ਨਾਜਰਾ ਲਾ ਸੀਪ ਦੀ ਬਾਜੀ…

ਐਸ਼ ਅਸ਼ੋਕ ਭੌਰਾ
ਸਕੂਲ ਦੀ ਮੂਹਰਲੀ ਸੜ੍ਹਕ ‘ਤੇ ਅਧਿਆਪਕ ਵਿਦਿਆਰਥੀਆਂ ਦਾ ਕਾਫਲਾ ਲੈ ਕੇ ਜਾ ਰਹੇ ਸਨ, ਸ਼ਾਇਦ ਅਨਪੜ੍ਹਤਾ ਵਿਰੁਧ ਜਾਗਰੂਕਤਾ ਰੈਲੀ ਕੱਢੀ ਜਾ ਰਹੀ ਸੀ, ਬੱਚੇ ਨਾਅਰੇ ਲਾ ਰਹੇ ਸਨ, “ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ, ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ; ਬੱਚੇ ਪੜ੍ਹਾਓ, ਪੀੜ੍ਹੀ ਬਚਾਓ, ਵਿੱਦਿਆ ਮਨੁੱਖ ਦਾ ਤੀਜਾ ਨੇਤਰਾ ਹੈ।” ਅੱਗੇ ਜਾ ਕੇ ਰੈਲੀ ਨੇ ਪੜਾਅ ਕੀਤਾ। ਸਰਪੰਚ ਨੇ ਬੜਾ ਭਾਸ਼ਣ ਦਿੱਤਾ। ਅਮਲੀ ਸਰਪੰਚ ਨੂੰ ਕਹਿਣ ਲੱਗਾ, “ਮੈਂ ਵੀ ਪੰਜ ਜਮਾਤਾਂ ਪੜ੍ਹਿਆਂ, ਮੈਨੂੰ ਦੋ ਮਿੰਟ ਬੋਲਣ ਦਾ ਟੈਮ ਮਿਲ ਜੂ?”

“ਕੋਈ ਚੰਗੀ ਗੱਲ ਕਰੀਂ ਅਮਲੀਆ,” ਕਹਿ ਕੇ ਸਰਪੰਚ ਨੇ ਮਾਈਕ ਅਮਲੀ ਨੂੰ ਫੜਾ ਦਿੱਤਾ।
ਤੇ ਅਮਲੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ, “ਪਿਆਰੇ ਬੱਚਿਓ, ਮੇਰੇ ਨਾਲ ਦੋ ਜਣੇ ਪੜ੍ਹਦੇ ਹੁੰਦੇ ਸੀ। ਸੁਨਿਆਰਿਆਂ ਦਾ ਸਵਰਨਾ, ਤੇ ਵਿਹਲੜਾਂ ਦਾ ਬਖਸ਼ਾ। ਸਵਰਨੇ ਨੇ ਪੂਰੀ ਪੜ੍ਹਾਈ ਕੀਤੀ। ਕਿਤੇ ਨੀਂ ਨੌਕਰੀ ਮਿਲੀ। ਬਖਸ਼ਾ ਮੇਰੇ ਤੋਂ ਵੀ ਪਹਿਲਾਂ ਹੀ ਹਟ ਗਿਆ ਚੌਥੀ Ḕਚੋਂ। ਉਹਨੂੰ ਬੁੜ੍ਹੇ ਨੇ ਡੰਗਰ ਹੱਕਣ ਲਾ ਲਿਆ। ਫਿਰ ਉਹ ਮੰਡੀ Ḕਚ ਪੱਲੇਦਾਰੀ ਕਰਨ ਲੱਗ ਪਿਆ। ਬਖਸ਼ਾ ਨੇਤਾ ਬਣ ਗਿਆ, ਅੱਜ ਕੱਲ੍ਹ ਸ਼ਹਿਰ ਕੋਠੀ ਆ, ਤਿੰਨ ਗੱਡੀਆਂ ਆ, ਇਕ ਪੈਟਰੌਲ ਪੰਪ ਆ, ਦੋ ਚੌਲਾਂ ਦੀਆਂ ਮਿੱਲਾਂ ਨੇ, ਤੇ ਲਾਲਾ ਵਿਚਾਰਾ ਕਰਿਆਨੇ ਦੀ ਦੁਕਾਨ ਈ ਕਰੀ ਜਾਂਦਾ। ਤੇ ਬੱਚਿਓ ਵਿੱਦਿਆ ਤੀਜਾ ਨੇਤਰ ਨਹੀਂ, ਖੜੇ ਹੋ ਕੇ ਨਾਅਰਾ ਲਾਓ, ਪੈਸਾ ਤੀਜਾ ਨੇਤਰ ਹੈ, ਪੈਸਾ ਤੀਜਾ ਨੇਤਰ ਹੈ; ਬਖਸ਼ਾ ਅੱਖੋਂ ਕਾਣਾ ਹੈ, ਕੀ ਵਰਤਿਆ ਭਾਣਾ ਹੈ; ਪੈਸਾ ਤੀਜਾ ਨੇਤਰ ਹੈ, ਪੈਸਾ ਤੀਜਾ ਨੇਤਰ ਹੈ।”
ਬੱਚਿਆਂ ਨੇ ਪਿੰਡ ਦੁਆਲੇ ਗੇੜੀ ਤਾਂ ਲਾਈ, ਪਰ ਉਨ੍ਹਾਂ ਅੰਦਰ ਨਾਅਰੇ ਲਾਉਣ ਦਾ ਜੋਸ਼ ਘਟ ਗਿਆ ਸੀ।

“ਉਹ ਤੀਲਿਆ ਜਿਹਾ ਦਿਸਿਆ ਨ੍ਹੀਂ ਕਦੀ, ਅੱਜ ਬਰਸਾਤੀ ਡੱਡੂ ਵਾਂਗੂ ਪ੍ਰਗਟ ਹੋ ਗਿਆਂ।” ਜਾਗਰ ਨੇ ਸੱਥ ਵੱਲ ਤੁਰੇ ਆਉਂਦੇ ਨਾਜਰ ‘ਤੇ ਤੋੜਾ ਝਾੜਿਆ ਤੇ ਅੱਗੋਂ ਨਾਜਰ ਨੇ ਵੀ ਤਾਣ ਲਈ ਗੁਲੇਲ, ਮਾਰਿਆ ਸਿੱਧਾ ਨਿਸ਼ਾਨਾ ਅੱਖ ‘ਚ। ਉਸੇ ਸੁਰ ਵਿਚ ਬੋਲਿਆ, “ਓਹ ਬੈਠਾ ਰਹਿ ਅਰਮਾਨ ਨਾਲ, ਪੌਣੇ ਦੋ ਤੇਰੀਆਂ ਲੱਤਾਂ, ਸੱਜੇ ਹੱਥ ਦੀਆਂ ਦੋ ਉਂਗਲਾਂ ਵੱਡ ਹੋਈਆਂ, ਸਾਲਾ ਹੱਡਾਰੋੜੀ ਦਾ ਕੁੱਤਾ, ਜਦ ਵੀ ਭੌਂਕਦਾ ਵੱਢਣ ਨੂੰ ਪੈਂਦਾ। ਹੁਣ ਸੁਣ ਲਈਆਂ ਮੈਥੋਂ। ਮੇਰੀ ਤਾਂ ਚੱਲ ਇਕ ਅੱਖ ਛੋਟੇ ਹੁੰਦੇ ਦੀ ਬਹਿ ਗੀ, ਖਾਨਦਾਨ ਦਾ ਕੱਦ ਦੇਖ ਸਾਡੇ ਦਾ।”
“ਓ ਤੂੰ ਤਾਂ ਐਵੇਂ ਗੁੱਸਾ ਕਰ ਗਿਆਂ ਨਾਜਰਾ, ਮੈਂ ਤਾਂ ਮਜ਼ਾਕ ਕੀਤਾ ਸੀ, ਤੂੰ ਦਿਲ ਨੂੰ ਈ ਲਾ ਲਿਆ। ਹਾਅ ਦੱਸ ਤੂੰ ਅੱਗੇ ਖਾਨਦਾਨ ਦੀ ਕਦੇ ਗੱਲ ਨਹੀਂ ਕੀਤੀ ਸੀ, ਭਲਾ ਕਿੰਨਾ ਕੁ ਉਚਾ ਤੇਰਾ ਖਾਨਦਾਨ, ਦੱਸੀਂ ਤਾਂ ਕੇਰਾਂ।”
“ਇਹ ਘਰ ਦੀਆਂ ਗੱਲਾਂ ਅਸੀਂ ਕੀਤੀਆਂ ਨਹੀਂ ਸੀ ਕਦੇ, ਲੈ ਅੱਜ ਤੈਨੂੰ ਦੱਸਦਾਂ। ਜਿਹੜਾ ਮੇਰਾ ਬਾਬਾ ਸੀ ਤੁਲਸੀ, ਉਹਦਾ ਸਾਡੀ ਦਾਦੀ ਠਾਕਰੀ ਨਾਲ ਬੜਾ ਪਿਆਰ ਸੀ, ਮਰਦੇ ਤਾਂ ਮਰ ਗਏ ਪਰ ਉਨ੍ਹਾਂ ਦੀਆਂ ਪਿਆਰ ਦੀਆਂ ਕਹਾਣੀਆਂ ਜਿਹੜੀਆਂ ਨਾ, ਉਹ ਸਾਡੇ ਲਈ ਹਾਲੇ ਵੀ ਬਹੁਤ ਵੱਡੇ ਮਾਣ ਵਾਲੀਆਂ ਗੱਲਾਂ ਨੇ।”
“ਉਹ ਤੂੰ ਕੋਈ ਇਕ ਤਾਂ ਦੱਸ, ਐਵੇਂ ਅੱਜ ਪਤਾ ਨ੍ਹੀਂ ਕਿਹੜੀਆਂ ਫੋਕੀਆਂ ਸ਼ੁਰਲੀਆਂ ਛੱਡਣ ਲੱਗ ਪਿਆਂ।”
“ਜਾਗਰਾ ਸੁਣ, ਸਾਡਾ ਬਾਬਾ ਤੁਲਸੀ ਪਹਿਲਾਂ ਮਰ ਗਿਆ। ਸਾਡੀ ਦਾਦੀ ਤਾਂ ਮਰਨ ਨੂੰ ਫਿਰੇ। ਉਦੋਂ ਸਹੁਰਾ ਸਤੀ ਹੋਣ ਦਾ ਰਿਵਾਜ ਨਹੀਂ ਸੀ, ਨਹੀਂ ਤਾਂ ਸਾਡੀ ਦਾਦੀ ਨੇ ਦਾਦੇ ਦੇ ਨਾਲ ਈ ਚਿਖਾ Ḕਚ ਛਾਲ ਮਾਰ ਦੇਣੀ ਸੀ।”
“ਉਹ ਤੂੰ ਗੱਲਾਂ ਨਾ ਬਣਾ, ਗੱਲ ਸਿਰੇ ਲਾ।”
“ਸਾਲਾ ਹੁਣ ਕਿੱਦਾਂ ਕਾਹਲਾ ਪਿਆ। ਸੁਣ, ਸਾਡੀ ਦਾਦੀ ਰਹਿਣ ਲੱਗ ਪਈ ਉਦਾਸ, ਦਾਦਾ ਰੱਖਦਾ ਹੁੰਦਾ ਸੀ ਕਬੂਤਰ ਨਸਲੀ। ਦਾਦੀ ਨੂੰ ਖਿਆਲ ਆਇਆ, ਕਿਉਂ ਨਾ ਕਬੂਤਰ ਦੇ ਹੱਥ ਦਾਦੇ ਨੂੰ ਰੁੱਕਾ ਭੇਜ ਦਿਆ ਕਰਾਂ। ਸਾਡੀ ਦਾਦੀ ਨੇ ਮਾਸਟਰ ਬਿਸ਼ਨੇ ਤੋਂ ਪਿਆਰ ਦੇ ਦੋ ਅੱਖਰ ਲਿਖਾਉਣੇ, ਕਬੂਤਰ ਦੀ ਚੁੰਝ Ḕਚ ਫਸਾ ਦੇਣੇ, ਪੈਰਾਂ ਨਾਲ ਛਟਾਂਕ ਭੁੱਕੀ ਬੰਨ੍ਹ ਦੇਣੀ। ਲੈ ਬਈ ਜਾਗਰਾ, ਕਬੂਤਰ ਨੇ ਰਾਤ ਨੂੰ ਉਡਣਾ ਤੇ ਰਾਤੋ ਰਾਤ ਸਵਰਗ Ḕਚ ਦਾਦੇ ਤੁਲਸੀ ਨੂੰ ਮਿਲ ਕੇ, ਭੁੱਕੀ ਖੁਆ ਦੇਣੀ। ਨਾਲ ਈ ਦਾਦੇ ਨੇ ਧਰਮ ਰਾਜ ਤੋਂ ਰੁੱਕਾ ਲਿਖਾ ਕੇ ਦਾਦੀ ਨੂੰ ਭੇਜ ਦੇਣਾ ਕਿ ਮੈਂ ਰਾਜੀ ਬਾਜੀ ਆਂ, ਚਿੰਤਾ ਨਾ ਕਰ, ਥਾਂ ਸਵਰਗ Ḕਚ ਠਾਕਰੀਏ ਤੇਰੇ ਲਈ ਰੱਖੀ ਹੋਈ ਆ।”
“ਉਹ ਸਾਲਿਆ, ਗੱਪ ਦਾ ਵੀ ਕੋਈ ਸਿਰਾ ਹੁੰਦਾ, ਚਾਰ ਬੰਦੇ Ḕਕੱਠੇ ਕਰ ਲੈ, ਬਈ ਏਦਾਂ ਹੋ ਸਕਦਾ?”
ਨਾਜਰ ਚਾਰੇ ਖੁਰ ਚੁੱਕ ਕੇ ਬੋਲਿਆ, “ਏਦਾਂ ਹੋ ਸਕਦਾ! ਜਾਗਰਾ ਏਦਾਂ ਕਿਉਂ ਨਹੀਂ ਹੋ ਸਕਦਾ?”
“ਦਸ ਕਿੱਦਾਂ ਹੋ ਸਕਦਾ!”
“ਜੇ ਜਗਮੀਤ ਬਰਾੜ ਅਕਾਲੀ ਦਲ Ḕਚ ਜਾ ਸਕਦਾ, ਤਾਂ ਕਬੂਤਰ ਸਾਡੀ ਦਾਦੀ ਦਾ ਰੁੱਕਾ ਵੀ ਦੇ ਕੇ ਆ ਸਕਦਾ।”
ਨਾਲ ਈ ਬੈਠੇ ਮਾਸਟਰ ਭਜਨ ਸਿਹੁੰ ਨੇ ਤਾੜੀ ਮਾਰ ‘ਤੀ, “ਬਈ ਜਾਗਰਾ, ਅੱਜ ਲਾਈ ਤੇਰੀ ਸੀਪ ਨਾਜਰ ਨੇ ਪੂਰੀ।”
ਏਨੇ ਨੂੰ ਅਮਲੀ ਕਰਤਾਰੇ ਨੇ ਆ ਕੇ ਬੋਹੜ ਥੱਲ੍ਹੇ ਸਾਫਾ ਵਿਛਾ ਲਿਆ। ਬਹਿੰਦੇ ਸਾਰ ਕਹਿਣ ਲੱਗਾ, “ਨਾਜਰਾ ਚਿੱਤ ਬੜਾ ਉਦਾਸ ਆ।”
“ਤੇਰੇ ਚਿੱਤ ਨੂੰ ਕੀ ਹੋਇਆ, ਢਿੱਲਾ ਮੱਠਾ ਰਹਿਣ ਲੱਗ ਪਿਆਂ, ਭੁੱਕੀ ਨ੍ਹੀਂ ਮਿਲਦੀ, ਕੀ ਹੋਇਆ?”
“ਯਾਰ ਧੰਨਾ ਸਿਹੁੰ ਮਰ ਗਿਆ।” ਮਾਸਟਰ ਭਜਨ ਸਿੰਘ ਤੇ ਨਾਜਰ ਸਿੰਘ-ਦੋਵੇਂ ਉਚੀ ਉਚੀ ਹੱਸ ਪਏ। ਭਜਨ ਸਿਹੁੰ ਕਹਿਣ ਲੱਗਾ, “ਕਰਤਾਰਾ ਦੱਸਦਾ ਤਾਂ ਏਦਾਂ ਸੀ, ਜਿੱਦਾਂ ਕਿਤੇ ਅਮਰੀਕਾ ਆਲੇ ਰਾਸ਼ਟਰਪਤੀ ਨੇ ਮਸੀਕੋ (ਮੈਕਸੀਕੋ) ਵਾਲੇ ਬਾਡਰ ‘ਤੇ ਕੰਧ ਬਣਾ ਦਿੱਤੀ ਹੁੰਦੀ ਆ, ਤੇ ਇਹਦੇ ਤਾਏ ਦਾ ਪੁੱਤ ਮਰੀਕਾ (ਅਮਰੀਕਾ) ਵੜਨੇ ਨੂੰ ਮਸੀਕੋ ਫਸਿਆ ਹੋਵੇ।”
“ਤੁਸੀਂ ਤਾਂ ਗੱਲ ਈ ਹੋਰ ਪਾਸੇ ਲੈ ਗਏ, ਮੈਂ ਦੱਸਣਾ ਇਹ ਤੀ ਬਈ ਧੰਨਾ ਸਿਹੁੰ ਮਰਦਾ ਨਾ, ਜੇ ਸਾਲਾ ਇਕ ਥਾਂ ਟਿਕ ਕੇ ਬਹਿਣ ਦਾ ਆਦੀ ਹੁੰਦਾ। ਕੋਈ ਅਸੂਲ ਰੱਖਦਾ।”
“ਕੀ ਕਰ ‘ਤਾ ਧੰਨੇ ਨੇ, ਮਰ ਗਿਆ ਤਾਂ ਮਰ ਗਿਆ, ਤੇਰਾ ਫੁੱਫੜ ਲੱਗਦਾ ਸੀ?”
“ਨਾਜਰਾ ਤੇਰੀ ਸਾਲੀ ਮਰਾਸੀਆਂ ਦੀ ਕੁੱਤੀ ਵਾਂਗੂੰ ਵੱਢ ਖਾਣ ਦੀ ਆਦਤ ਨੀਂ ਗਈ। ਗੱਲ ਤਾਂ ਸੁਣ।”
“ਲੈ ਤੂੰ ਦੱਸ ਲਾ।”
“ਜਿਹੜਾ ਜੌੜਿਆਂ ਵਾਲਾ ਬਾਹਰਲੇ ਅੱਡੇ ਡਾਕਟਰ ਆ, ਪਹਿਲਾਂ ਧੰਨਾ ਉਹਦੇ ਕੋਲ ਗਿਆ, ਉਹਨੇ ਮਾੜਾ ਮੋੜਾ ਦੁਆ ਦਾਰੂ ਕੀਤਾ ਤੇ ਦੱਸਿਆ ਕਿ ਬਈ ਧੰਨਿਆ ਤੈਨੂੰ ਟੈਫੈਡ (ਟਾਈਫਾਈਡ) ਆ ਤੇ ਦਵਾਈ ਖਾਣੀ ਪੈਣੀ ਦੋ ਸਾਤੇ।”
“ਫੇ?”
“ਉਹ ਮਾਹਟਰਾ, ਤੂੰ ਵੀ ਅੱਜ ਸਬਰ ਨ੍ਹੀਂ ਕਰਦਾ, ਗੱਲ ਏਦਾਂ ਤੀ, ਬਈ ਧੰਨਾ ਦੋ ਚਾਰ ਰੋਜ਼ ਦਵਾਈ ਖਾਂਦਾ ਰਿਹਾ ਜੌੜਿਆਂ ਵਾਲੇ ਤੋਂ, ਉਹਨੂੰ ਕਿਸੇ ਨੇ ਕਹਿ ‘ਤਾ ਬਈ ਤੂੰ ਏਹਤੋਂ ਨ੍ਹੀਂ ਠੀਕ ਹੋਣਾ, ਤੂੰ ਸ਼ਹਿਰ ਆਲੇ ਸ਼ਰਮੇ ਕੋਲ ਚਲਾ ਜਾਹ। ਉਹ ਓਥੇ ਚਲਾ ਗਿਆ। ਮੂਹਰਿਓਂ ਸ਼ਰਮਾ ਬਣਾ ਸੁਆਰ ਕੇ ਕਹਿਣ ਲੱਗਾ, ਬਈ ਧੰਨਿਆ ਤੇਰਾ ਬੁਖਾਰ ਹੋ ਗਿਆ ਔਂਤਰਾ ਤੇ ਟਿਕ ਕੇ ਦੁਆਈ ਖਾ ਹੁਣ, ਫੇਰ ਭੁੱਕੀ ਦਾ ਛੰਨਾ ਪਰ੍ਹੇ ਰੱਖੀਂ।”
ਧੰਨਾ ਸਿਹੁੰ ਅੱਗਿਓਂ ਕਹਿਣ ਲੱਗਾ, “ਟੀਕਾ ਭਾਵੇਂ ਜ਼ਹਿਰ ਦਾ ਲਾ ਦੇ, ਧੰਨੇ ਤੇ ਛੰਨੇ ਦੀ ਯਾਰੀ ਪੱਕੀ ਰਹਿਣ ਦੇ। ਸਹੁਰੀ ਦੇ ਦੋ ਚਾਰ ਦਿਨ ਸ਼ਰਮੇ ਤੋਂ ਦੁਆਈ ਖਾਧੀ ਤੇ ਉਹਨੂੰ ਕਿਤੇ ਠੋਲੂ ਕਿਆਂ ਦਾ ਸਰਪੰਚ ਕਹਿੰਦਾ, ਧੰਨਿਆ ਕੀ ਹੋਇਆ? ਆਂਹਦਾ, ਟੈਫੈਡ ਆ। ਉਹ ਕਹਿੰਦਾ, ਲੈ ਤੂੰ ਜਾਹ ਡਾਕਟਰ ਬਨਵਾਰੀ ਕੋਲ, ਤੇਰਾ ਟੈਫੈਡ ਤਾਂ ਰਾਤੋ ਰਾਤ ਗਿਆ। ਧੰਨਾ ਓਹਦੇ ਕੋਲ ਚਲਾ ਗਿਆ। ਉਹ ਤਾਂ ਸਾਲਾ ਦਿਨੇ ਈ ਪੀਈ ਰੱਖਦਾ ਸੀ, ਗਲਤ ਦੁਆਈ ਦੇ ਦਿੱਤੀ ਕੋਈ, ਓਏ ਹੋਏ! ਲਫਟੈਣ ਵਰਗਾ ਧੰਨਾ ਸੀ, ਤੀਏ ਦਿਨ ਤੁਰ ਗਿਆ।”
“ਓ ਕਰਤਾਰਿਆ, ਨਾ ਓਹਦੀ ਰੰਨ, ਨਾ ਧੰਨ, ਨਾ ਕੋਠਾ, ਨਾ ਕੜੀ, ਜਿਹਦਾ ਕੋਈ ਅਸੂਲ ਨਾ ਹੋਵੇ, ਜਿਹੜਾ ਸਾਲਾ ਥਾਂ ਚੱਲ ਹੋਵੇ, ਉਹਨੇ ਸਾਲੇ ਨੇ ਮਰਨਾ ਈ ਆ।” ਮਾਸਟਰ ਭਜਨ ਸਿਹੁੰ ਨੇ ਕਰਤਾਰੇ ‘ਤੇ ਵਿਅੰਗ ਕੱਸਿਆ।
“ਉਹ ਸੁਣ ਓ ਮਾਸਟਰਾ, ਆਪਣੇ ਪਿੱਛੇ ਪਿੱਪਲ ਪਿੱਛੇ ਵੋਟਾਂ ਵਾਲਾ ਕੱਪੜਾ ਤੈਂ ਟੰਗਿਆ?”
“ਹਾਂ ਮੈਂ ਟੰਗਿਆ।”
“ਪਹਿਲਾਂ ਏਹਨੂੰ ਲਾਹ।”
“ਓ ਕਰਤਾਰਿਆ ਤੂੰ ਗੱਲ ਤਾਂ ਧੰਨੇ ਦੀ ਕਰਦਾ ਸੀ, ਵਿਚੇ ਗੱਲ ਬੈਨਰ ਦੀ ਕਰਨ ਲੱਗ ਪਿਆਂ, ਆਂਹਦਾ ਲਾਹ ਕੱਪੜਾ, ਇਹ ਤਾਂ ਆਪਣਾ ਜਗਨਨਾਥ ਆ ਜਿਹੜਾ ਵੋਟਾਂ Ḕਚ ਖੜਾ। ਆਪਾਂ ਇਹਦੀ ਅਮਦਾਦ ਕਰਦੇ ਆਂ, ਇਹਦਾ ਕੀ ਰੌਲਾ?”
“ਮਾਸਟਰਾ, ਰੌਲਾ ਨ੍ਹੀਂ, ਧੰਨੇ ਨੇ ਤਾਂ ਸਾਲੇ ਨੇ ਤਿੰਨ ਡਾਕਟਰ ਬਦਲੇ ਤੀ, ਆ ਜਿਹੜਾ ਮਾਸਟਰ ਦਾ ਕੱਪੜਾ ਟੰਗੀ ਫਿਰਦਾਂ ਵੋਟਾਂ ਵਾਲਾ, ਜਿਹਦਾ ਵੱਡਾ ਝੋਲੀ ਚੁੱਕ ਬਣੀ ਫਿਰਦਾਂ ਤੂੰ, ਇਹਨੇ ਸਹੁਰੀ ਦੇ ਰਾਮ ਵਿਲਾਸ ਪਾਸਵਾਨ ਤੱਕ ਨੌਂ ਪਾਰਟੀਆਂ ਬਦਲ ਲਈਆਂ। ਇਹਦਾ ਦੀਨ ਨਾ ਮਜ਼੍ਹਬ, ਨਾ ਇਮਾਨ। ਧੰਨਾ ਸਾਲਾ ਇਹਦੇ ਨਾਲੋਂ ਸੌ ਗੁਣਾ ਚੰਗਾ ਬੰਦਾ ਸੀ। ਧੰਨੇ ਨੇ ਤਾਂ ਵਿਆਹ ਨ੍ਹੀਂ ਕਰਾਇਆ ਤੀ। ਜਗਨ ਨਾਥ ਦੇ ਘਰ ਤੀਜੇ ਥਾਂ ਤੀਵੀਂ ਆਈ ਤੀ। ਪਰੂੰ ਪਰਾਰ ਇਹਨੂੰ ਛੱਡ ਕੇ ਨੱਠ’ਗੀ। ਪਾ ਲਈਂ ਜੋੜ ਕੇ ਵੋਟਾਂ ਏਨ੍ਹਾਂ ਨੂੰ। ਇਹ ਸਾਲਾ ਮੱਝਾਂ ਵੇਚਦਾ ਸੀ ਜਗਨ ਨਾਥ। ਇਹਦੀ ਪੰਜਾਂ ਸਾਲਾਂ ਨੂੰ ਮਿੱਲ ਚੱਲੂ, ਤੇ ਮਾਸਟਰਾ ਤੇਰਾ ਸੈਕਲ ਵੀ ਪੰਜਾਂ ਸਾਲਾਂ ਨੂੰ ਪੁਰਾਣਾ ਹੋ ਜਾਣਾ।”
ਨਾਜਰ ਨੇ ਉਲਰ ਕੇ ਮਾਰੀ ਛਾਲ, “ਮਾਸਟਰਾ ਅੱਗੇ ਤਾਂ ਤੇਰੀ ਮੈਂ ਈ ਸੀਪ ਲਾਉਂਦਾ ਸੀ, ਅੱਜ ਕਰਤਾਰਾ ਵੀ ਲਾ ਗਿਆ।”
“ਲੈ ਬਈ ਭਾਨਾ ਵੀ ਆ ਗਿਆ।”
“ਭਾਨਿਆ ਤੂੰ ਵੋਟ ਕਿਹਨੂੰ ਪਾਉਣੀ?”
ਉਹ ਆਂਹਦਾ, “ਛੜੇ ਦੇ ਟੱਟੂ ‘ਤੇ ਤਾਂ ਐਤਕੀਂ ਚੜ੍ਹਨਾ ਨੀਂ, ਦੂਏ ਛੋਕਰੇ ਜਿਹੇ ਦਾ ਕੋਈ ਓਦਾਂ ਨ੍ਹੀਂ ਪਤਾ ਕੀ ਕਰੂ! ਬਾਕੀ ਪੰਦਰਾਂ ਸੋਲਾਂ ਜਣੇ ਇਕ ਦੂਏ ਦਾ ਝੱਗਾ ਖਿੱਚੀ ਜਾਂਦੇ ਆ ਤੇ ਆਪਾਂ ਤਾਂ ਲਾਲੇ ਹਰਦਿਆਲ ਵਾਲਾ ਫਾਰਮੂਲਾ ਵਰਤਣਾ।”
“ਉਹ ਕਿਹੜਾ, ਸਾਨੂੰ ਵੀ ਦੱਸ?” ਮਾਸਟਰ ਭਜਨ ਸਿਹੁੰ ਨੇ ਪੁੱਛਿਆ।
“ਕਹਿੰਦੇ ਐਤਕੀਂ ਮਸ਼ੀਨਾਂ Ḕਚ ਇਕ ਬਟਣ ਲੱਗਿਆ ਆ। ਜੇ ਕਿਸੇ ਦੇ ਸਿਰ ਵਿਚ ਵੀ ਨੀ ਡਾਂਗ ਮਾਰਨੀ ਤਾਂ ਉਹ ਬਟਣ ਦੱਬ ਆਉਣਾ।”
“ਓ ਕਮਲਿਆ ਭਾਨਿਆ, ਸਾਲਿਆ ਉਪਰੋਂ ਸੂਰਜ ਤਪਿਆ, ਥੱਲਿਓਂ ਧਰਤੀ ਨੂੰ ਅੱਗ ਲੱਗੀ ਪਈ ਆ, ਲੋਕ ਓਦਾਂ ਸਤੇ ਪਏ ਆ, ਪਤੰਦਰਾ ਜੇ ਪੰਜ ਘੰਟੇ ਓਹੀ ਬਣਨ ਦੱਬਣ ਜਾਣਾ, ਤਾਂ ਘਰ ਬੈਠ ਜਾ ਰਾਮ ਨਾਲ।”
“ਓ ਭਾਨਿਆ, ਧੋਤੀ ਨਾ ਖੋਲ੍ਹ, ਧੋਤੀ ਨਾ ਖੋਲ੍ਹ, ਓਧਰ ਅੱਗ ਦੀ ਨਾਲ ਸੰਤੀ ਤੁਰੀ ਆਉਂਦੀ ਬੁੜੀ। ਕੁਪੱਤੀ ਆ ਤੇ ਗਲ ਪੈ ਜੂ ਬਈ ਭਾਨਾ ਨੰਗਾ ਹੋਈ ਫਿਰਦਾ।”
“ਸਾਲਿਓ ਕਿੱਦਾਂ ਗਲ ਪੈ ਜੂ, ਥੱਲੇ ਕਛਿਹਰੈ।”
“ਫੇਰ ਤੈਂ ਸਾਨੂੰ ਕਛਿਹਰਾ ਦਿਖਾਉਣਾ?”
“ਆਹੋ।”
ਕਛਿਹਰਾ ਵੇਖ ਕੇ ਸਾਰੇ ਹੱਸ ਹੱਸ ਲੋਟ ਪੋਟ ਹੋ ਗਏ। ਮਾਸਟਰ ਕਹੇ ਬਈ ਅੱਜ ਲਾ ਗਿਆ ਭਾਨਾ ਸਾਰਿਆਂ ‘ਤੇ ਸੀਪ ਬਈ। ਸਾਲੇ ਨੇ ਗੋਡਿਆਂ ਤੱਕ ਕਛਿਹਰਾ ਪਾਇਆ, ਦੋ ਝੰਡੀਆਂ ਦਾ ਬਣਾਇਆ, ਪਿੱਛੇ ਚੋਣ ਨਿਸ਼ਾਨ ਹੋਰ, ਮੂਹਰੇ ਹੋਰ।
…ਤੇ ਹੱਸਦਿਆਂ ਸੱਥ ਵਿਛੜ ਗਈ।