ਸਿਆਸੀ ਵਿਅੰਗ ਕਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ’15 ਲੱਖ ਕਦੋਂ ਆਊਗਾ’

ਸੁਰਜੀਤ ਜੱਸਲ
ਫੋਨ: 91-98146-07737
ਰਵਿੰਦਰ ਗਰੇਵਾਲ ਪੰਜਾਬੀ ਗਾਇਕੀ ਦਾ ਇੱਕ ਮਾਣਮੱਤਾ ਨਾਂ ਹੈ। ਆਪਣੀ ਮਿਆਰੀ ਤੇ ਅਰਥ-ਭਰਪੂਰ ਗਾਇਕੀ ਨਾਲ ਉਸ ਨੇ ਗੀਤ-ਸੰਗੀਤ ਦੇ ਖੇਤਰ ਵਿਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਗਾਇਕੀ ਦੇ ਨਾਲ-ਨਾਲ ਬਾਕੀ ਗਾਇਕਾਂ ਵਾਂਗ ਰਵਿੰਦਰ ਗਰੇਵਾਲ ਫਿਲਮੀ ਪਰਦੇ ‘ਤੇ ਵੀ ਆਇਆ। ਉਸ ਦੀਆਂ ਫਿਲਮਾਂ ‘ਜੱਜ ਸਿੰਘ ਐਲ਼ ਐਲ਼ ਬੀ.’, ‘ਐਵਂੇ ਰੌਲਾ ਪੈ ਗਿਆ’ ਅਤੇ ‘ਡੰਗਰ ਡਾਕਟਰ’ ਨੇ ਉਸ ਨੂੰ ਗਾਇਕੀ ਤੋਂ ਹਟਵੀਂ ਪਛਾਣ ਦਿੱਤੀ।

ਅੱਜ ਕੱਲ ਰਵਿੰਦਰ ਨਵੀਂ ਫਿਲਮ ’15 ਲੱਖ ਕਦੋਂ ਆਊਗਾ’ ਲੈ ਕੇ ਆ ਰਿਹਾ ਹੈ। ਫਿਲਮ ਦੇ ਟਾਈਟਲ ਤੋਂ ਲੱਗਦਾ ਹੈ ਕਿ ਇਹ ਵੋਟਾਂ ਵੇਲੇ ਲੱਗੇ ਸਿਆਸੀ ਲਾਰਿਆਂ ਨਾਲ ਜੁੜੀ ਕਿਸੇ ਮਨੋਰੰਜਕ ਕਹਾਣੀ ਦਾ ਆਧਾਰ ਹੋਵੇਗੀ। ਪੇਸ਼ ਹਨ, ਫਿਲਮ ਸਬੰਧੀ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:
ਤੁਹਾਡੀਆਂ ਫਿਲਮਾਂ ਦੇ ਟਾਈਟਲ ਬੜੇ ਅਜੀਬ ਤੇ ਹਟ ਕੇ ਹੁੰਦੇ ਹਨ, ਕੋਈ ਖਾਸ ਵਜ੍ਹਾ?
-ਸਾਡੀ ਹਮੇਸ਼ਾ ਕੋਸ਼ਿਸ ਕੁਝ ਵੱਖਰਾ ਤੇ ਨਵਾਂ ਕਰਨ ਦੀ ਰਹੀ ਹੈ, ਭਾਵੇਂ ਉਹ ਗਾਇਕੀ ਹੋਵੇ ਜਾਂ ਫਿਲਮਾਂ। ‘ਜੱਜ ਸਿੰਘ ਐਲ਼ ਐਲ਼ ਬੀ.’ ਸਮਾਜਕ ਸਰੋਕਾਰਾਂ ਨਾਲ ਜੁੜੀ ਫਿਲਮ ਸੀ ਅਤੇ ‘ਡੰਗਰ ਡਾਕਟਰ’ ਪਿੰਡਾਂ ਦੇ ਮਾਹੌਲ ਨਾਲ ਸਬੰਧਤ ਕਾਮੇਡੀ ਫਿਲਮ ਸੀ। ਹੁਣ ਇਹ ਫਿਲਮ ਸਿਆਸਤ ਤੇ ਸਮਾਜਕ ਮੁੱਦਿਆਂ ‘ਤੇ ਆਧਾਰਤ ਹੈ। ਆਪਣੇ ਗੀਤਾਂ ਦੇ ਵਿਸ਼ਿਆਂ ਵਾਂਗ ਮੈਂ ਫਿਲਮਾਂ ਪ੍ਰਤੀ ਵੀ ਉਨਾ ਹੀ ਸੁਚੇਤ ਰਹਿੰਦਾ ਹਾਂ। ਸਾਡੀ ਟੀਮ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸਲ ਜ਼ਿੰਦਗੀ ‘ਤੇ ਆਧਾਰਤ ਹੀ ਵਿਖਾਇਆ ਜਾਵੇ। ਫਿਲਮ ’15 ਲੱਖ ਕਦੋਂ ਆਊਗਾ’ ਵੱਖਰੇ ਵਿਸ਼ੇ ਵਾਲੀ ਕਾਮੇਡੀ ਫਿਲਮ ਹੈ।
ਇਸ ਫਿਲਮ ਵਿਚਲੇ ਆਪਣੇ ਕਿਰਦਾਰ ਬਾਰੇ ਕੀ ਕਹੋਗੇ?
-ਮੇਰਾ ਕਿਰਦਾਰ ਪਹਿਲੀਆਂ ਸਾਰੀਆਂ ਹੀ ਫਿਲਮਾਂ ਤੋਂ ਹਟ ਕੇ ਇੱਕ ਅਜਿਹੇ ਜੁਗਾੜੀ ਬੰਦੇ ਦਾ ਹੈ, ਜੋ ਆਪਣੀਆਂ ਨਵੀਆਂ ਨਵੀਆਂ ਸਕੀਮਾਂ ਨਾਲ ਲੋਕਾਂ ਦੇ ਅੰਧ ਵਿਸ਼ਵਾਸੀ ਹੋਣ ਦਾ ਫਾਇਦਾ ਲੈਂਦਾ ਹੈ। ਦਰਸ਼ਕਾਂ ਨੂੰ ਮੇਰਾ ਇਹ ਕਿਰਦਾਰ ਜਰੂਰ ਪਸੰਦ ਆਵੇਗਾ। ਫਰਾਈਡੇ ਰਸ਼ ਪਿਕਚਰਜ਼ ਦੇ ਬੈਨਰ ਹੇਠ 10 ਮਈ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਰੁਪਾਲੀ ਗੁਪਤਾ ਦੀ ਇਸ ਫਿਲਮ ਦਾ ਨਿਰਦੇਸ਼ਕ ਅਨੇਕਾਂ ਨਾਮੀ ਨਿਰਦੇਸ਼ਕਾਂ ਦਾ ਸਹਾਇਕ ਰਿਹਾ ਮਨਪ੍ਰੀਤ ਬਰਾੜ ਹੈ। ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਰਮੀਤ ਮਾਵੀ ਦੇ ਹਨ। ਫਿਲਮ ਵਿਚ ਮੇਰੇ ਤੋਂ ਇਲਾਵਾ ਪੂਜਾ ਵਰਮਾ, ਜਸਵੰਤ ਰਾਠੌੜ, ਸਮਿੰਦਰ ਵਿੱਕੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ, ਅਜੇ ਜੇਠੀ ਤੇ ਯਾਦ ਗਰੇਵਾਲ ਅਹਿਮ ਕਿਰਦਾਰ ‘ਚ ਹਨ। ਫਿਲਮ ਦੇ ਗੀਤ ਮੈਂ, ਰਣਜੀਤ ਬਾਵਾ ਤੇ ਗੁਰਲੇਜ਼ ਅਖਤਰ ਨੇ ਗਾਏ ਹਨ।
ਪਹਿਲੀਆਂ ਫਿਲਮਾਂ ਨਾਲੋਂ ਇਸ ਵਿਚ ਵੱਖਰਾਪਨ ਕੀ ਹੋਵੇਗਾ?
-ਇਹ ਫਿਲਮ ਸਮਾਜ ਦੇ ਵੱਖ ਵੱਖ ਮੁੱਦਿਆਂ ਨਾਲ ਜੁੜੀ ਮਨੋਰੰਜਨ ਭਰਪੂਰ ਫਿਲਮ ਹੈ, ਜੋ ਸਮਾਜ ਵਿਚ ਫੈਲੇ ਅੰਧ ਵਿਸ਼ਵਾਸ, ਡੇਰਾਵਾਦ ਅਤੇ ਸਿਆਸਤ ‘ਤੇ ਤਿੱਖਾ ਵਿਅੰਗ ਕਰਦੀ ਦਰਸ਼ਕਾਂ ਨੂੰ ਹਾਸੇ ਹਾਸੇ ਵਿਚ ਚੰਗਾ ਮੈਸੇਜ਼ ਦੇਵੇਗੀ। ਫਿਲਮ ਵਿਚਲੀ ਕਾਮੇਡੀ ਵੀ ਸਾਰਥਕ, ਫਿਲਮ ਦੇ ਮਾਹੌਲ ਨਾਲ ਹੋਵੇਗੀ, ਐਵੇਂ ਡੰਗ ਟਪਾਊ ਨਹੀਂ ਹੋਵੇਗੀ।
ਗਾਇਕੀ ਦੇ ਖੇਤਰ ‘ਚ ਵਧੀਆ ਨਾਂ ਬਣਨ ਪਿਛੋਂ ਆਪਣੇ ਫਿਲਮੀ ਸਫਰ ਬਾਰੇ ਕੀ ਮਹਿਸੂਸ ਕਰਦੇ ਹੋ?
-ਫਿਲਮਾਂ ਗਾਇਕੀ ਨਾਲੋਂ ਇੱਕ ਵੱਖਰਾ ਫੀਲਡ ਹੈ, ਪਰ ਮੇਰਾ ਇਹ ਸ਼ੌਕ ਸ਼ੁਰੂ ਤੋਂ ਹੀ ਰਿਹਾ। ਸਕੂਲ ਸਮੇਂ ਤੋਂ ਮੈਂ ਛੋਟੇ-ਮੋਟੇ ਨਾਟਕ ਕੀਤੇ, ਫੇਰ ਥੀਏਟਰ ਵੀ ਕੀਤਾ। ਗਾਇਕੀ ਤੇ ਅਦਾਕਾਰੀ ਦਾ ਸੌ.ਕ ਨਾਲ ਨਾਲ ਹੀ ਚੱਲਿਆ। ਪਹਿਲੀ ਫਿਲਮ ‘ਐਵੇਂ ਰੌਲਾ ਪੈ ਗਿਆ’ ਇੱਕ ਕੋਸ਼ਿਸ਼ ਸੀ। ‘ਜੱਜ ਸਿੰਘ ਐਲ਼ ਐਲ਼ ਬੀ.’ ਅਤੇ ‘ਡੰਗਰ ਡਾਕਟਰ’ ਰਾਹੀਂ ਸਾਡੇ ਕੰਮ ‘ਚ ਹੋਰ ਨਿਖਾਰ ਆਇਆ, ਜੋ ਦਰਸ਼ਕਾਂ ਨੇ ਪਸੰਦ ਕੀਤਾ। ਹੁਣ ਇਸ ਫਿਲਮ ਨਾਲ ਇੱਕ ਨਾਮੀ ਪ੍ਰੋਡਕਸ਼ਨ ਟੀਮ ਨਾਲ ਜੁੜਿਆ ਹਾਂ। ਇਸ ਵਾਰ ਹੋਰ ਵੱਡੀ ਉਮੀਦ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫਿਲਮ ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਕੋਈ ਮੈਸੇਜ ਵੀ ਦੇਵੇ।