ਗੁਰਮਤਿ ਤੇ ਵੇਦਾਂਤ ਵਿਚ ਬ੍ਰਹਮ ਦਾ ਸਰੂਪ ਕੀ ਹੈ?

ਜਦੋਂ ਏਕੁ ਏਕੁ ਦਾ ਵਿਖਿਆਨ ਕਰੀਦਾ ਹੈ ਤਾਂ ਬ੍ਰਹਮ ਹੀ ਦਿਸਦਾ ਹੈ ਤੇ ਬ੍ਰਹਮ ਹੀ ਸੁਣੀਂਦਾ ਹੈ। ਇਹ ਸਾਰੀ ਉਤਪਤੀ ਬ੍ਰਹਮ ਦਾ ਹੀ ਅੰਸ਼ ਹੈ। ਇਹ ਸਾਰੀ ਉਤਪਤੀ ਬ੍ਰਹਮ ਦਾ ਅੰਸ਼ ਰੂਪ ਹੀ ਹੈ। ਗੁਰਮਤਿ ਵਿਚ ਬ੍ਰਹਮ ਗਿਆਨੀ ਸ਼ਬਦ ਦੀ ਵਰਤੋਂ ਵਾਰ-ਵਾਰ ਹੋਈ ਹੈ।

ਗੁਰਬਚਨ ਸਿੰਘ
ਫੋਨ: 91-98156-98451

ਸਾਹਿਬੁ ਮੇਰਾ ਏਕੋ ਹੈ॥
ਏਕੋ ਹੈ ਭਾਈ ਏਕੋ ਹੈ॥ (ਗੁਰੂ ਗ੍ਰੰਥ ਸਾਹਿਬ, ਪੰਨਾ 162)

ਸਾਹਿਬ ਮੇਰਾ ਏਕੁ ਹੈ
ਅਵਰੁ ਨਹੀ ਭਾਈ॥ (ਪੰਨਾ 896)

ਸਾਹਿਬ ਮੇਰਾ ਨੀਤ ਨਵਾ
ਸਦਾ ਸਦਾ ਦਾਤਾਰੁ॥ (ਪੰਨਾ 660)

ਕਰਣ ਕਾਰਣ ਪ੍ਰਭੁ ਏਕੁ ਹੈ
ਦੂਸਰ ਨਾਹੀ ਕੋਇ॥
ਨਾਨਕ ਤਿਸੁ ਬਲਿਹਾਰਣੈ
ਜਲਿ ਥਲਿ ਮਹੀਅਲਿ ਸੋਇ॥ (ਪੰਨਾ 276)

ਜੀਅ ਜੰਤ ਕੇ ਠਾਕੁਰਾ
ਆਪੇ ਵਰਤਣਹਾਰ॥
ਨਾਨਕ ਏਕੋ ਪਸਰਿਆ
ਦੂਜਾ ਕਹ ਦ੍ਰਿਸਟਾਰ॥ (ਪੰਨਾ 292)

ਏਕੈ ਏਕੈ ਏਕ ਤੂਹੀ॥
ਏਕੈ ਏਕੈ ਤੂ ਰਾਇਆ॥ (ਪੰਨਾ 884)
ਭਾਵ ਇਹ ਏਕੋ ਹੀ ਮੇਰਾ ਮਾਲਕ ਹੈ। ਗੁਰੂ ਸਾਹਿਬ ਆਪਣੇ ਇਸ ਬਚਨ ਨੂੰ ਇਕ ਵਾਰ ਫਿਰ ਦੁਹਰਾਉਂਦੇ ਹਨ ਕਿ ਇਹੀ ਏਕੋ ਮੇਰਾ ਮਾਲਕ ਹੈ। ਮੇਰਾ ਇਹੀ ਮਾਲਕ ਹੈ। ਇਸ ਤੋਂ ਬਿਨਾ ਮੇਰਾ ਹੋਰ ਕੋਈ ਮਾਲਕ ਨਹੀਂ। ਮੇਰਾ ਇਹ ਮਾਲਕ (ਕੁਦਰਤ ਦੇ ਰੂਪ ਵਿਚ) ਨਿਤ ਨਵਾਂ ਹੈ। ਇਹੀ ਮਾਲਕ ਸਦੀਵੀ ਦਾਤਾਰ ਭਾਵ ਸਦਾ ਸਦਾ ਲਈ ਦਾਤਾਂ ਦੇਣ ਵਾਲਾ ਹੈ। ਕਰਨ ਵਾਲਾ ਇਕੋ ਹੈ, ਜੋ ਆਪ ਹੀ ਕਾਰਨ ਹੈ। ਹੋਰ ਦੂਜਾ ਕੋਈ ਨਹੀਂ।
ਗੁਰੂ ਸਾਹਿਬ ਦੇ ਬਚਨ ਹਨ, ਨਾਨਕ ਉਸ ਤੋਂ ਬਲਿਹਾਰ ਜਾਂਦਾ ਹੈ, ਜੋ ਪਾਣੀ, ਧਰਤੀ ਅਤੇ ਆਕਾਸ਼ ਵਿਚ ਹਰ ਥਾਂ ਸਮਾ ਰਿਹਾ ਹੈ। ਸਗਲ ਜੀਆ-ਜੰਤ ਨੂੰ ਪੈਦਾ ਕਰਨ ਵਾਲਾ ਅਤੇ ਉਨ੍ਹਾਂ ਨੂੰ ਪਾਲਣ ਵਾਲਾ ਇਹ ਮਾਲਕ, ਆਪਣੇ ਆਪ ਤੋਂ ਵਰਤ ਰਿਹਾ ਹੈ। ਸਾਰੇ ਪਾਸੇ ਚਾਰ-ਚੁਫੇਰੇ ਇਸੇ ਏਕੋ ਦਾ ਪਸਾਰਾ ਹੈ। ਦੂਜੇ ਭਾਵ ਕਿਸੇ ਦੂਜੇ ਮਨ-ਕਲਪਿਤ ਰੱਬ ਦੀ ਹੋਰ ਕੋਈ ਹੋਂਦ ਨਹੀਂ। ਗੁਰੂ ਸਾਹਿਬ ਵਾਰ-ਵਾਰ ਦੁਹਰਾਉਂਦੇ ਹਨ, ਤੂੰ ਇਕ ਹੈ। ਤੂੰ ਇਕ ਹੈ। ਤੂੰ ਹੀ ਤੂੰ ਹੈ। ਤੂੰ ਹੀ ਸਭ ਦਾ ਰਾਜਾ ਭਾਵ ਸਰਬਸ਼ਕਤੀਮਾਨ ਹੈ।
ਗੁਰਮਤਿ ਇਸ ਏਕੋ ਦੇ ਪ੍ਰਸੰਗ ਵਿਚ ਹੀ ਬ੍ਰਹਮ ਬਾਰੇ ਜਾਣਕਾਰੀ ਦਿੰਦੀ ਹੈ,
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ
ਏਕੁ ਏਕੁ ਵਖਾਣੀਐ॥ (ਪੰਨਾ 846)

ਬ੍ਰਹਮ ਬਿੰਦ ਤੇ ਸਭ ਓਪਤਿ ਹੋਈ॥ (ਪੰਨਾ 1127)
ਭਾਵ ਜਦੋਂ ਏਕੁ ਏਕੁ ਦਾ ਵਿਖਿਆਨ ਕਰੀਦਾ ਹੈ ਤਾਂ ਬ੍ਰਹਮ ਹੀ ਦਿਸਦਾ ਹੈ ਤੇ ਬ੍ਰਹਮ ਹੀ ਸੁਣੀਂਦਾ ਹੈ। ਇਹ ਸਾਰੀ ਉਤਪਤੀ ਬ੍ਰਹਮ ਦਾ ਹੀ ਅੰਸ਼ ਹੈ। ਇਹ ਸਾਰੀ ਉਤਪਤੀ ਬ੍ਰਹਮ ਦਾ ਅੰਸ਼ ਰੂਪ ਹੀ ਹੈ। ਗੁਰਮਤਿ ਵਿਚ ਬ੍ਰਹਮ ਗਿਆਨੀ ਸ਼ਬਦ ਦੀ ਵਰਤੋਂ ਵਾਰ-ਵਾਰ ਹੋਈ ਹੈ। ਇਸ ਦਾ ਭਾਵ ਵੀ ਇਹੀ ਹੈ ਕਿ ਬ੍ਰਹਮ ਦੇ ਗਿਆਨ ਨੂੰ ਜਾਣਨ ਵਾਲਾ ਮਨੁਖ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਦੇ ਗੁਣਾਂ ਦੀ ਚਰਚਾ ਕਰਦਿਆਂ ਵੀ ਇਹ ਕਿਹਾ ਗਿਆ ਹੈ,
ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ
ਬ੍ਰਹਮ ਗਿਆਨੀ ਹੋਇ॥ (ਪੰਨਾ 272)
ਭਾਵ ਬ੍ਰਹਮ ਗਿਆਨੀ ਦੇ ਮਨ ਵਿਚ ਸਦਾ ਸੱਚ ਦਾ ਵਸੇਬਾ ਹੁੰਦਾ ਹੈ। ਉਸ ਦੇ ਮੂੰਹੋਂ ਹਮੇਸ਼ਾ ਆਪਣੇ ਮਨ ਦੀ ਸੱਚਾਈ ਪ੍ਰਗਟ ਹੁੰਦੀ ਹੈ। ਉਹ ਹਮੇਸ਼ਾ ਸੱਚ ਬੋਲਦਾ ਹੈ। ਉਸ ਦੀ ਕਹਿਣੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਹੁੰਦਾ। ਬ੍ਰਹਮ ਗਿਆਨੀ ਇਕ ਤੋਂ ਬਿਨਾ ਕਿਸੇ ਦੂਜੇ ਨੂੰ ਨਹੀਂ ਵੇਖਦਾ, ਭਾਵ ਆਪਣੇ ਮਨ ਵਿਚ ਕਿਸੇ ਹੋਰ ਦੂਜੇ ਮਨ-ਕਲਪਿਤ ‘ਰੱਬ’ ਨੂੰ ਮਾਨਤਾ ਨਹੀਂ ਦਿੰਦਾ। ਗੁਰੂ ਨਾਨਕ ਸਾਹਿਬ ਦੇ ਭਾਵਾਂ ਵਿਚ ਗੁਰੂ ਅਰਜਨ ਦੇਵ ਦੇ ਬਚਨ ਹਨ ਕਿ ਬ੍ਰਹਮ ਗਿਆਨੀ ਦੇ ਇਹੀ ਗੁਣ ਹਨ।
ਬ੍ਰਹਮ ਗਿਆਨੀ ਦੇ ਲਛਣ ਬਿਆਨ ਕਰਦਿਆਂ ਗੁਰਮਤਿ ਨੇ ਇਹ ਜਾਣਕਾਰੀ ਵੀ ਦਿਤੀ ਹੈ,
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨੁ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ॥
ਜੈਸੇ ਧਰ ਊਪਰਿ ਆਕਾਸੁ॥
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ (ਪੰਨਾ 273)
ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਕਿਉਂਕਿ ਬ੍ਰਹਮ ਗਿਆਨੀ ਹੀ ਸਾਨੂੰ ਸ੍ਰਿਸ਼ਟੀ ਦੀ ਰਚਨਾ ਬਾਰੇ ਅਨੁਭਵੀ ਗਿਆਨ ਕਰਵਾਉਂਦਾ ਹੈ। ਬ੍ਰਹਮ ਗਿਆਨੀ ਅਮਰ ਹੋ ਜਾਂਦਾ ਹੈ, ਕਿਉਂਕਿ ਉਸ ਦਾ ਦਿੱਤਾ ਆਤਮਿਕ ਭਾਵ ਸਦੀਵੀ ਗਿਆਨ ਮਨੁੱਖ ਜਾਤੀ ਦੇ ਅਨੁਭਵੀ ਗਿਆਨ ਦਾ ਅੰਗ ਬਣ ਕੇ ਸਦਾ ਲਈ ਅਮਰ ਹੋ ਜਾਂਦਾ ਹੈ। ਇਸ ਦਿਸਦੇ ਆਕਾਰ ਬਾਰੇ ਗਿਆਨ ਵੀ ਸਾਨੂੰ ਬ੍ਰਹਮ ਗਿਆਨੀਆਂ ਨੇ ਹੀ ਦਿੱਤਾ ਹੈ, ਇਸ ਲਈ ਉਹ ਆਪ ਹੀ ਨਿਰੰਕਾਰ ਹਨ, ਕਿਉਂਕਿ ਉਹ ਹੀ ਸਾਨੂੰ ਇਸ ਨਿਰ-ਆਕਾਰ ਕਰਤਾ ਬਾਰੇ ਅਨੁਭਵ ਕਰਵਾਉਂਦੇ ਹਨ। ਬ੍ਰਹਮ ਗਿਆਨੀ ਦਾ ਭੋਜਨ ਵੀ ਗਿਆਨ ਭਾਵ ਜਾਣਨ ਦੀ ਅਮਿਟ ਭੁਖ ਹੈ। ਗੁਰੂ ਨਾਨਕ ਸਾਹਿਬ ਦੇ ਭਾਵਾਂ ਵਿਚ ਗੁਰੂ ਅਰਜਨ ਦੇਵ ਸਾਨੂੰ ਇਹ ਜਾਣਕਾਰੀ ਦੇ ਰਹੇ ਹਨ ਕਿ ਆਪਣੇ ਮਨ ਵਿਚ ਬ੍ਰਹਮ ਦਾ ਧਿਆਨ ਧਰਨ ਵਾਲਾ ਮਨੁਖ ਹੀ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਦੇ ਮਨ ਵਿਚ ਗਿਆਨ ਦਾ ਸੱਚ ਇਸੇ ਤਰ੍ਹਾਂ ਪ੍ਰਗਟ ਹੁੰਦਾ ਹੈ, ਜਿਵੇਂ ਧਰਤੀ ਉਤੇ ਆਕਾਸ਼ ਦੀ ਹੋਂਦ ਹੈ। ਬ੍ਰਹਮ ਗਿਆਨੀ ਦੇ ਹਿਰਦੇ ਵਿਚ ਹਮੇਸ਼ਾ ਗਰੀਬੀ ਵਸੀ ਹੁੰਦੀ ਹੈ। ਉਹ ਨਿਮਰਤਾ ਦਾ ਪੁੰਜ ਹੁੰਦਾ ਹੈ। ਪਰਉਪਕਾਰ ਉਸ ਦੇ ਮਨ ਵਿਚ ਚਾਅ ਪੈਦਾ ਕਰਦਾ ਹੈ।
ਗੁਰਮਤਿ ਅਨੁਸਾਰ,
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ
ਸਭੁ ਬ੍ਰਹਮੁ ਦ੍ਰਿਸਟੀ ਆਇਆ॥ (ਪੰਨਾ 782)

ਬ੍ਰਹਮ ਪਸਾਰਾ ਪਸਾਰਿਓ ਭੀਤਰਿ
ਸਤਿਗੁਰ ਤੇ ਸੋਝੀ ਪਾਈ॥ (ਪੰਨਾ 671)

ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ॥ (ਪੰਨਾ 287)
ਭਾਵ ਇਹ ਸਾਰਾ ਪਸਾਰਾ ਬ੍ਰਹਮ ਹੈ। ਸਭ ਥਾਂ ਬ੍ਰਹਮ ਹੀ ਪਸਰਿਆ ਹੋਇਆ ਹੈ ਅਤੇ ਬ੍ਰਹਮ ਹੀ ਸਗਲ ਦ੍ਰਿਸ਼ਟੀ ਵਿਚ ਆਉਂਦਾ ਹੈ। ਸਾਨੂੰ ਇਸ ਦੀ ਸੋਝੀ ਸਤਿਗੁਰੂ ਨੇ ਸਾਡੇ ਅੰਦਰੋਂ ਹੀ ਕਰਵਾ ਦਿਤੀ ਹੈ, ਭਾਵ ਸਾਡੇ ਮਨ ਦੇ ਅੰਦਰੋਂ ਹੀ ਸਾਨੂੰ ਇਸ ਦਾ ਅਨੁਭਵ ਕਰਵਾ ਦਿਤਾ ਹੈ। ਇਸ ਬ੍ਰਹਮ ਵਿਚ ਹੀ ਸਾਰੇ ਜਨਾਂ ਦੀ ਹੋਂਦ ਹੈ ਅਤੇ ਸਾਰੇ ਜਨਾਂ ਦੇ ਮਨਾਂ ਵਿਚ ਇਹੀ ਪਾਰਬ੍ਰਹਮ ਵਸਦਾ ਹੈ, ਕਿਉਂਕਿ ਇਹ ਬ੍ਰਹਮ ਅਸੀਮ ਹੈ, ਇਸ ਲਈ ਗੁਰਮਤਿ ਵਿਚ ਬ੍ਰਹਮ ਲਈ ਪਾਰਬ੍ਰਹਮ ਸ਼ਬਦ ਵੀ ਵਰਤਿਆ ਗਿਆ ਹੈ,
ਪਾਰਬ੍ਰਹਮ ਪ੍ਰਭੁ ਏਕ ਹੈ
ਦੂਜਾ ਨਾਹੀ ਕੋਇ॥ (ਪੰਨਾ 45)
ਭਾਵ ਪਾਰਬ੍ਰਹਮ ਤੇ ਪ੍ਰਭ ਇਕੋ ਹੈ, ਕਿਸੇ ਦੂਜੇ ਦੀ ਹੋਰ ਕੋਈ ਹੋਂਦ ਨਹੀਂ। ਇਹ ਏਕੋ ਹੀ ਪਾਰਬ੍ਰਹਮ ਤੇ ਪ੍ਰਭੁ ਹੈ।
ਥਾਨ ਥਨੰਤਰਿ ਰਵਿ ਰਹਿਆ
ਪਾਰਬ੍ਰਹਮ ਪ੍ਰਭੁ ਸੋਇ॥ (ਪੰਨਾ 45)
ਜਿਹੜਾ ਹਰ ਥਾਂ ਅਤੇ ਹਰ ਥਾਂ ਵਿਚਲੀ ਥਾਂ ਭਾਵ ਘਟ ਘਟ ਵਿਚ ਰਮ ਰਿਹਾ ਹੈ, ਓਹੀ ਪਾਰਬ੍ਰਹਮ ਤੇ ਪ੍ਰਭੁ ਹੈ। ਭਾਵ ਇਹ ਏਕੋ ਹੀ ਪਾਰਬ੍ਰਹਮ ਅਤੇ ਪ੍ਰਭੁ ਭਾਵ ਸਮੁੱਚੀ ਪ੍ਰਭੁਤਾ ਦਾ ਮਾਲਕ ਹੈ, ਜਿਸ ਦਾ ਹਰੇਕ ਥਾਂ ਵਸੇਬਾ ਹੈ ਅਤੇ ਇਸ ਤੋਂ ਬਿਨਾ ਹੋਰ ਦੂਜਾ ਕੋਈ (ਰੱਬ) ਨਹੀਂ, ਜਿਸ ਦੀ ਹੋਂਦ ਹੋਵੇ।
ਪਾਰਬ੍ਰਹਮ ਕੇ ਸਗਲੇ ਠਾਉ॥
ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ॥
ਆਪੇ ਕਰਨ ਕਰਾਵਨ ਜੋਗੁ॥
ਪ੍ਰਭ ਭਾਵੈ ਸੋਈ ਫੁਨਿ ਹੋਗੁ॥
ਪਸਰਿਓ ਆਪਿ ਹੋਇ ਅਨਤ ਤਰੰਗ॥
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ॥
ਜੈਸੀ ਮਤਿ ਦੇਇ ਤੈਸਾ ਪਰਗਾਸ॥
ਪਾਰਬ੍ਰਹਮੁ ਕਰਤਾ ਅਬਿਨਾਸ॥
ਸਦਾ ਸਦਾ ਸਦਾ ਦਇਆਲ॥
ਸਿਮਰਿ ਸਿਮਰਿ ਨਾਨਕ ਭਏ ਨਿਹਾਲ॥ (ਪੰਨਾ 275)
ਭਾਵ ਇਹ ਪਾਰਬ੍ਰਹਮ ਸਭ ਥਾਂ ਵਸਦਾ ਹੈ। ਇਹ ਪਾਰਬ੍ਰਹਮ ਜਿਸ ਥਾਂ ਕਿਸੇ ਨੂੰ ਰੱਖਦਾ ਹੈ, ਉਸੇ ਥਾਂ ਉਹ ਰਹਿੰਦਾ ਹੈ, ਭਾਵ ਸਾਰੀ ਮਨੁੱਖੀ ਪੈਦਾਇਸ਼ ਇਸ ਪਾਰਬ੍ਰਹਮ ਦੇ ਹੁਕਮੁ ਅਨੁਸਾਰ ਹੀ ਹੁੰਦੀ ਹੈ। ਇਹੀ ਪਾਰਬ੍ਰਹਮ ਕਰਨ ਕਰਾਵਣਹਾਰ ਹੈ। ਉਸ ਪ੍ਰਭੂ ਭਾਵ ਪ੍ਰਭੁਤਾ ਦੇ ਮਾਲਕ ਤਥਾ ਸਰਬ ਸਮਰਥ ਨੂੰ ਜੋ ਭਾਉਂਦਾ ਹੈ, ਓਹੀ ਕੁਝ ਹੁੰਦਾ ਹੈ। ਇਹੀ ਪਾਰਬ੍ਰਹਮ ਨਾਨਾ ਰੰਗ ਰੂਪ ਧਾਰ ਕੇ ਸਭ ਥਾਂ ਪਸਰਿਆ ਹੋਇਆ ਹੈ। ਇਸ ਦੇ ਅਨੇਕ ਰੰਗਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜਿਹੋ ਜਿਹੀ ਮਤਿ ਭਾਵ ਸੋਝੀ ਇਹ ਕਿਸੇ ਨੂੰ ਦਿੰਦਾ ਹੈ, ਉਸੇ ਤਰ੍ਹਾਂ ਦਾ ਉਹ ਹੋ ਜਾਂਦਾ ਹੈ। ਤਥਾ ਹਰ ਕੋਈ ਆਪਣੀ ਸੂਝ ਭਾਵ ਸੋਚ ਅਨੁਸਾਰ ਵਿਹਾਰ ਕਰਦਾ ਹੈ। (ਆਪ ਆਪਣੀ ਬੁਧਿ ਹੈ ਜੇਤੀ ਵਰਣਤਿ ਭਿੰਨ ਭਿੰਨ ਤੋਹਿ ਤੇਤੀ।) ਇਹੀ ਪਾਰਬ੍ਰਹਮ ਕਰਤਾ ਹੈ, ਜੋ ਕਦੇ ਬਿਨਸਦਾ ਨਹੀਂ, ਭਾਵ ਜਿਸ ਦਾ ਕਦੀ ਅੰਤ ਨਹੀਂ ਹੁੰਦਾ। ਇਹ ਪਾਰਬ੍ਰਹਮ ਹਮੇਸ਼ਾ ਦਿਆਲੂ ਹੈ। ਗੁਰੂ ਨਾਨਕ ਸਾਹਿਬ ਦੇ ਭਾਵਾਂ ਵਿਚ ਗੁਰੂ ਅਰਜਨ ਦੇਵ ਫੁਰਮਾਉਂਦੇ ਹਨ, ਮੈਂ ਇਸ ਪਾਰਬ੍ਰਹਮ ਨੂੰ ਹਮੇਸ਼ਾ ਲਈ ਆਪਣੇ ਮਨ ਦੇ ਅਨੁਭਵੀ ਸੰਸਾਰ ਵਿਚ ਵਸਾ ਕੇ ਨਿਹਾਲ ਹੁੰਦਾ ਰਹਿੰਦਾ ਹਾਂ।
ਬ੍ਰਾਹਮਣਵਾਦ ਆਪਣੇ ਮਨ ਦੀ ਕਲਪਨਾ ਵਿਚ ਇਸ ‘ਬ੍ਰਹਮ’ ਦੇ ਵਿਅਕਤੀ ਰੂਪ ਨੂੰ ਬ੍ਰਹਮਾ ਚਿਤਵ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਇਸ ਬ੍ਰਹਮਾ ਰਾਹੀਂ ਹੋਈ ਮੰਨਦਾ ਹੈ। ਇਸੇ ਮਨ-ਕਲਪਿਤ ਬ੍ਰਹਮਾ ਦੀ ਹੋਂਦ ਰਾਹੀਂ ਉਹ ਚਾਰ ਵਰਣਾਂ ਦੀ ਪੈਦਾਇਸ਼ ਕਰਵਾਉਂਦਾ ਹੈ। ਇਸੇ ਮਨ-ਕਲਪਿਤ ਬ੍ਰਹਮਾ ਦੀ ਹੋਂਦ ਰਾਹੀਂ ਉਹ ਆਪਣਾ ਸਾਰਾ ਕਰਮਕਾਂਡੀ ਭਰਮਜਾਲ ਫੈਲਾਉਂਦਾ ਹੈ। ਬ੍ਰਾਹਮਣਵਾਦ ਦੀ ਧਾਰਨਾ ਹੈ ਕਿ ਇਸੇ ਮਨ-ਕਲਪਿਤ ਬ੍ਰਹਮਾ ਨੇ ਆਪਣੇ ਸਿਰ ਵਿਚੋਂ ਬ੍ਰਾਹਮਣ, ਬਾਹਾਂ ਵਿਚੋਂ ਖਤਰੀ, ਪੱਟਾਂ ਵਿਚੋਂ ਵੈਸ਼ ਅਤੇ ਪੈਰਾਂ ਵਿਚੋਂ ਸ਼ੂਦਰ ਪੈਦਾ ਕੀਤੇ ਹਨ। ਇਸੇ ਬ੍ਰਹਮਾ ਨੂੰ ਹਿੰਦੂ ਮਤਿ ਵਿਚਲੀ ਵਰਣ ਵੰਡ ਦਾ ਜਨਕ ਕਿਹਾ ਜਾਂਦਾ ਹੈ। ਗੁਰਮਤਿ ਇਸ ਧਾਰਨਾ ਨੂੰ ਮੂਲੋਂ ਹੀ ਨਕਾਰ ਦਿੰਦੀ ਹੈ,
ਬ੍ਰਹਮਾ ਬਿਸਨੁ ਮਹੇਸ ਨ ਕੋਈ॥
ਅਵਰ ਨ ਦੀਸੈ ਏਕੋ ਸੋਈ॥ (ਪੰਨਾ 1035)
ਭਾਵ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਕੋਈ ਹੋਂਦ ਨਹੀਂ। ਸਭ ਥਾਂ ਇਸ ਏਕੋ ਦਾ ਹੀ ਪਸਾਰਾ ਹੈ।
ਗੁਰਮਤਿ ਨੇ ਬ੍ਰਹਮ ਅਤੇ ਬ੍ਰਾਹਮਣਵਾਦੀਆਂ ਵਲੋਂ ਵਰਤੇ ਜਾਂਦੇ ਅੱਖਰ ਬ੍ਰਹਮਾ ਵਿਚਕਾਰ ਵੀ ਸਪਸ਼ਟ ਨਿਖੇੜਾ ਕੀਤਾ ਹੈ। ਗੁਰਮਤਿ ਸੁਆਲ ਕਰਦੀ ਹੈ,
ਬ੍ਰਹਮਾ ਬਡਾ ਕਿ ਜਾਸ ਉਪਾਇਆ॥ (ਪੰਨਾ 331)

ਬ੍ਰਹਮੈ ਬੇਦ ਬਾਣੀ ਪਰਗਾਸੀ
ਮਾਇਆ ਮੋਹ ਪਸਾਰਾ॥ (ਪੰਨਾ 559)

ਬ੍ਰਹਮੈ ਵਡਾ ਕਹਾਇ ਅੰਤ ਨ ਪਾਇਆ॥ (ਪੰਨਾ 1279)

ਬ੍ਰਹਮੈ ਇੰਦ੍ਰਿ ਮਹੇਸਿ ਨ ਜਾਨੀ॥ (ਪੰਨਾ 1032)
ਭਾਵ ਬ੍ਰਹਮਾ ਵੱਡਾ ਹੈ ਜਾਂ ਜਿਸ ਬ੍ਰਹਮ ਤੋਂ ਸਭ ਦੀ ਉਤਪਤੀ ਹੋਈ ਹੈ, ਉਹ ਵੱਡਾ ਹੈ। ਫਿਰ ਗੁਰਮਤਿ ਇਹ ਜਾਣਕਾਰੀ ਵੀ ਦਿੰਦੀ ਹੈ ਕਿ ਬ੍ਰਹਮਾ ਦੇ ਨਾਂ ‘ਤੇ ਜੋ ਕਥਿਤ ਵੇਦਾਂ ਦਾ ਗਿਆਨ ਦਿਤਾ ਜਾਂਦਾ ਹੈ, ਉਹ ਸਾਰਾ ਮੋਹ ਮਾਇਆ ਦਾ ਪਸਾਰਾ ਭਾਵ ਮਨੋ-ਕਲਪਿਤ ਹੈ। ਗੁਰਮਤਿ ਇਹ ਵੀ ਦਸਦੀ ਹੈ ਕਿ ਬ੍ਰਹਮਾ ਆਪਣੇ-ਆਪ ਨੂੰ ਵੱਡਾ ਕਹਾਉਂਦਾ ਹੈ, ਪਰ ਖੁਦ ਬ੍ਰਹਮ ਦਾ ਭੇਤ ਨਹੀਂ ਪਾ ਸਕਿਆ। ਬ੍ਰਹਮਾ, ਇੰਦਰ ਤੇ ਮਹੇਸ਼ ਨੂੰ ਬ੍ਰਹਮ ਦਾ ਕੋਈ ਗਿਆਨ ਨਹੀਂ। ਗੁਰਮਤਿ ਬ੍ਰਹਮ ਦੀ ਹੋਂਦ ਨੂੰ ਹਕੀਕੀ ਮੰਨਦੀ ਹੈ, ਜਦੋਂ ਕਿ ਉਹ ਬ੍ਰਹਮਾ ਦੀ ਸਿਰਜਕ ਹੋਂਦ ਤੋਂ ਇਨਕਾਰੀ ਹੈ। ਦਿਲਚਸਪ ਗੱਲ ਇਹ ਹੈ ਕਿ ਵੇਦਾਂ ਦੀ ਫਿਲਾਸਫੀ ਭਾਵ ਵੇਦਾਂਤ ਖੁਦ ਬ੍ਰਹਮ ਤੇ ਬ੍ਰਹਮਾ ਵਿਚਕਾਰ ਸਪਸ਼ਟ ਨਿਖੇੜਾ ਕਰਦਾ ਹੈ, ਪਰ ਬ੍ਰਾਹਮਣਵਾਦ ਇਸ ਨਿਖੇੜੇ ਨੂੰ ਧੁੰਧਲਾ ਕਰ ਦਿੰਦਾ ਹੈ। ਮਨੂ ਸਿਮਰਤੀ ਤਕ ਆ ਕੇ ਬ੍ਰਹਮ ਵੈਦਿਕ ਫਿਲਾਸਫੀ ਦੇ ਪਿਛੋਕੜ ਵਿਚ ਚਲਾ ਜਾਂਦਾ ਹੈ ਤੇ ਮਨੋ-ਕਲਪਿਤ ਬ੍ਰਹਮਾ ਇਸ ਦੀ ਥਾਂ ਲੈ ਲੈਂਦਾ ਹੈ।
ਵੇਦਾਂਤ ਦਾ ਅਰੰਭ ‘ਬ੍ਰਹਮ’ ਦੇ ਇਸ ਗਿਆਨ ਤੋਂ ਹੁੰਦਾ ਹੈ,
ਕਿਸ ਤੋਂ ਪ੍ਰੇਰਿਤ ਮਨ ਇਹ ਹੋਵੇ,
ਪ੍ਰਾਣ ਆਦਿ ਵੀ ਹਰਕਤ ਪਾਵੇ।
ਕਿਸ ਤੋਂ ਪ੍ਰੇਰਿਤ ਬਾਣੀ ਬੋਲੇ,
ਕੰਨ ਪੁਰਖ ਦੇ ਕਿਥੋਂ ਸੁਣਦੇ।
ਸਭ ਦਾ ਪ੍ਰੇਰਕ ਦੇਵ ਕੌਣ ਹੈ,
ਸਭ ਸ਼ਕਤੀ ਦਾ ਕਾਰਣ ਜੋ ਹੈ। (ਕੇਨ ਉਪਨਿਸ਼ਦ, ਸਫਾ 29)
‘ਕੇਨ ਉਪਨਿਸ਼ਦ’ ਦੇ ਅਰੰਭ ਵਿਚ ਹੀ ਇਹ ਪ੍ਰਸ਼ਨ ਕੀਤਾ ਗਿਆ ਹੈ ਕਿ ਮਨੁੱਖੀ ਜ਼ਿੰਦਗੀ ਦਾ ਮੂਲ ਕੀ ਹੈ ਅਤੇ ਮਨੁੱਖੀ ਮਨ ਕਿਸ ਤੋਂ ਪ੍ਰੇਰਿਤ ਹੁੰਦਾ ਹੈ? ਮਨੁੱਖੀ ਪ੍ਰਾਣ ਕਿਸ ਤੋਂ ਹਰਕਤ ਪਾਉਂਦੇ ਹਨ? ਕਿਸ ਤੋਂ ਪ੍ਰੇਰਿਤ ਹੋ ਕੇ ਮਨੁੱਖ ਬਾਣੀ ਬੋਲਦਾ ਹੈ? ਮਨੁੱਖ ਦੇ ਕੰਨ ਕਿਸ ਤੋਂ ਪ੍ਰੇਰਿਤ ਹੋ ਕੇ ਸੁਣਦੇ ਹਨ ਤੇ ਇਨ੍ਹਾਂ ਸਾਰਿਆਂ ਦਾ ਪ੍ਰੇਰਕ ਦੇਵ ਕੌਣ ਹੈ, ਜੋ ਇਨ੍ਹਾਂ ਦੀ ਸ਼ਕਤੀ ਦਾ ਕਾਰਨ ਹੈ। ਭਾਵ ਮਨੁੱਖੀ ਜ਼ਿੰਦਗੀ ਦਾ ਮੂਲ ਕੀ ਹੈ ਤੇ ਮਨੁੱਖੀ ਇੰਦ੍ਰੀਆਂ ਨੂੰ ਜੀਵਨ ਦੇਣ ਵਾਲਾ ਕੌਣ ਹੈ।
ਰਿਸ਼ੀ ਕੰਨ ਦਾ ਕੰਨ ਬੋਲਦੇ,
ਮਨ ਦਾ ਉਸ ਨੂੰ ਮਨ ਉਹ ਦਸਦੇ।
ਬਾਣੀ ਦੀ ਵੀ ਉਹ ਬਾਣੀ ਹੈ,
ਪ੍ਰਾਣਾਂ ਦਾ ਵੀ ਪ੍ਰਾਣ-ਤਤ ਹੈ,
ਅੱਖਾਂ ਦੀ ਉਹ ਅੱਖ ਆਪ ਹੈ।
ਧੀਰ ਪੁਰਖ ਉਹ ਤਤ ਜਾਣਦੇ,
ਜਿਸ ਵੇਲੇ ਉਹ ਇਥੋਂ ਜਾਂਦੇ,
ਮਰਣੇ ਪਿਛੋਂ ਅੰਮ੍ਰਿਤ ਹੁੰਦੇ। (ਕੇਨ ਉਪਨਿਸ਼ਦ, ਸਫਾ 29)
ਫਿਰ ਇਸ ਪ੍ਰਸ਼ਨ ਦਾ ਉਤਰ ਦਿੰਦਿਆਂ ਇਹ ਜਾਣਕਾਰੀ ਦਿਤੀ ਗਈ ਹੈ ਕਿ ਰਿਸ਼ੀ ਇਸ ਨੂੰ ਕੰਨ ਦਾ ਕੰਨ ਦਸਦੇ ਹਨ, ਇਸ ਨੂੰ ਮਨ ਦਾ ਮਨ ਦਸਦੇ ਹਨ। ਬਾਣੀ ਦੀ ਵੀ ਇਹ ਬਾਣੀ ਹੈ। ਪ੍ਰਾਣਾਂ ਭਾਵ ਜ਼ਿੰਦਗੀ ਦਾ ਮੂਲ ਤਤ ਵੀ ਇਹੀ ਹੈ। ਅੱਖਾਂ ਵੀ ਇਸ ਰਾਹੀਂ ਵੇਖਦੀਆਂ ਹਨ। ਧੀਰਜਵਾਨ ਮਨੁੱਖ ਇਸ ਤਤ ਨੂੰ ਜਾਣ ਕੇ ਅਮਰ ਹੋ ਜਾਂਦੇ ਹਨ, ਭਾਵ ਉਹ ਆਪਣੀ ਮੌਤ ਦੀ ਅਟਲਤਾ ਨੂੰ ਜਾਣ ਕੇ ਜਨਮ ਮਰਨ ਦੇ ਭਰਮਜਾਲ ਵਿਚੋਂ ਬਾਹਰ ਨਿਕਲ ਜਾਂਦੇ ਹਨ।
ਅੱਖ ਨਾ ਉਥੇ ਜਾ ਹੀ ਸਕਦੀ,
ਬਾਣੀ ਉਸ ਨੂੰ ਕਹਿ ਨਾ ਸਕਦੀ,
ਮਨ ਵੀ ਉਸ ਨੂੰ ਜਾਣੇ ਨਾਹੀਂ,
ਕੋਈ ਉਸ ਨੂੰ ਜਾਣੇ ਨਾਹੀਂ।
ਉਸ ਦੀ ਸਿਖਿਆ ਕੋਉ ਨ ਪਾਵੇ,
ਕੋਈ ਉਸ ਦਾ ਮੂਲ ਨ ਪਾਵੇ,
ਗਿਆਤ ਸਤਿ ਤੋਂ ਵਖਰਾ ਉਹ ਹੈ,
ਅਗਿਆਤੋਂ ਵੀ ਵਖਰਾ ਉਹ ਹੈ,
ਰਿਸ਼ੀਆਂ ਸਦਾ ਕਿਹਾ ਇਹੀ ਹੈ। (ਕੇਨ ਉਪਨਿਸ਼ਦ, ਸਫਾ 31)
ਉਸ ਨੂੰ ਅੱਖਾਂ ਵੇਖ ਨਹੀਂ ਸਕਦੀਆਂ। ਬਾਣੀ ਉਸ ਦਾ ਬਿਆਨ ਨਹੀਂ ਕਰ ਸਕਦੀ। ਮਨ ਵੀ ਉਸ ਦਾ ਭੇਦ ਨਹੀਂ ਪਾ ਸਕਦਾ। ਕੋਈ ਉਸ ਨੂੰ ਜਾਣ ਨਹੀਂ ਸਕਦਾ। ਨਾ ਹੀ ਉਸ ਦਾ ਕੋਈ ਮੂਲ ਪਛਾਣ ਸਕਦਾ ਹੈ। ਸਿਖਿਆ ਰਾਹੀਂ ਭਾਵ ਕਿਸੇ ਦੇ ਉਪਦੇਸ਼ ਰਾਹੀਂ ਵੀ ਉਸ ਨੂੰ ਜਾਣਿਆ ਨਹੀਂ ਜਾ ਸਕਦਾ। ਉਹ ਗਿਆਤ ਤੇ ਅਗਿਆਤ ਸੱਚ ਤੋਂ ਵੀ ਉਪਰ ਹੈ ਅਤੇ ਇਹ ਸਾਰੀ ਜਾਣਕਾਰੀ ਸਾਨੂੰ ਰਿਸ਼ੀਆਂ ਨੇ ਦਿਤੀ ਹੈ।
ਬਾਣੀ ਜਿਸ ਨੂੰ ਜਾਣ ਨਾ ਸਕਦੀ,
ਬਾਣੀ ਜਿਸ ਤੋਂ ਸਭ ਕੁਝ ਜਾਣੇ।
ਬ੍ਰਹਮ ਉਸੀ ਨੂੰ ਸਮਝੋ ਭਾਈ,
ਨਾ ਇਹ ਜਿਸ ਨੂੰ ਲੋਕ ਪੂਜਦੇ॥ (ਕੇਨ ਉਪਨਿਸ਼ਦ, ਸਫਾ 31)
ਉਸ ਨੂੰ ਬਾਣੀ ਵੀ ਜਾਣ ਨਹੀਂ ਸਕਦੀ, ਸਗੋਂ ਬਾਣੀ ਸਾਰਾ ਕੁਝ ਉਸ ਤੋਂ ਜਾਣਦੀ ਹੈ। ‘ਬ੍ਰਹਮ’ ਉਹ ਨਹੀਂ ਹੈ, ਜਿਸ ਦੀ ਲੋਕ (ਬ੍ਰਹਮਾ ਦੇ ਰੂਪ ਵਿਚ) ਪੂਜਾ ਕਰਦੇ ਹਨ, ਸਗੋਂ ਬ੍ਰਹਮ ਉਹ ਹੈ, ਜਿਸ ਨੂੰ ਬਾਣੀ ਜਾਣ ਨਹੀਂ ਸਕਦੀ। ਭਾਵ ਬ੍ਰਹਮ ਮਨੁੱਖ ਦੀ ਸੋਚ ਦੀ ਸੀਮਾ ਤੋਂ ਪਾਰ ਹੈ, ਜਿਸ ਦਾ ਅੰਤ ਜਾਣਿਆ ਨਹੀਂ ਜਾ ਸਕਦਾ, ਸਗੋਂ ਬਾਣੀ ਸਾਰਾ ਕੁਝ ਉਸ ਤੋਂ ਜਾਣਦੀ ਹੈ।
ਮਨ ਤੋਂ ਜਿਸ ਦਾ ਮਨਨ ਨ ਹੋਈ,
ਮਾਨਸ ਜਿਸ ਤੋਂ ਸਭ ਕੁਝ ਜਾਣੇ।
ਬ੍ਰਹਮ ਉਸ ਨੂੰ ਸਮਝੋ ਭਾਈ,
ਨਾ ਇਹ ਜਿਸ ਨੂੰ ਲੋਕ ਪੂਜਦੇ॥ (ਕੇਨ ਉਪਨਿਸ਼ਦ, ਸਫਾ 31)
ਬ੍ਰਹਮ ਦਾ ਮਨ ਤੋਂ ਮਨਨ ਨਹੀਂ ਹੋ ਸਕਦਾ, ਭਾਵ ‘ਬ੍ਰਹਮ’ ਦਾ ਅਸੀਮ ਆਕਾਰ, ਮਨੁੱਖੀ ਮਨ ਦੇ ਅਨੁਭਵ ਦੀ ਪਕੜ ਵਿਚ ਨਹੀਂ ਆ ਸਕਦਾ, ਸਗੋਂ ਮਨ ਸਾਰਾ ਕੁਝ ਬ੍ਰਹਮ ਤੋਂ ਜਾਣਦਾ ਹੈ ਅਤੇ ਬ੍ਰਹਮ ਉਹ ਨਹੀਂ ਹੈ, ਜਿਸ ਦੀ ਲੋਕ ਬ੍ਰਹਮਾ ਦੇ ਰੂਪ ਵਿਚ ਪੂਜਾ ਕਰਦੇ ਹਨ।
ਅੱਖ ਨਾ ਉਸ ਦਾ ਦਰਸ਼ਨ ਕਰਦੀ,
ਉਸੇ ਨਾਲ ਸਭ ਸਦਾ ਵੇਖਦੇ।
ਬ੍ਰਹਮ ਉਸੀ ਨੂੰ ਸਮਝੋ ਭਾਈ,
ਨਾ ਇਹ ਜਿਸ ਨੂੰ ਲੋਕ ਪੂਜਦੇ। (ਕੇਨ ਉਪਨਿਸ਼ਦ, ਸਫਾ 31)
ਮਨੁੱਖੀ ਅੱਖ ਬ੍ਰਹਮ ਨੂੰ ਨਹੀਂ ਵੇਖ ਸਕਦੀ, ਸਗੋਂ ਇਹ ਅੱਖ ਬ੍ਰਹਮ ਰਾਹੀਂ ਸਭ ਨੂੰ ਵੇਖਦੀ ਹੈ। ਉਸੇ ਨੂੰ ਬ੍ਰਹਮ ਸਮਝੋ ਭਾਵ ਬ੍ਰਹਮ ਉਹ ਹੈ, ਜਿਸ ਨੂੰ ਮਨੁਖੀ ਅੱਖ ਵੇਖ ਨਹੀਂ ਸਕਦੀ, ਨਾ ਕਿ ਉਹ ਬ੍ਰਹਮ ਹੈ, ਜਿਸ ਦੀ ਲੋਕ ਪੂਜਾ ਕਰਦੇ ਹਨ।
ਕੰਨਾਂ ਰਾਹੀਂ ਸੁਣਿਆ ਨਾਹੀਂ,
ਕੰਨ ਸਦਾ ਹੀ ਜਿਸ ਤੋਂ ਸੁਣਦੇ।
ਬ੍ਰਹਮ ਉਸੀ ਨੂੰ ਸਮਝੋ ਭਾਈ,
ਨਾ ਇਹ ਜਿਸ ਨੂੰ ਲੋਕ ਪੂਜਦੇ। (ਕੇਨ ਉਪਨਿਸ਼ਦ, ਸਫਾ 31)
ਬ੍ਰਹਮ ਨੂੰ ਮਨੁੱਖੀ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ, ਸਗੋਂ ਕੰਨ ਇਸ ਬ੍ਰਹਮ ਰਾਹੀਂ ਸੁਣਦੇ ਹਨ। ਮਨੁੱਖੀ ਕੰਨਾਂ ਦੀ ਪਕੜ ਵਿਚ ਨਾ ਆਉਣ ਵਾਲਾ ਹੀ ਬ੍ਰਹਮ ਹੈ, ਨਾ ਕਿ ਜਿਸ ਦੀ ਲੋਕ ਪੂਜਾ ਕਰਦੇ ਹਨ।
ਪ੍ਰਾਣਾਂ ਰਾਹੀਂ ਜੀਵੇ ਨਾਹੀਂ,
ਪ੍ਰਾਣ ਉਸੇ ਤੋਂ ਕਾਰਜ ਕਰਦੇ।
ਬ੍ਰਹਮ ਉਸੀ ਨੂੰ ਸਮਝੋ ਭਾਈ,
ਨਾ ਇਹ ਜਿਸ ਨੂੰ ਲੋਕ ਪੂਜਦੇ। (ਕੇਨ ਉਪਨਿਸ਼ਦ, ਸਫਾ 31)
ਨਾ ਹੀ ਇਹ ਬ੍ਰਹਮ ਮਨੁੱਖ ਵਾਂਗ ਪ੍ਰਾਣਾਂ ਰਾਹੀਂ ਜੀਵਨ ਪਾਉਂਦਾ ਹੈ, ਸਗੋਂ ਪ੍ਰਾਣ ਇਸ ਬ੍ਰਹਮ ਤੋਂ ਜੀਵਨ ਪਾਉਂਦੇ ਹਨ। ਬ੍ਰਹਮ ਉਹ ਨਹੀਂ ਹੈ, ਜਿਸ ਦੀ ਲੋਕ ਪੂਜਾ ਕਰਦੇ ਹਨ, ਸਗੋਂ ਇਹ ਬ੍ਰਹਮ ਸਮੁੱਚੇ ਜੀਵਨ ਦਾ ਮੂਲ ਆਧਾਰ ਹੈ।
ਸਪਸ਼ਟ ਹੈ ਕਿ ਵੇਦਾਂਤ ਦਰਸ਼ਨ ਵਿਚ ‘ਬ੍ਰਹਮ’ ਉਹ ਨਹੀਂ ਹੈ, ਜਿਸ ਦੀ ਲੋਕ ਬ੍ਰਹਮਾ ਦੇ ਰੂਪ ਵਿਚ ਪੂਜਾ ਕਰਦੇ ਹਨ, ਸਗੋਂ ਬ੍ਰਹਮ ਉਹ ਹੈ, ਜੋ ਅਸੀਮ ਬ੍ਰਹਿਮੰਡ ਦੇ ਰੂਪ ਵਿਚ ਮਨੁੱਖ ਦੀ ਸੋਚ ਦੀ ਸੀਮਾ ਤੋਂ ਪਾਰ ਹੈ; ਜਿਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ ਤੇ ਜੋ ਮਨੁੱਖੀ ਮਨ ਦੀ ਅਨੁਭਵੀ ਪਕੜ ਵਿਚ ਨਹੀਂ ਆ ਸਕਦਾ; ਜਿਸ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ, ਜੋ ਅਸੀਮ ਹੈ, ਬੇਅੰਤ ਹੈ ਅਤੇ ਮਨੁਖੀ ਸੋਚ ਦੀ ਸੀਮਾ ਤੋਂ ਪਾਰ ਹੈ।