ਜੇਠ ਹਾੜ੍ਹ ਦਾ ਮਹੀਨਾ। ਰਾਤ ਕਿੰਨੀ ਕੁ ਤੁਰ ਗਈ, ਇਸ ਦਾ ਕੋਈ ਇਲਮ ਨਹੀਂ। ਮੈਂ ਤੇ ਮੇਰੇ ਚਾਚੇ ਦਾ ਹਾਣੀ ਪੁੱਤ ਇਕੋ ਹੀ ਮੰਜੇ ‘ਤੇ ਸੌ ਰਹੇ ਸਾਂ। ਲਾਗੇ ਸੁੱਤੀ ਦਾਦੀ ਮਾਂ ਜ਼ੋਰ-ਜ਼ੋਰ ਦੀ ਆਵਾਜ਼ਾਂ ਦੇ ਰਹੀ ਸੀ, “ਵੇ ਮੁੰਡਿਓ! ਉਠੋ!! ਭਾਣਾ ਵਾਪਰ ਗਿਆ ਜੇ।” ਬਾਹਰੋਂ ਟਰੈਕਟਰ ਦੀ ਆਵਾਜ਼ ਅਤੇ ਨਾਲ ਹੀ ਜਨਾਨੀਆਂ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਦਾਦੀ ਮਾਂ ਦੀ ਡੰਗੋਰੀ ਗੁਆਚ ਗਈ ਸੀ ਤੇ ਸਾਡੇ ਕੋਲੋਂ ਰੋਜ਼ ਵਾਂਗ, ਬਾਹਰਲੇ ਦਰਵਾਜ਼ੇ ਨੂੰ ਜੰਦਰਾ ਮਾਰ ਕੇ ਸਰ੍ਹਾਣੇ ਥੱਲੇ ਰੱਖੀ ਚਾਬੀ ਨਹੀਂ ਸੀ ਮਿਲ ਰਹੀ। ਬਾਹਰੋਂ ਬੰਦਿਆਂ ਦੀਆਂ ਆਵਾਜ਼ਾਂ ਹੋਰ ਉਚੀਆਂ ਹੋ ਗਈਆਂ ਕਿ ‘ਦਰਵਾਜ਼ਾ ਖੋਲ੍ਹੋ।’ ਦਰਵਾਜ਼ਾ ਖੁੱਲ੍ਹਿਆ ਤਾਂ ਕੀ ਦੇਖਦੇ ਹਾਂ-ਟਰਾਲੀ ਵਿਚ ਚਾਚਾ ਮੰਜੇ ਉਤੇ ਸਦਾ ਲਈ ਸੌਂ ਚੁੱਕਾ ਸੀ।
‘ਰਿਸ਼ਤਿਆਂ ਦੇ ਆਰ ਪਾਰ’ ਕਹਾਣੀ ਵਿਚਲਾ ਚਾਚਾ ਜੋਗਿੰਦਰ ਸਿੰਘ ਨੰਬਰਦਾਰ ਮੇਰਾ ਸਕਾ ਚਾਚਾ ਏ। ਮੇਰੇ ਪਿਤਾ ਜੀ ਤਿੰਨ ਭਰਾ ਸਨ। ਵੱਡੇ ਮੇਰੇ ਪਿਤਾ ਜੀ, ਇਹ ਛੋਟੇ ਅਤੇ ਇਸ ਤੋਂ ਛੋਟਾ ਪਿੰਡ ਪਰਿਵਾਰ ਦੇ ਨਾਲ ਰਹਿ ਰਿਹਾ ਏ। ਦਾਦਾ ਜੀ ਪਿੰਡ ਦੇ ਆਲ੍ਹਾ ਨੰਬਰਦਾਰ ਸਨ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ, ਮੇਰੇ ਪਿਤਾ ਜੀ ਫੌਜ ਵਿਚ ਹੋਣ ਕਰ ਕੇ, ਦਾਦਾ ਜੀ ਦੀ ਨੰਬਰਦਾਰੀ ਚਾਚੇ ਦੇ ਹਿੱਸੇ ਆਈ। ਫਿਰ ਉਹ ਅਸ਼ਟਾਮਾਂ ਉਤੇ ਉਰਦੂ ਦੇ ਸਿੱਖੇ ਹੋਏ ਦਸਤਖ਼ਤ ਕਰਦਾ ਕਰਦਾ ਆਪਣੀ ਜ਼ਿੰਦਗੀ ਦੀਆਂ ਰੇਖਾਵਾਂ ਉਤੇ ਵੀ ਕਰ ਬੈਠਾ।
ਚੇਤਨ ਦੱਸਦਾ ਹੁੰਦਾ ਸੀ ਕਿ ‘ਰਿਸ਼ਤਿਆਂ ਦੇ ਆਰ ਪਾਰ’ ਕਹਾਣੀ ਰਸਾਲਿਆਂ ਵਿਚ ਛਪਣ ਵਾਲੀਆਂ ਉਸ ਦੀਆਂ ਕਹਾਣੀਆਂ ਵਿਚੋਂ ਤੀਜੀ ਜਾਂ ਚੌਥੀ ਸੀ। ਇਹ ਕਹਾਣੀ ‘ਨਾਗਮਣੀ’ ਵਿਚ ਛਪੀ ਸੀ। ਅੰਮ੍ਰਿਤਾ ਪ੍ਰੀਤਮ ਨੇ ਖ਼ਤ ਰਾਹੀਂ ਲੇਖਕ ਦੀ ‘ਰਿਸ਼ਤਿਆਂ ਦੇ ਆਰ ਪਾਰ’ ਵੇਖਣ ਦੀ ਸਮਰੱਥਾ ਦਾ ਜ਼ਿਕਰ ਕੀਤਾ ਅਤੇ ਇੰਨੀ ਪਿਆਰੀ ਕਹਾਣੀ ਲਿਖਣ ਲਈ ਬਹੁਤ ਸਾਰਾ ਪਿਆਰ ਵੀ ਭੇਜਿਆ। ਉਨ੍ਹਾਂ ਦੀ ਇਸ ਚਿੱਠੀ ਸਦਕਾ ਮੈਨੂੰ ਵੀ ਇਹ ਕਹਾਣੀ ਬਹੁਤ ਪਿਆਰੀ ਲੱਗਣ ਲੱਗ ਪਈ। ‘ਨਾਗਮਣੀ’ ਦੇ ਅਗਲੇ ਅੰਕ ਵਿਚ ਇਸ ਕਹਾਣੀ ਬਾਰੇ ਡਾæ ਇੰਦੂ ਦਾ ਖ਼ਤ ਛਪਿਆ, ‘ਲੇਖਕ ਤਾਂ ਕਹਾਣੀ ਦੀ ਨਾਇਕਾ ਦੇ ਮੋਢੇ ਉਤੇ ਸਿਰ ਰੱਖ ਕੇ, ਤੇ ਰੋ ਕੇ ਆਪਣਾ ਦੁੱਖ ਹਲਕਾ ਕਰ ਲੈਂਦਾ ਹੈ, ਪਰ ਅਸੀਂ ਪਾਠਕ ਕੀਹਦੇ ਮੋਢੇ ਉਤੇ ਸਿਰ ਰੱਖ ਕੇ ਰੋਈਏ!’ ਇਹ ਖ਼ਤ ਪੜ੍ਹ ਕੇ ਮੈਨੂੰ ਇਹ ਕਹਾਣੀ ਹੋਰ ਵੀ ਪਿਆਰੀ ਲੱਗਣ ਲੱਗ ਪਈ। ਇਹ ਕਹਾਣੀ ਅੰਗੇਰਜ਼ੀ, ਹਿੰਦੀ, ਉਰਦੂ, ਤੈਲਗੂ ਤੇ ਗੁਜਰਾਤੀ ਭਾਸ਼ਾਵਾਂ ਵਿਚ ਅਨੁਵਾਦ ਹੋਈ।
ਉਦੋਂ ਮੇਰੀ ਉਮਰ 10-11 ਸਾਲ ਦੀ ਸੀ। ਸਾਡਾ ਘਰ ਤੇ ਵਿਹੜਾ ਬਹੁਤ ਛੋਟਾ ਸੀ। ਚਾਚੇ ਦਾ ਘਰ ਤੇ ਵਿਹੜਾ ਨਾਲੋ-ਨਾਲ ਇਕੱਠੇ ਹੋਣ ਕਰ ਕੇ ਉਹ ਖੁੱਲ੍ਹਾ ਲਗਦਾ ਸੀ ਤੇ ਅਸੀਂ ਖੇਡਦੇ-ਮੱਲਦੇ ਵੀ ਚਾਚੇ ਦੇ ਵਿਹੜੇ ਵਿਚ ਹੀ ਹੁੰਦੇ ਸਨ। ਬਹੁਤ ਦੇਰ ਤੱਕ ਘਰਾਂ ਵਿਚ ਸੋਗ ਰਿਹਾ ਤੇ ਸਾਨੂੰ ਵਿਹੜੇ ਵਿਚ ਖੇਡਣ ਵੀ ਨਹੀਂ ਸੀ ਦਿੱਤਾ ਜਾਂਦਾ। ਜੇ ਕਦੇ ਉਸ ਵਿਹੜੇ ਵਿਚ ਮਾਹੌਲ ਚੰਗਾ ਹੋਣ ਲੱਗਦਾ ਤਾਂ ਕੋਈ ਦਿਨ-ਦਿਹਾਰ ਆ ਜਾਂਦਾ, ਤੇ ਘਰ ਵਿਚ ਫ਼ੇਰ ਮਾਸੀਆਂ, ਭੂਆ ਹੋਰੀਂ ਆ ਕੇ ਰੋਣ ਲੱਗ ਜਾਂਦੀਆਂ।æææਫੇਰ ਬਹੁਤ ਦੇਰ ਤੱਕ ਵਿਹੜਾ ਉਦਾਸ ਰਹਿੰਦਾ। ਇਕ ਵਾਰੀ ਮੈਂ ਮਾਂ ਨਾਲ ਗੁੱਸੇ ਹੋ ਗਿਆ ਸੀ ਕਿ ਕਿੰਨੀਆਂ ਵਿਸਾਖੀਆਂ ਤੇ ਦੀਵਾਲੀਆਂ ਲੰਘ ਗਈਆਂ ਨੇ, ਘਰ ਵਿਚ ਕੁਝ ਖਾਣ-ਪੀਣ ਲਈ ਨਹੀਂ ਆਇਆ। ਜਲੇਬੀਆਂ ਤਾਂ ਕਿਧਰੇ ਰਹੀਆਂ, ਕਿਸੇ ਦਿਨ-ਦਿਹਾਰ ‘ਤੇ ਪਕੌੜੇ ਵੀ ਨਾ ਕੱਢ ਕੇ ਦਿੱਤੇ।æææਤੇ ਮਾਂ ਨੇ ਅੱਗਿਓਂ ਘੂਰ ਕੇ ਕਿਹਾ ਸੀ, “ਇਕੋ ਵਿਹੜੇ ਵਿਚ ਵੱਸਦੇ ਆਂ। ਮੇਰੇ ਕੋਲੋਂ ਸਰੀਕਾਂ ਤੋਂ ਗੱਲਾਂ ਨਹੀਂ ਸੁਣ ਹੁੰਦੀਆਂ।” ਉਦੋਂ ਇਹ ਗੱਲ ਮੇਰੇ ਸਿਰ ਉਤੋਂ ਦੀ ਲੰਘ ਗਈ ਸੀ।
ਦਾਦੀ ਮਾਂ ਦੱਸਦੀ ਹੁੰਦੀ ਸੀ, “ਚਾਚਾ ਬਹੁਤ ਜੁਆਨ ਤੇ ਸੋਹਣਾ ਹੁੰਦਾ ਸੀ। ਜਦੋਂ ਰੌਲੇ ਪਏ, ਆਪਣੇ ਘਰ ਵਿਚ ਇਕ ਮੁਸਲਮਾਨ ਤਾਜੀ ਜੁਲਾਹਾ ਕੰਮ ਕਰਦਾ ਹੁੰਦਾ ਸੀ। ਉਹਦੀਆਂ ਦੋ ਜੁਆਨ ਧੀਆਂ ਸਨ। ਰੌਲਿਆਂ ਵਿਚ ਮੈਂ ਉਨ੍ਹਾਂ ਨੂੰ ਆਪਣੇ ਘਰ ਰੱਖ ਲਿਆ ਸੀ। ਤੇਰੇ ਪਿਤਾ ਜੀ ਬਾਹਰ ਰਹਿੰਦੇ ਸਨ ਤੇ ਘਰ ਦੀ ਰਾਖੀ ਤੇਰਾ ਚਾਚਾ ਹੀ ਕਰਦਾ ਹੁੰਦਾ ਸੀ। ਰਾਤ ਨੂੰ ਵੀ ਬਾਹਰਲੇ ਦਰਵਾਜ਼ੇ ਅੱਗੇ ਮੰਜੇ ‘ਤੇ ਬੈਠਾ ਰਹਿੰਦਾ ਸੀ ਤੇ ਜਦੋਂ ਠੰਢ-ਠੰਢੋਲਾ ਹੋਇਆ ਤਾਂ ਮੈਂ ਫੇਰ ਤੇਰੇ ਚਾਚੇ ਨੂੰ ਕਿਹਾ, ‘ਤਾਜੀ ਤੇ ਇਹਦੀਆਂ ਧੀਆਂ ਨੂੰ ਇਨ੍ਹਾਂ ਦੇ ਮੁਹੱਲਿਆਂ ਵਿਚ ਛੱਡ ਆ।’æææਤੇ ਚਾਚੇ ਨੇ ਆਪਣੇ ਦੋ-ਤਿੰਨ ਹੋਰ ਬੇਲੀ ਲਏ ਤੇ ਉਨ੍ਹਾਂ ਨੂੰ ਜਿੱਥੇ ਜ਼ਿਆਦਾ ਮੁਸਲਮਾਨ ਰਹਿੰਦੇ ਸਨ, ਉਥੇ ਛੱਡ ਆਏ।”
ਮੈਂ ਚਾਚੇ ਨੂੰ ਆਪਣੀ ਹੋਸ਼ ਵਿਚ ਬਿਮਾਰ ਹੀ ਵੇਖਿਆ। ਬੱਸ ਘਰ ਆਉਣਾ ਤਾਂ ਖੰਘਦੇ ਹੀ ਰਹਿਣਾ। ਮੇਰੇ ਬੀਜੀ ਨੇ ਕਈ ਵਾਰੀ ਕਹਿਣਾ, “ਵੇ ਜੋਗਿੰਦਰ ਸਿੰਹਾਂ! ਤੂੰ ਐਵੇਂ ਖੰਘਦਾ ਰਹਿੰਦਾ ਏਂ। ਸੁਰਜੀਤ ਸਿੰਘ (ਚਾਚੀ ਦਾ ਡਾਕਟਰ ਭਰਾ) ਕੋਲ ਤੂੰ ਜਾਂਦਾ ਨਹੀਂ। ਜਾਹ, ਜੰਡਿਆਲੇ ਤੋਂ ਸੋਹਨ ਲਾਲ ਤੋਂ ਹੀ ਦਵਾਈ ਲੈ ਆ। ਨਾਲੇ ਉਹ ਕਿਹੜਾ ਪੈਸੇ ਲੈਂਦਾ, ਖੰਘ ਦੀ ਦਵਾਈ ਤਾਂ ਉਹਦੀ ਸ਼ਰਤੀਆ ਏ।” ਚਾਚੇ ਨੇ ਅੱਗਿਓਂ ਇਹ ਕਹਿ ਕੇ ਟਾਲ ਛੱਡਣਾ, “ਇਹ ਕੁੱਤੇ ਖੰਘ ਏ, ਆਪੇ ਹੀ ਹਟ ਜਾਵੇਗੀ।”
1965 ਦੀ ਲੜਾਈ ਤੋਂ ਇਕ ਸਾਲ ਪਹਿਲਾਂ ਸਾਡੇ ਪਿੰਡ ਅਤੇ ਲਾਗੇ ਦੇ ਇਕ-ਦੋ ਹੋਰ ਪਿੰਡਾਂ ਵਿਚ ਫੌਜ ਖੂਹਾਂ ‘ਤੇ ਆ ਕੇ ਬੈਠ ਗਈ। ਉਹ ਲੜਾਈ ਤੋਂ ਦੋ ਕੁ ਮਹੀਨੇ ਪਹਿਲਾਂ ਉਠ ਕੇ ਗਈ। ਲੰਮਾ ਸਮਾਂ ਰਹਿਣ ਕਰ ਕੇ ਹਰ ਖੂਹ ਦੇ ਜ਼ਿਮੀਂਦਾਰ ਨਾਲ ਫੌਜੀਆਂ ਦੀ ਯਾਰੀ ਵਾਲਾ ਮਾਹੌਲ ਹੋ ਗਿਆ। ਜ਼ਿਮੀਂਦਾਰ ਸਵੇਰੇ ਕੰਮ ਕਰਨ ਜਾਂਦੇ ਤਾਂ ਨਾਲ ਫੌਜੀਆਂ ਲਈ ਲੱਸੀ ਦੀ ਬਾਲਟੀ ਲੈ ਜਾਂਦੇ, ਤੇ ਆਪ ਸਾਰਾ ਦਿਨ ਫੌਜੀਆਂ ਨਾਲ ਰੋਟੀ-ਪਾਣੀ ਛਕਦੇ ਰਹਿੰਦੇ। ਸਾਡੇ ਖੂਹ ‘ਤੇ ਇਕ ਕੈਪਟਨ ਸੀ ਜਿਸ ਦਾ ਨਾਂ ਕਰਿਆਪਾ ਸੀ। ਉਹ ਮਦਰਾਸ ਦੀ ਪਲਟਣ ਵਿਚ ਸੀ। ਮੇਰੇ ਬੀਜੀ ਇਕ ਦਿਨ ਮੇਰੇ ਵੱਡੇ ਭਰਾ ਨੂੰ ਕਹਿਣ ਲੱਗੀ, “ਵੇ ਜਗਦੀਸ਼! ਤੂੰ ਕਹਿੰਦਾ ਏਂ ਆਪਣੇ ਖੂਹ ਵਾਲਾ ਕੈਪਟਨ ਤੇਰਾ ਯਾਰ ਏ, ਵੇ ਉਹਨੂੰ ਕਹਿ, ਤੇਰੇ ਚਾਚੇ ਨੂੰ ਆਪਣੇ ਡਾਕਟਰ ਨੂੰ ਹੀ ਦਿਖਾ ਦੇਵੇ।”
ਮੇਰੇ ਪਿਤਾ ਜੀ ਫੌਜ ਵਿਚ ਹੋਣ ਕਰ ਕੇ ਮੇਰੇ ਬੀਜੀ ਨੂੰ ਇਹ ਯਕੀਨ ਸੀ ਕੇ ਫੌਜ ਦੇ ਡਾਕਟਰ ਬਹੁਤ ਸਿਆਣੇ ਹੁੰਦੇ ਹਨ। ਕਰਿਆਪੇ ਨਾਲ ਗੱਲ ਕੀਤੀ ਤਾਂ ਉਹ ਮੰਨ ਗਿਆ। ਚਾਚਾ ਵੀ ਫੌਜੀ ਡਾਕਟਰ ਕੋਲੋਂ ਇਲਾਜ ਨੂੰ ਮੰਨ ਗਿਆ। ਡਾਕਟਰ ਨੇ ਜਦੋਂ ਚਾਚੇ ਦਾ ਚੈਕਅੱਪ ਕੀਤਾ ਤਾਂ ਮੇਰੇ ਵੱਡੇ ਭਰਾ ਨੂੰ ਕਹਿਣ ਲੱਗਾ, “ਤੇਰੇ ਚਾਚੇ ਨੂੰ ਟੀæਬੀæ (ਤਪਦਿਕ) ਏ।” ਟੀæਬੀæ ਦੀ ਬਿਮਾਰੀ ਉਨ੍ਹਾਂ ਦਿਨਾਂ ਵਿਚ ਅੱਜਕੱਲ੍ਹ ਕੈਂਸਰ ਵਾਂਗ ਸਮਝੀ ਜਾਂਦੀ ਸੀ। ਨਾ ਉਸ ਵਕਤ ਟੀæਬੀæ ਦਾ ਇਲਾਜ ਸੀ। ਜੇ ਸੀ ਤਾਂ ਬਹੁਤ ਮਹਿੰਗਾ। ਘਰ ਆ ਕੇ ਜਦੋਂ ਬੀਜੀ ਨੂੰ ਦੱਸਿਆ ਤਾਂ ਉਹ ਹੈਰਾਨ ਹੋ ਗਏ, “ਮੈਂ ਤਾਂ ਅੱਗੇ ਹੀ ਕਹਿੰਦੀ ਸੀ, ਇਹ ਕੁੱਤੇ ਖੰਘ ਨਹੀਂ ਏ। ਵੇ ਜਗਦੀਸ਼! ਤੂੰ ਕੱਲ੍ਹ ਨੂੰ ਹੀ ਆਪਣੀ ਚਾਚੀ ਨੂੰ ਲੈ ਕੇ ਆਪਣੇ ਮਾਮੇ ਨੂੰ ਦੱਸ ਕੇ ਆ।” ਮਾਮਾ ਸੁਰਜੀਤ ਸਿੰਘ ਆਪਣੇ ਇਲਾਕੇ ਦਾ ਮੰਨਿਆ ਡਾਕਟਰ ਹੈ। ਉਸ ਵਕਤ ਉਹ ਆਪਣੇ ਪਿੰਡ ਤਲਵੰਡੀ ਡਗਰਾ ਵਿਚ ਹੀ ਦੁਕਾਨ ਕਰਦਾ ਸੀ, ਪਰ ਹੁਣ ਉਹਨੇ ਤੇ ਉਹਦੇ ਡਾਕਟਰ ਬੇਟੇ ਨੇ ਅੰਮ੍ਰਿਤਸਰ ਵਿਚ ਬਹੁਤ ਵੱਡਾ ਹਸਪਤਾਲ ਖੋਲ੍ਹਿਆ ਏ। ਚਾਚੇ ਦੇ ਸਹੁਰੇ ਹੋਣ ਦੇ ਨਾਲ ਨਾਲ ਸਾਡੀਆਂ ਹੋਰ ਵੀ ਰਿਸ਼ਤੇਦਾਰੀਆਂ ਹਨ। ਮਾਮੇ ਨੂੰ ਪਤਾ ਲੱਗਦਿਆਂ ਸਾਰ ਉਹ ਪਿੰਡ ਆ ਗਿਆ ਤੇ ਚਾਚੇ ਨੂੰ ਨਾਲ ਲੈ ਗਿਆ। ਅੱਡ ਕਮਰੇ ਵਿਚ ਰੱਖਿਆ। ਦੋ ਸਾਲ ਤੱਕ ਉਹਨੇ ਚਾਚੇ ਦਾ ਇਲਾਜ ਕੀਤਾ ਅਤੇ ਫਿਰ ਚਾਚਾ ਪਿੰਡ ਆ ਗਿਆ।
ਚਾਚਾ ਠੀਕ ਹੋ ਕੇ ਘਰ ਆ ਗਿਆ ਸੀ ਪਰ ਕੋਈ ਕੰਮ-ਕਾਰ ਕਰਨ ਜੋਗਾ ਨਹੀਂ ਸੀ। ਸਾਡੇ ਪਿੰਡ ਵਿਚ ਬਹੁਤੇ ਪਰਿਵਾਰ ਪਰਜਾਪਤ ਹਨ ਜੋ ਵਪਾਰ ਦਾ ਕੰਮ ਕਰਦੇ ਹਨ। ਉਨ੍ਹਾਂ ਦੀਆਂ ਜੇਬਾਂ ਵਿਚ ਸਦਾ ਹੀ ਨੋਟ ਖੜਕਦੇ ਰਹਿੰਦੇ। ਸਾਡੇ ਪਰਿਵਾਰ ਨਾਲ ਬਹੁਤ ਸਾਰੇ ਪਰਿਵਾਰ ਸ਼ਰੀਕੇ ਵਾਂਗ ਹੀ ਮੇਲ-ਜੋਲ, ਖੁਸ਼ੀ-ਗਮੀ ਦੇ ਭਾਈਵਾਲ ਹਨ। ਇਕ ਦਿਨ ਚਾਚੇ ਦੇ ਤਿੰਨ-ਚਾਰ ਬੇਲੀ ਤਾਰੀ, ਚਰਨ ਸਿੰਘ, ਕੁੰਨਣ ਸਿੰਘ-ਸਾਰੇ ਹੀ ਘਰ ਆਏ। ਕਹਿਣ ਲੱਗੇ, “ਨੰਬਰਦਾਰਾ! ਸਾਨੂੰ ਤੇਰੀ ਬਿਮਾਰੀ ਦਾ ਬੜਾ ਦੁੱਖ ਏ। ਤੂੰ ਘਰ ਬੈਠ ਕੇ ਕੀ ਕਰੇਂਗਾ? ਬੱਚੇ ਵੀ ਪਾਲਣੇ ਨੇ। ਤੂੰ ਸਾਡੀ ਗੱਲ ਮੰਨ, ਸਾਡੇ ਨਾਲ ਆæææਅਸੀਂ ਤੈਨੂੰ ਵਪਾਰ ਦੀਆਂ ਰਮਜ਼ਾਂ ਦੱਸਾਂਗੇ ਅਤੇ ਪੈਸੇ ਵੀ ਆਪਣੇ ਕੋਲੋਂ ਲਾ ਦਿਆਂਗੇ।” ਚਾਚੇ ਨੂੰ ਪਤਾ ਨਹੀਂ ਇਹ ਗੱਲ ਕਿਵੇਂ ਚੰਗੀ ਲੱਗੀ, ਉਹ ਵਪਾਰੀ ਬਣ ਗਿਆ। ਪਿੰਡਾਂ ਵਿਚੋਂ ਜਿਣਸਾਂ ਲੈਣੀਆਂ ਤੇ ਸ਼ਹਿਰ ਜਾ ਕੇ ਵੇਚ ਆਉਣੀਆਂ। ਕੁਝ ਦੇਰ ਬਾਅਦ ਚਾਚੇ ਨੇ ਵੀ 5-6 ਜੇਬਾਂ ਵਾਲੀ ਚਿੱਟੀ ਫ਼ਤੂਹੀ ਕਮੀਜ਼ ਦੇ ਥੱਲਿਓ ਪਾ ਲਈ ਜਿਹਨੂੰ ਅਸੀਂ ਪਰਜਾਪਤਾਂ ਦਾ ਬੈਂਕ ਕਹਿੰਦੇ ਹੁੰਦੇ ਸਾਂ। ਇਹ ਧੰਦਾ ਉਹਦੇ ਬਹੁਤ ਰਾਸ ਆਇਆ ਪਰ ਸਿਹਤ ਨੇ ਜ਼ਿਆਦਾ ਦੇਰ ਸਾਥ ਨਾ ਦਿੱਤਾ। ਫੇਰ ਇਕ ਵਾਰੀ ਢਿੱਲਾ ਹੋਇਆ ਤਾਂ ਹਸਪਤਾਲ ਪਹੁੰਚ ਗਿਆ ਤੇ ਬੱਸ ਫੇਰ ਹਸਪਤਾਲ ਤੋਂ ਉਹ ਟਰਾਲੀ ਵਿਚ ਹੀ ਆਇਆ ਸੀ।
ਹਸੂੰ-ਹਸੂੰ ਕਰਨ ਵਾਲਾ ਚਾਚਾ ਦੁਨੀਆਂ ਤੋਂ ਤੁਰ ਗਿਆ ਸੀ। ਅੱਜ 44-45 ਸਾਲ ਬੀਤ ਗਏ ਹਨ। ਫਿਰ ਦਲਬੀਰ ਚੇਤਨ ਵੀ ਇਸ ਦੁਨੀਆਂ ਤੋਂ ਤੁਰ ਗਿਆ। ਅਸੀਂ ਪਿੰਡ ਛੱਡ ਕੇ ਸ਼ਹਿਰ ਅੰਮ੍ਰਿਤਸਰ ਜਾ ਵਸੇ। ਚੇਤਨ ਦੇ ਤੁਰ ਜਾਣ ਤੋਂ ਬਾਅਦ ਇਕ ਦਿਨ ਚਾਚੀ ਜੀ ਸ਼ਹਿਰ ਘਰ ਆਏ ਅਤੇ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ। ਫਿਰ ਮੇਰੇ ਪਿਤਾ ਜੀ ਨੂੰ ਕਹਿਣ ਲੱਗੇ, “ਸਰਦਾਰ ਜੀ! ਦਲਬੀਰ ਸਿਰਫ਼ ਤੁਹਾਡਾ ਪੁੱਤ ਹੀ ਨਹੀਂ ਸੀ। ਉਹਨੂੰ ਮੈਂ ਜੰਮਿਆ ਤਾਂ ਨਹੀਂ, ਪਰ ਉਹ ਢਿੱਡੋਂ ਜੰਮੇ ਨਾਲੋਂ ਵੀ ਜ਼ਿਅਦਾ ਕਰ ਕੇ ਗਿਆ ਮੇਰੇ ਨਾਲ, ਤੇ ਮੇਰੇ ਪਰਿਵਾਰ ਨਾਲ।æææਜਦ ਦਲਬੀਰ ਆਪਣੇ ਚਾਚੇ ਦੇ ਮਰਨੇ ‘ਤੇ ਆਇਆ ਸੀ, ਮੈਨੂੰ ਆਪਣੇ ਪਿੰਡ ਵਾਲੇ ਡਾਕੀਏ ਕੋਲ ਲੈ ਗਿਆ। ਮੇਰਾ ਤੇ ਡਾਕੀਏ ਦਾ ਹੱਥ ਆਪਣੇ ਸਿਰ ‘ਤੇ ਰਖਵਾ ਕੇ ਸਹੁੰ ਖੁਆਈ ਕਿ ਜੋ ਮੈਂ ਕਹਿਣ ਲੱਗਾਂ, ਇਹ ਆਪਣੇ ਤਿੰਨਾਂ ਵਿਚ ਹੀ ਰਹੇ, ਤੇ ਫੇਰ ਡਾਕੀਏ ਨੂੰ ਕਿਹਾ, ‘ਤਾਇਆ ਜੀ, ਮੈਂ ਫੌਜ ਵਿਚੋਂ ਚਾਚੀ ਦੇ ਨਾਂ ਹਰ ਮਹੀਨੇ ਮਨੀਆਰਡਰ ਭੇਜਿਆ ਕਰਾਂਗਾ, ਤੁਸੀਂ ਚਾਚੀ ਨੂੰ ਸੱਦ ਕੇ ਚੁੱਪ-ਚੁਪੀਤੇ ਇਹਦੀ ਮੁੱਠੀ ਵਿਚ ਪੈਸੇ ਦੇ ਦਿਆ ਕਰਨੇ ਤਾਂ ਕਿ ਮੇਰੇ ਚਾਚੇ ਦੇ ਘਰ ਦਾ ਚੁੱਲ੍ਹਾ ਵੀ ਬਲਦਾ ਰਹੇ।”æææਚਾਚੀ ਰੋ ਵੀ ਰਹੀ ਸੀ, ਆਪਣੇ ਮਨ ਦਾ ਭਾਰ ਵੀ ਹੌਲਾ ਕਰ ਰਹੀ ਸੀ, “ਹੁਣ ਉਹ ਤੁਰ ਗਿਆ ਏ ਤਾਂ ਅੱਜ ਮੈਂ ਉਹਦੀ ਸਹੁੰ ਤੋੜਦੀ ਹਾਂ!”
ਦਲਬੀਰ ਚੇਤਨ ਜੋ ਆਪਣੇ ਪਾਤਰਾਂ ਦੇ ਦੁੱਖਾਂ ਨੂੰ ਲੈ ਕੇ ਬੁੱਕਲ ਵਿਚ ਰੋਂਦਾ ਸੀ, ਉਹ ਆਪਣੇ ਘਰ ਦੇ ਦੁੱਖ ਦਾ ਸਹਾਈ ਕਿਉਂ ਨਾ ਹੁੰਦਾ ਭਲਾ? ਬੱਸ! ਇਹ ਸਭ ਸਿਰਫ ਉਸ ਦੇ ਹਿੱਸੇ ਹੀ ਆਇਆ ਸੀ। ਇਹ ਸੀ ‘ਰਿਸ਼ਤਿਆਂ ਦੇ ਆਰ ਪਾਰ’ ਵਾਲਾ ਦਲਬੀਰ ਚੇਤਨ। ਮੇਰਾ ਮੋਹਵੰਤਾ ਭਰਾæææ।
-ਪਰਸ਼ਿੰਦਰ
ਫੋਨ: 469-335-2263
Leave a Reply