ਚੋਣਾਂ: ਕੁਰਬਾਨੀ ਅਤੇ ਸੇਵਾ ਦੀ ਰਟ ਰੈਟਰਿਕ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਪੰਜਾਬ ‘ਚ ਸਿੱਖ ਆਵਾਮ ਸਿਆਸਤ ਵਿਚ ਹਰ ਵਕਤ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦਾ ਹੈ।
ਗੁਰੂ ਸਾਹਿਬਾਨ ਨੇ ਤਾਂ ਹਰ ਵਕਤ ਜਾਗਦੇ ਰਹਿਣ ਦੀ ਸਿੱਖਿਆ ਦਿੱਤੀ ਸੀ, ਹਰ ਫੈਸਲਾ ਸੋਚ ਸਮਝ ਕੇ ਕਰਨ ਦੀ ਨਸੀਹਤ ਕਰਦਿਆਂ, ਅਨੋਭੜ ਕਿਸਮ ਦੀ ਭਾਵੁਕਤਾ ਤੋਂ ਹਮੇਸ਼ਾ ਪਰਹੇਜ਼ ਕਰਨ ਦੀ ਹਦਾਇਤ ਕੀਤੀ ਸੀ।

ਦਸਮ ਪਾਤਸ਼ਾਹ ਦਾ ਫੁਰਮਾਨ ਹੈ, “ਪੂਰਨ ਜੋਤਿ ਜਗੈ ਘਟ ਮੈਂ ਤਬ ਖਾਲਸ ਤਾਹਿ ਨਖਾਲਸ ਜਾਨੈ॥” ਭਾਵ ਇਨਸਾਨ ਨੂੰ ਜਦੋਂ ਪੂਰਨ ਗਿਆਨ ਹੁੰਦਾ ਹੈ ਤਾਂ ਹੀ ਉਸ ਨੂੰ ਠੀਕ ਦੀ ਸੋਝੀ ਹੁੰਦੀ ਹੈ ਅਤੇ ਤਾਂ ਹੀ ਉਸ ਨੂੰ ਗਲਤ ਦਾ ਪਤਾ ਲੱਗਦਾ ਹੈ। ਗਿਆਨ ਵਿਹੂਣਾ ਬੰਦਾ ਹਰ ਸਮੇਂ ਗਲਤੀ ਕਰਦਾ ਹੈ ਤੇ ਹਰ ਵਕਤ ਪਛਤਾਉਂਦਾ ਹੈ, ਕਿਉਂਕਿ ਉਹ ਹਮੇਸ਼ਾ ਭਲੇ ਨੂੰ ਬੁਰਾ ਸਮਝ ਬੈਠਦਾ ਹੈ ਤੇ ਬੁਰੇ ਨੂੰ ਭਲਾ ਅਨੁਮਾਨ ਲੈਂਦਾ ਹੈ।
ਪਹਿਲਾਂ ਅਸੀਂ ਮਿਸਲਾਂ ਵੇਲੇ ਠੱਗੇ ਗਏ; ਰਣਜੀਤ ਸਿੰਘ ਵੇਲੇ ਫਿਰ ਠੱਗੇ ਗਏ। ਸੰਤਾਲੀ ‘ਚ ਵੀ ਉਹੀ ਗੱਲ ਹੋਈ ਤੇ ਉਸ ਪਿਛੋਂ ਵੀ ਉਹੀ ਗੱਲ ਵਾਰ ਵਾਰ ਵਾਪਰ ਰਹੀ ਹੈ। ਠੱਗੀ ਠੋਰੀ ਸਾਡੀ ਸਿਆਸਤ ਹੋ ਗਈ ਹੈ।
ਦਸਮ ਪਾਤਸ਼ਾਹ ਨੇ ਆਦੇਸ਼ ਕੀਤਾ ਸੀ, “ਬਾਲ ਬਿਰਧ ਸਭ ਕੋਊ ਪਠਾਵਾ॥ ਅਣਪੜ੍ਹ ਕੋਊ ਰਹਿਣ ਨ ਪਾਵਾ॥” ਗੁਰੂ ਸਾਹਿਬ ਨੇ ਸਿੱਖਿਆ ਦੇ ਮਹਾਂ ਅਭਿਆਨ ਦਾ ਆਗਾਜ਼ ਕੀਤਾ ਸੀ; ਪਰ ਅਸੀਂ ਪੜ੍ਹਾਈ ਲਿਖਾਈ ਨੂੰ ਤਰਜੀਹ ਨਹੀਂ ਦੇ ਸਕੇ। ਇਹੀ ਕਾਰਨ ਸੀ ਕਿ ਤਮਾਮ ਮਿਸਲਾਂ ਦਾ ਲੱਕ ਤੋੜ ਕੇ, ਇੱਕ ਕੋਰਾ ਚਿੱਟਾ ਅਨਪੜ੍ਹ ਬੰਦਾ ਖਾਲਸਾ ਰਾਜ ਦਾ ਮਾਲਕ ਬਣ ਬੈਠਾ ਤੇ ਹਰੀ ਸਿੰਘ ਨਲੂਏ ਜਿਹੇ ਸਮਰੱਥ ਵਿਦਵਾਨ ਅਤੇ ਲਹਿਣਾ ਸਿੰਘ ਮਜੀਠੀਏ ਜਿਹੇ ਅਕਲ ਦੇ ਕੋਟ ਨੂੰ ਵੀ ਉਸ ਦੇ ਥੱਲੇ ਲੱਗਣਾ ਪਿਆ। ਥੱਲੇ ਵੀ ਇੱਥੋਂ ਤੱਕ ਕਿ ਸ਼ ਨਲੂਏ ਨੂੰ ਤਾਂ ਆਪਣੀ ਜਾਨ ਤੋਂ ਹੀ ਹੱਥ ਧੋਣੇ ਪਏ ਤੇ ਲਹਿਣਾ ਸਿੰਘ ਵਿਚਾਰਾ ਹਰਿਦੁਆਰ ਦਾ ਓਟ ਆਸਰਾ ਲੈ ਕੇ ਕੇਵਲ ਆਪਣੀ ਜਾਨ ਬਚਾ ਸਕਿਆ।
ਕੀ ਕਾਰਨ ਸੀ ਕਿ ਸੰਤਾਲੀ ਵਿਚ ਔਕਸਬ੍ਰਿਜੀਅਨ ਗੋਰਿਆਂ ਨਾਲ ਤਾਲਮੇਲ ਅਤੇ ਗੱਲਬਾਤ ਕਰਨ ਲਈ ਬਾਹਰਲੀਆਂ ਯੂਨੀਵਰਸਿਟੀਆਂ ਵਿਚੋਂ ਗੋਰਿਆਂ ਦੀ ਟੱਕਰ ਦੀ ਵਿਦਿਆ ਹਾਸਲ ਕਰਨ ਵਾਲੇ-ਜਿਨਾਹ, ਗਾਂਧੀ ਅਤੇ ਨਹਿਰੂ ਦੇ ਮੁਕਾਬਲੇ ਸਾਡੇ ਨੇਤਾ ਅਸਲੋਂ ਹੀ ਅਨਪੜ੍ਹ ਅਤੇ ਲੋਲ੍ਹੇ ਸਨ? ਅਸੀਂ ਆਪਣੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰ. ਤੇਜਾ ਸਿੰਘ, ਭਾਈ ਧਰਮਾਨੰਤ ਸਿੰਘ, ਡਾ. ਮੋਹਣ ਸਿੰਘ ਦੀਵਾਨਾ ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦੀਆਂ ਸੇਵਾਵਾਂ ਕਿਉਂ ਨਾ ਹਾਸਲ ਕਰ ਸਕੇ?
ਸੋਚਣਾ ਬਣਦਾ ਹੈ ਕਿ ਉਹ ਕਿਹੜੇ ਕਾਰਨ ਸਨ ਤੇ ਹਨ, ਜਿਨ੍ਹਾਂ ਕਰਕੇ ਅਨਪੜ੍ਹ ਤੇ ਲੋਲ੍ਹੜ ਬੰਦੇ ਹਮੇਸ਼ਾ ਹੀ ਸਿੱਖ ਸਿਆਸਤ ‘ਤੇ ਛਾਏ ਰਹਿੰਦੇ ਹਨ? ਬੇਸ਼ੱਕ ਇਹ ਸਵਾਲ ਕਿਸੇ ਨੂੰ ਦਿਲਚਸਪ ਲੱਗਦੇ ਹੋਣ, ਪਰ ਇਨ੍ਹਾਂ ਦੇ ਜਵਾਬ ਬੜੇ ਹੀ ਦੁਖਦਾਈ ਹਨ।
ਮੇਰੀ ਸਮਝ ਮੁਤਾਬਕ ਇਨ੍ਹਾਂ ਸਵਾਲਾਂ ਦਾ ਜਵਾਬ ਇਹ ਹੈ ਕਿ ਅਸੀਂ ਗਿਆਨ ਦੀ ਲੋੜ ਵਾਲੇ ਫੈਸਲੇ ਵੀ ਸ਼ਾਤਰ ਕਿਸਮ ਦੀ ਉਪਭਾਵੁਕਤਾ ਵਿਚ ਆ ਕੇ ਕਰਦੇ ਹਾਂ। ਕਈ ਕਿਸਮ ਦੇ ਵੇਲਾ ਵਿਹਾ ਚੁਕੇ ਰਾਗ, ਰਟ ਅਤੇ ਰੈਟਰਿਕ ਸਾਨੂੰ ਸਹੀ ਫੈਸਲੇ ਨਹੀਂ ਕਰਨ ਦਿੰਦੇ। ‘ਸੇਵਾ’ ਅਤੇ ‘ਕੁਰਬਾਨੀ’ ਦੋ ਅਜਿਹੇ ਰਾਗ ਹਨ, ਜਿਨ੍ਹਾਂ ਦੇ ਝਾਂਸੇ ਵਿਚ ਉਲਝ ਉਲਝ ਕੇ ਅਸੀਂ ਲਗਾਤਾਰ ਹਰ ਖੇਤਰ ਵਿਚ ਕੱਖੋਂ ਹੌਲੇ ਹੋ ਰਹੇ ਹਾਂ।
ਕੋਈ ਕਹਿੰਦਾ ਹੈ, ਉਸ ਨੂੰ ਮੁੱਖ ਮੰਤਰੀ ਬਣਾਓ ਕਿਉਂਕਿ ਉਸ ਨੇ ਸਤਾਰਾਂ ਸਾਲ ਜੇਲ੍ਹ ਕੱਟੀ ਹੈ; ਕੋਈ ਕਹਿੰਦਾ ਹੈ, ਉਸ ਨੇ ਨੌਕਰੀ ਛੱਡੀ ਹੈ; ਕੋਈ ਕਹਿੰਦਾ ਹੈ, ਉਸ ਦਾ ਭਾਈ ਸ਼ਹੀਦ ਹੋਇਆ ਹੈ; ਕੋਈ ਕਹਿੰਦਾ ਹੈ, ਉਸ ਦਾ ਪੁੱਤ ਸ਼ਹੀਦ ਹੋਇਆ ਹੈ; ਕੋਈ ਕਹਿੰਦਾ ਹੈ, ਉਸ ਦਾ ਪਿਤਾ ਸ਼ਹੀਦ ਹੋਇਆ ਹੈ; ਕੋਈ ਕਹਿੰਦੀ ਹੈ, ਉਸ ਦਾ ਪਤੀ ਸ਼ਹੀਦ ਹੋਇਆ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਵੱਡੀਆਂ ਛੋਟੀਆਂ ਕੁਰਸੀਆਂ ‘ਤੇ ਬਿਰਾਜਮਾਨ ਕਰ ਕਰ ਕੇ ਦੇਖ ਚੁਕੇ ਹਾਂ। ਸ਼ਹੀਦਾਂ ਦੇ ਸਕੇ ਕੁਰਸੀ ਮਿਲਦੇ ਸਾਰ ਹੀ ਸ਼ਹੀਦਾਂ ਦੇ ਸਿਰਤਾਜ ਅਤੇ ਸਰਬੰਸਦਾਨੀ ਵੱਲ ਪਿੱਠ ਕਰ ਲੈਂਦੇ ਹਨ ਤੇ ਆਪਣੀ ਉਦਰ ਪੂਰਤੀ ‘ਚ ਜੁਟ ਜਾਂਦੇ ਹਨ।
ਕਿਉਂ ਨਹੀਂ ਅਸੀਂ ਇਨ੍ਹਾਂ ਵੋਟ ਬਟੋਰੂ ਲਾਰਿਆਂ ਅਤੇ ਨਾਅਰਿਆਂ ਤੋਂ ਬਾਜ ਆਉਂਦੇ? ਕਿਉਂ ਅਸੀਂ ਵਾਰ ਵਾਰ ਉਸੇ ਰੈਟਰਿਕ ਦੇ ਸ਼ਿਕਾਰ ਹੋਈ ਜਾ ਰਹੇ ਹਾਂ? ਕਿਉਂ ਅਸੀਂ ਅਕਲ ਤੋਂ ਕੰਮ ਨਹੀਂ ਲੈਂਦੇ?
ਪਿਛਲੀ ਚੋਣ ਸਮੇਂ ਖਡੂਰ ਸਾਹਿਬ ਤੋਂ ਚੋਣ ‘ਖੇਲਣ’ ਵਾਲੇ ਬੇਹੱਦ ਸੁਲਝੇ ਹੋਏ ਅਤੇ ਦਾਨਿਸ਼ਵਰ ਕਿਸਮ ਦੇ ਇਨਸਾਨ ਦੇ ਹੱਕ ਵਿਚ ਸਾਡੀ ਸਿੱਖੀ ਅਤੇ ਪੰਥਕ ਜਜ਼ਬਾ ਪਤਾ ਨਹੀਂ ਕਿੱਥੇ ਗੁਆਚ ਗਿਆ ਸੀ! ਕਿਉਂ ਅਜੋਕਾ ਕੋਈ ਵੀ ਕੱਦਾਵਰ ਵਿਦਵਾਨ ਸਾਡੀ ਸਿਆਸਤ ਨੂੰ ਕਤਈ ਪਰਵਾਨ ਨਹੀਂ ਹੁੰਦਾ? ਕਿਉਂ ਕੜਛੀ ਮਾਸਟਰ ਦਾਲ ਸਪੈਸ਼ਲਿਸਟਾਂ ਦਾ ਹੀ ਚਾਰੇ ਪਾਸੇ ਬੋਲਬਾਲਾ ਹੈ?
ਜਿੰਨੇ ਇਹ ਸਵਾਲ ਦੁਖਦਾਇਕ ਹਨ, ਇਨ੍ਹਾਂ ਦੇ ਜਵਾਬ ਉਸ ਤੋਂ ਵੀ ਵੱਧ ਦੁਖਦਾਇਕ ਹਨ। ਕੁਰਬਾਨੀ ਕਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਮਾਇਆ ਨਾਲ ਮਾਲੋਮਾਲ ਕਰ ਕੇ ਘਰੇ ਬਹਾਲ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ। ਸਿਆਸਤ ਵਿਚ ਲਿਆਕਤ ਜਰੂਰੀ ਹੈ, ਰਿਸ਼ਤੇਦਾਰੀ ਨਹੀਂ। ਕਿਸੇ ਕੁਰਬਾਨੀ ਵਾਲੇ ਦੀ ਭੂਆ, ਭਾਈ, ਪੁੱਤ, ਪਿਤਾ ਜਾਂ ਪਤਨੀ ਹੋਣਾ ਹੀ ਸਮਾਜ ਦੇ ਵੱਡੇ ਸੇਵਾਦਾਰ ਹੋਣ ਦੀ ਨਿਸ਼ਾਨੀ ਨਹੀਂ ਹੈ ਤੇ ਨਾ ਹੀ ਸਿਆਸੀ ਟਿਕਟ ਦਾ ਲਾਇਸੈਂਸ ਹੈ। ਕੋਈ ਪੁੱਛੇ, ਉਹ ਕਿਹੜੀ ਸੇਵਾ ਹੈ, ਜੋ ਝੰਡੀ ਵਾਲੀ ਕਾਰ ‘ਚ ਬਹਿ ਕੇ ਹੀ ਹੋ ਸਕਦੀ ਹੈ?
ਕਿਸੇ ਦੀ ਸੇਵਾ ਦਾ ਹਿਸਾਬ ਲਾਉਣ ਲਈ ਭਾਈ ਮੰਝ ਦੀ ਸੇਵਾ ਚੇਤੇ ਕਰ ਲੈਣੀ ਚਾਹੀਦੀ ਹੈ, ਜੋ ਗੁਰੂ ਕੇ ਲੰਗਰ ਲਈ ਬਾਲਣ ਲਿਆਉਣ ਦੀ ਸੇਵਾ ਕਰਦੇ ਸਨ। ਪੰਚਮ ਪਾਤਸ਼ਾਹ ਨੇ ਪੁੱਛਿਆ, “ਭਾਈ ਜੀ ਕੀ ਕਰਦੇ ਹੋ?” ਜਵਾਬ ਮਿਲਿਆ, “ਜੀ ਬਾਲਣ ਲਿਆਉਣ ਦੀ ਸੇਵਾ ਕਰਦਾ ਹਾਂ।” ਪਾਤਸ਼ਾਹ ਨੇ ਪੁੱਛਿਆ, “ਪ੍ਰਸ਼ਾਦਾ ਪਾਣੀ ਕਿੱਥੇ ਛਕਦੇ ਹੋ?” ਭਾਈ ਮੰਝ ਕਹਿਣ ਲੱਗੇ, “ਜੀ ਗੁਰੂ ਕੇ ਲੰਗਰ ਵਿਖੇ।” ਗੁਰੂ ਸਾਹਿਬ ਮੁਸਕਰਾ ਪਏ ਤੇ ਆਖਿਆ, “ਅੱਛਾ, ਸੇਵਾ ਦਾ ਹਿਸਾਬ ਨਾਲ ਦੀ ਨਾਲ ਚੁਕਤਾ ਕਰੀ ਜਾਂਦੇ ਹੋ।” ਕਹਿੰਦੇ ਹਨ, ਇਸ ਉਪਰੰਤ ਭਾਈ ਮੰਝ ਨੇ ਲੰਗਰ ਵਿਚ ਪ੍ਰਸ਼ਾਦਾ ਪਾਣੀ ਛਕਣਾ ਬੰਦ ਕਰ ਦਿੱਤਾ ਤੇ ਬਾਲਣ ਲਿਆਉਣ ਦੀ ਸੇਵਾ ਉਸੇ ਭਾਵਨਾ, ਤਰੀਕੇ ਅਤੇ ਸਲੀਕੇ ਨਾਲ ਜਾਰੀ ਰੱਖੀ।
ਜੇ ਕੁਰਬਾਨੀਆਂ ਦਾ ਹਿਸਾਬ ਲਾਉਣਾ ਹੋਵੇ ਤਾਂ ਬੀਬੀ ਭਾਨੀ ਦੇ ਪਰਿਵਾਰ ਤੋਂ ਵੱਧ ਕਿਸ ਦੀ ਕੁਰਬਾਨੀ ਹੋ ਸਕਦੀ ਹੈ? ਫਿਰ ਤਾਂ ਉਸ ਦੇ ਪਰਿਵਾਰ ਤੋਂ ਬਿਨਾ ਕੋਈ ਹੋਰ ਕਿਸੇ ਵੀ ਅਹੁਦੇ ਦਾ ਹੱਕਦਾਰ ਹੀ ਨਹੀਂ ਹੈ। ਫਿਰ ਕੀ ਕਾਰਨ ਹੈ ਕਿ ਅੱਜ ਤੱਕ ਬੀਬੀ ਭਾਨੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਾ ਹੀ ਕਦੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਹੈ ਤੇ ਨਾ ਹੀ ਸਕੱਤਰ; ਨਾ ਕੋਈ ਅਕਾਲੀ ਦਲ ਦਾ ਪ੍ਰਧਾਨ ਬਣਿਆ, ਨਾ ਮੁੱਖ ਮੰਤਰੀ, ਨਾ ਡਿਪਟੀ ਮੁੱਖ ਮੰਤਰੀ ਤੇ ਨਾ ਖਜਾਨਾ ਮੰਤਰੀ। ਬੀਬੀ ਭਾਨੀ ਦਾ ਪਰਿਵਾਰਕ ਮੈਂਬਰ ਤਾਂ ਸ਼ਾਇਦ ਹੀ ਕਿਤੇ ਸਰਪੰਚ ਵੀ ਹੋਵੇ।
ਸਾਨੂੰ ਨਾ ਸੇਵਾ ਦਾ ਪਤਾ ਹੈ, ਨਾ ਕੁਰਬਾਨੀ ਦਾ; ਅਸੀਂ ਚੌਧਰਪੁਣੇ ਨੂੰ ਹੀ ਸੇਵਾ ਸਮਝਦੇ ਹਾਂ ਤੇ ਘੜੰਮ ਚੌਧਰੀਆਂ ਨੂੰ ਵੱਡੇ ਸੇਵਾਦਾਰ। ‘ਰਾਜ ਨਹੀਂ ਸੇਵਾ’ ਸਾਡੇ ਸਮਿਆਂ ਦਾ ਸਭ ਤੋਂ ਵੱਡਾ, ਅਸਲ ਅਤੇ ਖਤਰਨਾਕ ਚੁਟਕਲਾ ਹੈ।
ਸੇਵਾਦਾਰ ਦੀ ਅਸਲ ਪਛਾਣ ਇਹ ਹੁੰਦੀ ਹੈ ਕਿ ਉਸ ਵਿਚ ਕੁਰਬਾਨੀ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ; ਉਹ ਆਪ ਪਿੱਛੇ ਰਹਿਣਾ ਪਸੰਦ ਕਰਦਾ ਹੈ ਤੇ ਦੂਜਿਆਂ ਨੂੰ ਅੱਗੇ ਕਰਦਾ ਹੈ। ਦੂਜਿਆਂ ਨੂੰ ਪਿੱਛੇ ਧੱਕ ਕੇ ਆਪ ਅੱਗੇ ਹੋਣਾ ਨਾ ਕੁਰਬਾਨੀ ਹੈ ਤੇ ਨਾ ਸੇਵਾ। ਅਜਿਹੀ ਸੇਵਾ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਪ, ਬੇਟੇ ਅਤੇ ਬਹੂ ਦੀ ਤਿੱਕੜੀ ਤੱਕ ਮਹਿਦੂਦ ਕਰ ਦਿੱਤਾ ਹੈ; ਤਿੱਕੜੀ ਤੇ ਤੱਕੜੀ ‘ਚ ਸਿਰਫ ਸਿਹਾਰੀ ਦਾ ਹੀ ਫਰਕ ਰਹਿ ਗਿਆ ਹੈ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਇਹ ਪੰਜਾਬੀ ਤਿੱਕੜੀ ਦਿੱਲੀ ਵਾਲੀ ਮਾਂ, ਪੁੱਤ ਅਤੇ ਧੀ ਦੀ ਤਿੱਕੜੀ ਦਾ ਹੱਦੋਂ ਵੱਧ ਵਿਰੋਧ ਕਰਦੀ ਹੈ!
ਮੁੱਦੇ ਦੀ ਗੱਲ ਇਹ ਹੈ ਕਿ ਹੋਣ ਵਾਲੀ ਚੋਣ ਵਿਚ ਆਪਣੀ ਮੱਤ ਕਿਸ ਨੂੰ ਅਰਪਣ ਕੀਤੀ ਜਾਵੇ। ਮੱਤ ਦਾ ਅਰਥ ਹੈ, ਅਕਲ। ਜੋ ਵੀ ਕੋਈ ਆਪਣੇ ਫੈਸਲੇ ਆਪਣੀ ਅਕਲ ਅਨੁਸਾਰ ਨਹੀਂ ਕਰਦਾ, ਸਗੋਂ ਕਿਸੇ ਦੇ ਕਹਿਣ ‘ਤੇ ਕਰਦਾ ਹੈ, ਉਹ ਵਿਅਕਤੀ ਅਕਲਮੰਦ ਨਹੀਂ ਕਿਹਾ ਜਾ ਸਕਦਾ। ਅਸੀਂ ਆਪਣੇ ਮੱਤ ਅਧਿਕਾਰ ਦੀ ਵਰਤੋਂ ਆਪਣੀ ਮੱਤ ਅਨੁਸਾਰ ਨਹੀਂ ਕਰਦੇ। ਜਾਤੀ, ਖੇਤਰ ਅਤੇ ਬੋਲੀ ਦੇ ਭਾਵ ਸਾਡੀ ਅਕਲ ‘ਤੇ ਪਰਦਾ ਤਾਣ ਲੈਂਦੇ ਹਨ ਤੇ ਅਸੀਂ ਹਰ ਵਾਰ ਠੱਗੇ ਜਾਂਦੇ ਹਾਂ ਜਾਂ ਲੁੱਟੇ ਜਾਂਦੇ ਹਾਂ, ਤੇ ਅੰਤ ਹੱਥ ਮਲਦੇ ਰਹਿ ਜਾਂਦੇ ਹਾਂ।
ਖੁਸ਼ਵੰਤ ਸਿੰਘ ਨੇ 1957 ਵਿਚ ‘ਦਾ ਵਾਇਸ ਆਫ ਗੌਡ’ ਕਹਾਣੀ ਲਿਖੀ ਸੀ, ਜਿਸ ਵਿਚ ਉਸ ਨੇ ਬੜੇ ਹੀ ਭਾਵਪੂਰਤ ਅਤੇ ਵਿਅੰਗਮਈ ਅੰਦਾਜ਼ ਵਿਚ ਵੋਟ ਅਤੇ ਚੋਣਤੰਤਰ ਦੇ ਪ੍ਰਤੱਖ ਦਰਸ਼ਨ ਕਰਵਾ ਦਿੱਤੇ ਸਨ।
ਕਿਵੇਂ ਸਾਡੇ ‘ਅੰਨ ਦਾਤੇ’ ਚੋਣ ਪ੍ਰਚਾਰ ਦੌਰਾਨ ਝੂਟੇ ਕਿਸੇ ਹੋਰ ਦੀ ਕਾਰ ‘ਚ ਲੈਂਦੇ ਹਨ, ਦਾਰੂ ਕਿਸੇ ਹੋਰ ਦੀ ਪੀਂਦੇ ਹਨ, ਲਾਰੇ ਕਿਸੇ ਹੋਰ ਨੂੰ ਲਾਉਂਦੇ ਹਨ, ਵਾਅਦੇ ਕਿਸੇ ਹੋਰ ਨਾਲ ਕਰਦੇ ਹਨ, ਕਸਮਾਂ ਕਿਤੇ ਹੋਰ ਖਾਂਦੇ ਹਨ ਤੇ ਅਖੀਰ ਵੋਟ ਪਾਉਂਦੇ ਹਨ, ਕੁਣਬੇ ਦੇ ਸਭ ਤੋਂ ਭ੍ਰਿਸ਼ਟ ਬੰਦੇ ਨੂੰ। ਸਾਡੇ ਵੋਟਤੰਤਰ ਵਿਚ ਭ੍ਰਿਸ਼ਟਾਚਾਰ ਦਾ ਅੰਨ੍ਹਾ ਬੋਲਬਾਲਾ ਹੈ।
‘ਕੁਰਬਾਨੀਆਂ’ ਤੇ ‘ਸੇਵਾ’ ਸਾਡੇ ਸਮਿਆਂ ਦੇ ਬਹੁਤ ਵੱਡੇ ਫਰੇਬ ਭਰਪੂਰ ਮਜ਼ਾਕ ਬਣੇ ਹੋਏ ਹਨ। ਆਓ, ਆਪਾਂ ਆਪਣੇ ਮੱਤ ਦੀ ਆਪਣੀ ਅਕਲ ਅਨੁਸਾਰ ਵਰਤੋਂ ਕਰਨੀ ਸਿੱਖੀਏ ਅਤੇ ਦੇਸ਼ ਵਿਚ ਨਵੇਂ ਤੇ ਸਵੱਛ ਸਿਆਸੀ ਸੱਭਿਆਚਾਰਕ ਵਾਤਾਵਰਣ ਦੀ ਸਿਰਜਣਾ ਦਾ ਮੁੱਢ ਬੰਨ੍ਹੀਏ।