ਅਕਾਲੀ ਦਲ ਦਾ ਦਾਅ

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਦੇ ਦੋ ਅਹਿਮ ਹਲਕਿਆਂ ਤੋਂ ਆਖਰਕਾਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਫਿਰੋਜ਼ਪੁਰ ਤੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਕੈਬਨਿਟ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਉਣਾ ਤਾਂ ਪਹਿਲਾਂ ਹੀ ਤੈਅ ਸੀ, ਪਰ ਸਿਆਸੀ ਹਲਕਿਆਂ ਵਿਚ ਇਹ ਚਰਚਾ ਚੱਲ ਰਹੀ ਸੀ ਕਿ ਉਸ ਨੂੰ ਸ਼ਾਇਦ ਫਿਰੋਜ਼ਪੁਰ ਤੋਂ ਚੋਣ ਲੜਾਈ ਜਾ ਸਕਦੀ ਹੈ, ਜਿਥੋਂ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਅਕਾਲੀ ਦਲ ਤੋਂ ਬਾਗੀ ਹੋ ਕੇ ਕਾਂਗਰਸ ਦੀ ਟਿਕਟ ਉਤੇ ਚੋਣ ਲੜ ਰਹੇ ਹਨ।

ਇਸ ਹਲਕੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਟੱਕਰ ਹੁਣ ਉਸੇ ਸ਼ੇਰ ਸਿੰਘ ਘੁਬਾਇਆ ਨਾਲ ਹੋ ਰਹੀ ਹੈ, ਜਿਸ ਨੇ ਸੁਖਬੀਰ ਸਿੰਘ ਬਾਦਲ ਲਈ ਜਲਾਲਾਬਾਦ ਵਿਧਾਨ ਸਭਾ ਸੀਟ ਖੜ੍ਹੇ ਪੈਰ ਖਾਲੀ ਕੀਤੀ ਸੀ। ਉਂਜ, ਸੁਖਬੀਰ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੱਡਾ ਦਾਅ ਖੇਡਿਆ ਹੈ। ਬੇਅਦਬੀ ਅਤੇ ਇਸ ਨਾਲ ਜੁੜੇ ਹੋਰ ਮਸਲਿਆਂ ਕਾਰਨ ਅਕਾਲੀ ਦਲ ਨੂੰ ਡਾਢੀ ਸਿਆਸੀ ਮਾਰ ਪੈ ਰਹੀ ਹੈ। ਆਪਣੀ ਗੁਆਚੀ ਪੈਂਠ ਵਾਪਸ ਹਾਸਲ ਕਰਨ ਲਈ ਹੁਣ ਚੋਣਾਂ ਇਸ ਕੋਲ ਇਕ ਮੌਕਾ ਹਨ। ਮਾੜੇ ਹਾਲਾਤ ਕਾਰਨ ਵੱਡੇ ਲੀਡਰਾਂ ਨੂੰ ਮੈਦਾਨ ਵਿਚ ਉਤਾਰਨ ਵਾਲਾ ਦਾਅ ਕਾਂਗਰਸ ਨੇ ਵੀ ਪਿਛਲੀਆਂ, 2014 ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਖੇਡਿਆ ਸੀ ਅਤੇ ਸੱਚਮੁੱਚ ਇਸ ਦਾ ਪਾਰਟੀ ਨੂੰ ਫਾਇਦਾ ਹੋਇਆ ਸੀ। ਅਕਾਲੀ ਦਲ ਨੂੰ ਇਸ ਦਾ ਫਾਇਦਾ ਕਿੰਨਾ ਕੁ ਹੋਵੇਗਾ, ਇਹ ਆਉਣ ਵਾਲਾ ਵਕਤ ਹੀ ਦੱਸੇਗਾ, ਕਿਉਂਕਿ ਅਕਾਲੀ ਲੀਡਰਸ਼ਿਪ ਨੇ ਪਿਛਲੇ ਸਮੇਂ ਦੌਰਾਨ ਜੋ ਖੁਨਾਮੀਆਂ ਕੀਤੀਆਂ ਹਨ ਜਾਂ ਪਾਰਟੀ ਤੇ ਪੰਜਾਬ ਨੂੰ ਜਿਸ ਮੁਕਾਮ ਉਤੇ ਪਹੁੰਚਾ ਦਿੱਤਾ ਹੈ, ਉਸ ਨੂੰ ਲੋਕ ਭੁਲਾ ਨਹੀਂ ਸਕੇ ਹਨ।
ਪਿਛਲੀਆਂ ਚੋਣਾਂ ਦੌਰਾਨ ਮਾੜੀ ਹਾਲਤ ਦੇ ਬਾਵਜੂਦ ਕਾਂਗਰਸ ਪਾਰਟੀ ਤਿੰਨ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਚਾਰ ਅਤੇ ਆਮ ਆਦਮੀ ਪਾਰਟੀ ਨੂੰ ਵੀ ਚਾਰ ਸੀਟਾਂ ਉਤੇ ਜਿੱਤ ਮਿਲੀ ਸੀ। ਦੋ ਸੀਟਾਂ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਸਨ। ਉਸ ਤੋਂ ਪਹਿਲਾਂ, 2009 ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਕੁੱਲ ਤੇਰਾਂ ਸੀਟਾਂ ਵਿਚੋਂ ਅੱਠ ਸੀਟਾਂ ਉਤੇ ਮੋਰਚਾ ਮਾਰ ਲਿਆ ਸੀ ਅਤੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਕ੍ਰਮਵਾਰ ਚਾਰ ਅਤੇ ਇਕ ਸੀਟਾਂ ਮਿਲੀਆਂ ਸਨ। ਇਸ ਵਾਰ ਦਾ ਨਕਸ਼ਾ ਪਿਛਲੀ ਵਾਰ ਵਾਲੀਆਂ ਦੋਹਾਂ ਚੋਣਾਂ ਤੋਂ ਵੱਖਰਾ ਹੈ। ਪਿਛਲੀ ਵਾਰ ਸੂਬੇ ਵਿਚ ਧੁੰਮਾਂ ਪਾਉਣ ਵਾਲੀਆਂ ਆਮ ਆਦਮੀ ਪਾਰਟੀ ਦੋਫਾੜ ਹੋ ਚੁਕੀ ਹੈ। ਪਾਰਟੀ ਦੇ ਜਥੇਬੰਦਕ ਢਾਂਚੇ ਦਾ ਠੁੱਕ ਬੰਨ੍ਹਣ ਵਿਚ ਇਸ ਦੀ ਲੀਡਰਸ਼ਿਪ ਨੇ ਸ਼ਾਇਦ ਕਦੀ ਸੋਚਿਆ ਵੀ ਨਹੀਂ ਅਤੇ ਅਗਾਂਹ ਇਸ ਪਾਸੇ ਵਧਣ ਦੇ ਕੋਈ ਆਸਾਰ ਵੀ ਨਹੀਂ ਦਿਸ ਰਹੇ। ਅਸਲ ਵਿਚ ਇਸ ਪਾਰਟੀ ਦੇ ਉਭਾਰ ਵਿਚ ਲੋਕਾਂ ਦੇ ਰਵਾਇਤੀ ਪਾਰਟੀਆਂ ਤੋਂ ਮੋਹ-ਭੰਗ ਦਾ ਵੱਡਾ ਯੋਗਦਾਨ ਸੀ। ਇਸ ਦਾ ਮੌਕੇ ਉਤੇ ਫਾਇਦਾ ਤਾਂ ਪਾਰਟੀ ਨੂੰ ਮਿਲਿਆ ਪਰ ਇਸ ਦਾ ਸਿਆਸੀ ਠੁੱਕ ਬੰਨ੍ਹਣ ਵਿਚ ਇਹ ਪਾਰਟੀ ਨਾਕਾਮ ਰਹੀ। ਅਕਾਲੀ ਦਲ ਦਾ ਤਾਂ ਕਹਿਣਾ ਹੀ ਕੀ ਹੈ! ਇਸ ਅੰਦਰ ਪਾਟੋਧਾੜ ਤਾਂ ਹੋਈ ਹੀ, ਪੰਜਾਬ ਤੇ ਪੰਥ ਦੇ ਮਾਮਲਿਆਂ ਵਿਚ ਬਾਦਲ ਪਰਿਵਾਰ ਜੋ ਇਸ ਪਾਰਟੀ ਨੂੰ ਲੀਡ ਕਰ ਰਿਹਾ ਹੈ, ਸਵਾਲਾਂ ਦੇ ਘੇਰੇ ਵਿਚ ਹੈ। ਅਕਾਲੀ ਦਲ ਤੋਂ ਵੱਖ ਹੋਇਆ ਟਕਸਾਲੀ ਧੜਾ ਆਪਣੀ ਸਿਆਸੀ ਪੈਂਠ ਬਣਾਉਣ ਵਿਚ ਕਾਇਮ ਹੋਵੇ ਜਾਂ ਨਾ, ਪਰ ਬਾਦਲਾਂ ਨੂੰ ਇਸ ਵਕਤ ਜ਼ਰੂਰ ਅਗਨੀ ਪ੍ਰੀਖਿਆ ਵਿਚੋਂ ਲੰਘਣਾ ਪੈ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਖਾਮੋਸ਼ ਬੈਠੇ ਲੋਕ ਸਭਾ ਚੋਣਾਂ ਦਾ ਨਤੀਜਾ ਹੀ ਉਡੀਕ ਰਹੇ ਹਨ। ਇਸ ਲਈ ਅਕਾਲੀ ਦਲ ਦਾ ਬਹੁਤਾ ਦਾਰੋਮਦਾਰ ਹੁਣ ਇਨ੍ਹਾਂ ਚੋਣਾਂ ਉਤੇ ਹੀ ਹੈ। ਇਸੇ ਕਰਕੇ ਇਸ ਨੇ ਵੀ ਕਾਂਗਰਸ ਵਾਂਗ ਵੱਡੇ ਲੀਡਰਾਂ ਨੂੰ ਮੈਦਾਨ ਵਿਚ ਉਤਾਰਨ ਵਾਲਾ ਦਾਅ ਖੇਡਿਆ ਹੈ।
ਕਾਂਗਰਸ ਪਾਰਟੀ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਇਸੇ ਆਸ ਮੁਤਾਬਕ ਚੱਲ ਰਹੇ ਹਨ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਜਿੰਨਾ ਵੀ ਨੁਕਸਾਨ ਹੋਣਾ ਹੈ, ਉਸ ਦਾ ਸਿੱਧਾ ਫਾਇਦਾ ਕਾਂਗਰਸ ਨੂੰ ਹੋਣਾ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਪ੍ਰਕਾਰ ਦੇ ਤਾਲਮੇਲ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕੋਰੀ ਨਾਂਹ ਕੀਤੀ ਹੈ। ਉਂਜ, ਕਾਂਗਰਸ ਦੀ ਇਹ ਗਿਣਤੀ-ਮਿਣਤੀ ਵੀ ਕੋਈ ਇੰਨੀ ਕਾਰਗਰ ਨਹੀਂ ਜਾਪਦੀ। ਉਮੀਦਵਾਰਾਂ ਦੇ ਐਲਾਨ ਨਾਲ ਹੁਣ ਜਾਪਣ ਲੱਗ ਪਿਆ ਹੈ ਕਿ ਕਾਂਗਰਸ ਲਈ ਇਹ ਲੜਾਈ ਇੰਨੀ ਵੀ ਆਸਾਨ ਨਹੀਂ, ਜਿੰਨੀ ਕੁਝ ਸਮਾਂ ਪਹਿਲਾਂ ਸਮਝੀ ਜਾ ਰਹੀ ਸੀ। ਇਕ ਤਾਂ ਕਈ ਸੀਟਾਂ ਉਤੇ ਫਸਵੇਂ ਮੁਕਾਬਲੇ ਵਾਲੇ ਆਸਾਰ ਬਣ ਗਏ ਹਨ; ਦੂਜੇ, ਪੰਜਾਬ ਵਿਚ ਕੈਪਟਨ ਸਰਕਾਰ ਦਾ ਦੋ ਸਾਲ ਦਾ ਸਮਾਂ ਲਾਰਿਆਂ ਵਿਚ ਹੀ ਲੰਘਿਆ ਹੈ। ਇਨ੍ਹਾਂ ਦੋ ਸਾਲਾਂ ਦੌਰਾਨ ਸਰਕਾਰ ਦੀ ਕਾਰਗੁਜ਼ਾਰੀ ਤਕਰੀਬਨ ਸਿਫਰ ਹੀ ਰਹੀ ਹੈ। ਇਸ ਸਰਕਾਰ ਦਾ ਜੇ ਕਿਧਰੇ ਤਿੱਖਾ ਵਿਰੋਧ ਜਾਹਰ ਨਹੀਂ ਹੋਇਆ ਤਾਂ ਇਸ ਦਾ ਕਾਰਨ ਇਹੀ ਹੈ ਕਿ ਵਿਰੋਧੀ ਧਿਰ ਵਿਚ ਜਾਨ ਹੀ ਨਹੀਂ ਸੀ। ਬੇਵੱਸ ਆਵਾਮ ਦੀ ਬਾਂਹ ਫੜਨ ਵਾਲਾ ਹੀ ਕੋਈ ਨਹੀਂ ਸੀ। ਪੰਜਾਬ ਦੇ ਇਤਿਹਾਸ ਵਿਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਸਿਫਰ ਕਾਰਗੁਜ਼ਾਰੀ ਵਾਲੀ ਸਰਕਾਰ ਦੇ ਮੁਖੀ ਨੂੰ ਚੋਣਾਂ ਜਿੱਤਣ ਬਾਰੇ ਇੰਨਾ ਭਰੋਸਾ ਹੋਵੇਗਾ। ਜਾਹਰ ਹੈ ਕਿ ਪੰਜਾਬ ਦੀਆਂ ਸਾਰੀਆਂ ਧਿਰਾਂ ਆਪੋ-ਆਪਣੇ ਫਰਜ਼ ਪਛਾਣਨ ਅਤੇ ਫਿਰ ਨਿਭਾਉਣ ਵਿਚ ਨਾਕਾਮ ਰਹੀਆਂ ਹਨ। ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਅਤੇ ਵਿਰੋਧੀ ਧਿਰ ਸਰਕਾਰ ਦਾ ਦਮ ਨੱਕ ਵਿਚ ਲਿਆਉਣ ਵਿਚ ਨਾਕਾਮ ਰਹੀ ਹੈ। ਇਸ ਕਰਕੇ ਇਨ੍ਹਾਂ ਚੋਣਾਂ ਦੌਰਾਨ ਹੋ ਸਕਦਾ ਹੈ, ਇਨ੍ਹਾਂ ਸਿਆਸੀ ਧਿਰਾਂ ਨੂੰ ਕੋਈ ਸਿਆਸੀ ਫਾਇਦਾ ਹੋ ਜਾਵੇ ਪਰ ਆਵਾਮ ਲਈ ਚੋਣਾਂ ਤੋਂ ਬਆਦ ਵੀ ਹਾਲਾਤ ਬਦਲਦੇ ਨਜ਼ਰ ਨਹੀਂ ਆ ਰਹੇ।