ਹਰਜਿੰਦਰ ਸਿੰਘ ਸਭਰਾਅ
ਸਿਆਸਤ ਵਿਚ ਕੋਈ ਅਜਿਹਾ ਸ਼ਬਦ ਨਹੀਂ, ਜੋ ਪਾਕ ਮੁਕੱਦਸ ਹੋਵੇ; ਤੇ ਕੋਈ ਵਾਅਦਾ ਨਹੀਂ, ਜੋ ਤੋੜਿਆ ਨਾ ਜਾ ਸਕੇ। ਇਸ ਰਾਹ ‘ਤੇ ਦੋਸਤ-ਮਿੱਤਰ ਅਤੇ ਦੁਸ਼ਮਣ ਪੱਕੇ ਨਹੀਂ ਹੁੰਦੇ, ਸਗੋਂ ਬਦਲਦੇ ਰਹਿੰਦੇ ਹਨ। ਜਜ਼ਬਾਤ ਪ੍ਰਾਪੇਗੰਡੇ ਦੀ ਸਰਦਾਰੀ ‘ਚ ਚਲਦੇ ਹਨ। ਜਜ਼ਬਾਤ ਜਦੋਂ ਪ੍ਰਾਪੇਗੰਡੇ ਤੋਂ ਬਾਗੀ ਹੋਣਗੇ, ਉਦੋਂ ਹੀ ਸਿਆਸਤਦਾਨ ਹਾਸ਼ੀਏ ‘ਤੇ ਆ ਜਾਵੇਗਾ। ਤਕਰੀਰ ਲੁਭਾਉਣੀ ਹੋਵੇ ਤਾਂ ਸਮਝੋ ਸਿਆਸੀ ਬੰਦੇ ‘ਤੇ ਵਿਆਹੁੰਦੜ ਮੁੰਡੇ ਦੇ ਵਟਣਾ ਲੱਗਣ ਵਾਂਗ ਨਿਖਾਰ ਆ ਜਾਂਦਾ ਹੈ, ਤੇ ਉਹ ਚਮਕ ਜਾਂਦਾ ਹੈ।
ਖਾਸ ਵਕਤ ਕੁਝ ਲੋਕਾਂ ਨੂੰ ਚੇਤੇ ਰੱਖਣਾ ਤੇ ਫੇਰ ਭੁੱਲ ਜਾਣਾ, ਸਿਆਸੀ ਨਾਟਕ ਦਾ ਇਕ ਦਮਦਾਰ ਪਹਿਲੂ ਹੈ। ਮਜ਼ਹਬ, ਬਰਾਦਰੀ, ਜਾਤ, ਅਮੀਰੀ-ਗਰੀਬੀ, ਭਾਸ਼ਾ, ਕਿੱਤੇ, ਰੰਗ, ਨਸਲ ਦਾ ਬਾਰੂਦ ਸਮਾਜ ਵਿਚ ਵਿਛਾਈ ਰੱਖਣਾ ਸਿਆਸਤ ਦੀ ਖੇਡ ਜਿੱਤਣ ਦੇ ਕਾਰਗਰ ਦਾਅ ਹਨ। ਗੁੰਡਾ ਗਰੋਹ ਪਾਲਣੇ ਤੇ ਹਲਾਕ ਕਰਵਾਉਣੇ ਸਿਆਸੀ ਚਲਾਕੀ ਦਾ ਅੰਗ ਹਨ ਤਾਂ ਕਿ ਡਰ ਤੇ ਦਹਿਸ਼ਤ ਪੈਦਾ ਕਰਕੇ ਫਿਰ ਸਾਂਤੀ ਤੇ ਅਮਨ ਦਾ ਵਿਖਾਵਾ ਕੀਤਾ ਜਾ ਸਕੇ। ਵਿਰੋਧੀਆਂ ਦੀ ਆਲੋਚਨਾ ਤੇ ਬੇਰੁਖੀ ਦੀ ਵਾਛੜ ਵਿਚ ਚਾਪਲੂਸਾਂ ਦੀ ਨੇੜਤਾ ਸਿਆਸੀ ਬੰਦੇ ਨੂੰ ਸਕੂਨ ਦਿੰਦੀ ਹੈ।
ਹੱਥ ਜੋੜਨ ਤੇ ਹੱਥ ਚੁੱਕਣ ਵਰਗੀਆਂ ਕਲਾਬਾਜੀਆਂ ‘ਚ ਮੁਹਾਰਤ ਸਿਆਸੀ ਬੰਦੇ ਦਾ ਖਾਸਾ ਹੈ। ਹੱਥ ਜੋੜਨ ਤੇ ਹੱਥ ਚੁੱਕਣ ਵਿਚ ਵਕਤ ਅਤੇ ਧਿਰ ਦੀ ਪਛਾਣ ਤੋਂ ਉਕ ਜਾਣ ਵਾਲਾ ਸਿਆਸੀ ਮਨੁੱਖ ਭਵਿੱਖ ਤਬਾਹ ਵੀ ਕਰ ਲੈਂਦਾ ਹੈ। ਸਿਆਣੇ ਤੇ ਇਮਾਨਦਾਰ ਵਰਕਰ ਨੀਂਹ ਦੀਆਂ ਇੱਟਾਂ ਵਾਂਗ ਹੁੰਦੇ ਹਨ, ਜੋ ਸਿਆਸੀ ਚਿਹਰੇ ਨੂੰ ਪਛਾਣ ਦਿੰਦੇ ਹਨ; ਉਨ੍ਹਾਂ ਨੂੰ ਨੀਂਹ ਦੀ ਇੱਟ ਵਾਂਗ ਦਫਨ ਕਰੀ ਰੱਖਣਾ ਵੀ ਸਿਆਸੀ ਮਨੁੱਖ ਦੀ ਕਠੋਰਤਾ ਦਾ ਹਿੱਸਾ ਜਰੂਰ ਹੁੰਦਾ ਹੈ। ਵਰਕਰਾਂ ਦੀ ਬਲੀ ਲੈਣਾ ਤੇ ਬਲੀ ਦੇਣਾ ਸਿਆਸੀ ਸ਼ਤਰੰਜ ਦਾ ਹਿੱਸਾ ਹੈ, ਜੇ ਇਹ ਗੋਟੀਆਂ ਸੁੱਟੀਆਂ ਨਾ ਜਾਣ ਤਾਂ ਸਿਆਸਤ ਕੁਰਬਾਨੀ ਦਾ ਵਿਖਾਵਾ ਨਹੀਂ ਕਰ ਸਕੇਗੀ।
ਸਮਾਜਕ ਮੁਸ਼ਕਿਲਾਂ ਨੂੰ ਖਤਮ ਕਰਨ ਨਾਲੋਂ ਮੁਸ਼ਕਿਲਾਂ ਨੂੰ ਮਸਾਲੇ ਵਾਂਗ ਵਰਤਣ ਦਾ ਰੁਝਾਨ ਸਿਆਸੀ ਸੁਭਾਅ ‘ਚ ਵਧੇਰੇ ਹੈ। ਗਰਮ ਨਾਅਰੇ, ਝਗੜੇ, ਟਕਰਾਓ-ਇਹ ਸਭ ਵਰਕਰਾਂ ਤੇ ਵੋਟਰਾਂ ਨੂੰ ਡੂੰਘਾ ਸੋਚਣ ਤੋਂ ਉਕਤਾਉਂਦੇ ਹਨ, ਇਸ ਲਈ ਇਹ ਖਿਡਾਉਣਿਆਂ ਵਾਂਗ ਵਰਤ ਹੁੰਦੇ ਹਨ। ਮੁਫਤਖੋਰੀ ਦਾ ਝੱਸ ਫੈਲਾਉਣਾ ਤੇ ਉਸ ਦੀ ਪੂਰਤੀ ਲਈ ਨਿੱਕੇ ਨਿੱਕੇ ਖੇਖਣ ਕਰਨੇ ਲੋਕਾਂ ਨੂੰ ‘ਕੁਝ ਤਾਂ ਹੋ ਹੀ ਰਿਹਾ ਹੈ’ ਦੀ ਤਸੱਲੀ ਦਿਵਾਉਣ ਦਾ ਕਾਰਗਰ ਤਰੀਕਾ ਹੈ।
ਧੜਾ ਧਾਰਨ ਕਰਨ ਵਾਲੇ ਨੂੰ ‘ਸੱਚ ਦਾ ਪਛਾਣੂ’ ਤੇ ‘ਇਨਸਾਫ ਪਸੰਦ’ ਦਾ ਖਿਤਾਬ ਅਤੇ ਧੜਾ ਛੱਡਣ ਵਾਲੇ ਨੂੰ ‘ਮੌਕਾਪ੍ਰਸਤ’, ‘ਬੇਈਮਾਨ’ ਆਦਿ ਖਿਤਾਬ ਦੇਣੇ ਜਰੂਰੀ ਹੁੰਦੇ ਹਨ, ਪਰ ਨਾਲ ਹੀ ਇਨ੍ਹਾਂ ਸ਼ਬਦਾਂ ਨੂੰ ਠਰੰਮੇ ਨਾਲ ਸੁਣਨ ਦਾ ਮਾਦਾ ਸਿਆਸਤ ‘ਚ ਬਣੇ ਰਹਿਣ ਲਈ ਲਾਜ਼ਮੀ ਹੁੰਦਾ ਹੈ। ਝੱਗੇ ਦਾ ਕਾਲਰ ਠੀਕ ਕਰਨ ਤੋਂ ਕਾਲਰ ਫੜਨ ਤੱਕ, ਗਲ ‘ਚ ਹਾਰ ਪਾਉਣ ਤੋਂ ਗਲ ਘੁੱਟਣ ਤੱਕ, ਜੁੱਤੀ ਝਾੜਨ ਤੋਂ ਮਾਰਨ ਤੱਕ, ਜਿੰਦਾਬਾਦ ਤੋਂ ਮੁਰਦਾਬਾਦ ਤੱਕ, ਗਲ ਲਾਉਣ ਤੋਂ ਗਲੋਂ ਲਾਹੁਣ ਤੱਕ-ਮਤਲਬ ਇਹ ਸਭ ਕ੍ਰਿਆਵਾਂ ਲਗਾਤਾਰ ਸਿੱਧੇ-ਪੁਠੇ ਪਾਸੇ ਸਫਰ ਕਰਦੀਆਂ ਰਹਿੰਦੀਆਂ ਹਨ। ਵਿਰੋਧੀ ਧੜੇ ‘ਚ ਪਾੜ ਪਾਉਣ ਤੋਂ ਲੈ ਕੇ ਆਪਣੇ ਖੇਮੇ ‘ਚ ਗੁਟਬੰਦੀ ਬਣਾਉਣ ਤੱਕ ਦੀ ਸਿਰਦਰਦੀ ਸਿਆਸੀ ਮਨੁੱਖ ਦੀ ਲੋੜ ਹੈ।
ਪ੍ਰਸ਼ਾਸਨ ਤੇ ਨੇਤਾ ਦਾ ਨਾਜਾਇਜ਼ ਤਾਲ-ਮੇਲ ਸਮਾਜਕ ਭਲਾਈ ਦੀਆਂ ਅਵਾਜ਼ਾਂ ਦਾ ਟਾਕਰਾ ਕਰਨ ਲਈ ਜਰੂਰੀ ਗਠਜੋੜ ਹੈ। ਧਰਨੇ ਲਾਉਣ, ਲਵਾਉਣ ਤੋਂ ਲੈ ਕੇ ਧਰਨੇ ਚੁਕਵਾਉਣ ਤੱਕ ਲੰਮਾ ਤਰੱਦਦ ਸਹਿਣਾ ਸਿਆਸੀ ਮਨੁੱਖ ਲਈ ਜਰੂਰੀ ਹੈ। ਲੋਕਾਂ ਦੀਆਂ ਬਰੂਹਾਂ ‘ਤੇ ਜਾਣਾ ਅਤੇ ਆਪਣੇ ਦਰਵਾਜੇ ਬੰਦ ਕਰ ਲੈਣ ਦਾ ‘ਧੋਖੇਬਾਜ’ ਸੁਭਾਅ ਕਾਰਆਮਦ ਤਰੀਕਾ ਹੈ। ਇਹ ਗੱਲ ਇਹ ਵੀ ਸਾਬਤ ਕਰਦੀ ਹੈ ਕਿ ਮੁਸੀਬਤ ਬਣ ਕੇ ਜਾਓ! ਪਰ ਮੁਸੀਬਤ ਨੂੰ ਆਪਣੀਆਂ ਬਰੂਹਾਂ ਨਾ ਟੱਪਣ ਦਿਓ। ਸਾਧਾਰਨ ਲੋਕਾਂ ‘ਚ ਪਏ ਤੇ ਪਵਾਏ ਗਏ ਵੈਰ-ਵਿਰੋਧ ਸਿਆਸੀ ਮਨੁੱਖ ਲਈ ਸਾਹਾਂ ਦਾ ਕੰਮ ਕਰਦੇ ਹਨ। ਅਜਿਹੇ ਹਾਲਾਤ ਹਥਠੋਕਾ ਅਫਸਰਸ਼ਾਹੀ ਤੇ ਪ੍ਰਸ਼ਾਸਨ ਰਾਹੀਂ ‘ਚਾਹ-ਪਾਣੀ’ ਤੋਂ ਕਿਤੇ ਵੱਧ ‘ਉਤਲੀ ਕਮਾਈ’ ਦਾ ਸ੍ਰੋਤ ਬਣਦੇ ਹਨ।
ਮਜ਼ਹਬੀ, ਬਰਾਦਰੀ, ਨਿਰਪੱਖਤਾ, ਅੰਦੋਲਨਕਾਰੀ, ਕ੍ਰਾਂਤੀਕਾਰੀ, ਜਮਹੂਰੀ, ਫਿਰਕੂ, ਸੰਪਰਦਾਇਕਤਾ, ਧਰਮ ਨਿਰਪੱਖਤਾ, ਆਦਿ ਹੋਰ ਵੀ ਬਹੁਤ ਸਾਰੇ ਸ਼ਬਦ ਮਹਿਜ ਸ਼ਬਦ ਨਹੀਂ, ਸਿਆਸੀ ਬੰਦਿਆਂ ਦੀ ਮੋਰਚਾਬੰਦੀ ਹੈ। ਮਸਲੇ ਮੁਕਾਉਣ ਨਾਲੋਂ ਉਲਝਾਉਣ ਨਾਲ ਸਿਆਸਤ ਦੀ ਗੱਡੀ ਨੂੰ ਊਰਜਾ ਮਿਲਦੀ ਹੈ। ਮਸਲੇ ਪੈਦਾ ਕਰਨ ਤੇ ਪੇਚੀਦਾ ਕਰਨਾ ਵੱਡੇ ਸਿਆਸਤੀ ਹੋਣ ਦੀ ਨਿਸ਼ਾਨੀ ਹੈ। ਸਪੀਕਰ, ਸਟੇਜ, ਝੰਡੀਆਂ, ਇਸ਼ਤਿਹਾਰ, ਬਾਹਾਂ ਚੁਕ ਕੇ ਜਿੰਦਾਬਾਦ ਬੋਲਣ ਵਾਲੇ ਵਰਕਰ, ਭੀੜ ਦਾ ਹੱਥ ਹਿਲਾ ਕੇ ਸਤਿਕਾਰ ਕਰਨਾ ਹਰ ਸਿਆਸੀ ਮਨੁੱਖ ਲਈ ਖੁਦ ਲਈ ਸੁਖਮਈ ਅਤੇ ਦੂਜੇ ਨੂੰ ਮਿਲਣ ‘ਤੇ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।
ਖਾਸ ਸਮੇਂ ਟੁੱਟੇ ਘਰਾਂ ‘ਚ ਜਾਣਾ ਤੇ ਚਿੱਬੀ ਥਾਲੀ ‘ਚ ਰੁੱਖਾ ਭੋਜਨ ਗਰੀਬ ਦੇ ਨਾਲ ਬਹਿ ਕੇ ਖਾਣ ਦਾ ਜਿਗਰਾ ਰੱਖਣਾ ਜਰੂਰੀ ਹੈ, ਪਰ ਨਾਲ ਹੀ ਜਰੂਰੀ ਹੈ ਅਜਿਹਾ ਗਰੀਬ ਤੇ ਗਰੀਬੀ ਦੀ ਹਾਲਤ ਨੂੰ ਕਾਇਮ ਰੱਖਣਾ, ਕਿਉਂਕਿ ਚੋਣਾਂ ਫਿਰ ਵੀ ਆਉਣੀਆਂ ਹਨ। ਆਲੋਚਨਾ ਕਰਨ ਵਾਲੇ ਨੂੰ ਦੂਜੇ ਧੜੇ ਦਾ ਏਜੰਟ ਕਹਿਣਾ ਸੁਭਾਵਿਕ ਕ੍ਰਿਆ ਹੈ, ਜਿਸ ਦਾ ਅਭਿਆਸ ਹੋਣ ‘ਤੇ ਇਹ ਅਜੀਬ ਨਹੀਂ ਲਗਦੀ।
ਹਰ ਪਰਿਵਾਰ ਨਾਲ ਪੁਰਾਣੇ ਤੇ ਨਿੱਘੇ ਸਬੰਧਾਂ ਦਾ ਜ਼ਿਕਰ ਕਰਨਾ, ਹਰ ਪਿੰਡ ਨੂੰ ਆਪਣਾ ਜੱਦੀ ਪਿੰਡ ਆਖਣਾ, ਵਰਕਰਾਂ ਤੇ ਵੋਟਰਾਂ ਦੇ ਉਤਸ਼ਾਹ ਨੂੰ ਹੜ੍ਹ ‘ਚ ਤਬਦੀਲ ਕਰਦਾ ਹੈ। ਉਤਸ਼ਾਹ ‘ਚ ਆ ਕੇ ਲੋਕਾਂ ਲਈ ਕੁਝ ਕਰ ਗੁਜਰਨ ਦੀ ਇੱਛਾ ਨੂੰ ਭਾਸ਼ਣਾਂ ਵਿਚ ਸਜਾ ਕੇ ਬਿਆਨਣਾ ਸਿਆਸੀ ਮਨੁੱਖ ਦਾ ਜਜ਼ਬਾਤੀ ਰੌਂਅ ਹੁੰਦਾ ਹੈ, ਜੋ ਅਕਸਰ ਵਹਿੰਦਾ ਰਹਿੰਦਾ ਹੈ, ਪਰ ਠੰਢੇ ਦਿਮਾਗ ਨਾਲ ਸੋਚਣ ‘ਤੇ ਲਗਦਾ ਹੈ, ਇਹ ਬੇਮਤਲਬ ਗੱਲਾਂ ਨੇ, ਜਿਨ੍ਹਾਂ ‘ਤੇ ਅਮਲ ਕਰਨਾ ਜਰੂਰੀ ਨਹੀਂ। ਚੋਣਾਂ ਵੇਲੇ ਹੱਥ ਜੋੜ ਕੇ ਵੋਟ ਪਵਾਉਣ ਦੀ ਖੇਚਲ ਕਰਨ ਪਿਛੋਂ ਸਿਆਸੀ ਬੰਦਾ ਉਸੇ ਵੋਟਰ ਦੇ ਜੁੜੇ ਹੱਥ ਤੇ ਬੇਨਤੀਆਂ ਨੂੰ ਵੇਖ-ਸੁਣ ਕੇ ਬਦਲਾ ਪੂਰਾ ਹੋਣ ਦੇ ਸੁਖ ਨੂੰ ਮਹਿਸੂਸ ਕਰਦਾ ਹੈ।
ਵਿਕਾਸ, ਤਰੱਕੀ, ਰੁਜ਼ਗਾਰ, ਨਿਰਪੱਖ ਫੈਸਲੇ, ਇਨਸਾਫ, ਘੱਟਗਿਣਤੀਆਂ ਦੇ ਹੱਕ ਚੰਗੇ ਸ਼ਬਦ ਹਨ, ਜੋ ਸੁਪਨੇ ਦੀ ਸੱਚਾਈ ਵਾਂਗ ਘੱਟ ਈ ਮਿਲਦੇ ਹਨ, ਪਰ ਕਦੇ ਪੁਰਾਣੇ ਨਹੀਂ ਹੁੰਦੇ, ਨਾ ਹੀ ਕਹਿਣ-ਸੁਣਨ ਵਾਲਿਆਂ ਦਾ ਇਨ੍ਹਾਂ ਤੋਂ ਮਨ ਅੱਕਦਾ ਹੈ। ਬਦਕਲਾਮੀ, ਤੂੰ-ਤੂੰ, ਮੈਂ-ਮੈਂ, ਗਾਲ੍ਹੀ ਗਲੋਚ, ਨੀਵੇਂ ਪੱਧਰ ਦੀ ਆਲੋਚਨਾ, ਪਰਿਵਾਰਕ ਮਿਹਣੇਬਾਜੀ ਸਿਆਸੀ ਲੋਕਾਂ ਦੇ ਨੀਵੇਂ ਕਿਰਦਾਰ ਦੀ ਸਭ ਤੋਂ ਉਤਮ ਮਿਸਾਲ ਹੈ, ਜਿਸ ਨਾਲ ਮੀਡੀਆ ਦੀ ਕਮਾਈ ਹੁੰਦੀ ਹੈ ਤੇ ਆਮ ਲੋਕਾਂ ਦਾ ਮਨੋਰੰਜਨ।
ਵਿਧਾਨ ਸਭਾ, ਲੋਕ ਸਭਾ ਤੱਕ ਇੱਕ ਵਾਰ ਜਾਣਾ ਤੇ ਫਿਰ ਜਾਂਦੇ ਰਹਿਣ ਦਾ ਜੁਗਾੜ ਲਾਈ ਰੱਖਣਾ ਆਪਣੇ ਫਰਜਾਂ ਤੇ ਜਿੰਮੇਵਾਰੀਆਂ ਤੋਂ ਕਿਤੇ ਜਰੂਰੀ ਹੋ ਨਿਬੜਦਾ ਹੈ। ਰਿਸ਼ਤਿਆਂ ਅਤੇ ਸਾਂਝਾਂ ਖਾਤਰ ਫਰਜ਼ਾਂ, ਜਿੰਮੇਵਾਰੀਆਂ ਤੇ ਸਹੁੰਆਂ ਤੋੜਨਾ ਅਤੇ ਸਿਆਸੀ ਸੱਤਾ ਲਈ ਰਿਸ਼ਤੇ ਤੇ ਸਾਂਝਾਂ ਦਾਅ ‘ਤੇ ਲਾਉਣੀਆਂ-ਦੋਹਾਂ ਹਾਲਤਾਂ ਦੀ ਸੰਭਾਵਨਾ ਪੱਕੇ ਰੂਪ ਵਿਚ ਮੌਜੂਦ ਹੁੰਦੀ ਹੈ। ਜੇ ਸਿਆਸਤਦਾਨ ਹੋਣ ਦੇ ਨਾਲ ਨਾਲ ‘ਦਰਵੇਸ਼ ਸਿਆਸਤਦਾਨ’, ‘ਗਰੀਬਾਂ ਦੀ ਅਵਾਜ਼’, ‘ਲੋਕ ਮਸੀਹਾ’, ‘ਇਲਾਕੇ ਦਾ ਜਰਨੈਲ’ ਵਰਗੇ ਲਕਬ ਮਿਲ ਜਾਣ ਤਾਂ ‘ਸਿਆਸਤ ਦੇ ਬਾਬਾ ਬੋਹੜ’ ਵਰਗੀ ਟੀਸੀ ‘ਤੇ ਪਹੁੰਚਣਾ ਸੌਖਾ ਬਣ ਜਾਂਦਾ ਹੈ। ਭਾਵੇਂ ਸਭ ਜਾਣਦੇ ਨੇ, ਬੋਹੜ ਆਪਣੇ ਥੱਲੇ ਕੋਈ ਹੋਰ ਰੁੱਖ ਨਹੀਂ ਉਗਣ ਦਿੰਦਾ।
ਸਿਆਸੀ ਮਨੁੱਖ ਲਈ ਆਪਣੀ ਮਿਥੀ ਮੰਜ਼ਿਲ ‘ਤੇ ਪਹੁੰਚਣਾ ਜਰੂਰੀ ਹੈ, ਇਸ ਗੱਲ ਦਾ ਮਤਲਬ ਨਹੀਂ ਸਮਝਿਆ ਜਾਂਦਾ ਕਿ ਉਹ ਕਿਹੜਾ ਰਾਹ ਚੁਣਦਾ ਹੈ ਤੇ ਉਸ ਦਾ ਤਰੀਕਾ ਕਿੰਨਾ ਸਹੀ ਜਾਂ ਗਲਤ ਹੈ। ਮੰਜ਼ਿਲ ਮਿਲ ਗਈ ਤਾਂ ਗਲਤ ਤਰੀਕੇ ‘ਤੇ ਆਪੇ ਪਰਦਾ ਪੈ ਜਾਵੇਗਾ। ਵਫਾਦਾਰੀਆਂ ਬਦਲਨਾ ਕੱਪੜੇ ਬਦਲਣ ਵਰਗਾ ਹੀ ਸਹਿਲਾ ਕੰਮ ਹੈ। ਛਲ, ਫਰੇਬ, ਬੇਈਮਾਨੀ ਨੂੰ ਤਰੱਕੀ ਦਾ ਰਾਹ ਪ੍ਰਵਾਨ ਕਰਕੇ ਚੱਲਣਾ ਜਰੂਰੀ ਬਣਾਇਆ ਜਾਂਦਾ ਹੈ। ਹਵਾ ਦੇ ਰੁੱਖ ਮੁਦਿਆਂ ਨੂੰ ਬਦਲਣ ਦੀ ਚਲਾਕੀ ਵੱਡੀ ਕਲਾ ਸਮਝੀ ਜਾਂਦੀ ਹੈ। ਘਟਨਾਵਾਂ ਦੀ ਜਾਂਚ ਕਰਵਾਉਣਾ, ਕਮਿਸ਼ਨ ਬਿਠਾਉਣਾ, ਜਾਂਚ ਪ੍ਰਭਾਵਤ ਕਰਨਾ ਅਤੇ ਰਿਪੋਰਟਾਂ ਦਬਾਉਣਾ ਮਹਿਜ ਸਿਆਸੀ ਕਸਰਤ ਹੈ। ਇਨਸਾਫ ਦੀ ਉਮੀਦ ਰੱਖਣ ਵਾਲਿਆਂ ਲਈ ਊਠ ਦਾ ਇਹ ਬੁੱਲ੍ਹ ਕਦੇ ਨਹੀਂ ਡਿਗੇਗਾ।
ਅਮੀਰਾਂ ਨਾਲ ਸੌਦੇਬਾਜੀ, ਗਰੀਬਾਂ ਨਾਲ ਧੱਕਾ, ਸਾਂਝੀਆਂ ਚੀਜਾਂ ‘ਤੇ ਸਾਜਿਸ਼ੀ ਕਬਜਾ, ਸਰਕਾਰੀ ਸਕੀਮਾਂ ਦੀ ਦੁਰਵਰਤੋ, ਚਹੇਤਿਆਂ ਦੀ ਲੋੜੋਂ ਵੱਧ ਪਰਵਾਹ, ਆਮ ਲੋਕਾਂ ਨੂੰ ਅਣਗੌਲਣਾ; ਧੱਕੇਖੋਰਾਂ ਨੂੰ ਸ਼ਹਿ, ਦੰਗੇ, ਕਤਲੇਆਮਾਂ, ਕਾਤਲਾਂ ਨੂੰ ਸਿਆਸੀ ਸਰਪ੍ਰਸਤੀਆਂ; ਲੁਟੇਰਿਆਂ ਤੇ ਠੱਗਾਂ ਦੀ ਮਦਦ ਮੁਲਕ ਦੀ ਸਿਆਸਤ ‘ਤੇ ਬਦਨੁਮਾ ਦਾਗ ਹਨ। ਗੱਲ ਕੀ! ਸਿਆਸਤ ਦਾ ਜੋ ਰੂਪ ਦਿੱਸ ਰਿਹਾ ਹੈ, ਇਹ ਮਾਨਵਘਾਤੀ ਤੇ ਬੰਦੇਖਾਣੀ ਮਸ਼ੀਨ ਬਣ ਗਈ ਹੈ। ਇਸੇ ਠੋਕਤੰਤਰ ਨੂੰ ਲੋਕਤੰਤਰ ਦੇ ਫੱਟੇ ਹੇਠ ਚਲਾਇਆ ਜਾਂਦਾ ਹੈ। ਧੰਨ ਹੋਣਗੇ ਜੋ ਇਸ ਕਾਲਖ ਕੋਠੀ ਵਿਚੋਂ ਬੇਦਾਗ ਰਹਿਣਗੇ ਜਾਂ ਕਹਿ ਲਵੋ ਥੋੜੇ ਦਾਗਾਂ ਵਾਲੇ ਈ ਹੋਣਗੇ। ਦੁਆ ਉਨ੍ਹਾਂ ਦੀ ਸਲਾਮਤੀ ਦੀ, ਕਿਉਂਕਿ ਅਜਿਹੇ ਲੋਕ ਹੋਣਗੇ ਤਾਂ ਸਮਾਜ ਹੋਵੇਗਾ। ਹਰੀ ਸਿੰਘ ਜਾਚਕ ਦੀਆਂ ਸਤਰਾਂ ਹਨ,
ਦੁੱਧ ਫੁਟ ਜਾਏ ਤਾਂ ਪਨੀਰ ਬਣ ਜਾਏ।
ਰੁੱਖ ਟੁੱਟ ਜਾਏ ਤਾਂ ਸ਼ਤੀਰ ਬਣ ਜਾਏ।
ਗੁੰਡਿਆਂ ਦੇ ਨਾਲ ਤੂੰ ਵੀ ਰੱਖ ਰਾਮ ਰਾਮ
ਕੀ ਪਤਾ ਕਦੋਂ ਕੋਈ ਵਜ਼ੀਰ ਬਣ ਜਾਏ।