ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਸਰਦਾਰਾ! ਚਾਰ ਧੀਆਂ ਦਾ ਤੂੰ ਬਾਪ, ਨਾ ਜਮੀਨ, ਨਾ ਜਾਇਦਾਦ-ਤੂੰ ਕਿਆ ਲੈਣਾ ਸੀ ‘ਡੈਲੀਗੇਟ’ ਬਣ ਕੇ? ਇਹ ਤਾਂ ਵਿਹਲੇ ਅਮੀਰਾਂ ਦੇ ਕੰਮ ਐ, ਇਹ ਸਾਨੂੰ ਨਹੀਂ ਪੁੱਗਣੇ।”
ਇਹ ਸਨ, ਸੰਨ 1967-68 ਵਿਚ ਸਾਡੀ ਮਾਂ ਵਲੋਂ ਭਾਈਆ ਜੀ ਨੂੰ ਦਿੱਤੀ ‘ਚਿਤਾਵਨੀ’ ਦੇ ਬੋਲ, ਜੋ ਉਸ ਨੇ ਉਦੋਂ ਕਹੇ ਸਨ, ਜਦੋਂ ਸਾਡੇ ਪਿਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਵਾਂ ਸ਼ਹਿਰ ਤਹਿਸੀਲ ਤੋਂ ‘ਡੈਲੀਗੇਟ’ ਚੁਣੇ ਗਏ ਸਨ ਤੇ ਉਹ ਪਾਰਟੀ ਪ੍ਰਧਾਨ ਦੀ ਚੋਣ ਵਿਚ ਆਪਣੀ ਵੋਟ ਪਾਉਣ ਵਾਸਤੇ ਅੰਮ੍ਰਿਤਸਰ ਜਾਣ ਲਈ ਤਿਆਰ ਹੋ ਰਹੇ ਸਨ। ਸੁਭਾਅ ਪੱਖੋਂ ਪੂਰੇ ਸਿੰਘ ਭਾਈਆ ਜੀ ਸਾਡੀ ਮਾਂ ਨੂੰ ਅਣਸੁਣਿਆ ਕਰਕੇ ਵੋਟ ਪਾਉਣ ਵੀ ਚਲੇ ਗਏ ਅਤੇ ਆਪਣੇ ਆਖਰੀ ਸਾਹ ਤੱਕ ਅਕਾਲੀ ਦਲ ਦੀ ਸਥਾਨਕ ਸਿਆਸਤ ਵਿਚ ਬਣਦਾ-ਸਰਦਾ ਰੋਲ ਵੀ ਨਿਭਾਉਂਦੇ ਰਹੇ।
ਗੁੜ੍ਹਤੀ ‘ਚ ਮਿਲੀ ਹੋਈ ‘ਅਕਾਲੀਅਤ’ ਸਦਕਾ ਮੈਂ ਵੀ ਪਿਤਾ ਜੀ ਦੀਆਂ ਪੈੜਾਂ ਮੱਲ ਲਈਆਂ। ਅਕਾਲੀ ਦਲ ਦੇ ਸਥਾਨਕ ਪੱਧਰ ਦੇ ਜਲਸੇ, ਜਲੂਸਾਂ, ਧਰਨੇ ਆਦਿ ਵਿਚ ਸ਼ਮੂਲੀਅਤ ਕਰਦਿਆਂ ਕਾਨਫਰੰਸਾਂ ਦਾ ਸਟੇਜ ਸੈਕਟਰੀ ਵੀ ਬਣਨ ਲੱਗਾ। ਉਦੋਂ ‘ਅਕਾਲੀ ਪਤ੍ਰਿਕਾ’ ਅਤੇ ‘ਕੌਮੀ ਦਰਦ’ ਮੇਰੀਆਂ ਮਨ ਪਸੰਦ ਅਖਬਾਰਾਂ ਸਨ। ਸਾਡੇ ਲਾਗਲੇ ਪਿੰਡ ਮਜਾਰਾ ਕਲਾਂ ਤੋਂ ਮੇਰਾ ਸਿਰਨਾਵੀਆਂ ਜਥੇਦਾਰ ਤਰਲੋਚਨ ਸਿੰਘ ਉਦੋਂ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਚੁਣਿਆ ਗਿਆ ਸੀ। ਉਸ ਵੇਲੇ ਦੀਆਂ ਯਾਦਾਂ ਤਾਂ ਧੁੰਦਲੀਆਂ ਜਿਹੀਆਂ ਨੇ, ਪਰ ਸੰਨ 1979 ਵਾਲੀ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਮੈਂ ਪਿੰਡ-ਪਿੰਡ ਘੁੰਮ ਕੇ ਵੋਟਾਂ ਬਣਾਈਆਂ ਸਨ।
ਇਸ ਤੋਂ 16-17 ਸਾਲ ਬਾਅਦ ਸੰਨ 1996 ਵਿਚ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਦਾ ਮੁੜ ਬਿਗਲ ਵੱਜਾ, ਤਦ ਸਾਡੇ ਨਵਾਂ ਸ਼ਹਿਰ ਜਿਲੇ ਦੀ ਅਕਾਲੀ ਸਿਆਸਤ ਵਿਚ ਕੁਝ ਅਜਿਹੇ ਹਾਲਾਤ ਬਣੇ ਕਿ ਮਰਹੂਮ ਐਮ. ਐਲ਼ ਏ. ਜਤਿੰਦਰ ਸਿੰਘ ਕਰੀਹਾ ਨੇ ਮੈਨੂੰ ਉਮੀਦਵਾਰ ਵਜੋਂ ਪੇਸ਼ ਕੀਤਾ। ਗੋਰਾਇਆ ਲਾਗੇ ਗੁਰਦੁਆਰਾ ਸੰਗ ਢੇਸੀਆਂ ਵਿਖੇ ਉਸ ਵੇਲੇ ਦੇ ਸੀਨੀਅਰ ਆਗੂਆਂ ਨੇ ਸ਼੍ਰੋਮਣੀ ਕਮੇਟੀ ਲਈ ਉਮੀਦਵਾਰੀ ਦਾ ਦਾਅਵਾ ਕਰਨ ਵਾਲਿਆਂ ਨਾਲ ਇੰਟਰਵਿਊ ਕੀਤੀ। ਸੁਰਜੀਤ ਸਿੰਘ ਬਰਨਾਲਾ, ਜਗਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਢੀਂਡਸਾ, ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ Ḕਤੇ ਆਧਾਰਤ ਪੈਨਲ ਵਿਚੋਂ ਬਜੁਰਗ ਬਾਦਲ ਨੇ ਤਾਂ ਮੈਨੂੰ ਨਾਂਹ ਕਰ ਦਿੱਤੀ, ਅਖੇ, ‘ਤੁਸੀਂ ਕਦੇ ਜੇਲ੍ਹ ਨਹੀਂ ਗਏ’ ਪਰ ਜਥੇਦਾਰ ਟੌਹੜਾ ਨੇ ਗੱਲ ਹਾਸੇ ਵਿਚ ਪਾਉਂਦਿਆਂ ਮੈਨੂੰ ‘ਤਿਆਰੀ ਕਰਨ’ ਲਈ ਥਾਪੜਾ ਦੇ ਦਿੱਤਾ। ਮੋਢੇ ‘ਤੇ ਥਾਪੀ ਮਾਰਦਿਆਂ ਟੌਹੜਾ ਸਾਹਿਬ ਨੇ ਕਿਹਾ ਸੀ, “ਇਹਨੂੰ ਜੇਲ੍ਹ ਕਿਤੇ ਫੇਰ ਭੇਜ ਦਿਆਂਗੇ, ਟਿਕਟ ਦੇ ਦਿਉ ‘ਮੁੰਡੇ’ ਨੂੰ।”
ਸੰਨ 1996 ਵਿਚ ਮੈਂਬਰ ਸ਼੍ਰੋਮਣੀ ਕਮੇਟੀ ਬਣ ਕੇ ਸ਼ਾਇਦ ਮੈਂ ਦੂਜੀ ਕੁ ਵਾਰ ਸ਼੍ਰੋਮਣੀ ਕਮੇਟੀ ਦੇ ਦਫਤਰ ਗਿਆ। ਰਿਕਸ਼ੇ ਤੋਂ ਉਤਰ ਕੇ ਮੈਂ ਇਕੱਲਾ ਤੇਜਾ ਸਿੰਘ ਸਮੁੰਦਰੀ ਹਾਲ ਮੋਹਰੇ ਤੁਰਿਆ ਜਾ ਰਿਹਾ ਸਾਂ। ਸ਼੍ਰੋਮਣੀ ਕਮੇਟੀ ਵਿਚ ਬਤੌਰ ਮੈਨੇਜਰ ਕੰਮ ਕਰਦੇ ਸ਼ ਭਾਟੀਆ, ਜੋ ਮੇਰੇ ਪੁਰਾਣੇ ਵਾਕਫ ਸਨ, ਮੈਨੂੰ ਦੇਖ ਕੇ ਮੇਰੇ ਕੋਲ ਆ ਕੇ ਕਹਿੰਦੇ, “ਜਥੇਦਾਰ ਜੀ, ਇਕੱਲੇ ਹੀ ਤੁਰੇ ਆ ਰਹੇ ਹੋ?”
“ਹੋਰ ਭਲਾ ਮੇਰੇ ਨਾਲ ਫੌਜਾਂ ਹੋਣੀਆਂ ਸਨ?” ਮੇਰਾ ਜਵਾਬ ਸੁਣ ਕੇ ਉਹ ਪਰਦੇ ਨਾਲ ਗੱਲ ਕਰਨ ਵਾਂਗ ਮੇਰੇ ਕੰਨ ਕੋਲ ਮੂੰਹ ਕਰਕੇ ਬੋਲੇ, “ਹਾਲੇ ਤਾਂ ਅਮਨ ਚੈਨ ਹੀ ਆ, ਜਿਸ ਦਿਨ ਅਹਿ ਦੋਵੇਂ ਬੁੜ੍ਹੇ (ਬਾਦਲ ਤੇ ਟੌਹੜਾ) ਆਪਸ ਵਿਚ ਲੜ ਪਏ, ਫਿਰ ਦੇਖਿਓ ਤੁਹਾਨੂੰ ਅੰਮ੍ਰਿਤਸਰ ਨੂੰ ਕਿਵੇਂ ‘ਲਿਆਂਦਾ ਜਾਇਆ’ ਕਰੇਗਾ।”
ਉਹੀ ਗੱਲ ਹੋਈ। ਬਸ 1997 ਵਾਲਾ ਸਾਲ ਹੀ ਸੁੱਖ-ਸਬੀਲੀ ਨਾਲ ਲੰਘਿਆ। 1998 ਵਿਚ ਸਚਮੁੱਚ ‘ਦੋਹਾਂ ਬੁੜ੍ਹਿਆਂ’ ਦੀ ਲੜਾਈ ਸ਼ੁਰੂ ਹੋ ਗਈ, ਜੋ 1999 ਵਿਚ ਸਿਖਰ ‘ਤੇ ਪਹੁੰਚ ਗਈ। ਜਥੇਦਾਰ ਟੌਹੜਾ ਨੇ ਵੱਖਰਾ ਦਲ ਬਣਾ ਲਿਆ। ਧਾਰਮਿਕ ਬਿਰਤੀ ਹੋਣ ਕਰਕੇ ਮੇਰਾ ਬਹੁਤਾ ਝੁਕਾਅ ਤਾਂ ਟੌਹੜਾ ਧੜੇ ਨਾਲ ਹੀ ਸੀ, ਪਰ ਜਿਨ੍ਹਾਂ ਜਿਲਾ ਪੱਧਰੀ ਅਕਾਲੀ ਆਗੂਆਂ ਨੇ ਮਦਦ ਕਰਕੇ ਮੈਨੂੰ ਟਿਕਟ ਦਿਵਾਈ ਸੀ ਤੇ ਚੋਣ ਜਿਤਾਈ ਸੀ, ਉਹ ਸਾਰੇ ਬਾਦਲ ਦਲ ਨਾਲ ਹੋਣ ਕਰਕੇ ਮੈਂ ਨਾ ਚਾਹੁੰਦਿਆਂ ਵੀ ਬਾਦਲ ਦਲ ਵਿਚ ਟਿਕਿਆ ਰਿਹਾ। ਤਕਨੀਕੀ ਪੱਖੋਂ ਭਾਵੇਂ ਮੈਂ ਬਾਦਲ ਦਲੀਆ ਹੀ ਸਾਂ, ਪਰ ਅਕਸਰ ਬਿਆਨਬਾਜ਼ੀ ‘ਟੌਹੜਾ ਸੁਰ’ ਵਾਲੀ ਹੀ ਕਰਦਾ ਰਹਿੰਦਾ, ਜਿਸ ਕਰਕੇ ਮੈਨੂੰ ਬਾਦਲ ਦਲ ਦੇ ਦਫਤਰੋਂ ‘ਕਾਰਨ ਦੱਸੋ’ ਨੋਟਿਸ ਵੀ ਮਿਲੇ ਅਤੇ ਇਕ-ਦੋ ਵਾਰ ਵੱਡੇ ਬਾਦਲ ਨੇ ਮੇਲ-ਮੁਲਾਕਾਤਾਂ ਦੌਰਾਨ ਮੈਨੂੰ ‘ਤਾੜਿਆ’ ਵੀ, ਅਖੇ, “ਕਾਕਾ ਜੀ, ਬਿਆਨਬਾਜ਼ੀ ਨਾ ਕਰਿਆ ਕਰੋ।”
ਸੰਨ 1999 ਵਿਚ ਆਪਣੇ ਰਾਹ ਦਾ ਰੋੜਾ ਸਮਝ ਕੇ ਬਾਦਲ ਵਲੋਂ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਹੇ ਗਏ ਭਾਈ ਰਣਜੀਤ ਸਿੰਘ ਨਾਲ ਉਨ੍ਹੀਂ ਦਿਨੀਂ ਬੜੀ ਦਿਲਚਸਪ ਮੁਲਾਕਾਤ ਹੋਈ। ਢਾਹਾਂ ਕਲੇਰਾਂ ਹਸਪਤਾਲ ਵਿਚ ਉਹ ਕਦੇ-ਕਦਾਈਂ ਆਉਂਦੇ ਜਾਂਦੇ ਸੀ, ਜਿੱਥੇ ਮੈਂ ਰੋਜੀ-ਰੋਟੀ ਲਈ ਨੌਕਰੀ ਕਰਦਾ ਸਾਂ। ਇਕ ਵਾਰ ਉਸ ਅਦਾਰੇ ਦੇ ਬਾਨੀ ਪ੍ਰਧਾਨ ਮਰਹੂਮ ਬੁੱਧ ਸਿੰਘ ਢਾਹਾਂ ਨੇ ਭਾਈ ਰਣਜੀਤ ਸਿੰਘ ਕੋਲ ਮੇਰੀਆਂ ਬੜੀਆਂ ਸਿਫਤਾਂ ਕੀਤੀਆਂ। ਸਿਫਤਾਂ ਸੁਣ ਕੇ ਭਾਈ ਸਾਹਿਬ ਮੇਰੇ ਚਿਹਰੇ ਵੱਲ ਦੇਖਦੇ ਰਹੇ ਅਤੇ ਗੱਲ ਮੁੱਕਣ ‘ਤੇ ਬੜੀ ਬੇਬਾਕੀ ਨਾਲ ਕਹਿੰਦੇ, “ਕੀ ਕਰਨਾ ਇਨ੍ਹਾਂ ਦੀ ਵਧੀਆ ਲੇਖਣੀ ਨੂੰ ਅਤੇ ਚੰਗੇ ਬੁਲਾਰੇ ਹੋਣ ਨੂੰ, ਹੈਗੇ ਤਾਂ ਇਹ ਬਾਦਲ ਦਲ ਦੀ ਗਾਂ ਹੀ ਨਾ?”
ਬਾਦਲ ਦਲ ਦੀ ਗਾਂ ਨਾ ਬਣੇ ਹੋਣ ਦੇ ਸਬੂਤ ਵਜੋਂ ਮੈਂ ਕਈ ਮਿਸਾਲਾਂ ਦਿੱਤੀਆਂ, ਪਰ ਮੈਨੂੰ ਯਾਦ ਹੈ, ਉਨ੍ਹਾਂ ਦੀ ਤਸੱਲੀ ਨਹੀਂ ਸੀ ਹੋਈ।
ਖੈਰ! ਲਿਖਤ ਸਮੇਟਦਿਆਂ ਵਿਸ਼ੇ ਵੱਲ ਆਉਂਦਾ ਹਾਂ। ਸੰਨ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦੂਜੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਆ ਗਈ ਤਾਂ ਬਾਦਲ ਦਲ ਨੇ ਸਾਨੂੰ ਸਰਕਾਰੀ ਪ੍ਰਭਾਵ ਤੋਂ ਬਚਾਉਣ ਹਿਤ ਪਹਿਲਾਂ ਨਾਡਾ ਸਾਹਿਬ, ਤੇ ਫਿਰ ਬਾਲਾਸਰ ਲੈ ਆਂਦਾ। ਬਾਲਾਸਰ ਦੇ ਇਕ ਵਾੜੇ ਵਿਚ ਰੱਖੇ ਹੋਏ ਪਾਕਿਸਤਾਨੀ ਭੇਡੂਆਂ ਕੋਲ ਇਕ ਰਾਤ ਬਿਤਾ ਕੇ ਮੈਂ ਅਤੇ ਮੇਰੇ ਦੋ ਹਰ ਸਾਥੀ ਭਾਈ ਬਡੂੰਗਰ ਦੀ ਸੂਮੋ ‘ਚ ਬਹਿ ਕੇ ਹਰਿਆਣਾ ਦੇ ਚੌਟਾਲਿਆਂ ਦੇ ਫਾਰਮ ਹਾਊਸ ਚਲੇ ਗਏ। ਸਿਰਫ ਟੌਹੜਾ ਸਾਹਿਬ ਨੂੰ ਵੋਟ ਭੁਗਤਣ ਦੇ ਡਰੋਂ ਇਥੇ ਮੈਂਬਰਾਂ ਦੀ ‘ਹਰ ਤਰ੍ਹਾਂ ਦੀ ਸੇਵਾ’ ਦੇਖ ਕੇ ਮੇਰਾ ਦਿਲ ਉਚਾਟ ਹੋ ਗਿਆ। ਕੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਆਪਣੀ ਕੋਈ ਸੋਚ, ਜ਼ਮੀਰ ਹੈ ਨਹੀਂ? ਇਨ੍ਹਾਂ ਨੂੰ ਲੋਭ, ਲਾਲਚ ਦੇ ਕੇ ਆਪਣਾ ਧੜਾ ਪਾਲਣਾ, ਇਹ ਕਿਧਰਲਾ ‘ਪੰਥਕ ਕਾਰਜ’ ਹੋਇਆ?
ਅਕਤੂਬਰ 2002 ਵਿਚ ਜਿਸ ਦਿਨ ਸੌਦਾ ਸਾਧ ਦੇ ਚਾਟੜਿਆਂ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਗੋਲੀਆਂ ਮਾਰੀਆਂ, ਉਸ ਤੋਂ ਦੂਜੇ ਦਿਨ ਮੈਂ ਚੌਟਾਲਾ ਫਾਰਮ ਹਾਊਸ ਤੋਂ ਅੱਧੀ ਰਾਤ ਤੋਂ ਬਾਅਦ ਬਗਾਵਤ ਕਰਕੇ ਡੱਬਵਾਲੀ ਥਾਣੀਂ ਹੁੰਦਾ ਆਪਣੇ ਪਿੰਡ ਪਹੁੰਚ ਗਿਆ। ਬਾਦਲ ਖੇਮੇ ‘ਚੋਂ ਆਉਣ ਦੀ ਖਬਰ ਸੁਣ ਕੇ ਟੌਹੜਾ ਧੜੇ ਵਾਲਿਆਂ ਦੀਆਂ ਵਾਛਾਂ ਖਿੜ ਗਈਆਂ। ਇਕ ਦਿਨ ਸੁਵਖਤੇ ਹੀ ਪ੍ਰੇਮ ਸਿੰਘ ਚੰਦੂਮਾਜਰਾ ਮੇਰੇ ਘਰ ਵਧਾਈ ਦੇਣ ਆ ਪਹੁੰਚੇ। ਕਹਿੰਦੇ, “ਤੁਸੀਂ ਤਾਂ ਜੀ ਮਲਕ ਭਾਗੋ ਦਾ ਤਿਆਗ ਕਰਕੇ ਮਹਾਨ ਪੰਥਪ੍ਰਸਤੀ ਦੀ ਮਿਸਾਲ ਕਾਇਮ ਕਰ ਦਿੱਤੀ ਐ।”
ਉਧਰੋਂ ਬਾਦਲ ਸਾਹਿਬ ਵਲੋਂ ਮੁੜ ‘ਘਰ ਵਾਪਸੀ’ ਲਈ ਮਹਿੰਗੀਆਂ ਤੋਂ ਮਹਿੰਗੀਆਂ ਪੇਸ਼ਕਸ਼ਾਂ ਦੇ ਫੋਨ ਅਤੇ ਇਧਰੋਂ ਟੌਹੜਾ ਧੜੇ ਦੀਆਂ ਵਧਾਈਆਂ ਦੇ ਫੋਨ ਦਿਨ ਰਾਤ ਖੜਕਣ ਲੱਗੇ। ਮੁੱਖ ਮੰਤਰੀ ਕੈਪਟਨ ਸਾਹਿਬ ਨੇ ਵੀ ਨਵਾਂ ਸ਼ਹਿਰ ਦੇ ਐਸ਼ ਐਸ਼ ਪੀ. ਰਾਹੀਂ ਮੈਨੂੰ ਮਿਲਣ ਲਈ ‘ਸਰਕਾਰੀ ਸੁਨੇਹਾ’ ਭੇਜਿਆ, ਪਰ ਮੈਂ ਬਾਦਲ ਦਲ ਤੋਂ ਤਿਆਗ ਨੂੰ ਆਪਣੀ ਜ਼ਮੀਰ ਦਾ ਫੈਸਲਾ ਬਣਾਈ ਰੱਖਣ ਲਈ ਇਨਕਾਰ ਕਰ ਦਿੱਤਾ। ਜੇ ਮੈਂ ਹੁੱਬ ਕੇ ਚਲਾ ਜਾਂਦਾ ਤਾਂ ਮੇਰੇ ‘ਤੇ ਵੀ ‘ਸ਼ੱਕੀ’ ਜਾਂ ‘ਖਰੀਦਿਆ ਹੋਇਆ’ ਦਾ ਲੇਬਲ ਲੱਗ ਜਾਣਾ ਸੀ।
ਇਸੇ ਦੌਰਾਨ ਟੌਹੜਾ ਧੜੇ ਨੇ ਲੁਧਿਆਣੇ ਇਕ ਗੁਰਦੁਆਰੇ ਵਿਚ ਸਮਾਗਮ ਕਰਕੇ ਮੈਨੂੰ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ, ਜਿਸ ਦੀ ਪ੍ਰਸ਼ੰਸਾਮਈ ਇਬਾਰਤ ਵਿਚ ਲਿਖਿਆ ਹੋਇਆ ਸੀ ਕਿ ਮੈਂ ਤਾਜਦਾਰਾਂ ਨੂੰ ਛੱਡ ਕੇ ਭਾਈ ਲਾਲੋ ਦੀ ਵਿਚਾਰਧਾਰਾ ਦਾ ਸਾਥ ਦੇ ਕੇ ‘ਅਸਲ ਅਕਾਲੀ’ ਹੋਣ ਦਾ ਸਬੂਤ ਦਿੱਤਾ ਹੈ; ਤੇ ਜਦੋਂ ਕੁਝ ਅਰਸੇ ਬਾਅਦ ਟੌਹੜਾ ਸਾਬ੍ਹ ਨੇ ਬਾਦਲ ਸਾਬ੍ਹ ਪਾਸੋਂ ਪੀਲਾ ਸਿਰੋਪਾਓ ਗਲ ‘ਚ ਪੁਆ ਕੇ ਪੀਲਾ ਹੀ ਲੱਡੂ ਖਾ ਲਿਆ ਤਾਂ ਮੈਂ ਬੜੇ ਹਿਰਖ ਨਾਲ ਉਹੀ, ਲੁਧਿਆਣੇ ਵਾਲਾ ਮੋਮੈਂਟੋ ਚੁੱਕ ਕੇ ਟੌਹੜਾ ਸਾਹਿਬ ਨੂੰ ਪੁੱਛਣ ਗਿਆ ਕਿ ਜਥੇਦਾਰ ਜੀ! ਇਹਦਾ ਹੁਣ ਮੈਂ ਕੀ ਕਰਾਂ? ਕਿਸੇ ਖੂਹ ਖਾਤੇ ਸੁੱਟ ਦਿਆਂ ਜਾਂ ਫਿਰ ਘਰੇ ਮੂਧਾ ਮਾਰ ਦਿਆਂ? ਇਸ ਮੌਕੇ ਜੋ ਵਾਰਤਾਲਾਪ ਹੋਇਆ ਸੀ, ਉਹਦੇ ਬਾਰੇ ਮੈਂ ਉਦੋਂ ਅਖਬਾਰੀ ਲੇਖ ਵਿਚ ਦਿਲ ਦਾ ਗੁੱਸਾ ਕੱਢਿਆ ਸੀ।
‘ਲੰਘ ਗਈ ਰਾਤ ਤੇ ਮੁੱਕ ਗਈ ਬਾਤ’ ਵਾਂਗ ਚੜ੍ਹਦੇ ਸੰਨ 2004 ਵਿਚ ਮੇਰੀ ਸ਼੍ਰੋਮਣੀ ਕਮੇਟੀ ਮੈਂਬਰੀ ਖਤਮ ਹੋ ਗਈ ਅਤੇ ਅਮਰੀਕਾ ਰਹਿੰਦੀ ਵੱਡੀ ਭੈਣ ਵੱਲੋਂ ਕੀਤੀ ਹੋਈ ‘ਬਲੱਡ ਰਿਲੇਸ਼ਨ’ ਵਾਲੀ ਪਟੀਸ਼ਨ ਨਿਕਲ ਆਈ ਤੇ ਮੈਂ ਪਰਿਵਾਰ ਸਮੇਤ ਆਪਣੀ ‘ਅਕਾਲੀਅਤ’ ਨੂੰ ਨਾਲ ਲੈ ਕੇ ਅਮਰੀਕਾ ਆ ਗਿਆ।
ਜਿਸ ਦਲ ਨੂੰ ਮੈਂ 2002 ਵਿਚ ਹੀ ਬੁਰਾ ਸਮਝ ਕੇ ਛੱਡ ਦਿੱਤਾ, ਉਸ ਨੇ 2019 ਤਕ ਪਹੁੰਚਦਿਆਂ ਐਸਾ ਇਤਿਹਾਸ ਸਿਰਜ ਲਿਆ ਹੈ ਕਿ ਉਸ ਨੂੰ ਪੰਥਕ ਸਮਝਣਾ ਜਾਂ ਕਹਿਣਾ ਘੋਰ ਅਨਿਆਂ ਹੋਵੇਗਾ। ਇਕ ਸਮੇਂ ਸਿੱਖ ਬੁੱਧੀਜੀਵੀ ਕਿਹਾ ਕਰਦੇ ਸਨ ਕਿ ਭਾਜਪਾ ਸਿੱਖਾਂ ਲਈ ਅਜਗਰ ਹੈ ਤੇ ਕਾਂਗਰਸ ਫਨੀਅਰ ਸੱਪ।
ਜ਼ਰਾ ਸੋਚੋ, ਬਾਦਲ ਦਲ ਦੇ ਦਸ ਸਾਲਾ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬੇਅਦਬੀ ਵਿਰੁਧ ਸ਼ਾਂਤਮਈ ਰੋਸ ਕਰਦੀ ਸੰਗਤ ਉਤੇ ਗੋਲੀਆਂ ਚਲਾਉਣ ਨਾਲ ਦੋ ਸਿੰਘ ਸ਼ਹੀਦ ਹੋਏ। ਬੇਅਦਬੀਆਂ ਦੇ ਗੁਨਾਹਗਾਰ ਸੌਦਾ ਪ੍ਰੇਮੀਆਂ ਦੇ ਗੁਰੂ-ਘੰਟਾਲ ਰਾਮ ਰਹੀਮ ਨੂੰ ਮੁਆਫੀ ਦਿਵਾਉਣ, ਫਿਰ ਮੁਆਫੀਨਾਮੇ ਵਾਪਸ ਲੈਣ ਲਈ ਬਾਦਲ ਦਲ ਨੇ ਅਕਾਲ ਤਖਤ ਸਾਹਿਬ ਦੀ ਹਾਸੋ-ਹੀਣੀ ਕਰਵਾਈ ‘ਤੇ ਗੁਰੂ ਕੀ ਗੋਲਕ ਲੁਟਾਈ। ਇਹ ਸਾਰੇ ਕਾਰੇ ਦੇਖ ਕੇ ਬਾਦਲ ਦਲ ਨੂੰ ‘ਅਕਾਲੀ ਦਲ’ ਕਹਿਣਾ ਕੀ ਵਾਜਬ ਹੈ?
ਬੇਅਦਬੀ ਤੇ ਗੋਲੀ ਕਾਂਡ ਵਿਰੁਧ ਰੋਸ ਵਜੋਂ 2015 ਵਿਚ ਬਾਦਲ ਦਲ ਤੋਂ ਕਿਨਾਰਾ ਕਰ ਗਏ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਹੁਣ ਭਖੇ ਚੋਣ ਮਾਹੌਲ ਵਿਚ ਬਾਦਲ ਦਲ ਵਿਚ ‘ਘਰ ਵਾਪਸੀ’ ਦੀਆਂ ਮਨਹੂਸ ਖਬਰਾਂ ਦੇ ਹਵਾਲੇ ਨਾਲ ਮੇਰੇ ਪੰਜਾਬ ਰਹਿੰਦੇ ਮਿੱਤਰ ਨੇ ਪੁੱਛਿਆ, “ਤੁਸੀਂ ਨਹੀਂ ਕਰਨੀ ਘਰ ਵਾਪਸੀ?”
ਮੇਰਾ ਜਵਾਬ ਸੀ, “ਬਿਲਕੁਲ ਕਰਨੀ ਹੈ ਜੀ! ਪਰ ਉਦੋਂ ਕਰਾਂਗਾ, ਜਦੋਂ ਇਹ ਬਾਦਲ ਦਲ ਕਿਸੇ ਮੌਕੇ ‘ਸ਼੍ਰੋਮਣੀ ਅਕਾਲੀ ਦਲ’ ਬਣਿਆ। ਜੇ ਜਿਉਂਦੇ ਜੀਅ ਅਜਿਹਾ ਨਾ ਹੋ ਸਕਿਆ ਤਾਂ ਇਸ ‘ਅਕਾਲੀ’ ਦੀ ਅਕਾਲ ਪੁਰਖ ਦੇ ਘਰ ਦਰ ਲਈ ‘ਘਰ ਵਾਪਸੀ’ ਹੋਵੇਗੀ।”