‘ਏ ਐਂਡ ਏ ਅਡਵਾਈਜ਼ਰ’ ਪੰਜਾਬੀ ਫਿਲਮਾਂ ਦੇ ਨਿਰਮਾਣ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ, ਜਿਸ ਨੇ ਪਿਛਲੇ ਕੁਝ ਕੁ ਹੀ ਸਮੇਂ ਵਿਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ‘ਕੈਰੀ ਆਨ ਜੱਟਾ 2’ ਅਤੇ ‘ਵਧਾਈਆਂ ਜੀ ਵਧਾਈਆਂ’ ਵਰਗੀਆਂ ਸੁਪਰ ਡੁਪਰ ਹਿੱਟ ਫਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ। ਵਪਾਰਕ ਪੱਖੋਂ ਸਫਲ ਰਹੀਆਂ ਇਨ੍ਹਾਂ ਫਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ ਹੌਸਲਾ ਦੁੱਗਣਾ-ਚੌਗਣਾ ਕੀਤਾ ਤਾਂ ਇਹ ਪੱਕੇ ਤੌਰ ‘ਤੇ ਪੰਜਾਬੀ ਸਿਨੇਮਾ ਨੂੰ ਸਮਰਪਿਤ ਹੋ ਗਈ।
ਕੰਪਨੀ ਦੇ ਕਰਤਾ-ਧਰਤਾ ਅਤੁੱਲ ਭੱਲਾ ਅਤੇ ਅਮਿਤ ਭੱਲਾ ਬਹੁਤ ਹੀ ਮਿਹਨਤੀ ਸ਼ਖਸ ਹਨ, ਜਿਨ੍ਹਾਂ ਨੇ ਪੰਜਾਬੀ ਫਿਲਮਾਂ ਲਈ ਪੈਸਾ ਲਾਉਣ ਤੋਂ ਪਹਿਲਾਂ ਪੰਜਾਬੀ ਸਿਨੇਮਾ ਦੀ ਨਬਜ਼ ਟੋਹ ਕੇ ਵਿਚਾਰ-ਚਰਚਾ ਕੀਤੀ। ਵਪਾਰਕ ਨਜ਼ਰੀਏ ਤੋਂ ਵੇਖਦਿਆਂ ਇਨ੍ਹਾਂ ਨੇ ਚੰਗੇ ਲੇਖਕਾਂ, ਨਿਰਦੇਸ਼ਕਾਂ, ਕਲਾਕਾਰਾਂ ਅਤੇ ਤਕਨੀਕੀ ਮਾਹਿਰਾਂ ਦਾ ਸਹਾਰਾ ਲੈ ਕੇ ਇੱਕ ਸਫਲ ਤੇ ਮਿਹਨਤੀ ਟੀਮ ਦਾ ਗਠਨ ਕੀਤਾ।
ਅੱਜ ਅਤੁੱਲ ਭੱਲਾ ਤੇ ਅਮਿਤ ਭੱਲਾ ਪੰਜਾਬੀ ਸਿਨੇਮਾ ਲਈ ਪੂਰੀ ਤਰ੍ਹਾਂ ਸਰਗਰਮ ਹਨ। ਪਿਛਲੇ ਦਿਨੀਂ ਰਿਲੀਜ਼ ਕੀਤੀ ਫਿਲਮ ‘ਬੈਂਡ ਵਾਜੇ’ ਤੋਂ ਬਾਅਦ ਇਹ ਜੋੜੀ ਜਲਦ ਹੀ ਇੱਕ ਹੋਰ ਫਿਲਮ ‘ਛੜਾ’ ਵੀ ਰਿਲੀਜ਼ ਕਰਨ ਲਈ ਤਿਆਰ ਹੈ। ਇਸ ਫਿਲਮ ਵਿਚ ਦਿਲਜੀਤ ਦੁਸਾਂਝ ਅਤੇ ਅਭਿਨੇਤਰੀ ਨੀਰੂ ਬਾਜਵਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਏ ਐਂਡ ਏ ਐਡਵਾਈਜ਼ਰ ਅਤੇ ਬਰੇਟ ਫਿਲਮਜ਼ ਦੇ ਬੈਨਰ ਦੀ ਇਸ ਫਿਲਮ ਦੇ ਨਿਰਮਾਤਾ ਅਤੁੱਲ ਭੱਲਾ, ਅਮਿਤ ਭੱਲਾ ਤੇ ਅਨੁਰਾਗ ਸਿੰਘ ਹੋਣਗੇ। ਨੌਜਵਾਨ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ ਜਲਦ ਹੀ ਵੱਡੇ ਪਰਦੇ ‘ਤੇ ਦਸਤਕ ਦੇਵੇਗੀ।
ਇਸ ਤੋਂ ਇਲਾਵਾ ਇਸ ਜੋੜੀ ਵਲੋਂ ਅਦਾਕਾਰ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫਿਲਮ ‘ਪੁਆੜਾ’ ਦਾ ਵੀ ਐਲਾਨ ਕੀਤਾ ਜਾ ਚੁਕਾ ਹੈ, ਜੋ ਅਗਲੇ ਸਾਲ ਜੂਨ ਮਹੀਨੇ ਸਿਨੇਮਾ ਘਰਾਂ ‘ਚ ਪਰਦਾਪੇਸ਼ ਹੋਵੇਗੀ।
-ਹਰਜਿੰਦਰ ਸਿੰਘ
ਫੋਨ: 91-94638-28000