ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਉਸਾਰੇ ਗਏ ਸਰਦਾਰ ਪਟੇਲ ਦੇ ਉਚੇ ਬੁੱਤ ਦੀ ਗੱਲ ਕਰਕੇ ਕਾਂਗਰਸ ਪਾਰਟੀ ਨੂੰ ਨਵੀਂ ਠਿੱਬੀ ਲਾਈ ਹੈ, ਇਹ ਕਹਿ ਕੇ ਕਿ ਕਾਂਗਰਸ ਦਾ ਕੋਈ ਵੱਡਾ ਨੇਤਾ ਉਸ ਨੂੰ ਵੇਖਣ ਨਹੀਂ ਆਇਆ, ਜਦਕਿ ਉਹ ਭਾਰਤ ਦਾ ਕੱਦਾਵਰ ਗ੍ਰਹਿ ਮੰਤਰੀ ਹੋ ਗੁਜ਼ਰਿਆ ਹੈ। ਮੋਦੀ ਭੁੱਲ ਜਾਂਦਾ ਹੈ ਕਿ ਹਰਿਆਣਾ ਰਾਜ ਦਾ ਜੰਮਪਲ ਸਰ ਛੋਟੂ ਰਾਮ ਪਿਛਲੀ ਸਦੀ ਦੇ ਤੀਹਵਿਆਂ ਵਿਚ ਗੋਰੀ ਸਰਕਾਰ ਤੋਂ ਅਜਿਹਾ ਕਾਨੂੰਨ ਪਾਸ ਕਰਵਾ ਗਿਆ ਸੀ,
ਜਿਸ ਨੇ ਸ਼ਾਹੂਕਾਰਾਂ ਕੋਲ ਕਰਜ਼ੇ ਬਦਲੇ ਗਹਿਣੇ ਪਈ ਜਮੀਨ ਰਾਤੋ-ਰਾਤ ਉਨ੍ਹਾਂ ਨੂੰ ਮੁਫਤੋ-ਮੁਫਤੀ ਵਾਪਸ ਦਿਵਾ ਦਿੱਤੀ ਸੀ। ਉਸ ਦੀ ਦਲੀਲ ਇਹ ਸੀ ਕਿ ਜਿਹੜੇ ਖੇਤਾਂ ਦੀ ਕਮਾਈ ਖਾਂਦਿਆਂ ਸ਼ਾਹੂਕਾਰਾਂ ਨੂੰ ਵੀਹ ਜਾਂ ਉਸ ਤੋਂ ਵੱਧ ਵਰ੍ਹੇ ਹੋ ਗਏ ਹਨ, ਉਨ੍ਹਾਂ ਨੇ ਉਸ ਭੂਮੀ ਦੇ ਮਾਲਕ ਕਿਸਾਨਾਂ ਦਾ ਲੋੜ ਤੋਂ ਵਧ ਲਹੂ ਚੂਸ ਲਿਆ ਹੈ ਤੇ ਇਹ ਜਮੀਨ ਤੁਰੰਤ ਕਿਸਾਨਾਂ ਦੀ ਹੋ ਜਾਣੀ ਚਾਹੀਦੀ ਹੈ। ਇਸ ਕਾਨੂੰਨ ਨੇ ਸ਼ਾਹੂਕਾਰਾਂ ਦੀ ਨੀਂਦ ਏਨੀ ਹਰਾਮ ਕੀਤੀ ਸੀ ਕਿ ਉਨ੍ਹਾਂ ਵਿਚੋਂ ਕਈ ਸ਼ਾਹੂਕਾਰ ਪਾਗਲ ਹੋ ਕੇ ਅਦਾਲਤਾਂ ਵਿਚ ਧੱਕੇ ਖਾਂਦੇ ਤੁਰ ਗਏ ਸਨ। ਮੇਰਾ ਨਾਨਾ ਉਨ੍ਹਾਂ ਵਿਚੋਂ ਇੱਕ ਸੀ।
ਜਿੱਥੇ ਸਰ ਛੋਟੂ ਰਾਮ ਨੇ ਵਿਦੇਸ਼ੀ ਸਰਕਾਰ ਤੋਂ ਏਨਾ ਵੱਡਾ ਕਾਨੂੰਨ ਪਾਸ ਕਰਵਾ ਲਿਆ ਸੀ, ਸਰਦਾਰ ਪਟੇਲ ਆਪਣੀ ਸਰਕਾਰ ਤੋਂ ਅਜਿਹਾ ਕਾਨੂੰਨ ਪਾਸ ਨਹੀਂ ਸੀ ਕਰਵਾ ਸਕਿਆ ਜੋ ਕਸ਼ਮੀਰ ਦਾ ਸਥਾਈ ਹੱਲ ਬਣ ਸਕਦਾ, ਹਾਲਾਂਕਿ ਇਹ ਕੰਮ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਸ ਦੇ ਕਾਰਜ-ਖੇਤਰ ਵਿਚ ਆਉਂਦਾ ਸੀ। ਚੋਣਾਂ ਦੀ ਰੁੱਤੇ ਅਜਿਹਾ ਬਿਆਨ ਕਿਸੇ ਹੱਦ ਤੱਕ ਭੁਲਾਇਆ ਜਾ ਸਕਦਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਬੁੱਤ ਦੀ ਉਸਾਰੀ ਤੋਂ ਪਹਿਲਾਂ ਵੀ ਇਹੀਓ ਗੱਲ ਕਹਿ ਚੁਕਾ ਹੈ। ਭਾਰਤ ਦੇ ਕਿਸੇ ਇੱਕ ਰਾਜ ਦਾ ਜੰਮਪਲ ਹੁੰਦਿਆਂ ਕਿਸੇ ਵੀ ਨੇਤਾ ਨੂੰ ਕਿਸੇ ਹੋਰ ਰਾਜ ਦੇ ਜੰਮਪਲ ਨੂੰ ਵਾਰ-ਵਾਰ ਅਣਗੌਲਿਆ ਕਰਨਾ ਸ਼ੋਭਾ ਨਹੀਂ ਦਿੰਦਾ। ਚੋਣ ਪ੍ਰਚਾਰ ਲਈ ਮੋਦੀ ਕੋਲ ਹੋਰ ਬੜੇ ਜੁਮਲੇ ਹਨ, ਜਿਨ੍ਹਾਂ ਦੀ ਵਰਤੋਂ ਹਰ ਰੋਜ਼ ਹੁੰਦੀ ਹੈ। ਦੇਖੋ ਕੀ ਹੁੰਦਾ ਹੈ। 23 ਮਈ ਦੂਰ ਨਹੀਂ।
ਬੁਲ੍ਹੇ ਸ਼ਾਹ ਅਸੀਂ ਮਰਨਾ ਨਾਹੀਂ: ਚੋਣਾਂ ਦੇ ਰੌਲੇ-ਰੱਪੇ ਤੇ ਢੋਲ-ਢਮੱਕੇ ਦੇ ਦੌਰ ਵਿਚ ਸੂਫੀ ਸ਼ਾਇਰਾਂ ਦੇ ਬੋਲ ਰੂਹ ਨੂੰ ਰੁਸ਼ਨਾਉਣ ਦਾ ਕੰਮ ਦਿੰਦੇ ਹਨ। ਇਸ ਪ੍ਰਸੰਗ ਵਿਚ ਬੁੱਲ੍ਹੇ ਸ਼ਾਹ ਦੇ ਅਲਬੇਲੇ ਬੋਲ ਸਭ ਤੋਂ ਸਥਾਈ ਤੇ ਦਿਲਕਸ਼ ਹਨ। ਸ਼ਬਦ ਮਾਲਾ ਹਕੀਕੀ ਹੋਵੇ ਜਾਂ ਮਿਜਾਜ਼ੀ, ਧੁਰ ਅੰਦਰ ਤੱਕ ਅਸਰ ਕਰਨ ਵਾਲੀ ਹੈ। ਬੁੱਲ੍ਹੇ ਸ਼ਾਹ ਦੀਆਂ ਅੱਧੀ ਦਰਜਨ ਅਣਗੌਲੀਆਂ ਕਾਫੀਆਂ ਧਿਆਨ ਮੰਗਦੀਆਂ ਹਨ। ਉਨ੍ਹਾਂ ਤੱਕ ਪਹੁੰਚਣ ਦਾ ਇੱਕ ਮਾਰਗ ਵੀ ਹੈ। ‘ਕੇਹੇ ਲਾਰੇ ਦੇਨਾ ਏ’ ਵਿਚੋਂ ਲੰਘ ਕੇ ‘ਆਪੇ ਲਾਈਆਂ ਕੁੰਡੀਆਂ ਤੇ ਆਪੇ ਖਿਚਦਾ ਏਂ ਡੋਰ’ ਵਿਚੋਂ ਹੁੰਦੇ ਹੋਏ ਅਸੀਂ ਹੇਠ ਲਿਖੀ ਅਵਸਥਾ ਵਿਚ ਪਹੁੰਚ ਜਾਂਦੇ ਹਾਂ:
ਸਾਨੂੰ ਗਏ ਬੇਦਰਦੀ ਛੱਡ ਕੇ
ਏਧਰ ਸਾਂਗ ਸੀਨੇ ਵਿਚ ਗੱਡ ਕੇ
ਜਿਸਮੋ ਜਿਸ ਨੂੰ ਲੈ ਗਏ ਕੱਢ ਕੇ
ਗੱਲ ਕਰ ਗਏ ਹਤਿਆਰੀ…।
ਬੇਦਰਦਾਂ ਦਾ ਕੀ ਭਰਵਾਸਾ
ਖੌਫ ਨਹੀਂ ਦਿਲ ਅੰਦਰ ਮਾਸਾ
ਚਿੜੀਆਂ ਮੌਤ ਗੰਵਾਰਾਂ ਹਾਸਾ
ਮਗਰੋਂ ਹਸ ਹਸ ਤਾੜੀ ਮਾਰੀ…।
ਆਵਣ ਕਹਿ ਗਏ ਫੇਰ ਨਾ ਆਏ
ਆਵਣ ਦੇ ਸਭ ਕੌਲ ਭੁਲਾਏ
ਮੈਂ ਭੁੱਲੀ ਭੁੱਲ ਨੈਣ ਲਗਾਏ
ਕੇਹੇ ਮਿਲੇ ਸਾਨੂੰ ਠੱਗ ਵਪਾਰੀ।
ਇਹ ਅਵਸਥਾ ਅੰਤ ਕੀ ਰੂਪ ਧਾਰਦੀ ਹੈ? ਬੁੱਲ੍ਹੇ ਸ਼ਾਹ ਦੇ ਸ਼ਬਦ ਹਨ:
ਮੈਂ ਨਾਤੀ ਧੋਤੀ ਰਹਿ ਗਈ
ਕੋਈ ਗੰਢ ਸੱਜਣ ਦਿਲ ਬਹਿ ਗਈ
ਕੋਈ ਸੁਖਨ ਅਵੱਲਾ ਬੋਲਿਆ
ਕਦੀ ਮੋੜ ਮੁਹਾਰਾਂ ਢੋਲਿਆ…।
ਬੁੱਲ੍ਹਾ ਸ਼ਾਹ ਕਦੀ ਘਰ ਆਵਸੀ
ਮੇਰੀ ਬਲਦੀ ਭਾਫ ਜਾਗਸੀ
ਜਿਹਦੇ ਦੁਖ ਨੂੰ ਮੂੰਹ ਖੋਲ੍ਹਿਆ
ਕਦੀ ਮੋੜ ਮੁਹਾਰਾਂ ਢੋਲਿਆ
ਨੇਰੀਆਂ ਵਾਟਾਂ ਤੋਂ ਸਿਰ ਡੋਲਿਆ।
ਬੁੱਲ੍ਹੇ ਸ਼ਾਹ ਇਸ ਅਵਸਥਾ ਨੂੰ ਦੁੱਖਾਂ ਸੁੱਖਾਂ ਦਾ ਏਕਾ ਦੱਸਦਾ ਹੈ:
ਦੁੱਖਾਂ ਸੁਖਾਂ ਏਕਾ ਕੀਤਾ
ਨਾ ਕੋਈ ਸਹੁਰਾ ਨਾ ਕੋਈ ਪੇਕਾ
ਦਰਦ ਵਿਹੂਣੀ ਪਈ ਦਰ ਤੇਰੇ
ਨਾ ਕੋਈ ਦਰਦ ਰੰਝਾਣੀ ਦਾ।
ਜੇ ਬੁੱਲ੍ਹੇ ਸ਼ਾਹ ਦੀ ਧਾਰਨਾ ਨੂੰ ਕਿਸੇ ਹੋਰ ਕਵੀ ਦੇ ਸ਼ਬਦਾਂ ਰਾਹੀਂ ਸਪੱਸ਼ਟ ਕਰਨਾ ਹੋਵੇ ਤਾਂ ਵਾਰਿਸ ਸ਼ਾਹ ਦੀ ਇਸ ਤੁੱਕ ਦਾ ਸਹਾਰਾ ਲਿਆ ਜਾ ਸਕਦਾ ਹੈ:
ਬਾਝੋਂ ਦੁੱਖ ਦੇ ਸੁੱਖ ਨਸੀਬ ਨਾਹੀਂ
ਲਗਨ ਬਾਝ ਖਵਾਰ ਸੰਸਾਰ ਨਾਹੀਂ।
ਪਰ ਬੁੱਲ੍ਹੇ ਸ਼ਾਹ ਦੇ ਬੋਲਾਂ ਦੀ ਸਾਰ ਪਾਉਣ ਲਈ ਸਾਨੂੰ ਵਾਰਿਸ ਸ਼ਾਹ ਦੀ ਸ਼ਰਨ ਲੈਣ ਦੀ ਲੋੜ ਨਹੀਂ। ਮੇਰੇ ਪੱਤਰਕਾਰ ਮਿੱਤਰ ਬਰਜਿੰਦਰ ਸਿੰਘ ਹਮਦਰਦ ਨੇ ਅੱਠ ਅਣਗੌਲੀਆਂ ਕਾਫੀਆਂ ਲੱਭ ਕੇ ਉਨ੍ਹਾਂ ਨੂੰ ਆਪਣੀ ਸੋਜ਼ ਭਰੀ ਅਵਾਜ਼ ਦੇ ਕੇ ‘ਰੂਹਾਨੀ ਰਮਜ਼ਾਂ’ ਨਾਂ ਦੀ ਐਲਬਮ ਤਿਆਰ ਕੀਤੀ ਹੈ। ਐਲਬਮ ਮੇਰੀ ਪਾਕਿਸਤਾਨ ਫੇਰੀ ਤੋਂ ਪਹਿਲਾਂ ਨਵੇਂ ਸਾਲ ਦੇ ਅਰੰਭ ਵਿਚ ਜਾਰੀ ਹੋ ਚੁਕੀ ਸੀ। ਬਰਜਿੰਦਰ ਹੁਰਾਂ ਦੀ ਅਵਾਜ਼ ਧੀਮੀ ਤੇ ਪੇਸ਼ਕਾਰੀ ਏਨੀ ਸਹਿਜ ਹੈ ਕਿ ਸੁਣਨ ਵਾਲੇ ਦੇ ਮਨ ਦੀ ਅੰਦਰਲੀ ਤਹਿ ਤੱਕ ਉਤਰਦਿਆਂ ਸਮਾਂ ਲੱਗਦਾ ਹੈ। ਬੁੱਲ੍ਹੇ ਸ਼ਾਹ ਦੇ ਸ਼ਬਦਾਂ ਵਿਚ:
ਬੁੱਲ੍ਹਾ ਸ਼ਾਹ ਮੇਰੇ ਘਰ ਆਇਆ
ਮੈਂ ਘੁੱਟ ਰਾਂਝਣ ਗਲ ਲਾਇਆ
ਦੁੱਖ ਗਏ ਸਮੁੰਦਰੋਂ ਪਾਰ ਨੂੰ
ਦਿਲ ਲੋਚੇ ਮਾਹੀ ਯਾਰ ਨੂੰ।
ਮੈਂ ਬਰਜਿੰਦਰ ਸਿੰਘ ਦੇ ਸੁਰਮੰਡਲ ਨੂੰ ਉਨ੍ਹਾਂ ਦੀ ਪੱਤਰਕਾਰੀ ਦੇ ਸਨਮੁਖ ਮੇਚਦਾ ਹਾਂ ਤਾਂ ਜਾਪਦਾ ਹੈ ਜਿਵੇਂ ਪੱਤਰਕਾਰੀ ਉਨ੍ਹਾਂ ਦੀ ਪਤਨੀ ਹੈ ਤੇ ਸੁਰ-ਸੰਗੀਤ ਮਾਸ਼ੂਕਾ। ਗੁਰਦੀਪ ਸਿੰਘ ਦੀਆਂ ਸੰਗੀਤਕ ਸੁਰਾਂ ਵਿਚ ਬਹਿ ਕੇ ਇਸ ਦਾ ਸਮੁੱਚਾ ਪ੍ਰਭਾਵ ਕਿੰਨਾ ਸੁਖਦਾਈ ਹੈ, ਇਹ ਦੱਸਣ ਲਈ ਸ਼ਬਦ ਮੇਰਾ ਸਾਥ ਨਹੀਂ ਦੇ ਰਹੇ। ਕੋਈ ਸੌਖਾ ਰਾਹ ਲੱਭੋ। ਰੂਹਾਨੀ ਰਮਜ਼ਾਂ ਸੁਣੇ ਤੇ ਜਾਣੋਂ।
ਬੁੱਲ੍ਹੇ ਸ਼ਾਹ ਇਹ ਤਾਂ ਜਾਣਦਾ ਸੀ ਕਿ ਉਸ ਮਰਨਾ ਨਾਹੀਂ, ਪਰ ਇਹ ਨਹੀਂ ਸੀ ਜਾਣਦਾ ਕਿ ਉਸ ਨੂੰ ਗੀਤ ਤੇ ਸੰਗੀਤ ਨੇ ਸਦਾ ਜ਼ਿੰਦਾ ਰੱਖਣਾ ਹੈ।
ਅੰਤਿਕਾ: ਮਨਜੀਤਪਾਲ ਕੌਰ
ਚਿਰੋਕਣਾ ਮਰ ਚੁੱਕਿਆ ਵਾਇਦਾ
ਜਾਣ ਵਾਲੇ ਨੂੰ ਰੋਕਣਾ, ਕਾਇਦਾ
ਵਾਇਦਾ ਵਫਾ ਕਰਨਾ ਮੁਕੱਦਰ ਦੇ ਵੱਸ
ਮਾਯੂਸੀਆਂ ਨੂੰ ਰੋਕਣਾ ਇਨਸਾਨ ਦੇ ਵੱਸ।