ਸੂਖਮ-ਭਾਵੀ ਕਹਾਣੀਕਾਰ ਦਲਬੀਰ ਚੇਤਨ ਨੇ ਮਨੁੱਖੀ ਰਿਸ਼ਤਿਆਂ ਨਾਲ ਧੜਕਦੀਆਂ ਕਈ ਖੂਬਸੂਰਤ ਕਹਾਣੀਆਂ ਲਿਖੀਆਂ ਹਨ। ‘ਰਿਸ਼ਤਿਆਂ ਦੇ ਆਰ ਪਾਰ’ ਨਾਂ ਦੀ ਕਹਾਣੀ ਰਿਸ਼ਤਿਆਂ ਦੀ ਅਜਿਹੀ ਹੀ ਗੂੜ੍ਹੀ ਲਿਖਤ ਹੈ। ਕਹਾਣੀ ਦਾ ਮੁੱਖ ਪਾਤਰ ਕਈ ਉਤਰਾਅ-ਚੜ੍ਹਾਅ ਦੇਖਦਾ ਹੈ, ਪਰ ਮੋਹ ਦੀਆਂ ਤੰਦਾਂ ਟੁੱਟਣ ਨਹੀਂ ਦਿੰਦਾ। ਮੋਹ ਦੀਆਂ ਇਹ ਸੂਖਮ ਤੰਦਾਂ ਇਸ ਕਹਾਣੀ ਦੇ ਆਰ ਪਾਰ ਫੈਲੀਆਂ ਨਜ਼ਰੀਂ ਪੈਂਦੀਆਂ ਹਨ ਅਤੇ ਪਾਠਕ-ਮਨ ਨੂੰ ਲਗਾਤਾਰ ਹਲੂਣਦੀਆਂ ਹਨ। ਨਾਲ ਹੀ ਇਹ ਪਾਤਰ ਹਾਲਤ ਨੂੰ ਸਿੱਧਿਆਂ ਹੋ ਕੇ ਟੱਕਰਦਾ ਹੈ। ਇੱਦਾਂ ਦੀ ਕਹਾਣੀ ਲਿਖਣਾ ਦਲਬੀਰ ਚੇਤਨ ਦੇ ਹਿੱਸੇ ਹੀ ਆਇਆ ਸੀ। -ਸੰਪਾਦਕ
ਦਲਬੀਰ ਚੇਤਨ
ਸੱਥਰ ਉਤੇ ਬੈਠੀ ਸੋਗੀ ਭੀੜ ਵੱਲ ਵੇਖਦਿਆਂ ਮੇਰਾ ਹੌਕਾ ਨਿਕਲ ਗਿਆ। ਆਪਣਾ ਹੀ ਵਿਹੜਾ ਓਪਰਾ ਜਿਹਾ ਲੱਗਾ ਤੇ ਹਿਰਾਸੇ ਚਿਹਰੇ ਧੁੰਦਲੇ ਤੇ ਬੇਪਛਾਣੇ। ਘਰ ਦੀ ਹਵਾ ਭਾਵੇਂ ਕਈ ਮਹੀਨਿਆਂ ਤੋਂ ਸਹਿਮੀ ਜਿਹੀ ਸੀ ਪਰ ਹੁਣ ਤਾਂ ਵਿਰਲਾਪ ਬਣ ਕੇ ਉਹ ਚਵ੍ਹਾਂ ਕੋਨਿਆਂ ਵਿਚ ਘੁੰਮ ਗਈ ਸੀ। ਹਫ਼ਤਾ ਕੁ ਪਹਿਲਾਂ ਘਰੋਂ ਤੁਰਨ ਲੱਗਿਆਂ, ਚਾਚੇ ਦੇ ਮੂੰਹ ਵੱਲ ਵਿੰਹਦਿਆਂ ਮਨ ਵਿਚ ਹੌਲ ਜਿਹਾ ਪਿਆ ਸੀ। ਸ਼ਾਇਦ ਇਹ ਆਂਦਰਾਂ ਦੇ ਮੋਹ ਦਾ ਇਲਹਾਮ ਸੀ ਕਿ ਆਪਣੇ ਛੋਟੇ ਭਰਾ ਨੂੰ, ਨਾ ਚਾਹੁੰਦਿਆਂ ਵੀ ਕਹਿ ਹੋ ਗਿਆ ਸੀ, “ਇੰਜ ਲਗਦੈ ਜਿਵੇਂ ਚਾਚੇ ਨੂੰ ਮੁੜ ਨਹੀਂ ਵੇਖਣਾ।” ਤੇ ਉਹੋ ਗੱਲ ਹੋਈ। ਹੈਦਰਾਬਾਦ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਤਾਰ ਪਹੁੰਚ ਗਈ ਸੀ ਤੇ ਮੈਂ ਉਨ੍ਹੀਂ ਪੈਰੀਂ ਪਿਛਾਂਹ ਮੁੜ ਆਇਆ ਸਾਂ।
ਅੰਤਾਂ ਦਾ ਲੰਬਾ ਗੱਡੀ ਦਾ ਸਫ਼ਰ, ਦੁਖੀ ਜ਼ਿੰਦਗੀ ਵਾਂਗ ਹੋਰ ਵੀ ਲੰਬਾ ਲੱਗ ਰਿਹਾ ਸੀ। ਮੂੰਹਜ਼ੋਰ ਅੱਥਰੂਆਂ ਨੂੰ ਡੱਕ-ਡੱਕ ਰੱਖਦਿਆਂ, ਸਿਰ ਫ਼ੋੜੇ ਵਾਂਗ ਦੁਖਣ ਲੱਗ ਪਿਆ। ਸਭ ਕੁਝ ਅੱਖੀਂ ਵੀ ਵੇਖ ਗਿਆ ਸਾਂ, ਫੇਰ ਵੀ ਤਾਰ ਦੇ ਅੱਖਰਾਂ ਉਤੇ ਯਕੀਨ ਨਹੀਂ ਸੀ ਬੱਝਦਾ। ਗੱਡੀ, ਬੱਸ ਤੇ ਫੇਰ ਕੋਹ ਕੁ ਵਾਟ ਤੁਰਦਿਆਂ ਵੀ ਅੱਧ-ਪਚੱਧਾ ਜਿਹਾ ਵਿਸ਼ਵਾਸ ਨਾਲ ਤੁਰਦਾ ਸੀ। ਪਤਾ ਨਹੀਂ ਘਰ ਕਿਨ੍ਹੇ ਜਾ ਦੱਸਿਆ ਸੀ-ਮੇਰੀ ਜਵਾਨ ਹੋ ਰਹੀ ਭੈਣ ਅਗਲਵਾਂਡੀ ਹੀ ਮੇਰੇ ਗਲ ਆ ਚੰਬੜੀ, “ਵੀਰਾ, ਆਪਾਂ ਲੁੱਟੇ ਗਏæææ।” ਉਹਨੇ ਕੱਚੀ ਉਮਰ ਵਿਚ ਵੀ ਸਿਆਣਿਆਂ ਵਾਂਗ ਇੰਜ ਧਾਅ ਮਾਰੀ ਕਿ ਮੇਰੇ ਪੀਡੇ ਪੈਰ ਵੀ ਹਿੱਲ ਗਏ। ਉਹਦੇ ਵਾਂਗ ਹੀ ਉਚੀ ਉਚੀ ਭੁੱਬਾਂ ਮਾਰਨ ਨੂੰ ਜੀਅ ਕੀਤਾ ਪਰ ਕੁਝ ਸੋਚਦਿਆਂ ਮੈਂ ਸਾਰੇ ਅੱਥਰੂ ਵਿਚੇ-ਵਿਚ ਪੀ ਗਿਆ।
ਜਿਉਣ ਤੋਂ ਅੱਕਿਆ, ਗਲੀ ਵਿਚ ਤੁਰਦਾ ਫ਼ਿਰਦਾ ਬਾਬਾ ਬਿਸ਼ਨਾ, ਰੋਣ ਦੀ ਆਵਾਜ਼ ਸੁਣ ਕੇ ਕੋਲ ਆ ਖਲੋਤਾ ਤੇ ਮੱਥੇ ਉਤੇ ਹੱਥ ਧਰ ਕੇ ਸਿਆਣਦਾ ਬੋਲਿਆ, “ਰੱਬ ਵੀ ਧੀ ਦਾ ਖਸਮ ਅਣਸਾਫ਼ ਨਹੀਂ ਕਰਦਾ। ਸਰੂ ਖੱਗ ਕੇ ਲੈ ਗਿਆ ਪਿੰਡ ਦਾæææਬੜਾ ਔਖਾ ਸੀ ਤਾਂ ਮੈਨੂੰ ਲੈ ਜਾਂਦਾæææਜੋਅ ਲੈਂਦਾ ਜਿਹੜੇ ਖਰਾਸੇ ਜੋਣਾ ਸੀ।” ਬਾਬਾ ਬਿਸ਼ਨਾ ਆਪਣੇ ਖੂੰਡੇ ਉਤੇ ਪੂਰਾ ਭਾਰ ਪਾਈ, ਰੱਬ ਨਾਲ ਗਾਲੋ-ਗਾਲੀ ਹੋਇਆ ਪਿਆ ਸੀ। ਉਹ ਹਰ ਮਰਨੇ ਉਤੇ ਸਿਵਿਆਂ ਤੱਕ ਜ਼ਰੂਰ ਜਾਂਦਾ ਸੀ ਤੇ ਫ਼ੇਰ ਆਪਣੇ ਸੂਏ ਲੱਗੇ ਖੂੰਡੇ ਨਾਲ ਮੰਜੇ ਕੁ ਥਾਂ ‘ਤੇ ਲਕੀਰ ਖਿੱਚਦਾ ਕਹਿੰਦਾ, “ਲੈ ਭਈ, ਹੁਣ ਆਪਣੀ ਵਾਰੀ ਆæææਭੁੱਲੀਂ ਨਾ।” ਪਤਾ ਨਹੀਂ ਉਹ ਕਿੰਨੀ ਕੁ ਵਾਰ ਆਪਣੀਆਂ ਵਾਰੀਆਂ ਮੱਲ ਹੰਭ ਗਿਆ ਸੀ। ਰੱਬ ਹਰ ਅਗਲੀ ਵਾਰ ਉਹਦੀ ਥਾਂ ਕੋਈ ਹੋਰ ਹੀ ਅਣਕਿਆਸਿਆ ਬੰਦਾ ਲੈ ਜਾਂਦਾ ਤੇ ਬਾਬਾ ਬਿਸ਼ਨਾ ਹਰ ਨਵੇਂ ਮਰਨ ਉਤੇ ਰੱਬ ਨੂੰ ਗਾਲੀਂ ਉਤਰ ਆਉਂਦਾ। ਹੁਣ ਉਹੀ ਬਾਬਾ ਬਿਸ਼ਨਾ ਮੇਰੇ ਮੋਢੇ ਉਤੇ ਹੱਥ ਰੱਖੀ, ਦਿਲਾਸਾ ਬਣਿਆ ਖਲੋਤਾ ਸੀ।
ਬਿਸ਼ਨਾ ਮਰਨਾ ਚਾਹੁੰਦਾ ਸੀ ਤੇ ਚਾਚਾ ਜਿਉਣਾ, ਪਰ ਇਹ ਸਾਰਿਆਂ ਨੂੰ ਪਤਾ ਸੀ ਕਿ ਉਹਨੇ ਬਹੁਤਾ ਚਿਰ ਜਿਉਣਾ ਨਹੀਂ। ਉਹ ਤਾਂ ਤਿੜਕੇ ਘੜੇ ਦਾ ਪਾਣੀ ਸੀ ਜਾਂ ਫੇਰ ਮੁੱਕ ਰਹੇ ਤੇਲ ਦਾ ਦੀਵਾ, “ਬੀਰਿਆ! ਮੈਨੂੰ ਆਪਣਾ ਵਿਆਹ ਈ ਵਿਖਾ ਛੱਡ।” ਕਦੇ ਕਦੇ ਉਹ ਕਹਿੰਦਾ ਤੇ ਉਹਦੇ ਹਸੂੰ ਹਸੂੰ ਕਰਦੇ ਚਿਹਰੇ ਉਤੇ ਪਲ ਦੀ ਪਲ ਉਦਾਸੀ ਆ ਜਾਂਦੀ। ਉਹਦੀ ਕੋਈ ਵੀ ਇਹੋ ਜਿਹੜੀ ਗੱਲ ਮੈਨੂੰ ਸੂਲੀ ਟੰਗ ਦਿੰਦੀ ਪਰ ਉਹ ਮੌਕਾ ਤਾੜਦਿਆਂ ਬਹੁਤ ਛੇਤੀ ਹਾਸੇ ਦੀ ਕੋਈ ਅਗਰਬੱਤੀ ਬਾਲ ਲੈਂਦਾ, “ਫੇਰ ਨਾ ਆਖੀਂ ਜੇ ਅਸਾਂ ਕਿਤੇ ‘ੜੁੰਗ ਦਿੱਤਾ। ਆਪਾਂ ਤਾਂ ਕੁੜੀ ਨਾਲੋਂ ਕੁੜਮਣੀ ਸੋਹਣੀ ਲੱਭਾਂਗੇ।” ਆਪਣੇ ਵੱਲੋਂ ਉਹ ਬੜੀ ਚਲਾਕੀ ਨਾਲ ਗੱਲ ਨੂੰ ਨਵਾਂ ਮੋੜ ਦੇ ਜਾਂਦਾ ਤੇ ਮੈਂ ਵੀ ਝੂਠਾ ਜਿਹਾ ਹੱਸ ਪੈਂਦਾ।
ਸਾਰੇ ਪਿੰਡ ‘ਚੋਂ ਸੋਹਣਾ-ਸੁਨੱਖਾ ਤੇ ਜਵਾਨ ਚਾਚਾ ਦਿਨਾਂ ‘ਚ ਹੀ ਵਿਚੇ ਵਿਚ ਪੀਤਾ ਗਿਆ। ਅਖੀਰਲੇ ਦਿਨਾਂ ਵਿਚ ਉਹ ਆਪਣੇ ਸਰੀਰ ਨੂੰ ਵੇਖ ਝੂਰਨ ਲੱਗ ਪਿਆ ਸੀ। ਕਦੇ ਮੁਕਲਾਵਾ ਲੈਣ ਗਿਆ ਚਾਚਾ ਪਹਿਲੀ ਵਾਰ ਹੀ ਆਂਢ-ਗੁਆਂਢ ਗੱਲਾਂ ਕਰਨ ਲਾ ਆਇਆ ਸੀ। ਦਾਣਿਆਂ ਦੀ ਭਰੀ ਬੋਰੀ ਸੁਫ਼ੇ ‘ਚੋਂ ਚੁੱਕ ਕੇ ਪਿਛਲੇ ਅੰਦਰ ਲਾਉਣੀ ਸੀ। ਸੱਸ ਬੰਦੇ ਲੈਣ ਗਈ। ਚਾਚੇ ਨੂੰ ਪਤਾ ਲੱਗਾ ਤਾਂ ਉਹਨੇ ਇਕੱਲੇ ਹੀ ਬੋਰੀ ਚੁੱਕ ਕੇ ਥਾਂ ਸਿਰ ਲਾ ਦਿੱਤੀ। ਸੱਸ ਮਾੜੀ ਨਜ਼ਰੋ ਡਰਦੀ ਚਾਚੇ ਦੇ ਕਾਲੇ ਟਿੱਕੇ ਲਾਉਂਦੀ ਫਿਰੇ ਤੇ ਚਾਚੀ ਨੂੰ ਆਪਣਾ ਪੀਡਾ ਸਰੀਰ ਵੀ ਕੱਚਾ ਲੱਗੀ ਜਾਵੇ।
æææਭੈਣ ਦੀਆਂ ਭੁੱਬਾਂ ਸੁਣ, ਹੋਰ ਵੀ ਕਈ ਲਾਗੇ ਆ ਖਲੋਤੇ ਸਨ, ਕਹਿਣ ਲੱਗੇ, “ਲੰਬੜਦਾਰ ਅਲੋਂ ਬੜੀ ਮਾੜੀ ਹੋਈ ਐ।” ਹੋਈ ਤਾਂ ਸੱਚਮੁੱਚ ਹੀ ਜੱਗੋਂ ਤੇਰਵੀਂ ਸੀ ਪਰ ਉਹਨੂੰ ਕੀ ਕਹਿੰਦਾ! ਐਵੇਂ ਸਿਆਣੇ ਜਿਹੇ ਬਣਦਿਆਂ ਕਹਿ ਦਿੱਤਾ, “ਅੱਛਾ, ਜੋ ਦਾਤੇ ਨੂੰ ਮੰਜ਼ੂਰæææਬੰਦਾ ਕੀ ਕਰ ਸਕਦੈ।” ਲੰਬੜਦਾਰ ਤਾਂ ਪਿੰਡ ਵਿਚ ਖੌਰੇ ਪੰਜ ਕਿ ਛੇ ਸਨ, ਪਰ ਉਨ੍ਹਾਂ ਸਾਰਿਆਂ ਦੇ ਨਾਂ ਸਨ ਲੰਬੜਦਾਰ ਨੱਥਾ ਸਿੰਘæææਲੰਬੜਦਾਰ ਇੰਦਰ ਸਿੰਘ ਪਰ ਚਾਚੇ ਦੇ ਨਾਂ ਨਾਲ ਇਹ ਇੰਜ ਜੁੜ ਗਿਆ ਸੀ ਜਿਵੇਂ ਉਹਦਾ ਨਾਂ ਹੀ ਲੰਬੜਦਾਰ ਹੋਵੇ। ਯਾਦ ਆਇਆ, ਸਕੂਲੇ ਪੜ੍ਹਦਿਆਂ ਮੇਰੀ ਛੁੱਟੀ ਦੀ ਅਰਜ਼ੀ ਉਤੇ ਚਾਚਾ ਹੀ ਉਰਦੂ ‘ਚ ਦਸਤਖ਼ਤ ਕਰਿਆ ਕਰਦਾ ਸੀ। ਇਕ ਵਾਰ ਸਾਡਾ ਮਾਸਟਰ ਅਰਜ਼ੀਆਂ ਉਤੇ ਰੁਤਬੇ ਲੱਗੇ ਵੇਖ ਕੇ ਖਿਝ ਵਿਚ ਆ ਕੇ ਕਹਿਣ ਲੱਗਾ, “ਇਹ ਕੀ ਹੋਇਆ ਕੈਪਟਨ ਕਰਤਾਰ ਸਿਹੁੰ, ਜ਼ੈਲਦਾਰ ਸੁੱਚਾ ਸਿਹੁੰ, ਲੰਬੜਦਾਰ ਜੋਗਿੰਦਰ ਸਿਹੁੰæææਇਹ ਸਕੂਲ ਐ, ਕੋਈ ਕਚ੍ਹੈਰੀ ਨਈਂ।” ਅਗਲੀ ਵਾਰ ਅਰਜ਼ੀ ਉਤੇ ਚਾਚੇ ਤੋਂ ਦਸਤਖਤ ਕਰਵਾਉਣ ਲੱਗਿਆਂ ਮੈਂ ਆਖਿਆ, “ਚਾਚਾ, ਅਰਜ਼ੀ ਉਤੇ ‘ਕੱਲਾ ਨਾਂ ਈ ਲਿਖਿਆ ਕਰ, ਨੰਬਰਦਾਰ ਨਾ ਲਿਖੀਂ।” ਉਹ ਹੱਸ ਹੱਸ ਦੂਹਰਾ ਹੋ ਗਿਆ, “ਭਈ, ਮੈਂ ਤਾਂ ਏਦਾਂ ਈ ਦਸਖ਼ਤ ਕਰਨੇ ਸਿੱਖੇ ਨੇ, ਮੈਨੂੰ ਨਈਂ ਪਤਾ ਏਦ੍ਹੇ ‘ਚੋਂ ਲੰਬੜਦਾਰ ਕੇੜ੍ਹਾ ਤੇ ਜੋਗਿੰਦਰ ਸਿਹੁੰ ਕੇੜ੍ਹਾ?” ਤੇ ਉਹਦੀ ਗੱਲ ਸੁਣ ਕੇ ਮੈਂ ਵੀ ਉਹਦੇ ਧੁੱਪ ਰੰਗੇ ਹਾਸੇ ਵਿਚ ਸ਼ਾਮਿਲ ਹੋ ਗਿਆ ਸੀ।
ਇਹੋ ਨੰਬਰਦਾਰੀ ਉਹਨੂੰ ਲੈ ਬੈਠੀ। ਤਹਿਸੀਲ ਦਾ ਕਚਹਿਰੀ ਦਾ ਉਹਨੂੰ ਅਜਿਹਾ ਚਸਕਾ ਪਿਆ ਕਿ ਪਿੰਡ ਉਹਦਾ ਪੈਰ ਹੀ ਨਾ ਲੱਗਦਾ। ਦਿਨ ਚੜ੍ਹਦਿਆਂ ਹੀ ਬੁੱਕਲ ਮਾਰ ਕੇ ਘਰੋਂ ਨਿਕਲ ਜਾਣਾ ਤੇ ਦਿਨ ਛਿਪੇ ਦਾਰੂ ਨਾਲ ਡੱਕੇ ਮੁੜਨਾ ਉਹਦਾ ਨਿੱਤ ਦਾ ਕੰਮ ਸੀ। ਉਹਦੀਆਂ ਪੈਲੀਆਂ ਦਿਨ-ਬਦਿਨ ਨਖਸਮੀਆਂ ਬਣਦੀਆਂ ਗਈਆਂ ਤੇ ਮਾੜੀ ਮੋਟੀ ਉਗੀ ਫ਼ਸਲ ਖਸਮਾਂ ਬਾਝ ਪਾਊਂ ਖਿੰਜੂ ਹੁੰਦੀ ਰਹੀ। ਜਿਹੜਾ ਚਾਚਾ ਹੋਰਨਾਂ ਦੀਆਂ ਰਜਿਸਟਰੀਆਂ ਉਤੇ ਗਵਾਹੀਆਂ ਪਾਇਆ ਕਰਦਾ ਸੀæææਹੁਣ ਆਪ ਬੈਅ ਕਰਨ ਲੱਗ ਪਿਆ। ਵਿੰਹਦਿਆਂ ਵਿੰਹਦਿਆਂ ਉਹਦੀਆਂ ਪੈਲੀਆਂ ਦੀ ਮਲਕੀਅਤ ਤੇ ਵਲਦੀਅਤ ਬਦਲ ਗਈ। ਆਮਦਨ ਘਟਦੀ ਗਈ। ਸ਼ਰਾਬ ਵਧਦੀ ਗਈ ਤੇ ਚੰਦਨ ਦੇਹੀ ਘੁਣ ਖਾਧੀ ਬਣ ਗਈ।
ਉੜਾਂ-ਥੁੜਾਂ ‘ਚ ਘਿਰੇ ਚਾਚੇ ਨੂੰ ਖ਼ਤਰਨਾਕ ਬਿਮਾਰੀ ਨੇ ਆ ਦਬੋਚਿਆ ਪਰ ਉਹ ਚੁੱਪ-ਚਾਪ ਸਭ ਕੁਝ ਆਪਣੀ ਇਕੱਲੀ ਜਿੰਦ ਉਤੇ ਹੀ ਜਰਦਾ ਰਿਹਾ। ਤੇ ਜਦੋਂ ਤੱਕ ਸਾਰਿਆਂ ਨੂੰ ਪਤਾ ਲੱਗਾ, ਰੋਗ ਅਸਾਧ ਬਣ ਚੁੱਕਾ ਸੀ। ਡਾਕਟਰ ਨੇ ਦਵਾਵਾਂ ਦਿੱਤੀਆਂ ਤੇ ਨਾਲ ਹੀ ਵਧੀਆ ਖੁਰਾਕ ਖਾਣ ਦੀਆਂ ਨਸੀਹਤਾਂ। ਜਦੋਂ ਉਹਦੇ ਖੁਰਦੇ ਸਰੀਰ ਵੱਲ ਵੇਖ ਮੈਂ ਉਦਾਸ ਹੁੰਦਾ ਤਾਂ ਉਹ ਹੱਸਦਾ ਹੱਸਦਾ ਕਹਿੰਦਾ, “ਊਂ ਸਾਲੀ ਬਿਮਾਰੀ ਹੈ ਤਾਂ ਚੰਗੀ। ਘਰ ਖਾਣ ਨੂੰ ਖੁੱਲ੍ਹਾ ਹੋਵੇ ਤਾਂ ਇਹੋ ਜਿਹੀ ਬਿਮਾਰੀ ਦਾ ਕੀ ਐ?” ਤੇ ਉਹਦੀ ਆਸ ਅਨੁਸਾਰ ਜਦ ਮੈਂ ਫ਼ੇਰ ਵੀ ਨਾ ਹੱਸਦਾ ਤਾਂ ਉਹ ਉਚੀ ਉਚੀ ਗਾਉਂਦਾ ਉਠ ਕੇ ਬਾਹਰ ਨੂੰ ਤੁਰ ਪੈਂਦਾ।
ਵਿਹੜੇ ਪੈਰ ਪਾਉਂਦਿਆਂ ਹੀ ਘਰ ਦੇ ਸਾਰੇ ਜੀਅ ਵਾਰੀ ਵਾਰੀ ਮੇਰੇ ਗਲ ਚੰਬੜ ਕੇ ਰੋ ਉਠੇ। ਰਾਹ ਵਿਚ ਬੇਗਾਨਿਆਂ ਸਾਹਮਣੇ ਵੀ ਵਰੂੰ ਵਰੂੰ ਕਰਦੀਆਂ ਡੱਕ ਡੱਕ ਰੱਖੀਆਂ ਅੱਖਾਂ ਪਤਾ ਨਹੀਂ ਕਿਉਂ ਪਥਰਾ ਜਿਹੀਆਂ ਗਈਆਂ ਤੇ ਮੈਂ ਡੌਰਾ ਭੋਰਾ ਜਿਹਾ, ਸਾਰੇ ਹੱਲੇ ਚੁੱਪ-ਚਾਪ ਝੱਲ ਗਿਆ। ਦਰੀ ਉਤੇ ਬੈਠੇ ਬੰਦਿਆਂ ਨੇ ‘ਬੜੀ ਮਾੜੀ ਹੋਈ’ ਦੀ ਮੁਹਾਰਨੀ ਨਾਲ ਹਮਦਰਦੀ ਜਤਾਈ ਤੇ ਚਾਚੇ ਦੀਆਂ ਗੱਲਾਂ ਕਰਨ ਲੱਗੇ। ਮੇਰਾ ਵੀ ਜੀਅ ਕਰਦਾ ਸੀ ਕੋਈ ਚਾਚੇ ਦੀਆਂ ਗੱਲਾਂ ਕਰੀ ਜਾਵੇ, ਪਰ ਬਹੁਤ ਛੇਤੀ ਉਹਦੇ ਬਾਰੇ ਹੁੰਦੀਆਂ ਗੱਲਾਂ ਵੀ ਦੁਨਿਆਵੀ ਜਿਹੀਆਂ ਬਣ ਗਈਆਂ, ਤੇ ਗੱਲ ਅਖੀਰ ਚਾਚੇ ਦੇ ਰਹਿੰਦੇ ਚਾਰ ਸਿਆੜਾਂ ਉਤੇ ਆ ਖਲੋਂਦੀ। ਤੇ ਜਦੋਂ ਇਹ ਗੱਲ ਉਹਦੇ ਸਿਆੜਾਂ ਤੋਂ ਵੀ ਤਿਲਕ ਕੇ ਬੈਠੇ ਲੋਕਾਂ ਦੇ ਆਪਣੇ ਵਧਾਏ ਸਿਆੜਾਂ ਦੀ ਹੋਣ ਲੱਗ ਪਈ ਤਾਂ ਮੈਂ ਉਕਤਾ ਕੇ ਚਾਚੇ ਦੇ ਉਸ ਮੰਜੇ ਕੋਲ ਜਾ ਖਲੋਤਾ, ਜਿੱਥੇ ਮੈਂ ਉਹਨੂੰ ਕੁਝ ਦਿਨ ਪਹਿਲਾਂ ਮੌਤ ਨਾਲ ਜੂਝਦਾ ਛੱਡ ਕੇ ਗਿਆ ਸੀ। ਉਥੇ ਝੱਲਿਆਂ ਵਾਂਗ ਬੈਠੀ ਦਾਦੀ, ਮੇਰਾ ਸਿਰ ਆਪਣੀ ਬੁੱਕਲ ਵਿਚ ਲੈਂਦਿਆਂ ਫਿੱਸ ਪਈ, “ਤੇਰਾ ਚਾਚਾ ਮੇਰਾ ਬੁਢਾਪਾ ਰੋਲ ਲਿਆæææਇਹ ਕੋਈ ਉਹਦੀ ਜਾਣ ਦੀ ਉਮਰ ਸੀ?” ਲੱਗਦਾ ਸੀ ਜਿਵੇਂ ਰੋ ਰੋ ਕੇ ਉਹਦੇ ਸਾਰੇ ਅੱਥਰੂ ਮੁੱਕ ਗਏ ਸਨ ਤੇ ਉਨ੍ਹਾਂ ਖੁਸ਼ਕ ਅੱਖਾਂ ਵਿਚ ਦਰਦ ਹੀ ਦਰਦ ਬਾਕੀ ਸੀ।
ਦਾਦੀ ਦੇ ਵੈਣ ਵੀ ਮੈਥੋਂ ਸੁਣੇ ਨਾ ਗਏ ਤੇ ਮੈਂ ਫੇਰ ਬਾਹਰ ਆ ਕੇ ਮਰਦਾਂ ਦੀ ਢਾਣੀ ਵਿਚ ਬੈਠ ਗਿਆ। ਹੁਣ ਗੱਲਾਂ ਪਿੱਛੇ ਜਿਹੇ ਪੈ ਚੁੱਕੀਆਂ ਵੋਟਾਂ ਦੀਆਂ ਅਤੇ ਜ਼ਿਮੀਦਾਰਾਂ ਨੂੰ ਘੱਟ ਮਿਲਦੇ ਭਾਵਾਂ ਦੀਆਂ ਹੋ ਰਹੀਆਂ ਸਨ। ਖੂਹੀ ਵਾਲਾ ਕਰਮ ਸਿਹੁੰ ਜਿਹਨੂੰ ਲੋਕ ਬਹੁਤਾ ਬੋਲਣ ਕਰ ਕੇ ਰੇਡੀਓ ਵੀ ਆਂਹਦੇ ਸਨ, ਭਾਰਤ ਦੀ ਸਿਆਸਤ ਉਤੇ ਇੰਜ ਬੋਲ ਰਿਹਾ ਸੀ ਜਿਵੇਂ ਉਹ ਹੀ ਦੇਸ਼ ਦਾ ਪਾਲਸੀ-ਮੇਕਰ ਹੋਵੇ। ਜੀਅ ਕੀਤਾ, ਉਹਨੂੰ ਆਖਾਂ ਕਿ ਲੈਕਚਰ ਬੰਦ ਕਰੇ ਪਰ ਕਹਿ ਨਹੀਂ ਹੋਇਆ। ਮੈਂ ਉਖੜਵੀਆਂ ਨਜ਼ਰਾਂ ਨਾਲ ਏਧਰ ਉਧਰ ਵੇਖਣ ਲੱਗ ਪਿਆ। ਸਾਹਮਣੇ ਔਰਤਾਂ ਵਿਚ ਬੈਠੇ ਮੈਨੂੰ ਉਹ ਚਿਹਰਾ ਦਿਸਿਆ ਜਿਹੜਾ ਚਾਚੇ ਦੀ ਪੂਰੀ ਜ਼ਿੰਦਗੀ ਨਾਲ ਜੁੜਿਆ ਹੋਇਆ ਸੀ। ਜੀਹਦੇ ਲਈ ਉਹਨੇ ਕਈ ਸੱਚੀਆਂ ਝੂਠੀਆਂ ਤੋਹਮਤਾਂ ਝੱਲ ਲਈਆਂ ਸਨ ਪਰ ਪਿੱਛੇ ਨਹੀਂ ਸੀ ਹਟਿਆ।
ਚਾਚੇ ਦਾ ਜਿਗਰੀ ਯਾਰ ਮਲੂਕਾ ਭਰ ਜਵਾਨੀ ਵਿਚ ਹੀ ਕੁਝ ਦਿਨ ਬਿਮਾਰ ਰਹਿ ਕੇ ਤੁਰਦਾ ਬਣਿਆ ਸੀ ਤੇ ਚਾਚੇ ਨੂੰ ਆਪਣੀ ਸਾਰੀ ਦੁਨੀਆਂ ਹੀ ਸੁੰਞੀ ਸੁੰਞੀ ਲੱਗਣ ਲੱਗ ਪਈ ਸੀ। ਧੁੱਪ ਦੇ ਰੰਗ ਵਰਗੀ ਉਹਦੀ ਵਿਧਵਾ ਧੁੱਪ ਦੀ ਉਮਰੇ ਹੀ ਕਾਲੀ ਮੱਸਿਆ ਬਣ ਗਈ ਸੀ ਤੇ ਚਾਚਾ ਹਮਦਰਦੀ ਦਾ ਦੀਵਾ ਬਣ ਉਹਦੇ ਮਹਿਲੀਂ ਬਲ ਉਠਿਆ ਸੀ।
ਪਰ ਵਿਧਵਾ ਦਾ ਆਪਣਾ ਜੋਬਨ ਤੇ ਸਾਲ ਕੁ ਦਾ ਮੁੰਡਾ, ਵੈਲੀ ਜੇਠ ਦੀਆਂ ਅੱਖਾਂ ਵਿਚ ਕਿੱਲ ਬਣ ਕੇ ਚੁਭ ਗਏ ਸਨ। ਮੁੰਡੇ ਨੂੰ ਉਹ ਆਪਣਾ ਸ਼ਰੀਕ ਸਮਝਣ ਲੱਗ ਪਿਆ ਸੀ ਤੇ ਭਰਜਾਈ ਦੇ ਹੁਸਨ ਉਤੇ ਉਹਦੀ ਮੈਲੀ ਅੱਖ, ਭਰਾ ਦੀ ਮੌਤ ਪਿੱਛੋਂ ਹੋਰ ਵੀ ਮੈਲੀ ਹੋ ਗਈ ਸੀ। ਉਹ ਯਾਰਾਂ-ਬਾਸ਼ਾਂ ਦੀ ਢਾਣੀ ਵਿਚ ਬੋਤਲ ਦੁਆਲੇ ਬੈਠਾ ਬਾਘੀ ਪਾਉਂਦਾ, “ਉਹ ਏਥੇ ਰਹੂ ਤਾਂ ਮੇਰੀ ਰੰਨ ਬਣ ਕੇ, ਨਈਂ ਤੇ ਸਣੇ ਮੁੰਡੇ ਉਹਦੇ ਫੱਟੇ ਚੁੱਕ ਦੂੰæææ।” ਉਹਦੇ ਕੰਨੀਂ ਕੰਨਸੋਆਂ ਪੈਂਦੀਆਂ ਤਾਂ ਉਹ ਕੰਬਦੇ ਹੱਥਾਂ ਨਾਲ ਮੁੰਡੇ ਨੂੰ ਹਿੱਕ ਨਾਲ ਘੁੱਟ ਲੈਂਦੀ। ਜਿੰਨੇ ਜੋਗੀ ਵੀ ਸੀ, ਉਹਦੇ ਉਤੇ ਤਾਂ ਬਣ ਕੇ ਤਣ ਜਾਂਦੀ, ਪਰ ਪੁੰਗਰ ਰਹੇ ਬੂਟੇ ਨੂੰ ਛਾਂ ਨਾਲੋਂ ਵਾੜ ਦੀ ਬਹੁਤੀ ਲੋੜ ਸੀ ਤੇ ਚਾਚੇ ਨੇ ਆਪਣੇ ਹੱਥਾਂ ਦੀ ਵਾੜ ਉਨ੍ਹਾਂ ਦੁਆਲੇ ਬੀੜ ਦਿੱਤੀ।
ਤੇ ਇੰਨੇ ਨਾਲ ਹੀ ਲੋਕਾਂ ਨੇ ਖੰਭਾਂ ਦੀਆਂ ਡਾਰਾਂ ਬਣਾ ਲਈਆਂ ਤੇ ਵਿੰਹਦਿਆਂ ਵਿੰਹਦਿਆਂ ਡਾਰਾਂ ਪਿੰਡ ਉਤੋਂ ਸ਼ੂਕਦੀਆਂ ਲੰਘ ਗਈਆਂ। ਉਨ੍ਹੀਂ ਦਿਨੀਂ ਪਿੰਡ ਦੇ ਚੋਬਰਾਂ ਨੂੰ ਜਿਵੇਂ ਹੋਰ ਕੋਈ ਕੰਮ ਨਹੀਂ ਸੀ ਰਹਿ ਗਿਆ। ਉਹ ਕੁਝ ਦਿਨ ਉਹਦੇ ਘਰ ਦੇ ਗੇੜੇ ਕੱਢਦੇ। ਆਨੀਂ-ਬਹਾਨੀਂ ਮਰਨ ਵਾਲੇ ਨਾਲ ਆਪਣੀ ਹਮਦਰਦੀ ਜਤਾਉਂਦੇ ਤੇ ਜਦ ਗੱਲ ਨਾ ਬਣਦੀ ਤਾਂ ਉਹਦੇ ਕਿੱਸੇ ਜੋੜਨ ਲੱਗ ਪੈਂਦੇ। ਘਟਨਾ ਕਿਸੇ ਤਰ੍ਹਾਂ ਦੀ ਵੀ ਹੁੰਦੀ, ਪਰ ਚਾਚੇ ਦਾ ਨਾਂ ਜ਼ਰੂਰ ਹੁੰਦਾ। ਇਹ ਗੱਲਾਂ ਉਨ੍ਹਾਂ ਤੱਕ ਵੀ ਅੱਪੜਦੀਆਂ ਤਾਂ ਉਹ ਉਦਾਸ ਜਿਹੇ ਹੋ ਜਾਂਦੇ। ਤੇ ਜਦੋਂ ਮਿਲਦੇ ਤਾਂ ਇਕ-ਦੂਜੇ ਸਾਹਮਣੇ ਅੱਖਾਂ ਵੀ ਉਚੀਆਂ ਕਰਨ ਦਾ ਹੀਆ ਨਾ ਕਰਦੇ। ਇਕ ਦਿਨ ਸਾਹਮਣੇ ਬੈਠੀ ਉਦਾਸ ਔਰਤ ਨੇ ਚਾਚੇ ਨੂੰ ਡੂੰਘੇ ਦੁੱਖ ਨਾਲ ਕਿਹਾ ਸੀ, “ਤੂੰ ਇੰਜ ਘਰ ਨਾ ਆਇਆ ਕਰ।” ਤੇ ਚਾਚਾ ਚੁੱਪ-ਚਾਪ ਉਠ ਕੇ ਤੁਰ ਪਿਆ ਸੀ। ਚਾਚੇ ਦੇ ਜਾਣ ਬਾਅਦ ਇਹ ਔਰਤ ਘਬਰਾਈ ਸੀ, ਤੜਫੀ ਸੀ, ਆਪਣੇ ਆਪ ਨਾਲ ਹੀ ਲੜਦਿਆਂ ਮਹਿਸੂਸ ਕੀਤਾ ਸੀ ਕਿ ਉਹਦੇ ਬਗੈਰ ਉਹ ਕਿੰਨੀ ਊਣੀ ਊਣੀ ਤੇ ਅਧੂਰੀ ਸੀ। ਅਗਲੇ ਹੀ ਦਿਨ, ਇਹ ਘਰ ਬੈਠੀ ਉਹਨੂੰ ਉਡੀਕਦੀ ਰਹੀæææਉਹ ਨਾ ਆਇਆ। ਗਲੀ ‘ਚੋਂ ਲੰਘਦੇ ਪੈਰਾਂ ਦੀਆਂ ਬਿੜਕਾਂ ਲੈਂਦੀ ਰਹੀæææਉਹ ਉਨ੍ਹਾਂ ਰਾਹਾਂ ‘ਚੋਂ ਵੀ ਨਾ ਲੰਘਿਆ। ਤੇ ਤੀਜੇ ਦਿਨ ਮੌਕਾ ਵੇਖ ਕੇ ਇਹ ਉਹਦੇ ਘਰ ਹੀ ਆ ਗਈ। ਚਾਚਾ ਮੰਜੇ ਉਤੇ ਬੈਠਾ ਸੀ, ਉਠ ਕੇ ਖਲੋ ਗਿਆ ਪਰ ਬੋਲਿਆ ਕੁਝ ਨਹੀਂ ਸੀ। ਥੋੜ੍ਹੀ ਚੁੱਪ ਤੋਂ ਬਾਅਦ ਇਸੇ ਔਰਤ ਨੇ ਕਿਹਾ ਸੀ, “ਤੂੰ ਗੁੱਸਾ ਕਰ ਲਿਆæææਮੈਂ ਤਾਂ ਤੇਰੇ ਭਲੇ ਲਈ ਹੀ ਕਿਹਾ ਸੀ।” ਚਾਚਾ ਅਜੇ ਵੀ ਚੁੱਪ ਸੀ। ਉਹ ਫ਼ੇਰ ਬੋਲੀ, “ਮੇਰੇ ਨਾਲ ਤਾਂ ਏਦੋਂ ਵੱਧ ਕੀ ਹੋ ਜੂæææਸੋਚਦੀ ਸਾਂ ਕਿਤੇ ਤੇਰਾ ਵੀ ਵੱਸਦਾ ਰਸਦਾ ਘਰ ਨਾ ਪੁੱਟਿਆ ਜਾਏ।” ਫੇਰ ਇਕ ਚੁੱਪ ਤੇ ਉਸ ਚੁੱਪ ਤੋਂ ਬਾਅਦ, ਹੁਣ ਚਾਚੇ ਦੀ ਵਾਰੀ ਸੀ, “ਆਪਾਂ ਤਾਂ ਸੱਚੇ ਆਂ ਨਾæææਬਕਣ ਦੇ ਲੋਕਾਂ ਨੂੰ ਜੋ ਬਕਦੇ ਨੇ।”
“ਇਹੋ ਮੈਂ ਕਹਿਣ ਆਈ ਸਾਂæææਲੋਕਾਂ ਦਾ ਵੱਸ ਚੱਲੇ ਤਾਂ ਉਹ ਜਿਉਣ ਵੀ ਨਾ ਦੇਣ।” ਇਸ ਔਰਤ ਨੇ ਕਿਹਾ ਸੀ ਤੇ ਮੈਂ ਨਾਲ ਦੇ ਕਮਰੇ ਵਿਚ ਬੈਠਾ ਆਦਰ ਨਾਲ ਸਿਜਦੇ ਵਿਚ ਝੁਕ ਗਿਆ ਸਾਂ।
ਜਦੋਂ ਡਾਕਟਰਾਂ ਦੀਆਂ ਦਵਾਈਆਂ ਬੇਅਸਰ ਹੋਣ ਲੱਗੀਆਂ ਤਾਂ ਇਸ ਔਰਤ ਨੇ ਕਈ ਗੁਰਦੁਆਰਿਆਂ ਵਿਚ ਮੱਥੇ ਰਗੜੇ ਤੇ ਸਿਆਣਿਆਂ ਤੋਂ ਪੁੱਛਾਂ ਪਵਾਈਆਂ ਸਨ। ਬੜਾ ਵਿਸ਼ਵਾਸ ਸੀ ਇਹਨੂੰ ਰੱਬ ਉਤੇ ਕਿ ਉਹ ਦੂਜੀ ਵਾਰ ਏਦਾਂ ਦਾ ਅਨਰਥ ਨਹੀਂ ਕਰੇਗਾ, ਪਰ ਇਸ ਵਾਰ ਦੀ ਛੁੱਟੀ ਵਿਚ ਮੈਂ ਵੇਖਿਆ ਸੀ, ਇਹਦਾ ਵਿਸ਼ਵਾਸ ਜਿਵੇਂ ਥਿੜ੍ਹਕ ਗਿਆ ਸੀ। ਹੁਣ ਇਹ ਮੇਰੇ ਨਾਲ ਚਾਚੇ ਦੀ ਨਿਘਰਦੀ ਹਾਲਤ ਉਤੇ ਚਿੰਤਾ ਕਰਦੀ ਰੋਣਹਾਕੀ ਹੋ ਜਾਂਦੀ ਸੀ। ਚਾਚੇ ਦਾ ਭੋਰਾ-ਭੋਰਾ ਕਰ ਕੇ ਟੁੱਟਣਾ ਮੇਰੇ ਲਈ ਵੀ ਅਸਹਿ ਸੀ ਪਰ ਪਤਾ ਨਹੀਂ ਕਿਉਂ, ਮੈਨੂੰ ਇਸ ਔਰਤ ਦੇ ਸਾਹਮਣੇ ਆਪਣਾ ਦਰਦ ਛੋਟਾ ਛੋਟਾ ਲੱਗਣ ਲੱਗ ਪੈਂਦਾ ਸੀ। ਇਕ ਦਿਨ ਇਹ ਡਾਢੇ ਹੀ ਦੁੱਖ ਨਾਲ ਮੈਨੂੰ ਕਹਿਣ ਲੱਗੀ, “ਏਦ੍ਹੇ ਬਾਰੇ ਸੋਚਦੀ ਆਂ ਤਾਂ ਕਾਂਬਾ ਛਿੜ ਜਾਂਦੈæææਮੈਂ ਆਂਹਦੀ ਆਂ ਰੱਬਾ! ਜੇ ਤੂੰ ਏਦ੍ਹੀ ਜਾਨ ਨਈਂ ਬਖਸ਼ਣੀ ਤਾਂ ਮੈਨੂੰ ਪਹਿਲਾਂ ਚੁੱਕ ਲੈ।” ਉਸ ਦਿਨ ਬੇਵਸੇ ਅੱਥਰੂਆਂ ਉਤੇ ਸਾਡਾ ਦੋਵਾਂ ਦਾ ਜ਼ੋਰ ਨਹੀਂ ਸੀ ਚੱਲਿਆ ਤੇ ਅਸੀਂ ਵਾਪਰਨ ਵਾਲੀ ਹੋਣੀ ਨੂੰ ਕਿਆਸਦੇ ਜਿਵੇਂ ਸੂਲੀ ਟੰਗੇ ਗਏ ਸਾਂ। ਕਿੰਨੇ ਚਿਰ ਪਿੱਛੋਂ ਇਸ ਔਰਤ ਨੇ ਲੰਮਾ ਹੌਕਾ ਲਿਆ ਸੀ ਤੇ ਮੈਂ ਵੀ ਆਪਣੇ ਅੱਥਰੂ ਪੂੰਝਦਾ ਚੁੱਪ-ਚਾਪ ਉਠ ਕੇ ਤੁਰ ਪਿਆ ਸਾਂ।
ਤੇ ਫੇਰæææਚਾਚੇ ਦੇ ਭਾਂਡੇ ਵੱਖਰੇ ਹੋ ਗਏ ਸਨ ਤੇ ਬਿਸਤਰਾ ਵੱਖਰਾ। ਘਰ ਦੇ ਜੀਅ ਉਹਦੇ ਨਾਲ ਗੱਲਾਂ ਕਰਨੋਂ ਤ੍ਰਹਿੰਦੇ ਸਨ। ਜਵਾਨ ਹੋ ਰਹੇ ਬੱਚਿਆਂ ਨੂੰ ਉਹਦੇ ਲਾਗੇ ਬਹਿਣਾ ਜਾਂ ਜੂਠਾ ਖਾਣ ਤੋਂ ਵਰਜ ਦਿੱਤਾ ਗਿਆ ਸੀ। ਪੂਰੀ ਉਮਰ ਹੰਢਾ ਚੁੱਕੀ ਦਾਦੀ, ਆਂਢ-ਗੁਆਂਢ ਆਪਣੀ ਮਮਤਾ ਦਾ ਪੂਰਾ ਵਿਖਾਵਾ ਪਾਉਂਦੀ ਪਰ ਘਰ ਵਿਚ ਉਹ ਵੀ ਚਾਚੇ ਤੋਂ ਇਕ ਵਿੱਥ ਉਤੇ ਖਲੋ ਗਈ ਸੀ। ਵਾਹ ਲੱਗਦਿਆਂ, ਚਾਚਾ ਆਪ ਵੀ ਪੂਰਾ ਬੰਧੇਜ ਰੱਖਦਾ, ਫੇਰ ਵੀ ਉਹ ਚਾਹੁੰਦਾ ਸੀ ਕਿ ਕੋਈ ਉਹਦੇ ਨਾਲ ਹੱਸੇ ਖੇਡੇ, ਗੱਲਾਂ ਕਰੇ। ਉਹਨੂੰ ਬਿਮਾਰੀ ਤੇ ਮੌਤ ਦੀ ਸੋਚ ਨਾਲੋਂ ਬਹੁਤਾ ਘਰਦਿਆਂ ਦਾ ਵਤੀਰਾ ਵਿੰਨ੍ਹਦਾ ਰਹਿੰਦਾ। ਗੁਰਦੁਆਰੇ ਦੇ ਤਵੇ ਉਤੇ ਸਵੇਰੇ ਸ਼ਾਮ ਵੱਜਦਾ ਸ਼ਬਦ ‘ਜਗਤ ਮੇਂ ਝੂਠੀ ਦੇਖੀ ਪ੍ਰੀਤ’ ਹੁਣ ਉਹਨੂੰ ਸੱਚਾ ਸੱਚਾ ਲੱਗਣ ਲੱਗ ਪਿਆ ਸੀ। ਚਾਚੀ ਤਾਂ ਸਾਰੀ ਉਮਰ ਹੀ ਉਹਦੇ ਹੱਥੋਂ ਸਤੀ ਰਹੀ ਸੀ। ਉਹਦੇ ‘ਕਾਰਿਆਂ’ ਤੋਂ ਅੱਕੀ, ਉਹ ਹਮੇਸ਼ਾਂ ਹੀ ਉਚਾ-ਨੀਵਾਂ ਬੋਲਦੀ ਰਹਿੰਦੀ। ਉਹ ਖਿਝਦੀ ਤਾਂ ਚਾਚਾ ਅੱਗਿਓਂ ਹੱਸ ਛੱਡਦਾ, “ਸ਼ੀਰੇ ਦੀ ਮਾਂ, ਪਤੀ ਪਰਮੇਸ਼ਰ ਨਾਲ ਇੰਜ ਤੱਤੀ ਨਾ ਹੋਇਆ ਕਰæææਅਸਾਂ ਕਿਤੇ ਬਹਿ ਰਹਿਣਾ। ਪੁੱਤ ਗੱਭਰੂ ਹੋ ਕੇ ਆਪੇ ਚੁੱਕ ਲੈਣਗੇ ਘਰ ਦਾ ਧੰਦਾਲ।” ਹੁਣ ਤਾਂ ਉਹ ਕੋਈ ਜ਼ਰੂਰੀ ਗੱਲ ਕਰਨ ਲੱਗੀ ਨੱਕ ਤੇ ਮੂੰਹ ਉਤੇ ਆਪਣੀ ਚੁੰਨੀ ਵਲ੍ਹੇਟ ਲੈਂਦੀ ਸੀ ਤੇ ਅਜਿਹੇ ਵੇਲੇ ਚਾਚੇ ਦੀ ਉਦਾਸੀ ਵੇਖੀ ਨਹੀਂ ਸੀ ਜਾਂਦੀ।
ਥੋੜ੍ਹੇ ਦਿਨ ਪਹਿਲਾਂ, ਇਕ ਤ੍ਰਿਕਾਲੀਂ ਚਾਚੀ ਦੇ ਉਚੇ ਬੋਲ ਵਿਹੜੇ ਵਿਚਲੀ ਕੰਧ ਟੱਪ ਗਏ ਸਨ। ਪਤਾ ਨਹੀਂ ਉਹ ਕਿਹੜੀ ਗੱਲੋਂ ਹਿਰਖੀ ਪਈ ਸੀ। ਉਹਦੇ ਤੱਤੇ ਬੋਲ ਮੈਨੂੰ ਵੀ ਲੂੰਹਦਾ ਕਰ ਗਏ ਸਨ, “ਜਵਾਨੀਂ ਗਾਲ’ਤੀ ਹੋਰਾਂ ਦੇ ਬੂਹੇ। ਹੁਣ ਮਰਨ ਲੱਗਾ ਸਾਨੂੰ ਆ ਚੰਬੜਿਆ। ਜੀਦ੍ਹਾ ਸਿਰ੍ਹਾਣਾ ਮੱਲ ਕੇ ਬਹਿ ਰਹਿੰਦਾ ਸੀ, ਉਹ ਹੁਣ ਵੀ ਤਾਂ ਪਿੰਡ ਵਿਚ ਈ ਵੱਸਦੀ ਐ।” ਤੇ ਪਤਾ ਨਹੀਂ ਹੋਰ ਕੀ ਕੀ ਸੁਣਿਆ ਸੀ ਉਸ ਦਿਨ।
ਉਸ ਦਿਨ ਚਾਚੇ ਦੀ ਉਦਾਸੀ ਝੱਲੀ ਨਹੀਂ ਸੀ ਜਾਂਦੀ। ਉਹ ਕਿੰਨਾ ਚਿਰ ਮੇਰੇ ਕੋਲ ਬੈਠਾ ਸੰਸਾਰੀ ਰਿਸ਼ਤਿਆਂ ਤੇ ਜ਼ਿੰਦਗੀ ਦੀਆਂ ਤਲਖੀਆਂ, ਇਸ ਵਿਚਲੇ ਮੋਹ ਅਤੇ ਜਨਮ ਮਰਨ ਦੀਆਂ ਗੱਲਾਂ ਕਰਦਾ ਰਿਹਾ। ਉਸ ਦਿਨ ਮੈਂ ਪਹਿਲੀ ਵਾਰ ਚਾਚੇ ਨੂੰ ਏਨਾ ਗੰਭੀਰ ਵੇਖਿਆ ਸੀ। ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕਦਾ ਉਹ ਗਿਆਨੀਆਂ ਵਾਂਗ ਕਹਿ ਰਿਹਾ ਸੀ, “ਕੁਝ ਵੀ ਹੋਵੇ, ਮਰਨ ਨੂੰ ਭੋਰਾ ਦਿਲ ਨਈਂ ਕਰਦਾ, ਪਰ ਮੈਨੂੰ ਆਪਣਾ ਅੰਤ ਦੀਦ੍ਹਾ। ਹੁਣ ਬਹੁਤ ਚਿਰ ਜੀਅ ਨਈਂ ਹੋਣਾ।” ਮੈਥੋਂ ਇਹ ਸਭ ਕੁਝ ਝੱਲਿਆ ਨਹੀਂ ਸੀ ਗਿਆ ਤੇ ਮੈਂ ਧਾਹਾਂ ਮਾਰ ਰੋ ਉਠਿਆ ਸੀ ਪਰ ਚਾਚਾ ਮੈਨੂੰ ਦਿਲਾਸੇ ਦਿੰਦਾ ਕਹਿ ਰਿਹਾ ਸੀ, “ਹੈ ਕਮਲਾ, ਕੋਈ ਸਾਰੀ ਉਮਰ ਵੀ ਨਾਲ ਨਿਭਦਾ?” ਪਰ ਮੈਨੂੰ ਧਰਵਾਸ ਦੇਣ ਵਾਲਾ ਚਾਚਾ ਆਪ ਵੀ ਡੋਲਿਆ ਹੋਇਆ ਸੀ। ਵਰੂੰ ਵਰੂੰ ਵਰਦੀਆਂ ਅੱਖਾਂ ਉਹਨੇ ਆਪਣੇ ਰਹਿੰਦੇ ਖੂੰਹਦੇ ਹਠ ਨਾਲ ਰੋਕ ਤਾਂ ਲਈਆਂ ਸਨ ਪਰ ਉਨ੍ਹਾਂ ਵਿਚਲੀ ਪੀੜ ਉਸ ਤੋਂ ਰੋਕੀ ਨਹੀਂ ਸੀ ਗਈ। ਮੇਰੇ ਨਾਲ ਹਰ ਭੇਤ ਸਾਂਝਾ ਕਰ ਲੈਣ ਵਾਲਾ ਚਾਚਾ, ਉਸ ਦਿਨ ਭਰੀਆਂ ਭਰਾਈਆਂ ਅੱਖਾਂ ਨਾਲ ਮੇਰੇ ਕੋਲੋਂ ਤੁਰ ਪਿਆ ਸੀ ਤੇ ਜਾਂਦਿਆਂ ਹੀ ਇਸ ਔਰਤ ਦੇ ਮੋਢਿਆਂ ਉਤੇ ਸਿਰ ਰੱਖ ਕੇ ਬੱਚਿਆਂ ਵਾਂਗ ਰੋ ਪਿਆ ਸੀ ਤੇ ਇਹ ਔਰਤ ਉਹਦੇ ਅੱਥਰੂ ਪੂੰਝਦੀ ਤੇ ਦਿਲਾਸੇ ਦਿੰਦੀ ਉਹਦੀ ਮਾਂ ਬਣ ਗਈ ਸੀ। ਫੇਰ ਇਸੇ ਔਰਤ ਨੇ ਉਹਦੇ ਸਿਰ ਨੂੰ ਆਪਣੇ ਪੱਟਾਂ ਉਤੇ ਰੱਖਦਿਆਂ ਪਲੋਸਣਾ ਸ਼ੁਰੂ ਕਰ ਦਿੱਤਾ ਸੀ। ਪਿਆਰ ਤੋਂ ਥੁੜਿਆ ਚਾਚਾ ਵਿਸਮਾਦੀ ਹਾਲਤ ਵਿਚ ਉਂਜ ਹੀ ਕਿੰਨਾ ਚਿਰ ਪਿਆ ਰਿਹਾ ਤੇ ਫੇਰ ਜਿਵੇਂ ਉਹਨੂੰ ਬਹੁਤ ਵੱਡੇ ਅਨਰਥ ਹੋਣ ਦਾ ਅਹਿਸਾਸ ਹੋਇਆ। ਉਹ ਆਪਣਾ ਮੂੰਹ ਪਾਸੇ ਨੂੰ ਫੇਰਦਾ ਫੇਰ ਰੋ ਉਠਿਆ ਸੀ। ਇਸ ਔਰਤ ਨੇ ਆਪਣੇ ਦੋਹਾਂ ਹੱਥਾਂ ਨਾਲ ਉਹਦਾ ਚਿਹਰਾ ਸਿੱਧਾ ਕੀਤਾ। ਇਕ ਟੱਕ ਉਹ ਕਿੰਨਾ ਚਿਰ ਉਹਦੇ ਵੱਲ ਵਿੰਹਦੀ ਰਹੀ ਤੇ ਫੇਰ ਉਹਦੇ ਬੁੱਲ੍ਹਾਂ ‘ਤੇ ਆਪਣੇ ਬੁੱਲ੍ਹ ਰੱਖ ਕੇ ਬਿਮਾਰ ਬੁੱਲ੍ਹਾਂ ਨੂੰ ਇਹ ਮੁੜ ਮੁੜ ਚੁੰਮਦਿਆਂ ਕਹਿ ਰਹੀ ਸੀ, “ਜੀਅ ਕਰਦੈ ਤੇਰੀ ਸਾਰੀ ਬਿਮਾਰੀ ਚੂਸ ਲਵਾਂ।” ਤੇ ਉਸ ਵੇਲੇ ਇਹ ਪਤਾ ਨਹੀਂ ਉਸ ਦੀ ਕੀ ਲੱਗਦੀ ਸੀæææਜੋ ਸਭ ਕੁਝ ਹੁੰਦਿਆਂ ਵੀ ਦੁਨਿਆਵੀ ਰਿਸ਼ਤਿਆਂ ਵਿਚ ਕੁਝ ਵੀ ਨਹੀਂ ਸੀ।
ਇਹਦੇ ਬਾਰੇ ਸੋਚਦਿਆਂ ਮੇਰੇ ਥਿੜਕੇ ਮਨ ਨੂੰ ਬੜੀ ਢਾਰਸ ਮਿਲੀ। ਤ੍ਰਿਕਾਲਾਂ ਪੈਣ ਕਰ ਕੇ ਲੋਕ ਹੌਲੀ ਹੌਲੀ ਉਠ ਕੇ ਜਾਣ ਲੱਗ ਪਏ ਸਨ। ਕਰਮ ਸਿਹੁੰ ਰੇਡੀਓ ਬੋਲਦਾ ਤਾਂ ਰਿਹਾ ਸੀ ਪਰ ਮੈਨੂੰ ਉਹਦੀ ਆਵਾਜ਼ ਅੱਖਰ ਨਹੀਂ ਸੀ ਰਹੀ। “ਅੱਛਾ ਹੌਸਲਾ ਰੱਖੋ, ਉਹਦੀ ਕੀਤੀ ਤਾਂ ਜਰਨੀ ਪੈਂਦੀ ਐ।” ਆਖਰੀ ਬੰਦਾ ਕਰਮ ਸਿਹੁੰ ਵੀ ਮੇਰੇ ਲਾਗੋਂ ਉਠ ਕੇ ਚਲਾ ਗਿਆ। ਮੈਂ ਸਾਹਮਣੇ ਵੇਖਿਆ, ਸਾਰੀਆਂ ਔਰਤਾਂ ਵੀ ਜਾ ਚੁੱਕੀਆਂ ਸਨ। ਡੂੰਘਾ ਸਾਹ ਲੈਂਦਿਆਂ ਮੈਂ ਬੋਝਲ ਮਨ ਨੂੰ ਹੌਲਾ ਕਰਨਾ ਚਾਹਿਆ।
ਸੂਰਜ ਬਨੇਰਿਆਂ ਤੋਂ ਉਹਲੇ ਹੋ ਰਿਹਾ ਸੀ ਤੇ ਵਿਹੜੇ ਵਿਚ ਲੰਮੇ ਕੰਬਦੇ ਪਰਛਾਵੇਂ ਡਰਾਉਣੇ ਜਿਹੇ ਲਗਦੇ ਸਨ। ਅਸਤ ਹੋ ਰਿਹਾ ਸੂਰਜ ਮੈਨੂੰ ਚਾਚੇ ਵਰਗਾ ਲੱਗਾ ਪਰ ਸੂਰਜ ਤਾਂ ਕੱਲ੍ਹ ਵੀ ਚੜ੍ਹੇਗਾ, ਚਾਚੇ ਨੇ ਨਹੀਂ ਸੀ ਬਹੁੜਨਾ। ਮੈਂ ਚਾਚੇ ਬਾਰੇ ਸੋਚਦਾ ਉਠ ਕੇ ਬਾਹਰ ਨੂੰ ਤੁਰ ਪਿਆ ਤੇ ਉਸ ਰਾਹ ਉਤੇ ਤੁਰਦਾ ਗਿਆ ਜਿਸ ਉਤੇ ਚਾਚੇ ਨੇ ਆਪਣਾ ਅੰਤਮ ਸਫ਼ਰ ਕੀਤਾ ਹੋਵੇਗਾ। ਨੀਵੀਂ ਪਾਈ ਤੁਰਦਿਆਂ ਮੈਂ ਸ਼ਾਇਦ ਚਾਚੇ ਦੀਆਂ ਪੈੜਾਂ ਲੱਭ ਰਿਹਾ ਸਾਂ ਪਰ ਮਨੁੱਖ ਆਖ਼ਰੀ ਸਫ਼ਰ ਆਪਣੇ ਪੈਰਾਂ ਨਾਲ ਥੋੜ੍ਹਾ ਕਰਦੈ?
ਮੜ੍ਹੀਆਂ ਵਿਚ ਪਹੁੰਚਿਆ ਤਾਂ ਬਾਬੇ ਬਿਸ਼ਨੇ ਨੂੰ ਸਵਾਹ ਦੀ ਢੇਰੀ ਕੋਲ ਖਲੋਤਾ ਦੇਖ ਕੇ ਹੈਰਾਨ ਹੀ ਰਹਿ ਗਿਆ। ਉਹ ਖੂੰਡੇ ਦੇ ਆਸਰੇ, ਉਤਾਂਹ ਨੂੰ ਮੂੰਹ ਚੁੱਕੀ ਰੱਬ ਨਾਲ ਆਢਾ ਲਾਈ ਖਲੋਤਾ ਸੀ। ਕੁਝ ਸਾਲ ਪਹਿਲਾਂ ਉਹਦਾ ਜਵਾਨ ਜਹਾਨ ਪੁੱਤ ਛੋਟੀ ਜਿਹੀ ਗੱਲੇ ਹੀ ਸ਼ਰੀਕਾਂ ਨੇ ਵੱਢ ਦਿੱਤਾ ਸੀ ਤਾਂ ਉਹਦੇ ਲਈ ਪਿੰਡ ਦੀਆਂ ਕੰਧਾਂ ਕਾਲੀਆਂ ਹੋ ਗਈਆਂ ਸਨ। ਉਨ੍ਹੀਂ ਦਿਨੀਂ ਉਹ ਸਵੇਰੇ ਸ਼ਾਮ ਮੜ੍ਹੀਆਂ ਵਿਚ ਬੈਠਾ ਰੋਂਦਾ ਰਹਿੰਦਾ। ਪੁੱਤ ਨੂੰ ਛਾਂ ਦੇਣ ਲਈ ਰੁੱਖ ਲਾਉਂਦਾ, ਪਾਣੀ ਪਾਉਂਦਾ ਤੇ ਰੱਬ ਨੂੰ ਗਾਲਾਂ ਕੱਢ ਕੱਢ ਕੇ ਆਪਣਾ ਮਨ ਠੰਢਾ ਕਰਦਾ। ਹੁਣ ਵੀ ਪਿੰਡ ਦੀ ਕੋਈ ਬੇਵਕਤੀ ਮੌਤ ਉਹਦੇ ਜ਼ਖ਼ਮਾਂ ਨੂੰ ਫੇਰ ਹਰਾ ਕਰ ਜਾਂਦੀ ਤੇ ਉਹਦੀਆਂ ਗਾਲਾਂ ਹੋਰ ਵੀ ਉਚੀਆਂ ਹੋ ਜਾਂਦੀਆਂ।
ਇਕ ਮਨ ਕੀਤਾ, ਉਹਨੂੰ ਆਖਾਂ, “ਆ ਘਰ ਨੂੰ ਚੱਲੀਏæææਇਥੇ ਜੋ ਗੁਆਚਦਾ, ਮੁੜ ਲੱਭਦਾ ਨਈਂ”, ਪਰ ਜਾਣਦਾ ਸਾਂ, ਮੈਥੋਂ ਕੁਝ ਵੀ ਕਿਹਾ ਨਹੀਂ ਜਾਣਾ। ਮੈਨੂੰ ਤਾਂ ਆਪਣੇ ਬੋਲ ਹੀ ਮਰ ਮੁੱਕ ਗਏ ਲੱਗਦੇ ਸਨ।
ਮੈਂ ਚੁੱਪ-ਚਾਪ ਭਰੀਆਂ ਅੱਖਾਂ ਨਾਲ ਪਿੰਡ ਨੂੰ ਤੁਰ ਪਿਆ। ਪਲੋ ਪਲ ਹਨੇਰੇ ਦੀ ਉਸਰ ਰਹੀ ਕੰਧ ਮੈਨੂੰ ਹੋਰ ਵੀ ਇਕੱਲਾ ਕਰੀ ਜਾ ਰਹੀ ਸੀ। ਇਸ ਇਕੱਲ ਵਿਚ ਮੈਨੂੰ ਫੇਰ ਉਸ ਔਰਤ ਦੀ ਯਾਦ ਆਈ ਜੋ ਕਿਸੇ ਹਨੇਰੇ ਕੋਨੇ ਵਿਚ ਬਹਿ ਕੇ ਬੜੇ ਹੀ ਉਹਲੇ ਨਾਲ ਆਪਣਾ ਮਨ ਹੌਲਾ ਕਰਦੀ ਹੋਵੇਗੀ। ਮੈਂ ਬੋਝਲ ਕਦਮੀਂ ਉਹਦੇ ਵਿਹੜੇ ਜਾ ਵੜਿਆ। ਉਥੇ ਵੀ ਹਨੇਰਾ ਸੀ, ਮੇਰੇ ਮਨ ਵਿਚਲੇ ਹਨੇਰੇ ਤੋਂ ਵੀ ਗੂੜ੍ਹਾ ਹਨੇਰਾ। ਉਹ ਚਿੱਟੇ ਕੱਪੜਿਆਂ ਵਿਚ ਚਾਨਣ ਵਾਂਗ ਮੇਰੇ ਵੱਲ ਆਈ। ਕੋਲ ਆ ਕੇ ਖਲੋ ਗਈ ਤੇ ਪਛਾਣਦਿਆਂ ਮੈਨੂੰ ਆਪਣੀਆਂ ਬਾਹਾਂ ਵਿਚ ਘੁੱਟ ਕੇ ਝੱਲਿਆਂ ਵਾਂਗ ਰੋ ਉਠੀ। ਮੇਰੇ ਵੀ ਕਈਆਂ ਦਿਨਾਂ ਦੇ ਡੱਕੇ ਅੱਥਰੂ ਝਲਾਰਾਂ ਬਣ ਵਹਿ ਤੁਰੇæææ।
Leave a Reply