁੱਲ, ਫਿਰ ਫਲੀਆਂ ਦੀਆਂ ਡੋਡੀਆਂ ਵਿਚ ਤਬਦੀਲ ਹੋਣ ਲੱਗਦੇ ਹਨ, ਉਥੇ ਮੁੱਖ ਫਸਲ ਕਣਕ, ਜੌਂ, ਛੋਲੇ ਤੇ ਦਾਲਾਂ ਪੱਕ ਕੇ ਤਿਆਰ ਹੋਈਆਂ ਦੀ ਸਾਂਭ ਸੰਭਾਲ ਕਰ ਪੰਜਾਬੀ ਮੇਲਿਆਂ ਦੀ ਸ਼ਕਲ ਵਿਚ ਇਸ ਦਿਨ ਖੁਸ਼ੀ ਮਨਾਉਂਦੇ ਹਨ।
ਮਨੂਵਾਦ ਦੇ ਫਲਸਫੇ ਅਨੁਸਾਰ ਜਾਤ ਪਾਤ, ਛੁਤ-ਛਾਤ ਤੋਂ ਜਨਮੀ ਅਮੀਰੀ-ਗਰੀਬੀ ਨੇ ਹਿੰਦੋਸਤਾਨ ਦੀ ਘੁੱਗ ਵਸਦੀ ਜਨਤਾ ਨੂੰ ਬਰਬਾਦੀ ਦੇ ਕੰਢੇ ਖੜ੍ਹਾ ਕਰ ਦਿਤਾ। ਇਸ ਕੋਹੜ ਤੋਂ ਨਿਜਾਤ ਦਿਵਾਉਣ ਲਈ ਸਮੇਂ-ਸਮੇਂ ਸੂਫੀ, ਸੰਤ ਅਤੇ ਕਵੀ ਅਵਾਜ਼ ਬੁਲੰਦ ਕਰਦੇ ਰਹੇ। ਪੰਦਰਵੀਂ ਸਦੀ ਵਿਚ ਬਾਬੇ ਨਾਨਕ ਨੇ ਪੈਦਲ ਚਲ ਕੇ ਸਾਰੇ ਭਾਰਤ ਤੱਕ ਪਹੁੰਚ ਕਰਕੇ ਲੋਕਾਈ ਨੂੰ ਇਸ ਕੋਹੜ ਅਤੇ ਅੰਧਵਿਸ਼ਵਾਸ ਵਿਚੋਂ ਬਾਹਰ ਕੱਢਣ ਲਈ ਬਾਦਲੀਲ ਪ੍ਰਚਾਰ ਕੀਤਾ। ਅਗਾਂਹ ਇਸ ਕਾਰਜ ਨੂੰ ਸਿਰੇ ਤਕ ਪਹੁੰਚਾਉਣ ਲਈ ਆਪਣਾ ਜਾਂਨਸ਼ੀਨ ਗੁਰੂ ਦੇ ਰੂਪ ਵਿਚ ਥਾਪਿਆ। ਇਹ ਸਿਲਸਿਲਾ ਚਲਦਾ ਰਿਹਾ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਦੀ 13 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਸਾਰੇ ਭਾਰਤ ਵਿਚੋਂ ਸੱਦਾ-ਪੱਤਰ ਭੇਜ ਕੇ ਭਾਰੀ ਇਕੱਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਕਰ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਜਾਤ-ਪਾਤ, ਛੂਆ-ਛਾਤ ਤੇ ਊਚ-ਨੀਚ ਵਰਗੀਆਂ ਬਿਮਾਰੀਆਂ ਤੋਂ ਰਹਿਤ ਸੀ। ਇਸ ਪਿੱਛੇ ਮੰਤਵ ਇਹ ਸੀ ਕਿ ਸਮੇਂ ਦੇ ਹਾਕਮਾਂ ਤੋਂ ਹੱਕ ਹਾਸਲ ਕਰਨ ਅਤੇ ਬੇਇਨਸਾਫੀ ਖਿਲਾਫ ਜੇ ਜੰਗ ਵੀ ਲੜਨੀ ਪਵੇ ਤਾਂ ਲੜੀ ਜਾਵੇ। ਇਨ੍ਹਾਂ ਅਸੂਲਾਂ ‘ਤੇ ਪਹਿਰਾ ਦਿੰਦਿਆਂ ਜੇ ਸੀਸ ਕੁਰਬਾਨੀ ਲਈ ਪੇਸ਼ ਕਰਨਾ ਪਵੇ, ਉਹ ਵੀ ਖਿੱੜੇ ਮੱਥੇ ਭੇਟ ਕੀਤਾ ਜਾਵੇ। ਇਤਿਹਾਸ ਗਵਾਹ ਹੈ ਕਿ ਇਸ ਦੇ ਦੂਰ-ਰਸ ਨਤੀਜੇ ਨਿਕਲੇ ਤੇ ਇਨ੍ਹਾਂ ਨੇ ਹਿੰਦੋਸਤਾਨ ਦੀ ਕਿਸਮਤ ਪਲਟ ਕੇ ਰੱਖ ਦਿੱਤੀ।
ਜਲ੍ਹਿਆਂਵਾਲੇ ਬਾਗ ਦੇ ਇਤਿਹਾਸਕ ਪਿਛੋਕੜ ਦਾ ਜ਼ਿਕਰ ਜ਼ਰੂਰੀ ਹੈ। ਦੋਆਬੇ ਦੇ ਮਸ਼ਹੂਰ ਕਸਬੇ ਮਾਹਿਲਪੁਰ ਦੇ ਨਜ਼ਦੀਕ ਛੋਟਾ ਪਿੰਡ ਹੈ, ਜੱਲ੍ਹਾ। ਬੈਂਸ ਗੋਤ ਵਾਲੇ ਪਰਿਵਾਰ ਦਾ ਹੋਣਹਾਰ, ਤਾਕਤਵਰ ਅਤੇ ਧਾਰਮਿਕ ਬਿਰਤੀ ਵਾਲਾ ਨੌਜਵਾਨ ਸ਼ ਹਿੰਮਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋ ਗਿਆ। ਆਪਣੀ ਸੂਝ-ਬੂਝ ਤੇ ਬਹਾਦਰੀ ਸਦਕਾ ਉਹ ਜਲਦੀ ਹੀ ਫੌਜੀ ਟੁਕੜੀ ਦਾ ਸਰਦਾਰ ਬਣਾ ਦਿੱਤਾ ਗਿਆ। ਉਸ ਨੇ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਲੰਗਰ ਛਕ ਕੇ ਆਰਾਮ ਕਰਨ ਲਈ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਜਮੀਨ ਦੇ ਛੋਟੇ ਜਿਹੇ ਟੁਕੜੇ ‘ਤੇ ਬਾਗ ਅਤੇ ਬੂਟਿਆਂ ਨੂੰ ਪਾਣੀ ਦੇਣ ਲਈ ਖੂਹ ਲਵਾਇਆ। ਇਹ ਬਾਗ ਪਿੰਡ ਜੱਲ੍ਹਾ ਦੇ ਨਾਂ ‘ਤੇ ਜਲ੍ਹਿਆਂਵਾਲੇ ਬਾਗ ਨਾਲ ਮਸ਼ਹੂਰ ਹੋਇਆ।
ਕਸਬਾ ਆਦਮਪੁਰ ਦੇ ਲਹਿੰਦੇ ਪਾਸੇ ਕੋਈ ਚਾਰ ਮੀਲ ਦੀ ਦੂਰੀ ‘ਤੇ ਕਸਬਾ ਅਲਾਵਲਪੁਰ ਹੈ। ਇਹ ਦੋਵੇਂ ਕਸਬੇ ਕਿਸੇ ਵੇਲੇ ਦੋ ਸਕੇ ਪਠਾਣ ਭਰਾਵਾਂ-ਆਦਮ ਖਾਂ ਤੇ ਅਲਾਵਲ ਖਾਨ ਨੇ ਵਸਾਏ ਸਨ। ਹਿੰਦੂ ਆਬਾਦੀ, ਮੁਸਲਿਮ ਆਬਾਦੀ ਨਾਲੋਂ ਘੱਟ ਸੀ। ਅਲਾਵਲ ਖਾਂ ਨੇ ਅਲਾਵਲਪੁਰ ਵਿਚ ਕਿਲ੍ਹਾ ਵੀ ਬਣਾਇਆ, ਜਿਸ ਵਿਚ ਉਸ ਨੇ ਰਿਹਾਇਸ਼ ਰੱਖੀ। ਅਲਾਵਲਪੁਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਮੁਸਲਿਮ ਆਬਾਦੀ ਆਪਣੇ ਤਿਉਹਾਰ ਤਾਜੀਏ ਅਲਾਵਲਪੁਰ ਵਿਚ ਮਨਾਉਂਦੀ ਸੀ। ਇਕ ਵਾਰ ਜਦੋਂ ਜਲੂਸ ਕੱਢਿਆ ਜਾ ਰਿਹਾ ਸੀ, ਕੁਦਰਤੀ ਸਾਨ੍ਹ ਅੱਗੇ ਆ ਗਿਆ। ਇਸ ਨੂੰ ਬਦਸ਼ਗਨੀ ਮੰਨਦਿਆਂ ਮੁਸਲਮਾਨ ਨੌਜਵਾਨ ਮੁੰਡਿਆਂ ਨੇ ਬਰਛੇ ਮਾਰ-ਮਾਰ ਸਾਨ੍ਹ ਮਾਰ ਦਿੱਤਾ। ਹਿੰਦੂ ਆਬਾਦੀ ਕਮਜ਼ੋਰ ਸੀ, ਉਹ ਨਾ ਬੋਲੀ। ਹਿੰਦੂਆਂ ਦੇ ਸ਼ਮਸ਼ਾਨਘਾਟ ਦੇ ਇਕ ਸਿਰੇ ‘ਤੇ ਖੂਹ ਲਵਾ ਦਿੱਤਾ। ਕੁਟੀਆ ਵਿਚ ਕੋਈ ਸਾਧੂ ਪੰਡਿਤ ਰਹਿੰਦਾ ਸੀ। ਉਹ ਗਊ ਦੇ ਜਾਏ ਦਾ ਦੁੱਖ ਜਰ ਨਾ ਸਕਿਆ। ਉਹ ਚੁਪ-ਚਾਪ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ, ਲਾਹੌਰ ਜਾ ਹਾਜ਼ਰ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਦੁਆਬੇ ਨਾਲ ਤਾਅਲੁਕ ਰਖਦੇ ਸ਼ ਹਿੰਮਤ ਸਿੰਘ ਨੂੰ ਬੁਲਾਇਆ ਅਤੇ ਹੁਕਮ ਦਿੱਤਾ ਕਿ ਫੌਜੀ ਟੁਕੜੀ ਲੈ ਕੇ ਅਲਾਵਲਪੁਰ ਜਾਉ ਤੇ ਉਸ ਪਠਾਣ ਨੂੰ ਸਬਕ ਸਿਖਾਉ। ਸ਼ ਹਿੰਮਤ ਸਿੰਘ ਫੌਜੀ ਟੁਕੜੀ ਲੈ ਕੇ ਅਲਾਵਲਪੁਰ ਆਇਆ ਅਤੇ ਪਹਿਲੀ ਲੜਾਈ ਵਿਚ ਹੀ ਦੋਵੇਂ ਪਠਾਣ ਭਰਾਵਾਂ ਨੂੰ ਬੰਦੀ ਬਣਾ ਲਿਆ ਤੇ ਹੁਕਮ ਦਿੱਤਾ ਕਿ ਜੇ ਉਹ ਦੋਵੇਂ ਇਲਾਕਾ ਛੱਡ ਦੇਣ ਤਾਂ ਉਨ੍ਹਾਂ ਦੀ ਜਾਨ ਬਖਸ਼ੀ ਜਾ ਸਕਦੀ ਹੈ। ਦੋਹਾਂ ਭਰਾਵਾਂ ਨੇ ਜਲੰਧਰ ਸ਼ਹਿਰ ਵਾਲੇ ਪਾਸੇ ਪੋਗੜੀ ਨਾਂ ਦਾ ਨਗਰ ਵਸਾ ਲਿਆ। ਸ਼ ਹਿੰਮਤ ਸਿੰਘ ਨੇ ਮਹਾਰਾਜੇ ਦੇ ਦਰਬਾਰ ਆਪਣਾ ਫੌਜੀ ਭੇਜਿਆ- ਬਾਦਸ਼ਾਹ ਸਲਾਮਤ! ਹੁਕਮ ਦੀ ਤਾਮੀਲ ਹੋ ਗਈ ਹੈ, ਹੁਣ ਮੇਰੇ ਲਈ ਕੀ ਹੁਕਮ ਹੈ? ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਹਿੰਮਤ ਸਿੰਘ, ਉਥੇ ਅਲਾਵਲਪੁਰ ਹੀ ਰਹੋ ਅਤੇ ਦੁਆਬੇ ਵਿਚ ਅਮਨ ਕਾਨੂੰਨ ਦੀ ਤੁਹਾਡੀ ਜ਼ਿੰਮੇਵਾਰੀ ਹੈ। ਸ਼ ਹਿੰਮਤ ਸਿੰਘ ਪਰਿਵਾਰ ਸਮੇਤ ਅਲਾਵਲਪੁਰ ਵਾਲੇ ਕਿਲ੍ਹਾਨੁਮਾ ਘਰ ਵਿਚ ਰਹਿਣ ਲੱਗ ਪਿਆ ਤੇ ਆਲੇ ਦੁਆਲੇ ਦੀ ਕਾਫੀ ਜਮੀਨ ਆਪਣੇ ਕਬਜ਼ੇ ਵਿਚ ਕਰ ਲਈ। ਪੁਸ਼ਤ-ਦਰ-ਪੁਸ਼ਤ ਇਹ ਪਰਿਵਾਰ ਧਨਾਢ ਜਗੀਰਦਾਰ ਪਰਿਵਾਰ ਹੋ ਨਿਬੜਿਆ। ਅਲਾਵਲਪੁਰ ਵਿਚ ਛੋਟੀ ਇੱਟ ਵਾਲੀ ਵੱਡੀ ਸਮਾਧ ਸ਼ ਹਿੰਮਤ ਸਿੰਘ ਦੀ ਬਣੀ ਹੋਈ ਹੈ। ਅੰਗਰੇਜ਼ ਆਉਣ ‘ਤੇ ਇਹ ਪਰਿਵਾਰ ਅੰਗਰੇਜ਼ ਭਗਤ ਬਣ ਗਿਆ। ਇਸ ਪਰਿਵਾਰ ਵਿਚੋਂ ਆਨਰੇਰੀ ਮੈਜਿਸਟਰੇਟ ਵੀ ਰਹੇ ਅਤੇ ਕਿਸੇ ਵੇਲੇ ਪੰਜਾਬ ਦਾ ਆਈ. ਜੀ. ਸੰਤ ਪ੍ਰਕਾਸ਼ ਸਿੰਘ ਵੀ ਇਸੇ ਪਰਿਵਾਰ ਵਿਚੋਂ ਸੀ।
ਸਾਮਰਾਜੀ ਬ੍ਰਿਟਿਸ਼ ਸਰਕਾਰ ਲੰਮੇ ਸਮੇਂ ਤੋਂ ਸਿੱਧੇ ਅਤੇ ਅਸਿੱਧੇ ਤੌਰ ‘ਤੇ ਹਿੰਦੋਸਤਾਨ ‘ਤੇ ਰਾਜ ਕਰਦੀ ਰਹੀ ਹੈ। 32-33 ਕਰੋੜ ਹਿੰਦੋਤਸਾਨੀਆਂ ਨੂੰ ਲੁੱਟ-ਪੁੱਟ ਕੇ ਕੰਗਾਲ ਕਰ ਭੁਖਮਰੀ ਤੇ ਬਿਮਾਰੀਆਂ ਨਾਲ ਮਰਨ ਲਈ ਮਜਬੂਰ ਕਰਨ ਦੇ ਨਾਲ ਆਪਣੇ ਰਾਜ ਨੂੰ ਹੋਰ ਮਜਬੂਤ ਕਰਨ ਲਈ ਇਕ ਹੋਰ ਕਾਨੂੰਨ ਰੌਲਟ ਐਕਟ ਦਾ ਸਹਾਰਾ ਲਿਆ। ਇਹ ਕਾਨੂੰਨ ਸਰਕਾਰ ਨੂੰ ਸਿੱਧਾ ਦੇਸ਼ ਭਗਤਾਂ ਨੂੰ ਪੈਰਾਂ ਹੇਠਾਂ ਦਰੜਨ ਦਾ ਹੱਕ ਦਿੰਦਾ ਸੀ। ਪੰਜਾਬ ਦੇ ਲੋਕ ਪਹਿਲਾਂ ਹੀ ਜਮੀਨ ਸੁਧਾਰ ਕਹੇ ਜਾਣ ਵਾਲੇ ਕਾਨੂੰਨ ਖਿਲਾਫ ਸਰਕਾਰ ਨਾਲ ਨਾਰਾਜ਼ ਸਨ। ਰੌਲਟ ਐਕਟ ਨੇ ਅੱਗ ‘ਤੇ ਤੇਲ ਦਾ ਕੰਮ ਕੀਤਾ। ਇਸ ਕਾਨੂੰਨ ਖਿਲਾਫ ਸਾਰੇ ਹਿੰਦੋਸਤਾਨ ‘ਚ ਮੁਜਾਹਰੇ ਸ਼ੁਰੂ ਹੋ ਗਏ। ਪੰਜਾਬ ਵਿਚ ਇਨ੍ਹਾਂ ਮੁਜਾਹਰਿਆਂ ਦੀ ਅਗਵਾਈ ਡਾ. ਸਤਪਾਲ ਤੇ ਡਾ. ਸੈਫੁਦੀਨ ਕਿਚਲੂ ਕਰ ਰਹੇ ਸਨ।
9 ਅਪਰੈਲ 1919 ਦੇ ਦਿਨ ਅੰਮ੍ਰਿਤਸਰ ਵਿਚ ਰਾਮ ਨੌਮੀ ਵਾਲਾ ਤਿਉਹਾਰ ਹਿੰਦੂ, ਮੁਸਲਮਾਨ ਅਤੇ ਸਿੱਖਾਂ ਨੇ ਏਕਤਾ ਦਾ ਸਬੂਤ ਦਿੰਦਿਆਂ ਰਲ-ਮਿਲ ਕੇ ਮਨਾਇਆ। ਇਸ ਧਾਰਮਿਕ ਜਲੂਸ ਵਿਚ ਆਜ਼ਾਦੀ ਨਾਲ ਜੁੜੇ ਦੇਸ਼ ਭਗਤਾਂ ਨੇ ‘ਬ੍ਰਿਟਿਸ਼ ਸਰਕਾਰ ਵਾਪਸ ਜਾਉ’ ਦੇ ਨਾਅਰੇ ਵੀ ਲਾਏ। ਅੰਗਰੇਜ਼ ਸਰਕਾਰ ਹਿੰਦੂ, ਮੁਸਲਿਮ ਤੇ ਸਿੱਖਾਂ ਦੇ ਭਰਾਤਰੀ ਭਾਵ ਇਕੱਠ ਨੂੰ ਦੇਖ ਬਰਦਾਸ਼ਤ ਨਾ ਕਰ ਸਕੀ ਅਤੇ ਚਾਲ ਚੱਲੀ। ਸਰ ਮਾਈਕਲ ਓਡਵਾਇਰ ਨੇ ਰੌਲਟ ਬਿਲ ‘ਤੇ ਵਿਚਾਰ ਚਰਚਾ ਲਈ ਡਾ. ਸਤਪਾਲ ਤੇ ਡਾ. ਸੈਫੁਦੀਨ ਕਿਚਲੂ ਨੂੰ ਆਪਣੇ ਨਿਵਾਸ ਸਥਾਨ ‘ਤੇ ਬੁਲਾ ਕੇ ਗ੍ਰਿਫਤਾਰ ਕਰ ਲਿਆ। ਇਹ ਖਬਰ ਬਹੁਤ ਜਲਦੀ ਪੰਜਾਬ ਵਿਚ ਫੈਲ ਗਈ। ਲੋਕ ਆਪੋ-ਆਪਣੇ ਕਾਰੋਬਾਰ ਬੰਦ ਕਰ ਕੇ ਆਪ-ਮੁਹਾਰੇ ਸੜਕਾਂ ‘ਤੇ ਆ ਗਏ। ਇਸ ਦਾ ਅਸਰ ਅੰਮ੍ਰਿਤਸਰ ਸ਼ਹਿਰ ਵਿਚ ਕੁਝ ਵੱਧ ਦੇਖਣ ਨੂੰ ਮਿਲਿਆ।
ਸਰਕਾਰ ਨੇ ਜਨ ਸਮੂਹ ਨੂੰ ਦਬਾਉਣ ਲਈ 10 ਅਪਰੈਲ ਵਾਲੇ ਦਿਨ ਕੁਝ ਛੋਟੇ ਸ਼ਹਿਰਾਂ ਵਿਚ ਦਫਾ 144 ਅਤੇ ਅੰਮ੍ਰਿਤਸਰ ਸ਼ਹਿਰ ਵਿਚ ਕਰਫਿਊ ਲਾ ਦਿੱਤਾ। ਅੰਮ੍ਰਿਤਸਰ ਸ਼ਹਿਰ ਦੇ ਲੋਕ ਪੁਰ-ਅਮਨ ਇਕੱਠੇ ਹੋ ਕੇ ਡੀ. ਸੀ. ਦੇ ਦਫਤਰ ਰੋਸ ਪੱਤਰ ਦੇਣ ਜਾ ਰਹੇ ਸਨ ਕਿ ਪੁਲਿਸ ਨੇ ਗੋਲੀ ਚਲਾ ਦਿਤੀ। ਦੋ-ਤਿੰਨ ਨੌਜਵਾਨ ਮਾਰੇ ਗਏ। 11 ਅਪਰੈਲ ਨੂੰ ਅੰਮ੍ਰਿਤਸਰ ਵਿਚ ਫੌਜ ਨੇ ਫਲੈਗ ਮਾਰਚ ਕੀਤਾ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਲੋਕ ਮ੍ਰਿਤਕਾਂ ਦੀਆਂ ਲਾਸ਼ਾਂ ਚੁੱਕ ਕੇ ਜਲੂਸ ਦੀ ਸ਼ਕਲ ਵਿਚ ਸ਼ਮਸ਼ਾਨਘਾਟ ਵੱਲ ਜਾ ਰਹੇ ਸਨ। ਜਦੋਂ ਇਹ ਜਲੂਸ ਭੰਡਾਰੀ ਪੁਲ ਪਾਰ ਕਰਨ ਲੱਗਾ ਤਾਂ ਫੌਜ ਨੇ ਗੋਲੀ ਚਲਾ ਕੇ 18-20 ਨੌਜਵਾਨ ਹੋਰ ਮਾਰ ਦਿੱਤੇ। ਫੌਜ ਦੇ ਇਸ ਜਬਰ ਖਿਲਾਫ ਸ਼ਾਂਤਮਈ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਲੋਕ ਗੁੱਸੇ ਨਾਲ ਭੜਕ ਪਏ। ਉਨ੍ਹਾਂ ਨੇ ਜਿਥੇ ਸਰਕਾਰੀ ਜਾਇਦਾਦ ਦਾ ਨੁਕਸਾਨ ਕੀਤਾ, ਉਥੇ ਇਕਾ-ਦੁਕਾ ਅੰਗਰੇਜ਼ ਜੋ ਸਾਹਮਣੇ ਆਇਆ, ਉਸ ਦੀ ਕੁੱਟਮਾਰ ਕੀਤੀ।
ਸਰਕਾਰ ਦੀ ਸਖਤੀ ਦੇ ਬਾਵਜੂਦ ਦੋ ਦਲੇਰ ਮੁੰਡਿਆਂ ਨੇ ਅੰਮ੍ਰਿਤਸਰ ਸ਼ਹਿਰ ਵਿਚ ਮੁਨਾਦੀ ਕੀਤੀ ਕਿ 13 ਅਪਰੈਲ ਵਿਸਾਖੀ ਵਾਲੇ ਦਿਨ ਸ਼ਾਮ ਦੇ ਚਾਰ ਵਜੇ ਜਲ੍ਹਿਆਂਵਾਲੇ ਬਾਗ ਵਿਚ ਅੱਜਕੱਲ੍ਹ ਦੇ ਹਾਲਾਤ ‘ਤੇ ਨਜ਼ਰ ਮਾਰਨ ਲਈ ਆਪਣੇ ਮਹਿਬੂਬ ਨੇਤਾਵਾਂ ਦੇ ਭਾਸ਼ਣ ਸੁਣੋ। ਇਹ ਖਬਰ ਜਨਰਲ ਡਾਇਰ ਨੂੰ ਵੀ ਮਿਲੀ। ਉਸ ਨੇ ਸਰ ਮਾਈਕਲ ਓਡਵਾਇਰ ਤੋਂ ਮਨਜ਼ੂਰੀ ਲਈ। ਆਪਣੀ ਨਿਗਰਾਨੀ ਹੇਠ ਗੋਰਖਾ ਰੈਜੀਮੈਂਟ ਦੇ ਫੌਜੀ ਜਵਾਨਾਂ ਨੂੰ ਹਥਿਆਰਾਂ ਨਾਲ ਲੈਸ ਕਰਕੇ ਜਲ੍ਹਿਆਂਵਾਲੇ ਬਾਗ ਵਲ ਜਾਂਦੀ ਤੰਗ ਗਲੀ ਵਿਚੋਂ ਦੀ ਬਾਗ ਵਿਚ ਪਹੁੰਚ ਗਿਆ ਅਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਦਸ ਮਿੰਟਾਂ ਵਿਚ ਫੌਜ ਨੇ 1650 ਰਾਊਂਡ ਚਲਾਏ ਜਿਸ ਨਾਲ ਚਾਰ ਸੌ ਦੇ ਕਰੀਬ ਲੋਕ ਸ਼ਹੀਦ ਹੋਏ ਅਤੇ 1200 ਜ਼ਖਮੀ ਹੋ ਗਏ। ਸ਼ਹੀਦਾਂ ਵਿਚ 42 ਬੱਚੇ ਵੀ ਸਨ। ਚੰਦ ਮਿੰਟਾਂ ਅੰਦਰ ਬਾਗ ਵਿਚ ਖੂਨ ਨਾਲ ਲਥਪਥ ਲਾਸ਼ਾਂ ਹੀ ਲਾਸ਼ਾਂ ਸਨ। ਹਰ ਪਾਸੇਂ ਜ਼ਖਮੀਆਂ ਦੀਆਂ ਚੀਕਾਂ ਸਨ। ਕਈ ਜ਼ਖਮਾਂ ਦੀ ਤਾਬ ਨਾ ਝਲਦੇ ਦਮ ਤੋੜ ਰਹੇ ਸਨ। ਕਈਆਂ ਨੇ ਜਾਨ ਬਚਾਉਣ ਲਈ ਖੂਹ ‘ਚ ਛਾਲਾਂ ਮਾਰ ਦਿਤੀਆਂ। ਸਰਕਾਰ ਦੀ ਇਸ ਕਰਤੂਤ ਖਿਲਾਫ ਸਾਰੇ ਹਿੰਦੋਸਤਾਨ ਵਿਚ ਰੋਸ ਵਜੋਂ ਕਾਰੋਬਾਰ, ਸਕੂਲ ਅਤੇ ਕਾਲਜ ਬੰਦ ਰਹੇ।
ਜਨਰਲ ਡਾਇਰ ਦੇ ਵਰਤਾਏ ਇਸ ਗੋਲੀਕਾਂਡ ਨੂੰ ਪੂਰੇ ਸੌ ਸਾਲ ਹੋ ਗਏ ਹਨ। ਇਸ ਖੂਨੀ ਸਾਕੇ ਦੀ ਹਿੰਦੋਸਤਾਨ ਵਿਚ ਹਾਹਾਕਾਰ ਮਚੀ। ਦੁਨੀਆਂ ਭਰ ਦੇ ਬੁਧੀਜੀਵੀਆਂ ਅਤੇ ਆਜ਼ਾਦੀ ਪਸੰਦ ਲੋਕ ਜਿਵੇਂ ਮਿਸ ਐਗਨਸ ਸਮੈਡਲੀ ਤੇ ਮਾਰਗਰੇਟ ਸਾਗਰ ਨਾਮੀ ਵਕੀਲਾਂ ਦੇ ਨਾਲ-ਨਾਲ ਵਿਦੇਸ਼ੀ ਅਖਬਾਰਾਂ ਨੇ ਬ੍ਰਿਟਿਸ਼ ਸਰਕਾਰ ਦੇ ਇਸ ਵਹਿਸ਼ੀ ਕਾਰਨਾਮੇ ਵਿਰੁਧ ਆਪਣੇ ਐਡੀਟੋਰੀਅਲ ਨੋਟ ਤੇ ਲੇਖ ਲਿਖੇ। ਉਂਜ, ਇਸ ਕਾਂਡ ਦਾ ਬਦਲਾ ਸੁਨਾਮ ਦੇ ਨੌਜਵਾਨ ਊਧਮ ਸਿੰਘ ਨੇ ਲੰਡਨ ਜਾ ਕੇ ਲਿਆ ਅਤੇ ਮਾਈਕਲ ਓਡਵਾਇਰ ਨੂੰ ਮਾਰ-ਮੁਕਾਇਆ।
ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਮੁਲਕਾਂ ਨੇ ਦੇਸ਼ ਦੀ ਆਜ਼ਾਦੀ ਲਈ ਘੋਲ ਲੜੇ, ਕੁਰਬਾਨੀਆਂ ਕੀਤੀਆਂ, ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣਾ ਫਰਜ਼ ਸਮਝਦਿਆਂ ਇਨ੍ਹਾਂ ਯਾਦਗਾਰਾਂ ਨੂੰ ਵਤਨ ਦੀ ਕੀਮਤੀ ਨਿਸ਼ਾਨੀ ਸਮਝਦਿਆਂ ਪਹਿਲ ਦੇ ਆਧਾਰ ‘ਤੇ ਉਸੇ ਸ਼ਕਲ ਵਿਚ ਸੰਭਾਲ ਕੇ ਰੱਖਣ ਦਾ ਪੂਰਾ ਯਤਨ ਕੀਤਾ; ਕਿਉਂ ਜੋ ਇਹ ਨਿਸ਼ਾਨੀਆਂ ਕੌਮ ਦਾ ਸਰਮਾਇਆ ਅਤੇ ਆਉਣ ਵਾਲੀ ਨਸਲ ਲਈ ਰਾਹ ਦਸੇਰਾ ਹੁੰਦੀਆਂ ਹਨ। ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਹਿੰਦੋਸਤਾਨ ਅਜਿਹਾ ਮੁਲਕ ਹੈ, ਜਿਸ ਵਿਚ ਅਣਗਿਣਤ ਕੁਰਬਾਨੀਆਂ ਕਰਕੇ ਆਜ਼ਾਦ ਕਰਵਾਏ ਧਾਰਮਿਕ ਸਥਾਨ ਹੋਣ ਜਾਂ ਦੇਸ਼ ਦੀ ਆਜ਼ਾਦੀ ਨਾਲ ਜੁੜੀਆਂ ਅਨੇਕਾਂ ਕੀਮਤੀ ਨਿਸ਼ਾਨੀਆਂ ਯਾਦਗਾਰਾਂ ਹੋਣ, ਉਨ੍ਹਾਂ ਨੂੰ ਨਵੀਂ ਦਿਖ ਦੇਣ ਦੇ ਨਾਂ ਹੇਠ ਧਾਰਮਿਕ ਸੰਸਥਾਵਾਂ ਜਾਂ ਸਰਕਾਰੀ ਮਸ਼ੀਨਰੀ ਵਲੋਂ ਉਸ ਦੀ ਮੁੱਢਲੀ ਪਛਾਣ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਕਸਬਾ ਸੁਨਾਮ ਵਿਚ ਮਾਤਾ ਨਰੈਣੀ ਅਤੇ ਪਿਤਾ ਚੂਹੜ ਰਾਮ ਦੇ ਘਰ ਹੋਇਆ। ਉਸ ਦਾ ਇਕ ਛੋਟਾ ਭਰਾ ਵੀ ਸੀ। ਊਧਮ ਸਿੰਘ ਦੀ ਉਮਰ ਛੋਟੀ ਸੀ ਤਾਂ ਪਹਿਲਾਂ ਮਾਂ, ਫਿਰ ਕੁਝ ਸਾਲ ਬਾਅਦ ਪਿਤਾ ਵੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਯਤੀਮ ਬੱਚਿਆਂ ਨੂੰ ਅੰਮ੍ਰਿਤਸਰ ਦੇ ਯਤੀਮ ਘਰ ਪਹੁੰਚਾ ਦਿੱਤਾ ਗਿਆ। ਜਦੋਂ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ, ਊਧਮ ਸਿੰਘ ਨੇ ਪੰਜਾਬੀਆਂ ਦੇ ਸਾਂਝੇ ਡੁੱਲ੍ਹੇ ਖੂਨ ਨਾਲ ਗੜੁੱਚ ਹੋਈ ਮਿੱਟੀ ਹੱਥ ਵਿਚ ਲੈ ਕੇ ਸਹੁੰ ਚੁੱਕੀ ਕਿ ਇਸ ਗੋਲੀਕਾਂਡ ਦਾ ਬਦਲਾ ਜ਼ਰੂਰ ਲਵਾਂਗਾ।
ਊਧਮ ਸਿੰਘ ਨੇ 1918 ਵਿਚ ਮੈਟ੍ਰਿਕ ਪਾਸ ਕਰ ਲਈ। 1921 ਵਿਚ ਉਹ ਅਫਰੀਕਾ ਚਲਾ ਗਿਆ। ਉਥੇ ਰੇਲਵੇ ਵਰਕਸ਼ਾਪ ਵਿਚ ਮਿਸਤਰੀ ਵਜੋਂ ਕੰਮ ਕੀਤਾ। ਫਿਰ ਮੈਕਸੀਕੋ ਰਾਹੀਂ ਕੈਲੀਫੋਰਨੀਆ ਪਹੁੰਚ ਗਿਆ। ਇਥੇ ਕੁਝ ਚਿਰ ਕੰਮ ਕੀਤਾ ਅਤੇ ਫਿਰ ਨਿਊ ਯਾਰਕ ਵੀ ਰਿਹਾ। 1923 ਨੂੰ ਵਾਪਸ ਹਿੰਦੋਸਤਾਨ ਆ ਗਿਆ। ਊਧਮ ਸਿੰਘ ਨੇ ਅੰਮ੍ਰਿਤਸਰ ਜਾ ਕੇ ਮਕਾਨ ਕਿਰਾਏ ‘ਤੇ ਲੈ ਲਿਆ ਅਤੇ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਹੇਠ ਦੁਕਾਨ ਵਿਚ ਕਾਰਿੰਦੇ ਵਜੋਂ ਕੰਮ ਕਰਨ ਲੱਗਾ। ਉਨ੍ਹਾਂ ਦਿਨਾਂ ਵਿਚ ਗਦਰੀ ਦੇਸ਼ ਭਗਤਾਂ ਦਾ ਦੁਕਾਨ ‘ਤੇ ਆਉਣਾ ਜਾਣਾ ਲੱਗਾ ਰਹਿੰਦਾ ਸੀ। ਉਸ ਵੇਲੇ ਬੱਬਰ ਅਕਾਲੀ ਲਹਿਰ ਜ਼ੋਰਾਂ ‘ਤੇ ਸੀ। ਇਸ ਤਰ੍ਹਾਂ ਉਨ੍ਹਾਂ ਨਾਲ ਵੀ ਰਾਬਤਾ ਕਾਇਮ ਹੋ ਗਿਆ।
ਊਧਮ ਸਿੰਘ 1924 ਵਿਚ ਅਫਰੀਕਾ ਤੋਂ ਹੁੰਦਾ ਹੋਇਆ ਫਿਰ ਅਮਰੀਕਾ ਪਹੁੰਚ ਗਿਆ। ਕੁਝ ਸਮਾਂ ਨਿਊ ਯਾਰਕ ਅਤੇ ਸ਼ਿਕਾਗੋ ਵੀ ਰਿਹਾ। ਫਿਰ ਫਰਾਂਸ, ਜਰਮਨੀ, ਸਵਿਟਜ਼ਰਲੈਂਡ, ਪੋਲੈਂਡ, ਲਿਬੀਆ, ਹੰਗਰੀ ਤੇ ਇਟਲੀ ਵੀ ਰਿਹਾ। ਊਧਮ ਸਿੰਘ ਵਿਚ ਇਹ ਖੂਬੀ ਸੀ ਕਿ ਉਹ ਜਿਸ ਵੀ ਮੁਲਕ ਵਿਚ ਜਾਂਦਾ, ਉਥੋਂ ਦਾ ਪਹਿਰਾਵਾ, ਬੋਲੀ ਤੇ ਸਭਿਅਤਾ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਅਤੇ ਛੇਤੀ ਹੀ ਦੋਸਤ-ਮਿੱਤਰ ਵੀ ਬਣਾ ਲੈਂਦਾ। 1926 ਵਿਚ ਊਧਮ ਸਿੰਘ ਵਾਪਸ ਹਿੰਦੋਸਤਾਨ ਆ ਗਿਆ ਅਤੇ ਅੰਮ੍ਰਿਤਸਰ ਵਿਚ ਕਟੜਾ ਸ਼ੇਰ ਸਿੰਘ ਦੇ ਇਲਾਕੇ ਵਿਚ ਰਹਿਣ ਲੱਗ ਪਿਆ। ਉਸ ਦੀਆਂ ਹਰਕਤਾਂ ‘ਤੇ ਸ਼ੱਕ ਹੋਣ ਕਾਰਨ ਪੁਲਿਸ ਊਧਮ ਸਿੰਘ ‘ਤੇ ਨਿਗਰਾਨੀ ਰੱਖਣ ਲੱਗ ਪਈ। 30 ਅਗਸਤ 1928 ਨੂੰ ਥਾਣੇਦਾਰ ਅਲੀਸ਼ਾਹ ਨੇ ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪਹਿਲੀ ਅਕਤੂਬਰ 1927 ਨੂੰ ਊਧਮ ਸਿੰਘ ਨੂੰ ਪੰਜ ਸਾਲ ਦੀ ਕੈਦ ਹੋ ਗਈ।
ਊਧਮ ਸਿੰਘ 23 ਅਕਤੂਬਰ 1931 ਨੂੰ ਰਿਹਾ ਹੋਣ ਪਿਛੋਂ ਪਹਿਲਾਂ ਉਹ ਹੁਸੈਨੀਵਾਲਾ ਗਿਆ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣੇ ਪਿੰਡ ਸੁਨਾਮ ਆ ਗਿਆ। ਉਥੇ ਕੋਈ ਜਾਣ-ਪਛਾਣ ਵਾਲਾ ਨਾ ਹੋਣ ਕਰਕੇ ਫਿਰ ਅੰਮ੍ਰਿਤਸਰ ਆ ਗਿਆ। 1937 ਵਿਚ ਊਧਮ ਸਿੰਘ ਕਈ ਦੇਸ਼ਾਂ ਤੋਂ ਹੁੰਦਾ ਹੋਇਆ ਇੰਗਲੈਂਡ ਪਹੁੰਚ ਗਿਆ। 1940 ਵਿਚ ਦੂਜਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਊਧਮ ਸਿੰਘ ਇੰਗਲੈਂਡ ਸਮੁੰਦਰੀ ਜਹਾਜਾਂ ਤੋਂ ਫੌਜੀਆਂ ਲਈ ਭੇਜੀਆਂ ਜਾ ਰਹੀਆਂ ਸਬਜ਼ੀ ਤੇ ਫਲਾਂ ਦੀਆਂ ਟੌਕਰੀਆਂ ਚੁੱਕ ਕੇ ਮਜ਼ਦੂਰੀ ਕਰਦਾ ਰਿਹਾ, ਫਿਰ ਕੱਪੜਾ ਵੇਚਣ ਦਾ ਕੰਮ ਵੀ ਕੀਤਾ।
13 ਮਾਰਚ 1940 ਨੂੰ ਬੁੱਧਵਾਰ ਵਾਲੀ ਸ਼ਾਮ ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਮੀਟਿੰਗ ਰੱਖੀ ਗਈ ਸੀ ਜੋ ਤਿੰਨ ਵਜੇ ਸ਼ੁਰੂ ਹੋਣੀ ਸੀ। ਮੀਟਿੰਗ ਦਾ ਮੁੱਖ ਉਦੇਸ਼ ਅਫਗਾਨਿਸਤਾਨ ਦੀ ਬਗਾਵਤ ਬਾਰੇ ਸੰਸਾਰ ਯੁੱਧ ਸਮੇਂ ਹਿੰਦੋਸਤਾਨ ਦੇ ਸੂਬਾ ਪੰਜਾਬ ਦੇ ਵਸਨੀਕਾਂ ਬਾਰੇ ਸਰ ਮਾਈਕਲ ਓਡਵਾਇਰ ਅਤੇ ਜਨਰਲ ਡਾਇਰ ਨੇ ਵੀ ਚਾਨਣਾ ਪਾਉਣਾ ਸੀ। ਊਧਮ ਸਿੰਘ ਸੂਟ ਅਤੇ ਅੰਗਰੇਜ਼ੀ ਹੈਟ ਪਾ ਕੇ ਪੂਰਾ ਅੰਗਰੇਜ਼ ਨਾਗਰਿਕ ਲੱਗ ਰਿਹਾ ਸੀ। ਉਸ ਕੋਲ ਛੇ ਗੋਲੀਆਂ ਵਾਲਾ ਅਮਰੀਕਨ ਪਿਸਤੌਲ ਸੀ ਅਤੇ ਹੁਣ ਉਹ ਸਹੀ ਸਮਾਂ ਉਡੀਕਦਾ ਕੁਰਸੀ ‘ਤੇ ਬੈਠ ਗਿਆ। ਜਦੋਂ ਸਾਰੇ ਬੁਲਾਰੇ ਆਪਣਾ ਭਾਸ਼ਣ ਦੇ ਕੇ ਬੈਠ ਗਏ, ਮਾਈਕਲ ਓਡਵਾਇਰ ਦੀ ਵਾਰੀ ਆਈ। ਊਧਮ ਸਿੰਘ ਨੇ ਉਸ ਨੂੰ ਪਿਸਤੌਲ ਨਾਲ ਗੋਲੀਆਂ ਚਲਾ ਕੇ ਮਾਰ ਮੁਕਾਇਆ। ਪੁਲਿਸ ਨੇ ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਪਹਿਲੀ ਅਪਰੈਲ 1940 ਨੂੰ ਮੁਕੱਦਮਾ ਸ਼ੁਰੂ ਹੋਇਆ ਅਤੇ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਗਿਆ। ਇਉਂ ਊਧਮ ਸਿੰਘ, ਪੰਜਾਬ ਦਾ ਅਣਖੀ ਯੋਧਾ, ਭਾਰਤ ਦਾ ਮਹਾਨ ਸਪੂਤ ਆਪਣੇ ਕੀਮਤੀ ਸਾਹਾਂ ਦਾ ਖਜਾਨਾ ਹਿੰਦੋਸਤਾਨ ਦੀ ਆਜ਼ਾਦੀ ਤੋਂ ਵਾਰ ਕੇ ਸ਼ਹਾਦਤ ਦਾ ਜਾਮ ਪੀ ਗਿਆ।