ਪੰਜਾਬੀ ਸਿਨਮਾ ਹੁਣ ਪੰਜਾਬੀ ਕਹਾਣੀਆਂ ਦੇ ਨਾਲ ਨਾਲ ਵਿਦੇਸ਼ੀ ਜੀਵਨ ਨੂੰ ਵੀ ਪੰਜਾਬੀ ਪਰਦੇ ‘ਤੇ ਉਤਾਰ ਰਿਹਾ ਹੈ। ਕਈ ਫਿਲਮਾਂ ਦਾ ਵਿਸ਼ਾ ਵਸਤੂ ਪਰਵਾਸੀ ਪੰਜਾਬ ਨਾਲ ਸਬੰਧਤ ਰਿਹਾ ਹੈ। ਪਟਾਰਾ ਟਾਕੀਜ਼ ਵਲੋਂ ਆਪਣੀ ਪਹਿਲੀ ਫਿਲਮ ‘ਹਾਈ ਐਂਡ ਯਾਰੀਆਂ’ ਵੀ ਲੰਡਨ ਵਿਚ ਫਿਲਮਾਈ ਗਈ ਸੀ, ਜਦੋਂਕਿ ਪਰਮੀਸ਼ ਵਰਮਾ ਦੀ ਫਿਲਮ ‘ਦਿਲ ਦੀਆਂ ਗੱਲਾਂ’ ਵੀ ਪੰਜਾਬ ਅਤੇ ਲੰਡਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਹੈ। ਇਸ ਫਿਲਮ ਦਾ ਹੀਰੋ ਪਰਮੀਸ਼ ਵਰਮਾ ਤੇ ਹੀਰੋਇਨ ਵਾਮਿਕਾ ਗੱਬੀ ਹੈ।
ਸਾਊਥ ਦੀਆਂ ਫਿਲਮਾਂ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਮਿਕਾ ਗੱਬੀ ਅੱਜ ਪੰਜਾਬੀ ਫਿਲਮਾਂ ਦੀ ਇੱਕ ਸਰਗਰਮ ਅਦਾਕਾਰਾ ਹੈ। ‘ਨਿੱਕਾ ਜ਼ੈਲਦਾਰ 2’, ‘ਪ੍ਰਾਹੁਣਾ’ ਆਦਿ ਫਿਲਮਾਂ ਕਰ ਚੁਕੀ ਵਾਮਿਕਾ ਕੋਲ ਭਵਿੱਖ ਵਿਚ ਵੀ ਕਈ ਵੱਡੀਆਂ ਫਿਲਮਾਂ ਹਨ।
ਮਾਡਲਿੰਗ ਤੋਂ ਫਿਲਮ ਅਦਾਕਾਰੀ ਵੱਲ ਆਇਆ ਪਰਮੀਸ਼ ਵਰਮਾ ਆਪਣੀ ਪਲੇਠੀ ਫਿਲਮ ‘ਰੌਕੀ ਮੈਟਲ’ ਤੋਂ ਬਾਅਦ ਹੁਣ ‘ਦਿਲ ਦੀਆਂ ਗੱਲਾਂ’ ਕਰਨ ਆ ਰਿਹਾ ਹੈ। ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੁਪ ਵਲੋਂ ਬਣਾਈ ਗਈ ਇਹ ਫਿਲਮ ਇੱਕ ਨਿਰੋਲ ਲਵ ਸਟੋਰੀ ਹੈ, ਜੋ ਵਿਦੇਸ਼ ਪੜ੍ਹਾਈ ਕਰਨ ਗਏ ਪੰਜਾਬੀ ਮੁੰਡੇ ਦੀ ਕਹਾਣੀ ‘ਤੇ ਆਧਾਰਤ ਹੈ।
‘ਹਾਈ ਐਂਡ ਯਾਰੀਆਂ’ ਦੀ ਅਪਾਰ ਸਫਲਤਾ ਤੋਂ ਬਾਅਦ ਨਿਰਮਾਤਾ ਤਿੱਕੜੀ-ਦਿਨੇਸ਼ ਔਲਖ, ਸੰਦੀਪ ਬਾਂਸਲ ਅਤੇ ਆਸੂ ਮੁਨੀਸ਼ ਸਾਹਨੀ ਦੀ ਇਹ ਦੂਜੀ ਫਿਲਮ ਹੈ, ਜੋ ਕਾਮੇਡੀ ਅਤੇ ਵਿਆਹ ਕਲਚਰ ਦੀਆਂ ਫਿਲਮਾਂ ਤੋਂ ਹਟਵੇਂ ਵਿਸ਼ੇ ਦੀ ਹੋਵੇਗੀ। ਫਿਲਮ ਦਾ ਸੰਗੀਤ ਵੀ ਲੋਕ ਜੁਬਾਨਾਂ ‘ਤੇ ਚੜ੍ਹਨ ਵਾਲਾ ਹੈ। ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਖੁਦ ਪਰਮੀਸ਼ ਵਰਮਾ ਤੇ ਉਦੈ ਪ੍ਰਤਾਪ ਸਿੰਘ ਨੇ ਲਿਖੇ ਹਨ। ਨਿਰਦੇਸ਼ਨ ਵੀ ਇਨ੍ਹਾਂ ਨੇ ਸਾਂਝੇ ਤੌਰ ‘ਤੇ ਦਿੱਤਾ ਹੈ।
ਫਿਲਮ ਦੇ ਨਿਰਮਾਤਾਵਾਂ ਅਨੁਸਾਰ ਫਿਲਮ ਦੀ ਕਹਾਣੀ ਪੰਜਾਬ ਤੋਂ ਵਿਦੇਸ਼ ਪੜ੍ਹਾਈ ਕਰਨ ਗਏ ਇੱਕ ਅਜਿਹੇ ਗੱਭਰੂ ਦੀ ਹੈ, ਜੋ ਆਪਣੇ ਗੁਜ਼ਾਰੇ ਲਈ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦਾ ਹੈ। ਇਸੇ ਦੌਰਾਨ ਲਾਡੀ (ਪਰਮੀਸ਼ ਵਰਮਾ) ਨਾਂ ਦੇ ਨੌਜਵਾਨ ਦੀ ਮੁਲਾਕਾਤ ਨਤਾਸ਼ਾ (ਵਾਮਿਕਾ ਗੱਬੀ) ਨਾਲ ਹੁੰਦੀ ਹੈ, ਜੋ ਬਹੁਤ ਹੀ ਨਖਰੇ ਵਾਲੀ ਘੁਮੰਡੀ ਸੁਭਾਅ ਦੀ ਕੁੜੀ ਹੈ। ਦੋਹਾਂ ਦੀ ਪਹਿਲੀ ਮੁਲਾਕਾਤ ਵਿਚ ਹੋਈ ਤਕਰਾਰਬਾਜ਼ੀ ਹੌਲੀ ਹੌਲੀ ਪਿਆਰ ਵਿਚ ਬਦਲ ਜਾਂਦੀ ਹੈ। ਫਿਰ ਅਚਾਨਕ ਨਤਾਸ਼ਾ ਦੀ ਮੰਗਣੀ ਕਿਸੇ ਹੋਰ ਨਾਲ ਹੋ ਜਾਂਦੀ ਹੈ ਤੇ ਦੋਹਾਂ ਦੇ ਰਾਹ ਵੱਖ ਵੱਖ ਹੋ ਜਾਂਦੇ ਹਨ। ਫਿਲਮ ਪਿਆਰ ਮੁਹੱਬਤ ਤੇ ਵਿਛੋੜੇ ਦੇ ਦਰਦ ‘ਚ ਭਿੱਜੀ ਦਿਲਾਂ ਨੂੰ ਝੰਜੋੜਨ ਵਾਲੀ ਲਵ ਸਟੋਰੀ ਹੈ।
ਦਰਸ਼ਕ ਪਹਿਲੀ ਵਾਰ ਵਾਮਿਕਾ ਤੇ ਪਰਮੀਸ਼ ਵਰਮਾ ਨੂੰ ਰੁਮਾਂਟਿਕ ਕਿਰਦਾਰਾਂ ਵਿਚ ਵੇਖਣਗੇ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਲੰਡਨ ‘ਚ ਕੀਤੀ ਗਈ ਹੈ। ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ, ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਇਸ ਫਿਲਮ ਵਿਚ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਦੇਸੀ ਕਰਿਊ, ਸੰਗਤਾਰ, ਯਸ਼ ਵਡਾਲੀ ਤੇ ਟਰੋਅ ਆਰਿਫ ਨੇ ਤਿਆਰ ਕੀਤਾ ਹੈ। ਜਸਵੀਰ ਗੁਣਾਚੌਰੀਆ, ਮਨਦੀਪ ਮੇਵੀ, ਰਮਨ ਜੰਗਵਾਲ ਦੇ ਲਿਖੇ ਗੀਤਾਂ ਨੂੰ ਪਰਮੀਸ਼ ਵਰਮਾ, ਕਮਲ ਹੀਰ, ਪ੍ਰਭ ਗਿੱਲ ਤੇ ਯਸ਼ ਵਡਾਲੀ ਨੇ ਗਾਇਆ ਹੈ। ਫਿਲਮ ਦਾ ਸੰਗੀਤ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਫਿਲਮ 3 ਮਈ ਨੂੰ ਰਿਲੀਜ਼ ਹੋਵੇਗੀ।
-ਹਰਜਿੰਦਰ ਸਿੰਘ
ਫੋਨ: 91-94638-28000