ਕੋਈ ਜਮਾਨਾ ਸੀ, ਜਦੋਂ ਪੰਜਾਬ ਹਰਿਆ-ਭਰਿਆ ਸੀ। ਹਰ ਪਿੰਡ ਦੀ ਜੂਹ ਵਿਚ ਪਿੱਪਲ, ਬੋਹੜ ਤੇ ਨਿੰਮ ਦੇ ਦਰਖਤ ਹੋਇਆ ਕਰਦੇ ਸਨ। ਜੰਗਲ ਹੁੰਦੇ ਸਨ। ਤੜਕਸਾਰ ਚਿੜੀਆਂ ਚੂਹਕਦੀਆਂ। ਹਰੇ ਇਨਕਲਾਬ ਦੀ ਅਜਿਹੀ ਹਵਾ ਵਗੀ ਕਿ ਨਾ ਪਿੱਪਲ ਰਹੇ, ਨਾ ਬੋਹੜ ਤੇ ਨਾ ਨਿੰਮਾਂ। ਵਣ, ਕਰੀਰ, ਲਸੂੜੇ ਜਿਹੇ ਕਈ ਰੁੱਖ-ਬੂਟੇ ਤਾਂ ਜਿਵੇਂ ਅਲੋਪ ਹੀ ਹੋ ਗਏ। ਇਨ੍ਹਾਂ ਦੇ ਨਾਲ ਹੀ ਅਲੋਪ ਹੋ ਗਏ ਚਿੜੀਆਂ, ਕਬੂਤਰ ਤੇ ਇੱਲਾਂ।
ਇਸੇ ਵਰਤਾਰੇ ‘ਤੇ ਲੇਖਕ ਨੇ ਇਸ ਲੇਖ ਵਿਚ ਦੁੱਖ ਪ੍ਰਗਟਾਇਆ ਹੈ, “ਯਾ ਖੁਦਾਇਆ! ਹੇ ਵਾਹਿਗੁਰੂ! ਕੈਸਾ ਸਰਾਪ ਪੈ ਗਿਆ, ਇਨ੍ਹਾਂ ਪੰਜਾਬੀਆਂ ਨੂੰ? ਕੀ ਇਹ ਉਹੀ ਪੰਜਾਬੀ ਹਨ, ਜੋ ਰਾਤ ਨੂੰ ਰੁੱਖਾਂ ਦਾ ਪੱਤਾ ਵੀ ਨਹੀਂ ਸਨ ਤੋੜਦੇ ਕਿ ਰੁੱਖ ਸੁੱਤਾ ਪਿਆ ਹੈ ਤੇ ਇਹਦੀ ਕਿਤੇ ਨੀਂਦ ਨਾ ਖਰਾਬ ਹੋ ਜਾਵੇ।” -ਸੰਪਾਦਕ
ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-97798-53245
ਮੈਂ ਪੰਛੀ ਹਾਂ। ਜੀ ਹਾਂ, ਮੈਂ ਇਸ ‘ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਓ’ ਦਾ ਰਹਿਣ ਵਾਲ ਬੁੱਢਾ ਹੋ ਚੁਕਾ ਪੰਛੀ ਹਾਂ। ਲੰਮੀ ਉਮਰ ਹੰਢਾ ਚੁਕਾ ਹਾਂ। ਦੇਸ਼ ਪੰਜਾਬ ਕਹਿਣ ਨੂੰ ਭਾਵੇਂ ਬਹੁਤ ਵਿਸ਼ਾਲ ਸੂਬਾ ਨਹੀਂ, ਪਰ ਅਨੇਕਾਂ ਕਿਸਮ ਦੇ ਪੰਛੀ ਸਦੀਆਂ ਤੋਂ ਇਸ ਦੇ ਵਾਸੀ ਰਹੇ ਹਨ। ਯੁੱਗਾਂ-ਯੁਗਾਂਤਰਾਂ ਤੋਂ ਅਸੀਂ ਇਸ ਪੰਜਾਬ ਦੀਆਂ ਖੁੱਲ੍ਹੀਆਂ ਫਿਜ਼ਾਵਾਂ ਵਿਚ ਕਾਦਰ ਦੀ ਕੁਦਰਤ ਦੇ ਰੰਗ ਮਾਣਦੇ ਰਹੇ ਹਾਂ। ਇਥੋਂ ਦੀ ਆਬੋ-ਹਵਾ, ਇਥੋਂ ਦਾ ਅੰਨ-ਪਾਣੀ, ਇਥੋਂ ਦੇ ਲੋਕਾਂ ਦਾ ਪਿਆਰ ਪਰਦੇਸੀਆਂ ਨੂੰ ਵੀ ਇਥੇ ਹੀ ਰਹਿ ਜਾਣ ਨੂੰ ਮਜਬੂਰ ਕਰ ਦਿੰਦਾ ਹੁੰਦਾ ਸੀ। ਕਈ ਪੰਛੀ ਇਥੇ ਦੂਰੋਂ ਦੂਰੋਂ ਹਿਜਰਤ ਕਰਕੇ ਆਉਂਦੇ, ਫਿਰ ਇਥੇ ਹੀ ਰਹਿ ਜਾਂਦੇ ਜਾਂ ਰਹਿ ਜਾਣਾ ਲੋਚਦੇ। ਚੰਗੇ ਸਨ ਉਹ ਦਿਹਾੜੇ; ਪੰਜਾਬੀਆਂ ਦੀ ਨੇਕ ਦਿਲੀ ਅਤੇ ਫਿਰਾਖਦਿਲੀ ਚੌਹੀਂ ਕੂੰਟੀਂ ਮਸ਼ਹੂਰ ਸੀ।
ਪੰਜਾਬ ਐਸਾ ਸੂਬਾ ਸੀ, ਜਿੱਥੇ ਮਾਨਸ, ਪਸੂ, ਪੰਛੀ-ਸਭ ਇਕੋ ਰੂਹ ਦੇ ਨਿਵਾਜ਼ੇ ਸਮਝੇ ਜਾਂਦੇ ਸਨ। ਬੜੀ ਗੱਲ ਹੁੰਦੀ ਸੀ ਸਾਡੀ, ਉਸ ਪੰਜਾਬ ਵਿਚ। ਬਚਪਨ ਦੀ ਹਰ ਕਹਾਣੀ ‘ਇੱਕ ਸੀ ਚਿੜੀ ਤੇ ਇਕ ਸੀ ਕਾਂ’ ਨਾਲ ਸ਼ੁਰੂ ਹੁੰਦੀ ਸੀ। ਕੋਈ ਪੰਜਾਬਣ ਮਾਂ ਆਪਣੇ ਛੋਟੇ ਬੱਚੇ ਨੂੰ ਖਿਡਾਉਂਦਿਆਂ ਸਾਡੀ ਮਾਂ ਨਾਲ ਜਜ਼ਬਾਤੀ ਸਾਂਝ ਪਾਉਂਦੀ ਤੇ ਗਾਉਂਦੀ,
ਟਾਹਲੀ ਮੇਰੇ ਬੱਚੜੇ, ਲੱਕ ਟੁਣੂੰ ਟੁਣੂੰ
ਮੀਂਹ ਪਿਆ ਭਿੱਜ ਜਾਣਗੇ, ਲੱਕ ਟੁਣੂੰ ਟੁਣੂੰ
ਹਵਾ ਆਈ ਉਡ ਜਾਣਗੇ, ਲੱਕ ਟੁਣੂੰ ਟੁਣੂੰ
ਮੀਂਹ ਪਿਆ ਭਿੱਜ ਜਾਣਗੇ, ਲੱਕ ਟੁਣੂੰ ਟੁਣੂੰ।
ਉਸ ਪੰਜਾਬ ਵਿਚ ਸਾਡੇ ਨਾਲ ਬੱਚਿਆਂ ਦਾ, ਨੌਜਵਾਨਾਂ ਦਾ, ਬੁੱਢਿਆਂ ਦਾ, ਬੀਬੀਆਂ ਦਾ-ਸਭ ਦਾ ਬਹੁਤ ਪਿਆਰ ਸੀ। ਪੰਜਾਬਣਾਂ ਦਾ ਤਾਂ ਕੀ ਕਹਿਣਾ! ਰੋਟੀ ਪਕਾਉਣ ਲੱਗਦੀਆਂ ਤਾਂ ਪਹਿਲੀ ਰੋਟੀ ਅੱਲ੍ਹਾ ਦਾ ਨਾਂ ਲੈ ਕੇ ਸਾਡੇ ਨਾਂ ਕਰ ਦਿੰਦੀਆਂ। ਸ਼ਾਲਾ ਸੁਖੀ ਵੱਸਣ ਉਹ ਮਾਂਵਾਂ-ਦਾਦੀਆਂ! ਆਪਣੇ ਹੱਥੀਂ ਭੋਰੇ ਕਰ ਕਰ ਕੇ ਸਾਨੂੰ ਪਾਉਂਦੀਆਂ, ਬੱਚਿਆਂ ਵਾਂਗ ਸਾਨੂੰ ਪੁਚਕਾਰਦੀਆਂ ਅਤੇ ਦੁਲਾਰਦੀਆਂ। ਖੂਬ ਤਮਾਸ਼ਾ ਬੱਝਦਾ ਸੀ, ਚੀਂ…ਚੀਂ, ਕਾਂ…ਕਾਂ, ਟੈਂ…ਟੈਂ, ਮੈਂ…ਮੈਂ…ਦਾ। ਪੰਜਾਬਣਾਂ ਨੂੰ ਦਾਣੇ ਛੱਟਦੀਆਂ, ਮੁੰਗਲੀ ਵਾਹੁੰਦੀਆਂ, ਆਟਾ ਗੁੰਨਦੀਆਂ, ਰੋਟੀਆਂ ਲਾਹੁੰਦੀਆਂ ਵੇਖ ਅਸੀਂ ਉਨ੍ਹਾਂ ਦੁਆਲੇ ਇਕੱਠੇ ਹੋ ਜਾਂਦੇ ਅਤੇ ਆਪਣਾ ਬਣਦਾ ਹੱਕ ਦਾਅ ਮਾਰ ਕੇ ਵੀ ਲੈ ਲੈਂਦੇ। ਕਿਸਾਨ ਭਰਾ ਭਾਵੇਂ ਕਈ ਵਾਰ ਸਾਡੇ ਤੋਂ ਖਫਾ ਵੀ ਹੁੰਦੇ, ਪਰ ਅਸੀਂ ਧੱਕੇ ਨਾਲ ਆਪਣਾ ਦਸਵੰਧ ਚੁਰਾ ਲੈਂਦੇ। ਚੰਗੇ ਸਮਿਆਂ ਵਿਚ ਪੰਜਾਬ ਦੇ ਸ਼ਾਇਰ ਵੀ ਸਾਡੇ ਗੀਤ ਗਾਉਂਦੇ ਸਨ,
ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ
ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ।
ਕਈ ਵਾਰ ਤਾਂ ਸ਼ਾਇਰ ਮਨੁੱਖਾ ਜੀਵਨ ਛੱਡ ਕੇ ਸਾਡੇ ਵਰਗੇ ਹੋ ਕੇ ਅੰਬਰੀਂ ਉਚੀਆਂ ਉਡਾਰੀਆਂ ਮਾਰਨੀਆਂ ਲੋਚਦੇ,
ਜੀ ਚਾਹੇ ਪੰਛੀ ਹੋ ਜਾਵਾਂ
ਉਡਦਾ ਜਾਵਾਂ ਗਾਉਂਦਾ ਜਾਵਾਂ
ਅਣ-ਛੁਹ ਸਿਖਰਾਂ ਛੁਹ ਜਾਵਾਂ
ਇਸ ਦੁਨੀਆਂ ਦੀਆਂ ਰਾਹਵਾਂ ਭੁੱਲ ਕੇ
ਫੇਰ ਕਦੇ ਵਾਪਸ ਨਾ ਆਵਾਂ
ਜੀ ਚਾਹੇ ਪੰਛੀ ਹੋ ਜਾਵਾਂ।
ਮਹਾਨ ਗੁਰੂ, ਗੁਰੂ ਨਾਨਕ ਦੇਵ ਜੀ ਦੇ ਤਾਂ ਕਿਆ ਕਹਿਣੇ! ਉਹ ਤਾਂ ਕਾਦਰ ਦੀ ਕੁਦਰਤ ਨਾਲ ਏਨੇ ਇਕਮਿਕ ਅਤੇ ਏਨੇ ਇਕ ਸੁਰ ਸਨ ਕਿ ਉਨ੍ਹਾਂ ਨੇ ਤਾਂ ਬਾਣੀ ਵਿਚ ਵਾਰ ਵਾਰ ਸਾਡਾ ਜ਼ਿਕਰ ਕਰਕੇ ਸਾਡਾ ਰੁਤਬਾ ਬਹੁਤ ਵਧਾ ਦਿੱਤਾ,
ਕੋਕਲ ਹੋਵਾਂ ਅੰਬਿ ਬਸਾ
ਸਹਜਿ ਸਬਦ ਬੀਚਾਰ॥
ਸਹਜਿ ਸੁਭਾਇ ਮੇਰਾ ਸਹੁ ਮਿਲੈ
ਦਰਸਨਿ ਰੂਪਿ ਅਪਾਰੁ॥
ਗੁਰੂ ਨਾਨਕ ਦੇਵ ਜੀ ਤੋਂ ਬਿਨਾ ਦੂਜੇ ਮਹਾਪੁਰਸ਼ਾਂ ਨੇ ਵੀ ਸਾਡੀਆਂ ਤਸ਼ਬੀਹਾਂ ਦੇ ਕੇ ਆਪਣਾ ਸੰਦੇਸ਼ਾ ਸੰਚਾਰਿਆ, ‘ਏਕੋ ਰੂਹ ਸਰਬ ਵਿਆਪਕ’ ਦਾ ਫਲਸਫਾ ਵਿਕਸਿਤ ਕੀਤਾ। ਕਈ ਹਾਵ-ਭਾਵ ਅਤੇ ਅਨੁਭਵ ਮਨੁੱਖਾਂ ਨੂੰ ਸਮਝਾਉਣ ਲਈ ਉਨ੍ਹਾਂ ਆਪਣੀਆਂ ਕ੍ਰਿਤਾਂ ਵਿਚ ਸਾਨੂੰ ਬਿੰਬ ਬਣਾਇਆ,
ਮੈ ਰੋਵੰਦੀ ਸਭ ਜਗ ਰੁੰਨਾ ਰੁੰਨੜੇ ਵਣਹੁ ਪੰਖੇਰੂ॥…
ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ॥
ਥਿਰ ਸੰਗਤਿ ਹਰਿ ਹਰਿ ਧਿਆਇਲੇ॥
ਗੁਰੂਆਂ ਦੀ ਬਾਣੀ ਵਿਚ ਸਾਡੇ ਕਈ ਸਾਥੀਆਂ ਜਿਵੇਂ ਮੋਰ, ਕਊਆ, ਬਗਲਾ, ਚਕੋਰ, ਬਬੀਹਾ, ਚਕਵੀ, ਹੰਸ, ਕੋਇਲ, ਕਾਗ ਆਦਿ ਦਾ ਭਰਵਾਂ ਜ਼ਿਕਰ ਪ੍ਰਤੱਖ ਸਬੂਤ ਹੈ ਕਿ ਅਸੀਂ ਉਨ੍ਹਾਂ ਦੀ ਜੀਵੰਤ ਸੋਚ ਦਾ ਹਿੱਸਾ ਸਾਂ।
ਗੁਰੂ ਗੋਬਿੰਦ ਸਿੰਘ ਜੀ ਤਾਂ ਸਾਡੇ ਪਰਿਵਾਰ ਦੇ ਇੱਕ ਮੈਂਬਰ ਬਾਜ ਨੂੰ ਹਮੇਸ਼ਾ ਆਪਣੇ ਅੰਗ ਸੰਗ ਰੱਖਦੇ ਸਨ। ਕਿਆ ਜ਼ਮਾਨਾ ਸੀ! ਕੋਈ ਪੰਜਾਬਣ ਵਿਯੋਗਣ ਰੁੱਤੇ ਸਾਡੇ ਰਾਹੀਂ ਆਪਣੇ ਪ੍ਰੇਮੀ ਨੂੰ ਸੁਨੇਹੇ ਭੇਜਦੀ ਹੁੰਦੀ ਸੀ,
ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ
ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ।
ਕੋਈ ਮਿੱਤਰਾਂ ਦੇ ਤਿੱਤਰਾਂ ਨੂੰ ਤਲੀਆਂ ‘ਤੇ ਚੋਗ ਚੁਗਾਉਣ ਦੀ ਗੱਲ ਕਰਦੀ, ਤੇ ਕੋਈ ਆਪਣੇ ਪ੍ਰੇਮੀ ਨੂੰ ਚੀਨਾ ਕਬੂਤਰ ਬਣ ਕੇ ਘਰ ਆਲ੍ਹਣਾ ਪਾਉਣ ਦਾ ਸੱਦਾ ਦਿੰਦੀ ਅਤੇ ਕੋਈ ਸੁਨੇਹਾ ਪਹੁੰਚਾਉਣ ਵਾਲੇ ਦੀ ਚੁੰਜ ਨੂੰ ਸੋਨੇ ਨਾਲ ਮੜ੍ਹਾਉਣ ਦੀ ਖਾਹਿਸ਼ ਪ੍ਰਗਟ ਕਰਦੀ।
ਪ੍ਰੰਤੂ ਵੇਂਹਦਿਆਂ ਵੇਂਹਦਿਆਂ ਹੀ ਸਮਿਆਂ ਨੂੰ ਲਾਹਨਤ ਪੈਣੀ ਸ਼ੁਰੂ ਹੋ ਗਈ। ਪੰਜਾਬ ਘੱਟੋ ਘੱਟ ਸਾਡੇ ਲਈ ਤਾਂ ਬੁਰੀ ਤਰ੍ਹਾਂ ਸਰਾਪਿਆ ਗਿਆ। ਪੰਜਾਬੀਆਂ ਦੇ ਬੋਹਲ ਕੀ ਵੱਡੇ ਹੋਣੇ ਸ਼ੁਰੂ ਹੋਏ, ਸਬਰ ਦੇ ਬੰਨ੍ਹ ਟੁੱਟਣੇ ਸ਼ੁਰੂ ਹੋ ਗਏ। ਪੰਜਾਬੀ ਐਸੇ ਨੜਿਨਵੇਂ ਦੇ ਚੱਕਰ ਵਿਚ ਪਏ ਕਿ ਬੁਰੀ ਤਰ੍ਹਾਂ ਦਲਦਲ ਵਿਚ ਫਸੀ ਗਏ। ਚਾਰ ਪੈਸੇ ਆਉਣ ਨਾਲ ਪੰਜਾਬੀਆਂ ਦੇ ਬੱਚੇ ਵੀ ਸਾਡੇ ਗੀਤ ਛੱਡ ਕੇ ਕਿਸੇ ਓਪਰੀ ਭਾਸ਼ਾ ਅਤੇ ਓਪਰੇ ਸਭਿਆਚਾਰ ਦੀਆਂ ਕਵਿਤਾਵਾਂ ਪੜ੍ਹਨ ਲੱਗੇ। ਉਹ ਬੱਚੇ ਜਿਹੜੇ ਪਹਿਲਾਂ ਪੰਛੀਆਂ ਦੇ ਗੀਤ ਗਾਉਂਦੇ ਸਨ, ਬਾਤਾਂ ਪਾਉਂਦੇ ਸਨ, ਦਾਦੀ ਅੰਮਾ ਤੋਂ ‘ਇੱਕ ਸੀ ਚਿੜੀ ਤੇ ਇੱਕ ਸੀ ਕਾਂ’ ਦੀਆਂ ਕਹਾਣੀਆਂ ਸੁਣਦੇ ਸਨ, ਹੁਣ ‘ਪੂਸੀ ਕੈਟ ਪੂਸੀ ਕੈਟ’, ‘ਬਾ ਬਾ ਬਲੈਕ ਸ਼ੀਪ’ ਅਤੇ ‘ਜੈਕ ਐਂਡ ਜਿੱਲ, ਵੈਂਟ ਅੱਪ ਦਾ ਹਿੱਲ’ ਦਾ ਰੱਟਾ ਲਾਉਣ ਲੱਗੇ। ਟੈਲੀਵਿਜ਼ਨ ਨੇ ਉਨ੍ਹਾਂ ਦੇ ਬਚਪਨ ‘ਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਮਾਸੂਮੀਅਤ ਦਾ ਅਤਿ ਲੁਭਾਉਣਾ ਜੀਵਨ ਛੇਤੀ ਛੇਤੀ ਪਾਰ ਕਰਨ ਲੱਗੇ।
ਬਿਜਲੀ ਦੇ ਪੱਖਿਆਂ ਨੇ, ਕੂਲਰਾਂ ਨੇ, ਏਅਰ ਕੰਡੀਸ਼ਨਰਾਂ ਨੇ ਮਨੁੱਖ ਨੂੰ ਦਰਵਾਜਿਓਂ ਅੰਦਰ ਕਰ ਦਿੱਤਾ ਅਤੇ ਸਾਨੂੰ ਬਾਹਰ ਧਕੇਲ ਦਿੱਤਾ। ਸਹਿਹੋਂਦ ਦੀ ਭਾਵਨਾ ਮੁੱਕ ਚੁੱਕ ਗਈ। ਵੇਂਹਦਿਆਂ ਵੇਂਹਦਿਆਂ ਐਸੀ ਚੰਦਰੀ ਹਵਾ ਚੱਲੀ ਕਿ ਅਸੀਂ ਬੇ-ਘਰੇ ਹੋ ਗਏ, ਬੇਗਾਨੇ ਹੋ ਗਏ। ਘਰਾਂ ਵਿਚੋਂ ਤਾਂ ਸਾਨੂੰ ਬਾਹਰ ਕੱਢਿਆ ਹੀ ਗਿਆ ਸੀ, ਅਸੀਂ ਬਾਹਰ ਜੋਗੇ ਵੀ ਨਾ ਰਹੇ। ਸਾਡੀ ਬਹਿਸ਼ਤ ਹੁੰਦਾ ਸੀ ਬਾਗ। ਵੱਧ ਅਨਾਜ ਦੇ ਲਾਲਚ ਵੱਸ ਮਨੁੱਖ ਨੇ ਬਾਗ ਮੁੱਢੋਂ ਪੁਟਵਾ ਦਿੱਤੇ ਅਤੇ ਅਸੀਂ ਬੇਜ਼ੁਬਾਨ ਬਦਨਸੀਬ ਕੇਵਲ ਅਸਮਾਨਾਂ ਵਿਚ ਚੀਕ-ਚਿਹਾੜਾ ਹੀ ਪਾ ਸਕੇ। ਅਸੀਂ ਕਈ ਦਿਨ ਤੇ ਕਈ ਰਾਤਾਂ ਉਨ੍ਹਾਂ ਥਾਂਵਾਂ ਉਤੇ ਘੁੰਮਦੇ ਰਹੇ ਅਤੇ ਆਪਣੇ ਖੁੱਸੇ ਸੰਸਾਰ ਦਾ ਮਾਤਮ ਕਰਦੇ ਰਹੇ।
ਸਾਡਾ ਜਿਉਣਾ ਮੁਹਾਲ ਹੋ ਗਿਆ। ਸੜਕਾਂ ਅਤੇ ਖੇਤਾਂ ਦੇ ਨਾਲ ਲੱਗਦੇ ਰੁੱਖਾਂ ‘ਤੇ ਵੱਸਣਾ ਵੀ ਦੁਸ਼ਵਾਰੀਆਂ ਭਰਿਆ ਹੋ ਗਿਆ। ਆਏ ਦਿਨ ਕਿਸਾਨ ਆਪਣੇ ਖੇਤਾਂ ਨੂੰ ਅੱਗ ਲਾ ਦਿੰਦੇ। ਸਾਡੇ ਕਈ ਸਾਥੀ ਇਸ ਗੈਰ ਮਨੁੱਖੀ ਭਾਣੇ ਕਰਕੇ ਸੜ-ਭੁੱਜ ਕੇ ਸੁਆਹ ਹੋ ਗਏ। ਕਈ ਟਟਔਲੀਆਂ (ਟਟੀਹਰੀਆਂ) ਵਰਗੇ ਪੰਛੀ, ਜੋ ਵੱਢਾਂ ਵਿਚ ਆਂਡੇ ਦੇ ਕੇ ਬੱਚੇ ਕੱਢਦੇ ਸਨ, ਉਜੜ-ਪੁੱਜੜ ਗਏ। ਖੇਤਾਂ ਦੇ ਆਲੇ-ਦੁਆਲੇ ਘਾਹ ਅਤੇ ਬੂਝਿਆਂ ਵਿਚ ਵੱਸਣ ਵਾਲੇ ਪੰਛੀ ਵੀ ਅਗਨ-ਭੇਟ ਹੋ ਗਏ। ਅੱਗ ਦੀਆਂ ਲਪਟਾਂ ਦੀ ਲਪੇਟ ਵਿਚ ਆਉਣ ਵਾਲੇ ਵੱਡੇ ਰੁੱਖਾਂ ਉਤੇ ਜਿਉਣਾ ਵੀ ਮੁਸ਼ਕਿਲ ਹੋ ਗਿਆ।
ਯਾ ਖੁਦਾਇਆ! ਹੇ ਵਾਹਿਗੁਰੂ! ਕੈਸਾ ਸਰਾਪ ਪੈ ਗਿਆ, ਇਨ੍ਹਾਂ ਪੰਜਾਬੀਆਂ ਨੂੰ? ਕੀ ਇਹ ਉਹੀ ਪੰਜਾਬੀ ਹਨ, ਜੋ ਰਾਤ ਨੂੰ ਰੁੱਖਾਂ ਦਾ ਪੱਤਾ ਵੀ ਨਹੀਂ ਸਨ ਤੋੜਦੇ ਕਿ ਰੁੱਖ ਸੁੱਤਾ ਪਿਆ ਹੈ ਤੇ ਇਹਦੀ ਕਿਤੇ ਨੀਂਦ ਨਾ ਖਰਾਬ ਹੋ ਜਾਵੇ।
ਬੇਤਹਾਸ਼ਾ ਅਤੇ ਅੰਨੇਵਾਹ ਵਰਤੀਆਂ ਗਈਆਂ ਦਵਾਈਆਂ ਕਰਕੇ ਕਿਸਾਨ ਦਾ ਪੈਦਾ ਕੀਤਾ ਅੰਨ ਵੀ ਸਾਡੇ ਲਈ ਮਾਰੂ ਹੋ ਗਿਆ। ਵੱਧ ਦੁੱਧ ਲੈਣ ਦੇ ਲਾਲਚ ਵੱਸ ਪਸੂਆਂ ਨੂੰ ਲਾਏ ਟੀਕਿਆਂ ਨੇ ਐਸਾ ਅਸਰ ਕੀਤਾ ਕਿ ਮਰੇ ਪਸੂਆਂ ਨੂੰ ਇਸ ਧਰਤੀ ਤੋਂ ਸਮੇਟਣ ਦਾ ਬਹੁਮੁੱਲਾ ਕਾਰਜ ਕਰਦੀਆਂ ਗਿਰਝਾਂ ਅੱਗੋਂ ਬੱਚੇ ਪੈਦਾ ਕਰਨ ਦੀ ਤਾਕਤ ਹੀ ਗਵਾ ਬੈਠੀਆਂ। ਕਹਿੰਦੇ ਨੇ, ਮੋਬਾਈਲਾਂ ਦਾ ਐਸਾ ਮਾਰੂ ਅਸਰ ਪਿਆ ਕਿ ਵਿਚਾਰੀਆਂ ਚਿੜੀਆਂ ਊਂ ਹੀ ਮਰ ਮੁੱਕ ਗਈਆਂ ਨੇ, ਕਿਸੇ ਉਨ੍ਹਾਂ ਦਾ ਸਿਆਪਾ ਵੀ ਨਾ ਕੀਤਾ, “ਚਿੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਏ…।”
ਪੰਜਾਬੀਆਂ ਨੂੰ ਤਾਂ ਆਪਣੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਅਤਿ-ਪਿਆਰੇ ਪੰਛੀ ਬਾਜ ਦਾ ਵੀ ਕੋਈ ਫਿਕਰ ਨਹੀਂ। ਕਹਿਣ ਨੂੰ ਤਾਂ ਬਾਜ ਪੰਜਾਬ ਦਾ ਰਾਜ ਪੰਛੀ ਹੈ, ਪ੍ਰੰਤੂ ਕੋਈ ਨਹੀਂ ਜਾਣਦਾ ਕਿ ਪੰਜਾਬ ਵਿਚ ਇਸ ਦੀ ਗਿਣਤੀ ਕਿੰਨੀ ਹੈ ਅਤੇ ਕਿਸੇ ਨੂੰ ਫਿਕਰ ਨਹੀਂ ਕਿ ਬਾਜ ਵੀ ਗਿਰਝਾਂ ਤੇ ਚਿੜੀਆਂ ਵਾਂਗ ਇਸ ਪੰਜਾਬ ਵਿਚੋਂ ਛੇਤੀ ਹੀ ਮੁੱਕ ਜਾਣਾ ਹੈ। ਵਾਹ ਓਏ ਗੁਰੂ ਦਿਓ ਲਾਲੋ, ਗਿਣੀ ਜਾਓ ਗੁਰੂ ਦੀਆਂ ਗੋਲਕਾਂ!
ਅਸੀਂ ਪੰਛੀ ਕੀ-ਕੀ ਰੋਣੇ ਰੋਈਏ? ਜੇ ਫਿਰ ਪੁੱਛੋ ਤਾਂ ਸਾਨੂੰ ਤਾਂ ਨਰ-ਮਦੀਨ ਵਸਲ ਦੀਆਂ ਘੜੀਆਂ ਵੀ ਨਸੀਬ ਨਹੀਂ ਹੁੰਦੀਆਂ। ਆਵਾਜਾਈ ਦੇ ਸਾਧਨਾਂ ਦਾ ਐਨਾ ਰੌਲਾ-ਰੱਪਾ, ਲਾਊਡ ਸਪੀਕਰਾਂ ਦਾ ਕੰਨ-ਪਾੜ ਖੱਪਖਾਨਾ, ਆਤਿਸ਼ਬਾਜ਼ੀਆਂ ਦਾ ਚੀਕ-ਚਿਹਾੜਾ, ਅਸੀਂ ਤਾਂ ਹਰ ਵੇਲੇ ਤ੍ਰਭਕੇ ਰਹਿੰਦੇ ਹਾਂ। ਸਵੇਰ ਵੇਲੇ ਤੋਂ ਹੀ ਏਨਾ ਰੌਲਾ-ਗੌਲਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਅੰਮ੍ਰਿਤ ਵੇਲੇ ਚਿੜੀ ਚੂਹਕਦੀ, ਕੋਇਲ ਬੋਲਦੀ ਜਾਂ ਦੂਜੇ ਪੰਛੀਆਂ ਦਾ ਅਲਾਪ ਕਿਸ ਨੂੰ ਸੁਣਦਾ ਹੈ?
ਉਧਰੋਂ ਮੌਸਮਾਂ ਦਾ ਕੋਈ ਪਤਾ ਨਹੀਂ ਲੱਗਦਾ। ਬੇ-ਮੌਸਮੀਆਂ ਹਨੇਰੀਆਂ ਆਲ੍ਹਣੇ ਉਡਾ ਕੇ ਲੈ ਜਾਂਦੀਆਂ ਹਨ। ਗਰਮੀਆਂ ਦੇ ਦਿਨਾਂ ਵਿਚ ਠੰਢ ਅਤੇ ਸਰਦੀਆਂ ਦੇ ਦਿਨਾਂ ਵਿਚ ਗਰਮੀ ਪਈ ਜਾਂਦੀ ਹੈ। ਕੱਖ ਸਮਝ ਨਹੀਂ ਪੈਂਦੀ ਕਿ ਕਿਹੜਾ ਮੌਸਮ ਮੇਲ-ਮਿਲਾਪ ਦਾ ਹੈ, ਕਿਹੜਾ ਆਂਡੇ ਦੇਣ ਦਾ ਅਤੇ ਕਿਹੜਾ ਬੱਚੇ ਪਾਲਣ ਦਾ! ਇਹ ਵੀ ਰੱਬ ਹੀ ਜਾਣਦੈ ਕਿ ਕਿਹੜੇ ਚੋਗੇ ਨੇ ਸਾਡੇ ਬੋਟਾਂ ਨੂੰ ਪਾਲਣੈਂ ਅਤੇ ਕਿਹੜੇ ਨੇ ਉਸ ਨੂੰ ਬਿਮਾਰ ਕਰ ਦੇਣੈਂ ਤੇ ਖਤਮ ਕਰ ਦੇਣੈਂ।
ਆਖਰਕਾਰ ਅਸੀਂ ਨਿੱਕੇ-ਨਿੱਕੇ ਵਜੂਦਾਂ ਵਾਲੇ ਪੰਛੀ ਕੀ ਗਵਾਉਂਦੇ ਸਾਂ ਇਸ ਧਰਤੀ ਦੇ ਮਾਲਕ ਦਾ? ਇਹ ਕੈਸੇ ਹਾਕਮ ਸਰਦਾਰ ਨੇ, ਜਿਨ੍ਹਾਂ ਦੀ ਧਰਤੀ ਤੋਂ ਸਾਨੂੰ ਖਾਣ ਨੂੰ ਚਾਰ ਦਾਣੇ ਤਾਂ ਕੀ ਮਿਲਣੇ ਸਨ, ਸਾਡਾ ਵਜੂਦ ਹੀ ਸਾੜ ਦਿੱਤਾ ਗਿਆ। ਸਾਡੇ ਬਾਰੇ ਤਾਂ ਕਹਿੰਦੇ ਹੁੰਦੇ ਸੀ, “ਪੱਲੇ ਅੰਨ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼।”
ਕਦੀ ਕਦੀ ਤਾਂ ਮੇਰਾ ਜੀ ਕਰਦੈ, ਮੈਂ ਏਸ ਪੰਜਾਬ ਨੂੰ ਚੀਕ ਚੀਕ ਕੇ ਬਦ ਦੁਆਵਾਂ ਦੇਵਾਂ,
ਜਿਸ ਖੇਤ ਸੇ ਦਹਿਕਾਂ ਕੋ ਮੁਯੱਸਰ ਨਾ ਹੋ ਰੋਟੀ
ਉਸ ਖੇਤ ਕੇ ਹਰ ਗੋਸ਼ਾਂ-ਏ-ਗੰਧਮ ਕੋ ਜਲਾ ਦੋ।
ਜਾਂ ਫਿਰ ਸ਼ਿਵ ਬਟਾਲਵੀ ਦੀ ਸ਼ੀਸ਼ੋ ਵਾਂਗ ਸਰਾਪ ਦੇ ਦੇਵਾਂ,
ਸ਼ਾਲਾ ਓਸ ਗਰਾਂ ਦੇ ਸਭੇ
ਹੋ ਜਾਣ ਬੁਰਦ ਮੁਰੱਬੇ
ਕੁਲ ਜ਼ਮੀਂ ਜਾਂ ਪੈ ਜਾਏ ਗਿਰਵੀ
ਜੁਹਾਂ ਸਣੇ ਸਿਹੱਦੇ
ਸੜ ਜਾਏ ਫਸਲ ਸਵੇ ‘ਤੇ ਆਈ
ਬੋਹਲ ਪਿੜਾਂ ਵਿਚ ਲੱਗੇ
ਜਿਸ ਗਰਾਂ ਵਿਚ ਜ਼ਿੰਦਗੀ ਨਾਲੋਂ
ਮੱਢਲ ਮਹਿੰਗੀ ਲੱਭੇ।
ਪਰ ਤੌਬਾ! ਨਾ ਬਈ ਨਾ, ਮੈਂ ਇਨ੍ਹਾਂ ਪਹਿਲਾਂ ਹੀ ਸਰਾਪੇ ਪੰਜਾਬੀਆਂ ਨੂੰ ਹੁਣ ਕੀ ਸਰਾਪ ਦੇਵਾਂ। ਇਨ੍ਹਾਂ ਪੰਜਾਬੀਆਂ ਦੀ ਭੁੱਖ ਤੇ ਪਿਆਸ ਹੁਣ ਬਹੁਤ ਦੁਰੇਡੀ ਪਸਰ ਗਈ ਹੈ। ਫਲਦਾਰ ਰੁੱਖਾਂ ਦੇ ਬੂਟੇ ਮੁੱਢੋਂ ਪੁੱਟ ਕੇ, ਬਾਗ ਉਜਾੜ ਕੇ, ਖਾਦਾਂ ਦਵਾਈਆਂ ਪਾ ਪਾ ਕੇ, ਕਰਜ਼ੇ ਚੁੱਕ ਚੁੱਕ ਕੇ ਟਰੈਕਟਰ ਟਰਾਲੀਆਂ ਬਣਾ ਕੇ ਫਿਰ ਖੁਦਕੁਸ਼ੀਆਂ ਦੇ ਰਾਹਾਂ ‘ਤੇ ਤੁਰੇ ਫਿਰਦੇ ਨੇ। ਇਹ ਕਿਆ ਦੁਖਦਾਈ ਮੰਜ਼ਰ ਹੈ! ਸਬਰ ਸੰਤੋਖ ਨਾਲ ਜਿਉਣ ਵਾਲੇ, ਅਣਖ ਨਾਲ ਰਹਿਣ ਵਾਲੇ, ਮੁਸੀਬਤਾਂ ਨਾਲ ਡਟ ਕੇ ਜੂਝਣ ਵਾਲੇ ਪੰਜਾਬੀ ਪਤਾ ਨਹੀਂ ਕਿਉਂ ਪਦਾਰਥਵਾਦ ਦੀ ਦੌੜ ਵਿਚ ਹੱਫ ਹੱਫ ਕੇ ਮਰ ਰਹੇ ਹਨ। ਪਤਾ ਨਹੀਂ ਕਿਸ ਨੇ ਇਨ੍ਹਾਂ ਨੂੰ ‘ਵੱਸਦੇ ਰਹੋ’ ਦੀ ਥਾਂ ‘ਉਜੜ ਜਾਓ’ ਦਾ ਸਰਾਪ ਦੇ ਦਿੱਤੈ। ਅੱਗੇ ਮਾਂਵਾਂ ਪੁੱਤ ਨਹੀਂ ਸਨ ਵਿਛੋੜਦੀਆਂ, ਹੁਣ ਤਾਂ ਸਵੇਰੇ-ਸ਼ਾਮ ਵਿਛੜਨ ਦੀਆਂ ਅਰਦਾਸਾਂ ਕਰਦੀਆਂ ਹਨ। ਅੰਮ੍ਰਿਤ ਵੇਲੇ ਦੀ ਅਰਦਾਸ ਵਿਚ ਇਹੀ ਅਰਜ਼ੋਈਆਂ ਕੀਤੀਆਂ ਜਾਂਦੀਆਂ ਹਨ ਕਿ ਬੱਚਿਆਂ ਦੇ ਵੀਜ਼ੇ ਲੱਗ ਜਾਣ ਤੇ ਉਹ ਪਰਦੇਸਾਂ ਵਿਚ ‘ਪੱਕੇ’ ਹੋ ਜਾਣ! ਵਾਹ ਬਈ ਪੰਜਾਬੀਓ!
ਜੀ ਤਾਂ ਕਰਦਾ ਏ ਅਸੀਂ ਵੀ ਇਸ ਦੇਸ਼ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਥਾਂ ਉਡ ਜਾਈਏ। ਕੋਈ ਹੋਰ ਚੰਬਾ ਜਾ ਮੱਲੀਏ। ਜਿੱਥੇ ਤੂਤਾਂ ਦੀ ਠੰਡੀ ਠੰਡੀ ਛਾਂ ਹੋਵੇ, ਨਿਰਮਲ ਪਾਣੀ ਵੱਗਦੇ ਹੋਣ, ਸ਼ੁੱਧ ਖਾਣ ਨੂੰ ਮਿਲੇ, ਜਿੱਥੇ ਸਾਡੇ ਬੋਟ ਵੀ ਹੁੰਦੜਹੇਲ ਹੋਣ, ਅੰਮ੍ਰਿਤ ਵੇਲੇ ਉਠ ਕੇ ਰੱਬੀ ਜਾਪ ਕਰੀਏ ਅਤੇ ਸਰਬੱਤ ਦਾ ਭਲਾ ਮੰਗੀਏ।
ਪਰ ਅਸੀਂ ਕਿੱਥੇ ਜਾਈਏ, ਮਾਲਕੋ? ਤੁਸੀਂ ਹੀ ਦੱਸੋ ਕਿਸ ਦੇਸ਼ ਦਾ ਵੀਜ਼ਾ ਮੰਗੀਏ ਉਸ ਰੱਬ ਕੋਲੋਂ?